(ਅਜਮੇਰ ਸਿੰਘ ਦੀ ਅਨੋਖੀ ਸਿਧਾਂਤਕਾਰੀ ਦੀ ਨਿਰਖ-ਪਰਖ)
ਬਲਰਾਜ ਦਿਓਲ
ਕੈਨੇਡਾ ਰਹਿੰਦੇ ਪੱਤਰਕਾਰ ਬਲਰਾਜ ਦਿਓਲ ਨੇ ਇਸ ਲੰਬੇ ਲੇਖ ਵਿਚ ਸ. ਅਜਮੇਰ ਸਿੰਘ ਦੀਆਂ ਕੁਝ ਵੀਡੀਓਜ਼ ਨੂੰ ਲੈ ਕੇ ਉਨ੍ਹਾਂ ਦੇ ਸਿਧਾਂਤ ਦੀ ਪੁਣ-ਛਾਣ ਕੀਤੀ ਹੈ। ਅਦਾਰਾ ‘ਪੰਜਾਬ ਟਾਈਮਜ਼’ ਦਾ ਉਨ੍ਹਾਂ ਦੇ ਵਿਚਾਰਾਂ ਨਾਲ ਸਹਿਮਤ ਜਾਂ ਅਸਿਹਮਤ ਹੋਣਾ ਜ਼ਰੂਰੀ ਨਹੀਂ ਹੈ, ਇਸ ਵਿਸ਼ੇ ‘ਤੇ ਵਖਰੇ ਵਿਚਾਰ ਰਖਣ ਵਾਲਿਆਂ ਦਾ ਵੀ ਸਵਾਗਤ ਕੀਤਾ ਜਾਵੇਗਾ-ਸੰਪਾਦਕ
ਅੱਜ ਪੰਜਾਬ ਦੇ ਸ਼ਹਿਰ ਤੇ ਕਸਬੇ ਕੌੜੀ ਵੇਲ ਵਾਂਗ ਵਧ ਰਹੇ ਹਨ ਅਤੇ ਪਿੰਡਾਂ ਵਿਚ ਇੰਚ-ਇੰਚ ਜ਼ਮੀਨ ਵਾਹੀ ਯੋਗ ਬਣਾ ਲਈ ਗਈ ਹੈ। ਅੱਜ ਤੋਂ 6-7 ਦਹਾਕੇ ਪਹਿਲਾਂ ਪਿੰਡਾਂ ਵਿਚ ਅੱਧੀ ਤੋਂ ਵੱਧ ਜ਼ਮੀਨ ਬੰਜਰ ਪਈ ਹੁੰਦੀ ਸੀ ਜਾਂ ਬਰਸਾਤੀ ਮੌਸਮ ਵਿਚ ਮੀਂਹ ਦੇ ਸਹਾਰੇ ਇੱਕ ਅੱਧੀ ਫਸਲ ਬੀਜਣ ਦੇ ਕੰਮ ਆਉਂਦੀ ਸੀ। ਬੇਆਬਾਦ ਬੰਜਰ ਜ਼ਮੀਨ ਵਿਚ ਕਿੱਕਰਾਂ, ਬੇਰੀਆਂ, ਛਿੱਤਰ ਧੋਹਰ, ਝਾੜੀਆਂ ਵਰਗਾ ਨਿੱਕ-ਸੁੱਕ ਹੁੰਦਾ ਸੀ। ਅਜੇਹੀ ਜ਼ਮੀਨ ਪਛੂ ਡੰਗਰ ਅਤੇ ਬੱਕਰੀਆਂ ਦੇ ਇੱਜੜ ਚਾਰਨ ਦੇ ਕੰਮ ਆਉਂਦੀ ਸੀ। ਤਿੱਤਰ, ਬਟੇਰੇ, ਸੱਪ, ਖਰਗੋਸ਼, ਜੰਗਲੀ ਬਿੱਲੇ, ਗਿੱਦੜ ਆਦਿ ਆਮ ਹੁੰਦੇ ਸਨ। ਇੱਕ ਅਜੇਹੇ ਜਨੌਰ ਦਾ ਜ਼ਿਕਰ ਵੀ ਆਮ ਸੁਨਣ ਨੂੰ ਮਿਲਦਾ ਸੀ ਜਿਸ ਨੂੰ ਸ਼ਾਇਦ ਕਦੇ ਕਿਸੇ ਨੇ ਵੇਖਿਆ ਨਹੀਂ ਸੀ ਪਰ ਅਕਸਰ ਲੋਕ ਆਖ ਦਿੰਦੇ ਸਨ ਕੇ ਫਲਾਣੇ ਨੇ ਫਲਾਣੇ ਟਿੱਬੇ, ਫਲਾਣੇ ਕਬਰਸਾਨ, ਜਾਂ ਫਲਾਣੇ ਖੇਤ ਕੋਲ ਵੇਖਿਆ ਸੀ। ਇਸ ਜਨੌਰ ਨੂੰ ਲੋਕ ਛਲੇਡਾ ਕਿਹਾ ਕਰਦੇ ਸਨ ਜਿਸ ਨਾਲ ਕਈ ਪਰੀ ਕਹਾਣੀ ਜੋੜੀਆਂ ਜਾਂਦੀਆਂ ਸਨ। ਇਸ ਦਾ ਵਿਸ਼ੇਸ਼ ਗੁਣ ਇਹ ਦੱਸਿਆ ਜਾਂਦਾ ਸੀ ਕਿ ਇਹ ਇੱਛਾ ਤੇ ਲੋੜ ਮੁਤਾਬਿਕ ਆਪਣਾ ਰੂਪ ਅਤੇ ਕਿਰਦਾਰ ਬਦਲ ਲੈਂਦਾ ਸੀ। ਕਿਸੇ ਨੂੰ ਇਹ ਜੰਗਲੀ ਜਾਨਵਰ ਬਣ ਕੇ ਟੱਕਰਦਾ ਸੀ ਤੇ ਕਿਸੇ ਨੂੰ ਬੱਚਾ, ਬਿਰਧ, ਸੁੰਦਰ ਔਰਤ, ਸੰਤ, ਜੋਗੀ, ਲੁਟੇਰਾ ਆਦਿ ਬਣ ਕੇ ਮਿਲਿਆ ਦੱਸਿਆ ਜਾਂਦਾ ਸੀ। ਪਰ ਛਲੇਡਾ ਭੂਤਾਂ ਅਤੇ ਚੁੜੇਲਾਂ ਤੋਂ ਕੁਝ ਘੱਟ ਖ਼ਤਰਨਾਕ ਸਮਝਿਆ ਜਾਂਦਾ ਸੀ।
ਅੰਤਰਰਾਸ਼ਟਰੀ ਸਿੱਖ ਭਾਈਚਾਰੇ ਵਿਚ ਵੀ ਇੱਕ ਅਜੇਹਾ ਕਿਰਦਾਰ ਬਹੁਤ ਸਰਗਰਮ ਹੈ ਜਿਨ੍ਹਾਂ ਦਾ ਨਾਮ ਅਜਮੇਰ ਸਿੰਘ ਹੈ, ਜੋ ਆਪਣਾ ਰੂਪ ਕਈ ਵਾਰ ਬਦਲ ਚੁੱਕੇ ਹਨ ਅਤੇ ਕਥਨ/ਕਿਰਦਾਰ ਤਾਂ ਦਿਨ ਵਿਚ ਦੋ ਵਾਰ ਵੀ ਬਦਲ ਲੈਂਦੇ ਹਨ। ਉਂਝ ਕਈ ਤੱਤੇ ਸਿੱਖ ਨੌਜਵਾਨ ਉਨ੍ਹਾਂ ਨੂੰ ਭਾਈ ਅਜਮੇਰ ਸਿੰਘ ਵੀ ਆਖਦੇ ਹਨ ਅਤੇ ਭਾਈ ਹੋਣ ਕਾਰਨ ਅਗਰ ਸਤਿਕਾਰ ਨਾਲ ਕਹਿਣਾ ਹੋਵੇ ਤਾਂ ਕਹਾਂਗੇ ਕਿ ਸੰਤ ਭਾਈ ਅਜਮੇਰ ਸਿੰਘ ਜੀ ਆਪਣੇ ਬਚਨ ਥਾਂ, ਸਮੇਂ ਅਤੇ ਲੋੜ ਮੁਤਾਬਿਕ ਝੱਟ ਬਦਲ ਲੈਂਦੇ ਹਨ।
ਕਥਿਤ ਸਿੱਖ ਹਿਸਟੋਰੀਅਨ ਅਤੇ ਬੁੱਧੀਜੀਵੀ ਭਾਈ ਅਜਮੇਰ ਸਿੰਘ ਨੂੰ ਵੀਡੀਓ ਕੈਮਰੇ ਦਾ ਬਹੁਤ ਸ਼ੌਂਕ ਹੈ। ਜਨਾਬ ਨੇ ਇੱਕ ਕੈਮਰਾ ਤਾਂ ਆਪਣਾ ਪੱਕਾ ਗੱਡਿਆ ਹੋਇਆ ਹੈ ਤਾਂ ਕਿ ਹਰ ਮੌੜ ‘ਤੇ ਸਿੱਖ ਕੌਮ ਨੂੰ ਡਾਇਰੈਕਸ਼ਨ ਦੇਣ ਤੋਂ ਕਿਤੇ ਖੁੰਝ ਨਾ ਜਾਵੇ। ਜਦ ਅਜਮੇਰ ਜੀ ਨੇ ਦੇਸ਼-ਵਿਦੇਸ਼ ਦੀ ਕਿਸੇ ਸਟੇਜ ‘ਤੇ ਬੋਲਣਾ ਹੋਵੇ ਤਾਂ ਆਪਣੇ ਕਿਸੇ ਚੇਲੇ ਤੋਂ ਅਗਾਊਂ ਕੈਮਰਾ ਗਡਵਾ ਲੈਂਦੇ ਹਨ ਤੇ ਲਗਦੇ ਹੱਥ ਹੀ ਯੂਟਿਊਬ ਤੇ ਚਾਹੜ ਦਿੰਦੇ ਹਨ। ਨਾ ਜਾਣੀਏ ਸਾਰੀ ਕੌਮ ਗਹਿਰੇ ਘੁਰਾੜੇ ਮਾਰਦੀ ਹੋਵੇ ਤੇ ਕੋਈ ਜਗਾਉਣ ਵਾਲਾ ਹੀ ਨਾ ਹੋਵੇ ਅਤੇ ਉਧਰ ਖਾਲਿਸਤਾਨ ਨਾਮ ਦਾ ਬਟੇਰਾ ਕੌਮ ਦੇ ਮੰਜੇ ਦੀ ਦੌਣ ਵਾਲੇ ਪਾਵੇ ਕੋਲ ਆ ਬੈਠਾ ਹੋਵੇ। ਅਜਮੇਰ ਨੇ ਨਿੱਠ ਕੇ ਫੈਸਲਾ ਕੀਤਾ ਹੋਇਆ ਹੈ ਉਨ੍ਹਾਂ ਇਸ ਵਾਰ ਖਾਲਿਸਤਾਨ ਦਾ ਫਾਇਰ ਫੋਕਾ ਨਹੀਂ ਜਾਣ ਦੇਣਾ ਅਤੇ ਕੌਮ ਨੂੰ ਜਾਗਦੀ ਰੱਖਣ ਲਈ ਖੜੀ-ਲੱਤੇ ਹੀ ਰਖਣਾ ਹੈ।
