ਗ਼ਦਰੀ ਬਾਬੇ ਕੌਣ ਸਨ?-4
ਭਾਰਤੀ ਆਜ਼ਾਦੀ ਦੇ ਇਤਿਹਾਸ ਦੇ ਮਿਸਾਲੀ ਘੋਲ ‘ਗਦਰ ਲਹਿਰ’ ਦਾ ਸ਼ਤਾਬਦੀ ਵਰ੍ਹਾ ਚੱਲ ਰਿਹਾ ਹੈ। 20ਵੀਂ ਸਦੀ ਦੇ ਅਰੰਭ ਵਿਚ ਇਨ੍ਹਾਂ ਗਦਰੀਆਂ ਨੇ ਬਰਤਾਨਵੀ ਹਕੂਮਤ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ ਸੀ। ਇਨ੍ਹਾਂ ਗਦਰੀਆਂ ਦੀ ਚਰਚਾ ਗਾਹੇ-ਬਗਾਹੇ ਹੁੰਦੀ ਰਹੀ ਹੈ ਅਤੇ ਸੰਜੀਦਾ ਜੁਝਾਰੂ ਲੋਕ ਉਨ੍ਹਾਂ ਦੀ ਵਿਰਾਸਤ ਨੂੰ ਅਗਾਂਹ ਤੋਰਨ ਦੇ ਆਹਰ ਵਿਚ ਵੀ ਲੱਗੇ ਰਹੇ ਹਨ। ਹੁਣ ਸ਼ਤਾਬਦੀ ਮੌਕੇ ਗਦਰੀਆਂ ਵੱਲੋਂ ਕੌਮੀ ਕਾਜ ਵਿਚ ਪਾਏ ਯੋਗਦਾਨ ਬਾਰੇ ਚਰਚਾ ਇਕ ਵਾਰ ਫਿਰ ਭਰਪੂਰ ਰੂਪ ਵਿਚ ਛਿੜੀ ਹੈ ਪਰ ਕੁਝ ਵਿਦਵਾਨ ਗਦਰ ਲਹਿਰ ਨੂੰ ਮਹਿਜ਼ ਸਿੱਖਾਂ ਤੱਕ ਸੀਮਤ ਕਰ ਰਹੇ ਹਨ। ਇਸ ਨੁਕਤਾ-ਨਿਗ੍ਹਾ ਤੋਂ ਕਹਾਣੀਕਾਰ ਵਰਿਆਮ ਸਿੰਘ ਸੰਧੂ ਦਾ ਲੰਮਾ ਲੇਖ ਪਹਿਲਾਂ ਪਾਠਕਾਂ ਦੀ ਨਜ਼ਰ ਕੀਤਾ ਜਾ ਚੁੱਕਾ ਹੈ। ਡਾæ ਸਰਬਜੀਤ ਸਿੰਘ ਦੀ ਲੇਖ ਲੜੀ ਦੀ ਇਹ ਚੌਥੀ ਅਤੇ ਆਖਰੀ ਕਿਸ਼ਤ ਹੈ। ਇਸ ਲੇਖ ਲੜੀ ਦੇ ਪ੍ਰਤੀਕਰਮ ਵਿਚ ਆਏ ਵਿਚਾਰਾਂ ਨੂੰ ਬਣਦੀ ਥਾਂ ਦਿੱਤੀ ਜਾਵੇਗੀ। -ਸੰਪਾਦਕ
ਡਾæ ਸਰਬਜੀਤ ਸਿੰਘ
ਫੋਨ: 91-98155-74144
ਅਜਮੇਰ ਸਿੰਘ ਆਪਣੀ ਪੁਸਤਕ ਵਿਚ ਇਕ ਹੋਰ ਪਹਿਲੂ ਉਪਰ ਬੇਇੰਤਹਾ ਜ਼ੋਰ ਦਿੰਦਾ ਹੈ ਕਿ ਗਦਰੀ ਬਾਬੇ ਜਿਸ ਸਪਿਰਟ ਨਾਲ ਲੜੇ, ਉਹ ਸਪਿਰਟ ਸਿੱਖੀ ਸਪਿਰਟ ਸੀ ਪਰ ਇਸ ਤਰ੍ਹਾਂ ਦੀ ਸਪਿਰਟ ਪੰਜਾਬੀਆਂ ਦੇ ਸੀਥੀਅਨ ਨਸਲ ਦਾ ਵਿਸ਼ੇਸ਼ ਗੁਣ ਹੈ। ਦੂਜਾ ਉਸ ਦਾ ਜ਼ੋਰ ਇਸ ਗੱਲ ‘ਤੇ ਹੈ ਕਿ ਗ਼ਦਰੀਆਂ ਦੀ ਸੰਥਿਆ ਸਿੱਖੀ ਵਿਚੋਂ ਤਲਾਸ਼ ਕਰਨੀ ਚਾਹੀਦੀ ਹੈ ਜਦਕਿ ਗਦਰੀ ਬਾਬੇ ਇਸ ਸੰਥਿਆ ਦੀ ਦੱਸ ਹੋਰ ਥਾਂ ‘ਤੇ ਪਾਉਂਦੇ ਹਨ। ਬਾਬਾ ਭਕਨਾ ‘ਮੇਰੀ ਰਾਮ ਕਹਾਣੀ’ ਵਿਚ ਦੱਸਦਾ ਹੈ, “ਮੇਰੀ ਜਾਚੇ ਤਾਂ ਖੁਦ ਲਾਲਾ ਹਰਦਿਆਲ ਵੀ ਕੰਮ ਕਰਨ ਦੇ ਢੰਗਾਂ ਤੋਂ ਅਨਜਾਣ ਸੀ ਅਤੇ ਫੇਰ ‘ਗ਼ਦਰ ਮਾਸਟਰ’ ਦੇ ਜਿਸ ਹਿੱਸੇ ਨੇ ਵਧੇਰੇ ਪੰਜਾਬੀਆਂ ਨੂੰ ਉਭਾਰਿਆ, ਉਹ ਕਵਿਤਾ ਦਾ ਹਿੱਸਾ ਸੀ ਜੋ ਮਗਰੋਂ ‘ਗ਼ਦਰ ਦੀ ਗੂੰਜ’ ਪੁਸਤਕ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ ਗਿਆ ਸੀ। ਹੁਣ ਇਸ ਕਵਿਤਾ ਜੋ ਠੇਠ ਪੰਜਾਬੀ ਵਿਚ ਹੁੰਦੀ ਸੀ, ਵਿਚ ਲਾਲਾ ਹਰਦਿਆਲ ਦੀ ਰਸਨਾ ਤੇ ਲੇਖਣੀ ਦਾ ਕੋਈ ਅੰਸ਼ ਨਹੀਂ ਸੀ। ਇਹ ਕਵਿਤਾ ਬਾਹਰੋਂ ਦੇਸ਼ ਭਗਤ ਬਣਾ ਕੇ ਘੱਲਦੇ ਸਨ ਜਾਂ ਭਾਈ ਹਰਨਾਮ ਸਿੰਘ ਲਾਟ ਜੋ ਆਸ਼ਰਮ ਵਿਚ ਕੰਮ ਕਰਨ ਵਾਲਾ ਪੁਰਾਣਾ ਦੇਸ਼ ਭਗਤ ਸੀ, ਤਿਆਰ ਕਰਦਾ ਸੀ। ਇਸ ਲਈ ਅਸੀਂ ਗਦਰ ਲਹਿਰ ਦਾ ਉਸਤਾਦ (ਪ੍ਰਿੰਸੀਪਲ) ਲਾਲਾ ਹਰਦਿਆਲ ਜਾਂ ਕਿਸੇ ਇਕ ਬੰਦੇ ਨੂੰ ਨਹੀਂ ਮੰਨ ਸਕਦੇ। ਇਹ ਲਹਿਰ ਦੇਸ਼ ਭਗਤਾਂ ਦੀ ਸਮੁੱਚੀ ਤਾਕਤ ਦਾ ਸਿੱਟਾ ਸੀ ਜਿਸ ਦੀ ਨੀਂਹ ‘ਆਜ਼ਾਦੀ ਤੇ ਬਰਾਬਰੀ’ ਉਤੇ ਸੀ।” (ਸੋਹਨ ਸਿੰਘ ਭਕਨਾ, ਮੇਰੀ ਰਾਮ ਕਹਾਣੀ, ਸਫਾ 136)
