ਅਬੋਹਰ: ਰਾਜਸਥਾਨ ਦੇ ਜ਼ਿਲ੍ਹੇ ਸ੍ਰੀਗੰਗਾਨਗਰ ਵਿਚ ਭਾਰਤੀ ਜਨਤਾ ਪਾਰਟੀ ਨੇ ਰਾਜ ਵਿਧਾਨ ਸਭਾ ਚੋਣਾਂ ਵਿਚ ਆਪਣੇ ਪੰਜਾਬ ਦੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨੂੰ ਖੁਸ਼ ਕਰਨ ਦੀ ਮਨਸ਼ਾ ਨਾਲ ਸਿੱਖਾਂ ਨੂੰ 50 ਫੀਸਦੀ ਸੀਟਾਂ ‘ਤੇ ਉਮੀਦਵਾਰ ਬਣਾਇਆ ਹੈ। ਜ਼ਿਕਰਯੋਗ ਹੈ ਕਿ ਸ੍ਰੀਗੰਗਾਨਗਰ ਨੂੰ ‘ਰਾਜਸਥਾਨ ਦਾ ਪੰਜਾਬ’ ਕਿਹਾ ਜਾਂਦਾ ਹੈ ਕਿਉਂਕਿ ਇਸ ਜ਼ਿਲ੍ਹੇ ਵਿਚ ਵੱਡੀ ਗਿਣਤੀ ਪੰਜਾਬੀ ਲੋਕ ਰਹਿੰਦੇ ਹਨ। ਇਸ ਜ਼ਿਲ੍ਹੇ ਵਿਚ ਜ਼ਿਆਦਾਤਰ ਲੋਕ ਜਾਂ ਤਾਂ ਮਲਵਈ ਪੁੱਠ ਵਾਲੀ ਪੰਜਾਬੀ ਭਾਸ਼ਾ ਹੀ ਬੋਲਦੇ ਹਨ ਤੇ ਜਾਂ ਫਿਰ ਸੇਰਾਇਕੀ ਪੁੱਠ ਵਾਲੀ ਪੰਜਾਬੀ।
ਭਾਜਪਾ ਨੇ ਆਪਣੇ ਦੋ ਸਾਬਕਾ ਮੰਤਰੀਆਂ ਗੁਰਜੰਟ ਸਿੰਘ ਤੇ ਸੁਰਿੰਦਰ ਸਿੰਘ ਨੂੰ ਕ੍ਰਮਵਾਰ ਹਲਕਾ ਸਾਦੁਲ ਸ਼ਹਿਰ ਤੇ ਸ੍ਰੀਕਰਨਪੁਰ ਤੋਂ ਉਮੀਦਵਾਰ ਐਲਾਨਿਆ। ਇਸ ਤੋਂ ਇਲਾਵਾ ਪਾਰਟੀ ਨੇ ਕੁਝ ਨਵੇਂ ਚਿਹਰੇ ਵੀ ਮੈਦਾਨ ਵਿਚ ਉਤਾਰੇ ਹਨ। ਭਾਜਪਾ ਨੇ ਬਲਬੀਰ ਸਿੰਘ ਲੂਥਰਾ ਨੂੰ ਰਾਏ ਸਿੰਘ ਨਗਰ (ਰਾਖਵਾਂ) ਹਲਕੇ ਤੋਂ ਉਮੀਦਵਾਰ ਬਣਾਇਆ ਹੈ। ਬਲਬੀਰ ਸਿੰਘ ਨੇ ਬੀਤੀ 31 ਜੁਲਾਈ ਨੂੰ ਹੀ ਬੈਂਕ ਦੀ ਨੌਕਰੀ ਤੋਂ ਸੇਵਾਮੁਕਤੀ ਲਈ ਹੈ ਤੇ ਉਸ ਦੀ ਪਤਨੀ ਜੋਗਿੰਦਰ ਕੌਰ ਭਾਜਪਾ ਮਹਿਲਾ ਮੋਰਚਾ ਦੀ ਉਪ ਪ੍ਰਧਾਨ ਹੈ।
ਭਾਜਪਾ ਨੇ ਇਕ ਹੋਰ ਨਵਾਂ ਚਿਹਰਾ ਪ੍ਰਿਅੰਕਾ ਬਾਲਨ ਨੂੰ ਅਨੂਪਗੜ੍ਹ (ਰਾਖਵਾਂ) ਹਲਕੇ ਤੋਂ ਚੋਣ ਮੈਦਾਨ ਵਿਚ ਉਤਾਰਿਆ ਹੈ। ਪ੍ਰਿਅੰਕਾ ਦਾ ਸਬੰਧ ਪੱਟੀਦਰਜ ਪਰਿਵਾਰ ਨਾਲ ਸੀ ਪਰ ਹੁਣ ਉਸ ਦਾ ਪਤੀ ਪ੍ਰਿੰਸ ਨਾਗਪਾਲ ਪੰਜਾਬੀ ਅਰੋੜਾ ਹੈ। ਪ੍ਰਿਅੰਕਾ ਨੇ ਹਾਲ ਹੀ ਵਿਚ ਐਮਬੀਏ ਕੀਤੀ ਹੈ। ਇਸੇ ਤਰ੍ਹਾਂ ਸ੍ਰੀਗੰਗਾਨਗਰ ਸ਼ਹਿਰ ਵਿਚ ਭਾਰਤੀ ਜਨਤਾ ਪਾਰਟੀ ਨੇ ਅਰੋੜਾ ਭਾਈਚਾਰੇ (ਅਰੋੜਵੰਸ਼ ਬਿਰਾਦਰੀ) ਦੇ ਇਕ ਆਗੂ ਰਾਧੇਸ਼ਿਆਮ ਅਰੋੜਾ ਨੂੰ ਟਿਕਟ ਦਿੱਤੀ ਹੈ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਅਰੋੜਾ ਆਗੂ ਨੂੰ ਇਸ ਹਲਕੇ ਤੋਂ ਪਾਰਟੀ ਨੇ ਉਮੀਦਵਾਰ ਬਣਾਇਆ ਹੈ। ਰਾਧੇਸ਼ਿਆਮ 2008 ਵਿਚ ਕਾਂਗਰਸ ਤੋਂ ਦਲਬਦਲੀ ਕਰਕੇ ਭਾਜਪਾ ਵਿਚ ਆਇਆ ਸੀ।
_______________________________
ਦਿੱਲੀ ਵਿਚ 10 ਪੰਜਾਬੀਆਂ ਨੂੰ ਟਿਕਟਾਂ
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ 62 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਿਨ੍ਹਾਂ ਵਿਚੋਂ 10 ਪੰਜਾਬੀ ਹਨ। ਇਨ੍ਹਾਂ ਵਿਚ ਸੁਭਾਸ਼ ਸਚਦੇਵਾ (ਮੋਤੀ ਨਗਰ), ਰਾਜੀਵ ਬੱਬਰ (ਤਿਲਕ ਨਗਰ), ਜਗਦੀਸ਼ ਮੁਖੀ (ਜਨਕਪੁਰੀ), ਆਰæਪੀæ ਸਿੰਘ (ਰਾਜਿੰਦਰ ਨਗਰ), ਅਜੇ ਮਲਹੋਤਰਾ (ਗ੍ਰੇਟਰ ਕੈਲਾਸ਼), ਆਰਭੀ ਮੇਹਰਾ (ਮਾਲਵੀਆ ਨਗਰ), ਵਿਜੈ ਭਗਤ (ਬਦਲੀ), ਰਵਿੰਦਰ ਬਾਂਸਲ (ਸ਼ਾਲੀਮਾਰ ਬਾਗ), ਮਹਿੰਦਰ ਨਾਗਪਾਲ (ਵਜ਼ੀਰਪੁਰ) ਤੇ ਸ਼ਿਖਾ ਰਾਏ (ਕਸਤੂਰਬਾ ਨਗਰ)। ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਸ਼੍ਰ੍ਰੋਮਣੀ ਅਕਾਲੀ ਦਲ (ਬ) ਨੂੰ ਚਾਰ ਸੀਟਾਂ ਦਿੱਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਮਨਜੀਤ ਸਿੰਘ ਜੀæਕੇæ ਨੇ ਦੱਸਿਆ ਕਿ ਭਾਜਪਾ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਬਾਦਲ ਦਲ ਨੂੰ ਚਾਰ ਸੀਟਾਂ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਫੈਸਲੇ ਅਨੁਸਾਰ ਅਕਾਲੀ ਦਲ ਦੇ ਉਮੀਦਵਾਰ ਪੂਰਬੀ ਦਿੱਲੀ ਦੇ ਸ਼ਾਹਦਰਾ, ਦੱਖਣੀ ਦਿੱਲੀ ਦੇ ਕਾਲਕਾ ਜੀ, ਪੱਛਮੀ ਦਿੱਲੀ ਦੇ ਰਜੌਰੀ ਗਾਰਡਨ ਤੇ ਹਰੀ ਨਗਰ ਚੋਣ ਹਲਕਿਆਂ ਤੋਂ ਚੋਣਾਂ ਲੜਨਗੇ।
Leave a Reply