ਆਓ ਵੇਖੀਏ ਕਿ ਭਾਈ ਅਜਮੇਰ ਸਿੰਘ ਆਪਣਾ ਰੂਪ, ਕਿਰਦਾਰ ਅਤੇ ਬਚਨ ਕਿਵੇਂ ਬਦਲਦੇ ਹਨ? ਲਉ ਜੀ ਭਾਈ ਅਜਮੇਰ ਸਿੰਘ ਦਾ ਅਸਲੀ ਨਾਮ ਗੋਬਿੰਦਰ ਸਿੰਘ ਹੈ। ਅਤੇ ਨਕਸਲਾਈਟ ਲਹਿਰ ਮੌਕੇ ਉਹ ਸੁਰਿੰਦਰ ਸਿੰਘ ਬਣ ਗਏ ਸਨ ਅਤੇ ਭੜਕਾਹਟ ਫਲਾਉਣ ਵਾਲੇ ਇਨਕਲਾਬੀਆਂ ਦੀ ਮੂਹਰਲੀ ਕਤਾਰ ਵਿਚ ਰਹੇ ਸਨ। ਜਦ ਨਕਸਲਬਾੜੀ ਲਹਿਰ ਵਿਚ ਪਾਟਕ ਪੈ ਗਿਆ ਤਾਂ ਉਹ ਅਜਮੇਰ ਸਿੰਘ ਬਣ ਗਏ। ਅੱਜ ਲੋਕ ਉਨ੍ਹਾਂ ਨੂੰ ਭਾਈ ਅਜਮੇਰ ਸਿੰਘ ਦੇ ਨਾਮ ਨਾਲ ਜਾਣਦੇ ਹਨ ਅਤੇ ਉਹ ਖਾਲਿਸਤਾਨੀਆਂ ਦਾ ਮਾਰਗਦਰਸ਼ਕ ਗਿਣੇ ਜਾਂਦੇ ਹਨ।
ਨਕਸਲਾਈਟ ਲਹਿਰ ਦੌਰਾਨ ਉਨ੍ਹਾਂ ਨੇ ਕਈ ਹਿੰਸਕ ਵਾਰਦਾਤਾਂ ਵਿਚ ਹਿੱਸਾ ਲਿਆ ਅਤੇ 1971 ਵਿਚ ਇਹ ਫੜੇ ਗਏ। ਜਦ ਪੁਲਿਸ ਪਾਰਟੀ ਉਨ੍ਹਾਂ ਨੂੰ ਅਦਾਲਤੀ ਪੇਸ਼ੀ ਲਈ ਬੱਸ ਰਾਹੀਂ ਲੈਜਾ ਰਹੀ ਸੀ ਤਾਂ ਉਨ੍ਹਾਂ ਦੇ 4 ਸਾਥੀ ਪੁਲਿਸ ‘ਤੇ ਹਥਿਆਰਬੰਦ ਹਮਲਾ ਕਰਕੇ ਉਨ੍ਹਾਂ ਨੂੰ ਛੁਡਾ ਕੇ ਭੱਜ ਗਏ। ਪੁਲਿਸ ਨਾਲ ਇਸ ਝੜਪ ਵਿਚ ਇੱਕ ਪੁਲਿਸ ਵਾਲਾ ਮਾਰਿਆ ਗਿਆ ਅਤੇ ਦੂਜਾ ਜ਼ਖਮੀ ਹੋ ਗਿਆ। ਅਜਮੇਰ ਸਿੰਘ ‘ਤੇ ਪੁਲਸ ਵਾਲੇ ਦੇ ਕਤਲ ਅਤੇ ਹੋਰ ਧਾਰਾਵਾਂ ਹੇਠ ਕੇਸ ਦਰਜ ਹੋ ਗਿਆ ਅਤੇ ਅਜਮੇਰ ਭਗੌੜਾ ਹੋ ਗਿਆ।
ਲੁਕ-ਛਿਪ ਕੇ ਰਹਿੰਦਿਆਂ 1985 ਵਿਚ ਉਨ੍ਹਾਂ ਨੇ ਕੁਝ ਹੋਰ ਸਾਥੀਆਂ ਨਾਲ ਰਲ ਕੇ ‘ਜਨਤਕ ਪੈਗਾਮ’ ਨਾਮ ਦਾ ਮੈਗਜ਼ੀਨ ਕੱਢਣਾ ਸ਼ੁਰੂ ਕਰ ਦਿੱਤਾ। 1991-92 ਦੀਆਂ ਪੰਜਾਬ ਚੋਣਾਂ ਦੇ ਬਾਈਕਾਟ ਦੇ ਉਹ ਮੁੱਖ ਸੂਤਰਧਾਰ ਸੀ। ਇਸਦੀ ਬਾਈਕਾਟ ਵਾਲੀ ਲਾਈਨ ਦਾ ਲਾਹਾ ਲੈ ਕੇ ਸ. ਬੇਅੰਤ ਸਿੰਘ ਮੁਖ ਮੰਤਰੀ ਬਣਿਆ ਤੇ ਉਸ ਨੇ ਪਹਿਲੇ ਸਾਲ ਹੀ ਖਾੜਕੂ ਲਹਿਰ ਦਾ ਵੜਾਂਗਾ ਕਰ ਦਿਤਾ। ਅਜਮੇਰ ਨੇ ਵੇਲਾ ਵਿਚਾਰਦਿਆਂ ਪੈਗਾਮ ਗਰੁਪ ਭੰਗ ਕਰ ਦਿਤਾ ਅਤੇ ਆਪਣੀ ਪੰਜਾਬ ਲਿਬਰੇਸ਼ਨ ਗੁਰੀਲਾ ਡਿਸਬੈਂਡ ਕਰ ਦਿਤੀ। ਅਗਲੇ ਡੇਢ-ਦੋ ਸਾਲ ਗੁਪਤਵਾਸ ਤੋਂ ਅਗਾਂਹ ਡੂੰਘੇ ਗੁਪਤਵਾਸ ਵਿਚ ਦੜ ਵੱਟ ਕੇ ਬੈਠੇ ਰਹੇ। ਚੋਣਾਂ ਬਾਈਕਾਟ ਕਰਾਉਣ ਦੀ ਆਪਣੀ ਮਾਅਰਕੇਬਾਜੀ ਦਾ ਅਜ ਤਕ ਕਦੀ ਪਛਤਾਵਾ ਨਹੀਂ ਕੀਤਾ। 1994 ਵਿਚ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਮਨਜੀਤ ਸਿੰਘ ਵਲੋਂ ਚਲਾਈ ‘ਖਾਲਸਾ ਚੇਤਨਾ ਲਹਿਰ’ ਦੀ ਆੜ ਵਿਚ ਉਨ੍ਹਾਂ ਨੇ ਅਕਾਲੀ ਰਾਜਨੀਤੀ ਬਾਰੇ ਕਈ ਪੜਚੋਲੀਆ ਲੇਖ ਲਿਖਣੇ ਸ਼ੁਰੂ ਕਰ ਦਿਤੇ। ਇਨ੍ਹਾਂ ਲੇਖਾਂ ਰਾਹੀਂ ਜਥੇਦਾਰ ਟੌਹੜਾ ਵਿਰੁਧ ਬਾਦਲਾਂ ਦੇ ਹੱਕ ਵਿਚ ਪੈਂਤੜਾ ਲੈਂਦਿਆਂ ਉਹ ਸ੍ਰੀ ਅਕਾਲ ਤਖਤ ਦੇ ਰੋਲ ਦਾ ਸਿੱਖ ਚਿੰਤਕ/ਸਿਧਾਂਤਕਾਰ ਬਣ ਗਏ। 1997 ਵਿਚ ਦਲਜੀਤ ਬਿੱਟੂ ਦੇ ਫੜੇ ਜਾਣ ਪਿੱਛੋਂ ਉਨ੍ਹਾਂ ਬਿੱਟੂ ਗਰੁੱਪ ਦਾ ਪੱਲਾ ਫੜ ਕੇ ਸੰਤ ਭਿੰਡਰਾਂਵਾਲਾ ਨੂੰ ਯੁਗ-ਪੁਰਸ਼ ਸਾਬਤ ਕਰਨ ਲਈ ਉਸ ਦੀਆਂ ਸਿਫ਼ਤਾਂ ਦਾ ਧੰਦਾ ਫੜ ਲਿਆ, ਜਿਹੜਾ ਬਾਦਸਤੂਰ ਜਾਰੀ ਹੈ। ਉਨ੍ਹਾਂ ਨੂੰ ਜਾਪਿਆ ਕਿ ਭਾਰਤ ਨੂੰ ਤੋੜਨ ਲਈ ਨਕਸਲਾਈਟ ਲਹਿਰ ਨਾਲੋਂ ਖਾਲਿਸਤਾਨ ਦੀ ਲਹਿਰ ਵਧੇਰੇ ਕਾਰਗਰ ਰਸਤਾ ਹੈ।
ਪਰ ਅਜਮੇਰ ਸਿੰਘ ਸਰਕਾਰੀ ਰਿਕਾਰਡ ਵਿਚ ‘ਗੋਬਿੰਦਰ ਸਿੰਘ ਉਰਫ ਸੁਰਿੰਦਰ ਸਿੰਘ ਵਜੋਂ ਇੱਕ ਪੁਲਿਸ ਵਾਲੇ ਦੇ ਕਤਲ ਅਤੇ ਦੂਜੇ ਨੂੰ ਜ਼ਖਮੀ ਕਰਨ ਦੇ ਕੇਸ ਵਿਚ ਭਗੌੜਾ ਸੀ। ‘ਖਾੜਕੂ ਲਹਿਰਾਂ ਦੇ ਅੰਗ-ਸੰਗ’ ਵਿਚ ਉਨ੍ਹਾਂ ਦੇ ਆਪਣੇ ਦੱਸਣ ਅਨੁਸਾਰ ਬਾਦਲ ਦੀ ਅਕਾਲੀ ਸਰਕਾਰ ਦੇ ਵੱਡੇ ਮੰਤਰੀ ਕੈਪਟਨ ਕੰਵਲਜੀਤ ਸਿੰਘ ਨੇ 1998-99 ਦੌਰਾਨ ਅਜਮੇਰ ਸਿੰਘ ਨੂੰ ਇਸ ਵੱਡੇ ਕੇਸ ਵਿਚੋਂ ਬਿਨਾ ਬਕਾਇਦਾ ਅਦਾਲਤੀ ਕੇਸ ਚੱਲਿਆਂ ਅਤੇ ਲੰਬੀ ਹਿਰਾਸਤ ਵਿਚ ਰਿਹਾਂ ਛੁਡਵਾ ਦਿੱਤਾ। ਫਿਰ ਉਨ੍ਹਾਂ ਅਜਮੇਰ ਸਿੰਘ ਦੇ ਨਾਮ ਤੇ ਪਾਸਪੋਰਟ ਵੀ ਲੈ ਲਿਆ। ਇਹ ਗੋਬਿੰਦਰ ਸਿੰਘ ਤੋਂ ਅਜਮੇਰ ਸਿੰਘ ਕਿਵੇਂ ਬਣੇ ਅਤੇ ਇਨ੍ਹਾਂ ਦਾ ਪਾਸਪੋਰਟ ਕਿਵੇਂ ਬਣ ਗਿਆ? ਇਹ ਅੱਜ ਤੱਕ ਇੱਕ ਬੁਝਾਰਤ ਹੀ ਹੈ।
