ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਵਿਚਾਲੇ ਸ਼ਬਦੀ ਜੰਗ

-ਜਤਿੰਦਰ ਪਨੂੰ
ਗੱਲ ਬੱਤੀ ਸਾਲ ਪਹਿਲਾਂ ਦੀ ਹੈ। ਪੰਜਾਬ ਤੋਂ ਹਰਿਆਣੇ ਨੂੰ ਪਾਣੀ ਦੇਣ ਲਈ ਬਣਨ ਵਾਲੀ ਨਹਿਰ ਵਿਰੁਧ ਅਕਾਲੀ ਦਲ ਨੇ ਇੱਕ ਮੋਰਚਾ ਪਟਿਆਲਾ ਜ਼ਿਲ੍ਹੇ ਦੇ ਪਿੰਡ ਕਪੂਰੀ ਤੋਂ ਲਾਇਆ ਸੀ। ਮਾਰਕਸੀ ਕਮਿਊਨਿਸਟ ਪਾਰਟੀ ਵੀ ਉਨ੍ਹਾਂ ਦੇ ਨਾਲ ਸੀ। ਉਦੋਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਨੇ ਉਥੇ ਸ਼ਾਹ ਮੁਹੰਮਦ ਦੇ ਕਿੱਸੇ ਦੀ ਅੰਗਰੇਜ਼ਾਂ ਨਾਲ ਸਿੱਖਾਂ ਦੀ ਲੜਾਈ ਵਾਲੀ ਇਹ ਲਾਈਨ ਉਚੇਚੀ ਪੜ੍ਹੀ ਸੀ, ‘ਜੰਗ ਹਿੰਦ-ਪੰਜਾਬ ਦਾ ਹੋਣ ਲੱਗਾ, ਦੋਵੇਂ ਬਾਦਸ਼ਾਹੀ ਫੌਜਾਂ ਭਾਰੀਆਂ ਨੇ।’ ਕਈ ਲੋਕਾਂ ਨੇ ਉਦੋਂ ਇਸ ਉਤੇ ਇਤਰਾਜ਼ ਕੀਤਾ ਅਤੇ ਕਿਹਾ ਸੀ ਕਿ ਪੰਜਾਬ ਜਦੋਂ ਹਿੰਦ (ਹਿੰਦੁਸਤਾਨ) ਤੋਂ ਬਾਹਰ ਦਾ ਨਹੀਂ, ਇਸੇ ਦਾ ਇੱਕ ਰਾਜ ਹੈ ਤਾਂ ਇਹੋ ਜਿਹੀ ਗੱਲ ਕਹਿਣ ਦਾ ਅਰਥ ਚੰਗਾ ਨਹੀਂ ਨਿਕਲਦਾ। ਭਾਰਤ ਦੀ ਅਗਲੇ ਸਾਲ ਹੋ ਰਹੀ ਪਾਰਲੀਮੈਂਟ ਚੋਣ ਲਈ ਸ਼ਬਦਾਂ ਦੀ ਜਿਹੜੀ ਜੰਗ ਹੁਣੇ ਤੋਂ ਸ਼ੁਰੂ ਹੋ ਗਈ ਹੈ, ਉਹ ਵੀ ਦੋ ਦੇਸ਼ਾਂ ਦੀਆਂ ਸਰਕਾਰਾਂ ਦੀ ਜੰਗ ਵਾਂਗ ਬਣ ਰਹੀ ਜਾਪਦੀ ਹੈ।
ਗੱਲ ਸ਼ੁਰੂ ਹੋਈ ਸੀ ਦੋ ਰੈਲੀਆਂ ਤੋਂ। ਇੱਕ ਰੈਲੀ ਵਿਚ ਰਾਹੁਲ ਗਾਂਧੀ ਨੇ ਇਹ ਕਿਹਾ ਸੀ ਕਿ ਮੇਰੀ ਦਾਦੀ ਵੀ ਮਾਰ ਦਿੱਤੀ, ਮੇਰੇ ਪਿਤਾ ਨੂੰ ਵੀ ਮਾਰ ਦਿੱਤਾ ਗਿਆ ਤੇ ਹੁਣ ਉਹ ਮੈਨੂੰ ਵੀ ਮਾਰ ਸਕਦੇ ਹਨ। ਉਸ ਨੇ ਗੱਲ ਕਿਸੇ ਵੀ ਪ੍ਰਸੰਗ ਵਿਚ ਕਹੀ ਹੋਵੇ, ਆਪਣੇ ਬਾਪ ਤੇ ਦਾਦੀ ਦੇ ਮਾਰੇ ਜਾਣ ਦਾ ਦਰਦ ਚੋਣ ਰੈਲੀ ਵਿਚ ਨਾ ਉਠਾਉਂਦਾ ਤਾਂ ਚੰਗਾ ਹੁੰਦਾ, ਪਰ ਇਸ ਨਾਲ ਬਰਾਬਰੀ ਕਰਨ ਲਈ ਨਰਿੰਦਰ ਮੋਦੀ ਨੂੰ ਮੌਕਾ ਮਿਲ ਗਿਆ। ਉਹ ਪਟਨੇ ਦੀ ਰੈਲੀ ਵਿਚ ਜਦੋਂ ਬੋਲ ਰਿਹਾ ਸੀ, ਰੈਲੀ ਦੇ ਪਹਿਲਾਂ ਵੀ, ਪਿੱਛੋਂ ਵੀ ਤੇ ਰੈਲੀ ਚੱਲਦੀ ਤੋਂ ਵੀ ਕੁਝ ਬੰਬਾਂ ਦੇ ਧਮਾਕੇ ਹੋ ਗਏ, ਜਿਨ੍ਹਾਂ ਨਾਲ ਅੱਧੀ ਦਰਜਨ ਲੋਕ ਮਾਰੇ ਗਏ। ਬੰਬ ਵੀ ਫਟਦੇ ਰਹੇ, ਰੈਲੀ ਵੀ ਚੱਲੀ ਗਈ, ਰੈਲੀ ਦੀ ਗਰਾਊਂਡ ਦੇ ਇੱਕ ਸਿਰੇ ਉਤੇ ਬੰਬ ਧਮਾਕਾ ਹੋਇਆ ਸਟੇਜ ਤੋਂ ਵੇਖ ਲਿਆ ਗਿਆ ਤੇ ਰੈਲੀ ਫਿਰ ਵੀ ਚੱਲਦੀ ਰਹੀ, ਪਰ ਉਸ ਦੇ ਪਿੱਛੋਂ ਇਹ ਕਹਿ ਦਿੱਤਾ ਕਿ ਇਹ ਬੰਬ ਧਮਾਕੇ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾ ਕੇ ਉਸ ਦੀ ਜਾਨ ਲੈਣ ਲਈ ਕੀਤੇ ਗਏ ਸਨ। ਦੋ ਦਿਨ ਬਾਅਦ ਨਰਿੰਦਰ ਮੋਦੀ ਨੇ ਇਹ ਕਹਿ ਦਿੱਤਾ ਕਿ ਉਸ ਨੂੰ ਮਾਰਨ ਦੀ ਕਿਸ ਵੱਲੋਂ ਸੁਪਾਰੀ ਦਿੱਤੀ ਗਈ ਹੈ ਤੇ ਮੈਂ ਉਸ ਦਾ ਨਾਂ ਦੱਸ ਸਕਦਾ ਹਾਂ, ਪਰ ਅੱਗੋਂ ਹਾਸੇ ਵਿਚ ਪੱਤਰਕਾਰਾਂ ਨੂੰ ਇਹ ਕਹਿ ਕੇ ਤੋਰ ਦਿੱਤਾ ਕਿ ਤੁਹਾਨੂੰ ਵੀ ਪਤਾ ਹੀ ਹੈ ਕਿ ਸੁਪਾਰੀ ਕਿਸੇ ਨੇ ਦਿੱਤੀ ਹੈ, ਇਸ ਲਈ ਦੱਸਣ ਦੀ ਲੋੜ ਨਹੀਂ। ਇਹ ਅਸਲੋਂ ਨੀਵੇਂ ਪੱਧਰ ਦੀ ਰਾਜਨੀਤਕ ਚਾਲ ਸੀ, ਜਿਹੜੀ ਨਰਿੰਦਰ ਮੋਦੀ ਨੇ ਚੱਲਣ ਦੀ ਕੋਸ਼ਿਸ਼ ਕੀਤੀ ਸੀ।
