ਡਾ. ਓਅੰਕਾਰ ਸਿੰਘ
ਫੋਨ: 602-303-4765
ਫੀਨਿਕਸ, ਅਮਰੀਕਾ
ਸ਼ਹੀਦਾਂ ਦੇ ਖੂਨ ਵਿਚ ਸੱਚ ਦਾ ਬੀਜ ਸਮੋਇਆ ਹੁੰਦਾ ਹੈ। ਆਪਣੀਆਂ ਸ਼ਹੀਦੀਆਂ ਦੇ ਖੂਨ ਨਾਲ ਜਦੋਂ ਇਹ ਸੱਚ ਦੇ ਬੀਜ ਬਖੇਰਦੇ ਹਨ ਤਾਂ ਇਸ ਵਿਚੋਂ ਅਨੰਤ-ਵਿਗਾਸ ਦੀ ਫਸਲ ਫੁੱਟਦੀ ਹੈ।
ਲਹੂ ਦੇ ਫੁੱਲ ਉੱਗਦੇ ਹਨ। ਤਵਾਰੀਖ਼ ਦੇ ਨਵੇਂ ਪੰਨੇ ਸਿਰਜੇ ਜਾਂਦੇ ਹਨ। ਇਤਿਹਾਸ ਨਵੀਂ ਅੰਗੜਾਈ ਭਰਦਾ ਹੈ। ਇਕ ਨਵੇਂ ਜੁਗ ਦਾ ਆਰੰਭ ਹੁੰਦਾ ਹੈ। ਅਜਿਹੇ ਸ਼ਹੀਦ ਇਤਿਹਾਸ ਦਾ ਹਿੱਸਾ ਨਹੀਂ ਬਣਦੇ ਸਗੋਂ ਇਹ ਨਿਵੇਕਲੇ ਇਤਿਹਾਸ ਦੀ ਸਿਰਜਣਾ ਕਰਦੇ ਹਨ। ਇਹ ਰਾਹਾਂ ‘ਤੇ ਨਹੀਂ ਤੁਰਦੇ, ਬਲਕਿ ਇਨ੍ਹਾਂ ਦੇ ਤੁਰਨ ਨਾਲ ਨਵੇਂ ਰਾਹ ਬਣਦੇ ਹਨ।
ਮਰਨ ਅਤੇ ਸ਼ਹੀਦ ਹੋਣ ਵਿਚ ਬਹੁਤ ਫਾਸਲਾ ਹੈ। ਭਾਰਤ ਵਰਸ਼ ਵਿਚ ਆਪਣੇ ਨਿਜ ਦੇ ਸਵਰਗ ਅਤੇ ਮੁਕਤੀ ਲਈ ਧਰਮ ਦੇ ਨਾਂ ਹੇਠਾਂ ਮਰਨ ਦਾ ਰਿਵਾਜ ਤਾਂ ਸੀ ਪਰ ਸੱਚ, ਇਨਸਾਫ਼ ਅਤੇ ਮਨੁੱਖੀ ਹੱਕਾਂ ਲਈ ਸ਼ਹੀਦ ਹੋਣ ਦਾ ਕੋਈ ਸੰਕਲਪ ਕਿਤੇ ਨਜ਼ਰ ਨਹੀਂ ਆਉਂਦਾ। ਬਾਣੀ ਵਿਚ ਅੰਕਿਤ ਹੈ, ‘ਮਨ ਕਾਮਨਾ ਤੀਰਥ ਜਾਏ ਬਸੇਓ ਸਿਰ ਕਰਵਤ ਧਰਾਏ॥’ ਪੁਰਾਤਨ ਸਮੇਂ ਵਿਚ ਕਾਂਸ਼ੀ ਅਤੇ ਪ੍ਰਯਾਗ ਦੇ ਧਾਰਮਿਕ ਅਸਥਾਨਾਂ ਤੇ ਇਕ ਆਰਾ ਰਖਿਆ ਹੋਇਆ ਸੀ ਜਿਸ ਹੇਠ ਮੁਕਤੀ ਪ੍ਰਾਪਤ ਕਰਨ ਲਈ ਅਨੇਕਾਂ ਲੋਕ ਆਪਣਾ ਤਨ ਚਿਰਵਾ ਲੈਂਦੇ ਸਨ। ਕਾਂਸ਼ੀ ਦੇ ਆਰੇ ਅਤੇ ਚਾਂਦਨੀ ਚੌਂਕ ਦੇ ਆਰੇ ਵਿਚ ਫ਼ਰਕ ਸਮਝਿਆ ਜਾ ਸਕਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਵੀ ਆਪ ਸ਼ਹੀਦ ਹੋਣ ਲਈ ਕਾਤਲ ਕੋਲ ਗਏ। ਨਾਲ ਪੰਜ ਸਿੱਖ ਵੀ ਸਨ। ਇਸ ਮਰਨੇ ਨੂੰ ਸ਼ਹੀਦੀ ਦਾ ਨਾਂ ਦਿੱਤਾ ਗਿਆ ਹੈ। ਭਾਈ ਮਤੀ ਦਾਸ ਦੇ ਸਿਰ ‘ਤੇ ਚਲਿਆ ਆਰਾ ਨਿਜ ਦੀ ਮੁਕਤੀ ਲਈ ਨਹੀਂ, ਕਿਸੇ ਰਾਜ ਪ੍ਰਾਪਤੀ ਦੀ ਲੜਾਈ ਲਈ ਨਹੀਂ, ਕਿਸੇ ਵੈਰ ਵਿਰੋਧ ਲਈ ਨਹੀਂ ਸਗੋਂ ਨਿਰੋਲ ਤੇ ਨਿਰੋਲ ਸੱਚ ਦੀ ਆਵਾਜ਼ ਲਈ ਸੀ। ਉਹ ਆਵਾਜ਼ ਜਿਸ ਦੀ ਕੂਕ ਗੁਰੂ ਨਾਨਕ ਨੇ ਰੱਬ ਤੱਕ ਪਹੁੰਚਾਉਣ ਦਾ ਯਤਨ ਕੀਤਾ ਸੀ: ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਭਾਈ ਮਤੀ ਦਾਸ ਦੇ ਸਿਰ ‘ਤੇ ਚਲਿਆ ਆਰਾ ਓਸੇ ਕੜੀ ਦਾ ਹਿੱਸਾ ਸੀ ਜਿਸ ਕੜੀ ਦਾ ਆਰੰਭ ਗੁਰੂ ਨਾਨਕ ਨੇ ਕਰਤੇ ਪੁਰਖ਼ ਅਗੇ ਪੁਕਾਰ ਕਰਕੇ ਆਰੰਭਿਆ ਸੀ ਕਿ ਦੂਸਰਿਆਂ ਦੀ ਪੀੜ ਨੂੰ ਆਪਣੇ ਪਿੰਡੇ ਉੱਤੇ ਕਿਵੇਂ ਹੰਢਾਈਦਾ ਹੈ। ਮਨੁੱਖੀ ਹੱਕਾਂ ਨੂੰ ਜਦੋਂ ਵੀ ਮਧੋਲਿਆ ਜਾਂਦਾ ਹੈ ਤਾਂ ਸੱਚ ਦਾ ਕੋਈ ਪਹਿਰੇਦਾਰ ਉਥੇ ਹਾਅ ਦਾ ਨਾਅਰਾ ਮਾਰਨ ਲਈ ਆ ਖੜ੍ਹਦਾ ਹੈ। ਨਹੀਂ ਤਾਂ ਲੋਕਾਈ ਦੀ ਅਜ਼ਮਤ ਪੈਰਾਂ ਥਲੇ ਰੁਲਦੀ ਹੈ। ਪਾਪ ਦੀ ਜੰਝ ਚੜ੍ਹ ਆਉਂਦੀ ਹੈ ਤੇ ਜ਼ੋਰੀਂ ਸਭ ਕੁਝ ਤਹਿਸ਼-ਨਹਿਸ਼ ਕਰ ਦਿੱਤਾ ਜਾਂਦਾ ਹੈ।
ਸੱਚ ਦਾ ਪਹਿਰੇਦਾਰ ਬਣਨ ਦੀ ਗੁੜ੍ਹਤੀ ਗੁਰੂ ਨਾਨਕ ਨੇ ਆਪਣੇ ਵਾਰਸਾਂ ਨੂੰ ਦੇ ਦਿੱਤੀ ਸੀ। ਗੁਰੂ ਅਰਜਨ ਨੇ ਤੱਤੀ ਤਵੀ ਦੇ ਸੱਚ ਨਾਲ ਧਰਮ ਦੇ ਇਸ ਧੁਜ ਨੂੰ ਬਹੁਤ ਉੱਚਾ ਲਹਿਰਾ ਦਿੱਤਾ। ਪੋਤਰੇ ਗੁਰੂ ਤੇਗ ਬਹਾਦਰ ਜੀ ਤਿਲਕ ਜੰਝੂ ਦੀ ਰਾਖੀ ਕਰਕੇ ਇਸ ਨੂੰ ਹੋਰ ਉਚੇਰਾ ਲੈ ਗਏ ਸਨ। ਫਿਰ ਤੇਗ ਬਹਾਦਰ ਦੇ ਪੋਤਰਿਆਂ ਨੇ ਇਸ ਸ਼ਹੀਦੀ-ਧੑਵਜ ਨੂੰ ਆਖ਼ਰੀ ਉਚਾਈ ਤਕ ਪਹੁੰਚਾ ਦਿੱਤਾ। ਦੁਨੀਆਂ ਦੇ ਇਤਿਹਾਸ ਵਿਚ ਸ਼ਹੀਦੀ ਦੇ ਇਸ ਝੰਡੇ ਨੂੰ ਹੋਰ ਉੱਚਾ ਸ਼ਾਇਦ ਕੋਈ ਨਹੀਂ ਲਿਜਾ ਸਕੇਗਾ। ਸ਼ਹੀਦੀ ਦੀ ਜਿਹੜੀ ਮਹਾਂ-ਦਾਸਤਾਂ ਸਾਹਿਬੇ ਕਮਾਲ ਦੇ ਲਖ਼ਤੇ ਜਿਗਰਾਂ ਨੇ ਲਿਖੀ ਹੈ ਉਥੇ ਸਮਾਂ ਠਹਿਰ ਜਾਂਦਾ ਹੈ। ਸਮੇਂ ਦੇ ਇਤਿਹਾਸ ਵਿਚ ਨਹੀਂ ਲਿਖੀ ਜਾ ਸਕੇਗੀ ਕਦੀ ਇਹੋ ਜਿਹੀ ਮਹਾਂ-ਸ਼ਹੀਦੀ ਦੀ ਕਹਾਣੀ। ਕੌਣ ਮਾਂ ਜੰਮੇਗੀ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਵਰਗੇ ਸਪੁੱਤਰਾਂ ਨੂੰ ਜਿਨ੍ਹਾਂ ਨੇ ਸਮੇਂ ਨੂੰ ਉਲਟਾ ਗੇੜਾ ਦੇ ਦਿੱਤਾ। ਸੱਤ ਅਤੇ ਨੌਂ ਸਾਲ ਦੀ ਉਮਰ ਵਿਚ ਹਿੰਦੁਸਤਾਨ ਸਲਤਨਤ ਨੂੰ ਵੰਗਾਰ ਕੇ ਸ਼ਹੀਦੀ ਨੂੰ ਗਲ ਨਾਲ ਲਾਉਣਾ ਕਿਵੇਂ ਸੋਚਿਆ ਜਾ ਸਕਦਾ ਹੈ। ਦਰਅਸਲ ਉਮਰਾਂ ਨਾਲ, ਇਨ੍ਹਾਂ ਮਹਾਂ-ਚਾਨਣ ਵਾਲੀਆਂ ਕਹਾਣੀਆਂ ਦਾ ਕੋਈ ਵਾਹ-ਵਾਸਤਾ ਹੀ ਨਹੀਂ ਹੁੰਦਾ। ਸਮੇਂ ਅਤੇ ਮੌਤ ਦੀ ਚਾਲ ਨੂੰ ਰੋਕ ਕੇ ਹੀ ਇਹ ਬਾਤ ਪਾਈ ਜਾ ਸਕਦੀ ਹੈ।
40 ਸਿੰਘਾਂ ਅਤੇ ਆਪਣੇ ਜਿਗਰ ਦੇ ਦੋ ਟੁਕੜਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਨਾਲ ਜਿਹੜਾ ਯੁੱਧ ਜਰਨੈਲਾਂ ਦੇ ਜਰਨੈਲ ਸਾਹਿਬ ਕਲਗੀਧਰ ਪਾਤਸ਼ਾਹ ਨੇ ਚਮਕੌਰ ਦੀ ਕੱਚੀ ਗੜ੍ਹੀ ਵਿਚ ਟਿੱਡੀ ਦਲ ਵਾਂਗ ਫੈਲੀਆਂ ਹੋਈਆਂ ਮੁਗਲ ਫੌਜਾਂ ਨਾਲ ਲੜਿਆ ਉਦੋਂ ਵੀ ਸਮਾਂ ਜਿਵੇਂ ਰੁਕ ਗਿਆ ਸੀ। ਕੀ ਸਮੇਂ ਦਾ ਇਤਿਹਾਸ ਕਦੀ ਇਹ ਦਸ ਸਕੇਗਾ ਕਿ ਕਿਵੇਂ ਇਕ ਪਿਤਾ ਆਪਣੇ 18 ਅਤੇ 14 ਸਾਲ ਦੇ ਨੌ-ਨਿਹਾਲਾਂ ਨੂੰ ਆਪਣੇ ਹੱਥੀਂ ਸ਼ਹੀਦੀ ਦਾ ਜਾਮ ਪੀਣ ਲਈ ਤੋਰ ਸਕਦਾ ਹੈ? ਆਪਣੇ ਸਾਹਮਣੇ ਪਈਆਂ ਜਿਗਰ ਦੇ ਟੁਕੜਿਆਂ ਦੀਆਂ ਲੋਥਾਂ ਦੇ ਕੋਲੋਂ ਕਿਹੜਾ ਬਾਪ ਲੰਘ ਕੇ ਜਾ ਸਕਦਾ ਹੈ? ਨਹੀਂ ਕਦੀ ਨਹੀਂ। ਕਿਉਂਕਿ ਕੋਈ ਸੰਸਾਰੀ ਪਿਤਾ ਨਹੀਂ, ਸਿਰਫ਼ ਅਕਾਲ ਦਾ ਸੁੱਤ ਹੀ ਇਹ ਕੌਤਕ ਵਰਤਾ ਸਕਦਾ ਹੈ। ਸਮਾਂ ਤਾਂ ਸਾਹਿਬ ਜੀ ਦੀ ਮਹਾਂ-ਵਿਗਾਸ ਵਾਲੀ ਵਿਸਮਾਦੀ ਤੋਰ ਤੋਂ ਬਹੁਤ ਪਿੱਛੇ ਰਹਿ ਗਿਆ ਸੀ। ਮਰਦ ਅਗੰਮੜੇ ਦਾ ਕੀਤਾ ਹੋਇਆ ਕੁਝ ਵੀ ਵਕਤ ਦੀ ਸਮਝ ਵਿਚ ਨਹੀਂ ਆ ਸਕੇਗਾ। ਕਦਾ-ਚਿੱਤ ਕੋਈ ਵਿਆਖਿਆ ਨਹੀਂ ਹੋ ਸਕਦੀ ਉਸ ਮਾਹੀ ਦੀਆਂ ਰਮਜ਼ਾਂ ਦੀ।
ਸਮਾਂ ਤਾਂ ਕਹਿੰਦਾ ਹੈ ਕਿ ਸੱਤ ਅਤੇ ਨੌਂ ਸਾਲ ਦੀ ਉਮਰ ਵਿਚ ਦੁਨਿਆਵੀ ਖੇਡਾਂ ਖੇਡੀਦੀਆਂ ਹਨ। ਇਸ ਉਮਰੇ ਮੌਤ ਦੀਆਂ ਗੱਲਾਂ ਕਰਨੀਆਂ ਬਦਸ਼ਗਨੀ ਹੁੰਦੀ ਹੈ। ਪਰ ਬਾਬਾ ਜ਼ੋਰਾਵਰ ਸਿੰਘ ਅਤੇ ਫਤਹਿ ਸਿੰਘ ਕਹਿੰਦੇ ਨਹੀਂ ਓਇ ਵਜ਼ੀਦ ਖਾਂ! ਸਾਡੇ ਖਾਨਦਾਨ ਵਿਚ ਮੌਤ ਦੀਆਂ ਗੱਲਾਂ ਕਰਨ ਨੂੰ ਅਪਸ਼ਗਨ ਨਹੀਂ ਸ਼ੁਭ ਸ਼ਗਨ ਸਮਝਿਆ ਜਾਂਦਾ ਹੈ। ਅਸੀਂ ਤਾਂ ਸੱਤ ਅਤੇ ਨੌਂ ਸਾਲ ਦੀ ਉਮਰ ਵਿਚ ਹੀ ਬਾਬੇ ਹੋ ਗਏ ਹਾਂ। ਸਾਡੇ ਆਦਿ ਸਤਿਗੁਰੂ ਨਾਨਕ ਜੀ ਨੇ ਉੱਚੀ ਸੁਰ ਵਿਚ ਆਵਾਜ਼ ਬੁਲੰਦ ਕੀਤੀ ਸੀ ਕਿ ਸਿੱਖੀ ਦੀ ਗਲੀ ਵਿਚ ਸਿਰ ਹਥੇਲੀ ਤੇ ਰਖ ਕੇ ਪਰਵੇਸ਼ ਕਰੀਏ ਤਾਂ ਹੀ ਇਹ ਪ੍ਰੇਮ ਵਾਲੀ ਖੇਡ ਦਾ ਚਾਓ ਪੂਰਾ ਹੋ ਸਕਦਾ ਹੈ। ਖਾਨਦਾਨੀ ਰੀਤ ਨਿਭਾਉਂਦਿਆਂ ਅਸੀਂ ਇਹ ਪ੍ਰੇਮ ਦੀ ਖੇਡ ਖੇਡਣੀ ਹੈ। ਅਸੀਂ ਉਮਰਾਂ ਨੂੰ ਬਹੁਤ ਪਿਛੇ ਛੱਡ ਆਏ ਹਾਂ। ਸੰਸਾਰਿਕ ਉਮਰਾਂ ਦੀ ਕੋਈ ਜਮ੍ਹਾਂ ਤਕਸੀਮ ਅਸਾਂ ਬਾਬਿਆਂ ਦਾ ਰਾਹ ਨਹੀਂ ਰੋਕ ਸਕਦੀ। ਤੂੰ ਕਰ ਤਿਆਰੀ ਮੌਤ ਦੇ ਤਾਂਡਵ ਨਾਚ ਦੀ। ਅਸੀਂ ਮੌਤ ਦੀ ਹੋਸ਼ ਭੁਲਾ ਦਿਆਂਗੇ। ਜਿਵੇਂ ਸਾਡੇ ਦਾਦੇ ਤੇਗ ਬਹਾਦਰ ਵਰਗੀ ਸ਼ਹੀਦੀ ਦੀ ਕਿਰਿਆ ਹੋਰ ਕੋਈ ਨਹੀਂ ਸੀ ਕਰ ਸਕਿਆ ਉਸੇ ਤਰ੍ਹਾਂ ਸਾਡੇ ਵਲੋਂ ਲਿਖੀ ਇਹ ਮੌਤ ਦੀ ਕਹਾਣੀ ਦੁਬਾਰਾ ਕੋਈ ਨਹੀਂ ਲਿਖ ਸਕੇਗਾ। (ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ॥) ਅਸੀਂ ਖਾਲਸਾ ਪੰਥ ਦੇ ਵਾਰਸਾਂ ਤੇ ਸ਼ਹੀਦੀ ਦਾ ਐਸਾ ਗੂੜ੍ਹਾ ਰੰਗ ਚਾੜ੍ਹਾਂਗੇ ਜੋ ਸਦੀਆਂ ਤਕ ਫਿੱਕਾ ਨਹੀਂ ਪੈ ਸਕੇਗਾ। ਤੇਰੀਆਂ ਉਸਾਰੀਆਂ ਹੋਈਆਂ ਇਹ ਨੀਹਾਂ ਸਾਡੇ ਜਿਸਮਾਂ ਦੀ ਛੋਹ ਨਾਲ ਜੁਗਾਂ-ਜੁਗਾਂਤਰਾਂ ਤਕ ਸਿੱਖੀ-ਮਹਿਲ ਨੂੰ ਪਰਪੱਕ ਕਰਦੀਆਂ ਰਹਿਣਗੀਆਂ। ਸਾਡੇ ਲਈ ਮੌਤ ਤੇ ਜ਼ਿੰਦਗੀ ਵਿਚ ਕੋਈ ਅੰਤਰ ਨਹੀਂ ਹੈ। ਸੱਚ ਦੀ ਸ਼ਮ੍ਹਾ ਤੇ ਜਾਣ ਵਾਲੇ ਪਰਵਾਨਿਆਂ ਲਈ ਇਹ ਅੰਤਰ ਹੁੰਦਾ ਵੀ ਨਹੀਂ। ਅਸੀਂ ਨਾਨਕ ਦੇ ਬਾਗ ਨੂੰ ਖੂਨਿ-ਜਿਗਰ ਨਾਲ ਸਿੰਜ ਕੇ ਜਾ ਰਹੇ ਹਾਂ ਤਾਕਿ ਸਮੇਂ ਦੀ ਕੋਈ ਅੰਧਕਾਰਮਈ ਪੌਣ ਕਦੀ ਫਿਰ ਇਸ ਦੇ ਖੇੜੇ ਨੂੰ ਮੁਰਝਾ ਨਾ ਸਕੇ। ਸਾਡੀ ਚਿਖ਼ਾ ਦੀ ਅਗਨੀ ‘ਚੋਂ ਐਸੇ ਪ੍ਰਚੰਡ ਅੰਗਿਆੜੇ ਨਿਕਲਣਗੇ ਜੋ ਤੁਹਾਡੀ ਇਸ ਕੂੜ ਦੀ ਸਲਤਨਤ ਨੂੰ ਰਾਖ਼ ਦੀ ਢੇਰੀ ਬਣਾ ਦੇਣਗੇ। ਬਿਨਾਂ ਸ਼ਕ ਸਾਨੂੰ ਦੁੱਧ ਦੀ ਘੁੱਟ ਪਿਆਉਣ ਵਾਲੇ ਮੋਤੀ ਮਹਿਰੇ ਦੇ ਪਰਿਵਾਰ ਨੂੰ ਵੀ ਤੁਸੀਂ ਵੇਲਣੇ ਵਿਚ ਪੀੜ ਦਿੱਤਾ ਹੈ ਪਰ ਇਸ ਖੂਨੀ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਬੰਦੇ ਬਹਦਾਰ ਵਲੋਂ ਇਸ ਨੂੰ ਖੰਡਰ ਹੋਣ ਤੋਂ ਤੁਸੀਂ ਰੋਕ ਨਹੀਂ ਸਕੋਗੇ। ਸਾਡੇ ਜਿਸਮਾਂ ਦੇ ਸਸਕਾਰ ਲਈ ਜ਼ਮੀਨ ਵਾਸਤੇ ਤੁਸੀਂ ਸੋਨੇ ਦੀਆਂ ਮੁਹਰਾਂ ਦੀ ਮੰਗ ਕਰਦੇ ਹੋ! ਹਾਂ ਤਾਰ ਦੇਵੇਗਾ ਇਹ ਮੁੱਲ ਗੁਰੂ ਦਾ ਲਾਡਲਾ ਟੋਡਰ ਮੱਲ। ਪਰ ਇਨ੍ਹਾਂ ਹੀ ਗਲੀਆਂ ਵਿਚ ਤੁਹਾਡੇ ਜਿਸਮਾਂ ਦੀਆਂ ਲੋਥਾਂ ਨੂੰ ਰੁਲਣੋਂ ਕੋਈ ਬਚਾ ਨਹੀਂ ਸਕੇਗਾ। ਸਾਡਾ ਇਹ ਸੁਨੇਹਾ ਯਾਦ ਰਖਿਓ! ਪਾਪ ਦੀ ਜੰਝ ਲਿਆਉਣ ਦਾ ਮੁੱਲ ਬਹੁਤ ਤਾਰਨਾ ਪੈਂਦਾ ਹੈ। ਮੁਗਲ ਰਾਜ ਦੀਆਂ ਜੜ੍ਹਾਂ ਇਸ ਧਰਤੀ ਤੋਂ ਸਦਾ ਲਈ ਉੱਖੜ ਜਾਣਗੀਆਂ। ਗੁਰੂ ਨਾਨਕ ਵਲੋਂ ਬਾਲੀ ਨਿਰਮਲ ਪੰਥ ਦੀ ਸ਼ਮ੍ਹਾਂ ਨੂੰ ਸੰਸਾਰ ਦੀ ਕੋਈ ਤਾਕਤ ਮੱਧਮ ਨਹੀਂ ਕਰ ਸਕੇਗੀ। ਬਹੁਤ ਲੰਬੀ ਕਤਾਰ ਹੈ ਇਸ ਦੇ ਪਰਵਾਨਿਆਂ ਦੀ। ਕੌਮ ਦੇ ਮਰਜੀਵੜਿਆਂ ਦੀਆਂ ਸ਼ਹੀਦੀਆਂ ਵਿਚੋਂ ਸਦਾ ਇਹ ਗੂੰਜ ਉੱਠਦੀ ਰਹੇਗੀ:
ਰਹੇ ਝੰਡਾ ਝੂਲਦਾ ਸਿੱਖੀ ਦਾ ਉੱਚੇ ਅਸਮਾਨੀ,
ਰਹੇ ਡੰਕਾ ਵੱਜਦਾ ਸਿੱਖੀ ਦਾ ਦੋਹੀਂ ਜਹਾਨੀਂ।