ਇਸ ਦੌਰਾਨ ਉਹ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਵੀ ਨੇੜੇ ਹੋ ਗਏ ਅਤੇ ਟੌਹੜਾ ਦੇ ਕਹਿਣ ਤੇ ਅਮਰੀਕਾ ਵਿਚ ਵੱਸਦੇ ਪ੍ਰਭਾਵੀ ਸਿੱਖ ਯੋਗੀ ਹਰਭਜਨ ਸਿੰਘ ਦੀ ਸਪਾਂਸਰਸ਼ਿਪ ‘ਤੇ ਵੀਜ਼ਾ ਲੈ ਕੇ ਅਮਰੀਕਾ ਆ ਗਏ, ਤੇ ਵਿਦੇਸ਼ੀ ਫੇਰੀਆਂ ਦਾ ਰਸਤਾ ਖੁੱਲ ਗਿਆ। ਪਿਛਲੇ 20-22 ਵਰਿ੍ਹਆਂ ਦੌਰਾਨ ਉਹ ਹਿੰਸਾ ਤੇ ਨਫਰਤ ਦੇ ਸਿਧਾਂਤ ਦਾ ਮਿਸ਼ਨਰੀ ਬਣ ਕੇ ਅਮਰੀਕਾ, ਕੈਨੇਡਾ ਇੰਗਲੈਂਡ, ਆਸਟੇ੍ਰਲੀਆ, ਨਿਊਜ਼ੀਲੈਂਡ, ਜਰਮਨੀ, ਹਾਲੈਂਡ ਅਤੇ ਨਾਰਵੇ ਸਮੇਤ ਸਾਰੇ ਯੂਰਪੀ ਦੇਸ਼ਾਂ ਦੇ ਪੰਜ-ਪੰਜ, ਸੱਤ-ਸੱਤ ਗੇੜੇ ਲਾ ਚੁਕੇ ਹਨ ਅਤੇ ਉਨ੍ਹਾਂ ਦਾ ਜਹਾਦ ਜਾਰੀ ਹੈ। ਕੁਝ ਸਮਾਂ ਪਹਿਲਾਂ ਉਹ ਅਮਰੀਕਾ/ਕੈਨੇਡਾ ਦੇ ਵਖ ਵਖ ਸ਼ਹਿਰਾਂ ਵਿਚ ਭਾਸ਼ਣ ਦੇ ਰਹੇ ਸੀ। ਹੁਣ ਪਿਛਲੇ ਕਈ ਦਿਨਾਂ ਤੋਂ ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ‘ਹਿੰਦ ਦੀ ਚਾਦਰ’ ਦੇ ਰਵਾਇਤੀ ਪ੍ਰਵਾਨਤ ਪਸੰਗ ‘ਚੋਂ ਖੱਗ ਕੇ ਸ਼ਹਾਦਤ ਦੇ ਅਰਥਾਂ ਦਾ ਨਵਾਂ ਅਤੇ ਮਨਭਾਉਂਦਾ ਪ੍ਰਸੰਗ ਸਥਾਪਤ ਕਰਨ ਲਈ ਇਹ ਸੱਜਣ ਆਸਟ੍ਰੇਲੀਅਨ ਪੰਜਾਬੀ ਚੈਨਲਾਂ ‘ਤੇ ਵਿਖਆਨ ਦੇਂਦੇ ਨਜ਼ਰ ਆ ਰਹੇ ਹਨ। ਜਾਹਰ ਹੈ ਕਿ ਦੇਸ਼ਾਂ-ਵਿਦੇਸ਼ਾਂ ਵਿਚ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਬਾਦਲ ਸਰਕਾਰ ਨੇ ਹੀ ਦਿਤਾ। ਅਕਾਲੀ ਸਰਕਾਰ ਨੇ ਜਾਂ ਸ. ਬਾਦਲ ਨੇ ਉਨ੍ਹਾਂ ‘ਤੇ ਏਨੀ ਰਹਿਮਤ ਕਿਉਂ ਕੀਤੀ ਅਤੇ ਉਨ੍ਹਾਂ ਦੀ ਅਕਾਲੀਆਂ ਨਾਲ ਲੈਣ-ਦੇਣ ਦੀ ਕੀ ਡੀਲ ਹੋਈ ਇਹ ਤਾਂ ਪੰਜਾਬੀ ਕਹਾਵਤ ‘ਜੱਟ ਜਾਣੇ ਜਾਂ ਬਿਜੂ ਜਾਣੇ’ ਵਾਲੀ ਗੱਲ ਹੈ।
ਭਾਈ ਅਜਮੇਰ ਸਿੰਘ ਆਪਾ ਵਿਰੋਧੀ ਗੱਲਾਂ ਕਰਨ ਦੇ ਆਦੀ ਹਨ ਅਤੇ ਅਕਸਰ ਭੁੱਲ ਜਾਂਦੇ ਹਨ ਕਿ 10-15 ਦਿਨ ਪਹਿਲਾਂ ਉਨ੍ਹਾਂ ਕੀ ਕਿਹਾ ਸੀ। ਉਹ ਸਿੱਖਾਂ ‘ਤੇ ਹੋਰ ਮਾਪਦੰਡ ਤੇ ਜਿਸ ਨੂੰ ਵਿਰੋਧੀ ਮੰਨਦੇ ਹਨ, ਉਨ੍ਹਾਂ ‘ਤੇ ਉਲਟਾ ਮਾਪਦੰਡ ਲਾਗੂ ਕਰਦੇ ਹਨ। 29 ਅਕਤੂਬਰ 2025 ਨੂੰ ਗੁਰੂ ਤੇਗ ਬਹਾਦੁਰ ਜੀ ਬਾਰੇ ਇੱਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਉਹ ਕਹਿੰਦੇ ਹਨ, ‘ਸੁੰਦਰਤਾ ਤਾਂ ਵੰਨ-ਸੁਵੰਨਤਾ ਵਿਚ ਹੈ ਪਰ ਭਾਰਤੀ ਹਾਕਮ ਇੱਕ ਬੋਲੀ, ਇੱਕ ਧਰਮ, ਇੱਕ ਸੰਸਕ੍ਰਿਤੀ ਅਤੇ ਇੱਕ ਸਭਿਆਚਾਰ ਚਾਹੁੰਦੇ ਹਨ। ਇਹ ਕੁਦਰਤ ਦੇ ਖਿਲਾਫ ਹੈ ਅਤੇ ਕੁਦਰਤ ਬਹੁਤ ਤਾਕਤਵਰ ਹੈ। ਇਹ ਤਾਂ ਰੱਬ ਨਾਲ ਆਢਾ ਲਗਾਉਣ ਵਾਲੀ ਗੱਲ ਹੈ ਅਤੇ ਕੁਦਰਤ ਦਾ ਨਿਯਮ ਵੰਨ-ਸੁਵੰਨਤਾ ਹੈ।’ ਅਜਮੇਰ ਸਿੰਘ ਭਾਰਤੀ ਸਿਸਟਮ ਦੀ ਔਰੰਗਜ਼ੇਬ ਦੇ ਰਾਜ ਨਾਲ ਵੀ ਤੁਲਨਾ ਕਰਦੇ ਹਨ। ਪਰ ਇਹ ਨਹੀਂ ਦੱਸਦੇ ਕਿ ਇਹ ਨਿਯਮ ਸਿੱਖਾਂ ‘ਤੇ ਵੀ ਲਾਗੂ ਹੁੰਦਾ ਹੈ ਜਾਂ ਇਹ ਭਾਰਤੀ ਹਾਕਮਾਂ ਅਤੇ ਹੋਰਾਂ ‘ਤੇ ਹੀ ਲਾਗੂ ਹੁੰਦਾ ਹੈ? ਸਿੱਖਾਂ ਵਿਚ ਸਾਰੀ ਤਾਕਤ ਅਤੇ ਸ਼੍ਰੋਮਣੀ ਕਮੇਟੀ ਲਈ ਚੁਣੇ ਜਾਣ ਦਾ ਹੱਕ ‘ਤੱਤ ਖਾਲਸਾ’ ਸਿੱਖਾਂ ਕੋਲ ਹੀ ਕਿਉਂ ਹੈ ਅਤੇ ਸਿਰਫ ਕਥਿਤ ਕੇਸਾਧਾਰੀ ਸਿੱਖ ਕੋਲ ਹੀ ਵੋਟ ਦਾ ਹੱਕ ਕਿਉਂ ਹੈ? ਉਦਾਸੀ, ਨਿਰਮਲੇ, ਨਾਮਧਾਰੀ, ਰਾਧਾਸਵਾਮੀ, ਰਵੀਦਾਸੀਏ, ਮਜ਼੍ਹਬੀ ਸਿੱਖ, ਰਾਮਗੜੀਏ ਆਦਿ ਸਿੱਖੀ ਦੀ ਫੁਲਵਾੜੀ ਤੋਂ ਬਾਹਰ ਜਾਂ ਹੇਠਲੀ ਪੱਧਰ ਦੇ ਕਿਉਂ ਹਨ। ਸਿੱਖੀ ਵਿਚ ਸਾਰੇ ਫੁੱਲ ਇੱਕੋ ਰੰਗ ਦੇ ਹੀ ਕਿਉਂ ਚਾਹੀਦੇ ਹਨ? ਕੀ ਐਸੀ ਕੱਟੜਤਾ ਸਿੱਖ ਧਾਰਮਿਕ ਅਤੇ ਰਾਜਸੀ ਆਗੂਆਂ ਵਲੋਂ ਕੁਦਰਤ ਨਾਲ ਆਢਾ ਲੈਣ ਵਾਲੀ ਗੱਲ ਨਹੀਂ ਹੈ? ਕੀ ਅਜੇਹਾ ਕਰ ਕੇ ਤੁਸੀਂ ਦੁਨੀਆਂ ਨੂੰ ਸੋਹਣੀ ਬਣਾ ਰਹੇ ਹੋ? ਅਕਾਲ ਤਖਤ ਦਾ ਡਿਕਟੇਟਰ ਜਥੇਦਾਰ ਗੱੜਗੱਜ ਅਜੇ 1-2 ਹਫ਼ਤੇ ਪਹਿਲਾਂ ਹੀ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ‘ਤੇ ਗਰਜ ਕੇ ਹਟਿਆ ਹੈ, ਜਿਸ ‘ਤੇ ਦੋਸ਼ ਇਹ ਲਗਾਇਆ ਗਿਆ ਕਿ ਉਸ ਨੇ ਗੁਰੂ ਨਾਨਕ ਬਾਣੀ ਦੇ ਕੁਝ ਸ਼ਬਦਾਂ ਨੂੰ ਰਿਗਵੇਦ ਦੇ ਕੁਝ ਸ਼ਬਦਾਂ ਵਰਗੀ ਭਾਵਨਾ ਵਾਲੇ ਦੱਸਿਆ ਸੀ ਅਤੇ ਇਸ ਦੀ ਹੋਰ ਖੌਜ ਦੀ ਵਕਾਲਤ ਕੀਤੀ ਸੀ। ਕੀ ਬਿਨਾਂ ਰਾਜ ਤੋਂ ਹੀ ਸਿੱਖਾਂ ਵਿਚ ਔਰੰਗਜ਼ੇਬੀ ਮਾਨਸਕਤਾ ਭਾਰੂ ਤਾਂ ਨਹੀਂ ਹੋ ਗਈ? ਕੀ ਕਿਸੇ ਫਲਸਫੇ ਜਾਂ ਲਿਖਤ ਦਾ ਤੁਲਨਾਤਮਿਕ ਅਧਿਐਨ ਸਿੱਖੀ ਲਈ ਸੱਚਮੁੱਚ ਖ਼ਤਰਾ ਹੈ? ਕੀ ਸਿੱਖੀ ਦੀ ਵੱਖਰੀ ਹੋਂਦ ਰੇਤਾ ਦੀ ਬਣੀ ਹੋਈ ਹੈ ਜੋ ਝੱਟ ਖੁਰ ਜਾਵੇਗੀ? ਕੀ ਸਿੱਖਾਂ ਵਿਚ ਲਿਖਣ, ਬੋਲਣ ਅਤੇ ਭੈਅ ਰਹਿਤ ਮਾਹੌਲ ਵਿਚ ਅਜ਼ਾਦ ਵਿਚਾਰ ਰੱਖਣ ਦੀ ਅਜ਼ਾਦੀ ਹੈ?