ਹੁਣ ਇਹ ਖੇਡ ਹੋਰ ਅੱਗੇ ਵਧ ਗਈ ਹੈ। ਕਾਂਗਰਸ ਪਾਰਟੀ ਦਾ ਮੀਤ ਪ੍ਰਧਾਨ ਰਾਹੁਲ ਗਾਂਧੀ ਵੀ ਚੋਣ ਰੈਲੀਆਂ ਵਿਚ ਅਮਨ-ਕਾਨੂੰਨ ਦੀ ਸਮੱਸਿਆ ਨੂੰ ਰਾਜਸੀ ਰੰਗ ਦੇਈ ਜਾਂਦਾ ਹੈ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਬਣਾਇਆ ਨਰਿੰਦਰ ਮੋਦੀ ਵੀ ਘੱਟ ਨਹੀਂ ਕਰ ਰਿਹਾ। ਦੋਵਾਂ ਨੇ ਪਿਛਲੇ ਦਿਨੀਂ ਜਿੰਨੀਆਂ ਵੀ ਰੈਲੀਆਂ ਨੂੰ ਸੰਬੋਧਨ ਕੀਤਾ, ਇਸ ਸਮੱਸਿਆ ਨੂੰ ਆਪਣੇ ਰਾਜਸੀ ਲਾਭਾਂ ਲਈ ਵਰਤਣ ਦੇ ਮਾਮਲੇ ਵਿਚ ਹੱਦ ਤੋਂ ਅੱਗੇ ਲੰਘਦੇ ਗਏ ਹਨ। ਜਿਹੜੀ ਸਮੱਸਿਆ ਸਾਰੇ ਦੇਸ਼ ਦੀ ਸਾਂਝੀ ਹੈ, ਉਹ ਇੱਕ ਰਾਜ ਅੰਦਰ ਇੱਕ ਪਾਰਟੀ ਵੱਲੋਂ ਦੂਸਰੀ ਦੇ ਖਿਲਾਫ ਤੇ ਦੂਸਰੇ ਰਾਜ ਵਿਚ ਇਸ ਤੋਂ ਉਲਟੇ ਰੁਖ ਵਰਤੀ ਜਾਣ ਲੱਗ ਪਈ ਹੈ।
ਮਿਸਾਲ ਵਜੋਂ ਨਕਸਲੀ ਸਮੱਸਿਆ ਹੈ, ਇਸ ਨਾਲ ਮੌਤਾਂ ਕਿਸੇ ਇੱਕੋ ਰਾਜ ਵਿਚ ਨਹੀਂ ਹੋਈਆਂ, ਇਹ ਲਹਿਰ ਭਾਰਤ ਦੇ ਚੌਥਾ ਹਿੱਸਾ ਰਾਜਾਂ ਵਿਚ ਫੈਲ ਚੁੱਕੀ ਹੈ। ਛੱਤੀਸਗੜ੍ਹ ਵਿਚ ਨਕਸਲੀ ਸਮੱਸਿਆ ਹੈ, ਤੇ ਉਥੇ ਭਾਜਪਾ ਦੀ ਸਰਕਾਰ ਹੈ, ਪਰ ਆਂਧਰਾ ਪ੍ਰਦੇਸ਼ ਵਿਚ ਵੀ ਹੈ, ਜਿੱਥੇ ਕਾਂਗਰਸ ਦੀ ਸਰਕਾਰ ਹੈ ਤੇ ਬੀਜੂ ਜਨਤਾ ਦਲ ਵਾਲੀ ਉੜੀਸਾ ਦੀ ਸਰਕਾਰ ਵੀ ਇਸ ਵਿਚ ਉਲਝੀ ਹੋਈ ਹੈ। ਮੌਤਾਂ ਘੱਟ ਜਾਂ ਵੱਧ ਹੋ ਸਕਦੀਆਂ ਹਨ, ਵਾਰਦਾਤਾਂ ਇਨ੍ਹਾਂ ਸਾਰੇ ਰਾਜਾਂ ਵਿਚ ਹੋਈ ਜਾਂਦੀਆਂ ਹਨ। ਇਸ ਨੂੰ ਦਹਿਸ਼ਤਗਰਦੀ ਵਾਲੇ ਉਸ ਵਰਤਾਰੇ ਨਾਲ ਨਹੀਂ ਜੋੜਿਆ ਜਾ ਸਕਦਾ, ਜਿਸ ਤੋਂ ਭਾਰਤ ਵੀ ਦੁਖੀ ਹੈ, ਅਮਰੀਕਾ ਤੇ ਉਸ ਦੇ ਸਾਥੀ ਦੇਸ਼ ਵੀ ਅਤੇ ਹੁਣ ਉਹ ਪਾਕਿਸਤਾਨ ਵੀ ਇਸ ਦੀਆਂ ਸੱਟਾਂ ਖਾ ਕੇ ਚੀਕਾਂ ਮਾਰਦਾ ਲੱਭਦਾ ਹੈ, ਜਿੱਥੋਂ ਇਸ ਵਰਤਾਰੇ ਦੀ ਜੜ੍ਹ ਲੱਗੀ ਸੀ। ਜਦੋਂ ਇੱਕ ਰਾਜ ਵਿਚ ਰਾਹੁਲ ਗਾਂਧੀ ਨੇ ਇਸ ਸਮੱਸਿਆ ਦਾ ਭਾਂਡਾ ਭਾਜਪਾ ਦੇ ਸਿਰ ਭੰਨਣਾ ਹੈ ਤਾਂ ਦੂਸਰੇ ਰਾਜ ਵਿਚ ਭਾਜਪਾ ਵਾਲੇ ਵੀ ਇਹੋ ਕਰਨਗੇ। ਸਾਨੂੰ ਯਾਦ ਹੈ ਕਿ ਜਦੋਂ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਸਨ, ਕੁਝ ਨਕਸਲੀ ਆਗੂ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਦੀਆਂ ਰੈਲੀਆਂ ਨੂੰ ਭਰਨ ਲਈ ਸਰਗਰਮ ਹੁੰਦੇ ਵੇਖੇ ਗਏ ਸਨ, ਪਰ ਜਦੋਂ ਉਹ ਮੁੱਖ ਮੰਤਰੀ ਬਣ ਗਈ ਤਾਂ ਨਕਸਲੀਆਂ ਨਾਲ ਸਾਂਝ ਦਾ ਦੋਸ਼ ਉਹ ਆਪਣੇ ਵਿਰੋਧੀਆਂ ਉਤੇ ਲਾਉਣ ਲੱਗ ਪਈ। ਇਹ ਦੋਸ਼ ਹਰ ਰਾਜ ਵਿਚ ਇੱਕ ਦੂਸਰੇ ਵਿਰੁਧ ਲੱਗਦਾ ਰਹਿੰਦਾ ਹੈ ਤੇ ਲੱਗਦਾ ਵੀ ਰਹਿਣਾ ਹੈ, ਰੁਕਣ ਦੀ ਆਸ ਨਹੀਂ।
ਬੀਤੇ ਹਫਤੇ ਰਾਹੁਲ ਗਾਂਧੀ ਨੇ ਛੱਤੀਸਗੜ੍ਹ ਵਿਚ ਜਾ ਕੇ ਕਾਂਗਰਸ ਦੀ ਇੱਕ ਵੱਡੀ ਰੈਲੀ ਵਿਚ ਭਾਸ਼ਣ ਕਰਦੇ ਸਮੇਂ ਉਸ ਰਾਜ ਵਿਚ ਕੁਝ ਸਮਾਂ ਪਹਿਲਾਂ ਨਕਸਲੀਆਂ ਦੇ ਹੱਥੋਂ ਮਾਰੇ ਗਏ ਕੁਝ ਕਾਂਗਰਸੀ ਆਗੂਆਂ ਦਾ ਕਿੱਸਾ ਛੇੜਦੇ ਹੋਏ ਉਥੋਂ ਦੀ ਭਾਜਪਾ ਸਰਕਾਰ ਉਤੇ ਹੱਲਾ ਬੋਲ ਦਿੱਤਾ। ਉਦੋਂ ਮਾਰੇ ਜਾਣ ਵਾਲੇ ਕਾਂਗਰਸੀ ਵੱਡੇ ਆਗੂ ਸਨ। ਉਸ ਨੇ ਇਹ ਤਵਾ ਲਾ ਦਿੱਤਾ ਕਿ ਉਸ ਦੀ ਪਾਰਟੀ ਦਾ ਫਲਾਣਾ ਆਗੂ ਸਿਰਫ ਇਸ ਲਈ ਮਾਰ ਦਿੱਤਾ ਗਿਆ ਕਿ ਉਸ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਣਾ ਸੀ। ਇਹ ਸਿੱਧਾ ਇਲਜ਼ਾਮ ਹੈ ਕਿ ਨਕਸਲੀਆਂ ਨੇ ਭਾਜਪਾ ਆਗੂਆਂ ਲਈ ਸਿਆਸੀ ਖਤਰਾ ਬਣ ਰਹੇ ਕਾਂਗਰਸੀ ਆਗੂ ਨੂੰ ਮਿਥ ਕੇ ਮਾਰਿਆ ਹੈ। ਇਸ਼ਾਰਾ ਨਕਸਲੀਆਂ ਤੇ ਭਾਜਪਾ ਦੀ ਮਿਲੀਭੁਗਤ ਵੱਲ ਹੁੰਦਾ ਸੀ। ਰਾਹੁਲ ਗਾਂਧੀ ਨੂੰ ਇਹ ਗੱਲ ਕਹਿਣ ਤੋਂ ਸੰਕੋਚ ਕਰਨਾ ਚਾਹੀਦਾ ਸੀ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਦੂਸਰਿਆਂ ਦੀ ਵੀ ਜਵਾਬੀ ਚਾਂਦਮਾਰੀ ਕਰਨ ਦੀ ਇੱਛਾ ਹੱਦਾਂ ਤੋੜਨ ਤੱਕ ਜਾ ਸਕਦੀ ਹੈ।
ਦੂਸਰੇ ਪਾਸੇ ਨਰਿੰਦਰ ਮੋਦੀ ਦੀ ਪਹਿਲਾਂ ਹੀ ਹੱਦਾਂ ਵਿਚ ਰਹਿਣ ਦੀ ਆਦਤ ਨਹੀਂ। ਉਹ ਆਪਣੀ ਪਾਰਟੀ ਦੇ ਲਾਲ ਕ੍ਰਿਸ਼ਨ ਅਡਵਾਨੀ ਤੇ ਅਟਲ ਬਿਹਾਰੀ ਵਾਜਪਾਈ ਵਰਗੇ ਲੀਡਰਾਂ ਨੂੰ ਖੂੰਜੇ ਬਿਠਾਉਣ ਲਈ ਵੀ ਸਾਰੀਆਂ ਹੱਦਾਂ ਲੰਘ ਜਾਂਦਾ ਹੈ, ਕਾਂਗਰਸ ਦਾ ਕਿਉਂ ਲਿਹਾਜ ਕਰੇਗਾ? ਉਤਰ ਪ੍ਰਦੇਸ਼ ਦੀ ਚੋਣ ਰੈਲੀ ਵਿਚ ਉਸ ਨੇ ਇਹ ਕਹਿਣ ਲੱਗੇ ਨੇ ਸ਼ਰਮ ਨਹੀਂ ਕੀਤੀ ਕਿ ਮੇਰੇ ਖਿਲਾਫ ਅੱਗੇ ਜਾਂਚ ਏਜੰਸੀ ਸੀ ਬੀ ਆਈ ਨੂੰ ਵਰਤਿਆ ਜਾਂਦਾ ਰਿਹਾ, ਹੁਣ ਇੰਡੀਅਨ ਮੁਜਾਹਿਦੀਨ ਨੂੰ ਵਰਤਿਆ ਜਾ ਰਿਹਾ ਹੈ। ਸੰਸਾਰ ਵਿਚ ਫੈਲੀ ਹੋਈ ਇਸਲਾਮੀ ਦਹਿਸ਼ਤਗਰਦੀ ਨਾਲ ਜੁੜਦਾ ਭਾਰਤ ਦੇ ਅਤਿਵਾਦੀਆਂ ਦਾ ਟੋਲਾ ਇੰਡੀਅਨ ਮੁਜਾਹਿਦੀਨ ਕਈ ਕਾਂਡ ਕਰ ਚੁੱਕਾ ਹੈ। ਉਨ੍ਹਾਂ ਨੇ ਹਰ ਦੇਸ਼ ਵਿਚ ਏਦਾਂ ਦੇ ਟੋਲੇ ਬਣਾਏ ਹੋਏ ਹਨ, ਜਿਨ੍ਹਾਂ ਵਿਚੋਂ ਪਾਕਿਸਤਾਨ ਵਿਚ ਤਹਿਰੀਕ-ਇ-ਤਾਲਿਬਾਨ ਪਾਕਿਸਤਾਨ ਹੈ, ਕੀਨੀਆ ਵਿਚ ਅਲ ਸ਼ਬਾਬ ਅਤੇ ਅਫਗਾਨੀ ਤਾਲਿਬਾਨ ਵੀ ਹਨ। ਮੋਦੀ ਨੂੰ ਪਤਾ ਹੈ ਕਿ ਇਨ੍ਹਾਂ ਦਹਿਸ਼ਤਗਰਦ ਟੋਲਿਆਂ ਨੂੰ ਵਰਤ ਲੈਣ ਦੀ ਭਾਰਤ ਦੀ ਕਿਸੇ ਸਿਆਸੀ ਜਮਾਤ ਦੀ ਹਿੰਮਤ ਨਹੀਂ, ਫਿਰ ਵੀ ਇਹ ਗੱਲ ਉਸ ਨੇ ਇੰਜ ਕਹੀ ਹੈ, ਜਿਵੇਂ ਕਾਂਗਰਸ ਪਾਰਟੀ ਅਤੇ ਇੰਡੀਅਨ ਮੁਜਾਹਿਦੀਨ ਦਾ ਪਾਰਲੀਮੈਂਟ ਚੋਣਾਂ ਲਈ ਰਾਜਸੀ ਗੱਠਜੋੜ ਬਣ ਗਿਆ ਹੋਵੇ।
ਕੋਈ ਤੀਸਰੀ ਧਿਰ ਇਸ ਚੋਣ ਵਿਚ ਉਭਰਦੀ ਹੈ ਤਾਂ ਕਿੰਨੀ ਕੁ ਉਭਰਦੀ ਹੈ, ਇਹ ਗੱਲ ਸਪੱਸ਼ਟ ਹੋਣ ਲਈ ਕੁਝ ਸਮਾਂ ਲੱਗੇਗਾ। ਹਾਲ ਦੀ ਘੜੀ ਜਿਹੜੀਆਂ ਦੋਵੇਂ ਮੁੱਖ ਧਿਰਾਂ ਪੂਰੇ ਜ਼ੋਰ ਨਾਲ ਲੱਗੀਆਂ ਹੋਈਆਂ ਹਨ, ਉਨ੍ਹਾਂ ਦੋਵਾਂ ਦੀ ਚੋਣ ਸ਼ਬਦਾਵਲੀ ਇਹੋ ਜਿਹੇ ਮੁੱਦਿਆਂ ਦੇ ਦੁਆਲੇ ਘੁੰਮ ਰਹੀ ਹੈ, ਜਿਹੜੇ ਦੇਸ਼ ਅਤੇ ਦੇਸ਼ ਵਾਸੀਆਂ ਦੇ ਹਿੱਤਾਂ ਦੀ ਬਜਾਏ ਉਨ੍ਹਾਂ ਦੀ ਆਪਣੀ ਸ਼ਖਸੀਅਤ ਨਾਲ ਸਬੰਧਤ ਜਾਪਦੇ ਹਨ। ਜੇ ਉਹ ਕਿਸੇ ਹੋਰ ਦਾ ਜ਼ਿਕਰ ਵੀ ਕਰਦੇ ਹਨ ਤਾਂ ਗੱਲ ਘੁਮਾ ਕੇ ਆਪਣੇ ਆਪ ਨੂੰ ਉਭਾਰਨ ਤੱਕ ਪਹੁੰਚ ਜਾਂਦੀ ਹੈ। ਇਹ ਭਾਰਤੀ ਰਾਜਨੀਤੀ ਦਾ ਦੁਖਾਂਤ ਹੈ। ਦੁਖਾਂਤ ਵੀ ਇਹ ਭਾਰਤੀ ਰਾਜਨੀਤੀ ਦਾ ਅੱਜ ਦਾ ਨਹੀਂ, ਯੁੱਗਾਂ ਤੋਂ ਚੱਲਿਆ ਆ ਰਿਹਾ ਹੈ।
ਕਦੀ ਇਥੇ ਪਾਣੀਪਤ ਦੀ ਜੰਗ ਹੋਈ ਸੀ, ਜਦੋਂ ਇੱਕ ਪਾਸੇ ਦਿੱਲੀ ਦਾ ਮੁਸਲਮਾਨ ਸੁਲਤਾਨ ਇਬਰਾਹੀਮ ਲੋਧੀ ਤੇ ਦੂਸਰੇ ਪਾਸੇ ਚੜ੍ਹਾਈ ਕਰ ਕੇ ਦਿੱਲੀ ਦਾ ਤਖਤ ਸਾਂਭਣ ਲਈ ਆਇਆ ਉਸੇ ਦਾ ਧਰਮ ਭਾਈ ਬਾਬਰ ਸੀ, ਪਰ ਦੋਵੇਂ ਜਣੇ ਆਪ ਨਹੀਂ ਸਨ ਲੜ ਰਹੇ, ਉਨ੍ਹਾਂ ਦੀ ਥਾਂ ਕੁੱਲੀਆਂ-ਢਾਰਿਆਂ ਵਿਚ ਰਹਿਣ ਵਾਲੇ ਲੜਦੇ ਤੇ ਮਰਦੇ ਫਿਰਦੇ ਸਨ। ਫਿਰ ਸਿੱਖ ਮਿਸਲਾਂ ਦੇ ਸਮੇਂ ਸਰਦਾਰਾਂ ਦੀ ਸਰਦਾਰਾਂ ਨਾਲ ਜੰਗ ਵਿਚ ਇਸ ਦੇਸ਼ ਨੇ ਪੰਜਾਬ ਦੇ ਸਿੱਖਾਂ ਨੂੰ ਸਿੱਖਾਂ ਨਾਲ ਲੜਦੇ ਵੇਖਿਆ, ਪਰ ਜਿਹੜੀ ਵੀ ਧਿਰ ਜਿੱਤ ਗਈ, ਉਸ ਨੇ ਸਰਦਾਰੀਆਂ ਹੀ ਮਾਣੀਆਂ ਸਨ, ਮਰਨ ਵਾਲਿਆਂ ਦੇ ਪਰਿਵਾਰਾਂ ਦੀ ਸਾਰ ਨਹੀਂ ਸੀ ਲਈ। ਇਨ੍ਹਾਂ ਦੋਵਾਂ ਲੜਾਈਆਂ ਵਿਚ ਤਾਂ ਦੋਵੇਂ ਪਾਸੇ ਇੱਕੋ ਧਰਮ ਦੀਆਂ ਫੌਜਾਂ ਸਨ, ਇਸ ਦੇਸ਼ ਵਿਚ ਇੱਕ ਜੰਗ ਮਹਾਂਭਾਰਤ ਵਾਲੀ ਵੀ ਹੋਈ ਸੀ, ਜਿਸ ਵਿਚ ਇੱਕੋ ਧਰਮ ਨਹੀਂ, ਇੱਕੋ ਘਰਾਣੇ ਦੇ ਸਕੇ ਤਾਏ ਤੇ ਚਾਚੇ ਪੁੱਤਰ ਇਸ ਦੇਸ਼ ਉਤੇ ਰਾਜ ਕਰਨ ਦੇ ਹੱਕ ਲਈ ਲੜੇ ਸਨ। ਲੜਾਈ ਮੁੱਕਣ ਦੇ ਨਾਲ ਰਾਜ ਕਰਨ ਦਾ ਹੱਕ ਜਾਂ ਕੌਰਵਾਂ ਕੋਲ ਕਾਇਮ ਰਹਿਣਾ ਸੀ ਤੇ ਜਾਂ ਪਾਂਡਵਾਂ ਨੂੰ ਮਿਲ ਜਾਣਾ ਸੀ, ਪਰ ਤੀਰਾਂ ਤੇ ਤਲਵਾਰਾਂ ਦੇ ਨਾਲ ਸੀਨੇ ਪੜਵਾਉਣ ਵਾਲੇ ਲੋਕ ਉਹੋ ਸਨ, ਜਿਹੜੇ ਕੁੱਲੀਆਂ ਵਿਚੋਂ ਆਏ ਤੇ ਜੰਗ ਪਿੱਛੋਂ ਉਥੇ ਚਲੇ ਜਾਣੇ ਸਨ। ਲੜਾਈ ਉਦੋਂ ਵੀ ਆਮ ਆਦਮੀ ਦੀ ਨਹੀਂ ਸੀ ਤੇ ਹੁਣ ਵੀ ਆਮ ਆਦਮੀ ਦੀ ਨਹੀਂ, ਸਗੋਂ ਉਸ ਨੂੰ ਵਰਤ ਕੇ ਤਖਤਾਂ ਤੇ ਤਾਜਾਂ ਤੱਕ ਪਹੁੰਚਣ ਦੇ ਖਾਹਿਸ਼ਮੰਦਾਂ ਦੀ ਹੈ ਤੇ ਉਨ੍ਹਾਂ ਵਿਚਾਲੇ ਹੀ ਰਹਿਣੀ ਹੈ।
ਹੁਣ ਫਿਰ ਇੱਕ ਜੰਗ ਹੋਣ ਲੱਗੀ ਹੈ। ਇਹ ਜੰਗ ਪਾਣੀਪਤ ਜਾਂ ਮਹਾਂਭਾਰਤ ਵਾਲੀ ਨਹੀਂ, ਲੋਕਤੰਤਰ ਦੇ ਮਿਥੇ ਹੋਏ ਚੋਣ-ਅਖਾੜੇ ਦੀ ਹੈ। ਅਸੀਂ ਕਦੀ-ਕਦੀ ਇਹ ਵੇਖਦੇ ਹਾਂ ਕਿ ਮੁਕਾਬਲੇ ਦਾ ਮੈਡਲ ਜਿੱਤਣ ਲਈ ਅਖਾੜੇ ਵਿਚ ਉਤਰੇ ਮੁੱਕੇਬਾਜ਼ ਆਪਣੇ ਨੇਮ ਤੋੜ ਕੇ ਇੱਕ ਦੂਸਰੇ ਨੂੰ ਸਿੱਧੀ ਮੁੱਕੇਬਾਜ਼ੀ ਕਰਨ ਦੇ ਰਾਹ ਪੈ ਕੇ ਮਰਨ-ਮਾਰਨ ਤੱਕ ਪਹੁੰਚ ਜਾਂਦੇ ਹਨ। ਇਸ ਵਾਰੀ ਚੋਣ-ਜੰਗ ਵੀ ਜਿਸ ਪਾਸੇ ਜਾ ਰਹੀ ਹੈ, ਇਹ ਖਿਡਾਰੀਆਂ ਦੇ ਜਜ਼ਬੇ ਨਾਲ ਲੜਨ ਦੀ ਥਾਂ ਜਿਵੇਂ ਮੁੱਢ ਤੋਂ ਹੀ ਜੰਗੀ ਲਲਕਾਰਿਆਂ ਦੇ ਰਾਹ ਪੈਣ ਲੱਗੀ ਹੈ, ਉਸ ਤੋਂ ਆਮ ਆਦਮੀ ਨੂੰ ਸੰਭਲ ਜਾਣਾ ਚਾਹੀਦਾ ਹੈ।
ਧਿਆਨ ਵਿਚ ਰੱਖਣ ਦੀ ਗੱਲ ਸਿਰਫ ਇੱਕੋ ਹੈ ਕਿ ਇਸ ਚੱਕਰ ਵਿਚ ਕੋਈ ਧਿਰ ਇਸ ਭੇੜ ਨੂੰ ਹਿਟਲਰੀ ਜਨੂੰਨ ਦੇ ਰਾਹ ਪਾ ਕੇ ਇੱਕ ਭਾਈਚਾਰੇ ਨੂੰ ਦੂਸਰੇ ਦਾ ਘਾਣ ਕਰਨ ਲਈ ਤੋਰਨ ਵਾਸਤੇ ਨਾ ਵਰਤ ਜਾਵੇ। ਰੋਕੀ ਹਿਟਲਰ ਦੀ ਉਠਾਣ ਵੀ ਜਾ ਸਕਦੀ ਹੈ, ਪਰ ਜਿਹੜੇ ਰੋਕ ਸਕਦੇ ਹਨ, ਉਹ ਅਜੇ ਚੁੱਪ ਨਹੀਂ ਤੋੜ ਰਹੇ। ਭਾਰਤ ਦਾ ਲੋਕਤੰਤਰ ਕਈ ਗੱਲਾਂ ਵਿਚ ਨਿਰਾਸ਼ ਕਰਨ ਵਾਲਾ ਹੈ, ਪਰ ਇਹ ਏਨਾ ਕੱਚਾ-ਕੂਲਾ ਮੰਨ ਲੈਣਾ ਮੁਸ਼ਕਲ ਹੈ ਕਿ ਇਸ ਨੂੰ ਉਧਾਲ ਕੇ ਕੋਈ ਧਰਮ ਨਿਰਪੱਖਤਾ ਦੀ ਅਸਲ ਲੀਹ ਤੋਂ ਹੋਰ ਪਾਸੇ ਲੈ ਜਾਵੇਗਾ। ਏਦਾਂ ਦਾ ਉਬਾਲਾ ਵੀ ਕਈ ਵਾਰੀ ਉਠਿਆ ਹੈ ਤੇ ਉਛਾਲਾ ਵੀ ਕਈ ਵਾਰੀ ਆਇਆ ਹੈ, ਪਰ ਇਕਬਾਲ ਇੱਕ ਗੱਲ ਠੀਕ ਕਹਿ ਗਿਆ ਸੀ ਕਿ ‘ਕੁਛ ਰਾਜ਼ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ।’ ਭਾਰਤ ਦੀ ਹਸਤੀ ਦਾ ਉਹੋ ਰਾਜ਼ ਹੁਣ ਵੀ ਸਾਰੇ ਉਬਾਲੇ ਝੱਲ ਸਕਦਾ ਹੈ।

Be the first to comment

Leave a Reply

Your email address will not be published.