ਇਥੇ ਇਕ ਗੱਲ ਸਪੱਸ਼ਟ ਕਰਨੀ ਬਹੁਤ ਜ਼ਰੂਰੀ ਹੈ, ਜਿਸ ਨੂੰ ਸਿੱਖ ਵਿਸ਼ਲੇਸ਼ਣਕਾਰ ਵਿਗਾੜ ਕੇ ਪੇਸ਼ ਕਰਦੇ ਹਨ। ਉਹ ਹੈ ਕਿ ਬਾਬਾ ਭਕਨਾ ਜੋ ਲਾਲਾ ਹਰਦਿਆਲ ਦਾ ਦਿਲੋਂ ਸਤਿਕਾਰ ਕਰਦਾ ਹੈ, ਬਾਰੇ ਇਹ ਟਿੱਪਣੀ ਤਾਂ ਕਰਦਾ ਹੈ ਕਿ ਜਦੋਂ ਗਦਰ ਦਾ ਲਾਹੌਰ ਸਾਜ਼ਿਸ਼ ਕੇਸ ਚੱਲਦਾ ਹੈ ਤਾਂ ਬਰਤਾਨਵੀ ਸਾਮਰਾਜ ਗ਼ਦਰੀਆਂ ਨੂੰ ਲਾਲਾ ਹਰਦਿਆਲ ਵੱਲੋਂ ਭੜਕਾਏ ਹੋਇਆ ਮੰਨਦਾ ਵੀ ਹੈ ਅਤੇ ਲਾਹੌਰ ਸਾਜ਼ਿਸ਼ ਕੇਸ ਦੀ ਕਾਰਵਾਈ ਵਿਚ ਉਸ ਦਾ ਵਾਰ-ਵਾਰ ਜ਼ਿਕਰ ਵੀ ਕਰਦਾ ਹੈ। ਦੂਜਾ, ਗ਼ਦਰੀਆਂ ਤੋਂ ਪਹਿਲਾਂ ਇਕੱਲਾ ਲਾਲਾ ਹਰਦਿਆਲ ਹੈ ਜੋ ਇਕੱਲਾ ਵਿਦਰੋਹੀ ਸਰਗਰਮੀ ਕਰਦਾ ਹੈ ਜਿਸ ਦਾ ਦਿੱਲੀ ‘ਚ ਹਾਰਡਿੰਗ ਬੰਬ ਕੇਸ ਦੇ ਸ਼ਹੀਦ ਅਮੀਰ ਚੰਦ ਨਾਲ ਸਬੰਧ ਅਤੇ ਸਰਗਰਮੀ ਹੈ ਅਤੇ ਲਾਹੌਰ ਵਿਚਲੀ ਸਰਗਰਮੀ ਤੋਂ ਵੀ ਸਰਕਾਰ ਚੰਗੀ ਤਰ੍ਹਾਂ ਵਾਕਿਫ਼ ਹੈ। ਇਸ ਕਰ ਕੇ ਸਰਕਾਰ ਲਾਲਾ ਹਰਦਿਆਲ ਨੂੰ ਹੀ ਮੁੱਖ ਦੋਸ਼ੀ ਮੰਨਦੀ ਹੈ। ਪਰ ਬਾਬਾ ਭਕਨਾ ਦੀ ਇਸ ਟਿੱਪਣੀ ਵਿਚ ਗਦਰ ਲਹਿਰ ਦੀ ਕਵਿਤਾ ਦਾ ਵੇਰਵਾ ਬਹੁਤ ਮਹੱਤਵਪੂਰਨ ਇਸ ਕਰ ਕੇ ਵੀ ਹੈ ਕਿ ਗਦਰ ਵਿਰੁਧ ਚੱਲੇ ਸਾਰੇ ਕੇਸਾਂ ਵਿਚ ਇਸ ਕਵਿਤਾ ਨੂੰ ਬਹੁਤ ਵੱਡਾ ਪ੍ਰਮਾਣ ਵੀ ਬਣਾਇਆ ਗਿਆ ਹੈ। ਇਸ ਕਵਿਤਾ ਦੇ ਕਾਵਿ-ਸ਼ਾਸਤਰ ਦਾ ਮਸਲਾ ਤਾਂ ਵਿਸਤ੍ਰਿਤ ਚਰਚਾ ਦੀ ਮੰਗ ਕਰਦਾ ਹੈ ਪਰ ਇਥੇ ਇਸ ਕਵਿਤਾ ਦੀ ਸ਼ਕਤੀ ਦਾ ਮਸਲਾ ਹੈ। ਨਿਰਸੰਦੇਹ ਗਦਰ ਲਹਿਰ ਦੀ ਚੜ੍ਹਤ ਵਿਚ ਇਸ ਕਵਿਤਾ ਦਾ ਯੋਗਦਾਨ ਬਹੁਤ ਵੱਡਾ ਹੈ। ਹਰ ਇਕੱਠ ਵਿਚ ਇਹ ਕਵਿਤਾ ਪੜ੍ਹੀ ਜਾਂਦੀ ਸੀ ਤੇ ਲੋਕ ਇਸ ਕਵਿਤਾ ਦੀ ਸ਼ਕਤੀ ਨਾਲ ਜੋਸ਼ ਵਿਚ ਆਉਂਦੇ ਸਨ। ਗਦਰ ਲਹਿਰ ਦੀ ਕਵਿਤਾ ਅਨੇਕਾਂ ਗ਼ਦਰੀਆਂ ਨੂੰ ਮੂੰਹ ਜ਼ੁਬਾਨੀ ਯਾਦ ਸੀ। ਇਸ ਕਵਿਤਾ ਦੀ ਸ਼ਕਤੀ ਦੇ ਤਾਂ ਅਨੇਕਾਂ ਪ੍ਰਮਾਣ ਗਦਰ ਲਹਿਰ ਵਿਚੋਂ ਮਿਲਦੇ ਹਨ ਪਰ ਉਹ ਹਵਾਲਾ ਜਦੋਂ ਸ਼ਹੀਦ ਕਰਤਾਰ ਸਿੰਘ ਸਰਾਭਾ, ਭਾਈ ਹਰਨਾਮ ਸਿੰਘ ਟੁੰਡੀਲਾਟ ਅਤੇ ਭਾਈ ਜਗਤ ਸਿੰਘ ਸੁਰ ਸਿੰਘ, ਗਦਰ ਦੇ ਫੇਲ੍ਹ ਹੋ ਜਾਣ ‘ਤੇ ਅਫਗਾਨਿਸਤਾਨ ਵੱਲ ਜਾਣ ਲੱਗੇ ਤਾਂ ਅਟਕ ਦਰਿਆ ਦੇ ਕੰਢੇ ਉਤੇ ‘ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ’ ਕਵਿਤਾ ਹੀ ਸੀ ਜਿਸ ਨੇ ਗ਼ਦਰੀਆਂ ਨੂੰ ਦੇਸ਼ ਛੱਡਣ ਦੀ ਬਜਾਏ ਮੁੜ ਦੇਸ਼ ਵਿਚ ਗਦਰ ਕਰਨ ਲਈ ਮੋੜ ਲਿਆਂਦਾ ਸੀ। (ਭਗਤ ਸਿੰਘ ਬਿਲਗਾ, ਗਦਰ ਲਹਿਰ ਦੇ ਅਣਫੋਲੇ ਵਰਕੇ, ਸਫਾ 72)। ਇਉਂ ਗਦਰ ਲਹਿਰ ਦੀ ਕਵਿਤਾ ਦੀ ਸ਼ਕਤੀ ਅਤੇ ਪ੍ਰੇਰਨਾ ਨੂੰ ਬਾਬਾ ਭਕਨਾ ਗਦਰ ਲਹਿਰ ਦਾ ਗੁਰੂ ਸਵੀਕਾਰ ਕਰਦਾ ਹੈ ਪਰ ਸਿੱਖ ਵਿਸ਼ਲੇਸ਼ਕ ਅਜਮੇਰ ਸਿੰਘ ਕਹਿੰਦਾ ਹੈ ਕਿ ਅਜਿਹੀ ਕਵਿਤਾ ਉਤੇ ਗ਼ਦਰੀਆਂ ਨੇ ਆਪ ਕਿੰਨਾ ਕੁ ਅਮਲ ਕੀਤਾ ਹੈ। (ਅਜਮੇਰ ਸਿੰਘ, ਗਦਰੀ ਬਾਬੇ ਕੌਣ ਸਨ? ਸਫਾ 194)।