ਇਸ ਲੈਕਚਰ ਵਿਚ ਅਜਮੇਰ ਸਿੰਘ ਗੁਰੂ ਤੇਗ ਬਹਾਦੁਰ ਜੀ ਨੂੰ ‘ਹਿੰਦ ਦੀ ਚਾਦਰ’ ਆਖਣ ਦਾ ਵੀ ਵਿਰੋਧ ਕਰਦੇ ਹਨ ਅਤੇ ਕਹਿੰਦੇ ਹਨ ਕਿ ਗੁਰੂ ਸਾਹਿਬ ਤਾਂ ਸ੍ਰਿਸ਼ਟੀ ਦੀ ਚਾਦਰ ਸਨ ਤੇ ਹਿੰਦ ਦੀ ਚਾਦਰ ਕਹਿਣਾ ਤਾਂ ਉਨ੍ਹਾਂ ਨੂੰ ਛੋਟੇ ਕਰਨ ਵਾਲੀ ਗੱਲ ਹੈ। 15 ਨਵੰਬਰ 2025 ਨੂੰ ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਬਾਰੇ ਬੋਲਦਿਆਂ ਉਹ ਫਿਰ ਹਿੰਦੂ ਧਰਮ ਦੀ ਰਾਖੀ ਲਈ ਸ਼ਹਾਦਤ ਦੇਣ ਨੂੰ ਗਲਤ ਦਸਦੇ ਹਨ। ਅਜਮੇਰ ਸਿੰਘ ਕਹਿੰਦੇ ਹਨ ਕਿ ਅਗਰ ਇਹ ਮੰਨ ਲਈਏ ਕਿ ਗੁਰੂ ਸਾਹਿਬ ਨੇ ਹਿੰਦੂ ਧਰਮ ਦੀ ਰਾਖੀ ਲਈ ਸ਼ਹਾਦਤ ਦਿੱਤੀ ਸੀ ਤਾਂ ਇਸ ਦਾ ਮਤਲਬ ਇਹ ਹੋਵੇਗਾ ਕਿ ਗੁਰੂ ਸਾਹਿਬ ਹਿੰਦੂ ਧਰਮ ਨੂੰ ਚੰਗਾ ਅਤੇ ਇਸਲਾਮ ਨੂੰ ਮਾੜਾ ਸਮਝਦੇ ਸਨ। ਪਰ ਇਹ ਹੋ ਨਹੀਂ ਸਕਦਾ ਕਿਉਂਕਿ ਇਹ ਸਿੱਖੀ ਦੇ ਅਸੂਲ ਮੁਤਾਬਿਕ ਨਹੀਂ ਹੈ। ਉਹ ਇਸ ਤਰਕ ਨੂੰ ਨਕਾਰ ਦਿੰਦੇ ਹਨ ਕਿ ਗੁਰੂ ਸਾਹਿਬ ਨੇ ਸ਼ਹੀਦੀ ਮਨੁੱਖੀ ਹੱਕਾਂ ਦੀ ਰਾਖੀ ਲਈ ਦਿੱਤੀ ਸੀ, ਕਿਉਂਕਿ ਅਜਮੇਰ ਸਿੰਘ ਮੁਤਾਬਿਕ ਉਦੋਂ ਮਨੁੱਖੀ ਹੱਕਾਂ ਦਾ ਸੰਕਲਪ (ਕਾਨਸੈਪਟ) ਹੈ ਹੀ ਨਹੀਂ ਸੀ। ਉਹ ਦਾਅਵਾ ਕਰਦੇ ਹਨ ਕਿ ਗੁਰੂ ਸਾਹਿਬ ਨੇ ਸ਼ਹਾਦਤ ‘ਸੱਚ’ ਲਈ ਦਿੱਤੀ ਸੀ ਅਤੇ ਸੱਚ ਦਾ ਦਾਇਰਾ ਬਹੁਤ ਵੱਡਾ ਹੈ। ‘ਹਿੰਦ ਦੀ ਚਾਦਰ’ ਦਾ ਵਿਰੋਧ ਕਰਨ ਲਈ ਉਹ ਫਿਰ ਕੁਦਰਤ ਦੀ ਵੰਨ-ਸੁਵੰਨਤਾ ਦਾ ਰਾਗ ਅਲਾਪਦੇ, ਜਿਸ ਨੂੰ ਅੱਜ ਦੀ ਸਿੱਖੀ ਦੇ ਅੰਦਰ ਅਸਲ ਵਿਚ ਕੋਈ ਥਾਂ ਨਹੀਂ ਹੈ।
29 ਨਵੰਬਰ ਨੂੰ ਗੁਰਦੁਆਰਾ ਸਾਹਿਬ ਕੈਨਬਰਾ (ਅਸਟਰੇਲੀਆ) ਵਿਖੇ ‘ਨੌਵੇਂ ਪਾਤਸ਼ਾਹ ਨੂੰ ਯਾਦ ਕਰਦਿਆਂ’ ਸਿਰਲੇਖ ਹੇਠਲੇ ਲੈਕਚਰ ਵਿਚ ਉਹ ਦਾਅਵਾ ਕਰਦੇ ਹਨ ਕਿ ਗੁਰੂ ਤੇਗ ਬਹਾਦੁਰ ਸਾਹਿਬ ਦੀ ਸ਼ਹਾਦਤ ਦਾ ਕੇਂਦਰੀ ਨੁਕਤਾ ‘ਨਿਰਭੈਤਾ’ ਹੈ: ‘ਡਰ ਜੜ੍ਹ ਹੈ ਬਹੁਤ ਕੁਝ ਦੀ, ਜਿੰਨੀ ਦੇਰ ਬੰਦਾ ਭੈਅ ਹੇਠ ਹੈ, ਉਹ ਨਾ ਸਹੀ ਸੋਚ ਸਕਦੈ ਨਾ ਸੱਚ ਬੋਲ ਸਕਦੈ…ਸੱਚ ਬੋਲਣ ਲਈ ਦਲੇਰੀ ਚਾਹੀਦੀ ਹੈ, ਹਿੰਮਤ ਚਾਹੀਦੀ ਐ, ਕਿਉਂਕਿ ਸੱਚ ਬੋਲਣ ਦੀ ਕੀਮਤ ਅਦਾ ਕਰਨੀ ਪੈਂਦੀ ਹੈ ਅਤੇ ਅਸੀਂ ਕੀਮਤ ਅਦਾ ਕੀਤੀ ਹੈ ਸਾਰੇ ਇਤਿਹਾਸ ਵਿਚ ਪੰਜਵੇਂ ਪਾਤਸ਼ਾਹ ਤੋਂ ਭਾਈ ਜਸਵੰਤ ਸਿੰਘ ਖਾਲੜਾ ਤੱਕ।’ ਗੁਰੂ ਤੇਗ ਬਹਾਦਰ ਤੋਂ ਗੱਲ ਜਸਵੰਤ ਸਿੰਘ ਖਾਲੜਾ ਨਾਲ ਜਾ ਜੋੜਦੇ ਹਨ ਅਤੇ ਫਿਰ ਖਾਲੜਾ ਬਾਰੇ ਬਣੀ ਫਿਲਮ ਦਾ ਰੋਣਾ ਰੋਂਦੇ ਬਹੁਤ ਅੱਗੇ ਤੱਕ ਚਲੇ ਜਾਂਦੇ ਹਨ। ਇਸ ਵਹਾ ਵਿਚ ਅਜਮੇਰ ਸਿੰਘ ਏਨਾ ਗੁਆਚ ਜਾਂਦੇ ਹਨ ਕਿ ਸੰਤ ਕਰਤਾਰ ਸਿੰਘ ਦੇ ਹਵਾਲੇ ਨਾਲ ਗੱਲ ਕਰਦਿਆਂ ਕਹਿੰਦੇ ਹਨ, ‘ਇੱਕ ਮਰ ਰਹੇ ਡੁੱਬ ਰਹੇ ਧਰਮ ਨੂੰ ਬਚਾਇਆ…ਨਹੀਂ ਇਸ ਦੀ ਹੋਂਦ ਮਿਟ ਜਾਣੀ ਸੀ ਦੇਸ਼ `ਚੋਂ, ਆਪਾਂ ਨੂੰ ਪਤਾ ਹੈ ਕਿ ਇਸਲਾਮ ਜਿੱਥੇ ਗਿਆ ਹੈ ਉਥੋਂ ਦੀ ਸੱਭਿਅਤਾ ਅਤੇ ਧਰਮ ਦੀ ਕੋਈ ਨਿਸ਼ਾਨੀ ਨਹੀਂ ਛੱਡੀ, ਇਰਾਨ ਸਭ ਦੇ ਸਾਹਮਣੇ ਉਦਾਹਰਣ ਹੈ। ਹੋਰ ਜਿਥੇ ਗਏ ਉਨ੍ਹਾਂ ਨੇ ਟੋਟਲ ਇਸਲਾਮ…ਤੇ ਇਥੇ ਮੁਹਿੰਮ ਵਿਢ ਲਈ ਸੀ ਤੇ ਹਿੰਦੂ ਸਮਾਜ `ਚ ਦਹਿਸ਼ਤ ਪੈ ਗਈ ਸੀ…ਤੇ ਜੇ ਇਸ ਸਿਲਸਿਲੇ ਨੂੰ ਰੋਕ ਨਾ ਲਗਦੀ ਤਾਂ ਪਤਾ ਨਹੀਂ ਕੀ ਹੋਣਾ ਸੀ, ਤਾਂਹੀ ‘ਜੰਜੂ ਤਿਲਕ ਰਾਖਾ ਪ੍ਰਭ ਤਾਂਕਾ’ ਕਿਹਾ ਜਾਂਦਾ ਹੈ…ਐ ਜ਼ਰੂਰਤ ਹੈ ਜਿਸ ‘ਤੇ ਮੈਂ ਜ਼ੋਰ ਦੇ ਰਿਹਾਂ।’
ਕਰ ਲਓ ਗੱਲ ਹੁਣ ਅਜਮੇਰ ਸਿੰਘ ਆਪਣੇ 10-15 ਦਿਨ ਪਹਿਲਾਂ ਕੀਤੇ ਬਚਨਾਂ ਤੋਂ ਬਦਲ ਕੇ ਹਿੰਦੂ ਧਰਮ ਦੀ ਰਾਖੀ ਲਈ ਸ਼ਹਾਦਤ, ਇਸਲਾਮ ਦੇ ਜ਼ੁਲਮ ਦਾ ਸੱਚ ਅਤੇ ਤਿਲਕ ਜੰਜੂ ਦੀ ਰਾਖੀ ਲਈ ਕੁਰਬਾਨੀ ਨੂੰ ਪ੍ਰਵਾਨ ਕਰ ਲੈਂਦੇ ਹਨ। ਪਰ ਕਈ ਵਾਰ ਤਾਂ ਬਸ ਕਸਰ ਏਨੀ ਰਹਿ ਜਾਂਦੀ ਹੈ ਕਿ ਉਹ ਅਜੇ ਇਹ ਦਾਅਵਾ ਨਹੀਂ ਕਰਦੇ ਕਿ ਗੁਰੂ ਤੇਗ ਬਹਾਦੁਰ ਜੀ ਨੇ ਕੁਰਬਾਨੀ ਖਾਲਿਸਤਾਨ ਵਾਸਤੇ ਦਿੱਤੀ ਸੀ।
