ਨਵੀਂ ਦਿੱਲੀ: ਦਿੱਲੀ ਬੰਬ ਧਮਾਕਾ ਮਾਮਲੇ ‘ਚ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ) ਨੇ ਸ੍ਰੀਨਗਰ ਵਿੱਚ ਜਸੀਰ ਬਿਲਾਲ ਵਾਨੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਆਤਮਘਾਤੀ ਹਮਲਾਵਰ ਉਮਰ ਉਨ ਨਬੀ ਦਾ ਇੱਕ ‘ਸਰਗਰਮ ਸਹਿ-ਸਾਜਿਸ਼ਕਰਤਾ’ ਹੈ। ਐਨ.ਆਈ.ਏ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਨੰਤਨਾਗ ਦੇ ਕਾਜ਼ੀਗੁੰਡ ਦੇ ਰਹਿਣ ਵਾਲੇ ਵਾਨੀ ਨੇ ਘਾਤਕ ਕਾਰ ਬੰਬ ਧਮਾਕੇ ਤੋਂ ਪਹਿਲਾਂ ਡਰੋਨਾਂ ਨੂੰ ਸੋਧ ਕੇ ਅਤੇ ਰਾਕੇਟ ਬਣਾਉਣ ਦੀ ਕੋਸ਼ਿਸ਼ ਕਰਕੇ ਅੱਤਵਾਦੀ ਹਮਲੇ ਕਰਨ ਲਈ ਕਥਿਤ ਤੌਰ’ਤੇ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਸੀ।
ਮ੍ਰਿਤਕਾਂ ਦੀ ਗਿਣਤੀ 15 ਹੋਈ
ਲਾਲ ਕਿਲ੍ਹੇ ਨੇੜੇ 10 ਨਵੰਬਰ ਨੂੰ ਹੋਏ ਧਮਾਕੇ ਦੇ 2 ਹੋਰ ਜ਼ਖ਼ਮੀਆਂ ਦੇ ਐੱਲ.ਐੱਨ. ਜੇ.ਪੀ. ਹਸਪਤਾਲ ‘ਚ ਦਮ ਤੋੜ ਜਾਣ ਦੇ ਬਾਅਦ ਮ੍ਰਿਤਕਾਂ ਦੀ ਗਿਣਤੀ ਵਧ ਕੇ 15 ਹੋ ਗਈ ਹੈ। ਸੋਮਵਾਰ ਨੂੰ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕਾਂ ਦੀ ਪਹਿਚਾਣ ਲੁਕਮਾਨ (50) ਅਤੇ ਵਿਨੇ ਪਾਠਕ ਵਜੋਂ ਹੋਈ ਹੈ । ਕਈ ਹੋਰ ਜ਼ਖ਼ਮੀ ਅਜੇ ਵੀ ਇਲਾਜ ਅਧੀਨ ਹਨ।
ਜਾਂਚ ਏਜੰਸੀ ਨੂੰ ‘ਸ਼ੂ ਬੰਬਾਰ’ ਹੋਣ ਦਾ ਖਦਸ਼ਾ
