ਮਦੀਨਾ `ਚ ਹੋਏ ਸੜਕ ਹਾਦਸੇ ਵਿਚ 42 ਭਾਰਤੀਆਂ ਦੀ ਮੌਤ

ਨਵੀਂ ਦਿੱਲੀ:ਸਾਊਦੀ ਅਰਬ ‘ਚ ਮਦੀਨਾ ਕੋਲ ਐਤਵਾਰ ਤੇ ਸੋਮਵਾਰ ਦੀ ਦਰਮਿਆਨੀ ਰਾਤ ਇਕ ਬੱਸ ਤੇ ਤੇਲ ਟੈਂਕਰ ਦੀ ਟੱਕਰ ‘ਚ 42 ਭਾਰਤੀ ਜ਼ਾਇਰੀਨਾਂ ਦੀ ਮੌਤ ਹੋ ਗਈ। ਇਹ ਸਾਰੇ ਜ਼ਾਇਰੀਨ ਉਮਰਾ ਲਈ ਤੇਲੰਗਾਨਾ ਤੋਂ ਸਾਊਦੀ ਅਰਬ ਪੁੱਜੇ ਸਨ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਇਕ ਭਾਰਤੀ ਜਿਊਂਦਾ ਬਚਿਆ ਹੈ ਤੇ ਉਸ ਦਾ ਇਲਾਜ ਚੱਲ ਰਿਹਾ ਹੈ।

ਬੱਸ ‘ਚ ਸਵਾਰ ਦੋ ਸਥਾਨਕ ਸਹਾਇਕ ਵੀ ਇਸ ਹਾਦਸੇ ‘ਚ ਮਾਰੇ ਗਏ। ਇਹ ਹਾਦਸਾ ਮਦੀਨਾ ਤੋਂ ਲਗਪਗ 40 ਕਿਲੋਮੀਟਰ ਦੂਰ ਸਥਾਨਕ ਸਮੇਂ ਮੁਤਾਬਕ ਰਾਤ ਲਗਪਗ 11 ਵਜੇ (ਭਾਰਤੀ ਸਮੇਂ ਮੁਤਾਬਕ ਰਾਤ 1.30 ਵਜੇ) ਹੋਇਆ। ਬੱਸ ਸੜਕ ਕੰਢੇ ਰੁਕੀ ਹੋਈ ਸੀ ਤੇ ਇਸੇ ਦੌਰਾਨ ਇਕ ਤੇਲ ਟੈਂਕਰ ਬੱਸ ਨਾਲ ਟਕਰਾ ਗਿਆ, ਜਿਸ ਨਾਲ ਧਮਾਕਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਬੱਸ ਮੱਕਾ ਤੋਂ ਮਦੀਨਾ ਜਾ ਰਹੀ ਸੀ। ਸਾਊਦੀ ਅਧਿਕਾਰੀ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।
ਭਾਰਤੀ ਮਿਸ਼ਨ ਦੇ ਅਧਿਕਾਰੀ ਸਥਾਨਕ ਅਧਿਕਾਰੀਆਂ ਦੇ ਨਾਲ ਮਿਲ ਕੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਨ। ਤੇਲੰਗਾਨਾ ਹਜ ਕਮੇਟੀ ਨੇ ਦੱਸਿਆ ਕਿ ਮ੍ਰਿਤਕਾਂ ‘ਚ 10 ਬੱਚੇ ਵੀ ਸ਼ਾਮਲ ਹਨ। ਹੈਦਰਾਬਾਦ ਦੇ ਪੁਲਿਸ ਕਮਿਸ਼ਨਰ ਵੀਸੀ ਸੱਜਨਾਰ ਨੇ ਕਿਹਾ ਕਿ ਸ਼ਹਿਰ ਤੋਂ ਕੁੱਲ 54 ਲੋਕ ਪਿਛਲੇ ਦਿਨੀਂ ਉਮਰਾ ਲਈ ਸਾਊਦੀ ਅਰਬ ਗਏ ਸਨ। ਉਨ੍ਹਾਂ ਨੇ 23 ਨਵੰਬਰ ਨੂੰ ਮੁੜਨਾ ਸੀ। ਜੇਦਾ ਸਥਿਤ ਭਾਰਤੀ ਮਿਸ਼ਨ ਨੇ ਸਹਾਇਤਾ ‘ਚ ਤਾਲਮੇਲ ਲਈ ਇਕ ਕੰਟਰੋਲ ਰੂਮ ਸਥਾਪਿਤ ਕੀਤਾ ਹੈ ਤੇ ਅਧਿਕਾਰੀਆਂ ਨੂੰ ਹਾਦਸੇ ਵਾਲੀ ਥਾਂ ‘ਤੇ ਭੇਜਿਆ ਹੈ। ਭਾਰਤੀ ਦੂਤਘਰ ਦੇ ਅਧਿਕਾਰੀ ਲਗਾਤਾਰ ਪੀੜਤ ਪਰਿਵਾਰਾਂ ਤੇ ਸਥਾਨਕ ਅਧਿਕਾਰੀਆਂ ਦੇ ਨਾਲ ਸੰਪਰਕ ‘ਚ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤੇ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਨੇ ਹਾਦਸੇ ‘ਤੇ ਦੁੱਖ ਪ੍ਰਗਟਾਇਆ ਹੈ।
ਇਕੋ ਹੀ ਪਰਿਵਾਰ ਦੇ 18 ਮੈਂਬਰ ਸਵਾਰ ਸਨ ਬੱਸ ‘ਚ
ਹਾਦਸਾਗ੍ਰਸਤ ਬੱਸ ‘ਚ ਹੈਦਰਾਬਾਦ ਦੇ ਇਕ ਹੀ ਪਰਿਵਾਰ ਦੀ ਤਿੰਨ ਪੀੜ੍ਹੀਆਂ ਦੇ 18 ਮੈਂਬਰ ਸਵਾਰ ਸਨ। ਸੇਵਾ ਮੁਕਤ ਰੇਲਵੇ ਮੁਲਾਜ਼ਮ ਸ਼ੇਖ ਨਜ਼ੀਰੂਦੀਨ ਇਸ ਮੰਦਭਾਗੀ ਬੱਸ ਰਾਹੀਂ ਆਪਣੀ ਪਤਨੀ ਅਖ਼ਤਰ ਬੇਗਮ, ਪੁੱਤਰ ਸਲਾਊਦੀਨ, ਤਿੰਨ ਧੀਆਂ-ਅਮੀਨਾ, ਰਿਜ਼ਵਾਨਾਂ ਤੇ ਸ਼ਬਾਨਾ ਤੇ ਉਨ੍ਹਾਂ ਦੇ ਬੱਚਿਆਂ ਦੇ ਨਾਲ ਮਦੀਨਾ ਜਾ ਰਹੇ ਸਨ। ਨਜ਼ੀਰੂਦੀਨ ਦੇ ਭਤੀਜੇ ਮੁਹੰਮਦ ਅਸਲਮ ਨੇ ਕਿਹਾ ਕਿ ਇਹ ਇਕ ਹਾਦਸਾ ਸੀ ਜਾਂ ਕੀ ਹੋਇਆ, ਸਾਨੂੰ ਨਹੀਂ ਪਤਾ। ਨਜ਼ੀਰੂਦੀਨ ਦਾ ਇਕ ਹੋਰ ਪੁੱਤਰ ਇਸ ਸਮੇਂ ਅਮਰੀਕਾ ‘ਚ ਹੈ।