‘ਕਿਸੇ ਦਾ ਭੈਅ ਨਹੀਂ ਮੰਨਣਾ ਅਤੇ ਨਿਰਭੈ ਰਹਿਣਾ ਹੈ’ ਦਾ ਇਕ ਪਾਸੜ ਸੰਦੇਸ਼ ਉਹ ਸਿੱਖਾਂ ਦੇ ਦੰਦੇ ਕੱਢਣ ਲਈ ਦਿੰਦੇ ਹਨ ਤਾਂਕਿ ਉਨ੍ਹਾਂ ਦੇ ਪ੍ਰਵਚਨੀ ਪ੍ਰਭਾਵ ਵਿਚ ਆ ਕੇ ਥੋੜੇ-ਬਹੁਤ ਸਿੱਖ ਹਮੇਸ਼ਾਂ-ਹਮੇਸ਼ਾਂ ਲਈ ਟਿੰਡ ਵਿਚ ਕਾਨਾ ਪਾਈ ਰੱਖਣ। ਗੁਰੂ ਸਾਹਿਬ ਨੇ ਭੈਅ ਨਾ ਮੰਨਣ ਦੀ ਗੱਲ ਜ਼ਰੂਰ ਕਹੀ ਸੀ ਪਰ ਨਾਲ ਹੀ ਭੈਅ ਨਾ ਦੇਣ ਦੀ ਗੱਲ ਵੀ ਕਹੀ ਸੀ। ਅੱਜ ਚੰਦ ਕੁ ਕੱਟੜਪੰਥੀ ਸਿੱਖ ਤਾਂ ਆਦਮ-ਬੋ ਆਦਮ-ਬੋ ਕਰਦੇ ਫਿਰਦੇ ਹਨ ਅਤੇ ਥਾਂ-ਥਾਂ ਪੰਗੇ ਲੈ ਰਹੇ ਹਨ। ਅਜਮੇਰ ਸਿੰਘ ਦੇ ਵੱਡੇ ਸੰਤ ਤਾਂ ਆਪਣੀ ਮੁਹਿੰਮ ਦੀ ਲੋੜ ਅਨੁਸਾਰ ਭੈਅ ਦਿੰਦੇ ਵੀ ਸਨ ਅਤੇ ਭੈਅ ਮੰਨਦੇ ਵੀ ਰਹੇ ਸਨ। ਉਨਾਂ ਦੇ ਸਮਰਥਕਾਂ ਨੇ ਬੰਦੂਕਾਂ ਭੈਅ ਦੇਣ ਲਈ ਹੀ ਚੁੱਕੀਆਂ ਹੋਈਆਂ ਸਨ। ਉਹ ਭੈਅ ਮੰਨਦੇ ਸਨ ਤਾਂ ਹੀ ਤਾਂ ਵਕਤੋਂ ਪਹਿਲਾਂ ਗ੍ਰਿਫਤਾਰੀ ਦੀ ਸੰਭਾਵਨਾ ਨਜ਼ਰ ਆਉਂਦਿਆਂ ਹੀ ਉਨ੍ਹਾਂ ਨੇ ਸਿਖ ਧਰਮ ਦੇ ਸਭ ਤੋਂ ਪਵਿੱਤਰ ਅਤੇ ਸਰਬਪ੍ਰਵਾਨਤ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਗੁਰੂ ਨਾਨਕ ਨਿਵਾਸ, ਲੰਗਰ ਹਾਲ ਅਤੇ ਆਖੀਰੀ ਸ੍ਰੀ ਅਕਾਲ ਤਖਤ ਵਿਖੇ ਪਨਾਹ ਜਾ ਲਈ ਸੀ। ਅਜਮੇਰ ਸਿੰਘ ਜੀ ਤੁਸੀਂ ਸਾਰੀ ਉਮਰ ਲੋਕਾਂ ਦੇ ਪੁੱਤਾਂ ਨੂੰ ਸ਼ਹੀਦੀਆਂ ਲਈ ਪ੍ਰੇਰਿਆ ਹੈ ਅਤੇ ਹੁਣ ਬੁਢਾਪੇ ਵੇਲੇ ਆਪ ਸ਼ਹੀਦੀ ਦੇਣ ਬਾਰੇ ਸੋਚੋ, ਨਹੀਂ ਤਾਂ ਫਿਰ ਆਪਣੇ ਆਪ ਨੂੰ ਖੋਟਾ ਸਿੱਕਾ ਮੰਨ ਲੈਣਾ!
ਸਿੰਘ ਸਭਾ ਲਹਿਰ ਦੇ ਇਤਿਹਾਸ ਬਾਰੇ ਵੀ ਭਾਈ ਅਜਮੇਰ ਸਿੰਘ ਨੇ ਕਈ ਵੀਡੀਓਜ਼ ਬਣਾਈਆਂ, ਜਿਨ੍ਹਾਂ ਵਿਚ ਸਨਾਤਨੀਆਂ ਨੂੰ ਖੂਬ ਕੋਸਿਆ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਸਿੱਖ ਇੱਕ ਵੱਖਰੀ ਕੌਮ ਹਨ ਅਤੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਉਦਾਸੀ ਅਤੇ ਨਿਰਮਲੇ ਸਿੱਖ ਨਹੀਂ ਹਨ ਤੇ ਇਨ੍ਹਾਂ ਨੇ ਸਿੱਖੀ ਨੂੰ ਢਾਹ ਲਾਈ ਹੈ। ਅਸਲ ਹਾਲਤ ਤਾਂ ਇਹ ਹੈ ਕਿ ਬਹੁਤੇ ਸਿੱਖ ਆਗੂ ਸਮੇਤ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ, ਸਹਿਜਧਾਰੀਆਂ ਨੂੰ ਸਿੱਖੀ ਵਿਚੋਂ ਬਾਹਰ ਕਰ ਚੁੱਕੇ ਹਨ ਅਤੇ ਗੁਰਦਵਾਰਾ ਚੋਣਾਂ ਵਿਚ ਵੋਟ ਦਾ ਹੱਕ ਖੋਹ ਚੁੱਕੇ ਹਨ। ਸ਼੍ਰੋਮਣੀ ਕਮੇਟੀ ਨੇ ਇੱਕ ਸਿੱਖ ਵਿਦਿਆਰਥਣ ਨੂੰ ਸਿੱਖ ਕੋਟੇ ਵਿਚ ਵਿਦਿਅਕ ਦਾਖਲਾ ਦੇਣ ਤੋਂ ਨਾਂਹ ਕਰ ਦਿੱਤੀ ਸੀ, ਕਿਉਂਕਿ ਲੜਕੀ ਨੇ ਭਰਵੱਟੇ ਬਣਾਏ (ਕੱਟੇ) ਹੋਏ ਸਨ। ‘ਤੁੰਨੀ ਅਤੇ ਮੁੰਨੀ’ ਇੱਕ ਬਰਾਬਰ ਦੇ ਨਾਅਰੇ ਲੱਗ ਚੁੱਕੇ ਹਨ ਇਸ ਨਾਲ ਤੁੰਨੀ ਅਤੇ ਮੁੰਨੀ ਵਾਲੇ ਵੀ ਇਸ ਕੌਮ ‘ਚੋਂ ਜੇ ਬਾਹਰ ਨਹੀਂ, ਤਾਂ ਹੇਠਲੇ ਦਰਜੇ ਦੇ ਹਨ। ਜੱਟ ਸਿੱਖ ਹੋਰ ਜਾਤਾਂ ਦੇ ਸਿੱਖਾਂ ਨੂੰ ‘ਕੁੱਤਾ ਫਲਾਣਾ’ ਝੱਟ ਆਖ ਦਿੰਦੇ ਹਨ। ਨਾਮਧਾਰੀ ਅਤੇ ਰਾਧਾਸਵਾਮੀ ਵੀ ਬਾਹਰ ਹਨ। ਹਾਂ ਭਾਈ ਅਜਮੇਰ ਸਿੰਘ ਜੀ ਸਿੱਖ ਇੱਕ ਵਖਰੀ ਕੌਮ ਹੈ, ਪਰ ਇਸ ਵਿਚ ਸਿੱਖਾਂ ਦਾ ਇੱਕ ਖਾਸ ਵਰਗ ਹੀ ਸ਼ਾਮਲ ਹੈ, ਬਾਕੀ ਸਭ ਬਾਹਰਲੇ ਜਾਂ ਹੇਠਲੇ ਦਰਜੇ ਦੇ ਕਿਉਂ ਹਨ। ਤੁਹਾਡੇ ਤਿਲਕਣੇ ਬਚਨਾਂ ਮੁਤਾਬਿਕ ਕੌਮ ਦੀ ਉਸਾਰੀ ਬਹੁਤ ਖੂਬ ਚੱਲ ਰਹੀ ਹੈ!
11 ਦਸੰਬਰ 2025 ਨੂੰ ‘ਸਟਰਗਲ ਜਾਂ ਪੀਸ’ ਸਿਰਲੇਖ ਹੇਠ ਪੇਂਡੂ ਆਸਟੇ੍ਰਲੀਆ ਵਾਲੇ ਯੂਟਿਊਬਰ ਮਿੰਟੂ ਬਰਾੜ ਨਾਲ ਲੰਮੀ ਗੱਲਬਾਤ ਕਰਦਿਆਂ ਅਜਮੇਰ ਸਿੰਘ ਹੁਰਾਂ ਕਈ ਗੁੱਲ ਖਿਲਾਏ ਹਨ। ਇਹ ਯੂਟਿਊਬਰ ਵੀ ਤੱਤੀਆਂ ਅਤੇ ਲੱਛੇਦਾਰ ਗੱਲਾਂ ਕਰਨ ਦਾ ਖੱਟਿਆ ਖਾਂਦਾ ਹੈ, ਜੋ ਬਹੁਤੇ ਸਿੱਖ ਮੀਡੀਆਕਾਰਾਂ ਦਾ ਕਿਰਦਾਰ ਹੀ ਬਣ ਗਿਆ ਹੈ। ਪੰਜਾਬੀ ਕਹਾਵਤ ਹੈ ‘ਇੱਕ ਕਰੇਲਾ ਤੇ ਉਹ ਵੀ ਨਿੰਮ ਚੜਿਆ।’ ਇਸ ਗੱਲਬਾਤ ਵਿਚ ਅਜਮੇਰ ਨੇ ਦੁੱਗਣੀ ਕੁੜੱਤਣ ਵਿਖਾਈ ਹੈ।
ਗੱਲਬਾਤ ਵਿਚ ਉਹ ਇੰਡੀਅਨ ਸਟੇਟ ਦੀ ਨੀਤੀ ਬਾਰੇ ਦੱਸਦੇ ਕਹਿੰਦੇ ਹਨ ਕਿ ਸਟੇਟ ਲੋਕਾਂ ਵਿਚ ਨੈਸ਼ਨਲਇਜ਼ਮ ਦਾ ਜ਼ਜਬਾ ਵੱਖ ਵੱਖ ਟੂਲ ਵਰਤ ਕੇ ਭਰਦੀ ਹੈ ਅਤੇ ਕ੍ਰਿਕਟ ਦੀ ਖੇਡ ਨੂੰ ਵੀ ਟੂਲ ਦੱਸਦੇ ਹਨ: ‘ਮੇਰੇ ਮੁਤਾਬਿਕ ਅੱਜ ਦੀ ਸਿਚੂਏਸ਼ਨ `ਚ ਕ੍ਰਿਕਟ ਇੱਕ ਪਾਵਰਫਲ ਟੂਲ ਹੈ ਕਿ ਕ੍ਰਿਕਟ ਨਾਲ ਨੈਸ਼ਨਲਇਜ਼ਮ ਕਿਵੇਂ ਭਰਨੈ…ਖੇਡ ਦੀ ਭਾਵਨਾ ਕਿੱਥੇ ਹੈ…ਇਹਦੇ ਵਿਚੋਂ ਵੇਖੋ ਕਿ ਸਿੱਖਾਂ ਦਾ ਭਵਿਖ ਕਿੱਥੇ ਹੈ?…ਸਿੱਖ ਕਿਸੇ ਵੀ ਨੈਸ਼ਨਲਇਜ਼ਮ ਵਿਚ ਕੈਦ ਨਹੀਂ ਹੋ ਸਕਦਾ, ਉਹ ਤਾਂ ਹੈ ਹੀ ਇੱਕ ਦ੍ਰਿਸ਼ਟੀ ਬਹੁਤ ਵੱਡੀ ਹੈ…ਕੈਨਾਤ ਦੀ ਸਗਲ ਸ੍ਰਿਸ਼ਟੀ ਦੀ…ਬ੍ਰਹਿਮੰਡੀ ਉਹ ਤਾਂ ਹੈਗਾ…ਅਸੀਂ ਆਪਣੇ ਆਪ ਨੂੰ ਮਤਲਬ ਉਥੋਂ ਤੱਕ ਸੰਗੇੜ ਲਈਏ?’
ਲਓ ਜੀ ਅਜਮੇਰ ਮੁਤਾਬਿਕ ਸਿੱਖ ਤਾਂ ਬ੍ਰਹਿਮੰਡੀ ਹੈ, ਪਰ ਦੱਸੋ ਫਿਰ ਉਨ੍ਹਾਂ ਨੂੰ ਭਾਰਤ ਵਿਚ ਛੋਟਾ ਜਿਹਾ ਖਾਲਿਸਤਾਨ ਕਿਉਂ ਚਾਹੀਦਾ ਹੈ? ਅਜਮੇਰ ਜੀ ਕੀ ਅਮਰੀਕਾ, ਅਸਟਰੇਲੀਆ, ਕੈਨੇਡਾ, ਬਰਤਾਨੀਆ ਅਤੇ ਹੋਰ ਪੱਛਮੀ ਦੇਸ਼ਾਂ ਦੇ ਸਿੱਖ ਅਤੇ ਸਿੱਖੀ ਵੀ ਬ੍ਰਹਿਮੰਡੀ ਹੈ? ਕੀ ਉਹ ਇਨ੍ਹਾਂ ਦੇਸ਼ਾਂ ਦੇ ਵਫਾਦਾਰ ਸ਼ਹਿਰੀ ਨਹੀਂ ਹਨ? ਸਿੱਖ ਤਾਂ ਇਨ੍ਹਾਂ ਦੇਸ਼ਾਂ ਅਤੇ ਸੰਵਿਧਾਨਾਂ ਦੀਆਂ ਵਫਾਦਾਰੀਆਂ ਦੀਆਂ ਕਸਮਾਂ ਖਾ ਰਹੇ ਹਨ। ਅਜਮੇਰ ਜੀ ਜਾਪਦੈ ਤੁਹਾਡੀ ਸੋਚ ਮੁਤਬਿਕ ਭਾਰਤ ਵਿਚ ਸਿੱਖ ਅਤੇ ਸਿੱਖੀ ਬ੍ਰਹਿਮੰਡੀ ਹੈ, ਪਰ ਪਾਕਿਸਤਾਨ ਵਿਚ ਪਾਕਿਸਤਾਨੀ ਅਤੇ ਅਮਰੀਕਾ ਵਿਚ ਅਮਰੀਕੀ ਹੋ ਜਾਂਦੀ ਹੈ। ਤਾਂ ਫਿਰ ਇਸ ਦਾ ਆਧਾਰ ਤਾਂ ਭਾਰਤ ਅਤੇ ਹਿੰਦੂਆਂ ਨਾਲ ਅੰਨੀ ਨਫਰਤ ‘ਤੇ ਹੀ ਖੜਾ ਹੈ?
ਹੋਸਟ ਦੇ ਖਾਲਿਸਤਾਨ ਅਤੇ ਯਹੂਦੀਆਂ ਬਾਰੇ ਇੱਕ ਸਵਾਲ ਦਾ ਜਵਾਬ ਦਿੰਦਿਆਂ, ‘ਇਹ ਤਾਂ ਦਾਅ ਲਗਣ ਵਾਲੀ ਗੱਲ ਹੈ…ਜੇ ਜਟਕੀ ਭਾਸ਼ਾ ਵਿਚ ਗੱਲ ਕਰਨੀ ਹੋਵੇ…ਇਹ ਸਭ ਕੁਝ ਚੱਲਣੈ…ਇਹ ਹੋਣ ਜਾ ਰਿਹਾ ਹੈ…ਇਹਦੇ ਵਿਚੋਂ ਪਤਾ ਨਹੀਂ ਕਿਸ ਨੂੰ ਕੀ ਮਿਲਣਾ ਹੈ।’ ਭਾਵ ਖਾਲਿਸਤਾਨ ਦਾ ਦਾਅ ਅਚਾਨਕ ਲੱਗਣਾ ਹੈ।
ਆਪਣੇ ਬਾਰੇ ਗੱਲ ਕਰਦਿਆਂ ਕਹਿੰਦੇ ਹਨ, ‘ਸਮਾਜ ਨੂੰ ਬਦਲਣ ਦਾ ਮਨ ਵਿਚ ਇੱਕ ਜਨੂਨ ਸੀ ਅਤੇ ਅੱਜ ਵੀ ਹੈ…ਹੋਰ ਜਿਊਣ ਦਾ ਕੋਈ ਮਕਸਦ ਨਹੀਂ…ਜਿਹੜੀਆਂ ਸਥਾਪਤ ਹੋ ਚੁੱਕੀਆਂ ਤਾਕਤਾਂ ਨੂੰ ਲਾਹੁਣਾ, ਉਨ੍ਹਾਂ ਨੂੰ ਡਿਸਲੌਜ ਕਰਨਾ ਤੇ ਉਹ ਐਵੇਂ ਤਾਂ ਹੋਣਾ ਨਹੀਂ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ।…ਇਹ ਇੱਕ ਖਰਵਾ ਸੰਘਰਸ਼ ਐ…ਮਨਾਂ ਵਿਚੋਂ…ਤੁਹਾਡੇ ਨਫਰਤ ਤੋਂ ਬਗੈਰ ਤੁਸੀਂ ਲੜ ਨਹੀਂ ਸਕਦੇ, ਨਫਰਤ ਨੂੰ ਮੈਂ ਨੈਗੇਟਿਵ ਸੈਂਸ ਵਿਚ ਨਹੀਂ ਲੈਂਦਾ। ਜਿਹੜੀ ਚੀਜ਼ ਦੇ ਖਿਲਾਫ਼ ਤੁਹਾਡੇ ਵਿਚ ਤਿੱਖਾ ਰੋਹ ਪੈਦਾ ਨਹੀਂ ਹੋਊ…ਜੇ ਬਦਲਣੈ ਤਾਂ ਤੁਹਾਡੇ ਅੰਦਰ ਰੋਹ ਪੈਦਾ ਹੋਣਾ ਚਾਹੀਦੈ। ਉਹ ਤਾਕਤਾਂ ਜਿਹੜੀਆਂ ਸਾਡੇ ਸਾਰੇ ਭਵਿਖ ਨੂੰ ਜੀਵਨ ਨੂੰ ਖਰਾਬ ਕਰ ਰਹੀਆਂ ਹਨ ਉਨ੍ਹਾਂ ਦੇ ਖਿਲਾਫ਼ ਨਫਰਤ ਤੇ ਰੋਹ ਪੈਦਾ ਕਰਨੀ ਇਹ ਮੇਰੇ ਲਈ ਕੋਈ ਸ਼ਰਮ ਵਾਲੀ ਗੱਲ ਨਹੀਂ ਇਹ ਜ਼ਰੂਰੀ ਹੈ…ਇਹ ਸਾਰਿਆਂ ਨੇ ਕੀਤੀ ਇਤਿਹਾਸ ਸਾਰਾ ਵੇਖ ਲਉ।’
ਇਤਿਹਾਸ ਦਾ ਹਵਾਲਾ ਦਿੰਦਿਆ ਉਹ ਤਾਂ ਸਿਰੇ ਹੀ ਲਗਾ ਦਿੰਦੇ ਹਨ, ਜਦ ਭਗਤ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਬਾਰੇ ਆਖਦੇ ਹਨ ਕਿ ਉਹ ਅੰਗਰੇਜ਼ ਨਾਲ ਲੜਨ ਲਈ ਅੰਗਰੇਜ਼ ਖਿਲਾਫ਼ ਨਫਰਤ ਪੈਦਾ ਕਰਦੇ ਸਨ। ਭਾਵ ਉਹ ਵੀ ਬੇ-ਸਿਰ-ਪੈਰ ਦਹਿਸ਼ਤਗਰਦੀ ਦਾ ਸਹਾਰਾ ਲੈਂਦੇ ਸਨ। ਅਜਮੇਰ ਸਿੰਘ ਜੀ ਨੂੰ ਯਕੀਨ ਹੈ ਕਿ ਸੁਨਣ/ਵੇਖਣ ਵਾਲੇ ਕਿਹੜਾ ਉਨ੍ਹਾਂ ਦੇ ਨੁਕਤੇ ਨੂੰ ਪਰਖਣ ਜੋਗੇ ਹਨ। ਜਦਕਿ ਜੱਗ ਜਾਣਦਾ ਹੈ ਕਿ ਭਗਤ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਨੇ ਕਦੇ ਕਿਸੇ ਇੱਕ ਧਰਮ ਜਾਂ ਫਿਰਕੇ ਲਈ ਵੱਖਰੀ ਅਜ਼ਾਦੀ ਜਾਂ ਦੇਸ਼ ਨਹੀਂ ਮੰਗਿਆ। ਉਨ੍ਹਾਂ ਕਦੇ ਬੱਸਾਂ ਅਤੇ ਗੱਡੀਆਂ ਵਿਚੋਂ ਕੱਢ ਕੱਢ ਅੰਗਰੇਜ਼ ਨਹੀਂ ਮਾਰੇ। ਉਨ੍ਹਾਂ ਕਦੇ ਕਿਸੇ ਧਰਮ ਅਸਥਾਨ ਨੂੰ ਹਥਿਆਰਬੰਦ ਕਿਲਾ, ਇੰਟੈਰੋਗੇਸ਼ਨ ਸੈਂਟਰ, ਫਿਰੌਤੀ ਸੈਂਟਰ, ਅਤੇ ਖੌਫ਼ ਦਾ ਅੱਡਾ ਨਹੀਂ ਬਣਾਇਆ ਸੀ। ਕਿਸੇ ਭਾਈਚਾਰੇ ਪ੍ਰਤੀ ਨਫਰਤ ਨੂੰ ਹਥਿਆਰ ਬਣਾਉਣ ਦੀ ਆਪਣੇ ਸਿਧਾਂਤ ਦੀ ਵਜਾਹਤ ਕਰਦਿਆਂ ਉਹ ਸੰਤਾਂ ਦਾ ਹਵਾਲਾ ਤਾਂ ਦਿੰਦੇ ਹਨ, ਪਰ ਪਤਾ ਨਹੀਂ ਕਿਉਂ ਸਿਰੇ ਦਾ ਸ਼ਾਤਰਬੁਧ ਹੋਣ ਤੋਂ ਬਾਅਦ ਵੀ ਇਤਿਹਾਸ ਦਾ ਇਹ ਅਹਿਮ ਤੱਥ ਚੇਤੇ ਕਰਾਉਣੋਂ ਉਕ ਜਾਂਦੇ ਹਨ। ਉਨ੍ਹਾਂ ਤੋਂ ਅੱਧੀ ਸਦੀ ਪਹਿਲਾਂ ਜਰਮਨ ਕੌਮ ਵਿਰੁਧ ਕਥਿਤ ਵਧੀਕੀਆਂ ਦੀ ਦੁਹਾਈ ਦੇ ਕੇ ਆਮ ਲੋਕਾਂ ਨੂੰ ਬੁਧੂ ਬਣਾਇਆ ਅਤੇ ਯਹੂਦੀਆਂ ਵਿਰੁਧ ਅੰਨੀ ਨਫਰਤ ਫੈਲਾਉਣ ਲਈ ਅਜਮੇਰ ਦੇ ‘ਅਸਲ ਗੁਰੂ’ ਹਿਟਲਰ ਨੇ ਵੀ ‘ਮੇਨ ਕੈਮਫ’ (ਮੇਰੀਆਂ ਯਾਦਾਂ) ਕਿਤਾਬ ਵਿਚ ਇਸ ਤੋਂ ਵਧੇਰੇ ਕਾਰਗਰ ਤਰੀਕੇ ਨਾਲ ਵਰਤੋਂ ਕੀਤੀ ਸੀ। ਅਜਮੇਰ ਦੇ ਨਫਰਤ ਦੇ ਸਾਰੇ ਸਿਧਾਂਤ ਦੀ ਵਜਾਹਤ ਮਿੰਟੂ ਬਰਾੜ ਦੀ ਇਸ ਇਕਲੌਤੀ ਵੀਡੀਓ ਨਾਲ ਹੀ ਬਥੇਰੀ ਹੋ ਜਾਂਦੀ ਹੈ, ਫਿਰ ਵੀ ਜੇ ਕੋਈ ਕਸਰ ਰਹਿ ਗਈ ਹੋਵੇ ਤਾਂ ਉਹ ਯਾਦਵਿੰਦਰ ਕਰਫਿਊ ਦੀਆਂ ਅਜਮੇਰ ਦੀ ਵਿਚਾਰਧਾਰਾ ਦੀ ਮਸ਼ਹੂਰੀ ਕਰਨ ਲਈ ਦਰਜਨਾਂ ਵੀਡੀਓਜ਼L ਸੁਣ ਕੇ ਕੱਢੀ ਜਾ ਸਕਦੀ ਹੈ। ਜੇਕਰ ਇਕੋ ਵੀਡੀਓ ਨਾਲ ਸਾਰਨਾ ਹੋਵੇ ਤਾਂ ‘ਸਿੱਖ ਵਿਊ ਪੁਆਇੰਟ’ ਵਾਲੇ ਅਜਮੇਰ ਸਿੰਘ ਦੇ ਆਪਣੇ ਚੈਨਲ ‘ਤੇ 19 ਅਕਤੂਬਰ ਨੂੰ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਹਿੰਦੁਤਵ ਦੇ ਖਾਤੇ ਵਿਚ ਪਾਉਣ ਦੇ ਨਾਪਾਕ ਮਨਸੂਬੇ ਵਾਲੀ ਵੀਡੀਓ ਸੁਣੀ ਜਾ ਸਕਦੀ ਹੈ।
ਅੱਗੇ ਫਰਮਾਉਂਦੇ ਹਨ, ‘ਜਿੱਥੇ ਸਿਰ ਲੈਣ ਅਤੇ ਦੇਣ ਦੀ ਗੱਲ ਹੋਵੇ, ਉਥੇ ਭਾਸ਼ਾ ਤਾਂ ਇਸ ਤਰ੍ਹਾਂ ਦੀ ਆਊ…ਸੰਤਾਂ ਬਾਰੇ ਵੀ ਕਿਹਾ ਜਾਂਦਾ ਸੀ ਕਿ ਸੰਤ ਜਰਨੈਲ ਸਿੰਘ ਬਹੁਤ ਤੱਤਾ ਬੋਲਦੇ ਸੀ…ਭੜਕਾਹਟ ਪੈਦਾ ਕਰਦੇ ਸੀ…ਸੋ ਮੇਰੀਆਂ ਲਿਖਤਾਂ ਵਿਚ ਇੱਕ ‘ਸ਼ਾਰਪ ਐਜ’ (ਤਿੱਖੀ ਧਾਰ) ਕਹਿ ਲਓ…ਤੱਥ ਹਨ…ਉਨ੍ਹਾਂ ਨੂੰ ਪੇਸ਼ ਹੀ ਇਸ ਤਰ੍ਹਾਂ ਕਰੋ ਕਿ ਵੱਜਣ ਕਿਤੇ ਜਾ ਕੇ।’
ਅੱਗੇ ਹੋਰ ਕਹਿੰਦੇ ਹਨ, ‘ਦਰਬਾਰ ਸਾਹਿਬ ਹਮਲੇ ਤੋਂ ਬਾਅਦ ਜਦ ਹਥਿਆਰਬੰਦ ਸੰਘਰਸ਼ ਹੋਇਆ ਤਾਂ ਮੈਨੂੰ ਯਾਦ ਹੈ ਕਿ ਜਿਹੜਾ ਜਨਰਲ ਜਗਜੀਤ ਸਿੰਘ ਅਰੋੜਾ ਸੀਗਾ ਉਹਨੇ ਪੰਜਾਬੀ ਟ੍ਰਿਬਿਊਨ ਨਾਲ 1985 ਵਿਚ ਇੰਟਰਵਿਊ ਵਿਚ ਕਿਹਾ ਸੀ ਕਿ ਹਥਿਆਰ ਕਿਸੇ ਮਸਲੇ ਦਾ ਹੱਲ ਨਹੀਂ…ਤੁਸੀਂ ਵੇਖੋ ਉਸ ਬੰਦੇ ਨੇ ਸਾਰੀ ਉਮਰ ਹਥਿਆਰ ਵਰਤੇ ਅਤੇ ਉਸਦੀ ਪਛਾਣ ਹਥਿਆਰਾਂ ਨਾਲ ਹੈ। ਜੋ ਉਸ ਨੂੰ ਮੈਡਲ ਮਿਲੇ ਉਹ ਉਸ ਨੂੰ ਬੰਦੇ ਮਾਰ ਕੇ ਹੀ ਮਿਲੇ ਹਨ ਨਾ?…ਇਸ ਦੇ ਪਿੱਛੇ ਵੀ ਇੱਕ ਸਿਆਸਤ ਹੈ ਤਾਂਕਿ ਬੰਦਿਆਂ ਨੂੰ ਲੜਾਈ ‘ਤੋਂ ਪਾਸੇ ਕੀਤਾ ਜਾਵੇ।’
ਹੋਸਟ ਹਾਮੀ ਭਰਦਾ ਹੋਇਆ ਕਹਿੰਦਾ ਹੈ, ‘ਪਿੰਡਾਂ ਵਿਚ ਹੁੰਦਾ ਹੀ ਸੀ ਝਗੜੇ ਮੌਕੇ ਪਹਿਲਾਂ ਆਪਣੀ ਬਾਂਹ ਵੱਢ ਕੇ ਹੀ ਵਿਰੋਧੀ ‘ਤੇ 26 ਬਨਾਉਣੀ ਪੈਂਦੀ, ਤਾਂ ਹੀ ਜਾ ਕੇ ਰਾਜ਼ੀਨਾਮਾ ਹੁੰਦੈ।’ ਅੱਗੋਂ ਅਜਮੇਰ ਸਿੰਘ ਪ੍ਰੋੜਤਾ ਕਰਦੇ ਹਨ, ‘ਹਾਂ ਹਾਂ…ਤੁਸੀਂ ਆਪਣਾ ਪੱਖ ਮਜ਼ਬੂਤ ਕਰਨੈ।’ ਅੱਗੋਂ ਹੋਸਟ ਖੁਸ਼ ਹੋ ਕੇ ਹਥਿਆਰਬੰਦ ਸੰਗਰਸ਼ ਦੀ ਹਾਮੀ ਭਰਦਾ ਹੋਇਆ ਕਹਿੰਦਾ ਹੈ, ‘ਉਸ ਨੂੰ ਵੀ ਜਵਾਬ ਮਿਲ ਗਿਆ ਹੈ ਅਤੇ ਤੁਹਾਨੂੰ (ਦਰਸ਼ਕਾਂ ਨੂੰ) ਵੀ ਮਿਲ ਗਿਆ ਹੋਵੇਗਾ ਕਿ ਮੂਹਰਲਾ ਬੰਦਾ ਟੇਬਲ ‘ਤੇ ਆਉਂਦਾ ਨਹੀਂ, ਜਿੰਨਾ ਚਿਰ ਉਹਨੂੰ ਭਾਜੀ ਮੋੜੀ ਨਹੀਂ ਜਾਂਦੀ।’
ਅਜਮੇਰ ਜੀ ਦੀ ਸ਼ਰਾਰਤ ਵੇਖੋ। ਇੱਕ ਸੌਵਰਨ ਦੇਸ਼ ਦੀ ਫੌਜ ਦੇ ਇੱਕ ਸਤਿਕਾਰਤ ਸਿੱਖ ਜਰਨੈਲ ਨੂੰ ਕਿਵੇਂ ਹਥਿਆਰਾਂ ਅਤੇ ਬੰਦੇ ਮਾਰ ਕੇ ਮਿਲੇ ਮੈਡਲਾਂ ਨਾਲ ਜੋੜਦੇ ਹਨ! ਕੀ ਜਨਰਲ ਅਰੋੜਾ ਆਪਣੀ ਪ੍ਰਾਈਵੇਟ ਗਸ਼ਤੀ ਟੋਲੇ ਬਣਾਈ ਫਿਰਦਾ ਸੀ ਅਤੇ ਆਮ ਪਾਕਿਸਤਾਨੀਆਂ ਨੂੰ ਘਰਾਂ ਵਿਚੋਂ ਧੁਹ-ਧੂਹ ਕੇ ਮਾਰਦਾ ਸੀ? ਉਸ ਨੇ ਤਾਂ ਹਥਿਆਰ ਸੁੱਟ ਚੁੱਕੇ 93 ਹਜ਼ਾਰ ਦੇ ਕਰੀਬ ਪਾਕਿਸਤਾਨੀਆਂ ਵਿਚੋਂ ਇੱਕ ਨੂੰ ਵੀ ਕੋਈ ਨੁਕਸਾਨ ਨਹੀਂ ਸੀ ਪੁੱਜਣ ਦਿਤਾ ਅਤੇ ਉਨ੍ਹਾਂ ਦੀ ਰਾਖੀ ਜਨੇਵਾ ਕਨਵੈਨਸ਼ਨ ਮੁਤਾਬਕ ਕੀਤੀ, ਜਦਕਿ ਬੰਗਲਾਦੇਸ਼ੀ ਪਬਲਿਕ ਵਿਚ ਉਨ੍ਹਾਂ ਖਿਲਾਫ਼ ਤਿੱਖਾ ਰੋਹ ਸੀ, ਜਿਨ੍ਹਾਂ ਦਾ ਇਨ੍ਹਾਂ ਪਾਕਿਸਤਾਨੀ ਫੌਜੀਆਂ ਨੇ ਕਤਲੇਆਮ ਕੀਤਾ ਸੀ ਅਤੇ ਹਜਾਰਾਂ ਬੰਗਾਲੀ ਔਰਤਾਂ ਨਾਲ ਬਲਾਤਕਾਰ ਕੀਤੇ ਸਨ, ਜਿਸ ਦੇ ਠੋਸ ਤੱਥ ਮੌਜੂਦ ਹਨ।
