ਬਦਲ ਰਹੇ ਪੰਜਾਬ ਦੀ ਹੋਣੀ ਦੇ ਕਾਰਕਾਂ ਦੀ ਨਿਸ਼ਾਨਦੇਹੀ –ਇਤਿ ਕਥਾ

ਗੁਰਮੀਤ ਕੜਿਆਲਵੀ
ਫੋਨ: 98726-40994
ਕਿਰਪਾਲ ਕਜ਼ਾਕ ਸਮਿਆਂ ਦੀ ਨਬਜ਼ ‘ਤੇ ਉਂਗਲ ਰੱਖਣ ਵਾਲਾ ਸਾਡਾ ਵੱਡਾ ਤੇ ਵਿਲੱਖਣ ਮੁਹਾਵਰੇ ਵਾਲਾ ਗਲਪਕਾਰ ਹੈ। ਉਸ ਕੋਲ਼ ਜ਼ਿੰਦਗੀ ਦਾ ਵਿਸ਼ਾਲ ਅਨੁਭਵ ਹੈ। ਵੱਖ-ਵੱਖ ਵਰਗਾਂ ਅੰਦਰਲੇ ਆਪਸੀ ਤਣਾਅ, ਅੰਤਰ-ਵਿਰੋਧਾਂ ਅਤੇ ਅੰਦਰੂਨੀ ਸੰਘਰਸ਼ਾਂ ਨੂੰ ਉਸਨੇ ਬੜੀ ਨੇੜਿਓਂ ਤੱਕਿਆ ਹੈ।

ਹਾਸ਼ੀਆਗਤ ਵਰਗਾਂ ਦੀਆਂ ਹੋਣੀਆਂ, ਵਿਸੰਗਤੀਆਂ, ਉਨ੍ਹਾਂ ਅੰਦਰਲੀ ਵੇਦਨਾ, ਬੇਚੈਨੀ ਅਤੇ ਚੇਤਨਾ ਨੂੰ ਸਮਝਣ ਲਈ ਉਸ ਕੋਲ਼ ਤੀਸਰੀ ਅੱਖ ਹੈ। ਸਾਡੇ ਇਸ ਗਲਪਕਾਰ ਕੋਲ਼ ਆਪਣੀ ਗੱਲ ਕਹਿਣ ਲਈ ਲੋਕ ਮੁਹਾਵਰਾ ਹੈ। ਭਾਸ਼ਾ ਅਤੇ ਲੋਕਧਾਰਾ ਦਾ ਵਿਸ਼ਾਲ ਭੰਡਾਰ ਤੇ ਫਿਰ ਕਹਾਣੀ ਨੂੰ ਕਲਾਮਈ ਢੰਗ ਨਾਲ ਗੁੰਦਣ ਅਤੇ ਪੇਸ਼ ਕਰਨ ਦਾ ਹੁਨਰ ਹੈ। ਕਜ਼ਾਕ ਕੋਲ਼ ਰਵਾਇਤੀ ਬਿਰਤਾਂਤਕ ਸ਼ੈਲੀ ਦੀ ਥਾਂ ਨਵੇਂ ਨਵੇਂ ਤਜਰਬੇ ਕਰਨ ਦਾ ਸਾਹਸ ਹੈ। ਵੱਡੀ ਗੱਲ, ਸਾਡਾ ਇਹ ਵੱਡਾ ਗਲਪਕਾਰ ਕਾਹਲ ਤੋਂ ਕੋਹਾਂ ਦੂਰ ਹੈ। ਉਹ ਮੈਦਾਨੀ ਦਰਿਆ ਵਾਂਗ ਬੜੀ ਸਹਿਜ ਚਾਲੇ ਚੱਲਦਾ ਨਿੱਕੇ-ਨਿੱਕੇ ਵਾਕਾਂ ਰਾਹੀਂ ਵੱਡੀਆਂ-ਵੱਡੀਆਂ ਗੱਲਾਂ ਕਰੀ ਜਾਂਦਾ ਹੈ। ਪਾਣੀ ‘ਚ ਮਧਾਣੀ ਪਾ ਬਿਰਤਾਂਤ ਨੂੰ ਬੇਲੋੜਾ ਵਿਸਥਾਰ ਦੇ ਕੇ ਗੱਲ ਨੂੰ ਖਾ-ਮਖਾਹ ਲਮਕਾਉਂਦਾ ਨਹੀਂ।
‘ਇਤਿ ਕਥਾ’ ਪੜਦਿਆਂ ਕਿਰਪਾਲ ਕਜ਼ਾਕ ਜੀ ਦੀ ਸਮਾਜਿਕ ਰਾਜਨੀਤਿਕ ਸਮਝ, ਪ੍ਰਤੱਖਣ ਸ਼ਕਤੀ ਤੇ ਅਸੀਮ ਕਲਪਨਾ ਸ਼ਕਤੀ ਦੇ ਅਦਭੁਤ ਝਲਕਾਰੇ ਵੇਖਣ ਨੂੰ ਮਿਲਦੇ ਹਨ। ਕਿਰਪਾਲ ਕਜ਼ਾਕ ਸ਼ਬਦਾਂ ਦਾ ਜਾਦੂਗਰ ਹੈ। ਸ਼ਬਦਾਂ ਦੀ ਜਾਦੂਗਰੀ ਸਦਕਾ ਪਹਿਲੇ ਪੰਜ ਸੱਤ ਵਾਕਾਂ ਨਾਲ ਹੀ ਪਾਠਕ ਨੂੰ ਉਂਗਲੀ ਫੜ ਕੇ ਆਪਣੇ ਨਾਲ ਤੋਰ ਲੈਂਦਾ ਹੈ। ਪਾਠਕ ਅੰਦਰ ਅੱਗੇ-ਹੋਰ ਅੱਗੇ-ਹੋਰ ਅੱਗੇ ਤੇ ਫਿਰ ਨਾਵਲ ਦੇ ਅੰਤ ਤੱਕ ਪੁੱਜਣ ਦੀ ਬੇਚੈਨੀ ਪੈਦਾ ਹੋਣ ਲੱਗਦੀ ਹੈ। ਕੀ ਹੋਇਆ? ਕਿਵੇਂ ਹੋਇਆ? ਕਿਉਂ ਹੋਇਆ? ਦੇ ਸਵਾਲ ਉਸਦੇ ਜ਼ਿਹਨ ਚ ਖੌਰੂ ਪਾਉਣ ਲੱਗਦੇ ਹਨ।
ਜੋਰੇ ਵੈਲੀ ਦਾ ਕਤਲ।
ਚਾਚੀ ਸ਼ੀਸ਼ੋ ਦੀ ਧੀ ਭਈਏ ਨਾਲ ਫੁਰਰ।
ਬਿਹਾਰਨ ਕਲਿਆਣੀ ਜੱਟਾਂ ਬਰਾਬਰ ਜਾ ਖੜ੍ਹੀ।
ਹਾਕੂ ਕਲਾਲ ਦੀ ਤੀਵੀ ਨੰਗੀ ਨੱਸ ਤੁਰੀ ਅੱਧੀ ਰਾਤ।
ਤੋਤੀ ਰਵਿਦਾਸੀਏ ਦਾ ਮੁੰਡਾ ਡੀ. ਐਸ. ਪੀ ਜਾ ਲੱਗਾ।
ਸ਼ਹਿਰੀ ਵੱਸੋਂ ਦਾ ਦੈਂਤ ਦਿੱਤਪੁਰੇ ਦੀ ਇੱਕ ਵੱਖੀ ਹੋਰ ਚੱਬ ਗਿਆ।
ਠੱਠੀ ਦੇ ਨਵੇਂ ਉਸਰੇ ਘਰ ਦੇਖ ਲਾਲ ਜੀ ਨੂੰ ਲਕਵਾ ਮਾਰ ਗਿਆ।

ਕਜ਼ਾਕ ਇਨ੍ਹਾਂ ਸੱਤ ਨਿੱਕੇ ਨਿੱਕੇ ਵਾਕਾਂ ਰਾਹੀਂ ਪਾਠਕਾਂ ਦੁਆਲੇ ਇੱਕ ਰਹੱਸ ਦੀ ਇਕ ਤਾਣੀ ਤਣ ਦਿੰਦਾ ਹੈ। ਹੁਣ ਅੱਗੇ ਜਾ ਕੇ ਉਸਨੇ ਇਕੱਲੀ-ਇਕੱਲੀ ਤੰਦ ਫੜ੍ਹ ਕੇ ਬਿਰਤਾਂਤ ਸਿਰਜਣਾ ਹੈ ਤੇ ਪਾਠਕ ਅੰਦਰ ਖੌਰੂ ਪਾਉਣ ਲੱਗੇ ਸਵਾਲਾਂ ਦਾ ਜਵਾਬ ਦੇਣਾ ਹੈ। ਜਵਾਬ ਹੀ ਨਹੀਂ ਦੇਣਾ ਸਗੋਂ ਨਵੇਂ ਸਵਾਲ ਵੀ ਖੜੇ ਕਰ ਦੇਣੇ ਹਨ। ਉਹ ਕਹਾਣੀ ‘ਚੋਂ ਕਹਾਣੀ ਕੱਢਦਾ ਜਾਂਦਾ ਹੈ। ‘ਇਤਿ ਕਥਾ’ ਦੇ ਪਹਿਲੇ ਸਰਗ ਨਾਲ ਹੀ ਪਾਠਕ ਇੰਨਾ ਕੁ ਸਮਝ ਜਾਂਦਾ ਹੈ ਕਿ ਨਾਵਲਕਾਰ ਪਿੰਡ ‘ਦਿੱਤਪੁਰੇ’ ਰਾਹੀਂ ਪੰਜਾਬ ਤੇ ਖਾਸ ਕਰ ਮਾਲਵੇ ਦੇ ਦੱਖਣੀ ਪੂਰਬੀ ਰਿਆਸਤੀ ਪਿੰਡਾਂ ਵਿਚ ਆਈ ਸਮਾਜਿਕ-ਆਰਥਿਕ ਤਬਦੀਲੀ ਦੀ ਚਲਦੀ ਹਨੇਰੀ ਦੀ ਕਥਾ ਛੋਹ ਰਿਹਾ ਹੈ। ਪਿੰਡਾਂ ‘ਚ ਪ੍ਰਵਾਸੀ ਮਜ਼ਦੂਰਾਂ ਨੇ ਡੇਰੇ ਹੀ ਨਹੀਂ ਲਾਏ ਬਲਕਿ ਪਿੰਡ ਦੀ ਵੱਡੀ ਧਿਰ ਬਣ ਖਲੋਤੇ ਹਨ। ਜਿਸ ਨਾਲ ਭੂਗੋਲਿਕ ਦੇ ਨਾਲ-ਨਾਲ ਸਮਾਜਿਕ ਤੇ ਸੱਭਿਆਚਾਰਕ ਮੁਹਾਂਦਰਾ ਵਿਗੜਨ ਲੱਗਾ ਹੈ। ਇਸ ਦੇ ਨਾਲ ਹੀ ਪਿੰਡ ਦੀਆਂ ਸਥਾਨਕ ਹਾਸ਼ੀਆਗਤ ਜਾਤੀਆਂ ਦੇ ਪਰਿਵਾਰਾਂ ‘ਚ ਆਰਥਿਕ ਸਮਾਜਿਕ ਪੱਧਰ ‘ਤੇ ਆਈ ਤਬਦੀਲੀ ਨੇ ਅਖੌਤੀ ਖ਼ਾਨਦਾਨੀ ਲੋਕਾਂ ਦੇ ਮੱਥੇ ਦੀਆਂ ਤਿਓੜੀਆਂ ਵੀ ਸੰਘਣੀਆਂ ਕਰ ਦਿੱਤੀਆਂ ਹਨ। ਨਾਵਲ ਦੇ ਇੱਕ ਪਾਤਰ ਦੇ ਸ਼ਬਦਾਂ ‘ਚ –‘ਸੁਣਿਆ ਲਾਲ ਜੀ ਆਇਆ ਪਿੰਡ। ਠੱਠੀ ਕੋਲੋਂ ਲੰਘਦਾ ਜੀਪ ਵਿਚੋਂ ਉਤਰਿਆ। ਪੁੱਛਿਆ, ਇਹ ਘਰ ਕਿੰਨ੍ਹਾਂ ਪਾਏ ਓਏ ਨਵੇਂ? ਕਿਸੇ ਕਿਹਾ ਜੀ ਬਿਹੜੇ ਵਾਲਿਆਂ। ਕਹਿੰਦਾ ਬਾਲਮੀਕੀਆਂ ਰਵਿਦਾਸੀਆਂ? ਪਤਾ ਲੱਗਾ ਹਾਂ ਤਾਂ ਜੀਪ ‘ਚ ਬੈਠਿਆ ਹੀ ਨਹੀਂ ਗਿਆ। ਖੜ੍ਹ ਗਏ ਹੱਥ ਪੈਰ। ਲਕਵਾ ਮਾਰ ਗਿਆ ਥੱਹੇਂ।’
ਇਸ ਵਾਕ ਰਾਹੀਂ ਨਾਵਲਕਾਰ ਇਸ਼ਾਰਾ ਕਰ ਦਿੰਦਾ ਹੈ ਕਿ ਸਮਾਜ ਦੀਆਂ ਅਖੌਤੀ ਨਿਮਨ ਜਾਤੀਆਂ ਅੰਦਰ ਆ ਰਹੀਆਂ ਤਬਦੀਲੀਆਂ ਅਤੇ ਉਨ੍ਹਾਂ ਦੀ ਤਰੱਕੀ ਕਾਬਜ਼ ਧਿਰਾਂ ਲਈ ਚਿੰਤਾ ਦਾ ਕਾਰਨ ਬਣ ਗਈਆਂ ਹਨ। ਉਨ੍ਹਾਂ ਦੇ ਹੱਥ ਪੈਰ ਖੜ ਗਏ ਹਨ। ਲਕਵਾ ਮਾਰ ਗਿਆ ਹੈ। ਕਿਸੇ ਸਮੇਂ ਇਨ੍ਹਾਂ ਕਾਬਜ਼ ਧਿਰਾਂ ਤੋਂ ਪੁੱਛੇ ਬਿਨਾਂ ਪੱਤਾ ਵੀ ਨਹੀਂ ਸੀ ਹਿਲਦਾ। ਇਨ੍ਹਾਂ ਦੀ ਆਗਿਆ ਬਿਨਾਂ ਪੰਛੀ ਵੀ ਪਰ ਨਹੀਂ ਸੀ ਮਾਰਦਾ। ਇਹ ਧਿਰਾਂ, ਜਿਨ੍ਹਾਂ ਦੇ ਮਹਿਲਾਂ ਦੀਆਂ ਚੌੜੀਆਂ ਫਸੀਲਾਂ ਅਤੇ ਹਰਮਾਂ ਦੇ ਸਿੱਲੇ ਹਨੇਰਿਆਂ ਵਿਚ ਸੈਂਕੜੇ ਹਜ਼ਾਰਾਂ ਮਸੂਮ ਹਿਰਨੀਆਂ ਵਰਗੀਆਂ ਕੁੜੀਆਂ ਦੀਆਂ ਆਹਾਂ ਦਫ਼ਨ ਹਨ।
ਕਿਰਪਾਲ ਕਜ਼ਾਕ ਦਿਸਦਾ ਹੀ ਨਹੀਂ, ਅਣਦਿਸਦਾ ਵੀ ਵੇਖਦਾ ਹੈ। ਉਹ ਸਭ ਕੁਝ ਉਲਟੇ ਦਾ ਖੜ੍ਹਾ ਕਰ ਦਿੰਦਾ ਹੈ। ‘ਇਤਿ ਕਥਾ’ ਦਾ ਆਰੰਭ ਉਹ ਅੰਤ ਨਾਲ ਕਰਦਾ ਹੈ। ਫਿਰ ਸਭ ਕੁੱਝ ਪਿਛਲ ਝਾਤ ਰਾਹੀਂ ਚੱਲਦਾ ਹੈ। ਨਾਵਲਕਾਰ ਪਹਿਲੇ ਕੁੱਝ ਪੰਨਿਆਂ ‘ਚ ਹੀ ਸਪਸ਼ਟ ਕਰ ਦਿੰਦਾ ਹੈ ਕਿ ‘ਦਿੱਤਪੁਰੇ’ ਐਵੇਂ ਕਿਵੇਂ ਹੋਂਦ ‘ਚ ਨਹੀਂ ਆਉਂਦੇ। ਦਿੱਤਪੁਰਿਆਂ ਦੀ ਉਸਾਰੀ ਲਈ ਅਣਖ ਇੱਜ਼ਤ ਤੇ ਹਓਂ ਗੁਆਉਣੀ ਪੈਂਦੀ ਹੈ। ਦਿੱਤ ਸਿੰਘ ਵਰਗੇ ਦੀ ਚੰਨ ਵਰਗੀ ਧੀ ਜਿਸਨੂੰ ਨਾਵਲਕਾਰ ਨੇ ‘ਰੱਕੜਾਂ ‘ਚ ਖਿੜਿਆ ਫੁੱਲ’ ਕਿਹਾ ਹੈ, ਬੀੜ ਵਾਲੀ ਸਰਕਾਰ ਦੀ ਹਵਸ਼ ਦਾ ਸ਼ਿਕਾਰ ਬਣਦੀ ਹੈ ਤਾਂ ਪਿੰਡ ‘ਚ ਭੁੱਖੇ ਮਰਦੇ ਕਿਸਾਨ ਦਿੱਤ ਸਿੰਘ ਹਿੱਸੇ ਸੱਠ ਕਿੱਲੇ ਜ਼ਮੀਨ ਤੇ ਸ਼ਾਹੀ ਹਵੇਲੀ ਆਉਂਦੀ ਹੈ। ਪਰ ਇਤਿ ਕਥਾ ਦੀ ਕਥਾ ਸਿਰਫ ਇੰਨੀ ਨਹੀਂ ਹੈ। ਲੇਖਕ ਫਿਰ ਸਵਾਲ ਪੈਦਾ ਕਰ ਦਿੰਦਾ ਹੈ:
ਫਿਰ ਕਿਵੇਂ ਇਨ੍ਹਾਂ ਟੱਬਰਾਂ ਦੀਆਂ ਜੜ੍ਹਾਂ ਲੱਗੀਆਂ?
ਕਿਵੇਂ ਦਿੱਤ ਸਿਉਂ ਦੀ ਕੀਰਤੀ ਫੈਲੀ?
ਕਿਵੇਂ ਕੰਜਕ ਵਿਸਰੀ?
ਕਿਵੇਂ ਦਿੱਤ ਸਿਉਂ ਦੇ ਸਿਰ ਨੂੰ ਸਰਦਾਰੀ ਚੜ੍ਹੀ?

ਸਥਿਤੀ ਦੀ ਅਜੀਬ ਵਿਡੰਬਨਾ ਹੈ ਕਿ ਧੀ ਦੀ ਕਬਰ ‘ਤੇ ਖੜ੍ਹਿਆ ਦਿੱਤ ਸਿੰਘ ਉਹੋ ਜਿਹਾ ਹੀ ਵਿਹਾਰ ਕਰਨ ਲੱਗਦਾ ਹੈ ਜਿਹੋ ਜਿਹਾ ਰਜਵਾੜਾ ਸ਼ਾਹੀ ਦੀ ਰਹਿੰਦ-ਖੂੰਹਦ ਕਰਦੀ ਹੁੰਦੀ ਹੈ। ਦਿੱਤ ਸਿੰਘ ਚੌੜਾ ਹੋ ਕੇ ਤੁਰਨ ਲੱਗਦਾ ਹੈ। ਉਸਨੂੰ ਲੱਗਦਾ ਹੈ ਕਿ ਲੋਕ ਉਸਦੀ ਸਰਦਾਰੀ ਅੱਗੇ ਝੁਕਦੇ ਹਨ। ਸਮਾਜ ਵਿਚ ਉਸਦਾ ਚੰਗਾ ਸਨਮਾਨ ਹੈ ਪਰ ਉਹ ਨਹੀਂ ਜਾਣਦਾ ਕਿ ਸਮਾਜ ਅਜੇ ਵੀ ਉਨ੍ਹਾਂ ਵਰਗਿਆਂ ਨੂੰ ਧੀ ਦੀ ਕਮਾਈ ਖਾਣ ਵਾਲਾ ਦੱਲੇ ਸਮਝਦਾ ਹੈ।
ਕਜ਼ਾਕ ਸ਼ਬਦਾਂ ਦੀ ਬੁਣਤੀ ਦਾ ਮਾਹਰ ਬੁਣਤੀਕਾਰ ਹੈ। ਉਹ ਛੋਟੇ ਛੋਟੇ ਸੰਕੇਤਮਈ ਵਾਕਾਂ ਨਾਲ ਦਿੱਤ ਸਿੰਘ ਦੇ ਪਰਿਵਾਰ ਦੀ ਉਸਾਰੀ ਕਰਦਾ ਜਾਂਦਾ ਹੈ:
-ਛਾਂ ਆਰਿਆਂ ਨਾਲ ਕੱਟੀ ਜਾਣ ਲੱਗੀ। ਜਿਵੇਂ ਹੀ ਜੰਗਲ ਸ਼ਹਿਰ ‘ਚ ਵਿਕਿਆ, ਮੁੜ੍ਹਕਾ ਹੋਰ ਜੋਸ਼ ਨਾਲ ਡੁੱਲਿ੍ਹਆ। ਮੁੜਕਾ ਡੁੱਲਿ੍ਹਆ ਤਾਂ ਦੌਲਤ ਆਈ। ਦੌਲਤ ਆਈ ਤਾਂ ਰੱਜ ਨੂੰ ਚੱਜ ਆਇਆ।—
ਦਿੱਤ ਸਿਉਂ ਧੁੱਪ ਦੀ ਬੁੱਕਲ ਮਾਰ ਕੇ ਤੁਰਨ ਲੱਗਾ।
ਅੱਖਾਂ ਅੱਗੇ ਜਾਲੇ ਤਣੇ।
ਜਿਨ੍ਹਾਂ ਕਾਮਿਆਂ ਦੀ ਬਦੌਲਤ ਜੰਗਲ ਚ ਮੰਗਲ ਹੋਇਆ। ਦਿੱਤ ਸਿਉਂ ਨੂੰ ਕੀੜੇ-ਪਤੰਗੇ ਦਿਸਣ ਲੱਗੇ। ਉਹ ਪਹਿਨ-ਪੱਚਰ ਕੇ ਸ਼ਹਿਰ ਨਿਕਲਦਾ। ਮੋਢਿ੍ਹਆਂ ‘ਤੋਂ ਥੁੱਕਣ ਲੱਗਾ।
*
ਦੌਲਤ ਦੇ ਆਉਣ ਨਾਲ ਦਿੱਤ ਸਿੰਘ ਦਾ ਚੱਜ ਆਚਾਰ, ਸੁਭਾਅ, ਆਦਤਾਂ, ਪਹਿਰਾਵਾ, ਬੋਲੀ ਸਭ ਕੁੱਝ ਬਦਲਦਾ ਹੈ। ਉਸਦਾ ਹੀ ਨਹੀਂ ਉਸਦੀ ਘਰਵਾਲੀ ਚਿੰਤ ਕੁਰ ਦਾ ਵੀ। ਦਿੱਤ ਸਿੰਘ ਨੇ ਪੁੱਤ ਭੂਰੇ ਨੂੰ ਵੀ ਸਰਦਾਰੀ ਲਿਬਾਸ ‘ਚ ਬੰਨ੍ਹ ਦਿੱਤਾ। ਸਾਰਾ ਪਰਿਵਾਰ ਭੁੱਲ ਗਿਆ ਕਿ ਇਹ ਸਰਦਾਰੀ ਧੀ ਦੀ ਇੱਜਤ ਦਾ ਮੁੱਲ ਤਾਰ ਕੇ ਮਿਲੀ ਹੈ। ਪਰਿਵਾਰ ‘ਤੇ ਪੂਰੀ ਤਰ੍ਹਾਂ ਜਗੀਰਦਾਰੀ ਦੀ ਪਰਤ ਚੜ੍ਹ ਜਾਂਦੀ ਹੈ। ਸ. ਬਖ਼ਤਾਵਰ ਸਿੰਘ ਡਿਓਢੀਆ ਆਪਣੀ ਧੀ ਗੁਰ ਕੌਰ ਦਾ ਰਿਸ਼ਤਾ ਭੂਰਾ ਸਿੰਘ ਨੂੰ ਕਰਦਾ ਹੈ। ਬਖ਼ਤਾਵਰ ਸਿੰਘ ਵੀ ਰਜਵਾੜਾਸ਼ਾਹੀ ਦੀ ਉਹ ਰਹਿੰਦ-ਖੂੰਹਦ ਹੈ ਜੋ ਸਿਰੇ ਦਾ ਅਯਾਸ਼ ਹੈ। ਜੋ ਅਯਾਸ਼ ਸਰਦਾਰਾਂ ਦੇ ਘਰ ਵਾਪਰਦਾ ਹੈ ਉਸਦੇ ਘਰ ਵੀ ਵਾਪਰਦਾ ਹੈ। ਉਸਦੀ ਘਰਵਾਲੀ ਭਾਵ ਗੁਰੋ ਦੀ ਮਾਂ ਰੂਪ ਕੌਰ ਦਾ ਆਪਣਾ ਸੰਸਾਰ ਹੈ। ਰੂਪ ਕੌਰ, ਬਖ਼ਤਾਵਰ ਸਿੰਘ ਨਾਲ ਵਿਆਹ ਤੋਂ ਪਹਿਲਾਂ ਕਿਸੇ ਹੋਰ ਦੀ ਰਖੈਲ ਸੀ। ਬਖ਼ਤਾਵਰ ਦੀ ਪ੍ਰਵਾਹ ਕਰੇ ਬਿਨਾਂ ਆਪਣੇ ਪੁਰਾਣੇ ਆਸ਼ਕ ਨੂੰ ਮਿਲਦੀ ਹੈ। ਇਉਂ ਨਾਵਲਕਾਰ ਬਖ਼ਤਾਵਰ ਸਿੰਘ ਦੀ ਕਥਾ ਰਾਹੀਂ ਜਗੀਰਦਾਰੀ ਸਮਾਜ ਦੇ ਉਸ ਸਮਾਜਿਕ ਤਾਣੇ-ਬਾਣੇ ਦਾ ਹੀਜ਼-ਪਿਆਜ਼ ਨੰਗਾ ਕਰਦਾ ਹੈ। ਜਗੀਰਦਾਰੀ ਜਾਂ ਰਾਜਾਸ਼ਾਹੀ ਉਸ ਲਈ ਸਮਾਜ ਦੀ ਕੋਈ ਮਾਣਮੱਤੀ ਵਿਰਾਸਤ ਨਹੀਂ ਹੈ। ਇਸਦੇ ਟੁੱਟਣ ਭੁਰਨ ‘ਤੇ ਕਿਸੇ ਕਿਸਮ ਦਾ ਰੁਦਨ ਜਾਂ ਹਊ ਕੁਰਲਾਪ ਨਹੀਂ ਕਰਦਾ, ਜਿਵੇਂ ਕੁੱਝ ਪੂਰਬਲੇ ਵੱਡੇ ਨਾਵਲਕਾਰ ਕਰਦੇ ਸਨ। ਉਹ ਤਾਂ ਹਵੇਲੀ ਦੇ ਭੁਰਦੇ ਕਿੰਗਰਿਆਂ ਅਤੇ ਹਵੇਲੀ ਅੰਦਰ ਟੁੱਟ ਰਹੀਆਂ ਕਦਰਾਂ-ਕੀਮਤਾਂ ਦਾ ਸੱਚ ਪੇਸ਼ ਕਰਨ ਵਿਚ ਯਕੀਨ ਰੱਖਦਾ ਹੈ। ਇਕ ਸੁਚੇਤ ਗਲਪਕਾਰ ਹੋਣ ਕਰਕੇ ਉਹ ਜਾਣਦਾ ਹੈ ਕਿ ਰਚਨਾ ਨੂੰ ਨਾਅਰਾ ਬਣਾਏ ਤੋਂ ਬਿਨਾਂ ਹੀ ਕਿਹੜੀ ਧਿਰ ਦੇ ਹੱਕ ‘ਚ ਡੱਕਾ ਸੁੱਟਣਾ ਹੈ। ਇਸੇ ਕਰਕੇ ਜਗੀਰਦਾਰੀ ਪ੍ਰਬੰਧ ਵਿਚ ਕਿਰਤੀ ਸ਼੍ਰੇਣੀਆਂ ਅੰਦਰ ਤੇਜ਼ੀ ਨਾਲ ਆ ਰਹੀ ਚੇਤਨਾ ਨੂੰ ਪੇਸ਼ ਕਰਨਾ ਉਸਦਾ ਮੁੱਖ ਮਨੋਰਥ ਹੈ। ਨਾਵਲਕਾਰ ਸਮੇਂ-ਸਮੇਂ ਥਾਂ-ਪੁਰ-ਥਾਂ ਕਿਰਤੀਆਂ ਮੂੰਹੋਂ ਕਰਵਾਈਆਂ ਟਿੱਪਣੀਆਂ ਰਾਹੀਂ ਕਥਾ ਨੂੰ ਅੱਗੇ ਤੋਰਦਾ ਹੈ:
‘ਕੰਜਰਖਾਨੇ ਸਿਰ ਸਰਦਾਰ ਬਣਿਆ ਫਿਰਦਾ। ਐਦੂੰ ਤਾਂ ਡੁੱਬ ਕੇ ਮਰ ਜੇ ਸਾਲਾ।’
‘ਤਾਂ ਹੀ ਤਾਂ ਕਹਿੰਦੇ, ਪਾਪਾਂ ਬਾਝਹੁੰ ਹੋਵੈ ਨਾਹੀਂ।’
‘ਆਪਾਂ ਹੀ ਲਈ ਫਿਰਦੇ ਆਂ ਢੂਏ ‘ਚ ਪੁੰਨ ਪਾਪ। ਇਨ੍ਹਾਂ ਲਈ ਤਾਂ ਸਭ ਪੁੰਨ ਈ ਪੁੰਨ ਐ।’
ਇਉਂ ਉਹ ਕਿਰਤੀ ਵਰਗਾਂ ਅੰਦਰ ਆਪਣੀ ਹੋਣੀ ਸਬੰਧੀ ਪੈਦਾ ਹੋ ਰਹੀ ਚੇਤਨਾ ਨੂੰ ਬੜੇ ਬਰੀਕ ਢੰਗ ਨਾਲ ਪੇਸ਼ ਕਰਦਾ ਹੈ। ਇਹ ਲੋਕ ਜਾਣ ਗਏ ਹਨ ਕਿ ਵੱਡੀਆਂ ਜਾਇਦਾਦਾਂ ‘ਪੁੰਨ ਪਾਪ ਦੇ ਢੂਏ ‘ਚ ਵੜਿਆਂ’ ਨਹੀਂ ਬਣਦੀਆਂ।
‘ਇਤਿ ਕਥਾ’ ਦੀ ਕਥਾ ਆਜ਼ਾਦੀ ਤੋਂ ਕੁੱਝ ਵਰੇ ਪਹਿਲਾਂ ਸ਼ੁਰੂ ਹੁੰਦੀ ਹੈ ਜਦੋਂ ਪੰਜਾਬ ਦਾ ਅਰਥਚਾਰਾ ਪੂਰੀ ਤਰ੍ਹਾਂ ਖੇਤੀ ਅਧਾਰਿਤ ਸੀ। ਪੰਜਾਬ ਖਾਸ ਕਰ ਰਿਆਸਤੀ ਪੰਜਾਬ ਜਾਗੀਰਦਾਰੀ ਦੀ ਜਕੜ ਹੇਠ ਸੀ। ਰਿਆਸਤ ਦੀਆਂ ਆਯਾਸ਼ ਸਰਕਾਰਾਂ ਦੀ ਨਿਗਾਹ ਪਿੰਡਾਂ ਦੀਆਂ ਮੂਰਤ ਵਰਗੀਆਂ ਸੁੰਦਰ ਕੁੜੀਆਂ ‘ਤੇ ਰਹਿੰਦੀ। ਇਨ੍ਹਾਂ ਮਾਸੂਮ ਕੁੜੀਆਂ ਨੂੰ ਹਰਮ ਦਾ ਸ਼ਿੰਗਾਰ ਬਣਾਉਣ ਬਦਲੇ ਉਨ੍ਹਾਂ ਦੇ ਮਾਪਿਆਂ ਨੂੰ ਸ਼ਾਹੀ ਹਵੇਲੀਆਂ ਤੇ ਜ਼ਮੀਨਾਂ ਦੇ ਖੁੱਲੇ ਮੁਰੱਬੇ ਦੇ ਕੇ ਚੁੱਪ ਕਰਾ ਦਿੱਤਾ ਜਾਂਦਾ। ਧੀਆਂ ਦੀਆਂ ਕਬਰਾਂ ‘ਤੇ ਉਸਰੀ ਇਹ ਨਵੀਂ ਜਗੀਰਦਾਰੀ ਆਪਣਾ ਦਰਦ ਭੁੱਲ ਕੁਲੀਨ ਵਰਗਾਂ ਜਿਹਾ ਹੀ ਵਿਹਾਰ ਕਰਨ ਲੱਗਦੀ। ਸਮਾਜ ਦੀਆਂ ਨੈਤਿਕ ਕਦਰਾਂ ਕੀਮਤਾਂ ਦੀ ਇਨ੍ਹਾਂ ਦੀ ਨਿਗਾ ‘ਚ ਕੋਈ ਕੀਮਤ ਨਾ ਰਹਿੰਦੀ। ਆਜ਼ਾਦੀ ਉਪਰੰਤ ਬਣੇ ਸਰਪਲਸ ਜ਼ਮੀਨ ਦੇ ਕਾਨੂੰਨਾਂ ਸਦਕਾ ਜਗੀਰਦਾਰੀ ਨੂੰ ਕੁਝ ਜ਼ਮੀਨ ਗਵਾਉਣੀ ਪਈ, ਪਰ ਉਨ੍ਹਾਂ ਦੀ ਸਰਦਾਰੀ ਠਾਠ ਵਿਚ ਕੁੱਝ ਫ਼ਰਕ ਨਾ ਪਿਆ। ਆਲੇ ਦੁਆਲ਼ੇ ਦੇ ਲੋਕਾਂ ਖਾਸ ਕਰ ਦਸਤਕਾਰ ਸ਼੍ਰੇਣੀਆਂ ਉੱਪਰ ਉਨ੍ਹਾਂ ਦਾ ਦਾਬਾ ਬਰਕਰਾਰ ਰਿਹਾ। ਜਾਗੀਰਦਾਰੀ ਦੀ ਇਹ ਰਹਿੰਦ-ਖੂਹੰਦ ਪਿੰਡਾਂ ਦੇ ਨਿਮਨ ਅਤੇ ਦਰਮਿਆਨੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਵੀ ਚਿੜੀਆਂ ਜਨੌਰ ਸਮਝਦੀ। ਹਰੀ ਕ੍ਰਾਂਤੀ ਦੇ ਆਉਣ ਨਾਲ ਕਿਸਾਨਾਂ ਦੀ ਆਮਦਨ ‘ਚ ਵਾਧਾ ਹੋਇਆ ਤਾਂ ਮੱਧ ਵਰਗੀ ਕਿਸਾਨੀ ਪਰ ਤੋਲਣ ਲੱਗੀ ਤੇ ਜਗੀਰਦਾਰੀ ਦੀ ਰਹਿੰਦ-ਖੂੰਹਦ ਨੂੰ ਅੱਖਾਂ ਵਿਖਾਉਣ ਲੱਗੀ।
ਸਮਾਂ ਹੋਰ ਕਰਵਟ ਲੈਂਦਾ ਹੈ। ਨਿਮਨ ਸ਼੍ਰੇਣੀਆਂ ਖੇਤੀ ਦੇ ਧੰਦੇ ‘ਚੋਂ ਬਾਹਰ ਹੋਣ ਲੱਗੀਆਂ। ਕਿੱਤਾ ਬਦਲੀ ਉਨ੍ਹਾਂ ਲਈ ਤਰੱਕੀ ਦੇ ਨਵੇਂ ਰਾਹ ਖੋਲ੍ਹਦੀ ਹੈ। ਕਾਰੀਗਰ ਸ਼ਹਿਰ ਕੰਮਾਂ ਧੰਦਿਆਂ ‘ਤੇ ਜਾ ਲੱਗੇ। ਨਾਵਲਕਾਰ ਦੇ ਸ਼ਬਦਾਂ ਵਿਚ:
‘ਮਜ਼ਦੂਰ ਅਤੇ ਕਾਰੀਗਰ ਸ਼੍ਰੇਣੀਆਂ ਦੋ ਡੰਗ ਦੀ ਰੋਟੀ ਬਦਲੇ ਫੋਕੀ ਟੈਂਅ ਮੰਨਣ ਤੋਂ ਇਨਕਾਰੀ ਹੋਈਆਂ। ਇਥੋਂ ਤੱਕ ਕਿ ਸੁੱਖੇ ਤਖਾਣ ਜਿਹੇ ਕੰਮੀ ਪਿੰਡ ਦੀ ਫਾਲ ਛਿੰਗ ਛੱਡ ਸ਼ਹਿਰ ਦੁਕਾਨ ਪਾ ਕੇ ਬੈਠ ਗਏ।’
ਨਾਵਲਕਾਰ ਦੱਸਦਾ ਹੈ ਕਿ ਮਿਲੇ ਸੰਵਿਧਾਨਕ ਹੱਕਾਂ ਨੇ ਮਜ਼ਦੂਰ ਜਮਾਤ ਨੂੰ ਰੱਜ ਜਿਉਣ ਵੱਲ ਪ੍ਰੇਰਿਤ ਕੀਤਾ। ਨੰਜਾ, ਘੀਚਰ, ਗੁੱਲੂ, ਲੱਖਾ ਅਤੇ ਗਾਮੇ ਧੂਸ ਵਰਗੇ ਡਰਾਈਵਰੀ ਦੇ ਟੇਟੇ ਜਾ ਚੜ੍ਹੇ। ਧੰਮੇ ਅਤੇ ਹਰੀਏ ਜਿਹੇ ਲੱਕੜ ਵੱਢਣ ਵੇਚਣ ਲੱਗੇ। ਕੁਝ ਕਬਾੜੀਏ ਬਣ ਸਮਾਨ ਖਰੀਦਣ-ਵੇਚਣ ਲੱਗੇ। ਦੂਜੇ ਸਰਗ ਦੇ ‘ਪਰੀਦ੍ਰਿਸ਼’ ਸਿਰਲੇਖ ਹੇਠ ਲੇਖਕ ਪੰਜਾਬ ਦੇ ਜਨ ਜੀਵਨ ‘ਚ ਆਏ ਬਦਲਾਅ ਨੂੰ ਕੁੱਝ ਸਤਰਾਂ ‘ਚ ਹੀ ਬਿਆਨ ਕਰ ਦਿੰਦਾ ਹੈ:
ਇਸ ਸਮੇਂ ਦੌਰਾਨ ਜਿਸ ਤੇਜ਼ੀ ਨਾਲ ਦਿੱਤਪੁਰਾ ਬਦਲਿਆ। ਨਾ ਕਲਪਣਾ। ਨਾ ਉਮੀਦ। ਸਮੇਂ ਦੀ ਤੋਰ ਜਾਂ ਹੋਣੀ ਦੀ ਵਿਡੰਬਨਾ ਸੀ।
ਹਵੇਲੀ ਦਾ ਤਲਿਸਮ ਮਿਟਿਆ। ਦਸਤਕਾਰੀ ਮਸ਼ੀਨ ਨਿਗਲ ਗਈ। ਖੇਤੀ ਟਰੈਕਟਰ, ਬਿਜਲੀ, ਡੀਜ਼ਲ, ਨਹਿਰਾਂ, ਸਿਆਸਤ ਅਤੇ ਤਜ਼ਾਰਤ ਹੱਥੇ ਜਾ ਚੜ੍ਹੀ। ਰੇਡੀਓ, ਟੀਵੀ, ਅਖ਼ਬਾਰ ਅਤੇ ਬਾਜ਼ਾਰ ਦੀ ਗ੍ਰਿਫਤ ਵਿਚ ਹਰ ਬਸ਼ਰ ਆਇਆ। ਬਿਹਾਰੀਆਂ ਜਿਵੇਂ ਹੀ ਖੇਤੀ ਦਾ ਭਾਰ ਚੁੱਕਿਆ; ਘਰ ਘਰ ਚਿੱਟ ਕੱਪੜੀਆ ਸਰਦਾਰੀ ਪੈਦਾ ਹੋਈ। ਜੱਟ ਬੇ-ਮਤਲਬ ਸ਼ਹਿਰ ਦੀਆਂ ਗੇੜੀਆਂ ਕੱਢਣ ਲੱਗਾ। ਰਿਸ਼ਤੇ, ਆਦਰਸ਼, ਸਰਦਾਰੀ, ਇਖ਼ਲਾਕ, ਧਰਮ, ਜਾਤ-ਪਾਤ ਸਭ ਪੈਸਾ ਤੈਅ ਕਰਨ ਲੱਗਾ।
ਇਸ ਤਰ੍ਹਾਂ ਨਾਵਲਕਾਰ ਤੇਜੀ ਨਾਲ ਬਦਲਦੇ ਪੰਜਾਬ ਦੀ ਕਲਾਤਮਕ ਪੇਸ਼ਕਾਰੀ ਕਰਦਾ ਹੈ। ਸ਼ਾਹੀ ਹਵੇਲੀ ਦੀ ਮੱਠੀ ਪੈਂਦੀ ਜਾ ਰਹੀ ਚਮਕ ਨੂੰ ਚਿਤਰਨਾ ਹੀ ਉਸਦਾ ਮਨੋਰਥ ਨਹੀਂ ਹੈ, ਬਲਕਿ ਹਾਸ਼ੀਏ ਤੋਂ ਪਰ੍ਹੇ ਧੱਕ ਦਿੱਤੀਆਂ ਕਿਰਤੀ ਸ਼੍ਰੇਣੀਆਂ ਵਿਚ ਪੈਦਾ ਹੋਈ ਚੇਤਨਾ ਨੂੰ ਪੇਸ਼ ਕਰਨਾ ਉਸਦਾ ਮੁੱਖ ਮਕਸਦ ਹੈ। ਸਮੇਂ ਨੇ ਇੰਨੀ ਵੱਡੀ ਕਰਵਟ ਬਦਲ ਲਈ ਹੈ ਕਿ ਦਲਿਤਾਂ ਦੇ ਬੱਚੇ ਪੜ੍ਹ-ਲਿਖ ਕੇ ਨੌਕਰੀਆਂ ਕਰਨ ਜਾ ਲੱਗੇ ਹਨ। ਇਨ੍ਹਾਂ ਸ਼੍ਰੇਣੀਆਂ ‘ਚੋਂ ਨਾਬਰੀ ਦੀ ਉਠਦੀ ਸੁਰ ਲੇਖ਼ਕ ਦੀ ਕਲਮ ਦੀ ਨੋਕ ‘ਤੇ ਆਉਂਦੀ ਹੈ। ਕਈ ਦਹਾਕੇ ਹਵੇਲੀ ਦੀਆਂ ਬੁੱਤੀਆਂ ਕਰਨ ਵਾਲਾ ਚੰਦ ਦਾਤੀ ਪੱਲੀ ਸਰਦਾਰ ਭੂਰਾ ਸਿੰਘ ਦੇ ਪੈਰਾਂ ‘ਚ ਵਗਾਹ ਮਾਰਦਾ ਹੈ। ਤਬਦੀਲੀ ਬੜੀ ਤੇਜ਼ੀ ਨਾਲ ਵਾਪਰ ਰਹੀ ਹੈ। ਰਾਕਟ ਦੀ ਸਪੀਡ ਨਾਲ ਪਰ ਲੇਖਕ ਇਸ ਨੂੰ ਚਿਤਰ ਬੜੀ ਸਹਿਜਤਾ ਨਾਲ ਰਿਹਾ ਹੈ। ਗੱਲ ਕਿੱਤਾ ਬਦਲੀ ਸਦਕਾ ਕਿਰਤੀ ਸ਼੍ਰੇਣੀਆਂ ਦੇ ਜਿਉਣ ਢੰਗ ਵਿਚ ਆਈ ਤਬਦੀਲੀ ‘ਤੇ ਵੀ ਨਹੀਂ ਰੁਕਦੀ। ਪ੍ਰਵਾਸੀ ਲੇਬਰ ਖਾਸ ਕਰ ਬਿਹਾਰੀ ਲੇਬਰ ਨੇ ਦਿੱਤਪੁਰੇ ਦਾ ਦ੍ਰਿਸ਼ ਪੂਰਨ ਤੌਰ ‘ਤੇ ਬਦਲ ਦਿੱਤਾ ਹੈ।
-ਰਾਤੋ ਰਾਤ ਝੁੱਗੀਆਂ ਉਸਰੀਆਂ। ਧੂਆਂ ਉੱਠਿਆ। ਜੀਵਨ ਧੜਕਿਆ। ਥਾਂ ਥਾਂ ਖੋਖੇ ਦਿਸਣ ਲੱਗੇ। ਚਾਹ, ਬੀੜੀ, ਸਿਗਰਟ, ਜਰਦਾ, ਭੁੱਕੀ ਅਤੇ ਲੁੱਟਾਂ ਖੋਹਾਂ ਦਾ ਸਿਲਸਿਲਾ।
ਦਿੱਤਪੁਰੇ ਦੀ ਕਥਾ ਬਿਆਨਦਿਆਂ ਲੇਖਕ ਛੋਟੇ ਵੱਡੇ ਅਨੇਕਾਂ ਸਵਾਲਾਂ ਦੇ ਰੂਬਰੂ ਕਰਵਾਉਂਦਾ ਤੁਰਿਆ ਜਾਂਦਾ ਹੈ। ਕਿਸੇ ਸਾਜਿਸ਼ ਤਹਿਤ ਬਿਹਾਰੀਆਂ ਦੀਆਂ ਪੰਜਾਬ ‘ਚ ਉਤਰ ਰਹੀਆਂ ਧਾੜਾਂ ਦੀਆਂ ਧਾੜਾਂ ਬਾਰੇ ਉਹ ਮਾਸਟਰ ਮੱਦੀ ਦੇ ਮੂੰਹੋਂ ਅਖਵਾਉਂਦਾ ਹੈ,
‘ਕੀ ਬਿਹਾਰੀਆਂ ਨੂੰ ਰੋਕ ਤੁਸੀਂ? ਓ ਭਾਈ ਸਰਕਾਰ ਪੰਜਾਬ ‘ਚ ਹਿੰਦੂ ਵੋਟ ਵਧਾਅ ਰਹੀ। ਬਿਹਾਰੀਏ ਕੀ ਸਿਰਫ਼ ਇਥੇ ਆਏ? ਝੁੰਡਾਂ ਦੇ ਝੁੰਡ ਉਤਰ ਰਹੇ। ਕਈ ਜੱਟ ਤਾਂ ਗੱਡੀਓਂ ਉਤਰਦਿਆਂ ਨੂੰ ਝੋਪ ਰਹੇ। ਜਿੰਨੀ ਲੇਬਰ ਚਾਹੀਦੀ, ਉਨੀ ਹੈ ਨਹੀਂ। ਬਿਹਾਰ ‘ਚੋਂ ਇਹ ਬੰਧੂਆ ਮਜ਼ਦੂਰੀ ਤੋਂ ਭੱਜ ਕੇ ਆਉਂਦੇ। ਮੇਰੇ ਹਿਸਾਬ ਤਾਂ ਕੁੱਝ ਹੋਰ ਸਾਲਾਂ ਨੂੰ ਇਨ੍ਹਾਂ ਫੱਟੀ ਪੋਚ ਦੇਣੀ।’
ਅੰਤਲੇ ਅਧਿਆਇ ‘ਖੱਖ’ ਰਾਹੀ ਕਜ਼ਾਕ ਪਾਠਕ ਨੂੰ ਉੱਥੇ ਲੈ ਜਾਂਦਾ ਹੈ ਜਿੱਥੇ ਲਿਜਾਣਾ ਚਾਹੁੰਦਾ ਹੈ। ਜਾਂ ਜਿੱਥੇ ਪਾਠਕ ਨੂੰ ਜਾਣਾ ਚਾਹੀਦਾ ਹੈ। ਇੱਕ ਤਰ੍ਹਾਂ ਉਹ ਪਾਠਕ ਨੂੰ ਤਬਦੀਲੀ ਦੀ ਉਸ ਵਗਦੀ ਹਵਾ ਦੇ ਰੂਬਰੂ ਕਰਦਾ ਹੈ ਜਿੱਥੇ ਹੁਣ ਹਵਾ ‘ਚ ਠੱਠੀ ‘ਚੋਂ ਮਾਸਟਰ ਬੱਲੂ ਅਤੇ ਰਾਣਾ ਦੇ ਵਿਆਹ ਦੀਆਂ ਖ਼ਬਰਾਂ ਤੈਰ ਰਹੀਆਂ ਹਨ। ਇਹ ਵਿਆਹ ਬਿਨਾਂ ਦਾਜ ਦੇ ਅਤੇ ਅੰਤਰਜਾਤੀ ਹਨ। ਨਾਵਲਕਾਰ ਇਨ੍ਹਾਂ ਵਿਆਹਾਂ ਰਾਹੀਂ ਵੀ ਵੱਡੇ ਸਵਾਲ ਖੜ੍ਹੇ ਕਰਦਾ ਹੈ। ਇਨ੍ਹਾਂ ਵਿਆਹਾਂ ਬਾਰੇ ਠੱਠੀ ਕੀ ਸੋਚਦੀ ਹੈ ਤੇ ਉੱਚ ਵਰਗ ਕੀ ਸੋਚਦੇ ਹਨ। ਮਾਸਟਰ ਮੱਦੀ ਦੀਆਂ ਟਿੱਪਣੀਆਂ ਠੱਠੀ ਦੀ ਸੋਚ ਦੀ ਪ੍ਰਤੀਨਿਧਤਾ ਕਰਦੀਆਂ ਨੇ ਤੇ ਵਿਰਕ ਦੀ ਟਿੱਪਣੀ ਅਖੌਤੀ ਉਚ ਵਰਗਾਂ ਅੰਦਰਲੀ ਬੇਵਸੀ ਦਰਸਾਉਂਦੀ ਹੈ।
