ਸਾਹਿਤ ਸਭਾ ਦਿੱਲੀ ਵਲੋਂ ਧਰਮਿੰਦਰ ਦੀ ਇੱਛਾ ਪੂਰਤੀ

ਗੁਲਜ਼ਾਰ ਸਿੰਘ ਸੰਧੂ
ਫ਼ਿਲਮੀ ਦੁਨੀਆਂ ਦੇ ਸਿਰਤਾਜ ਧਰਮਿੰਦਰ ਦੇ ਤੁਰ ਜਾਣ ’ਤੇ ਮੀਡੀਆ ਨੇ ਉਸਦੇ ਮਾਨਵੀ ਗੁਣਾਂ ਤੇ ਲੋੜਵੰਦਾਂ ਦੀ ਸਹਾਇਤਾ ਵਾਲੀ ਰੁਚੀ ਉੱਤੇ ਖੂਬ ਚਾਨਣਾ ਪਾਇਆ ਹੈ| ਉਸਦੀ ਸੰਗਤ ਵਿਚ ਫ਼ਿਲਮ ਅਭਿਨੇਤਰੀਆਂ ਦੇ ਅਤਿਅੰਤ ਸੁਰੱਖਿਅਤ ਹੋਣ ਵਾਲੇ ਪੱਖ ਨੂੰ ਉਭਾਰਦਿਆਂ ਉਹਦੇ ਨਾਲ ਕੰਮ ਕਰਨ ਵਾਲੀਆਂ ਸਾਧਨਾ, ਸ਼ਰਮੀਲਾ ਟੈਗੋਰ, ਲਤਾ ਮੰਗੇਸ਼ਕਰ, ਸਾਇਰਾ ਬਾਨੋ, ਨੂਤਨ, ਆਸ਼ਾ ਪਾਰੇਖ ਤੇ ਜ਼ੀਨਤ ਅਮਾਨ ਹੀ ਨਹੀਂ ਸੁਰਈਆ

, ਮੀਨਾ ਕੁਮਾਰੀ ਤੇ ਹੇਮਾ ਮਾਲਿਨੀ ਦੇ ਨਾਂ ਵੀ ਚਰਚਾ ਵਿਚ ਹਨ ਜਿਥੇ ਮੀਨਾ ਕੁਮਾਰੀ ਦੀ ਸਾਂਝ ਵਿਚ ਕਦੀ ਕਦਾਈਂ ਦੋਹਾਂ ਦੇ ਕਵਿਤਾ ਲਿਖਣ ਦਾ ਸੌLਕ ਹਾਵੀ ਸੀ| ਹੇਮਾ ਮਾਲਿਨੀ ਉਸਦੇ ਸਾਥ ਦੀ ਏਨੀ ਇਛੁੱਕ ਸੀ ਕਿ ਉਹਦੇ ਨਾਲ ਵਿਆਹ ਦੇ ਬੰਧਨ ਵਿਚ ਬੱਝਣ ਲਈ ਨਿਤਰ ਆਈ| ਫ਼ਿਲਮੀ ਦੁਨੀਆਂ ਵਿਚ ਸ਼ਾਇਦ ਧਰਮਿੰਦਰ ਹੀ ਅਜਿਹਾ ਸਿਤਾਰਾ ਹੈ ਜਿਸਨੇ ਦੋ ਵਿਆਹ ਕੀਤੇ ਤੇ ਦੋਵੇਂ ਬੀਵੀਆਂ ਇੱਕ ਦੂਜੀ ਨਾਲ ਰਲ-ਮਿਲ ਕੇ ਰਹੀਆਂ। ਪਹਿਲੀ ਪ੍ਰਕਾਸ਼ ਕੌਰ ਦੋ ਪੁਤਰਾਂ ਤੇ ਦੋ ਧੀਆਂ ਦੀ ਮਾਂ ਬਣੀ ਤੇ ਦੂਜੀ ਹੇਮਾ ਮਾਲਿਨੀ ਦੋ ਧੀਆਂ ਦੀ|