ਇਥੇ ਬੁਨਿਆਦੀ ਪ੍ਰਸ਼ਨ ਕਵਿਤਾ ਜਾਂ ਵਾਰਤਕ ਵਿਚ ਸਿੱਖ ਧਰਮ, ਸਿੱਖ ਸਿਧਾਂਤ ਅਤੇ ਸਿੱਖ ਇਤਿਹਾਸ ਵਿਚੋਂ ਬਿੰਬਾਂ ਪ੍ਰਤੀਕਾਂ, ਚਿਹਨਾਂ ਦਾ ਲੈਣਾ ਹੈ। ਇਹ ਮਸਲਾ ਅਹਿਮ ਹੈ ਪਰ ਸਿੱਖ ਵਿਸ਼ਲੇਸ਼ਕ ਇਸ ਨੂੰ ਇਤਿਹਾਸਕ ਪ੍ਰਸੰਗ ਵਿਚ ਗ੍ਰਹਿਣ ਨਹੀਂ ਕਰਦਾ। ਇਹੋ ਭੁੱਲ ਪਰਮਬੀਰ ਸਿੰਘ ਗਿੱਲ ਆਪਣੇ ਲੇਖ ਫੁਸ ੍ਰeਬeਲਸ: ਠਹe ਘਹਅਦਅਰ ਫਰੋਸe ਅਨਦ ਫਰਅਚਟਚਿe (ਫਅਰਅਮਬਰਿ ੰਨਿਗਹ ਘਲਿਲ, ਫੁਸ ੍ਰeਬeਲਸ: ਠਹe ਘਹਅਦਅਰ ਫਰੋਸe ਅਨਦ ਫਰਅਚਟਚਿe, ਠਹe ਘਹਅਦਅਰ ੰੋਵeਮeਨਟ, ਓਦਟਿeਦ ਬੇ ਝ।ੰ। ਘਰeੱਅਲ ਅਨਦ ੋਟਹeਰਸ, ਫ-275-300) ਵਿਚ ਕਰਦਾ ਹੈ। ਕਿਸੇ ਵੀ ਭਾਸ਼ਾ ਵਿਚ ਰਚੇ ਗਏ ਸਾਹਿਤ ਨੇ ਆਪਣੇ ਪ੍ਰਤੀਕ ਅਤੇ ਚਿੰਨ ਆਪਣੇ ਸਭਿਆਚਾਰ ਵਿਚੋਂ ਹੀ ਲੈਣੇ ਹੁੰਦੇ ਹਨ। ਇਹ ਕਿਸੇ ਵਿਸ਼ੇਸ਼ ਜਾਤੀ ਜਾਂ ਵਿਸ਼ੇਸ਼ ਧਰਮ ਦੀ ਰਵਾਇਤ ਵਿਚੋਂ ਵੀ ਹੋ ਸਕਦੇ ਹਨ ਪਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਇਸ ਨਾਲ ਸਾਹਿਤ ਦੇ ਅਰਥਾਂ ਨੂੰ ਸੰਗੋੜ ਦੇਈਏ। ਮਿਸਾਲ ਦੇ ਤੌਰ ‘ਤੇ ਗੁਰੂ ਗੋਬਿੰਦ ਸਿੰਘ ‘ਚੰਡੀ ਦੀ ਵਾਰ’ ਵਿਚ ਦੁਰਗਾ ਦੇਵੀ ਦਾ ਪ੍ਰਤੀਕ ਲੈ ਕੇ ਦਾਨਵਾਂ ਨਾਲ ਯੁੱਧ ਦਾ ਚਿਤਰਨ ਕਰਦੇ ਹਨ। ਦੁਰਗਾ ਦੇਵੀ ਹਿੰਦੂ ਧਰਮ ਦੀ ਦੇਵੀ ਹੈ। ਹੁਣ ਇਥੇ ਇਸ ਦਾ ਇਹ ਅਰਥ ਕੱਢ ਲਿਆ ਜਾਵੇ ਕਿ ਗੁਰੂ ਸਾਹਿਬ ਹਿੰਦੂ ਧਰਮ ਦੀ ਉਸਤਤਿ ਕਰਦੇ ਹਨ, ਜਾਂ ਗੁਰੂ ਸਾਹਿਬ ਦੀ ਰਚਨਾ ਨੂੰ ਹਿੰਦੂ ਸਾਹਿਤ ਕਹਿ ਦਿੱਤਾ ਜਾਵੇ ਤਾਂ ਇਹ ਸਰਾਸਰ ਗ਼ਲਤ ਹੈ। ਬਿਲਕੁਲ ਇਸੇ ਤਰ੍ਹਾਂ ਗਦਰ ਲਹਿਰ ਦੇ ਸਾਹਿਤ ਵਿਚ ਵਰਤੀਆਂ ਗਈਆਂ ਰਵਾਇਤਾਂ, ਚਿੰਨ, ਬਿੰਬ, ਪ੍ਰਤੀਕ ਆਦਿ ਦੇ ਇਤਿਹਾਸਕ ਪ੍ਰਸੰਗ ਨੂੰ ਜਾਨਣਾ ਜ਼ਰੂਰੀ ਹੈ। ਇਹ ਸਿੱਖ ਰਵਾਇਤਾਂ ਦੀ ਵਡਿਆਈ ਹੈ ਕਿ ਉਨ੍ਹਾਂ ਸਰਬੱਤ ਦੇ ਭਲੇ ਅਤੇ ਮਨੁੱਖੀ ਬਰਾਬਰੀ ਲਈ ਅਨਿਆਂ ਦੇ ਵਿਰੁਧ ਜੰਗ ਲੜੀ, ਉਹ ਜੰਗ ਪੰਜਾਬੀ ਮਨੁੱਖ ਦੀ ਅੱਜ ਵੀ ਪ੍ਰੇਰਨਾ ਬਣਦੀ ਹੈ ਪਰ ਜੇ ਇਹ ਅੱਜ ਪ੍ਰੇਰਨਾ ਬਣ ਕੇ ਅਨਿਆਂ ਦੇ ਖ਼ਿਲਾਫ਼ ਮਨੁੱਖ ਨੂੰ ਸ਼ਕਤੀ ਦਿੰਦੀ ਹੈ ਤਾਂ ਅੱਜ ਦੀ ਲੜੀ ਗਈ ਲੜਾਈ ਧਰਮ ਦੀ ਲੜਾਈ ਨਹੀਂ ਬਣ ਜਾਵੇਗੀ। ਨਕਸਲੀ ਦੌਰ ਦੀ ਕਵਿਤਾ ਵਿਚ ਸਿੱਖ ਰਵਾਇਤਾਂ, ਸਿੱਖ ਗੁਰੂ ਸਾਹਿਬਾਨ ਅਤੇ ਹੋਰ ਕੁਰਬਾਨੀ ਕਰਨ ਵਾਲੀਆਂ ਬਾਬਾ ਦੀਪ ਸਿੰਘ ਵਰਗੀਆਂ ਸਿੱਖ ਸ਼ਖ਼ਸੀਅਤਾਂ ਵਾਰ-ਵਾਰ ਪ੍ਰੇਰਕ ਬਣਦੀਆਂ ਹਨ ਪਰ ਇਨ੍ਹਾਂ ਦੇ ਆਧਾਰ ‘ਤੇ ਨਕਸਲੀ ਕਵਿਤਾ ਨੂੰ ਸਿੱਖ ਕਵਿਤਾ ਬਣਾ ਦੇਣਾ ਕਿੰਨਾ ਕੁ ਜਾਇਜ਼ ਹੈ? ਇਸ ਬਾਰੇ ਕਿਸੇ ਇਕ ਬੰਦੇ ਨੇ ਫੈਸਲਾ ਨਹੀਂ ਕਰਨਾ; ਫੈਸਲਾ ਇਤਿਹਾਸ ਨੇ ਕਰਨਾ ਹੈ, ਉਸ ਦੀ ਵਿਚਾਰਧਾਰਕ ਦ੍ਰਿਸ਼ਟੀ ਨੇ ਕਰਨਾ ਹੈ। ਇਸ ਤਰ੍ਹਾਂ ਹੀ ਗਦਰ ਲਹਿਰ ਬਾਰੇ ਅਤੇ ਗਦਰ ਲਹਿਰ ਦੁਆਰਾ ਰਚੇ ਗਏ ਸਾਹਿਤ ਦਾ ਫ਼ੈਸਲਾ ਉਸ ਦੀ ਵਿਚਾਰਧਾਰਾ, ਉਸ ਦੇ ਸਿਧਾਂਤ, ਉਸ ਦੇ ਅਮਲ, ਉਸ ਦੇ ਉਦੇਸ਼ਾਂ ਅਤੇ ਰਣਨੀਤੀਆਂ ਦੇ ਆਧਾਰ ‘ਤੇ ਹੋਣਾ ਹੈ।
ਅਜਮੇਰ ਸਿੰਘ ਸਭ ਨਾਲੋਂ ਵੱਡਾ ਦਾਅਵਾ ਕਰਦਾ ਹੈ, “ਇਹ ਝੂਠ ਹੈ, ਨਿਰਾ ਝੂਠ! ਗੱਲ ਏਦੂੰ ਉਲਟ ਹੈ। ਇਕ ਅੱਧੇ ਨੂੰ ਛੱਡ ਕੇ, 1914-15 ਦੇ ਪੂਰ ਵਾਲਾ ਕੋਈ ਵੀ ਗਦਰੀ ਬਾਬਾ ਕਮਿਊØਨਿਸਟ ਪਾਰਟੀ ਵਿਚ ਸ਼ਾਮਲ ਨਹੀਂ ਹੋਇਆ ਸੀ।” (ਅਜਮੇਰ ਸਿੰਘ, ਗਦਰੀ ਬਾਬੇ ਕੌਣ ਸਨ? ਸਫਾ 162-163-164)। ਇਸ ਤੋਂ ਅੱਗੇ ਬਾਬਾ ਭਕਨਾ ਦੀਆਂ ਟਿੱਪਣੀਆਂ ਨੂੰ ਤੋੜ-ਮਰੋੜ ਕੇ ਪ੍ਰਸੰਗ ਵਿਹੂਣਾ ਬਣਾ ਕੇ ਕਹਿੰਦਾ ਹੈ, “ਕਿਸੇ ਖੱਬੇ ਪੱਖੀ ਅੰਦਰ ਦਮ ਹੈ ਤਾਂ ਸਾਨਿਆਲ ਦੇ ਗਦਰੀ ਬਾਬਿਆਂ ਬਾਰੇ ਸਮੁੱਚੇ ਵਿਚਾਰਾਂ ਤੇ ਪ੍ਰਭਾਵਾਂ ਬਾਰੇ ਅਤੇ ਬਾਬਾ ਭਕਨਾ ਦੇ ਉਪਰੋਕਤ ਖਿਆਲਾਂ ਬਾਰੇ ਗੰਭੀਰ ਲਹਿਜ਼ੇ ਵਿਚ ਟਿੱਪਣੀ ਕਰੇ। ਇਸ ਨਾਲ ਬਹਿਸ ਅੱਗੇ ਤੁਰ ਸਕਦੀ ਹੈ।” (ਅਜਮੇਰ ਸਿੰਘ, ਗਦਰੀ ਬਾਬੇ ਕੌਣ ਸਨ? ਸਫਾ 164)
ਲੇਖਕ ਨਾਲ ਸੰਵਾਦ ਤਾਂ ਹੋ ਸਕਦਾ ਹੈ ਜਦੋਂ ਉਹ ਪ੍ਰਸੰਗ ਵਿਹੂਣੀਆਂ ਟਿੱਪਣੀਆਂ ਨਾ ਕਰੇ। ਬਾਬਾ ਭਕਨਾ ਬਾਰੇ ਉਸ ਦੀਆਂ ਟਿੱਪਣੀਆਂ ‘ਦੇਵਲੀ ਕੈਂਪ ਤੇ ਉਸ ਦੇ ਲਾਭ’ ਅਧਿਆਇ ‘ਚੋਂ ਹਨ। ਬਾਬਾ ਭਕਨਾ ਦੇ ਵਿਚਾਰਾਂ ਨੂੰ ਜਿਵੇਂ ਉਸ ਨੇ ਜ਼ਿਬਾਹ ਕੀਤਾ ਹੈ, ਇਸ ਦੀ ਮਿਸਾਲ ਪਹਿਲੋਂ ਕਦੀ ਦੇਖਣ ਵਿਚ ਨਹੀਂ ਆਈ। ਸ਼ਚਿੰਦਰਨਾਥ ਸਾਨਿਆਲ ਦੀ ‘ਬੰਦੀ ਜੀਵਨ’ ਦਾ ਪਹਿਲਾ ਹਿੱਸਾ ਜਿਹੜਾ ਗ਼ਦਰੀਆਂ ਨਾਲ ਸਬੰਧਤ ਹੈ, ਉਸ ਨੂੰ ਪੜ੍ਹਨ ‘ਤੇ ਇਕ ਵੀ ਤੱਥ ਅਜਿਹਾ ਨਹੀਂ ਮਿਲਦਾ ਜਿਹੜਾ ਗਦਰ ਲਹਿਰ ਨੂੰ ਸਿੱਖ ਲਹਿਰ ਸਿੱਧ ਕਰੇ। ਉਹ ਸਾਰੇ ਪਗੜੀਧਾਰੀ ਲੋਕਾਂ ਲਈ ਹੀ ਸਿੱਖ ਸ਼ਬਦ ਵਰਤਦਾ ਹੈ। ਸਾਨਿਆਲ ਦੀ ਪੁਸਤਕ ਨੂੰ ਜਿਵੇਂ ਲੇਖਕ (ਅਜਮੇਰ ਸਿੰਘ) ਆਧਾਰ ਬਣਾ ਕੇ ਵਰਤਦਾ ਹੈ, ਉਸ ਨੂੰ ਸੱਚ ਸਵੀਕਾਰ ਕਰ ਲੈਂਦਾ ਹੈ। ਬੰਗਾਲ ਦੀ ਗੁਪਤ ਕ੍ਰਾਂਤੀਕਾਰੀ ਲਹਿਰ ਅਨਾਰਕੀ ਰਾਹੀਂ ਬਰਤਾਨਵੀ ਬਸਤੀਵਾਦ ਨੂੰ ਉਲਟਾਉਣ ਨੂੰ ਫਿਰਦੀ ਸੀ ਅਤੇ ਲਗਾਤਾਰ ਇਸ ਤਾਕ ਵਿਚ ਸੀ। ਵਿਸ਼ਨੂੰ ਗਣੇਸ਼ ਪਿੰਗਲੇ ਰਾਹੀਂ ਸਾਨਿਆਲ ਤੇ ਫਿਰ ਰਾਸ ਬਿਹਾਰੀ ਬੋਸ ਦਾ ਸੰਪਰਕ ਹੁੰਦਾ ਹੈ, ਉਹ ਸਮਾਂ ਬਹੁਤ ਨਾਜ਼ੁਕ ਅਤੇ ਅੰਤਲੇ ਦਿਨਾਂ ਦਾ ਹੈ। ਸ਼ਚਿੰਦਰਨਾਥ ਸਾਨਿਆਲ ਨੂੰ ਗਦਰ ਲਹਿਰ ਦੀ ਨਾ ਤਾਂ ਪਿੱਠਭੂਮੀ ਦਾ ਪਤਾ ਹੈ, ਨਾ ਹੀ ਉਸ ਦੀ ਜਥੇਬੰਦੀ ਦਾ, ਨਾ ਰਣਨੀਤੀ ਦਾ ਅਤੇ ਨਾ ਹੀ ਉਸ ਦੀ ਕਾਰਜਵਿਧੀ ਦਾ। ਸਾਨਿਆਲ ਅਤੇ ਰਾਸ ਬਿਹਾਰੀ ਬੋਸ ਗਦਰ ਲਹਿਰ ਦੇ ਉਦੇਸ਼ ਅਤੇ ਵਿਧੀ ਵਿਧਾਨ ਤੋਂ ਉਕਾ ਹੀ ਕੋਰੇ ਹਨ। ਸਾਨਿਆਲ ਦੀ ਇਸ ਟਿੱਪਣੀ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ, “ਪਰ ਕਾਮਾਗਾਟਾਮਾਰੂ ਦੇ ਯਾਤਰੂਆਂ ਦੇ ਭਾਰਤ ਦੀ ਧਰਤੀ ‘ਤੇ ਪੈਰ ਰੱਖਦੇ ਹੀ ਇਕ ਦੁਰਘਟਨਾ ਹੋ ਗਈ ਪਰ ਇਹਦੇ ਨਾਲ ਸਾਡੀ ਆਸ ਹੋਰ ਪੱਕੀ ਹੋਣ ਲੱਗ ਪਈ। ਦੇਖਦੇ ਦੇਖਦੇ ਹੀ ਕੈਲੀਫੋਰਨੀਆ ਅਤੇ ਕੈਨੇਡਾ ਤੋਂ ਸਿੱਖਾਂ ਦੇ ਦਲ ਦੇਸ਼ ਵਿਚ ਆਉਣ ਲੱਗੇ। ਇਹ ਲੋਕ ਭਾਰਤ ਆਉਂਦੇ ਹੋਏ ਰਾਹ ਵਿਚ ਥਾਂ-ਥਾਂ ‘ਤੇ ਉਤਰ ਕੇ ਪੁਲਿਸ ਅਤੇ ਫੌਜ ਵਿਚ ਭਰਤੀ ਹੋ ਰਹੇ ਸਨ। ਪੁਲਿਸ ਤੇ ਫੌਜ ਦੀ ਭਰਤੀ ਨੇ ਸਿੱਖਾਂ ਵਿਚ ਕਰਾਂਤੀ ਦੀ ਜਵਾਲਾ ਭੜਕਾ ਦਿੱਤੀ ਸੀ। ਇਹ ਲੋਕ ਬਹੁਤ ਚਿਰਾਂ ਤੋਂ ਭਾਰਤ ਤੋਂ ਬਾਹਰ ਪਰਦੇਸ ਵਿਚ ਸਨ। ਇਸੇ ਕਾਰਨ ਉਹ ਨਹੀਂ ਜਾਣਦੇ ਸਨ ਕਿ ਗੁਪਤ ਰੂਪ ਵਿਚ ਕਰਾਂਤੀ ਦੀ ਯੋਜਨਾ ਕਿਵੇਂ ਬਣਾਈਦੀ ਏ।” (ਸ਼ਚਿੰਦਰ ਨਾਥ ਸਾਨਿਆਲ, ਬੰਦੀ ਜੀਵਨ, ਸਫਾ 9)
ਇਸ ਟਿੱਪਣੀ ਵਿਚੋਂ ਪਤਾ ਲੱਗ ਜਾਂਦਾ ਹੈ ਕਿ ਸਾਨਿਆਲ ਨੂੰ ਗਦਰ ਲਹਿਰ ਬਾਰੇ ਉਕਾ ਹੀ ਕੁਝ ਨਹੀਂ ਪਤਾ। ਉਹ ਵਿਦੇਸ਼ਾਂ ਵਿਚੋਂ ਆ ਰਹੇ ਸਿੱਖਾਂ ਦੇ ਫੌਜ ਅਤੇ ਪੁਲਿਸ ਵਿਚ ਭਰਤੀ ਹੋਣ ਦੀ ਗੱਲ ਕਰਦਾ ਹੈ ਅਤੇ ਪੁਲਿਸ ਤੇ ਫੌਜ ਨੂੰ ਕਰਾਂਤੀ ਦੀ ਜਵਾਲਾ ਭੜਕਾਉਣ ਦਾ ਕਾਰਨ ਦੱਸ ਰਿਹਾ ਹੈ। ਜਿਸ ਸਾਨਿਆਲ ਨੂੰ ਲਹਿਰ ਦੇ ਬੁਨਿਆਦੀ ਉਦੇਸ਼ਾਂ ਅਤੇ ਨੀਤੀਆਂ ਦੀ ਸੂਝ ਹੀ ਨਹੀਂ ਹੈ, ਉਸ ਦੇ ਆਧਾਰ ਉਤੇ ਲੇਖਕ ਕਹਿ ਰਿਹਾ ਹੈ ਕਿ ਕੋਈ ਇਨ੍ਹਾਂ ਬਾਰੇ ਗੰਭੀਰ ਲਹਿਜ਼ੇ ਵਿਚ ਟਿੱਪਣੀ ਕਰੇ, ਜਿਸ ਸ਼ਖ਼ਸ ਨੂੰ ਗਦਰ ਲਹਿਰ ਦੀ ਹਕੀਕਤ ਦਾ ਪਤਾ ਨਹੀਂ ਅਤੇ ਦੇਸ਼ ਪਰਤ ਰਹੇ ਲੋਕਾਂ ਨੂੰ ਆਪਣੇ ਦਲ ਵਿਚ ਮਿਲਾਉਣ ਦੀ ਤਾਕ ਲਾਈ ਬੈਠਾ ਹੈ, ਉਸ ਬਾਰੇ ਕੀ ਟਿੱਪਣੀ ਹੋ ਸਕਦੀ ਹੈ? ਹਕੀਕਤ ਇਹ ਹੈ ਕਿ ਗਦਰੀ ਬੰਗਾਲੀ ਕ੍ਰਾਂਤੀਕਾਰੀਆਂ ਕੋਲੋਂ ਬੰਬ ਬਾਰੂਦ ਦੀ ਝਾਕ ਰੱਖਦੇ ਹਨ, ਬਹੁਤੇ ਗਦਰੀ ਜੇਲ੍ਹਾਂ ਵਿਚ ਜਾ ਚੁੱਕੇ ਸਨ, ਪਹਿਲੀ ਸੰਸਾਰ ਜੰਗ ਦੇ ਲੱਗ ਜਾਣ ਕਰ ਕੇ ਗਦਰੀ ਵਿਦਰੋਹ ਕਰਨ ਦੀ ਕਾਹਲ ਵਿਚ ਸਨ। ਇਸ ਕਾਹਲ ਅਤੇ ਤੱਤ-ਭੜੱਤੀ ਵਿਚ ਹੀ ਸਾਨਿਆਲ ਪੰਜਾਬ ਆਉਂਦਾ ਹੈ। ਰਾਸ ਬਿਹਾਰੀ ਬੋਸ ਤਾਂ ਉਸ ਨਾਲੋਂ ਵੀ ਘੱਟ ਸਮਾਂ ਬਤੀਤ ਕਰਦਾ ਹੈ। ਇਸ ਤੱਤ-ਭੜੱਤੀ ਵਿਚ ਹੀ ਸਾਰੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਇਸ ਕਰ ਕੇ ਸਾਨਿਆਲ ਕੋਲ ਗ਼ਦਰੀਆਂ ਨਾਲ ਮੇਲ-ਜੋਲ ਦੇ ਅਨੁਭਵ ਤਾਂ ਹਨ ਪਰ ਉਹ ਗਦਰ ਦੀ ਸਮੁੱਚੀ ਜਥੇਬੰਦਕ ਬਣਤਰ ਅਤੇ ਉਦੇਸ਼ਾਂ ਪ੍ਰਤੀ ਕੁਝ ਵੀ ਨਹੀਂ ਸੀ ਜਾਣਦਾ। ਉਸ ਦੀਆਂ ਟਿੱਪਣੀਆਂ ਇਤਿਹਾਸਕ ਤੱਥਾਂ ਅਤੇ ਤੱਤਾਂ ਤੋਂ ਬਿਲਕੁਲ ਮੁਕਤ ਹਨ। ਸਾਨਿਆਲ ਆਪ ਈਸ਼ਵਰ ਦੀ ਗੁਪਤ ਪ੍ਰੇਰਨਾ ਨਾਲ ਕ੍ਰਾਂਤੀ ਦੀ ਅੱਗ ਨਿਰਧਾਰਤ ਮਾਰਗ ਉਪਰ ਤੁਰਦੀ ਮਹਿਸੂਸ ਕਰਦਾ ਹੈ, ਜਦਕਿ ਗਦਰ ਲਹਿਰ ਉਸ ਸਮੇਂ ਤੱਕ ਧਰਮ ਨਿਰਪੱਖਤਾ ਦੀ ਆਧੁਨਿਕ ਦ੍ਰਿਸ਼ਟੀ ਨੂੰ ਅਪਨਾ ਚੁੱਕੀ ਸੀ।
ਇਸ ਤੋਂ ਇਲਾਵਾ ਅਜਮੇਰ ਸਿੰਘ ਦਾ ਇਹ ਦਾਅਵਾ ਅਸਲੋਂ ਹੀ ਨਿਰਮੂਲ, ਝੂਠਾ ਅਤੇ ਤੱਥ ਰਹਿਤ ਹੈ ਕਿ ਗ਼ਦਰੀਏ ਕਮਿਊਨਿਸਟ ਨਹੀਂ ਬਣੇ। ਭਾਈ ਸੰਤੋਖ ਸਿੰਘ ਜੋ ਗਦਰ ਪਾਰਟੀ ਦਾ ਜਨਰਲ ਸਕੱਤਰ ਸੀ, ਉਹ ਆਪ ਰੂਸ ਤੋਂ ਪੜ੍ਹ ਕੇ ਆਉਂਦਾ ਹੈ ਅਤੇ ਪੰਜਾਬ ਵਿਚ ‘ਕਿਰਤੀ’ ਪਰਚੇ ਦਾ ਸੰਪਾਦਨ ਕਰਦਾ ਹੈ। ਭਾਈ ਰਤਨ ਸਿੰਘ ਰਾਇਪੁਰ ਡੱਬਾ ਵਿਦੇਸ਼ਾਂ ਵਿਚੋਂ ਪੰਜਾਬੀਆਂ ਨੂੰ ਰੂਸ ਵਿਚ ਪੜ੍ਹਨ ਲਈ ਭੇਜਦਾ ਹੈ। ਸੱਤਰ ਤੋਂ ਵੱਧ ਪੰਜਾਬੀ ਰੂਸ ਵਿਚੋਂ ਪੜ੍ਹ ਕੇ ਆਉਂਦੇ ਹਨ। “ਗ਼ਦਰ ਪਾਰਟੀ ਦੇ ਦੂਜੇ ਦੌਰ ਵਿਚ ਭਾਰਤ ਵਿਚ ਆ ਕੇ ‘ਕਿਰਤੀ’ ਅਖ਼ਬਾਰ ਦੀ ਨੀਂਹ ਰੱਖਣ ਵਾਲੇ ਲੀਡਰ, ਰੂਸੀ ਇਨਕਲਾਬ ਦੀਆਂ ਪ੍ਰਾਪਤੀਆਂ ਨੂੰ ਅੱਖੀਂ ਵੇਖ ਕੇ ਬਹੁਤ ਪ੍ਰਭਾਵਿਤ ਹੋਏ। ਭਾਈ ਸੰਤੋਖ ਸਿੰਘ ਤੇ ਰਤਨ ਸਿੰਘ ਦੀ 1922-23 ਦੀ ਰੂਸ ਫੇਰੀ ਦੌਰਾਨ ਉਥੇ ਹੋ ਰਹੀ ਸਮਾਜੀ ਤਬਦੀਲੀ ਨੇ ਉਨ੍ਹਾਂ ਦੀ ਮਾਨਸਿਕਤਾ ਉਤੇ ਡੂੰਘੀ ਛਾਪ ਲਾਈ।” (ਭਗਵਾਨ ਸਿੰਘ ਜੋਸ਼, ਪੰਜਾਬ ਵਿਚ ਕਮਿਊਨਿਸਟ ਲਹਿਰ, ਸਫਾ 47)
