ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਦੇ ਸੁੰਦਰ ਦ੍ਰਿਸ਼ ਨੂੰ ਹੋਰ ਮਨਮੋਹਕ ਬਣਾਉਣ ਲਈ ਹੁਣ ਇਥੇ ਤਕਰੀਬਨ 20 ਕਰੋੜ ਰੁਪਏ ਦੀ ਲਾਗਤ ਨਾਲ ਅਤਿ ਆਧੁਨਿਕ ਲਾਈਟ ਪ੍ਰਣਾਲੀ ਸਥਾਪਤ ਕੀਤੀ ਜਾਵੇਗੀ ਜੋ ਵੱਖ-ਵੱਖ ਮੌਕਿਆਂ ਮੁਤਾਬਕ ਰੰਗ ਬਦਲ ਕੇ ਆਪਣਾ ਵਿਸ਼ੇਸ਼ ਪ੍ਰਭਾਵ ਦੇਵੇਗੀ। ਅਜਿਹੀ ਆਧੁਨਿਕ ਲਾਈਟ ਪ੍ਰਣਾਲੀ ਏਸ਼ੀਆਈ ਮੁਲਕਾਂ ਵਿਚ ਬਹੁਤ ਘੱਟ ਥਾਵਾਂ ‘ਤੇ ਵਰਤੀ ਗਈ ਹੈ। ਇਹ ਅਤਿ ਆਧੁਨਿਕ ਲਾਈਟਾਂ ਵਿਦੇਸ਼ ਤੋਂ ਮੰਗਵਾਈਆਂ ਜਾਣਗੀਆਂ ਜਿਨ੍ਹਾਂ ਨੂੰ ਕੰਪਿਊਟਰ ਪ੍ਰੋਗਰਾਮ ਰਾਹੀਂ ਸੰਚਾਲਤ ਕੀਤਾ ਜਾਵੇਗਾ। ਇਹ ਲਾਈਟਾਂ ਵਿਸ਼ੇਸ਼ ਮੌਕਿਆਂ ਗੁਰਪੁਰਬਾਂ ‘ਤੇ ਵੱਖ-ਵੱਖ ਰੰਗਾਂ ਦੇ ਪ੍ਰਭਾਵ ਦੇਣਗੀਆਂ। ਇਨ੍ਹਾਂ ਦੀ ਸਥਾਪਨਾ ਨਾਲ ਇਥੇ ਬਿਜਲੀ ਦੇ ਬਲਬਾਂ ਦੀਆਂ ਲੜੀਆਂ ਲਾ ਕੇ ਦੀਪ ਮਾਲਾ ਕਰਨ ਦਾ ਰੁਝਾਨ ਵੀ ਖ਼ਤਮ ਹੋ ਜਾਵੇਗਾ।
ਇਹ ਨਵੀਆਂ ਲਾਈਟਾਂ ਲਾਉਣ ਦੇ ਕੰਮ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਅਜਿਹੀਆਂ ਲਾਈਟਾਂ ਇਸ ਵੇਲੇ ਦੁਬਈ ਵਿਚ ਸਥਾਪਤ ਹਨ ਜਿਨ੍ਹਾਂ ਨੂੰ ਹੁਣ ਇਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਥਾਪਤ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ 20 ਕਰੋੜ ਰੁਪਏ ਦੀ ਇਸ ਯੋਜਨਾ ਨੂੰ ਹਰੀ ਝੰਡੀ ਦਿੱਤੀ ਜਾ ਚੁੱਕੀ ਹੈ ਤੇ ਇਸ ਬਾਰੇ ਮਾਹਿਰ ਕੰਪਨੀ ਵੱਲੋਂ ਸਰਵੇਖਣ ਵੀ ਮੁਕੰਮਲ ਕੀਤਾ ਜਾ ਚੁੱਕਾ ਹੈ।
