ਜਸਵਿੰਦਰ ਸੰਧੂ ਅਤੇ ਪੂਰਨ ਸਿੰਘ ਪਾਂਧੀ
ਬ੍ਰੈਂਪਟਨ, ਕਨੇਡਾ
ਔਰਤਾਂ ਦੇ ਹਾਰ-ਸ਼ਿੰਗਾਰ ਨੂੰ ਸਾਡੇ ਭਾਰਤੀ ਸਮਾਜ ਵਿਚ ਕਾਫ਼ੀ ਮਹੱਤਤਾ ਦਿੱਤੀ ਜਾਂਦੀ ਹੈ। ਇਤਿਹਾਸ ਵੀ ਇਸ ਦੀਆਂ ਅਨੇਕਾਂ ਉਦਾਹਰਣਾਂ ਨਾਲ਼ ਭਰਿਆ ਪਿਆ ਹੈ। ਇੱਥੋਂ ਤੱਕ ਕਿ ਝਾਂਸੀ ਦੇ ਕੋਲ਼ ਖਜੁਰਾਹੋ ਦੇ ਮੰਦਰਾਂ ’ਚ ਵੀ ਤੁਸੀਂ ਇਸ ਦੀਆਂ ਝਲਕੀਆਂ ਦੇਖ ਸਕਦੇ ਹੋ। ਓਥੇ ਇਹ ਮੰਦਰਨੁਮਾ ਇਮਾਰਤਾਂ ਬਾਰ੍ਹਵੀਂ ਸਦੀ ਤੋਂ ਪਹਿਲਾਂ ਚੰਦੇਲਾ ਰਾਜ ਵਿਚ ਬਣਾਈਆਂ ਗਈਆਂ ਸਨ।
ਪਰ ਓਥੇ ਦਰਸਾਈ ਗਈ ਇੱਕ ਜਵਾਨ ਔਰਤ ਦੇ ਮੋਢੇ `ਤੇ ਪਤਲੀ ਜਿਹੀ ਵੱਧਰੀ ਵਾਲ਼ਾ ਅਜੋਕੀ ਕਿਸਮ ਦਾ ਛੋਟਾ ਜਿਹਾ ਪਰਸ (ਬਟੂਆ) ਵੀ ਦੇਖ ਸਕਦੇ ਹੋ ਜੋ ਅੱਜ-ਕੱਲ੍ਹ ਦੀਆਂ ਫੈਸ਼ਨਦਾਰ ਜਵਾਨ ਕੁੜੀਆਂ ਵਾਂਙੂੰ ਹੀ ਸਮਾਨ ਸਾਂਭਣ ਨਾਲ਼ੋਂ ਜ਼ਿਆਦਾ ਦਿਖਾਵੇ ਵਾਲ਼ੀ ਚੀਜ਼ ਹੀ ਲਗਦਾ ਹੈ। ਕੀ ਕਦੇ ਕਿਸੇ ਨੇ ਸੋਚਿਆ ਹੈ ਕਿ ਕੁਦਰਤੀ ਜੀਵਾਂ ਨਾਲ਼ੋਂ ਵੱਖਰੀ ਕਿਸਮ ਦਾ ਵਤੀਰਾ ਇਨਸਾਨਾਂ ਵਿਚ ਕਿਉਂ ਤੇ ਕਦੋਂ ਸ਼ੁਰੂ ਹੋਇਆ ਹੋਊ? ਜਾਨਵਰਾਂ ਵਿਚ ਤਾਂ ਤੁਸੀਂ ਇਹ ਵਤੀਰਾ ਬਹੁਤ ਵਾਰ ਦੇਖਿਆ ਹੋਣਾ ਹੈ ਟੀਵੀ ਬਗੈਰਾ, ਫਿਲਮਾਂ ਜਾਂ ਹੋ ਸਕਦਾ ਹੈ ਕੁਦਰਤ ਵਿਚ ਵੀ। ਪਰ ਕੁਦਰਤ ਵਿਚ ਇਹ ਦਿਖਾਵਾ ਹਮੇਸ਼ਾ ਜਾਂ ਘੱਟੋ-ਘੱਟ 99.9 ਪ੍ਰਤੀਸ਼ਤ ਤੁਸੀਂ ਨਰ ਨੂੰ ਹੀ ਕਰਦੇ ਦੇਖਿਆ ਹੋਊ। ਮਾਦਾ ਨੂੰ ਤਾਂ ਵਿਚਾਰੀਆਂ ਜਾਂ ਕਹਿ ਲਓ ਕਿ ਮੂਕ ਦਰਸ਼ਕ ਬਣ ਕੇ ਦੇਖਦੀਆਂ/ ਮਾਣਦੀਆਂ ਨੂੰ ਹੀ ਦੇਖਿਆ ਹੋਣਾ ਹੈ। ਜਾਣੀ ਕਿ ਕੁਦਰਤ ਵੱਲੋਂ ਪਣਪਿਆ ਇਹ ਵਤੀਰਾ ਕੇਵਲ ਨਰਾਂ ਦਾ ਕੰਮ ਹੁੰਦਾ ਹੈ ਜੋ ਆਪਣੇ ਲਈ ਸਾਥਣ/ਸਾਥਣਾਂ ਦੀ ਭਾਲ਼ ਕਰ ਰਹੇ ਹੁੰਦੇ ਹਨ। ਅਮਰੀਕਣ ਪ੍ਰੋ: ਕ੍ਰਿਸਟੀਨ ਬੋਕ (1984, ਜੋ ਕੀੜਿਆਂ ਦੇ ਸਾਥੀ-ਚੋਣ `ਤੇ ਕੰਮ ਕਰ ਰਹੀ ਹੈ) ਦਾ ਕਹਿਣਾ ਹੈ ਕਿ ਇੱਕ ਗਰੲਗਅਰiੋੁਸ ਚਰਚਿਕੲਟ ੳਮਪਹiਅਚੁਸਟਅ ਮਅੇਅ (ਐਂਫੀਆਕੁਸਟਾ ਮਾਇਆ) ਨਾਂ ਦਾ ਟਿੱਡਾ ਬਥ੍ਹੇਰੇ ਤਰ੍ਹਾਂ ਦੇ ਇਸ਼ਾਰੇ ਕਰਦਾ ਹੈ ਜਿਨ੍ਹਾਂ ’ਚ ਉਹਦੇ ਗੀਤ ਆਦਿ ਗਾ ਕੇ ਜਾਂ ਕਹਿ ਲਓ ਕਿ ਅਵਾਜ਼ਾਂ ਮਾਰਨ ਦਾ ਕੰਮ ਵੀ ਹੁੰਦਾ ਹੈ। ਪਰ ਪ੍ਰੋ: ਬੋਕ ਨੇ ਦੇਖਿਆ ਹੈ ਕਿ ਬੋਲਣ ਜਾਂ ਨਾ ਬੋਲਣ ਦਾ ਕੋਈ ਫਰਕ ਨੀ ਪੈਂਦਾ ਉਨ੍ਹਾਂ ਟਿੱਡੀਆਂ `ਤੇ। ਉਸ ਨੇ ਇਹ ਤਜਰਬਾ ਅੱਧੇ ਟਿੱਡਿਆਂ ਦੀਆਂ ਅਵਾਜ਼ਾਂ ਖਤਮ ਕਰਕੇ ਦੂਜਿਆਂ ਆਮ ਰੌਲ਼ਾ ਪਾਉਣ ਵਾਲ਼ੇ ਟਿੱਡਿਆਂ ਨਾਲ਼ ਮੁਕਾਬਲਾ ਕਰਵਾ ਕੇ ਦੇਖਿਆ ਸੀ, ਜਿਸਦੇ ਨਤੀਜੇ ’ਚ ਕੋਈ ਫਰਕ ਨੀ ਆਇਆ ਭਾਵੇਂ ਕੁਦਰਤ ਵਿਚ ਇਹ ਕੰਮ ਚਲਦਾ ਹੈ।
ਸਾਥੀ ਭਾਲਣ ਦੇ ਮਾਮਲੇ `ਤੇ ਇੱਕ ਏਆਈ ਝਾਤ (ੳੀ ੌਵੲਰਵਇੱ) ਅਨੁਸਾਰ ਜਾਨਵਰਾਂ ਵਿਚ ਆਮ ਕਰਕੇ ਨਰਾਂ ਦੁਆਰਾ ਕਈ ਤਰ੍ਹਾਂ ਦੀਆਂ ਮਿਲਣ-ਰੀਤਾਂ ਪੇਸ਼ ਕੀਤੀਆਂ ਜਾਂਦੀਆਂ ਹਨ। ਜਿਵੇਂ ਮੋਰ ਆਪਣੇ ਖੂLਬਸੂਰਤ ਖੰਭ ਫੈਲਾ ਕੇ ਮੋਰਨੀਆਂ ਨੂੰ ਰਿਝਾਉਣ ਲਈ ਪੇਸ਼ ਕਰਦਾ ਹੈ, ਫੇਰ ਨਾਚ ਵੀ ਕਰ ਕੇ ਦਿਖਾਉਂਦਾ ਹੈ। ਜਾਨਵਰਾਂ ਵਿਚ ਇਹ ਵਰਤਾਰਾ ਨਾਚ ਦਿਖਾਉਣਾ, ਆਪਣੇ ਖੂLਬਸੂਰਤ ਖੰਭਾਂ ਦੀ ਨੁਮਾਇਸ਼ ਕਰਨਾ, ਸੁਰੀਲੀਆਂ ਅਵਾਜ਼ਾਂ ਕੱਢ ਕੇ ਆਪਣੇ ਸਾਥੀ ਨੂੰ ਲੁਭਾਉਣਾ, ਆਪਣੀ ਤਾਕਤ ਦਿਖਾ ਕੇ ਵਿਰੋਧੀ ਨੂੰ ਪਛਾੜਨ ਦੇ ਨਾਲ਼-ਨਾਲ਼ ਮਾਦਾ ਨੂੰ ਪ੍ਰਭਾਵਿਤ ਕਰਨਾ, ਜਾਂ ਸੁਗੰਧ ਨਾਲ਼ ਵੀ ਮਾਦਾ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੀ ਕੋਸ਼ਿਸ਼ ਆਦਿ ਸਭ ਇਸੇ ਵਰਤਾਰੇ ਦੇ ਅੰਗ ਹੋ ਸਕਦੇ ਹਨ। ਪਰ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਹ ਸਭ ਮਿਲਣ-ਰੀਤਾਂ ਤਕਰੀਬਨ ਹਰ ਪ੍ਰਜਾਤੀ ਦੇ ਨਰਾਂ ਦੁਆਰਾ ਹੀ ਪੇਸ਼ ਕੀਤੀਆਂ ਜਾਂਦੀਆਂ ਹਨ। ਲੜ ਕੇ ਬਹਾਦਰੀ ਦਿਖਾਉਣ ਵਾਲ਼ੇ ਵੀ ਨਰ ਹੀ ਹੁੰਦੇ ਹਨ ਅਤੇ ਨਾਚ ਕਰਨ ਵਾਲ਼ੇ ਵੀ। ਜਾਣੀ ਕਿ ਕੁਦਰਤੀ ਵਿਕਾਸ ਨਰਾਂ ਨੂੰ ਇਸ ਪਾਸੇ ਧੱਕਦਾ ਰਿਹਾ ਹੈ।
ਕਈ ਜਾਨਵਰਾਂ ’ਚ ਤਾਂ ਨਰ ਸਿਰਫ਼ ਬੱਚਿਆਂ ਦੀ ਪੈਦਾਇਸ਼ ਲਈ ਹੀ ਕੰਮ ਆਉਂਦੇ ਹਨ। ਸ਼ਹਿਦ ਦੀਆਂ ਮੱਖੀਆਂ ’ਚ ਰਾਣੀ ਨਾਲ਼ ਸੰਭੋਗ ਕਰਨ ਵਾਲ਼ੇ ਇੱਕ ਤੋਂ ਬਗੈਰ ਸਾਰੇ ਵੈਸੇ ਹੀ ਮਰ ਜਾਂਦੇ ਹਨ। ਉਨ੍ਹਾਂ ਦਾ ਆਪਣੀ ਕਲੋਨੀ/ ਮਖਿਆਲ਼ ਦੇ ਛੱਤੇ ਬਣਾਉਣ ਜਾਂ ਉਸ ਨੂੰ ਬਚਾਉਣ ਲਈ ਵੀ ਕੋਈ ਕੰਮ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਕੋਲ਼ ਡੰਗ ਵੀ ਨਹੀਂ ਹੁੰਦਾ। ਇਹ ਸਭ ਕੰਮ ਮਾਦਾ ਮੱਖੀਆਂ ਦੇ ਜੁੰਮੇ ਹੀ ਹੁੰਦਾ ਹੈ। ਉਹੀ ਆਪਣੀ ਰਾਣੀ ਦੀ ਹਰ ਤਰ੍ਹਾਂ ਦੀ ਸੇਵਾ ਕਰਦੀਆਂ ਹਨ ਅਤੇ ਉਹੀ ਛੱਤੇ ਦੀ ਉਸਾਰੀ ਕਰਦੀਆਂ ਹਨ, ਸ਼ਹਿਦ ਵੀ ਉਹੀ ਬਣਾਉਂਦੀਆਂ ਹਨ ਫੁੱਲਾਂ ਤੋਂ ਪਰਾਗਕਣ ਕੱਠੇ ਕਰ ਕੇ ਅਤੇ ਜਦੋਂ ਲੋੜ ਪੈਂਦੀ ਹੈ ਤਾਂ ਦੁਸ਼ਮਣ `ਤੇ ਹਮਲਾ ਕਰਨ ਵੇਲ਼ੇ ਆਪਣੀ ਜਾਨ ਗੁਆ ਕੇ (ਆਤਮਘਾਤੀ ਹਮਲੇ) ਛੱਤੇ ਅਤੇ ਆਪਣੇ ਮਖਿਆਲ਼ ਦੀ ਰਾਖੀ ਕਰਦੀਆਂ ਸ਼ਹੀਦ ਹੋ ਜਾਂਦੀਆਂ ਹਨ। ਭ੍ਰਿੰਡਾਂ ਤੇ ਭੂੰਡਾਂ ’ਚ ਵੀ ਇਹੀ ਕੰਮ ਹੈ ਨਰ ਭ੍ਰਿੰਡਾਂ ਤੇ ਭੂੰਡਾਂ ਦਾ। ਇਨ੍ਹਾਂ ਦੀਆਂ ਮਾਦਾਵਾਂ ਹੀ ਛੱਤਾ ਬਣਾਉਂਦੀਆਂ ਤੇ ਬਚਾਉਂਦੀਆਂ ਹਨ ਅਤੇ ਸਭ ਲਈ ਖਾਣ-ਪੀਣ ਦਾ ਪ੍ਰਬੰਧ ਕਰਦੀਆਂ ਹਨ। ਨਰ ਸਿਰਫ਼ ਔਲਾਦ ਪੈਦਾ ਕਰਨ ਦਾ ਕੰਮ ਕਰਕੇ ਮਰ ਜਾਂਦੇ ਹਨ।
ਪਰ ਸਵਾਲ ਇਹ ਉੱਠਦਾ ਹੈ ਕਿ ਮਨੁੱਖਾਂ (ਜੋ ਇੱਕ ਸਮਾਜਿਕ ਜਾਨਵਰ ਹੈ) ਵਿਚ ਇਹ ਰੀਤ ਉਲਟ ਕਿਵੇਂ ਤੇ ਕਿਉਂ ਹੋ ਗਈ? ਅਸੀਂ ਦੇਖਦੇ ਹਾਂ ਕਿ ਸਾਡੀਆਂ ਔਰਤਾਂ ਹੀ ਜ਼ਿਆਦਾ ਗਹਿਣੇ ਬਗੈਰਾ ਪਾਉਂਦੀਆਂ ਹਨ ਅਤੇ ਨਾਲ਼ ਹੀ ਹੋਰ ਬਹੁਤ ਤਰ੍ਹਾਂ ਦੇ ਹਾਰ-ਸ਼ਿੰਗਾਰ ਕਰਦੀਆਂ ਹਨ ਜਦੋਂ ਕਿ ਮੁਕਾਬਲਤਨ ਆਦਮੀ ਇਸ ਤੋਂ ਉਲਟ ਬਹੁਤ ਘੱਟ ਮਾਤਰਾ ਜਾਂ ਘੱਟ ਹੱਦ ਤੱਕ ਇਸ ਦਿਖਾਵੇਬਾਜ਼ੀ ’ਚ ਸ਼ਾਮਲ ਨਜ਼ਰ ਆਉਂਦੇ ਹਨ। ਰਿਬੈਕਾ ਰਸਲ (2010) ਦਾ ਕਹਿਣਾ ਹੈ ਕਿ ਮਨੁੱਖੀ ਸਰੀਰ ਦਾ ਸ਼ਿੰਗਾਰੇ ਜਾਣਾ ਕੋਈ ਕਿਸੇ ਇਕੱਲੇ ਸੱਭਿਆਚਾਰ ਜਾਂ ਕਬੀਲੇ ਦਾ ਕਿਰਦਾਰ ਨਹੀਂ ਰਿਹਾ, ਸਗੋਂ ਇਹ ਹਰ ਕਬੀਲੇ ਤੇ ਸੱਭਿਆਚਾਰ ਦਾ ਮਹੱਤਵਪੂਰਨ ਅੰਗ ਰਿਹਾ ਹੈ ਜੋ ਅੱਜ ਬਹੁਤ ਪ੍ਰਫੁੱਲਤ ਹੋ ਕੇ ਸਾਡੇ ਸਾਹਮਣੇ ਹੈ। ਇਸਦਾ ਅੰਦਾਜ਼ਾ ਦੁਨੀਆਂ ’ਚ ਚੱਲ ਰਹੀ ਇਸ ਸਨਅਤ ਦਾ ਸਾਲਾਨਾ ਵਪਾਰ ਦੇਖ ਕੇ ਲਾਇਆ ਜਾ ਸਕਦਾ ਹੈ ਜੋ ਇੱਕ ਏਆਈ ਝਾਤ (ੳੀ ੌਵੲਰਵਇੱ) ਅਨੁਸਾਰ $356 ਤੋਂ 375 ਅਰਬ/ਬਿਲੀਅਨ ਅਮਰੀਕੀ ਡਾਲਰ ਬਣਦਾ ਹੈ। ਪੁਰਾਤੱਤਵੀ ਖੋਜਾਂ ਮੁਤਾਬਕ ਇਹ ਗਹਿਣੇ ਆਦਿ ਇੱਕ ਲੱਖ ਸਾਲ ਪਹਿਲਾਂ ਵੀ ਔਰਤਾਂ ਵੱਲੋਂ ਪਹਿਨੇ ਜਾਂਦੇ ਲੱਭੇ ਗਏ ਹਨ। ਪਰ ਓਦੋਂ ਇਨ੍ਹਾਂ ਦੀ ਮਹੱਤਤਾ ਸਰੀਰ ਦੀ ਦਿਖਾਵਟ ਵਧਾਉਣ ਲਈ ਨਹੀਂ ਸਗੋਂ ਕੁਦਰਤੀ ਖਤਰਿਆਂ ਤੋਂ ਬਚਣ ਲਈ ਜਾਂ ਉਨ੍ਹਾਂ ਖਤਰਿਆਂ ਦੇ ਕਾਰਕਾਂ (ਕਰਨ ਵਾiਲ਼ਆਂ) ਨੂੰ ਖੁਸ਼ ਕਰਨ ਲਈ ਟੂਣੇ-ਟਾਮਣੇ ਆਦਿ ਵੱਲੋਂ ਕੀਤੀ ਜਾਂਦੀ ਆਂਕੀ ਗਈ ਹੈ, ਕਿਉਂਕਿ ਉਸ ਸਮੇਂ ਲੋਕ ਇਹ ਸਮਝਦੇ ਸਨ ਕਿ ਕੋਈ ਨਾ ਕੋਈ ਅਦਿੱਖ ਸ਼ਕਤੀ ਇਨ੍ਹਾਂ ਖਤਰਿਆਂ ਲਈ ਜ਼ਿੰਮੇਵਾਰ ਹੁੰਦੀ ਹੈ। ਮੋਰੌਕੋ ’ਚੋਂ ਡੇਢ ਕੁ ਲੱਖ ਸਾਲ ਪਹਿਲਾਂ ਦੇ ਬਣੇ ਗਹਿਣੇ ਵੀ ਬ੍ਰਾਮਦ ਹੋਏ ਹਨ, ਜੋ ਇਸ ਕਹਾਣੀ ਨੂੰ ਹੋਰ ਵੀ ਪਿੱਛੇ ਲੈ ਜਾਂਦੇ ਹਨ। ਉਥੇ ਬਿਜ਼ਮੂਨ ਗੁਫ਼ਾ ’ਚੋਂ 33 ਸਮੁੰਦਰੀ ਘੋਗਿਆਂ ਦੇ ਸ਼ੰਖਨੁਮਾ ਖੋਲ਼ਾਂ ’ਚ ਮੋਰੀਆਂ ਕੀਤੇ ਹੋਏ ਗਹਿਣੇ ਮਿਲੇ ਹਨ।
ਔਰਤਾਂ ਦੇ ਗਹਿਣੇ ਉਨ੍ਹਾਂ ਦੇ ਸਮਾਜਿਕ ਬੰਦਿਸ਼ਾਂ ਦੇ ਚਿੰਨ੍ਹ
ਰਿਬੈਕਾ ਰਸਲ (2010) ਕਹਿੰਦੀ ਹੈ ਕਿ ਸਾਡਾ ਸਰੀਰ ਸਾਡੀਆਂ ਚਾਹਤਾਂ ਅਤੇ ਮਾਨਸਿਕ ਉਡਾਰੀਆਂ ਨੂੰ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਰਿਹਾ ਹੈ। ਜਿਓਰਗਾ ਇਰਵਿੰਗ (1932) ਦਾ ਵਿਚਾਰ ਗਹਿਣਿਆਂ ਬਾਰੇ ਤਾਂ ਇਹ ਹੈ ਕਿ ਮਨੁੱਖੀ ਕਰਮ ਵਿਕਾਸ ਵਿਚ ਅਵਾਜ਼ ਤੋਂ ਬਾਅਦ ਗਹਿਣਿਆਂ ਨੇ ਵੀ ਬਹੁਤ ਵੱਡਾ ਹਿੱਸਾ ਪਾਇਆ ਹੈ। ਉਸ ਦਾ ਇਹ ਵੀ ਕਹਿਣਾ ਹੈ ਕਿ ਹਰ ਸੱਭਿਆਚਾਰ ਦੇ ਗਹਿਣੇ ਉਸਦੇ ਔਰਤਾਂ ਵੱਲ ਸਮਾਜ ਦੇ ਵਰਤਾਰੇ ਤੇ ਵਤੀਰੇ ਨਾਲ਼ ਵੀ ਸਬੰਧ ਰੱਖਦੇ ਸਨ/ਹਨ। ਅਸੀਂ ਵੀ ਇਸ ਖਿਆਲ ਨਾਲ਼ ਸਹਿਮਤ ਹਾਂ ਕਿ ਔਰਤਾਂ ਦੇ ਗਹਿਣੇ ਹਰ ਇੱਕ ਸਮਾਜ ਦੇ ਆਪਣੀਆਂ ਔਰਤਾਂ ਬਾਰੇ ਵਿਚਾਰਾਂ ਅਨੁਸਾਰ ਬਣੇ ਹੁੰਦੇ ਹਨ; ਕੁੱਝ ਵਿਦਵਾਨਾਂ ਦਾ ਇਹ ਵਿਚਾਰ ਹੈ ਕਿ ਇਹ ਗਹਿਣੇ ਵੱਖੋ-ਵੱਖਰੇ ਸਮਾਜਾਂ ਵਿਚ ਆਦਮੀਆਂ ਨੇ ਆਪਣੀਆਂ ਔਰਤਾਂ ਨੂੰ ਕਾਬੂ ਰੱਖਣ ਲਈ ਬਣਾਏ ਹੋਏ ਸੰਦ ਸਨ ਜੋ ਅੱਗੇ ਵਿਕਸਤ ਹੋ ਕੇ ਅੱਜ-ਕੱਲ੍ਹ ਗਹਿਣਿਆਂ ਦੇ ਰੂਪ ਵਿਚ ਸਾਡੇ ਸਾਹਮਣੇ ਆਏ ਹੋਏ ਹਨ। ਇੱਕ ਤੈਲਗੂ ਭਾਸ਼ਾ ਦੇ ਭਾਰਤੀ ਲਿਖਾਰੀ ਤਾਪੀ ਧਰਮਾ ਰਾਓ ਨੇ ਅਜਿਹੇ ਇੱਕ ਵਿਸ਼ੇ ਤੇ ‘ਇਨੂਪਾਕੱਚਡਾਲੂ’ ਨਾਂ ਦੀ ਕਿਤਾਬ ਲਿਖੀ ਸੀ ਜੋ 2013 ’ਚ ਛਪੀ ਸੀ। ਜਿਸ ਦਾ ਪੰਜਾਬੀ ਅਨੁਵਾਦ ‘ਲੋਹੇ ਦੀਆਂ ਕਮਰ ਪੇਟੀਆਂ’ ਬਣਦਾ ਹੈ, ਪਰ ਇਹ ਵੀ ਕਿਹਾ ਗਿਆ ਹੈ ਕਿ ਸਹੀ ਤਰ੍ਹਾਂ ਉਸ ਸ਼ਬਦ ਦਾ ਅਨੁਵਾਦ ਨਹੀਂ ਕਰਦਾ (ਤੇਜਿੰਦਰ ਵਿਰਲੀ, 2025, ਨਵਾਂ- ਜ਼ਮਾਨਾ 9-ਨਵੰਬਰ)। ਇਹ ਤਾਂ ਸਰਾ ਸਰ ਔਰਤ ਨੂੰ ਆਪਣੇ ਯੌਨ-ਸ਼ੋਸ਼ਣ ਲਈ ਕਾਬੂ ’ਚ ਰੱਖਣ ਦਾ ਕਾਰਾ ਸੀ ਜੋ ਔਰਤ ਨੂੰ ਦੂਜਿਆਂ ਮਰਦਾਂ ਨਾਲ਼ ਭੋਗ ਕਰਨ ਤੋਂ ਵਰਜਿਤ ਕਰਨ ਲਈ ਸੀ। ਇਹ ਤਕਨੀਕ ਯੂਰਪੀ ਦੇਸ਼ਾਂ ਵਿਚ ਵੀ ਅਪਣਾਈ ਗਈ। ਇਹ ਤਾਂ ਬੁਰਕੇ ਨਾਲ਼ੋਂ ਵੀ ਜ਼ਿਆਦਾ ਘਟੀਆ ਤੇ ਮਾਰੂ ਬੰਦਿਸ਼ ਦਾ ਰੂਪ ਸੀ।
ਜੇ ਅਸੀਂ ਆਪਣੇ ਘਰੇਲੂ ਜਾਨਵਰਾਂ ਵੱਲ ਨਜ਼ਰ ਮਾਰੀਏ ਤਾਂ ਪਤਾ ਲੱਗ ਸਕਦਾ ਹੈ ਕਿ ਕਿਸੇ ਨੂੰ ਤਾਂ ਅਸੀਂ ਨਕੇਲ ਪਾਈ ਹੋਈ ਹੈ ਕਿਉਂਕਿ ਨੱਕ ਕਾਫ਼ੀ ਸੰਵੇਦਨਸ਼ੀਲ (ਨਾਜ਼ੁਕ) ਅੰਗ ਹੁੰਦਾ ਹੈ ਜਿਸ ਕਾਰਨ ਜਾਨਵਰ ਨੂੰ ਤਕਲੀਫ਼ ਹੁੰਦੀ ਹੈ ਤੇ ਨਕੇਲ ਦੀ ਪਤਲੀ ਜਿਹੀ ਰੱਸੀ ਵੀ ਉਸ ਨੂੰ ਕਾਬੂ ’ਚ ਰੱਖਣ ਲਈ ਕਾਫੀ ਹੁੰਦੀ ਹੈ। ਇਸੇ ਤਰ੍ਹਾਂ ਕੰਨਾਂ ਤੋਂ ਵੀ ਕੰਟਰੋਲ ਕੀਤਾ ਜਾ ਸਕਦਾ ਹੈ ਪਸ਼ੂਆਂ ਨੂੰ। ਸੀਲ ਡੰਗਰਾਂ-ਪਸ਼ੂਆਂ ਦੇ ਗਲ਼ਾਂ ’ਚ ਸੰਗਲ਼ ਪਾ ਕੇ ਕਾਬੂ ’ਚ ਰੱਖਣਾ ਅਸੀਂ ਆਮ ਹੀ ਦੇਖਦੇ ਹਾਂ। ਸਭ ਮੱਝਾਂ, ਗਾਂਵਾਂ ਅਤੇ ਕੁੱਤਿਆਂ ਆਦਿ ਦੇ ਸੰਗਲ਼-ਸੰਗਲ਼ੀਆਂ ਹੀ ਪਾਈਆਂ/ਪਾਏ ਜਾਂਦੇ ਨੇ। ਇਹ ਉਦਾਹਰਣਾਂ ਕਾਫ਼ੀ ਨੇ ਔਰਤਾਂ ਦੇ ਗਹਿਣਿਆਂ ਦੇ ਸ੍ਰੋਤ ਸਮਝਣ ਲਈ। ਗਲ਼ੇ ਦਾ ਹਾਰ, ਵਿੰਨ੍ਹੇ ਕੰਨ, ਨੱਕ ਦੀ ਨੱਥ ਜਾਂ ਕੋਕਾ, ਕੜੇ, ਝਾਂਜਰਾਂ, ਬਾਜੂ-ਬੰਦ ਆਦਿ ਕੀ ਉਨ੍ਹਾਂ ਦੀ ਅਜ਼ਾਦੀ ਰੋਕਣ ਦੀਆਂ ਤਰਤੀਬਾਂ ’ਚੋਂ ਨਿੱਕਲ਼ੇ/ਜਨਮੇ ਮਹਿਸੂਸ ਨਹੀਂ ਹੁੰਦੇ? ਜਿਵੇਂ ਚਿਰਾਂ ਤੋਂ ਚੱਲੀਆਂ ਆਉਂਦੀਆਂ ਰੀਤਾਂ ਸਾਡੇ ਰਿਵਾਜ ਬਣ ਕੇ ਸਾਡੇ ਸਮਾਜ ਦੇ ਸਥਾਈ ਅੰਗ ਬਣ ਜਾਂਦੇ ਨੇ, ਉਸੇ ਤਰ੍ਹਾਂ ਇਹ ਵੀ ਛੋਟੇ ਰੂਪਾਂ ਵਿਚ ਔਰਤਾਂ ਨੇ ਗਹਿਣਿਆਂ ਦੇ ਰੂਪ ਵਿਚ ਅਪਣਾ ਲਏ। ਇਹ ਵੀ ਸੰਭਾਵਨਾ ਹੈ ਕਿ ਔਰਤਾਂ ਨੇ ਇਹ ਕੁੱਝ ਆਪਣੀ ਮਜਬੂਰੀ ਨਾ ਜ਼ਾਹਰ ਹੋਣ ਦੇਣ ਕਾਰਨ ਬੰਦਿਸ਼ਾਂ ਨੂੰ ਆਪਣੇ ਗਹਿਣਿਆਂ ਦੇ ਰੂਪ ਵਿਚ ਵਿਕਸਤ ਕਰ ਲਿਆ ਹੋਵੇ। ਖੈLਰ ਇਹ ਤਾਂ ਖੋਜੀਆਂ ਲਈ ਵਿਸ਼ਾ ਹੈ ਇਨ੍ਹਾਂ ਚੀਜ਼ਾਂ ਨੂੰ ਸਾਬਤ ਕਰਨ ਦਾ ਜਾਂ ਝੂਠ ਸਾਬਤ ਕਰਨ ਦਾ! ਪਰ ਜੇ ਦੇਖਿਆ ਜਾਵੇ ਕੀ ਕੋਈ ਮਰਦ ਇਮਾਨਦਾਰੀ ਨਾਲ਼ ਇਹ ਦੱਸ ਸਕੂ ਕਿ ਕੋਈ ਔਰਤ ਉਸ ਨੂੰ ਉਸਦੇ ਗਹਿਣਿਆਂ ਕਾਰਨ ਪਸੰਦ ਸੀ/ਹੈ? ਸ਼ਾਇਦ ਕੋਈ ਲਾਲਚੀ ਬੰਦਾ ਇਹ ਕਹਿ ਵੀ ਦੇਵੇ, ਪਰ ਉਸਦੀ ਪੋਲ ਖੁੱਲ੍ਹਣ ਨੂੰ ਵੀ ਦੇਰ ਨੀ ਲੱਗਣੀ। ਇੱਕ ਗੋਰੇ ਮਖੌਲੀਏ ਨੇ ਇੱਕ ਟੀਵੀ ਸ਼ੋਅ ਵਿਚ (ਜਿਸ ਵਿਚ ਜ਼ਿਆਦਾਤਰ ਔਰਤਾਂ ਬੈਠੀਆਂ ਸਨ) ਕਿਹਾ ਕਿ ਸਾਨੂੰ ਮਰਦਾਂ ਨੂੰ ਬਿਸਤਰਿਆਂ ਦੀਆਂ ਚਾਦਰਾਂ ਜਾਂ ਕਮਰਿਆਂ ਦੇ ਪੜਦੇ ਬਦਲਿਆਂ ’ਚ ਕੋਈ ਦਿਲਚਸਪੀ ਨਹੀਂ ਹੁੰਦੀ, ਬਾਕੀ ਤੁਸੀਂ ਸਮਝਦਾਰ ਹੀ ਹੋ ਕਿ ਅਸੀਂ ਤਾਰੀਫ਼ ਕਿਉਂ ਕਰਦੇ ਹਾਂ? ਗਹਿਣੇ, ਸੁਰਖੀ/ਲਿਪਸਟਿਕ, ਸੁਰਮਾ ਆਦਿ ਵੀ ਉਸੇ ਸ਼੍ਰੇਣੀ ’ਚ ਆਉਂਦੇ ਹਨ। ਕਈ ਸਮਾਜੀ-ਗੁੱਟਾਂ ’ਚ ਤਾਂ ਅਜਿਹੇ ਕੰਮਾਂ ਨੂੰ ਹੋਰ ਬਹੁਤ ਅੱਗੇ ਲੈ ਗਏ ਹਨ, ਜਿਵੇਂ ਕਾਫ਼ੀ ਮੁਸਲਿਮ ਸੱਭਿਆਚਾਰਾਂ ਵਿਚ ਔਰਤਾਂ ਨੂੰ ਬੁਰਕੇ ਪਹਿਨਣ ਦੀ ਹਦਾਇਤ ਹੈ। ਉਹ ਬੁਰਕੇ ਬਗੈਰ ਬਾਹਰ ਹੀ ਨਹੀਂ ਨਿੱਕਲ਼ ਸਕਦੀਆਂ। ਅਫ਼ਗਾਨਿਸਤਾਨ ਦੀ ਤਾਲਿਬਾਨੀ ਸਰਕਾਰ ਨੇ ਇਨ੍ਹਾਂ ਬੰਦਿਸ਼ਾਂ ਨੂੰ ਆਖਰ ਹੀ ਬਖਸ਼ ਦਿੱਤੀ ਹੈ। ਚੰਗੀਆਂ ਭਲੀਆਂ ਸਰਕਾਰੀ ਨੌਕਰੀਆਂ `ਤੇ ਲੱਗੀਆਂ ਔਰਤਾਂ ਨੂੰ ਘਰਾਂ ’ਚ ਬਿਠਾ ਦਿੱਤਾ ਹੈ। ਕੁੜੀਆਂ ਨੂੰ ਪੜ੍ਹਨ ਦੀ ਮਨਾਹੀ ਹੈ। ਇਹ ਸਭ ਉਨ੍ਹਾਂ ਨੂੰ ਮਰਦਾਂ `ਤੇ ਨਿਰਭਰ ਹੋਣ-ਰਹਿਣ ਲਈ ਕਰਿਆ ਹੋਇਆ ਹੀ ਸਮਝ ਆ ਸਕਦਾ ਹੈ।
ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਹਰ ਉਮਰ ਦੇ ਨਾਲ਼ ਜੋ ਵੀ ਸਾਡੇ ਰੰਗ-ਰੂਪ ਦਾ ਨਜ਼ਾਰਾ ਹੁੰਦਾ ਹੈ ਉਹ ਅਨੁਕੂਲ ਹੀ ਹੁੰਦਾ ਹੈ। ਉਸ ਨੂੰ ਬਦਲਣ ਦੀ ਕੋਸ਼ਿਸ਼ ਤੁਹਾਨੂੰ ਕਈ ਤਰ੍ਹਾਂ ਦੀ ਤਕਲੀਫ਼ ਦੇ ਸਕਦੀ ਹੈ। ਕੁਦਰਤੀ ਤੌਰ `ਤੇ ਬੰਦੇ ਦੀ ਦਾਹੜੀ ਤੇ ਅੰਦਰੂਨੀ ਬਣਤਰ ਮੁਤਾਬਕ ਸਟੀਰੌਇਡਾਂ ਕਾਰਨ ਸਾਡੇ ਮਜ਼ਬੂਤ ਪੱਠੇ (ਮਸਲ) ਸਾਨੂੰ ਵੀ ਜਾਨਵਰਾਂ ਦੇ ਤੁਲ ਹੀ ਦਰਸਾ ਰਹੇ ਹਨ। ਬੱਬਰ ਸ਼ੇਰ ਦੀ ਗਰਦਣ ਦੁਆਲ਼ੇ ਲੰਬੇ ਵਾਲ਼ ਸਾਡੀ ਦਾਹੜੀ ਦੇ ਤੁਲ ਹਨ। ਸੋ ਕੁਦਰਤੀ ਤਾਂ ਸਾਡੀ ਬੰਦਿਆਂ ਦੀ ਮਜਬੂਰੀ ਹੈ ਆਪਣੀ ਤਾਕਤ ਜਾਂ ਖੂਬਸੂਰਤੀ ਦਿਖਾ ਕੇ ਔਰਤ ਜਾਂ ਔਰਤਾਂ ਨੂੰ ਆਪਣੇ ਵੱਲ ਖਿੱਚਣ ਦੀ। ਪਰ ਆਪਣੀ ਇਸ ਥੋੜ੍ਹੀ ਜਿਹੀ ਵਧੀਕ ਤਾਕਤ ਦਾ ਇਸਤੇਮਾਲ ਕਰਕੇ ਅਸੀਂ ਔਰਤਾਂ ਨੂੰ ਕਮਜ਼ੋਰ ਜਾਂ ਨੀਵਾਂ ਦਰਸਾਉਣ ਵੱਲ ਕਾਫ਼ੀ ਦਿਮਾਗ ਤੇ ਸਮਾਂ ਬਰਬਾਦ ਕਰ ਲਿਆ ਹੈ। ਅੱਜ-ਕੱਲ੍ਹ ਤਾਂ ਵਿਸ਼ਵ-ਪੱਧਰੀ ਔਰਤ ਖੂਬਸੂਰਤੀ ਮੁਕਾਬਲੇ ਵੀ ਸਿਰਜ ਲਏ ਨੇ ਜੋ ਇਸੇ ਦਿਸ਼ਾ ਵਿਚ ਇੱਕ ਹੋਰ ਮਿਸਲ/ਮਿਜ਼ਾਈਲ ਹੈ।
