ਬਲਦੇਵ ਦੂਹੜੇ: ਇੱਕ ਤਰਕਸ਼ੀਲ, ਮਾਨਵਵਾਦੀ ਅਤੇ ਅਗਾਂਹਵਧੂ ਸ਼ਖ਼ਸੀਅਤ

ਸੁੱਚਾ ਸਿੰਘ ਗਿੱਲ
ਹਰ ਇਨਸਾਨ ਆਪਣੇ ਜੀਵਨਕਾਲ ਦੌਰਾਨ ਆਪਣੇ ਪਰਿਵਾਰ ਅਤੇ ਸਮਾਜ ਵਾਸਤੇ ਯੋਗਦਾਨ ਪਾਉਣ ਲਈ ਯਤਨਸ਼ੀਲ ਰਹਿੰਦਾ ਹੈ। ਉਸ ਦੇ ਜਾਣ ਤੋਂ ਬਾਅਦ ਸਮਾਜ ਦੀ ਬਿਹਤਰੀ ਵਾਸਤੇ ਕੀਤੇ ਕੰਮਾਂ ਕਰਕੇ ਹੀ ਉਸ ਨੂੰ ਯਾਦ ਕੀਤਾ ਜਾਂਦਾ ਹੈ। ਇਸ ਸਬੰਧ ਵਿਚ ਬਲਦੇਵ ਦੂਹੜੇ ਦੀਆਂ ਲਿਖਤਾਂ ਅਤੇ ਹੋਰ ਕਾਰਵਾਈਆਂ ਦਾ ਜ਼ਿਕਰ ਇਸ ਲਿਖਤ ਵਿਚ ਕਰਨ ਦਾ ਯਤਨ ਕੀਤਾ ਗਿਆ ਹੈ।

ਉਸ ਦਾ ਜਨਮ 5 ਨਵੰਬਰ 1945 ਨੂੰ ਪਿੰਡ ਦੂਹੜੇ ਜ਼ਿਲ੍ਹਾ ਜਲੰਧਰ, ਪੰਜਾਬ ਵਿਚ ਹੋਇਆ ਸੀ ਅਤੇ ਦਿਹਾਂਤ 4 ਨਵੰਬਰ 2025 ਨੂੰ ਗਲਫ਼, ਓਂਟਾਰੀਓ, ਕੈਨੇਡਾ ਵਿਚ ਹੋਇਆ। ਉਹ ਇੱਕ ਤਰਕਸ਼ੀਲ, ਮਾਨਵਵਾਦੀ ਅਤੇ ਅਗਾਂਹਵਧੂ ਚੇਤਨ ਇਨਸਾਨ ਸੀ। ਉਸ ਦੇ ਮਨ ਵਿਚ ਆਪਣੀ ਜਨਮ ਭੂਮੀ ਪੰਜਾਬ ਨਾਲ ਕਾਫ਼ੀ ਮੋਹ ਸੀ ਅਤੇ ਇਸ ਨੂੰ ਆਰਥਿਕ-ਸਮਾਜਿਕ ਵਿਕਾਸ ਵਿਚ ਤਰੱਕੀ ਕਰਦਾ ਵੇਖਣਾ ਚਾਹੁੰਦਾ ਸੀ। ਪਰ ਉਸ ਦੀ ਨਜ਼ਰ ਦਾ ਕੇਂਦਰ ਬਿੰਦੂ ਦੁਨੀਆਂ ਦੇ ਆਮ ਲੋਕ ਹੀ ਸਨ। ਉਹ ਸਰਬੱਤ ਦੇ ਭਲੇ ਵਿਚ ਵਿਸ਼ਵਾਸ ਰੱਖਦਾ ਸੀ।
ਬਲਦੇਵ ਦੂਹੜੇ ਵਲੋਂ 2009 ਵਿਚ ਐਕਸ ‘ਤੇ ਪੋਸਟ ਕੀਤਾ ਗਿਆ ਸੀ ਕਿ ‘ਉਹ ਦੋ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਰਿਹਾ ਸੀ: ਸੰਸਾਰ ਕਿਵੇਂ ਚਲਦਾ ਹੈ ਅਤੇ ਮਨ ਕਿਵੇਂ ਚਲਦਾ ਹੈ। ਇਹ ਦੋਵੇਂ ਆਪਸ ਵਿਚ ਇੱਕ ਦੂਜੇ ਨੂੰ ਪ੍ਰਭਾਵਿਤ ਵੀ ਕਰਦੇ ਹਨ’। ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਵਾਸਤੇ ਉਸ ਨੇ ਫਿਲਾਸਫੀ, ਅਰਥ ਵਿਗਿਆਨ, ਰਾਜਨੀਤੀ ਵਿਗਿਆਨ ਅਤੇ ਪੰਜਾਬੀ ਸਾਹਿਤ ਦਾ ਅਧਿਐਨ ਕੀਤਾ। ਇਸ ਅਧਿਐਨ ਨੂੰ ਉਸ ਨੇ ਸਮਾਜ ਅਤੇ ਮਨੁੱਖਾਂ ਦੀਆਂ ਸਮਸਿਆਵਾਂ ਨੂੰ ਸਮਝਣ ਅਤੇ ਸੁਲਝਾਉਣ ਵਾਸਤੇ ਵਰਤਣ ਦਾ ਯਤਨ ਕੀਤਾ। ਆਪਣੇ ਬੌਧਿਕ ਵਿਚਾਰਾਂ ਦਾ ਪ੍ਰਗਟਾਵਾ ਵੀ ਉਸ ਵਲੋਂ ਸਮੇਂ ਸਮੇਂ ‘ਤੇ ਕੀਤਾ ਗਿਆ ਸੀ।