ਦਿੱਲੀ ਬੰਬ ਧਮਾਕੇ ਦੀ ਪੜਤਾਲ ਕਰ ਰਹੀ ਜਾਂਚ ਏਜੰਸੀ ਨੂੰ ‘ਜੈਸ਼-ਏ-ਮੁਹੰਮਦ’ ਦੇ ਅੱਤਵਾਦੀ ਡਾ. ਉਮਰ ਮੁਹੰਮਦ ਦੇ ‘ਸ਼ੂ ਬੰਬਾਰ’ ਹੋਣ ਦਾ ਖਦਸ਼ਾ ਹੈ, ਜਿਸ ਨੇ ਆਪਣੀ ਜੁੱਤੀ ‘ਚ ਲੁਕਾਏ ਖ਼ਤਰਨਾਕ ਵਿਸਫੋਟਕ ਟੀ.ਏ.ਟੀ.ਪੀ. ਨਾਲ ਹਮਲਾ ਕੀਤਾ। ਹਲਕਿਆਂ ਮੁਤਾਬਿਕ ਜਾਂਚ ਟੀਮ ਨੂੰ ਧਮਾਕੇ ਵਾਲੀ ਥਾਂ ਤੋਂ ਕਾਰ ਦੀ ਡ੍ਰਾਈਵਿੰਗ ਸੀਟ ‘ਤੇ ਇਕ ਜੁੱਤੀ ਮਿਲੀ, ਜਿਸ ‘ਚ ਅਮੋਨੀਅਮ ਨਾਈਟ੍ਰੇਟ ਅਤੇ ਟੀ.ਏ.ਟੀ.ਪੀ. ਦੇ ਨਿਸ਼ਾਨ ਮਿਲੇ ਹਨ। ਹਲਕਿਆਂ ਮੁਤਾਬਿਕ ਜਾਂਚ ਏਜੰਸੀ ਦਾ ਮੰਨਣਾ ਹੈ ਕਿ ਜੈਸ਼ ਦੇ ਅੱਤਵਾਦੀਆਂ ਨੇ ਵੱਡੇ ਧਮਾਕੇ ਦੀ ਯੋਜਨਾ ਲਈ ਭਾਰੀ ਮਾਤਰਾ ‘ਚ ਟੀ.ਏ.ਟੀ.ਪੀ. ਇਕੱਠਾ ਕੀਤਾ ਹੋਇਆ ਸੀ। ਇਸ ਤੋਂ ਇਲਾਵਾ ਕਾਰ ਦੀ ਪਿੱਛੇ ਦੀ ਸੀਟ ਦੇ ਹੇਠਾਂ ਵੀ ਵਿਸਫੋਟਕਾਂ ਦੇ ਸਬੂਤ ਮਿਲੇ ਹਨ। ਜ਼ਿਕਰਯੋਗ ਹੈ ਟੀ.ਏ.ਟੀ.ਪੀ. ਇਕ ਸ਼ਕਤੀਸ਼ਾਲੀ ਅਤੇ ਸੰਵੇਦਨਸ਼ੀਲ ਵਿਸਫੋਟਕ ਹੈ। ਬਿਨਾਂ ਰੰਗ ਅਤੇ ਮੁਸ਼ਕ ਵਾਲਾ ਇਹ ਪਦਾਰਥ ਛੋਟੇ ਝਟਕੇ ਜਾਂ ਗਰਮੀ ਨਾਲ ਵੀ ਫਟ ਸਕਦਾ ਹੈ। ਅੱਤਵਾਦੀ ਇਸ ਨੂੰ ‘ਮਦਰ ਆਫ਼ ਸ਼ੈਤਾਨ’ ਕਹਿੰਦੇ ਹਨ, ਕਿਉਂਕਿ ਇਹ ਬਣਾਉਣ ਵਾਲੇ ਨੂੰ ਵੀ ਮਾਰ ਸਕਦਾ ਹੈ। ਹਾਲਾਂਕਿ ਅੱਤਵਾਦੀ ਇਸ ਨੂੰ ਪਸੰਦ ਕਰਦੇ ਹਨ। ਹਲਕਿਆਂ ਮੁਤਾਬਿਕ ਧਮਾਕੇ ਦਾ ਪੈਟਰਨ ਦਸੰਬਰ 2001 ਦੇ ਰਿਕਾਰਡ ਰੀਡ ਮਾਮਲੇ ਨਾਲ ਮਿਲਦਾ-ਜੁਲਦਾ ਹੈ, ਜਦੋਂ ਪੈਰਿਸ-ਮਿਆਮੀ ਜਾ ਰਹੀ ਅਮਰੀਕੀ ਏਅਰਲਾਈਨਜ਼ ਦੀ ਉਡਾਣ ‘ਚ ਇਕ ‘ਸ਼ੂ ਬੰਬਰ’ ਨੇ ਟੀ.