ਸਿੱਖੀ ਪਛਾਣ ਦਾ ਪੈਗ਼ਾਮ-ਦੌੜਾਕ ਗੁਰਦਿਆਲ ਸਿੰਘ ਸੁੰਨੜ

ਸੁਪਨਾ ਲੈਣ ਅਤੇ ਇਸਨੂੰ ਪੂਰਾ ਕਰਨ ਦੀ ਕੋਈ ਨਿਸ਼ਚਿਤ ਉਮਰ ਨਹੀਂ ਹੁੰਦੀ। ਸੁਪਨਾ ਕਿਸੇ ਵੀ ਉਮਰ ਵਿਚ ਪੂਰਾ ਕੀਤਾ ਜਾ ਸਕਦੈ। ਖਾਸ ਕਰਕੇ ਜਦ ਇਹ ਸੁਪਨਾ ਦੌੜਾਂ ਰਾਹੀਂ ਸਿੱਖ ਕੌਮ ਦੀ ਪਛਾਣ ਨੂੰ ਅਮਰੀਕਾ ਵਿਚ ਵੱਸਦੀਆਂ ਬਾਕੀ ਕਮਿਊਨਿਟੀਆਂ ਵਿਚ ਪਹੁੰਚਾਣਾ ਹੋਵੇ।

ਅਜੇਹੇ ਸੁਪਨੇ ਦੇ ਸੱਚ ਦਾ ਸਿਰਨਾਵਾਂ ਹੈ, ਕਪੂਰਥਲੇ ਦੇ ਪਿੰਡ ਸੁੰਨੜਾਂ ਦਾ ਜੰਮਪਲ, ਕਲੀਵਲੈਂਡ (ਓਹਾਈਓ) ਦਾ ਬਿਜ਼ਨੈਸਮੈਨ ਗੁਰਦਿਆਲ ਸਿੰਘ ਸੁੰਨੜ, ਜਿਸਨੇ ਅਮਰੀਕਾ ਅਤੇ ਕੈਨੇਡਾ ਵਿਚ ਸੀਨੀਅਰ ਵਰਗ ਵਿਚ 5 ਕਿਲੋਮੀਟਰ, ਦਸ ਕਿਲੋਮੀਟਰ, 1000 ਮੀਟਰ, 800 ਮੀਟਰ, 400 ਮੀਟਰ ਅਤੇ 200 ਮੀਟਰ ਦੀਆਂ ਦੌੜਾਂ ਵਿਚ ਜਿੱਤਾਂ ਪ੍ਰਾਪਤ ਕਰਕੇ ਸਿੱਖੀ ਪਛਾਣ ਨੂੰ ਉਜਾਗਰ ਕੀਤਾ ਹੈ।
ਰਣਧੀਰ ਕਾਲਜ ਕਪੂਰਥਲਾ ਵਿਚ ਪੜ੍ਹਦਿਆਂ ਵੱਖ-ਵੱਖ ਵਰਗਾਂ ਦੀਆਂ ਦੌੜਾਂ ਜਿੱਤਣ ਵਾਲੇ ਗੁਰਦਿਆਲ ਸਿੰਘ ਨੇ 1983 ਵਿਚ ਬੀਏ ਕੀਤੀ ਅਤੇ ਫਿਰ ਈਟੀਟੀ ਵੀ ਕੀਤੀ। ਪਰ ਬੇਰੁਜ਼ਗਾਰੀ ਅਤੇ ਪੰਜਾਬ ਦੇ ਮਾੜੇ ਹਾਲਾਤਾਂ ਤੋਂ ਸਤਾਇਆ, ਉਹ ਅਮਰੀਕਾ ਆ ਗਿਆ। 1996 ਤੋਂ ਉਹ ਕਲੀਵਲੈਂਡ ਵਿਚ ਰਹਿ ਰਿਹਾ ਹੈ। ਬਹੁਤ ਵਧੀਆ ਬਿਜ਼ਨੈਸਮੈਨ ਅਤੇ ਸਮਾਜਿਕ ਕਾਰਜਾਂ ਵਿਚ ਮੁਹਰੀ ਹੁੰਦਾ ਹੈ।
ਗੁਰਦਿਆਲ ਸਿੰਘ ਨੇ ਦੌੜਾਂ ਵਿਚ ਭਾਗ ਲੈਣ ਦੀ ਸ਼ੁਰੂਆਤ 2015 ਵਿਚ ਨਿਊਯਾਰਕ ਤੋਂ ਸ਼ੁਰੂ ਕੀਤੀ ਅਤੇ ਪਹਿਲੇ ਸਥਾਨ ‘ਤੇ ਰਿਹਾ। ਜ਼ਿਕਰਯੋਗ ਹੈ ਕਿ ਉਸਦਾ ਬੇਟਾ, ਨੂੰਹ ਤੇ ਬੇਟੀ ਵੀ ਦੌੜਾਂ ਵਿਚ ਭਾਗ ਲੈਂਦੇ ਹਨ। ਉਹ ਯੂ.ਐਸ. ਟਰੈਕ ਅਤੇ ਫੀਲਡ ਸੰਸਥਾ ਦਾ ਮੈਂਬਰ ਹੈ ਅਤੇ ਇਸ ਸੰਸਥਾ ਵਲੋਂ ਕਰਵਾਏ ਜਾਂਦੇ ਦੌੜਾਂ ਦੇ ਮੁਕਾਬਲਿਆਂ ਵਿਚ ਭਾਗ ਲੈਂਦਾ ਹੈ। ਓਹਾਇਓ ਸਟੇਟ ਵਲੋਂ ਕਰਵਾਏ ਸੀਨੀਅਰ ਮੁਕਾਬਲਿਆਂ ਵਿਚ ਉਸਨੇ ਦੋ ਸੋਨੇ ਦੇ ਮੈਡਲ ਜਿੱਤੇ। ਯੂ.ਐਸ. ਟਰੈਕ ਅਤੇ ਫੀਲਡ ਵਲੋਂ ਜਨੇਵਾ ਵਿਚ ਹੋਈਆਂ ਅਮਰੀਕਨ ਓਲੰਪਿਕ ਸੀਨੀਅਰ ਗੇਮਜ਼ ਦੌੜਾਂ ਵਿਚ ਉਸਨੇ 5 ਸੋਨੇ ਦੇ ਅਤੇ ਇਕ ਸਿਲਵਰ ਮੈਡਲ ਜਿੱਤਿਆ। ਮਾਂਟਰੀਅਲ ਵਿਚ ਕਰਵਾਈਆਂ ਗਈਆਂ ਉਤਰੀ ਅਮਰੀਕਨ ਸੀਨੀਅਰ ਗੇਮਾਂ ਵਿਚ ਉਸਨੇ 10,000 ਮੀਟਰ, 5000 ਮੀਟਰ, 1000 ਮੀਟਰ, 800 ਮੀਟਰ, 400 ਮੀਟਰ, 400 ਮੀਟਰ ਰਿਲੇਅ ਵਿਚ 6 ਮੈਡਲ ਜਿੱਤ ਕੇ, ਦਸਤਾਰਧਾਰੀ ਸਿੱਖ ਵਜੋਂ ਜਿੱਤ ਦੇ ਝੰਡੇ ਗੱਡੇ। ਦੌੜਾਂ ਵਿਚ ਆਪਣੀ ਸਿਰੜ ਸਾਧਨਾ ਨਾਲ ਹੁਣ ਤੱਕ ਉਹ 18 ਗੋਲਡ ਮੈਡਲਾਂ ਸਮੇਤ 233 ਮੈਡਲ ਜਿੱਤ ਚੁੱਕਾ ਹੈ।
ਗੁਰਦਿਆਲ ਸਿੰਘ ਹੁਣ ਤੱਕ ਨਿਊਯਾਰਕ, ਮਿਸ਼ੀਗਨ, ਨਾਰਥ ਕੈਰੋਲਾਈਨਾ, ਪੈਨਸੈਲਵੇਨੀਆ, ਨਿਊਜਰਸੀ, ਓਹਾਈਓ ਸਮੇਤ ਵੱਖ ਵੱਖ ਸਟੇਟਾਂ ਵਿਚ ਭਾਗ ਲੈ ਕੇ ਆਪਣੀਆਂ ਜਿੱਤਾਂ ਦਾ ਪ੍ਰਚਮ ਲਹਿਰਾ ਚੁੱਕਾ ਹੈ। ਉਸਨੂੰ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਸਭਿਆਚਾਰਕ ਸੰਸਥਾਵਾਂ ਵਲੋਂ ਉਸਦੀਆਂ ਦੌੜਾਂ ਵਿਚ ਉਪਲਬਧੀਆਂ ਲਈ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸਭ ਤੋਂ ਖੂਬਸੂਰਤ ਗੱਲ ਹੈ ਕਿ ਉਹ ਦਸਤਾਰਧਾਰੀ ਸਿੱਖ ਦੌੜਾਕ ਹੋਣ ਕਰਕੇ, ਸਿੱਖ ਪਛਾਣ ਦਾ ਪ੍ਰਤੀਕ ਬਣ ਚੁੱਕਾ ਹੈ।
ਆਸ ਹੈ ਕਿ 65 ਸਾਲ ਦੀ ਉਮਰ ਵਿਚ ਨੌਜਵਾਨਾਂ ਵਾਲੇ ਜੋਸ਼ ਅਤੇ ਜਨੂੰਨ ਨਾਲ ਭਰਿਆ, ਸਾਊ ਦਿੱਖ ਵਾਲਾ ਗੁਰਦਿਆਲ ਸਿੰਘ ਦੌੜਾਂ ਜਿੱਤਦਾ, ਇਕ ਦਿਨ ਸੀਨੀਅਰ ਵਰਗ ਵਿਚ ਬਾਬਾ ਫੌਜਾ ਸਿੰਘ ਵਾਂਗ ਆਪਣਾ ਨਾਮ ਅਮਰੀਕਾ ਸਮੇਤ ਦੁਨੀਆਂ ਭਰ ਵਿਚ ਚਮਕਾਵੇਗਾ।