ਇਸ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਇਹ ਆਧੁਨਿਕ ਲਾਈਟਾਂ ਸੱਚਖੰਡ ਦੇ ਅੰਦਰ ਤੇ ਬਾਹਰ, ਦਰਸ਼ਨੀ ਡਿਉਢੀ, ਪਰਿਕਰਮਾ, ਵਰਾਂਡੇ, ਸਰੋਵਰ ਦੇ ਅੰਦਰ ਤੇ ਬਾਹਰ, ਚਾਰੇ ਮੁੱਖ ਪ੍ਰਵੇਸ਼ ਦੁਆਰ, ਸ੍ਰੀ ਅਕਾਲ ਤਖ਼ਤ, ਰਾਮਗੜ੍ਹੀਆ ਬੁੰਗੇ, ਸਰਾਵਾਂ, ਗੁਰਦੁਆਰਾ ਬਾਬਾ ਅਟੱਲ ਰਾਏ ਤੇ ਘੰਟਾ ਘਰ ਵਾਲੇ ਪਾਸੇ ਬਣ ਰਿਹਾ ਮੁੱਖ ਪ੍ਰਵੇਸ਼ ਦੁਆਰ ਪਲਾਜ਼ਾ ਤੇ ਹੋਰ ਥਾਵਾਂ ‘ਤੇ ਸਥਾਪਤ ਹੋਣਗੀਆਂ। ਇਹ ਕੰਮ ਦੋ ਪੜ੍ਹਾਵਾਂ ਵਿਚ ਮੁਕੰਮਲ ਹੋਵੇਗਾ।
ਸਲਾਹਕਾਰ ਕੰਪਨੀ ਦੇ ਮਾਹਰ ਸਰਵਦੀਪ ਬਸੂਰ ਮੁਤਾਬਕ ਇਨ੍ਹਾਂ ਅਤਿ ਆਧੁਨਿਕ ਲਾਈਟਾਂ ਦਾ ਪ੍ਰਭਾਵ ਸ਼ਾਂਤ ਤੇ ਠੰਡਕ ਵਾਲਾ ਹੋਵੇਗਾ ਜਦੋਂਕਿ ਮੌਜੂਦਾ ਲਾਇਟ ਪ੍ਰਣਾਲੀ ਦੇ ਤਾਪ ਕਾਰਨ ਸੋਨੇ ਤੇ ਪੱਥਰ ‘ਤੇ ਮਾੜਾ ਅਸਰ ਪੈ ਰਿਹਾ ਹੈ। ਇਹ ਲਾਈਟ ਪ੍ਰਣਾਲੀ ਲੁਕਵੇਂ ਰੂਪ ਵਿਚ ਸਥਾਪਤ ਹੋਵੇਗੀ ਤੇ ਦਿਨ ਸਮੇਂ ਕੋਈ ਬਲਬ ਜਾਂ ਤਾਰ ਆਦਿ ਦਿਖਾਈ ਨਹੀਂ ਦੇਵੇਗਾ। ਕੁਝ ਲਾਈਟਾਂ ਸਰੋਵਰ ਅੰਦਰ ਤੇ ਕੁਝ ਬਾਹਰ ਹੋਣਗੀਆਂ।
ਸਰੋਵਰ ਅੰਦਰ ਸਥਾਪਤ ਹੋਣ ਵਾਲੀਆਂ ਲਾਈਟਾਂ ਸੱਚਖੰਡ ਦੀ ਇਮਾਰਤ ‘ਤੇ ਵਿਸ਼ੇਸ਼ ਪਾਣੀ ਵਾਲਾ ਪ੍ਰਭਾਵ ਦੇਣਗੀਆਂ। ਪਹਿਲਾ ਪੜਾਅ 15 ਦਸੰਬਰ ਤੋਂ ਸ਼ੁਰੂ ਕਰਨ ਦੀ ਯੋਜਨਾ ਹੈ ਜੋ 15 ਮਾਰਚ ਤੱਕ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਤੋਂ ਬਾਅਦ ਅਗਲੇ ਕੁਝ ਦਿਨਾਂ ਵਿਚ ਕੰਪਿਊਟਰ ਪ੍ਰੋਗਰਾਮ ਰਾਹੀਂ ਇਨ੍ਹਾਂ ਲਾਇਟਾਂ ਦੇ ਵੱਖ-ਵੱਖ ਪ੍ਰਭਾਵਾਂ ਦੇ ਤਜ਼ਰਬੇ ਕੀਤੇ ਜਾਣਗੇ ਤੇ ਅਪਰੈਲ ਮਹੀਨੇ ਵਿਚ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਦੇ ਮੌਕੇ ਇਨ੍ਹਾਂ ਦੀ ਸ਼ੁਰੂਆਤ ਹੋਵੇਗੀ।
ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲਾਂ ਗੁਰਬਾਣੀ ਦੀਆਂ ਧੁੰਨਾਂ ਵਿਚ ਵਧੇਰੇ ਸਪੱਸ਼ਟਤਾ ਲਿਆਉਣ ਲਈ ਅਤਿ ਆਧੁਨਿਕ ਸਪੀਕਰ, ਮਾਈਕ ਤੇ ਹੋਰ ਸਾਜ਼ੋ ਸਾਮਾਨ ਕਰੋੜਾਂ ਰੁਪਏ ਦੀ ਲਾਗਤ ਨਾਲ ਬਦਲਿਆ ਗਿਆ ਹੈ। ਇਸ ਤੋਂ ਬਾਅਦ ਪ੍ਰਬੰਧਾਂ ਨੂੰ ਸੁਚਾਰੂ ਬਣਾਉਣ ਤੇ ਨਿਗਰਾਨੀ ਰੱਖਣ ਲਈ ਕਰੋੜਾਂ ਰੁਪਏ ਦੀ ਲਾਗਤ ਨਾਲ ਸੀæਸੀæਟੀæਵੀ ਕੈਮਰੇ ਤੇ ਜੈਮਰ ਆਦਿ ਸਥਾਪਤ ਕੀਤੇ ਗਏ ਹਨ ਤੇ ਹੁਣ 20 ਕਰੋੜ ਰੁਪਏ ਦੀ ਲਾਗਤ ਨਾਲ ਸਮੁੱਚੀ ਲਾਈਟ ਪ੍ਰਣਾਲੀ ਨੂੰ ਬਦਲਿਆ ਜਾ ਰਿਹਾ ਹੈ।
______________________________________
ਦਰਬਾਰ ਸਾਹਿਬ ਵਿਚ ਵੀ ਲੱਗਣਗੇ ਕੈਮਰੇ
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੁਣ ਦਰਬਾਰ ਸਾਹਿਬ ਵਿਖੇ ਵੀ ਸੀæਸੀæਟੀæਵੀ ਕੈਮਰੇ ਲਾਏ ਜਾ ਰਹੇ ਹਨ। ਨਵੇਂ ਕੈਮਰੇ ਤੇ ਹੋਰ ਸਾਜੋ ਸਾਮਾਨ ਅਮਰੀਕਾ ਤੋਂ ਮੰਗਵਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਇਹ ਕੈਮਰੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ, ਸ਼੍ਰੋਮਣੀ ਕਮੇਟੀ, ਸ੍ਰੀ ਗੁਰੂ ਰਾਮ ਦਾਸ ਲੰਗਰ ਹਾਲ, ਸੂਚਨਾ ਕੇਂਦਰ, ਦਰਸ਼ਨੀ ਡਿਊੜੀ, ਮੁੱਖ ਦੁਆਰ, ਦੁੱਖ ਭੰਜਨੀ ਬੇਰੀ, ਕੜਾਹ ਪ੍ਰਸ਼ਾਦਿ ਤੇ ਹੋਰ ਵੱਖ-ਵੱਖ ਅਹਿਮ ਥਾਵਾਂ ‘ਤੇ ਲਾਏ ਜਾ ਚੁੱਕੇ ਹਨ।
ਇਨ੍ਹਾਂ ਕੈਮਰਿਆਂ ਦੀ ਮਦਦ ਨਾਲ ਵੱਡੀ ਗਿਣਤੀ ਵਿਚ ਜੇਬ ਤਰਾਸ਼ਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਮੋਟੀ ਰਕਮ ਬਰਾਮਦ ਕੀਤੀ ਜਾ ਚੁੱਕੀ ਹੈ। ਇਸ ਤੋਂ ਛੁੱਟ ਇਕ ਬੱਚੇ ਨੂੰ ਅਗਵਾ ਕਰਨ ਵਾਲੇ ਦੋਸ਼ੀ ਵੀ ਪੁਲਿਸ ਨੇ ਕੈਮਰਿਆਂ ਦੀ ਮਦਦ ਨਾਲ ਕਾਬੂ ਕਰਕੇ ਬੱਚਾ ਵਾਰਸਾਂ ਹਵਾਲੇ ਕੀਤਾ ਸੀ। ਤਿੰਨ ਸਾਲ ਪਹਿਲਾਂ ਲਾਏ ਗਏ ਕੈਮਰਿਆਂ ਨਾਲ ਚੋਰੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਈ ਹੈ ਤੇ ਹੁਣ ਸੀæਸੀæਟੀæਵੀ ਕੈਮਰਿਆਂ ਦਾ ਘੇਰਾ ਵਿਸ਼ਾਲ ਕੀਤਾ ਜਾ ਰਿਹਾ ਹੈ।
Leave a Reply