ਰਾਵਲਪਿੰਡੀ ਨੂੰ ਚੰਡੀਗੜ੍ਹ ਨਾਲ ਜੋੜਨ ਵਾਲਾ ਚੰਨ

ਗੁਲਜ਼ਾਰ ਸਿੰਘ ਸੰਧੂ
ਪਿਛਲੀ ਸਦੀ ਦੇ ਜਾਣੇ-ਪਹਿਚਾਣੇ ਅਧਿਆਪਕ, ਅਨੁਵਾਦਕ, ਸੰਪਾਦਕ, ਰੰਜਕਰਮੀ ਤੇ ਖੱਬੇ ਪੱਖੀ ਤੇਰਾ ਸਿੰਘ ਚੰਨ ਨੂੰ ਚੇਤੇ ਕਰਨਾ ਗੁਰਬਖਸ਼ ਸਿੰਘ ਪ੍ਰੀਤ ਲੜੀ, ਹੀਰਾ ਸਿੰਘ ਦਰਦ, ਮੋਹਨ ਸਿੰਘ ਮਾਹਰ, ਸਾਧੂ ਸਿੰਘ ਹਮਦਰਦ, ਅਰਜਣ ਸਿੰਘ ਗੜਗਜ ਤੇ ਅਵਤਾਰ ਸਿੰਘ ਮਲਹੋਤਰਾ ਦੇ ਸਮਿਆਂ ਦੀ ਪੈੜ ਨਪਣਾ ਹੈ|

ਪਿਛਲੇ ਐਤਵਾਰ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਪੰਜਾਬ ਕਲਾ ਪ੍ਰੀਸ਼ਦ ਦੇ ਵਿਹੜੇ ਤੇਰਾ ਸਿੰਘ ਚੰਨ ਯਾਦਗਾਰੀ ਮੇਲਾ ਆਯੋਜਤ ਕਰਕੇ ਉਨ੍ਹਾਂ ਸਾਹਿਤਕ ਤੇ ਸਭਿਆਚਾਰਕ ਧਾਰਨਾਵਾਂ ਨੂੰ ਚੇਤੇ ਕੀਤਾ, ਜਿਹੜੀਆਂ ਚੰਨ ਤੇ ਉਸਦੇ ਸਮਿਆਂ ਨੂੰ ਸੇਧਾਂ ਦਿੰਦੀਆਂ ਸਨ| ਜਿਨ੍ਹਾਂ ਉੱਤੇ ਬਿਜਲਈ ਯੰਤਰ ਪੋਚਾ ਫੇਰ ਰਹੇ ਅਤੇ ਇਨ੍ਹਾਂ ਵਿਚ ਸੁਤੰਤਰਤਾ ਪ੍ਰਾਪਤੀ ਤੋਂ ਪਹਿਲਾਂ ਤੇ ਤੁਰੰਤ ਪਿੱਛੋਂ ਦੀਆਂ ਯਾਦਾ ਸਮੋਈਆਂ ਹੋਈਆਂ ਸਨ| ਕਲਾ ਪ੍ਰੀਸ਼ਦ ਦੇ ਰੰਧਾਵਾ ਆਡੀਟੋਰੀਅਮ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਪੰਜਾਬੀ ਸਾਹਿਤ, ਸਭਿਆਚਾਰ, ਚਿਤਰਕਲਾ ਤੇ ਕੈਲੀਗ੍ਰਾਫੀ ਪ੍ਰਦਰਸ਼ਨੀਆਂ ਦਾ ਰੰਗ ਵੀ ਨਿਆਰਾ ਸੀ, ਜਿਸਦੀ ਅਗਵਾਈ ਚਰਖਾ ਕਰ ਰਿਹਾ ਸੀ|
ਤੇਰਾ ਸਿੰਘ ਚੰਨ ਦੀਆਂ ਪ੍ਰਾਪਤੀਆਂ ਤੇ ਸੇਧਾਂ ਨੂੰ ਚੇਤੇ ਕਰਨ ਵਾਲਿਆਂ ਵਿਚ ਮੁੱਖ ਮਹਿਮਾਨ ਗੁਰਪ੍ਰੀਤ ਘੁੱਗੀ ਤੇ ਵਿਸ਼ੇਸ਼ ਮਹਿਮਾਨ ਸੁਰਜੀਤ ਸਿੰਘ ਧੀਰ ਹੀ ਨਹੀਂ ਸੁਖਦੇਵ ਸਿੰਘ ਸਿਰਸਾ, ਸਰਬਜੀਤ ਸਿੰਘ, ਗੁਰਨਾਮ ਕੰਵਰ ਤੇ ਬਲਵਿੰਦਰ ਸਿੰਘ ਉੱਤਮ ਜਿਨ੍ਹਾਂ ਨੇ ਤੇਰਾ ਸਿੰਘ ਚੰਨ ਦੀ ਸਾਹਿਤਕ, ਸਭਿਆਚਾਰਕ, ਤੇ ਜਥੇਬੰਦਕ ਵਿਉਂਤਬੰਦੀ ਨੂੰ ਬਾਕਮਾਲ, ਪ੍ਰਭਾਤੀ ਤੇ ਹਰਮਨ ਪਿਆਰਾ ਕਹਿ ਕੇ ਨਿਵਾਜਿਆ|
ਨਿਸਚੇ ਹੀ ਇਸ ਮੇਲੇ ਨੂੰ ਸਫਲ ਤੇ ਕਾਰਗਰ ਬਣਾਉਣ ਵਿਚ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਤੇ ਜਨਰਲ ਸਕਤਰ ਭੁਪਿੰਦਰ ਸਿੰਘ ਮਲਿਕ ਦੀ ਦੂਰ ਦ੍ਰਿਸ਼ਟੀ ਤੇ ਲਗਨ ਲਾਸਾਨੀ ਤੇ ਸ਼ਲਾਘਾਯੋਗ ਰਹੀ| ਇਸ ਮੇਲੇ ਨੇ ਕੇਵਲ ਚੰਡੀਗੜ੍ਹ ਸਾਹਿਤ ਰਸੀਆਂ ਤੇ ਕਲਾ ਪ੍ਰੇਮੀਆਂ ਨੂੰ ਹੀ ਨਹੀਂ ਜਗਾਇਆ ਦੂਰ ਨੇੜੇ ਦੇ ਹਰ ਉਸ ਵਿਅਕਤੀ ਨੂੰ ਖਿਚ ਲਿਆਂਦਾ ਜਿਹੜਾ ਕਿਸੇ ਨਾ ਕਿਸੇ ਰੂਪ ਵਿਚ ਕੋਮਲ ਕਲਾ ਦਾ ਪ੍ਰੇਮੀ ਹੈ| ਖੂਬੀ ਇਹ ਕਿ ਰੰਧਾਵਾ ਆਡੀਟੋਰੀਅਮ ਦੇ ਹਾਲ ਕਮਰਾ ਤੇ ਗੈਲਰੀ ਤੋਂ ਬਿਨਾ ਦਰਸ਼ਕ ਤੇ ਸਰੋਤੇ ਦਰਵਾਜ਼ੇ ਦੇ ਬਾਹਰ ਖੜ੍ਹੇ ਵੀ ਸਮਾਗਮ ਦਾ ਆਨੰਦ ਮਾਣਦੇ ਰਹੇ|
ਇਸ ਮੌਕੇ ਪੰਜਾਬੀ ਲੇਖਕ ਸਭਾ ਦੇ ਸਾਬਕਾ ਪ੍ਰਧਾਨ ਤੇ ਜਨਰਲ ਸਕੱਤਰ ਵੀ ਹਾਜ਼ਰ ਸਨ ਜਿਨ੍ਹਾਂ ਦੀ ਹਾਜ਼ਰੀ ਨੂੰ ਦਰਸ਼ਕਾਂ ਤੇ ਸਰੋਤਿਆਂ ਨੇ ਤਾਲੀਆਂ ਦੀ ਗੂੰਜ ਨਾਲ ਸਲਾਹਿਆ| ਇਨ੍ਹਾਂ ਵਿਚ ਦੀਪਕ ਮਨਮੋਹਨ ਸਿੰਘ, ਲਾਭ ਸਿੰਖ ਖੀਵਾ, ਸ਼ਿੰਦਰਪਾਲ ਸਿੰਘ, ਸਵੈਰਾਜ ਸੰਧੂ ਤੇ ਸ਼ਾਮ ਸਿੰਘ ਅੰਗ ਸੰਗ ਦੀ ਹਾਜ਼ਰੀ ਉਚੇਚੀ ਸੀ|
ਏਥੇ ਪੰਜਾਬੀ ਲੇਖਕ ਸਭਾ ਵੱਲੋਂ ਇਸ ਮੌਕੇ ਇਕ ਕਿਤਾਬਚਾ ਜਾਰੀ ਕੀਤਾ ਗਿਆ ਜਿਸ ਵਿਚ ਸਭਾ ਦੇ ਇਤਿਹਾਸ ਅਤੇ ਇਸ ਸਾਲ ਦੀਆਂ ਸਰਗਰਮੀਆਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ ਹੈ| ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਪ੍ਰਕਾਸ਼ਤ ਤੇਰਾ ਸਿੰਘ ਚੰਨ ਸਿਰਜਣਾ ਅਤੇ ਸੰਗਰਾਮ ਵੀ ਪ੍ਰਧਾਨਗੀ ਮੰਡਲ ਤੋਂ ਇਲਾਵਾ ਜਸਵਿੰਦਰ ਸਿੰਘ, ਡਾ. ਕੁਲਦੀਪ ਸਿੰਘ ਦੀਪ ਵੱਲੋਂ ਰਿਲੀਜ਼ ਕੀਤੀ ਗਈ| ਉੱਘੇ ਲੋਕ ਕਲਾਕਾਰ ਬਲਕਾਰ ਸਿੱਧੂ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ‘ਤੇਰਾ ਸਿੰਘ ਚੰਨ ਯਾਦਗਾਰੀ ਪੁਰਸਕਾਰ’ ਨਾਲ ਸਨਮਾਨਤ ਕੀਤਾ ਗਿਆ|
ਵੱਡੀ ਗੱਲ ਇਹ ਕਿ ਇਸ ਮੇਲੇ ਵਿਚ ਪੰਜਾਬੀ ਲੇਖਕ ਸਭਾ ਵਲੋਂ ਪੇਸ਼ ਕੀਤੇ ਚਾਰ ਮਤੇ ਵੀ ਗਰਮਜੋਸ਼ੀ ਨਾਲ ਪ੍ਰਵਾਨ ਕੀਤੇ ਗਏ ਜਿਨ੍ਹਾਂ ਵਿਚ ਚੰਡੀਗੜ੍ਹ ਦੀ ਪ੍ਰਕਾਸ਼ਕੀ ਭਾਸ਼ਾ ਪੰਜਾਬੀ ਬਣਾਉਣ ਬਾਰੇ, ਪੰਜਾਬ ’ਚ ਪੰਜਾਬੀ ਭਾਸ਼ਾ ਕਾਨੂੰਨ ਪੂਰੀ ਤਰ੍ਹਾਂ ਲਾਗੂ ਕਰਨ, ਪੰਜਾਬ ਯੂਨੀਵਰਸਿਟੀ ਨੂੰ ਸਾਂਝੇ ਸੰਘਰਸ਼ ਰਾਹੀਂ ਬਚਾਓ ਸਬੰਧੀ ਅਤੇ ਪ੍ਰਗਟਾਵੇ ਦੀ ਅਜ਼ਾਦੀ ਉੱਤੇ ਹਮਲਿਆਂ ਦੀ ਨਿਖੇਧੀ ਬਾਰੇ ਮਤੇ ਸ਼ਾਮਿਲ ਸਨ| ਇਹ ਮਤੇ ਕ੍ਰਮਵਾਰ ਸੁਖਵਿੰਦਰ ਸਿੰਘ ਸਿੱਧੂ, ਮਨਜੀਤ ਕੌਰ ਮੀਤ, ਅਵਤਾਰ ਸਿੰਘ ਪਤੰਗ ਅਤੇ ਗੁਰਨਾਮ ਕੰਵਰ ਵੱਲੋਂ ਪੇਸ਼ ਕੀਤੇ ਗਏ| ਸੁਰੇਸ਼ ਕੁਮਾਰ, ਡਾ. ਦੀਪਾ ਅਤੇ ਅਵੀ ਸੰਧੂ ਦੀਆਂ ਲਿਖੀਆਂ ਪੁਸਤਕਾਂ ਵੀ ਇਸ ਮੌਕੇ ਰਿਲੀਜ਼ ਹੋਈਆਂ| ਪ੍ਰਸਿੱਧ ਲੋਕ ਗਾਇਕਾ ਡੌਲੀ ਸਿੰਘ ਨੇ ਲੋਕ ਗੀਤਾਂ ਦੀ ਖੂਬਸੂਰਤ ਮਹਿਫ਼ਿਲ ਸਜਾਈ ਜਿਸ ਵਿਚ ਗੁਰਵਿੰਦਰ ਲਵਲੀ, ਰਜਿੰਦਰ ਸਿੰਘ ਅਤੇ ਕਰਮ ਚੰਦ ਨੇ ਸਾਜਿੱਦਿਆਂ ਦੇ ਰੂਪ ਵਿਚ ਸਾਥ ਦਿੱਤਾ|
ਮੈਥੋਂ ਪੁਛਦੇ ਹੋ ਤਾਂ ਮੈਂ ਆਪਣੇ ਆਪ ਨੂੰ ਤੇਰਾ ਸਿੰਘ ਚੰਨ ਦੇ ਪਰਿਵਾਰ ਦਾ ਮੈਂਬਰ ਸਮਝਦਾ ਹਾਂ ਤੇ ਉਸਦੇ ਧੀਆਂ-ਪੁੱਤਰਾਂ ਤੇ ਉਨ੍ਹਾਂ ਦੇ ਜੀਵਨ ਸਾਥੀਆਂ ਰਾਹੀਂ ਚੰਨ ਹੁਰਾਂ ਨੂੰ ਜਾਣਦਾ ਹਾਂ| ਮੇਰੇ ਦਿੱਲੀ ਹੁੰਦਿਆਂ ਉਹ ਸਾਰੇ ਰਾਣਾ ਪ੍ਰਤਾਪ ਬਾਗ ਕਾਲੋਨੀ ਵਿਚ ਰਹਿੰਦੇ ਸਨ| ਉਨ੍ਹਾਂ ਦੇ ਘਰ ਆਉਣ-ਜਾਣ ਵਾਲਿਆਂ ਵਿਚ ਮੈਂ ਹੀ ਨਹੀਂ ਮੰਜੀਆਂ ਤੋੜਨ ਵਾਲੇ ਕਾਮਰੇਡ ਤੇ ਨਿੱਕੇ ਵੱਡੇ ਰੰਗ ਕਰਮੀ ਵੀ ਊਧਮ ਮਚਾਈ ਰਖਦੇ ਸਨ| ਕੁਝ ਏਸ ਤਰ੍ਹਾਂ ਜਿਵੇਂ ਇਹ ਇੱਕ ਛੋਟਾ ਗੁਰੂ ਘਰ ਹੋਵੇ| ਮੈਂ ਚੰਨ ਹੁਰਾਂ ਨੂੰ ਦਿੱਲੀ ਤੇ ਨਵੀਂ ਦਿੱਲੀ ਦੀਆਂ ਸੜਕਾਂ ਉੱਤੇ ਪਹਿਲਾਂ ਸਾਈਕਲ ਤੇ ਫੇਰ ਮੋਪਡ ਉੱਤੇ ਸਵਾਰ ਹੋ ਕੇ ਆਪਣੇ ਸਿਧਾਂਤ ਨੂੰ ਉਸਦੀ ਮੰਜ਼ਿਲ ਵਲ ਲਿਜਾਂਦਿਆਂ ਵੇਖਦਾ ਰਿਹਾ ਹਾਂ|
ਤੇਰਾ ਸਿੰਘ ਦਾ ਪਰਿਵਾਰਕ ਪਿਛੋਕੜ ਚੱਢਾ ਖਤਰੀਆਂ ਵਾਲਾ ਸੀ ਪਰ ਉਹ ਏਨੇ ਉਦਾਰ ਸਨ ਕਿ ਉਨ੍ਹਾਂ ਦੀ ਧੀ ਸੁਲੇਖਾ ਨੇ ਸਿਰਜਣਾ ਦੇ ਸੰਪਾਦਕ ਰਘਬੀਰ ਸਿੰਘ ਦਾ ਹੱਥ ਫੜਿਆ ਤੇ ਬੇਟੇ ਮਨਦੀਪ ਉਰਫ ਸੱਮੀ ਨੇ ਵਿਰਕ ਜੱਟਾਂ ਦੀ ਧੀ ਅਮਰਜੀਤ ਦਾ ਉਨ੍ਹਾਂ ਦੇ ਬੇਟੇ ਦਿਲਦਾਰ ਦਾ ਵਿਆਹ ਚੰਨ ਦੇ ਮੁਸਲਿਮ ਕੁਲੀਗ ਦੀ ਬੇਟੀ ਸੁਲਤਾਨਾ ਨਾਲ ਹੋਇਆ| ਸਾਰੇ ਸੁਖੀ ਵਸਦੇ ਹਨ|
ਤੇਰਾ ਸਿੰਘ ਚੰਨ ਦੀਆਂ ਨਾਟਕੀ ਵਿਧੀਆਂ ਦੀ ਪ੍ਰਮਾਣ ਦੇਣੀ ਹੋਵੇ ਤਾਂ ਇਹ ਦੱਸਣਾ ਬਣਦਾ ਹੈ ਕਿ ਇੱਕ ਵਾਰੀ ਉਸਨੇ ਲੱਕੜ ਦੇ ਗੱਡੇ ਤੋਂ ਸਟੇਜ ਦਾ ਕੰਮ ਲੈ ਕੇ ਸਟੇਜ ਦੇ ਪਿੱਛੇ ਚਿੱਟੇ ਕੱਪੜੇ `ਤੇ ਸਤਲੁਜ ਦਰਿਆ ਦੀਆਂ ਲਹਿਰਾਂ ਉਲੀਕ ਕੇ ਦੇਸ਼ ਵੰਡ ਦੇ ਦੁਖਾਂ ਦੀ ਵਿਥਿਆ ਪੇਸ਼ ਕੀਤੀ| ਇਸ ਝਾਕੀ ਤੋਂ ਪ੍ਰਭਾਵਤ ਹੋ ਕੇ ਗੀਤਾਂ ਦੀ ਰਾਣੀ ਸੁਰਿੰਦਰ ਕੌਰ ਹੀ ਨਹੀਂ ਰਾਮ ਲੀਲਾ ਖੇਡਣ ਵਾਲੇ ਜਗਦੀਸ਼ ਫਰਿਆਦੀ ਤੇ ਹੁਕਮ ਚੰਦ ਖਲੀਲੀ ਵੀ ਚੰਨ ਦੇ ਪੈਸੇ ਵਿਚ ਪ੍ਰਵੇਸ਼ ਕਰ ਗਏ| ਚੰਨ ਦੀਆਂ ਇਹੋ ਜਿਹੀਆਂ ਜੁਗਤਾਂ ਨੇ ਉਰਦੂ ਭਾਸ਼ਾ ਵਾਲੇ ਵਿਅੰਗਕਾਰ ਫਿਕਰ ਤੌਂਸਵੀ ਤੋਂ ਹੀ ਨਹੀਂ ਪੰਜਾਬੀ ਦੇ ਉੱਘੇ ਮਹਾਰਥੀ ਗੁਰਬਖਸ਼ ਸਿੰਘ ਪ੍ਰੀਤ ਲੜੀ ਤੋਂ ਮਹਿਮਾ ਭਰੀ ਟਿੱਪਣੀ ਪ੍ਰਾਪਤ ਕੀਤੀ|
ਚੰਨ ਦੀ ਪਹਿਲੀ ਪੁਸਤਕ ‘ਸਿਸਕੀਆਂ’ ਸੀ ਜਿਸਨੂੰ 1943 ਵਿਚ ਦੇਸ਼ ਦੀਪਕ ਮੰਡਲ ਰਾਵਲਪਿੰਡੀ ਨੇ ਆਪਣੀ ਹਿੰਦੁਸਤਾਨ ਸਾਹਿਤ ਲੜੀ ਦੀ ਪਹਿਲੀ ਪੁਸਤਕ ਵਜੋਂ ਛਾਪਿਆ ਸੀ| ਉਸ ਸਮੇਂ ਦੇ ਇਸ ਨੌਜਵਾਨ ਕਵੀ ਨੂੰ ਕੀ ਪਤਾ ਸੀ ਕਿ ਉਸ ਨੇ ਦਿੱਲੀ ਦੱਖਣ ਦਾ ਚੱਕਰ ਲਾ ਕੇ ਅੰਤਲੇ ਸਾਹ ਚੰਡੀਗੜ੍ਹ ਵਿਚ ਲੈਣੇ ਸਨ| 1947 ਵਿਚ ਇਸ ਦੇਸ਼ ਦਾ ਵੰਡਿਆ ਜਾਣਾ ਸਾਹਿਤਕਾਰ ਚੰਨ ਨੂੰ ਕਦੀ ਨਹੀਂ ਭੁੱਲਿਆ:
ਇਹ ਉਹ ਦਿਨ ਹੈ ਜਿਸ ਦਿਨ ਲੀਡਰਾਂ ਨੇ
ਚਿੱਟੇ ਦਿਨ ਸ਼ਹੀਦਾਂ ਦੀ ਰੱਤ ਵੇਚੀ|
ਲਾਲ ਸਤਲੁਜ ਦੇ ਕੰਢੇ ਵੇਚ ਦਿੱਤੇ,
ਸਸਤੀ ਪੱਤਿਆਂ ਤੋਂ ਲਾਜ ਪਤ ਵੇਚੀ|
ਕੰਧਾਂ ਵੇਚੀਆਂ ਧਰਮ ਈਮਾਨ ਦੀਆਂ,
ਲਾਹ ਕੇ ਅਣਖ ਦੀ ਸਿਰਾਂ ਤੋਂ ਛੱਤ ਵੇਚੀ|
ਟੋਟੇ ਜਿਸਮ ਦੇ ਮਾਪਿਆਂ ਇੰਝ ਕੀਤੇ,
ਕਿਧਰੇ ਬਾਂਹ ਵੇਚੀ ਕਿਧਰੇ ਲੱਤ ਵੇਚੀ|
ਇੱਕ ਦਿਨ ਉਹ ਵੀ ਆਇਆ ਜਦ ਹਾਸ਼ਮ ਯਾਦਗਾਰੀ ਟਰਸਟ ਨੇ ਤੇਰਾ ਸਿੰਘ ਚੰਨ ਤੇ ਸੁਰਿੰਦਰ ਕੌਰ ਨੂੰ ਸਨਮਾਨ ਦੇ ਕੇ ਨਿਵਾਜਿਆ| ਮੈਂ ਤਾਂ ਉਸ ਮਿਲਣੀ ਦਾ ਵੀ ਚਸ਼ਮਦੀਦ ਗਵਾਹ ਹਾਂ ਜਦ ਕੁੱਲ ਦੁਨੀਆਂ ਦੇ ਤਖ਼ਤੇ ਉੱਤੇ ਛਾਈ ਸੁਰਿੰਦਰ ਕੌਰ, ਤੇਰਾ ਸਿੰਘ ਚੰਨ ਨੂੰ ਜੱਫੀ ਪਾ ਕੇ ਇੰਝ ਮਿਲੀ ਸੀ ਕਿ ਜਿਵੇਂ ਕੋਈ ਧੀ ਆਪਣੇ ਪਿਤਾ ਨੂੰ ਬਹੁਤ ਦੇਰ ਪਿੱਛੋਂ ਮਿਲੀ ਹੋਵੇ|
ਮੈਨੂੰ ਆਸ ਹੈ ਕਿ ਅੱਗੇ ਤੋਂ ਚੰਡੀਗੜ੍ਹ ਸਾਹਿਤ ਸਭਾ ਹੀ ਨਹੀਂ ਦੂਜੀਆਂ ਸੰਸਥਾਵਾਂ ਵੀ ਇਹੋ ਜਿਹੇ ਮੇਲੇ ਆਯੋਜਤ ਕਰਕੇ ਸਾਹਿਤ, ਸਭਿਆਚਾਰ ਤੇ ਕਲਾ ਦੇ ਸਿਤਾਰਿਆਂ ਨੂੰ ਚੇਤੇ ਕਰਦੀਆਂ ਰਹਿਣਗੀਆਂ|
ਅੰਤਿਕਾ
ਪੁਰਾਣੇ ਰੱਬ ਨੂੰ/ਤੇਰਾ ਸਿੰਘ ਚੰਨ॥
ਕੜਾਹ ਜੇ ਚੜ੍ਹਾਏ ਤੂੰ ਬਣ ਜਾਏਂ ਉਸਦਾ
ਕੋਈ ਟਿੱਕਾ ਜੇ ਲਾਏ ਤੂੰ ਬਣ ਜਾਏਂ ਉਸਦਾ
ਆਪਣੇ ਤੀਰ ਮਾਰਨ ਲਈ ਮਜ਼ਹਬ ਦੀ ਖਾਤਰ
ਕੋਈ ਛੂਰੀ ਚਲਾਏ ਤੂੰ ਬਣ ਜਾਏਂ ਉਸਦਾ।