ਫਿਰ ਹੋਸਟ ਦੀ ਪ੍ਰੋੜਤਾ ਸੁਣ ਲਉ ਕਿ ਪਿੰਡਾਂ ਦੀਆਂ ਲੜਾਈਆਂ ਵਿਚ ਆਪਣੀ ਬਾਂਹ ਆਪ ਹੀ ਵੱਡ ਕੇ ਵਿਰੋਧੀ ਉਤੇ ਧਾਰਾ 26 ਦਾ ਕੇਸ ਝੂਠ ਬੋਲ ਕੇ ਬਣਾਇਆ ਜਾਂਦਾ ਹੈ ਅਤੇ ਹੋਸਟ ਇਸ ਨੂੰ ਕਥਿਤ ਖਾਲਿਸਤਾਨੀ ਹਥਿਆਰਬੰਦ ਲੜਾਈ ਨਾਲ ਜੋੜਦਾ ਹੋਇਆ ਜਾਇਜ ਦੱਸਦਾ ਹੈ। ਇਹ ਰੂੜੀਵਾਦੀ ਜੱਟ ਸਿੱਖ ਮਾਨਸਕਿਤਾ ਦਾ ਸਿੱਧਾ ਪ੍ਰਗਟਾਵਾ ਹੈ ਜਿਸ ਨਾਲ ਕਿਸੇ ਕੌਮ ਜਾਂ ਫਿਰਕੇ ਦਾ ਭਲਾ ਨਹੀਂ ਹੋ ਸਕਦਾ। ਪਿੰਡਾਂ ਵਿਚ ਦੋ ਧਿਰਾਂ ਦੀ ਜਟਕਾ ਲੜਾਈ ਵਿਚ ਝੂਠ ਦਾ ਬੋਲ-ਬਾਲਾ ਸਿੱਖਾਂ ਲਈ ਧਰਮ ਅਤੇ ਇਨਸਾਫ਼ ਅਧਾਰਿਤ ਰਾਜ ਕਾਇਮ ਕਰਨ ਲਈ ਕਿਵੇਂ ਵਰਤਿਆ ਜਾ ਸਕਦਾ ਹੈ? ਜਿਸ ਨੂੰ ਜਾਇਜ ਠਹਿਰਾਉਣ ਲਈ ਖਾਲਿਸਤਾਨੀ ਗੁਰੂ ਬਾਬੇ ਨਾਨਕ ਦਾ ਹਵਾਲਾ ਦੇ ਕੇ ਆਖਦੇ ਹਨ, ‘ਨਾਨਕ ਨਿਰਮਲ ਪੰਥ ਚਲਾਇਆ।’ ਨਾਨਕ ਦੇ ਇਸ ਨਿਰਮਲ ਪੰਥ ਲਈ ਵੱਖਰੇ ਦੇਸ਼ ਦੀ ਨੀਂਹ ਵਿਚ ਇਹ ਆਪਣੀ ਬਾਂਹ ਆਪ ਵੱਡ ਕੇ ਵਿਰੋਧੀਆਂ ਤੇ ਧਾਰਾ 26 ਦੇ ਝੂਠੇ ਕੇਸਾਂ ਦੇ ਕੰਡੇ ਖਿਲਾਰਨਗੇ?
ਹੋਸਟ ਜੀ ਅਗਰ ਤੁਹਾਨੂੰ ਜਵਾਬ ਮਿਲ ਗਿਆ ਹੈ ਤਾਂ ਜਵਾਬ ਸਾਨੂੰ ਵੀ ਮਿਲ ਗਿਆ ਹੈ ਕਿ ਅਜਮੇਰ ਵਰਗੇ ਛਲੇਡੇ ਦੀ ਰਹਿਨੁਮਾਈ ਹੇਠ ਭਾਰਤ ਦੇਸ਼, ਹਿੰਦੂਆਂ ਅਤੇ ਖਾਲਿਸਤਾਨ ਵਿਰੋਧੀ ਸਿੱਖਾਂ ਦੇ ਖਿਲਾਫ਼ ਝੂਠੇ ਅਤੇ ਮਨਘੜਤ ‘ਧਾਰਾ 26’ ਅਤੇ ਇਸ ਤੋਂ ਵੀ ਉਪਰਲੀਆਂ ਧਾਰਾਵਾਂ ਦੇ ਕੇਸ ਬਣਾਏ ਜਾਣ, ਤਾਂਕਿ ਕਿਸੇ ਤਰ੍ਹਾਂ ਸਿੱਖਾਂ ਵਿਚ ਵੱਧ ਤੋਂ ਵੱਧ ਨਫਰਤ ਪੈਦਾ ਕਰਕੇ ਦੇਸ਼ ਵਿਚ ਫਿਰਕੂ ਹਿੰਸਾ ਕਰਵਾਈ ਜਾਵੇ। ਸਾਨੂੰ ਇਹ ਵੀ ਪਤਾ ਹੈ ਕਿ ਇਸ ਵਿਚ ਕੁਝ ਵਿਦੇਸ਼ੀ ਤਾਕਤਾਂ ਵੀ ਤੁਹਾਡੇ ਨਾਲ ਹਨ। ਪੰਜਾਬ ਦੇ ਲੋਕ ਇਸ ਕਿਸਮ ਦੀ ਲਹਿਰ ਦਾ ਦੁੱਖ ਪਹਿਲਾਂ ਵੀ ਹੰਡਾ ਚੁੱਕੇ ਹਨ। ਅਜਮੇਰ ਦੇ ਤਸੱਵਰ ਦੀ ਖਾਲਿਸਤਾਨੀ ਲਹਿਰ ਹਿੰਸਾ, ਝੂਠੀ ਮ੍ਰਿਗ ਤ੍ਰਿਸ਼ਨਾ ਦੇ ਆਧਾਰ ‘ਤੇ ਖੜੀ ਹੈ। ਇਸ ਵਿਚ ਵਿਚਾਰ-ਵਟਾਂਦਰੇ ਲਈ ਕੋਈ ਥਾਂ ਨਹੀਂ ਹੈ। ਅਜਮੇਰ ਜੀ ਯਾਦ ਰਖੋ, ਤੁਹਾਡੀ ਇਹ ‘ਮ੍ਰਿਗ ਤ੍ਰਿਸ਼ਨਾ’ ਦੁਨੀਆ ਭਰ ਵਿਚ ਹਸਦੇ-ਵਸਦੇ ਭਾਈਚਾਰੇ ਨੂੰ ਕਦੀ ਕਿਸੇ ਬੰਨ੍ਹੇ ਨਹੀਂ ਲਾਵੇਗੀ। ਲੋਕਾਂ ਨੂੰ ਡਰ, ਭੈਅ, ਹਿੰਸਾ, ਕਤਲਾਂ ਅਤੇ ਡਾਂਗਾਂ ਨਾਲ ਭੇਡਾਂ-ਬੱਕਰੀਆਂ ਵਾਂਗ ਅੱਗੇ ਲਗਾ ਕੇ ਭਾਂਤ-ਭਾਂਤ ਦੇ ਝੂਠੇ ਖੁਆਬ ਦਿਖਾ ਕੇ ਖਾਲਿਸਤਾਨ ਬਨਾਉਣ ਦੀ ਤੁਹਾਡੀ ਸਾਜਿਸ਼ ਕਦੇ ਕਾਮਯਾਬ ਨਹੀਂ ਹੋਵੇਗੀ। ਇਹ ਸਾਜਿਸ਼ ਇੱਕ ਵਾਰ ਬੁਰੀ ਤਰਾਂ ਫੇਲ੍ਹ ਹੋ ਚੁੱਕੀ ਹੈ ਅਤੇ ਹਰ ਵਾਰ ਫੇਲ੍ਹ ਹੋਵੇਗੀ। ਤੁਹਾਡੇ ਵਰਗੇ ਸੁਪਨੇਸਾਜ ਅਜੋਕੀ ਕੋਮਾਂਤਰੀ ਸਥਿਤੀ ਨੂੰ ਪੂਰੀ ਤਰ੍ਹਾਂ ਅਖੌਂ-ਪਰੋਖੇ ਕਰ ਰਹੇ ਹਨ। ਮੰਨ ਲੈਂਦੇ ਹਾਂ ਕਿ ਸਰਕਾਰ ਤੁਹਾਡੇ ਨਾਲ ਇਸ ਇਸ਼ੂ ‘ਤੇ ਗੱਲਬਾਤ ਦੀ ਮੇਜ਼ ‘ਤੇ ਜੇ ਕਿਤੇ ਆ ਵੀ ਗਈ, ਤਾਂ ਤੁਹਾਨੂੰ ਤਾਂ ਅਜ ਤਕ ਇਹ ਵੀ ਸਪਸ਼ਟ ਨਹੀਂ ਹੈ ਕਿ ਖਾਲਿਸਤਾਨ ਦੀ ਸਿਰਜਣਾ ਕਿਹੜੇ ਜਿਲਿ੍ਹਆਂ ਵਿਚ ਕਰਨੀ ਹੈ। ਪਹਿਲਾਂ ਹੀ ਅਨੇਕਾਂ ਵਾਰ ਕੱਟੇ-ਵਢੇ ਗਏ ਪੰਜਾਬ ਦੇ ਹਿੰਦੂ ਬਹੁਗਿਣਤੀ ਵਾਲੇ ਪਠਾਨਕੋਟ, ਨਵਾਂ ਸ਼ਹਿਰ, ਹੁਸਿਆਰਪੁਰ ਫਾਜਿਲਕਾ ਤੇ ਆਨੰਦਪੁਰ ਵਰਗੇ ਜਿਲਿ੍ਹਆਂ ਦਾ ਕੀ ਕਰਨਾ ਹੈ। ਮੰਨ ਲਓ ਇਹ ਮਸਲਾ ਕਿਸੇ ਤਰ੍ਹਾਂ ਹੱਲ ਵੀ ਹੋ ਜਾਂਦਾ ਹੈ, ਤਾਂ ਤੁਸੀਂ ਸਾਰੀ ਉਮਰ ਪੰਜਾਬ ਦੇ ਪਿੰਡਾਂ ਵਿਚ ਹੀ ਵਿਚਰੇ ਹੋ, ਤੁਹਾਨੂੰ ਇਸ ਕੜਵੀ ਸੱਚਾਈ ਦਾ ਪਤਾ ਨਹੀਂ ਕਿ ਬਾਕੀ ਜਿਲਿ੍ਹਆਂ ਅੰਦਰ ਭਾਰੀ ਗਿਣਤੀ ਵਿਚ ਰਹਿੰਦੇ ਦਲਿਤਾਂ ਅਤੇ ਹੋਰ ਅਨੇਕਾਂ ਘੱਟਗਿਣਤੀ ਭਾਈਚਾਰਿਆਂ ਦੇ ਲੋਕਾਂ ਨੇ ਤੁਹਾਡੇ ਨਾਲ ਰਲਣਾ ਨਹੀਂ ਹੈ!