ਦੂਹੜੇ ਦੇ ਪ੍ਰਕਾਸ਼ਤ ਲੇਖਾਂ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਉਸ ਨੂੰ ਬੁੱਧ, ਜੈਨ, ਹਿੰਦੂ, ਮੁਸਲਮ, ਈਸਾਈ ਅਤੇ ਸਿੱਖ ਧਰਮਾਂ ਅਤੇ ਕਨਫੂਸ਼ੀਅਸ ਦੇ ਵਿਚਾਰਾਂ ਬਾਰੇ ਕਾਫ਼ੀ ਗਿਆਨ ਸੀ। ਇਸ ਤੋਂ ਇਲਾਵਾ ਉਸ ਨੇ ਮਾਡਰਨ ਪੱਛਮੀ ਫ਼ਲਸਫ਼ੇ ਅਤੇ ਮਾਰਕਸਵਾਦ ਦਾ ਅਧਿਐਨ ਵੀ ਕੀਤਾ ਹੋਇਆ ਸੀ। ਇਸ ਗਿਆਨ ਬਾਰੇ ਕੈਨੇਡਾ ਤੋਂ ਛਪਦੇ ਰਸਾਲੇ ਵਤਨ ਵਿਚ ਪ੍ਰਕਾਸ਼ਿਤ ਉਸ ਦੇ ਲੇਖ (1992) ‘ਸਦਾਚਾਰ: ਇਕ ਜਾਣ ਪਛਾਣ’ ਤੋਂ ਮਿਲਦਾ ਹੈ। ਉਸ ਦਾ ਵਿਚਾਰ ਹੈ ਕਿ ਸਦਾਚਾਰ ਇਨਸਾਨ ਦੇ ਉਨ੍ਹਾਂ ਕਾਰਜਾਂ ਉਤੇ ਲਾਗੂ ਹੁੰਦਾ ਹੈ ਜੋ ਆਪਣੀ ਮਰਜ਼ੀ ਜਾਂ ਸੁਤੰਤਰ ਇੱਛਾ ਅਧੀਨ ਕੀਤੇ ਜਾਂਦੇ ਹੋਣ। ਉਸ ਨੇ ਲਿਖਿਆ ਹੈ ਕਿ ਹਰ ਇਨਸਾਨ ਸਿਰਫ਼ ਇਨਸਾਨ ਹੋਣ ਦੇ ਨਾਤੇ ਕੁੱਝ ਹੱਕ ਰਖਦਾ ਹੈ ਜਿਨ੍ਹਾਂ ਦੇ ਖੁੱਸਣ ਨਾਲ ਉਸ ਵਿਚ ਨਾਂਹਵਾਚਕ ਭਾਵਨਾ ਪੈਦਾ ਹੁੰਦੀ ਹੈ। ਉਸ ਦਾ ਵਿਚਾਰ ਹੈ ਕਿ ਸਦਾਚਾਰ ਨੂੰ ਮਨੁੱਖਤਾ/ਇਨਸਾਨੀਅਤ ਦੇ ਨਜ਼ਰੀਏ ਤੋਂ ਪਰਖਣਾ ਚਾਹੀਦਾ ਹੈ। ਗੁਰਮੀਤ ਪਨਾਗ ਦੀ ਪੁਸਤਕ ਮੁਰਗਾਬੀਆਂ (ਪੰਜਾਬ ਟਾਈਮਜ਼, ਅਕਤੂਬਰ 24, 2018) ਅਤੇ ਅਮਰਜੀਤ ਚਾਹਲ ਦੀ ਪੁਸਤਕ ਓਟ (ਪੰਜਾਬ ਟਾਈਮਜ਼, ਦਸੰਬਰ 1, 2021) ਦੇ ਮੁਲਾਂਕਣ ਵੀ ਇਸੇ ਨਜ਼ਰੀਏ ਤੋਂ ਕੀਤੇ ਨਜ਼ਰ ਆਉਂਦੇ ਹਨ।
ਆਪਣੇ ਲੇਖ ‘ਮਾਰਕਸਵਾਦ ਦੀ ਸਾਰਥਿਕਤਾ’ (ਸਿਰਜਣਾ, ਜੁਲਾਈ -ਸਤੰਬਰ 1999) ਵਿਚ ਦੂਹੜੇ ਪ੍ਰਤੀਮ ਸਿੰਘ ਨਾਲ ਸੰਵਾਦ ਰਚਾਉਂਦਾ ਨਜ਼ਰ ਆਉਂਦਾ ਹੈ। ਮਾਰਕਸਵਾਦ ਦੀ ਸਾਰਥਿਕਤਾ ਨੂੰ ਉਹ ਸਰਮਾਏਦਾਰੀ ਦੇ ਮੌਜੂਦਾ ਦੌਰ ਵਿਚ ਸਹੀ ਮੰਨਦਾ ਹੈ। ਸੋਵੀਅਤ ਯੂਨੀਅਨ ਦੇ ਖਤਮ ਹੋਣ ਤੋਂ ਬਾਅਦ ਵੀ ਮਾਰਕਸਵਾਦ ਨੂੰ ਆਮ ਲੋਕਾਂ ਦੀ ਮੁਕਤੀ ਲਈ ਜ਼ਰੂਰੀ ਸਿਧਾਂਤ ਮੰਨਦਾ ਹੈ। ਪ੍ਰੀਤਮ ਸਿੰਘ ਦੇ ਮਾਰਕਸਵਾਦ `ਤੇ ਹਮਲੇ ਨੂੰ ਦਲੀਲ ਦੇ ਤੌਰ `ਤੇ ਗਲਤ ਮੰਨਦਾ ਹੈ। ਇਸ ਲੇਖ ਵਿਚ ਦੂਹੜੇ ਅਰਥ ਵਿਗਿਆਨ ਅਤੇ ਅਰਥ ਵਿਗਿਆਨੀਆਂ ਬਾਰੇ ਡੂੰਘੀ ਜਾਣਕਾਰੀ ਦਾ ਪ੍ਰਮਾਣ ਦਿੰਦਾ ਹੈ। ਉਸ ਵਲੋਂ ਐਡਮ ਸਮਿਥ ਤੋਂ ਲੈ ਕੇ ਮਾਰਕਸ, ਕੇਨਜ਼, ਸੈਮੂਅਲਸਨ ਅਤੇ ਗਾਲਬਰਿਥ ਵਰਗੇ ਲੇਖਕਾਂ ਨੂੰ ਬੜੇ ਧਿਆਨ ਨਾਲ ਪੜ੍ਹਿਆ ਅਤੇ ਸਮਝਿਆ ਲਗਦਾ ਹੈ। ਗਿਆਨ/ਵਿਗਿਆਨ, ਮਜ਼ਦੂਰਾਂ ਅਤੇ ਮਨਸੂਈ ਬੁੱਧੀ ਬਾਰੇ ਆਪਣੇ ਵਿਚਾਰ ਪੇਸ਼ ਕਰਦੇ ਸਮੇਂ ਉਹ ਇਨ੍ਹਾਂ ਦੇ ਪੌਜ਼ੇਟਿਵ ਅਤੇ ਭਵਿੱਖਮਈ ਨਤੀਜਿਆਂ ਦਾ ਜ਼ਿਕਰ ਵੀ ਕਰਦਾ ਹੈ। ਉਹ ਮਾਰਕਸਵਾਦ ਦਾ ਭਗਤ ਨਹੀਂ ਹੈ ਸਗੋਂ ਇਸ ਦੀਆਂ ਸੀਮਤਾਈਆਂ ਬਾਰੇ ਜਾਣੂ ਹੋਣ ਦਾ ਪ੍ਰਮਾਣ ਉਸ ਦੀਆਂ ਲਿਖਤਾਂ ਵਿਚੋਂ ਮਿਲਦਾ ਹੈ। ਵਤਨ (ਅਪ੍ਰੈਲ, ਮਈ ਅਤੇ ਜੂਨ 1990) ਦੇ ਅੰਕ ਵਿਚ ਆਪਣੇ ਲੇਖ ‘ਕਦਰ ਦਾ ਸਿਧਾਂਤ’ ਵਿਚ ਮਾਰਕਸ ਦੇ ਕਦਰ ਦੇ ਸਿਧਾਂਤ ਦੀ ਆਲੋਚਨਾ ਕਰਦਾ ਹੈ। ਉਸ ਦਾ ਵਿਚਾਰ ਹੈ ਕਿ ਮਾਰਕਸ ਦਾ ਕਿਰਤ ਸਿਧਾਂਤ ਮਨੁੱਖੀ ਕਿਰਤ `ਤੇ ਆਧਾਰਿਤ ਹੈ। ਕਿਸੇ ਵਸਤੂ ਦੀ ਵਟਾਂਦਰਾ-ਕਦਰ/ਕੀਮਤ ਉਸ ਵਸਤੂ ਵਿਚ ਲੱਗੀ ਕਿਰਤ ਦੇ ਜਮਾਵਟ/ਜਮ੍ਹਾਂ ਹੋਣ ਨਾਲ ਹੀ ਨਿਸ਼ਚਿਤ ਹੁੰਦੀ ਹੈ। ਜਦੋਂ ਕਿ ਕਿਰਤ ਜੋ ਪੈਦਾ ਕਰਦੀ ਹੈ ਉਹ ਅਸਲ ਵਿਚ ਵਰਤੋਂ ਵਿਚ ਆਉਣ ਵਾਲੀਆਂ ਵਸਤੂਆਂ ਹੀ ਹੁੰਦੀਆਂ ਹਨ ਅਤੇ ਕਿਰਤ ਨਾਲ ਵਰਤੋਂ-ਕਦਰਾਂ ਹੀ ਪੈਦਾ ਹੁੰਦੀਆਂ ਹਨ। ਵਟਾਂਦਰਾ ਵਿਚ ਵਰਤੋਂ-ਕਦਰਾਂ ਹੀ ਵੱਟਦੀਆਂ ਹਨ। ਪਰ ਵਟਾਂਦਰਾ-ਕਦਰਾਂ ਵਿਚੋਂ ਵਰਤੋਂ-ਕਦਰਾਂ ਨੂੰ ਅਲੋਪ ਕਰਕੇ ਮਾਰਕਸ ਵਟਾਂਦਰਾ-ਕਦਰਾਂ ਦੀ ਵੱਖੀ ਤੋਂ ਕਦਰ ਦਾ ਇੱਕ ਨਕਲੀ ਅਤੇ ਅਮੂਰਤ ਰੂਪ ਪੈਦਾ ਕਰ ਲੈਂਦਾ ਹੈ। ਇਸ ਟੇਢੀ ਪਗਡੰਡੀ ਦਾ ਕਾਰਨ ਭਾਵੇਂ ਮਾਰਕਸ ਦਾ ਕਿਰਤ ਨੂੰ ਇੱਕ ਖਾਸ ਰੋਲ ਦੇਣਾ ਸੀ ਪਰ ਇਹ ਖਾਹਮਖਾਹ ਦਾ ਧੁੰਦਲਾਪਨ ਹੈ ਜਿਹੜਾ ਵਿਗਿਆਨ ਲਈ ਨੁਕਸਦਾਰ ਹੈ। ਇਸ ਕਰਕੇ ਦੂਹੜੇ ਦਾ ਵਿਚਾਰ ਹੈ ਕਿ ਕਦਰ/ਕੀਮਤ ਦਾ ਸੰਕਲਪ ਅਜੇ ਤੱਕ ਵੀ ਸੁਲਝਾਇਆ ਨਹੀਂ ਜਾ ਸਕਿਆ। ਕਾਰਲ ਮਾਰਕਸ ਉਭਯੋਗਤਾ ਜਾਂ ਵਰਤੋਂ ਵਿਚ ਆਉਣ ਵਾਲੇ ਗੁਣਾਂ ਨੂੰ ਕਦਰਹੀਨ ਬਣਾ ਕੇ ਜਾਂ ਅਮੂਰਤ ਕਰਕੇ, ਕਿਰਤ ਨੂੰ ਕਦਰ ਦਾ ਇਕੋ ਇਕ ਸੋਮਾ ਦਸਦਾ ਹੈ। ਉਸ ਵਲੋਂ ਕਿਰਤ ਦੀ ਕਦਰ ਨੂੰ ਸਥਾਪਤ ਕਰ ਕੇ ਕਿਹਾ ਜਾ ਸਕਦਾ ਹੈ ਕਿ ਕਿਰਤ ਹੀ ਵਟਾਂਦਰਾ-ਕਦਰ/ਕੀਮਤ ਨੂੰ ਪੈਦਾ ਕਰ ਸਕਦੀ ਹੈ ਪਰ ਮਾਰਕਸ ਵਸਤੂ ਦੀ ਵਰਤੋਂ-ਕਦਰ ਦੇ ਪੈਦਾ ਹੋਣ ਨੂੰ ਮੁਖ਼ਾਤਿਬ ਨਹੀਂ ਹੁੰਦਾ। ਸਗੋਂ ਇੱਕ ਵੱਖਰੇ ਸੰਦਰਭ ਵਿਚ ਉਹ ਮੰਨਦਾ ਹੈ ਕਿ ਸਿਰਫ ‘ਸਮਾਜਕ ਤੌਰ `ਤੇ ਜ਼ਰੂਰੀ’ ਅਤੇ ‘ਲਾਭਦਾਇਕ ਕਿਰਤ’ ਹੀ ਕਦਰ ਪੈਦਾ ਕਰਦੀ ਹੈ। ਇਸ ਕਰਕੇ ਵਰਤੋਂ- ਕਦਰਾਂ ਪੈਦਾ ਕਰਨ ਵੇਲੇ ਹੀ ਕਿਰਤ ਦੀ ਕੀਮਤ ਪੈਂਦੀ ਹੈ। ਜਦੋਂ ਕਿਰਤ ਵਰਤੋਂ-ਕਦਰਾਂ ਪੈਦਾ ਨਹੀਂ ਕਰਦੀ, ਤਾਂ ਉਸ ਨੂੰ ਕੋਈ ਕੀਮਤ ਜਾਂ ਉਜਰਤ ਨਹੀਂ ਮਿਲਦੀ। ਉਹ ਇਸ ਸਮਸਿਆ ਬਾਰੇ ਇੱਕ ਪੁਸਤਕ ਲਿਖਣ ਬਾਰੇ ਵੀ ਅਕਸਰ ਜ਼ਿਕਰ ਕਰਦਾ ਹੁੰਦਾ ਸੀ।
ਦੂਹੜੇ ਅਨੁਸਾਰ ਉਤਪਾਦਨ/ਪੈਦਾਵਾਰ ਨੂੰ ਨਵੀਂ ਕਾਢ ਜਾਂ ਤਕਨੀਕ ਨੂੰ ਵਰਤ ਕੇ ਮਨੁੱਖਤਾ ਦੇ ਭਲੇ ਵਿਚ ਤਬਦੀਲੀ ਕਰਨਾ ਗੁਣਕਾਰੀ ਨਜ਼ਰ ਆਉਂਦਾ ਸੀ। ਉਹ ਮਨੁੱਖਤਾ ਵਾਸਤੇ ਤਰੱਕੀ ਅਤੇ ਵਿਕਾਸ ਦਾ ਮੁੱਦਈ ਸੀ। ਉਸ ਅਨੁਸਾਰ ਵਿਕਾਸ/ਤਰੱਕੀ ਦਾ ਅਸਲ ਆਧਾਰ ਭੌਤਿਕ/ਕੁਦਰਤੀ ਸਾਧਨਾਂ ਵਿਚ ਇਨਸਾਨੀ ਦਖਲਅੰਦਾਜ਼ੀ ਹੈ। ਇਹ ਦਖਲਅੰਦਾਜ਼ੀ ਸਿਰਜਣਾਤਮਕਤਾ ਅਤੇ ਵਿਦਵਤਾ ਤੋਂ ਬਗੈਰ ਬੇਮਾਅਨੀ ਹੈ। ਇਸ ਦਾ ਭਾਵ ਇਹ ਹੈ ਕਿ ਵਿਦਵਤਾ/ਗਿਆਨ ਅਤੇ ਹੁਨਰ ਨਾਲ ਹੀ ਕੁਦਰਤੀ ਸੋਮਿਆਂ ਨੂੰ ਜ਼ਿਆਦਾ ਕੁਸ਼ਲਤਾ ਨਾਲ ਵਰਤੋਂ ਵਿਚ ਲਿਆਉਣ ਨਾਲ ਹੀ ਪਹਿਲਾਂ ਤੋਂ ਜ਼ਿਆਦਾ ਪੈਦਾ ਕੀਤਾ ਜਾ ਸਕਦਾ ਹੈ। ਜਿਸ ਨੂੰ ਆਰਥਿਕ ਵਿਕਾਸ ਦਾ ਨਾਮ ਦਿੱਤਾ ਜਾਂਦਾ ਹੈ। ਮਨੁੱਖ ਦਾ ਆਦਿ ਕਾਲ ਤੋਂ ਇਹ ਤਜਰਬਾ ਰਿਹਾ ਹੈ ਕਿ ਨਵੀਂ ਤਕਨੀਕ ਨਾਲ ਉਤਨੇ ਹੀ ਸਾਧਨਾਂ ਨਾਲ ਪਹਿਲਾਂ ਤੋਂ ਜ਼ਿਆਦਾ ਉਪਜ ਪੈਦਾ ਕੀਤੀ ਜਾ ਸਕਦੀ ਹੈ। ਇਸ ਦਾ ਗਿਆਨ ਦੁਨੀਆਂ ਦੇ ਦੇਸ਼ਾਂ ਦੇ ਇਤਿਹਾਸਕ ਵਿਕਾਸ ਤੋਂ ਲਗਦਾ ਹੈ। ਇਸ ਤਰੱਕੀ ਵਿਚ ਸਾਇੰਸ ਅਤੇ ਤਕਨਾਲੌਜੀ ਨੇ ਵਿਕਾਸ ਦੇ ਅਦਭੁੱਤ ਮੌਕੇ ਪੈਦਾ ਕੀਤੇ ਹਨ। ਇਸ ਦੀ ਵਿਸਤ੍ਰਿਤ ਵਿਆਖਿਆ ਬਲਦੇਵ ਦੂਹੜੇ ਵਲੋਂ (ਵਤਨ ਦੇ ਅਕਤੂਬਰ-ਨਵੰਬਰ-ਦਸੰਬਰ 1989 ਅਤੇ ਸੀਰਤ ਜੁਲਾਈ 2011) ਦੇ ਅੰਕਾਂ ਵਿਚ ਕੀਤੀ ਗਈ ਹੈ। ਉਹ ਆਰਥਿਕ-ਸਮਾਜਿਕ ਤਰੱਕੀ ਦਾ ਸਿਰਜਣਹਾਰ ਮਨੁੱਖ ਨੂੰ ਹੀ ਮੰਨਦਾ ਹੈ। ਯੂਰਪ ਅਤੇ ਉੱਤਰੀ ਅਮਰੀਕਾ ਦੀ ਤੇਜ਼ੀ ਨਾਲ ਆਰਥਿਕ ਤਰੱਕੀ ਦਾ ਕਾਰਨ ਤਕਨਾਲੌਜੀ ਦਾ ਕੁਦਰਤੀ ਸਾਧਨਾਂ ਨੂੰ ਉਤਪਾਦਨ ਵਿਚ ਵਿਆਪਕ ਇਸਤੇਮਾਲ ਕਰਨ ਨਾਲ ਹੋਇਆ ਹੈ। ਇਸ ਪਖੋਂ ਭਾਰਤ ਅਤੇ ਹੋਰ ਏਸ਼ੀਆ, ਅਫ਼ਰੀਕਾ ਅਤੇ ਦੱਖਣੀ ਅਮਰੀਕਾ ਦੇ ਦੇਸ਼ ਪਛੜ ਗਏ ਹਨ। ਪਿਛਲੇ ਸਮੇਂ ਚੀਨ ਅਤੇ ਭਾਰਤ ਵਿਚ ਵਧ ਰਹੀ ਨਵੀਂ ਤਕਨਾਲੌਜੀ ਦੀ ਵਰਤੋਂ ਕਾਰਨ ਵਿਕਾਸ ਸੰਭਵ ਹੋਇਆ ਹੈ। ਪੰਜਾਬ ਦੀ ਖੇਤੀ ਵਿਚ ਨਵੀਂ ਤਕਨਾਲੌਜੀ ਨਾਲ ਹਰਾ ਇਨਕਲਾਬ ਆਇਆ ਸੀ। ਪਰ ਇਸ ਵਿਕਾਸ ਦਾ ਦੌਰ 1990ਵਿਆਂ ਤੋਂ ਬਾਅਦ ਕਾਇਮ ਨਹੀਂ ਰਖਿਆ ਜਾ ਸਕਿਆ। ਕਿਉਂਕਿ ਅਗਲੇ ਦੌਰ ਦੀ ਕੰਪਿਊਟਰ-ਇੰਟਰਨੈੱਟ ਤਕਨਾਲੌਜੀ ਵਿਚ ਪੰਜਾਬ ਸੂਬਾ ਦੇਸ਼ ਦੇ ਦੂਜੇ ਹਿੱਸਿਆਂ ਤੋਂ ਪਿੱਛੇ ਰਹਿ ਗਿਆ। ਦੂਹੜੇ ਦਾ ਵਿਚਾਰ ਹੈ ਕਿ ਪੰਜਾਬੀ ਲੋਕਾਂ ਦਾ ਆਦਰਸ਼ਵਾਦ ਅਤੇ ਉਨ੍ਹਾਂ ਦੀ ਮੌਜੂਦਾ ਹਕੀਕਤ ਵਿਚ ਸੁਮੇਲ ਨਹੀਂ ਹੈ। ਸੂਬੇ ਨੂੰ ਖੇਤੀਬਾੜੀ ਤੋਂ ਉਦਯੋਗਿਕ ਅਤੇ ਸੇਵਾਵਾਂ ਦੇ ਖੇਤਰਾਂ ਵੱਲ ਵਿਕਾਸ ਕਰਨ ਵਿਚ ਮੁਸ਼ਕਲ ਆ ਰਹੀ ਹੈ। ਇਸ ਸਬੰਧ ਵਿਚ ਪੰਜਾਬੀ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ। ਬਦਲਵੇਂ ਪਦਾਰਥਕ ਹਾਲਤਾਂ ਅਨੁਸਾਰ ਆਪਣੇ ਟੀਚੇ ਮਿਥਣੇ ਪੈਣਗੇ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਵਿਗਿਆਨ ਅਤੇ ਤਕਨਾਲੌਜੀ ਵਰਤ ਕੇ ਵਧੇਰੇ ਸਮਰੱਥਾ ਪੈਦਾ ਕਰਨੀ ਪਵੇਗੀ। ਇਸ ਵਾਸਤੇ ਜ਼ਰੂਰੀ ਸ਼ਰਤ ਇਹ ਹੈ ਕਿ ਵਿਦਿਆ ਦੇ ਖੇਤਰ ਵਿਚ ਵਿਗਿਆਨ ਅਤੇ ਤਕਨਾਲੌਜੀ ਦੀ ਵਰਤੋਂ ਵਾਸਤੇ ਸਮਰੱਥਾ ਪੈਦਾ ਕੀਤੀ ਜਾਵੇ ਅਤੇ ਇਸ ਸਮਰੱਥਾ ਨੂੰ ਆਰਥਿਕਤਾ ਵਿਚ ਵਿਆਪਕ ਵਰਤਿਆ ਜਾਵੇ। ਇਸ ਵਾਸਤੇ ਸਮੂਹਿਕ ਚੇਤਨਾ ਪੈਦਾ ਕਰਨਾ ਅਤੇ ਆਰਥਿਕਤਾ ਵਿਚ ਤਬਦੀਲੀਆਂ ਤੋਂ ਬਗੈਰ ਅੱਗੇ ਨਹੀਂ ਵਧਿਆ ਜਾ ਸਕਦਾ।
ਬਲਦੇਵ ਦੂਹੜੇ ਦੀ ਸਿਆਸਤ ਬਾਰੇ ਸਮਝ ਅਤੇ ਲਿਖਤਾਂ ਕਾਫ਼ੀ ਪਾਇਦਾਰ ਅਤੇ ਪ੍ਰਸੰਗਕ ਹਨ। ਉਨ੍ਹਾਂ ਦਾ ਲੇਖ ‘ਧਰਮ ਅਤੇ ਸਿਆਸਤ’ ਕਨੇਡਾ ਦਰਪਣ ਵਿਚ ਤਿੰਨ ਭਾਗਾਂ (1-14 ਜਨਵਰੀ 1988; 22 ਜਨਵਰੀ 1988 ਅਤੇ 15-30 ਅਪ੍ਰੈਲ 1988) ਵਿਚ ਛਾਪਿਆ ਗਿਆ ਸੀ। ਇਸ ਲੇਖ ਵਿਚ ਉਸ ਵਲੋਂ ਧਰਮ ਅਤੇ ਸਿਆਸਤ ਨੂੰ ਅਲੱਗ ਰਖਣ `ਤੇ ਜ਼ੋਰ ਦਿੱਤਾ ਗਿਆ ਸੀ। ਭਾਰਤ ਦੇ ਸੰਦਰਭ ਵਿਚ ਉਸ ਨੇ ਜੋæਰ ਦੇ ਕੇ ਲਿਖਿਆ ਹੈ ਕਿ ਇਨ੍ਹਾਂ ਦੋਵਾਂ ਨੂੰ ਅੱਡ ਰਖਣ ਦੀ ਜ਼ਿਆਦਾ ਜ਼ਰੂਰਤ ਹੈ। ਉਸ ਦਾ ਵਿਚਾਰ ਹੈ ਕਿ ਹੁਣ ਅਸੀਂ ਆਪਣੇ ਆਜ਼ਾਦ ਮੁਲਕ ਵਿਚ ਆਪਣੇ ਯਥਾਰਥ ਨੂੰ ਸਮਝਣ ਵਿਚ ਗੰਭੀਰ ਗਲਤੀਆਂ ਕਰ ਰਹੇ ਹਾਂ। ਗੁਲਾਮੀ ਦਾ ਦੌਰ ਅਜੇ ਸਾਡੇ ਅਦਾਰਿਆਂ ਅਤੇ ਸੋਚਾਂ ਵਿਚ ਸਾਡੇ ਨਾਲ ਚੱਲ ਰਿਹਾ ਹੈ। ਇਨ੍ਹਾਂ ਵਿਚੋਂ ਇਕ ਵਿਚਾਰ ਧਰਮ ਅਤੇ ਸਿਆਸਤ ਨੂੰ ਰਲਗੱਡ ਕਰਨਾ ਹੈ। ਉਸ ਨੇ ਲਿਖਿਆ ਹੈ ਕਿ ‘ਧਰਮ ਅਧਾਰਿਤ ਸਿਆਸੀ ਅਦਾਰੇ ਅਤੇ ਫਿਰਕੂ ਸੋਚ ਸਾਡੇ ਗੁਲਾਮ ਵਿਰਸੇ ਦੀ ਰਹਿੰਦ-ਖੂਹੰਦ ਹੈ। ਇਹ ਸਿਆਸੀ ਮਾਹੌਲ ਨੂੰ ਗੰਧਲਾ ਕਰਕੇ ਸਾਨੂੰ ਅਸਲ ਸਮਸਿਆਵਾਂ ਤੱਕ ਪਹੁੰਚਣ ਤੋਂ ਰੋਕਦੀ ਹੈ। ਇਹ ਸਮੂਹਕ ਮਾਨਸਕ ਉਲਝੇਵਾਂ ਸਾਨੂੰ ਅੰਤਰਰਾਸ਼ਟਰੀ ਮੁਕਾਬਲੇ ਵਿਚ ਪਿਛੇ ਸੁਟ ਰਿਹਾ ਹੈ।’ ਇਹ ਸਾਡੀਆਂ ਉਤਪਾਦਨ ਦੀਆਂ ਸੰਭਾਵਨਾਵਾਂ ਨੂੰ ਪੂਰੀ ਤਰ੍ਹਾਂ ਪ੍ਰਫੁਲਿਤ ਹੋਣ ਵਿਚ ਰੁਕਾਵਟ ਪੈਦਾ ਕਰਦਾ ਹੈ। ਅਵਾਮ ਦਾ ਧਿਆਨ ਫਿਰਕਾਪ੍ਰਸਤੀ ਵਲ ਧੱਕਿਆ ਜਾਂਦਾ ਹੈ। ਉਹ ਆਪਸ ਵਿਚ ਉਲਝ ਕੇ ਇਕ ਦੂਜੇ ਫਿਰਕੇ ਦਾ ਨੁਕਸਾਨ ਕਰਕੇ ਉਤਪਾਦਨ ਦੀਆਂ ਸੰਭਾਵਨਾਵਾਂ ਨੂੰ ਪ੍ਰਾਪਤ ਨਹੀਂ ਹੋਣ ਦਿੰਦੇ। ਇਸ ਕਰਕੇ ਬਲਦੇਵ ਦੂਹੜੇ ਦਾ ਵਿਚਾਰ ਹੈ ਕਿ ਸਿਰਫ ਆਪਣੇ ਹੀ ਫਿਰਕੇ ਦੇ ਹੱਕਾਂ ਦਾ ਜਨੂੰਨ ਹੋਣਾ ਸਾਰਥਕ ਸਮਾਜੀ ਅਮਲ ਲਈ ਹਾਨੀਕਾਰਕ ਹੈ। ਅੱਗੇ ਗਲ ਤੋਰਦੇ ਹੋਏ ਬਲਦੇਵ ਦੂਹੜੇ ਲਿਖਦਾ ਹੈ, ‘ਧਰਮ ਅਤੇ ਰਾਜ ਦਾ ਮੇਲ ਮੰਤਵ ਦਾ ਦਵੰਦ ਪੈਦਾ ਕਰਦਾ ਹੈ। ਅਧਿਆਤਮਕ ਸੇਧ ਅਤੇ ਉਤਪਾਦਨ ਦਾ ਇਨਕਲਾਬ ਇਕ ਦੂਜੇ ਵਿਚ ਰਲਗੱਡ ਹੋ ਜਾਣ ਤਾਂ ਮੁਲਕ ਵਿਚ ਤਰਕਸ਼ੀਲਤਾ ਦੀ ਕਮੀ ਅਰਾਜਕਤਾ ਨੂੰ ਜਨਮ ਦਿੰਦੀ ਹੈ।’ ਇਹ ਵਿਆਖਿਆ ਮੌਜੂਦਾ ਭਾਰਤ ਦੀ ਸਚਾਈ ਨੂੰ ਬਾਖੂਬੀ ਨਾਲ ਬਿਆਨ ਕਰਦੀ ਹੈ। ਇਸ ਵਿਚਾਰ `ਤੇ ਚਲਦਿਆਂ ਉਸ ਦਾ ਅਕਾਲ ਤਖ਼ਤ ਬਾਰੇ 1988 ਦਾ ਨਜ਼ਰੀਆ ਮੌਜੂਦਾ ਸਮੇਂ ਕਾਫ਼ੀ ਪ੍ਰਸੰਗਕ, ਢੁਕਵਾਂ ਅਤੇ ਠੀਕ ਲਗਦਾ ਹੈ। ਉਸ ਨੇ ਲਿਖਿਆ ਹੈ ਕਿ ‘ਜੇ ਅਕਾਲ ਤਖ਼ਤ ਨੂੰ ਸਿਆਸਤ ਦਾ ਅੱਡਾ ਬਣਾਇਆ ਜਾਵੇ ਤਾਂ ਇਸ ਦੀ ਪਵਿੱਤਰਤਾ ਸਿਆਸੀ ਲੀਡਰਾਂ ਦੇ ਚਰਿੱਤਰ `ਤੇ ਨਿਰਭਰ ਕਰਨ ਲੱਗ ਪੈਂਦੀ ਹੈ। … ਜੇ ਇਸ ਨੂੰ ਅਧਿਆਤਮਕ ਮਸਲਿਆਂ ਦਾ ਤਖ਼ਤ ਬਣਾਇਆ ਜਾਵੇ ਤਾਂ ਦੁਨੀਆਂ ਭਰ ਦੇ ਸਿੱਖ ਇਥੋਂ ਅਧਿਆਤਮਕ ਸੇਧ ਲੈ ਸਕਦੇ ਹਨ।’ ਪਿਛਲੇ ਸਮੇਂ ਦੀਆਂ ਘਟਨਾਵਾਂ ਨੇ ਇਸ ਵਿਚਾਰ ਨੂੰ ਪ੍ਰਮਾਣਿਕਤਾ ਪ੍ਰਦਾਨ ਕੀਤੀ ਹੈ।