ਹੁਣ ਸੁਆਲ ਇਹ ਹੈ ਕਿ ਅਜਮੇਰ ਸਿੰਘ ਤਾਂ ਗਦਰ ਲਹਿਰ ਨੂੰ ਦੇਖਦਾ ਹੀ 1913-14 ਤੱਕ ਹੈ। ਇਸ ਤੋਂ ਅਗਾਂਹ ਦੇ ਵਿਕਾਸ ਨੂੰ ਉਹ ਛੇੜਨ ਲਈ ਤਿਆਰ ਨਹੀਂ। ਕਮਿਊਨਿਸਟ ਪਾਰਟੀ ਤਾਂ ਬਹੁਤ ਬਾਅਦ ਦੀਆਂ ਗੱਲਾਂ ਹਨ। 1927 ਵਿਚ ਬਣੀ ‘ਕਿਰਤੀ ਕਿਸਾਨ ਪਾਰਟੀ’ ਪਹਿਲੀ ਪਾਰਟੀ ਹੈ ਜਿਹੜੀ ਸਮਾਜਵਾਦੀ ਵਿਚਾਰਾਂ ਵਾਲੀ ਹੈ। ਉਂਜ ਜੇ ਗ਼ਦਰੀਆਂ ਦੇ ਕਮਿਊਨਿਸਟ ਬਣ ਜਾਣ ਦੀ ਗਿਣਤੀ ਕਰਨੀ ਹੋਵੇ ਤਾਂ ਇਕਬਾਲ ਹੁੰਦਲ, ਬਾਬਾ ਕਰਮ ਸਿੰਘ ਚੀਮਾ, ਬਾਬਾ ਦਲੀਪ ਸਿੰਘ ਫਾਹਲਾ, ਤੇਜਾ ਸਿੰਘ ਸੁਤੰਤਰ, ਬਾਬਾ ਬੂਝਾ ਸਿੰਘ, ਅੱਛਰ ਸਿੰਘ ਛੀਨਾ, ਸ਼ੇਰ ਸਿੰਘ ਵੇਈਂ ਪੂੰਈ, ਬਾਬਾ ਪਿਰਥੀ ਸਿੰਘ, ਬਾਬਾ ਗੁਰਮੁਖ ਸਿੰਘ ਲਲਤੋਂ-ਸੂਚੀ ਬਹੁਤ ਲੰਮੀ ਹੈ ਜਿਹੜੇ ਗਦਰ ਲਹਿਰ ਦੇ ਰਸਤਿਉਂ ਕਮਿਊਨਿਸਟ ਬਣੇ। ਜਗਜੀਤ ਸਿੰਘ ਸਰ ਜੌਹਨ ਕਮਿੰਗ ਦੇ ਹਵਾਲੇ ਨਾਲ ਲਿਖਦਾ ਹੈ, “ਰੂਸ ਵਿਚ ਬਾਲਸ਼ਵਿਕ ਇਨਕਲਾਬ ਹੋਣ ਪਿੱਛੋਂ ਗਦਰ ਪਾਰਟੀ ਨੇ ਆਪਣਾ ਜੋੜ ਕੌਮਾਂਤਰੀ ਕਮਿਊਨਿਸਟ ਲਹਿਰ ਨਾਲ ਜੋੜ ਲਿਆ ਅਤੇ ਜਿਉਂ-ਜਿਉਂ ਗਦਰੀ ਇਨਕਲਾਬੀ ਗਦਰ ਪਾਰਟੀ ਲਹਿਰ ਸਬੰਧੀ ਹੋਈਆਂ ਲੰਮੀਆਂ ਸਜ਼ਾਵਾਂ ਭੁਗਤਣ ਪਿੱਛੋਂ ਰਿਹਾ ਹੁੰਦੇ ਗਏ, ਉਹ ਇਸ ਲਹਿਰ ਵਿਚ ਸ਼ਾਮਲ ਹੁੰਦੇ ਗਏ।” ਜਗਜੀਤ ਸਿੰਘ ਅੱਗੇ ਲਿਖਦੇ ਹਨ, “ਸ੍ਰੀ ਗੁਰਮੁਖ ਸਿੰਘ ਅਤੇ ਸ੍ਰੀ ਪਿਰਥੀ ਸਿੰਘ ਅਜੇ ਤੱਕ ਕਮਿਊਨਿਸਟ ਪਾਰਟੀ ਦੇ ਸਰਗਰਮ ਵਰਕਰ ਹਨ ਅਤੇ ਜਦ ਪੰਜਾਬ ਵਿਚਲੀ ਕਮਿਊਨਿਸਟ ਲਹਿਰ ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਇਨ੍ਹਾਂ ਵਿਚ ਇਸ ਦੀ ਵਿਸ਼ੇਸ਼ ਥਾਂ ਹੋਵੇਗੀ।” ਇਸ ਤੋਂ ਅਗਾਂਹ ਜਗਜੀਤ ਸਿੰਘ 1939 ਦੀ ਇਕ ਪੰਜਾਬ ਪੁਲਿਸ ਰਿਪੋਰਟ ਦਾ ਹਵਾਲਾ ਦਿੰਦੇ ਲਿਖਦੇ ਹਨ, “(ਕਿਸਾਨ) ਕਮੇਟੀ ਉਤੇ ਪਿੱਛੇ ਵੀ ਅਤੇ ਹੁਣ ਵੀ ਸਜ਼ਾ-ਯਾਫਤਾ ਤਰਾਸਵਾਦੀਆਂ ਅਤੇ ਗਦਰ ਪਾਰਟੀ ਦਾ ਗਲਬਾ ਰਿਹਾ ਹੈ ਜਿਹੜੇ ਸਭ ਰੂਸ ਤੋਂ ਪ੍ਰੇਰਨਾ ਲੈਂਦੇ ਹਨ।” (ਜਗਜੀਤ ਸਿੰਘ, ਗਦਰ ਪਾਰਟੀ ਲਹਿਰ, ਸਫਾ 416 ਤੋਂ 418)
ਇਨ੍ਹਾਂ ਤੱਥਾਂ ਤੋਂ ਬਾਅਦ ਅਜਮੇਰ ਸਿੰਘ ਦੇ ਦਾਅਵੇ ਦਾ ਕੀ ਅਰਥ ਰਹਿ ਜਾਂਦਾ ਹੈ ਜਿਸ ‘ਚ ਉਹ ਕਹਿੰਦਾ ਹੈ ਕਿ ਇਕ-ਅੱਧ ਬੰਦਾ ਹੀ ਕਮਿਊਨਿਸਟ ਬਣਿਆ ਸੀ। ਉਸ ਦਾ ਸਾਰਾ ਵਿਸ਼ਲੇਸ਼ਣ ਹੀ ਨਿਰਮੂਲ, ਤੱਥ ਵਿਹੂਣਾ ਅਤੇ ਮਨਘੜਤ ਗੱਲਾਂ ਉਪਰ ਖੜ੍ਹਾ ਹੈ।
ਸਿੱਖ ਵਿਸ਼ਲੇਸ਼ਣਕਾਰ ਦੀ ਪੁਸਤਕ ਦਾ ਸਭ ਨਾਲੋਂ ਵੱਡਾ ਦੁਖਾਂਤਕ ਪਾਸਾਰ ਇਹ ਹੈ, “7-8 ਹਜ਼ਾਰ ਮਰਜੀਵੜਿਆਂ ਵਿਚੋਂ ਹਿੰਦੂ ਅਤੇ ਮੁਸਲਮਾਨ ਰਲ ਕੇ 50 ਤੋਂ ਵੱਧ ਨਹੀਂ ਸਨ। ਬਾਕੀ ਸਾਰੇ ਕਿਸਾਨ ਸਨ।” (ਅਜਮੇਰ ਸਿੰਘ, ਗਦਰੀ ਬਾਬੇ ਕੌਣ ਸਨ? ਸਫਾ 11)। ਇਹ ਤੱਥ ਐਡਾ ਨਿਰਮੂਲ ਅਤੇ ਭੁਲੇਖਾਪਾਊ ਹੈ ਕਿ ਲੇਖਕ ਜਾਂ ਤਾਂ ਤੱਥਾਂ ਤੋਂ ਬਿਲਕੁਲ ਹੀ ਅਗਿਆਨੀ ਅਤੇ ਅਣਜਾਣ ਹੈ, ਤੇ ਜਾਂ ਤੱਥ ਛੁਪਾ ਰਿਹਾ ਹੈ। ਇਤਿਹਾਸਕ ਤੱਥ ਇਉਂ ਛੁਪਦੇ ਨਹੀਂ ਹਨ ਕਿਉਂਕਿ ਇਹ ਚੋਰੀ ਦਾ ਗੁੜ ਥੋੜ੍ਹਾ ਹੁੰਦਾ ਹੈ ਜਿਸ ਨੂੰ ਬੁੱਕਲ ਵਿਚ ਭੰਨ ਕੇ ਖਾ ਲਿਆ ਜਾਵੇ।