ਨਾਵਲ ਦੀ ਹੋਰ ਵੱਡੀ ਖ਼ੂਬਸੂਰਤੀ ਇਸਦੀਆਂ ਨਾਰੀ ਪਾਤਰਾਂ ਦੀ ਪਾਤਰ ਉਸਾਰੀ ਹੈ। ਕਜ਼ਾਕ ਦੀਆਂ ਨਾਰੀ ਪਾਤਰ ਔਰਤਾਂ ਅਸੀਲ ਰਾਮ ਗਊਆਂ ਨਹੀਂ ਹਨ ਸਗੋਂ ਦਬੰਗ ਅਤੇ ਬਾਗੀਆਨਾ ਸੁਭਾਅ ਦੀਆਂ ਹਨ। ਉਹ ਪਰੰਪਰਾ ਨੂੰ ਤਾਕ ‘ਤੇ ਲਾ ਸਕਦੀਆਂ ਹਨ। ਵਲਗਣਾਂ ਨੂੰ ਤੋੜ ਕੇ ਉਨ੍ਹਾਂ ਨੂੰ ਸਕੂਨ ਮਿਲਦਾ ਹੈ। ਡਿਊਢੀਏ ਬਖ਼ਤਾਵਰ ਦੀ ਪਤਨੀ ਰੂਪ ਕੌਰ ਆਪਣੀ ਮਰਜ਼ੀ ਨਾਲ ਆਪਣੇ ਆਸ਼ਿਕ ਨਾਲ ਸੰਬੰਧ ਬਣਾਉਂਦੀ ਹੈ। ਜਿਸ ਬਾਰੇ ਆਪਣੀ ਧੀ ਗੁਰੋ ਨੂੰ ‘ਤੇਰਾ ਮਾਮਾ’ ਦੱਸਦੀ ਹੈ। ਆਪਣੇ ਇਸ ਆਸ਼ਕ ਨੂੰ ਆਪਣੇ ਘਰ ਬੁਲਾਉਂਦੀ ਹੈ। ਰੂਪ ਕੌਰ ਇੰਨੀ ਕੁ ਦਬੰਗ ਹੈ ਕਿ ਬਖ਼ਤਾਵਰ ਉਸਦੇ ਇਨ੍ਹਾਂ ਸੰਬੰਧਾਂ ਬਾਰੇ ਚੂੰਅ ਵੀ ਨਹੀਂ ਕਰਦਾ। ਇਸੇ ਤਰ੍ਹਾਂ ਦਿੱਤ ਸਿਉਂ ਦੀ ਨੂੰਹ ਬਣ ਕੇ ਆਈ ਬਖ਼ਤਾਵਰ ਤੇ ਰੂਪ ਦੀ ਧੀਅ ਗੁਰੋ ਵੀ ਡਾਹਢੀ ਅੱਥਰੀ ਹੈ। ਉਸਦਾ ਅੱਥਰਾਪਨ ਉਸ ਅੰਦਰਲੀ ਬਾਗੀ ਨਾਰੀ ਦਾ ਪ੍ਰਤੀਬਿੰਬ ਹੈ। ਉਹ ਵੀ ਆਪਣੇ ਪਤੀ ਸਰਦਾਰ ਭੂਰਾ ਸਿੰਘ ਨੂੰ ਪੂਰੀ ਤਰ੍ਹਾਂ ਵੱਸ ‘ਚ ਕਰਕੇ ਮੇਮਣਾ ਬਣਾ ਕੇ ਰੱਖਦੀ ਹੈ। ਸੱਸ ਸਹੁਰੇ ਨੂੰ ਬੜੀ ਸਫ਼ਾਈ ਨਾਲ ਟਿਕਾਣੇ ਲਾ ਦਿੰਦੀ ਹੈ। ਆਪਣੇ ਕੋਲ ਆਉਣ ਵਾਲੇ ਆਪਣੇ ਪੁਰਾਣੇ ਆਸ਼ਿਕ ਲਈ ਉਸਨੇ ਵੱਖਰਾ ਦਰਵਾਜ਼ਾ ਬਣਵਾਇਆ ਹੈ। ਗੁਰੋ ਆਪਣੀਆਂ ਸ਼ਰਤਾਂ ‘ਤੇ ਜਿਉਂਦੀ ਹੈ ਅਤੇ ਹਵੇਲੀ ਦੇ ਪ੍ਰਬੰਧ ਨੂੰ ਵੀ ਆਪਣੀਆਂ ਸ਼ਰਤਾਂ ‘ਤੇ ਹੀ ਚਲਾਉਂਦੀ ਹੈ। ਗੁਰੋ ਅੰਦਰਲੀ ਬਾਗ਼ੀ ਨਾਰੀ ਪੂਰੀ ਤਰ੍ਹਾਂ ਨਾਵਲੀ ਕਥਾ ਦੇ ਆਰ ਪਾਰ ਫੈਲੀ ਰਹਿੰਦੀ ਹੈ। ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਉਹ ਕਿਸੇ ਨਾਲ ਵੀ ਹੱਥ ਮਿਲਾ ਸਕਦੀ ਹੈ। ਕੁੱਝ ਵੀ ਕਰ ਸਕਦੀ ਹੈ ਤੇ ਕਿਵੇਂ ਵੀ ਕਰ ਸਕਦੀ ਹੈ। ਉਹ ਪੂਰੀ ਤਰ੍ਹਾਂ ਪਿਤਰਕੀ ਪ੍ਰਬੰਧ ਨੂੰ ਜੁੱਤੀ ਦੀ ਨੋਕ ‘ਤੇ ਰੱਖਦੀ ਹੈ। ਆਪਣੇ ਦੋਵੇਂ ਪੁੱਤਰਾਂ ਨੂੰ ਵੀ ਆਪਣੇ ਅਨੁਸਾਰ ਢਾਲਣ ਦੀ ਇੱਛਾ ਰੱਖਦੀ ਹੈ।
ਨਾਵਲ ਦੀਆਂ ਪ੍ਰਵਾਸੀ ਔਰਤਾਂ ਕਲਿਆਣੀ ਤੇ ਗੋਮਤੀ ਵੀ ਸਾਮ, ਦਾਮ, ਦੰਡ ਭੇਦ ਰਾਹੀਂ ਆਪਣੇ ਅਕੀਦੇ ਪੂਰੇ ਕਰਨ ਦੀਆਂ ਚਾਹਵਾਨ ਹਨ। ਇਸ ਲਈ ਉਨ੍ਹਾਂ ਨੂੰ ਇੱਕ ਕਿੱਲੇ ਨਾਲ ਬੱਝੇ ਰਹਿਣਾ ਮਨਜ਼ੂਰ ਨਹੀਂ ਹੈ। ਇਹ ਪਾਤਰ ਛੋਟੇ-ਮੋਟੇ ਕੰਮਾਂ ਡੇਅਰੀ, ਦੁੱਧ ਵੇਚਣ, ਛੋਟੀ ਮੋਟੀ ਦੁਕਾਨਦਾਰੀ, ਪਾਨ ਬੀੜੀ ਵੇਚਣ ਜਿਹੇ ਕੰਮ ਕਰਦਿਆਂ ਆਪਣੇ ਵੱਡੇ ਕਾਰੋਬਾਰ ਸੈੱਟ ਕਰਦੀਆਂ ਹਨ। ਇਹ ਦੋਵੇਂ ਪੰਜਾਬ ‘ਚ ਕੰਮ ਕਰਦੀ ਪ੍ਰਵਾਸੀ ਲੇਬਰ ਦੀ ਭਰਵੀਂ ਪ੍ਰਤੀਨਿਤਾ ਕਰਦੀਆਂ ਹਨ। ਇਹ ਲੇਬਰ ਖੇਤੀ, ਉਸਾਰੀ, ਦੁਕਾਨਦਾਰੀ ਅਤੇ ਵਪਾਰ ਜਿਹੇ ਕਿੱਤੇ ਕਰਦੀ ਹੈ। ਕਿਸੇ ਤਰ੍ਹਾਂ ਦੀ ਵੀ ਮਿਹਨਤ ਮੁਸ਼ੱਕਤ ਉਨ੍ਹਾਂ ਲਈ ਸ਼ਰਮਿੰਦਗੀ ਦਾ ਕਾਰਨ ਨਹੀਂ, ਜੋ ਕਿ ਸਥਾਨਕ ਪੰਜਾਬੀ ਲੇਬਰ ਲਈ ਹੁੰਦਾ ਹੈ। ਕਲਿਆਣੀ ਵੀ ਦਬੰਗ ਪਾਤਰ ਹੈ। ਉਹ ਨਿੰਜੇ ਅਤੇ ਜੋਰੇ ਨੂੰ ਉਂਗਲਾਂ ‘ਤੇ ਨਚਾਉਂਦੀ ਹੈ। ਉਹ ਆਪਣਾ ਗੌਂਅ ਕੱਢਣ ਤੋਂ ਬਾਅਦ ਕਿਸੇ ਨੂੰ ਵੀ ਠੇਂਗਾ ਦਿਖਾ ਸਕਦੀ ਹੈ। ਨਾਵਲਕਾਰ ਨੇ ਇਸੇ ਪਾਤਰ ਰਾਹੀਂ ਪੰਜਾਬ ‘ਚ ਕੰਮ ਕਰਦੀ ਪ੍ਰਵਾਸੀ ਲੇਬਰ ਸਦਕਾ ਸਮਾਜ ਅੰਦਰ ਆ ਰਹੀਆਂ ਸੱਭਿਆਚਾਰਕ ਤਬਦੀਲੀਆਂ ਦੀ ਨਿਸ਼ਾਨਦੇਹੀ ਕੀਤੀ ਹੈ। ਕਲਿਆਣੀ ਆਪਣੇ ਪੁੱਤਰ ਨੂੰ ਸਿੱਖ ਬਣਾਉਂਦੀ ਹੈ ਤੇ ਉਸਦਾ ਵਿਆਹ ਸ਼ੀਸ਼ੋ ਦੀ ਕੁੜੀ ਨਾਲ ਹੁੰਦਾ ਹੈ ਜੋ ਅਸਲ ਵਿਚ ਹਵੇਲੀ ਵਾਲੀ ਜਗੀਰਦਾਰਨੀ ਗੁਰੋ ਦੇ ਪੁੱਤਰ ਦੀ ਹੀ ਅੰਸ਼ ਹੈ। ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਸਰਕਾਰੀ ਸਕੂਲਾਂ ‘ਚ ਪੰਜਾਬੀ ਪੜ੍ਹਦੇ ਹਨ। ਇਥੋਂ ਦੇ ਸੱਭਿਆਚਾਰ ਨੂੰ ਅਪਣਾਉਂਦੇ ਹਨ। ਇਥੋਂ ਦੀ ਰਹਿਤਲ ‘ਚ ਰਚ-ਮਿਚ ਗਏ ਹਨ। ਇਥੋਂ ਤੱਕ ਕਿ ਇਥੋਂ ਦੇ ਟਕਸਾਲੀ ਧਰਮ ‘ਚ ਵੀ ਉਨ੍ਹਾਂ ਦੀ ਦਖ਼ਲ ਅੰਦਾਜ਼ੀ ਹੋਣ ਲੱਗੀ ਹੈ। ਇਸ ਤਰ੍ਹਾਂ ਪੰਜਾਬ ਦੀ ਡੈਮੋਗਰਾਫਿਕ ਤਬਦੀਲੀ ਨੂੰ ਨਾਵਲਕਾਰ ਨੇ ਇਨ੍ਹਾਂ ਔਰਤ ਪਾਤਰਾਂ ਰਾਹੀਂ ਭਰਪੂਰਤਾ ਨਾਲ ਪੇਸ਼ ਕੀਤਾ ਹੈ।
ਕਜ਼ਾਕ ਦੀਆਂ ਉਕਤ ਜਾਂ ਸ਼ੀਸ਼ੋ ਵਰਗੀਆਂ ਹੋਰ ਨਾਰੀ ਪਾਤਰ ਮਕਾਨਕੀ ਕਿਸਮ ਦੀਆਂ ਨਹੀਂ ਹਨ। ਉਨ੍ਹਾਂ ਦੇ ਅਜਿਹੇ ਸੁਭਾਅ ਐਵੇਂ ਹੀ ਨਹੀਂ ਚਿਤਰ ਦਿੱਤੇ ਗਏ। ਉਨ੍ਹਾਂ ਅੰਦਰਲੀ ਬਾਗੀ ਨਾਰੀ ਨੂੰ ਬਾਗੀਆਨਾ ਸੁਰ ਸਮਾਜ ਨੇ ਹੀ ਦਿੱਤੀ ਹੈ। ਰੂਪ ਕੌਰ ਤੇ ਗੁਰੋ ਵਰਗੀਆਂ ਔਰਤਾਂ ਜਗੀਰਦਾਰੀ ਤੇ ਰਜਵਾੜਾਸ਼ਾਹੀ ਦੇ ਅਯਾਸ਼ ਮਰਦ ਸਮਾਜ ਦੀ ਹੀ ਉਪਜ ਹਨ। ਕਲਿਆਣੀ ਤੇ ਗੋਮਤੀ ਵਰਗੀਆਂ ਕੁਦੇਸਣਾਂ ਜੇ ਵਸਤ ਵਾਂਗ ਵਿਕ ਕੇ ਇਕ ਤੋਂ ਦੂਜੀ ਬੁੱਕਲ਼ ਵਿਚ ਜਾਂਦੀਆਂ ਹਨ ਤਾਂ ਉਨ੍ਹਾਂ ਤੋਂ ਕਿਸੇ ਕਿਸਮ ਦੇ ਨੈਤਿਕ ਮੁੱਲਾਂ ਦੀ ਆਸ ਕਰਨੀ ਫਜ਼ੂਲ ਲੱਗਦੀ ਹੈ।
ਨਾਵਲ ਦਾ ਕੈਨਵਸ ਵੱਡਾ ਅਕਾਰੀ ਤੇ ਬਹੁਪਰਤੀ ਹੈ। ਨਾਵਲ ਦਾ ਨਾਇਕ ਕੋਈ ਮਰਦ ਜਾਂ ਔਰਤ ਪਾਤਰ ਨਹੀਂ ਬਲਕਿ ਸਮਾਂ ਹੈ। ਇਹ ਸਮਾਂ ਹੀ ਹੈ ਜਿਸਨੇ ਵੱਡੀਆਂ ਕਾਬਜ਼ ਧਿਰਾਂ ਨੂੰ ਗੋਡਿਆਂ ਪਰਨੇ ਕਰ ਦਿੱਤਾ ਹੈ। ਇਹ ਸਮਾਂ ਹੀ ਹੈ ਜਿਸਨੇ ਕਿਰਤੀ ਸ਼੍ਰੇਣੀਆਂ ਨੂੰ ਅਗਰਭੂਮੀ ਵਿਚ ਲਿਆਂਦਾ ਹੈ। ਬਿਨਾਂ ਕੋਈ ਆਦਰਸ਼ ਸਿਰਜਿਆਂ ਜਾਂ ਵਿਚਾਰਧਾਰਾ ਦਾ ਪ੍ਰਚਾਰ ਕਰਦਿਆਂ ਮਹਿਜ ਢਾਈ ਸੌ ਪੰਨਿਆਂ ਵਿਚ ਹੀ ਕਿਰਪਾਲ ਕਜ਼ਾਕ ਜੀ ਨੇ ਬੀਤੇ ਅੱਠ ਦਹਾਕਿਆਂ ਦੌਰਾਨ ਪੰਜਾਬ ਦੀ ਸਮਾਜਿਕ ਆਰਥਿਕ ਤੇ ਸੱਭਿਆਚਾਰਕ ਸਥਿਤੀ ‘ਚ ਆਈ ਤਬਦੀਲੀ ਨੂੰ ਆਪਣੀਆਂ ਵਿਲੱਖਣ ਤੇ ਰੌਚਿਕ ਬਿਰਤਾਂਤਕ ਜੁਗਤਾਂ ਰਾਹੀਂ ਚਿਤਰਿਆ ਹੈ। ਅਜਿਹਾ ਕਾਰਜ ਕੇਵਲ ਤੇ ਕੇਵਲ ਕਿਰਪਾਲ ਕਜ਼ਾਕ ਵਰਗਾ ਚੇਤੱਨ ਬੁੱਧ ਲੇਖਕ ਹੀ ਕਰ ਸਕਦਾ ਸੀ। ਪੰਜਾਬ ਦੀ ਅਜੋਕੀ ਚਿੰਤਾਮਈ ਤਸਵੀਰ ਪਾਠਕਾਂ ਅੱਗੇ ਰੱਖਦਿਆਂ ਉਸਨੇ ਉਨ੍ਹਾਂ ਅੰਦਰ ਭਾਵੁਕਤਾ ਨਹੀਂ ਵੱਡੇ ਸਵਾਲ ਪੈਦਾ ਕਰਨ ‘ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਨਾਵਲ ਦੇ ਅੰਤ ਤੱਕ ਪੁੱਜਦਿਆਂ ਪਾਠਕ ਪੰਜਾਬ ਦੀ ਉਲਝੀ ਤੰਦ ਤਾਣੀ, ਵਿਗੜਦੇ ਸੱਭਿਆਚਾਰਕ ਮੁਹਾਂਦਰੇ ਅਤੇ ਗਰਕ ਰਹੀ ਸਮਾਜਿਕ-ਆਰਥਿਕ ਸਥਿਤੀ ਨੂੰ ਸੁਧਾਰਨ ਲਈ ਤੀਬਰਤਾ ਨਾਲ ਸੋਚਣ ਲੱਗਦਾ ਹੈ।