ਪੂਰਾ ਇਕ ਦਹਾਕਾ ਧਰਮਿੰਦਰ ਤੇ ਮੀਨਾ ਕੁਮਾਰੀ ਦੀ ਜੋੜੀ ਨੇ ਵੀ ਇਕੱਠਿਆਂ ਕੰਮ ਕਰਕੇ ਕਈ ਫ਼ਿਲਮਾ ਦਿੱਤੀਆਂ ਪਰ ਉਸਨੇ ਸਭ ਤੋਂ ਲੰਮਾ ਸਮਾਂ ਹੇਮਾ ਮਾਲਿਨੀ ਨਾਲ ਫਿਲਮਾਂ ਕੀਤੀਆਂ| ਇਸ ਜੋੜੀ ਨੇ ‘ਸ਼ੋਅਲੇ’, ‘ਰਾਜ ਰਾਣੀ’, ‘ਸੀਤਾ ਔਰ ਗੀਤਾ’, ‘ਨਵਾਂ ਜਮਾਨਾ’, ‘ਪੱਥਰ ਔਰ ਪਾਇਲ’, ‘ਤੁਮ ਹੁਸੀਨ ਮੈਂ ਜਵਾਂ’, ‘ਜੁਗਨੂੰ’, ‘ਮਾਂ’, ‘ਚਾਚਾ ਭਤੀਜਾ’ ਆਦਿ ਹਿੱਟ ਫਿਲਮਾਂ ਦਿੱਤੀਆਂ| ਤਿੰਨ ਸੌ ਫ਼ਿਲਮਾਂ ਵਿਚ ਮਹੱਤਵਪੂਰਨ ਯੋਗਦਾਨ ਪਾਉਣ ਵਾਲਾ ਇਹ ਕਲਾਕਾਰ ਡਾਂਗੋ ਵਰਗੇ ਪੇਂਡੂ ਵਸਨੀਕ ਕੇਵਲ ਕ੍ਰਿਸ਼ਨ ਦੇ ਘਰ ਜਨਮ ਲੈ ਕੇ ਸਿਰਫ ਮੁੰਬਈ ਦੀ ਫ਼ਿਲਮੀ ਦੁਨੀਆਂ ਉੱਤੇ ਹੀ ਨਹੀਂ ਛਾਇਆ ਬੰਗਾਲੀ ਸਿਨੇਮਾ ਦਾ ਵੀ ਓਨਾ ਹੀ ਚਹੇਤਾ ਰਿਹਾ|
ਇਹ ਸਬੱਬ ਦੀ ਗੱਲ ਹੈ ਕਿ ਤਿੰਨ ਦਸੰਬਰ 2011 ਨੂੰ ਤੁਰ ਗਏ 114 ਫ਼ਿਲਮਾਂ ਨਾਲ ਜੁੜੇ ਬਾਲੀਵੁਡ ਅਦਾਕਾਰ ਦੇਵ ਅਨੰਦ ਨੂੰ ਵੀ ਇਨ੍ਹਾਂ ਦਿਨਾਂ ਵਿਚ ਹੀ ਚੇਤੇ ਕੀਤਾ ਜਾ ਰਿਹਾ ਹੈ| 1948 ਤੋਂ 1951 ਤੱਕ ਉਸਦੀ ਮੁਹੱਬਤ ਦੇ ਚਰਚੇ ਸੁਪ੍ਰਸਿੱਧ ਅਦਾਕਾਰਾ ਸੁਰੱਈਆ ਨਾਲ ਚੱਲੇ ਪਰ ਉਹ ਪੱਕੇ ਸਾਥੀ ਨਾ ਬਣ ਸਕੇ| ਅੰਤ ਉਸਨੇ ਫ਼ਿਲਮੀ ਅਦਾਕਾਰ ਕਲਪਨਾ ਕਾਰਤਿਕ ਨਾਲ ਸ਼ਾਦੀ ਕੀਤੀ ਜਿਸਨੇ ਦੇਵ ਅਨੰਦ ਦੀ ਫ਼ਿਲਮ ਟੈਕਸੀ ਡਰਾਈਵਰ ਵਿਚ ਨਾਇਕਾ ਦਾ ਰੋਲ ਕੀਤਾ ਸੀ| ਇਸ ਜੋੜੀ ਦੀ ਵੀ ਅੰਤਲੇ ਸਾਹਾਂ ਤੱਕ ਬਹੁਤ ਵਧੀਆ ਨਿਭੀ| ਸ਼ਾਇਦ ਇਸ ਲਈ ਕਿ ਫ਼ਿਲਮ ਜਗਤ ਵਿਚ ਇਕੱਠਾ ਕੰਮ ਕਰਨ ਵਾਲੇ ਇਕ ਦੂਜੇ ਨੂੰ ਏਨੀ ਚੰਗੀ ਤਰ੍ਹਾਂ ਜਾਨਣ ਲੱਗ ਜਾਂਦੇ ਹਨ ਕਿ ਉਨ੍ਹਾਂ ਵਿਚ ਮੁੜ ਕਦੀ ਵੀ ਕਿਸੇ ਤਰ੍ਹਾਂ ਦੀ ਤਰੇੜ ਨਹੀਂ ਆਉਂਦੀ|
ਧਰਮਿੰਦਰ ਦੇ ਸੁਭਾਅ ਦਾ ਇੱਕ ਪੱਖ ਇਹ ਵੀ ਸੀ ਕਿ ਉਹ ਕਿਸੇ ਗੱਲ ਦੇ ਖਹਿੜੇ ਨਹੀਂ ਸੀ ਪੈਂਦਾ| ਮੀਡੀਆ ਨੇ ਦੱਸਿਆ ਹੈ ਕਿ ਉਹ ਆਪਣੇ ਜੱਦੀ ਪਿੰਡ ਡਾਂਗੋ ਵਿਚ ਆਪਣੇ ਪਿਤਾ ਦੇ ਨਾਂ ਉੱਤੇ ਲਾਇਬਰੇਰੀ ਦੇਖਣਾ ਚਾਹੁੰਦਾ ਸੀ| ਇੱਕ ਪੜਾਅ ਉੱਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੇ ਐਲਾਨ ਵੀ ਕੀਤਾ ਸੀ ਕਿ ਪੰਜਾਬ ਸਰਕਾਰ ਧਰਮਿੰਦਰ ਦੀ ਇਹ ਵਾਲੀ ਇੱਛਾ ਜ਼ਰੂਰ ਪੂਰੀ ਕਰੇਗੀ| ਇਹ ਐਲਾਨ ਵੀ ਰਾਜਨੀਤੀ ਤੱਕ ਹੀ ਸੀਮਤ ਸੀ| ਧਰਮਿੰਦਰ ਨੇ ਪਿੱਛਾ ਨਹੀਂ ਕੀਤਾ| ਹੁਣ ਮੀਡੀਆ ਵਿਚ ਧਰਮਿੰਦਰ ਦੀ ਇਸ ਭਾਵਨਾ ਦਾ ਜ਼ਿਕਰ ਉਸਦੇ ਅਕਾਲ ਚਲਾਣੇ ਉੱਤੇ ਆਉਣ ਉਪ੍ਰੰਤ ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ ਨੇ ਇਸਨੂੰ ਆਪਣੀ ਦਿਹਾਤੀ ਲਾਇਬਰੇਰੀ ਸਕੀਮ ਰਾਹੀਂ ਪੂਰਾ ਕਰਨ ਦਾ ਮਨ ਬਣਾ ਕੇ ਉਹ ਡਾਂਗੋਂ ਪਿੰਡ ਦੇ ਸਰਪੰਚ ਅੰਮ੍ਰਿਤਪਾਲ ਸਿੰਘ ਉਰਫ ਬੌਬੀ ਨਾਲ ਤਾਲਮੇਲ ਕਰ ਰਹੀ ਹੈ|
ਚੇਤੇ ਰਹੇ ਕਿ ਇਹ ਵਾਲੀ ਸਾਹਿਤ ਸਭਾ ਹੁਸ਼ਿਆਰਪੁਰ ਦੀ ਗੜ੍ਹਸ਼ੰਕਰ ਤਹਿਸੀਲ ਵਿਚ ਪੈਂਦੇ ਪਿੰਡ ਬਹਿਲਪੁਰ ਦੇ ਜੰਮਪਲ ਸਵਰਗਵਾਸੀ ਹਰੀ ਸਿੰਘ ਨੇ 1943 ਵਿਚ ਰਜਿਸਟਰ ਕਰਵਾਈ ਸੀ| ਪ੍ਰਕਾਸ਼ਕ ਭਾਪਾ ਪ੍ਰੀਤਮ ਸਿੰਘ ਦੇ ਉੱਦਮ ਸਦਕਾ ਅੱਜ ਦੇ ਦਿਨ ਇਸ ਸਭ ਕੋਲ ਨਵੀਂ ਦਿੱਲੀ ਦੇ ਮਾਤਾ ਸੁੰਦਰੀ ਗੁਰਦਵਾਰਾ ਦੇ ਨੇੜੇ ਆਪਣੀ ਇਮਾਰਤ ਹੈ ਜਿਸਦਾ ਨਾਂ ਪੰਜਾਬੀ ਭਵਨ ਹੈ| ਇਹ ਭਵਨ ਏਨਾ ਚੰਗਾ ਹੈ ਕਿ ਇਸਦਾ ਕੁਝ ਹਿੱਸਾ ਕਿਰਾਏ ਉੱਤੇ ਦਿੱਤਾ ਹੋਣ ਕਾਰਨ| ਸਭਾ ਦੇ ਦਫਤਰ `ਤੇ ਮੀਟਿੰਗਾਂ ਦਾ ਖਰਚਾ ਹੀ ਨਹੀਂ ਨਿਕਲਦਾ ਸਗੋਂ ਸਭਾ ਨੇ ਪੰਜਾਬ ਦੇ ਪਿੰਡਾਂ ਵਿਚ 200 ਦਿਹਾਤੀ ਲਾਇਬਰੇਰੀਆਂ ਸਥਾਪਤ ਕਰਨ ਦਾ ਪ੍ਰਬੰਧ ਵੀ ਕਰ ਰਖਿਆ ਹੈ| ਡਾਂਗੋਂ ਪਿੰਡ ਵਾਲੀ ਲਾਇਬਰੇਰੀ ਧਰਮਿੰਦਰ ਦੇ ਨਾਂ ਉੱਤੇ ਚੱਲੇਗੀ ਜਾਂ ਉਨ੍ਹਾਂ ਦੇ ਪਿਤਾ ਕੇਵਲ ਕ੍ਰਿਸ਼ਨ ਸਿੰਘ ਦਿਉਲ ਦੇ ਨਾਂ ਉੱਤੇ ਇਸਦਾ ਫੈਸਲਾ ਪਿੰਡ ਦੀ ਪੰਚਾਇਤ ਨੇ ਕਰਨਾ ਹੈ| ਇਹ ਵੀ ਦੱਸਣਾ ਬਣਦਾ ਹੈ ਕਿ ਇਸ ਵਾਲੇ ਪੰਜਾਬੀ ਭਵਨ ਦਾ ਨੀਂਹ ਪੱਥਰ 1990 ਵਿਚ ਉਸ ਵੇਲੇ ਦੇ ਵਿਦੇਸ਼ ਮੰਤਰੀ ਇੰਦਰ ਕੁਮਾਰ ਗੁਜਰਾਲ ਨੇ ਰਖਿਆ ਸੀ ਤੇ ਇਮਾਰਤ ਸੰਪੂਰਨ ਹੋਣ ਉਪ੍ਰੰਤ ਇਸਦੀ ਆਰਟ ਗੈਲਰੀ ਦਾ ਉਦਘਾਟਨ ਤੱਤਕਾਲੀ ਪ੍ਰਧਾਨ ਮੰਤਰੀ ਐਚ ਡੀ ਦੇਵਗੌੜਾ ਨੇ ਕੀਤਾ ਸੀ| ਏਥੇ ਇੱਕ ਖੁਲ੍ਹੀ ਡੁਲ੍ਹੀ ਲਾਇਬਰੇਰੀ ਵੀ ਹੈ| ਜਿੱਥੇ ਤਿੰਨ ਰੋਜ਼ਾਨਾ ਸਮਾਚਾਰ ਪੱਤਰ ਇੱਕ ਦਰਜਨ ਮਾਸਕ, ਦੋਮਾਸਕ ਤੇ ਤਰੈਮਾਸਕ ਰਸਾਲੇ ਲਗਾਤਾਰ ਆਉਂਦੇ ਹਨ|