ਇਹ ਵੰਡੀਆਂ ਖੇਡ ਮੁਕਾਬਲਿਆਂ ਵਿਚ ਵੀ ਦੇਖੀਆਂ ਜਾ ਸਕਦੀਆਂ ਹਨ। ਸ਼ਤਰੰਜ ਵਰਗੀਆਂ ਖੇਡਾਂ ਜਿਸ ਵਿਚ ਜ਼ਿਆਦਾਤਰ ਦਿਮਾਗ ਦੀ ਹੀ ਵਰਤੋਂ ਹੁੰਦੀ ਹੈ ਹੁਣ ਤੱਕ ਵੀ ਔਰਤਾਂ ਤੇ ਮਰਦਾਂ ਲਈ ਕਿਉਂ ਵੱਖਰੀਆਂ ਹਨ? ਹਾਲਾਂਕਿ ਦੁਨੀਆਂ ਦੇ ਮਹਾਨ ਚੈੱਸ ਖਿਡਾਰੀ ਗੈਰੀ ਕੈਸਪਾਰੋਵ ਨਾਲ਼ ਖੇਡ ਰਹੀ ਜੂਦਿਤ ਪੋਲਗਰ ਨੇ ਇੱਕ ਰੁਮਾਂਚਕ ਮੁਕਾਬਲੇ ’ਚ ਉਸਨੂੰ ਤਕੜੀ ਟੱਕਰ ਦਿੱਤੀ ਸੀ ਜਦੋਂ ਉਹ ਡੀਪ-ਬਲੂ ਵਰਗੇ ਕੰਪਿਊਟਰਾਂ ਨੂੰ ਵੀ ਮਾਤ ਦੇ ਚੁੱਕਿਆ ਸੀ। ਹੰਗੇਰੀਅਨ ਪੋਲਗਰ ਭੈਣਾਂ (ਸੂਜ਼ਨ, ਸੋਫ਼ੀਆ ਤੇ ਜੂਦਿਤ) ਨੇ ਸ਼ਤਰੰਜ ਦੀ ਦੁਨੀਆਂ ’ਚ ਤਰਥੱਲੀ ਪਾ ਦਿੱਤੀ ਸੀ ਜਦੋਂ ਉਹ ਚੈੱਸ ਖੇਡਣ ’ਚ ਅੱਗੇ ਆਉਣ ਲੱਗੀਆਂ। ਅਜੇ ਤੱਕ ਸ਼ਤਰੰਜ ਵਿਕਾਸ ਵਿਚ ਇਹ ਭੈਣਾਂ ਹਿੱਸਾ ਪਾ ਰਹੀਆਂ ਹਨ।
ਸਾਨੂੰ ਸਭ ਨੂੰ, ਪਰ ਖਾਸ ਕਰਕੇ ਔਰਤਾਂ ਨੂੰ ਇਸ ਪਾਸੇ ਖ਼ਾਸ ਖਿਆਲ ਕਰਨਾ ਚਾਹੀਦਾ ਹੈ ਕਿ ਫਾਲਤੂ ਦਿਖਾਵੇ ਲਈ ਬਣਾਏ ਗਹਿਣੇ ਅਤੇ ਰਿਵਾਜ ਜਾਣੀ ਕਿ ਉਨ੍ਹਾਂ ਨੂੰ ਕਾਬੂ ਕਰਨ ਲਈ ਬਣਾਏ ਗਏ ਸੰਦ ਹੁਣ ਛੱਡ ਦੇਣੇ ਚਾਹੀਦੇ ਹਨ। ਇਹ ਸਭ ਸਾਡੇ ਹਿਸਾਬ ਨਾਲ਼ ਸਮਾਜਿਕ ਤਰੱਕੀ ਦੇ ਰਾਹ ਦਾ ਰੋੜਾ ਹਨ ਅਤੇ ਸਾਡੇ ਸ੍ਰੋਤਾਂ ਤੇ ਸਮੇਂ ਨੂੰ ਵਿਅਰਥ ਗੁਆਉਣ ਦੇ ਤਰੀਕੇ ਹਨ।
ਹਵਾਲੇ:
ਬੋਕ ਕ੍ਰਿਸਟੀਨ 1984)Male displays and female preferences in the courtship of a gregarious cricket .Animal Behaviour, Volume 32, Issue 3, August 1984, Pages 690-697[
ਰਿਬੈਕਾ ਰੌਸ ਰਸਲ (2010) Gender and Jewelry: A Feminist Analysis By (Rebecca Ross Russell) . https://www.amazon.ca/Gender-Jewelry-Rebecca-Ross-Russell/dp/1452882533
Irving, Georga (1932). ‘History of jewelry.’
ਵਿਰਲੀ, ਤੇਜਿੰਦਰ (2025) ਔਰਤਾਂ `ਤੇ ਤਸ਼ੱਦਦ ਦੀ ਗਾਥਾ, ਲੋਹੇ ਦੀਆਂ ਕਮਰ-ਪੇਟੀਆਂ। ਨਵਾਂ ਜ਼ਮਾਨਾ 9 ਨਵੰਬਰ, 2025. ਸਫ਼ਾ 11.