ਏ.ਟੀ.ਪੀ. ਨਾਲ ਧਮਾਕਾ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਸੀ। ਜਾਂਚ ਟੀਮ ਮੁਤਾਬਿਕ ਉਮਰ ਮੁਹੰਮਦ ਦਾ ਇਕ ਪੈਰ ਸਟੀਅਰਿੰਗ ਵ੍ਹੀਲ ਨਾਲ ਚਿਪਕਿਆ ਮਿਲਿਆ ਸੀ, ਉਸੇ ਤੋਂ ਹੀ ਡੀ.ਐਨ.ਏ. ਵੀ ਮਿਲਿਆ ਹੈ। ਹਾਲਾਂਕਿ ਇਸ ਨੂੰ ਸ਼ੁਰੂਆਤੀ ਸਬੂਤ ਮੰਨਿਆ ਜਾ ਰਿਹਾ ਹੈ।
ਅਦਾਲਤ ਨੇ ਦੋਸ਼ੀ ਆਮਿਰ ਨੂੰ 10 ਦਿਨਾਂ ਦੇ ਐਨ. ਆਈ. ਏ. ਰਿਮਾਂਡ ‘ਤੇ ਭੇਜਿਆ
ਰਾਸ਼ਟਰੀ ਪੜਤਾਲੀਆ ਏਜੰਸੀ (ਐਨ.ਆਈ.ਏ.) ਨੇ ਸੋਮਵਾਰ ਨੂੰ ਦਿੱਲੀ ਬੰਬ ਧਮਾਕੇ ਦੇ ਦੋਸ਼ੀ ਆਮਿਰ ਰਾਸ਼ਿਦ ਅਲੀ ਨੂੰ ਪਟਿਆਲਾ ਹਾਊਸ ਕੋਰਟ ‘ਚ ਪੇਸ਼ ਕੀਤਾ। ਸੁਣਵਾਈ ਤੋਂ ਬਾਅਦ ਅਦਾਲਤ ਨੇ ਆਮਿਰ ਨੂੰ 10 ਦਿਨਾਂ ਦੇ ਐਨ.ਆਈ. ਏ. ਦੀ ਰਿਮਾਂਡ ‘ਤੇ ਭੇਜ ਦਿੱਤਾ। ਧਮਾਕੇ ਲਈ ਇਸਤੇਮਾਲ ਕੀਤੀ ਗਈ ਹੁੰਡਈ ਆਈ 20 ਕਾਰ ਆਮਿਰ ਦੇ ਨਾਂਅ ‘ਤੇ ਰਜਿਸਟਰਡ ਸੀ। ਏਜੰਸੀ ਮੁਤਾਬਿਕ ਆਮਿਰ ਨੇ ਉਮਰ ਉਲ ਨਬੀ ਨੂੰ ਕਾਰ ਹਾਸਿਲ ਕਰਨ ‘ਚ ਮਦਦ ਕੀਤੀ ਸੀ । ਦਿੱਲੀ ਪੁਲਿਸ ਵਲੋਂ ‘ਵਰਸਿਟੀ ਦਾ ਚੇਅਰਮੈਨ ਤਲਬ ਦਿੱਲੀ ਪੁਲਿਸ ਨੇ ਅਲ ਫਲਾਹ ਯੂਨੀਵਰਸਿਟੀ ਦੇ ਚੇਅਰਮੈਨ ਜਾਵੇਦ ਅਹਿਮਦ ਸਿੱਦੀਕੀ ਨੂੰ ਤਲਬ ਕੀਤਾ ਹੈ। ਹਾਸਿਲ ਜਾਣਕਾਰੀ ਮੁਤਾਬਿਕ ਜਾਵੇਦ ਅਹਿਮਦ ਨੂੰ ਦੋ ਸੰਮਨ ਭੇਜੇ ਗਏ ਹਨ।