ਸਭਾ ਦੇ ਪ੍ਰਬੰਧਕਾਂ ਨੂੰ ਇਸ ਗੱਲ ਦਾ ਅਫਸੋਸ ਹੈ ਕਿ ਉਨ੍ਹਾਂ ਨੂੰ ਧਰਮਿੰਦਰ ਦੀ ਇੱਛਾ ਦਾ ਪਤਾ ਨਹੀਂ ਸੀ ਨਹੀਂ ਤਾਂ ਉਨ੍ਹਾਂ ਨੇ ਡਾਂਗੋਂ ਪਿੰਡ ਵਾਲੀ ਲਾਇਬਰੇਰੀ ਧਰਮਿੰਦਰ ਦੇ ਜੀਊਂਦੇ ਜੀਆਂ ਚਾਲੂ ਕਰਕੇ ਇਸਦਾ ਉਦਘਾਟਨ ਧਰਮਿੰਦਰ ਤੋਂ ਕਰਵਾਉਣਾ ਸੀ|
ਕੁਝ ਏਸੇ ਤਰ੍ਹਾਂ ਦਾ ਅਫਸੋਸ ਫ਼ਿਲਮ ਜਗਤ ਦੇ ਜਾਣੇ ਪਹਿਚਾਣੇ ਲੇਖਕ ਨਿਰਦੇਸ਼ਕ ਸ੍ਰੀਰਾਮ ਰਾਘਵਨ ਨੂੰ ਹੈ ਜਿਸਦੀ ਧਰਮਿੰਦਰ ਵਾਲੀ ਇੱਕੀਸ ਨਾਂ ਦੀ ਫ਼ਿਲਮ ਦਸੰਬਰ 2025 ਵਿਚ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨੀ ਸੀ| ਇਸ ਫ਼ਿਲਮ ਨੂੰ ਜਾਰੀ ਕਰਨ ਦੀ ਜਾਣਕਾਰੀ ਦੇਣ ਵਾਲਾ ਪੋਸਟਰ ਤਾਂ ਗੋਆ ਵਿਖੇ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਲੋਂ 24 ਨਵੰਬਰ 2025 ਨੂੰ ਵਿਖਾਇਆ ਗਿਆ ਪਰ ਇਸਦੇ ਜਾਰੀ ਹੋਣ ਤੋਂ ਪਹਿਲਾਂ ਹੀ ਇਸਦਾ ਨਾਇਕ ਸਦੀਵੀ ਵਿਛੋੜਾ ਦੇ ਗਿਆ| ਇਹ ਗੱਲ ਵੱਖਰੀ ਹੈ ਕਿ ਇਸ ਵਿਚ ਧਰਮਿੰਦਰ ਦੀ ਹੇਠ ਲਿਖੀ ਲਾਈਨ ਵਾਲੀ ਕਵਿਤਾ ‘ਇੱਕੀਸ’ ਦੇ ਦਰਸ਼ਕਾਂ ਨੂੰ ਧਰਮਿੰਦਰ ਦੀ ਯਾਦ ਦਿਵਾਂਦੀ ਰਹੇਗੀ|
‘ਅੱਜ ਵੀ ਜੀ ਕਰਦਾ ਹੈ ਪਿੰਡ ਆਪਣੇ ਨੂੰ ਜਾਵਾਂ’ ਸ਼੍ਰੀਰਾਮ ਰਾਘਵਨ ਨੇ ਇਸ ਲਾਈਨ ਵਾਲੀ ਕਵਿਤਾ ਧਰਮਿੰਦਰ ਕੋਲੋਂ ਉਸਦੇ ਖੰਡੇਲਵਾਲ ਫਾਰਮ ਹਾਊਸ ਦੀ ਫੇਰੀ ਸਮੇਂ ਸੁਣੀ ਤੇ ਇਸਨੂੰ ਫ਼ਿਲਮ ‘ਇੱਕੀਸ’ ਵਿਚ ਪਰੋ ਲਿਆ ਸੀ| ਉਸਦੇ ਕਹਿਣ ਅਨੁਸਾਰ ਧਰਮਿੰਦਰ ਡਾਂਗੋਂ ਪਿੰਡ ਵਿਚ ਚੁੱਲ੍ਹੇ ਅੱਗੇ ਬਹਿ ਕੇ ਸਰੋ੍ਹਂ ਦੇ ਸਾਗ ਨਾਲ ਮੱਕੀ ਦੀ ਰੋਟੀ ਵੀ ਖਾਣੀ ਚਾਹੁੰਦਾ ਸੀ| ਉਸਦੀ ਇਹ ਸੱਧਰ ਵੀ ਧਰੀ ਧਰਾਈ ਰਹਿ ਗਈ| ਨਵੀਂ ਦਿੱਲੀ ਵਾਲੀ ਪੰਜਾਬੀ ਸਾਹਿਤ ਸਭਾ ਉਸਦੇ ਪਿਤਾ ਪੁਰਖੀ ਪਿੰਡ ਵਿਚ ਲਾਇਬਰੇਰੀ ਦਾ ਪ੍ਰਬੰਧ ਤਾਂ ਕਰ ਦੇਵੇਗੀ ਪਰ ‘ਇੱਕੀਸ’ ਵਾਲੀਆਂ ਰੀਝਾਂ ਉਹ ਆਪਣੇ ਨਾਲ ਹੀ ਲੈ ਗਿਆ|
ਉਹ ਮੇਰੇ ਨਾਲੋਂ ਉਮਰ ਵਿਚ ਛੋਟਾ ਸੀ ਪਰ ਪ੍ਰਾਪਤੀਆਂ ਵਿਚ ਬੇਅੰਤ ਵੱਡਾ| ਮੇਰੀ ਮੁਢਲੀ ਪੜ੍ਹਾਈ ਵਾਲੇ ਸਕੂਲ ਤੋਂ ਵੱਡਾ ਸੀ ਪਰ ਇਹ ਗੱਲ ਵੀ ਉਹਦੇ ਹੱਕ ਵਿਚ ਜਾਂਦੀ ਹੈ ਜਿਸਨੇ ਮਾੜੇ ਸਕੂਲ ਵਿਚ ਪੜ੍ਹ ਕੇ ਵੱਡੀਆਂ ਮੱਲਾਂ ਮਾਰੀਆਂ|
ਹਿੰਦੀ ਫ਼ਿਲਮਾਂ ਵਿਚ ਸਭ ਤੋਂ ਲੰਬਾ ਸਮਾਂ ਆਪਣੀ ਅਦਾਕਾਰੀ ਦਾ ਡੰਕਾ ਵਜਾਉਣ ਵਾਲਾ ਧਰਮ ਸਿੰਘ ਦਿਓਲ ਤੋਂ ਧਰਮਿੰਦਰ ਬਣਿਆ ਇਹ ਸਿਤਾਰਾ ਤਾਂ ਦੁਨੀਆ ਵਿਚ ਨਹੀਂ ਰਿਹਾ ਪਰ ਉਸ ਦੀਆਂ ਫ਼ਿਲਮ ਜਗਤ ਦੀਆਂ ਪ੍ਰਾਪਤੀਆਂ ਸਦਾ ਚੇਤੇ ਰਹਿਣਗੀਆਂ|
ਅੰਤਿਕਾ
ਸੀਰਤ ਕੇ ਹਮ ਗੁਲਾਮ ਹੈਂ ਸੂਰਤ ਹੂਈ ਤੋ ਕਿਆ
ਸੁਰਖ ਓ ਸਫੈਦ ਮਿੱਟੀ ਕੀ ਮੂਰਤ ਹੂਈ ਤੋ ਕਿਆ।