ਅਜਮੇਰ ਸਿੰਘ ਸਿੰਘਾਪੁਰ ਦੇ ਵਿਦਰੋਹ ਦਾ ਜ਼ਿਕਰ ਤੱਕ ਨਹੀਂ ਕਰਦਾ। ਗਦਰ ਲਹਿਰ ਦਾ ਇਹ ਇਕੋ-ਇਕ ਵਿਦਰੋਹ ਹੈ ਜੋ ਸਿਰੇ ਚੜ੍ਹਦਾ ਹੈ ਤੇ 10-12 ਦਿਨ ਗ਼ਦਰੀਆਂ ਦਾ ਸਿੰਘਾਪੁਰ ਉਤੇ ਕਬਜ਼ਾ ਰਹਿੰਦਾ ਹੈ। ਉਨ੍ਹਾਂ ਨੇ ਸੜਕਾਂ ‘ਤੇ ਫਿਰਦੇ ਯੂਰਪੀਨਾਂ ਨੂੰ ਮਾਰ ਮੁਕਾਇਆ ਸੀ, ਜਰਮਨ ਜੰਗੀ ਕੈਦੀਆਂ ਨੂੰ ਮੁਕਤ ਕਰ ਦਿੱਤਾ ਸੀ, ਕਿਸੇ ਔਰਤ ਨੂੰ ਨੁਕਸਾਨ ਨਹੀਂ ਪਹੁੰਚਾਇਆ ਸੀ। ਅੰਗਰੇਜ਼ਾਂ ਨੂੰ ਇਹ ਬਗ਼ਾਵਤ ਠੱਲ੍ਹਣ ਲਈ ਜਪਾਨ ਅਤੇ ਰੂਸ ਵਿਚੋਂ ਫੌਜਾਂ ਮੰਗਵਾਉਣੀਆਂ ਪਈਆਂ ਸਨ। ਇਹ ਵਿਦਰੋਹ 15 ਫਰਵਰੀ 1915 ਨੂੰ ਵਾਪਰਿਆ ਸੀ। ਇਹ 400 ਪੰਜਾਬੀ ਮੁਸਲਮਾਨਾਂ ਦੀ ਪੰਜਵੀਂ ਲਾਈਟ ਇਨਫੈਂਟਰੀ ਰੈਜੀਮੈਂਟ ਸੀ। ਇਹ ਉਹ ਵਿਦਰੋਹੀ ਸਨ ਜਿਨ੍ਹਾਂ ਨੂੰ ਬਰਤਾਨਵੀ ਸਰਕਾਰ ਨੇ 15000 ਲੋਕਾਂ ਦੀ ਹਾਜ਼ਰੀ ਵਿਚ ਚਿੱਟੇ ਦਿਨ ਗੋਲੀਆਂ ਨਾਲ ਉਡਾਇਆ ਸੀ। ਇਸ ਰੈਜੀਮੈਂਟ ਵਿਚ 200 ਦਾ ਕੋਰਟ ਮਾਰਸ਼ਲ ਕੀਤਾ, 47 ਨੂੰ ਕਤਲ ਕੀਤਾ, 64 ਨੂੰ ਉਮਰ ਕੈਦ ਕੀਤੀ ਅਤੇ 73 ਨੂੰ 7 ਤੋਂ 20 ਸਾਲ ਦੀ ਸਜ਼ਾ ਦਿੱਤੀ। (ਫਰਟਿਹਵ ੍ਰਿਅਜ ਖਅਲਰਅ, ਠਹe ੰਨਿਗਅਪੋਰe ੁੰਟਨੇ ਾ 1915, ਠਹe ਘਹਅਦਅਰ ੰੋਵeਮeਨਟ, ਓਦਟਿ ਬੇ ਝ।ੰ। ਘਰeੱਅਲ ਅਨਦ ੋਟਹeਰਸ ਫ-321-333) ਕੀ ਇਨ੍ਹਾਂ ਪੰਜਾਬੀ ਮੁਸਲਮਾਨਾਂ ਦੀ ਸ਼ਹੀਦੀ ਬਰਤਾਨਵੀ ਸਰਕਾਰ ਲਈ ਲੜਦਿਆਂ ਹੋਈ ਹੈ? ਕੀ ਇਹ ਗਦਰੀ ਨਹੀਂ ਸਨ? ਇਹ ਪੰਜਾਬੀ ਮੁਸਲਮਾਨ ਜੀਂਦ ਅਤੇ ਰੋਹਤਕ ਜ਼ਿਲ੍ਹੇ ਦੇ ਸਨ ਤੇ ਇਨ੍ਹਾਂ ਵਿਚ ਕੁਝ ਲੁਧਿਆਣਾ ਅਤੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਸਨ। ਲੇਖਕ ਕਿਸ ਤੱਥ ਦੇ ਆਧਾਰ ‘ਤੇ ਗ਼ੈਰ-ਸਿੱਖਾਂ ਨੂੰ 50 ਤੋਂ ਵੱਧ ਨਹੀਂ ਕਹਿੰਦਾ। ਬਰਕਤੁੱਲਾ ਵਰਗਾ ਸੂਝਵਾਨ ਲੀਡਰ, ਹਾਫਿਜ਼ ਅਬਦੁੱਲਾ ਜੋ ਮਨੀਲਾ ਦੀ ਗਦਰ ਪਾਰਟੀ ਦਾ ਪ੍ਰਧਾਨ ਸੀ ਅਤੇ ਰਹਿਮਤ ਅਲੀ ਵਜੀਦਕੇ ਦੀਆਂ ਕੁਰਬਾਨੀਆਂ ਕਿਸੇ ਗਿਣਤੀ-ਮਿਣਤੀ ਦੀਆਂ ਮੁਥਾਜ ਨਹੀਂ। ਲੇਖਕ ਦਾ ਦਾਅਵਾ ਹੈ ਕਿ ਬਾਕੀ ਸਭ ਸਿੱਖ ਕਿਸਾਨ ਸਨ। ਸਵਾਲ ਹੈ ਕਿ ਉਹ ਕਹਿਣਾ ਕੀ ਚਾਹੁੰਦਾ ਹੈ ਕਿ ਇਹ ‘ਜੱਟ ਸਿੱਖਾਂ’ ਦੀ ਲਹਿਰ ਸੀ। ਅਜਿਹਾ ਬਿਲਕੁਲ ਹੀ ਨਹੀਂ ਹੈ। ਮੰਗੂ ਰਾਮ ਮੁਗੋਵਾਲੀਆ ਵਰਗੇ ਦਲਿਤ ਨੂੰ ਕਿੱਥੇ ਰੱਖੋਗੇ ਜਿਹੜਾ ਮੈਵਰਿਕ ਜਹਾਜ਼ ਤੋਂ ਹਥਿਆਰ ਲੈਂਦਾ-ਲੈਂਦਾ ਕਈ ਸਾਲ ਪਰਾਏ ਮੁਲਕਾਂ ਵਿਚ ਭਟਕਦਾ ਰਿਹਾ। ਸੋ, ਲੇਖਕ ਦਾ ਸਪਸ਼ਟ ਏਜੰਡਾ ਫਿਰਕਾਪ੍ਰਸਤ ਵਿਚਾਰਾਂ ਨਾਲ ਜੁੜਿਆ ਹੋਇਆ ਹੈ ਜਿਹੜਾ ਸ਼ਹੀਦਾਂ ਦੀ ਸਿਰਲੱਥ ਕੁਰਬਾਨੀ ਉਤੇ ਪੰਜਾਬੀ ਕੌਮ ਨੂੰ ਤਾਰ-ਤਾਰ ਕਰ ਦੇਣੀ ਚਾਹੁੰਦਾ ਹੈ।
ਲੇਖਕ ਆਪਣੇ ਬਣਾਏ ਸੁਆਲਾਂ ਦੇ ਆਪ ਹੀ ਜਵਾਬ ਦੇਣ ਵਾਲੀ ਆਪਣੀ ਪੁਸਤਕ ਦੀ ਵਿਧੀ ‘ਚ ਗਦਰ ਲਹਿਰ ਦਾ ਸਿੱਟਾ ਕੱਢਦਿਆਂ ਕਹਿੰਦਾ ਹੈ, “ਪਰ ਇਹ ਗੱਲ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਪੰਜਾਬ ਅੰਦਰ ਫੌਜੀ ਬਗਾਵਤ ਨਾਲ ਅੰਗਰੇਜ਼ ਹਕੂਮਤ ਦਾ ਸਿੰਘਾਸਨ ਡਾਵਾਂਡੋਲ ਹੋ ਜਾਣ ਦੀ ਸੂਰਤ ਵਿਚ ਸਿੱਖ ਜਨਤਾ ਅੰਦਰ ਲਾਜ਼ਮੀ ਤਕੜਾ ਉਭਾਰ ਪੈਦਾ ਹੋ ਜਾਣਾ ਸੀ, ਕਿਉਂਕਿ ਉਸ ਵੇਲੇ ਸਿੱਖਾਂ ਅੰਦਰ ਭਾਰਤੀ ਰਾਸ਼ਟਰਵਾਦ ਦੀਆਂ ਅਜੇ ਜੜ੍ਹਾਂ ਨਹੀਂ ਲੱਗੀਆਂ ਸਨ ਅਤੇ ਉਨ੍ਹਾਂ ਨੂੰ ਭਾਰਤ ਦੀ ਆਜ਼ਾਦੀ ਨਾਲੋਂ ਪੰਜਾਬ ਦੀ ਆਜ਼ਾਦੀ ਦੇ ਵਿਚਾਰ ਨੇ ਵਧੇਰੇ ਟੁੰਬਣਾ ਸੀ। ਦੋਵੇਂ ਹੀ ਗੱਲਾਂ ਸੰਭਵ ਸਨ। ਇਤਿਹਾਸ ਦਾ ਇਕ ਹੋਰ ਵੱਡਾ ਖ਼ੂਨ-ਖ਼ਰਾਬਾ ਵੀ ਹੋ ਸਕਦਾ ਸੀ ਅਤੇ ਪੰਜਾਬ ਅੰਦਰ ਸਿੱਖ ਰਾਜ ਦੀ ਮੁੜ ਸਥਾਪਨਾ ਵੀ ਹੋ ਸਕਦੀ ਸੀ। ਸ਼ਚਿੰਦਰ ਨਾਥ ਸਾਨਿਆਲ ਦੀ ਗਵਾਹੀ ਅਤੇ ਗ਼ਦਰੀਆਂ ਦੇ ਮੁਕੱਦਮੇ ਸੁਣਨ ਵਾਲੇ ਜੱਜਾਂ ਵੱਲੋਂ ਪ੍ਰਗਟਾਏ ਵਿਚਾਰਾਂ ਨੂੰ ਦੇਖਦੇ ਹੋਏ, ਇਹ ਸੋਚਣਾ ਉਕਾ ਹੀ ਗ਼ਲਤ ਨਹੀਂ ਕਿ ਗਦਰੀ ਇਨਕਲਾਬੀਆਂ ਅੰਦਰ ਵੀ ਖ਼ਾਲਸਾ ਰਾਜ ਦੀ ਮੁੜ ਸਥਾਪਨਾ ਦਾ ਜਜ਼ਬਾ ਅੰਗੜਾਈ ਲੈ ਸਕਦਾ ਸੀ। ਇਸ ਨਾਲ ਸਿੱਖਾਂ ਦਾ ਤਾਂ ਭਲਾ ਹੋਣਾ ਹੀ ਸੀ, ਭਾਰਤ ਦੇ ਦੂਜੇ ਮਜ਼ਲੂਮ ਵਰਗਾਂ ਲਈ ਵੀ ਇਹ ਸ਼ੁਭ ਸ਼ਗਨ ਹੋਣਾ ਸੀ।” (ਅਜਮੇਰ ਸਿੰਘ, ਗਦਰੀ ਬਾਬੇ ਕੌਣ ਸਨ? ਸਫਾ 236)
ਇਹ ਹੈ ਉਹ ਤੱਤ ਸਾਰ ਜਿਸ ਲਈ ਲੇਖਕ ਲੰਮਾ ਚੌੜਾ ਵਲ਼ ਮਾਰ ਕੇ ਆਉਂਦਾ ਹੈ ਪਰ ਇਹ ਸਾਰਾ ਕੁਝ ਆਪਾ-ਵਿਰੋਧੀ ਹੀ ਨਹੀਂ ਸਗੋਂ ਇਤਿਹਾਸਕ ਤੱਥਾਂ ਦੀ ਭੰਨ-ਤੋੜ ਹੈ। ਸੁਆਲ ਇਹ ਪੈਦਾ ਹੁੰਦਾ ਹੈ ਕਿ ਜਿਹੜੀ ਲੜਾਈ ਕੌਮੀ ਸਰੋਕਾਰਾਂ ਨਾਲ ਤੁਰਦੀ ਹੈ, ਉਸ ਨੂੰ ਇਹ ਕਹਿਣਾ ਕਿ ਸਿੱਖ ਰਾਜ ਦੀ ਮੁੜ ਸਥਾਪਨਾ ਵੀ ਹੋ ਸਕਦੀ ਸੀ; ਇਹ ਉਸ ਦਾ ਮਨ ਇੱਛਤ ਸੁਪਨਾ ਹੈ। ਦੂਜਾ, ਉਸ ਦਾ ਇਹ ਕਹਿਣਾ ਕਿ ਉਦੋਂ ਸਿੱਖਾਂ ਅੰਦਰ ਭਾਰਤੀ ਰਾਸ਼ਟਰਵਾਦ ਦੀਆਂ ਜੜ੍ਹਾਂ ਨਹੀਂ ਲੱਗੀਆਂ ਸਨ, ਕੀ ਲੇਖਕ ਸਿੱਖਾਂ ਨੂੰ ਪਛੜਿਆ ਹੀ ਰੱਖਣਾ ਚਾਹੁੰਦਾ ਹੈ? ਕੀ ਰਾਸ਼ਟਰਵਾਦ ਕੋਈ ਅਜਿਹੀ ਬਿਮਾਰੀ ਹੈ ਜਿਸ ਨਾਲ ਸਿੱਖਾਂ ਦਾ ਭਾਰੀ ਨੁਕਸਾਨ ਹੋ ਜਾਵੇਗਾ? ਇਹ ਕਿਉਂ ਜ਼ਰੂਰੀ ਹੈ ਕਿ ਹਰ ਸਿੱਖ ਦਾ ਭਲਾ ਲੇਖਕ ਵਾਲੀ ਸਿੱਖੀ ਵਿਚ ਹੈ, ਗੁਰਬਾਣੀ ਦੇ ਸਿਧਾਂਤ ‘ਸਰਬੱਤ ਦੇ ਭਲੇ’ ਵਿਚ ਨਹੀਂ? ਲੇਖਕ ਕਿਉਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਸੁਪਨਾ ਲੈ ਰਿਹਾ ਹੈ? ਇਹ ਉਹ ਇੱਛਾਵਾਂ ਹਨ ਜੋ ਨਾ ਤਾਂ ਗਦਰ ਵੇਲੇ ਪੂਰੀਆਂ ਹੋਣੀਆਂ ਸਨ ਅਤੇ ਨਾ ਹੀ ਅੱਜ ਦੇ ਸਮੇਂ ਪੂਰੀਆਂ ਹੋ ਸਕਦੀਆਂ ਹਨ। ਇਉਂ ਲੇਖਕ ਦਾ ਸਾਰਾ ਵਿਸ਼ਲੇਸ਼ਣ ਅਤੇ ਇੱਛਾਵਾਂ ਦੱਸਦੀਆਂ ਹਨ ਕਿ ਗਦਰ ਲਹਿਰ ਨੂੰ ਸਿੱਖ ਲਹਿਰ ਬਣਾਉਣ ਪਿੱਛੇ ਉਸ ਦਾ ਗੁਪਤ ਏਜੰਡਾ ਕੀ ਹੈ?
ਇਹ ਪੁਣ-ਛਾਣ ਲੇਖਕ ਦੀਆਂ ਕੁਝ ਧਾਰਨਾਵਾਂ ਅਤੇ ਤੱਥਾਂ ਦੀ ਹੈ ਜਿਨ੍ਹਾਂ ਤੋਂ ਬਿਲਕੁਲ ਸਪਸ਼ਟ ਹੋ ਜਾਂਦਾ ਹੈ ਕਿ ਲੇਖਕ ਤੱਥਾਂ ਅਤੇ ਇਤਿਹਾਸ ਨਾਲ ਕਿਵੇਂ ਖਿਲਵਾੜ ਕਰਦਾ ਹੈ। ਇਤਿਹਾਸ ਅਜਿਹੇ ਬੌਧਿਕ ਅਨਾਚਾਰ ਦੀ ਇਜਾਜ਼ਤ ਨਹੀਂ ਦਿੰਦਾ। ਇਸ ਪੁਣ-ਛਾਣ ਸਬੰਧੀ ਜੇ ਲੇਖਕ ਸੰਵਾਦ ਵਿਚ ਉਤਰੇ ਤਾਂ ਉਸ ਦੀਆਂ ਹੋਰ ਅਜਿਹੀਆਂ ਗੱਲਾਂ ਦੀ ਵੀ ਚਰਚਾ ਕੀਤੀ ਜਾ ਸਕਦੀ ਹੈ ਜਿਹੜੀਆਂ ਨਿਰਮੂਲ, ਮਨਘੜਤ ਅਤੇ ਇਤਿਹਾਸ ਪ੍ਰਤੀ ਬਦਦਿਆਨਤਦਾਰ ਹਨ।
(ਸਮਾਪਤ)
Leave a Reply