ਪੰਜਾਬ ਦੇ ਪਿਛਲੇ ਪੰਜ ਦਹਾਕਿਆਂ ਦੀ ਸਿਆਸਤ ਨੂੰ ਮੁਖ਼ਾਤਿਬ ਹੁੰਦਿਆਂ ਉਸ ਵਲੋਂ ਨਕਸਲੀ ਤੋਂ ਖਾਲਿਸਤਾਨੀ ਬਣੇ ਟਿੱਪਣੀਕਾਰ ਅਜਮੇਰ ਸਿੰਘ ਦੀਆਂ ਲਿਖਤਾਂ ਬਾਰੇ ਸਮਝ ਵਿਚਾਰਨਯੋਗ ਹੈ। ਉਸ ਵਲੋਂ ਅਜਮੇਰ ਸਿੰਘ ਦੀਆਂ ਲਿਖਤਾਂ ਅਤੇ ਵੀਡੀਓਜ਼ ਨੂੰ ਅਧਾਰ ਬਣਾ ਕੇ ਸੰਵਾਦ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਸਬੰਧ ਵਿਚ ਉਸ ਦਾ ਲੇਖ ‘ਅਜਮੇਰ ਸਿੰਘ ਦੀਆਂ ਬੱਜਰ ਗਲਤਫਹਿਮੀਆਂ’ (ਪੰਜਾਬ ਟਾਈਮਜ਼, ਮਈ 21, 2021) ਮਹੱਤਵਪੂਰਨ ਹੈ। ਬਲਦੇਵ ਦੂਹੜੇ ਦਾ ਵਿਚਾਰ ਹੈ ਕਿ ਅਜਮੇਰ ਸਿੰਘ ਬੇਬੁਨਿਆਦ ਗਲਤਫਹਿਮੀਆਂ ਵਾਰ-ਵਾਰ ਫੈਲਾਉਣ ਦੀ ਕੋਸ਼ਿਸ਼ ਕਰਦਾ ਹੈ। ਜੋ ਪੰਜਾਬ ਦੇ ਨੌਜਵਾਨਾਂ ਨੂੰ ਗੁਮਰਾਹ ਕਰ ਸਕਦੀਆਂ ਹਨ ਅਤੇ ਉਨ੍ਹਾਂ ਨੂੰ ਹਿੰਸਕ ਰਾਹ `ਤੇ ਵੀ ਤੋਰ ਸਕਦੀਆਂ ਹਨ। ਇਹ ਪੰਜਾਬ ਲਈ ਬਹੁਤ ਖਤਰਨਾਕ ਸਾਬਤ ਹੋ ਸਕਦੀਆਂ ਹਨ। ਇਸ ਕਰਕੇ ਉਸ ਵਲੋਂ ਅਜਮੇਰ ਸਿੰਘ ਵਿਚਾਰਾਂ ਨੂੰ ਪਰਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਜਮੇਰ ਸਿੰਘ ਦੇ ਵਿਚਾਰਾਂ ਵਿਚ ਉਸ ਨੂੰ ਦੋ ਬਜਰ ਗਲਤਫਹਿਮੀਆਂ ਨਜ਼ਰ ਆਉਂਦੀਆਂ ਹਨ। ਇੱਕ ਇਹ ਕਿ ਬੀ ਜੇ ਪੀ ਵਾਲੇ ਸਿੱਖਾਂ ਨੂੰ ਹਿੰਦੂਆਂ ਵਿਚ ਅਸਿਮੀਲੇਟ ਜਾਂ ਜਜ਼ਬ ਕਰਕੇ ਇਨ੍ਹਾਂ ਦੀ ਵਿਲੱਖਣ ਹਸਤੀ ਨੂੰ ਖਤਮ ਕਰਨ ਵਿਚ ਲੱਗੇ ਹੋਏ ਹਨ। ਦੂਹੜੇ ਦਾ ਤਰਕ ਹੈ ਕਿ ਸਿੱਖੀ ਵਰਗੇ ਮਹਾਨ, ਸ਼ਾਨਦਾਰ ਅਤੇ ਅੰਤਰਰਾਸ਼ਟਰੀ ਧਰਮ ਨੂੰ ਆਪਣੇ ਵਿਚ ਬੀ ਜੇ ਪੀ ਜਜ਼ਬ ਨਹੀਂ ਕਰ ਸਕਦੀ। ਉਸ ਅਨੁਸਾਰ ਇਸ ਬਾਰੇ ਅਜਮੇਰ ਸਿੰਘ ਵਲੋਂ ਕੋਈ ਠੋਸ ਦਲੀਲ ਨਹੀਂ ਦਿੱਤੀ ਗਈ। ਦੂਜੀ ਗ਼ਲਤਫਹਿਮੀ ਹੈ ਕਿ ਕਮਿਊਨਿਸਟ ਲੋਕ ਗੁਰਮਤਿ ਚਿੰਤਨ ਦੀਆਂ ਜੜ੍ਹਾਂ ਉਖਾੜਨੀਆਂ ਚਾਹੁੰਦੇ ਹਨ ਤਾਂ ਕਿ ਮਾਰਕਸਵਾਦ ਦੀਆਂ ਪੰਜਾਬ ਵਿਚ ਜੜ੍ਹਾਂ ਲਾਈਆਂ ਜਾ ਸਕਣ। ਦੂਹੜੇ ਦਾ ਤਰਕ ਹੈ ਕਿ ਮਾਰਕਸਵਾਦ ਧਰਮ ਨਹੀਂ ਹੈ ਬਲਕਿ ਸਿਆਸੀ-ਆਰਥਿਕ ਫਲਸਫ਼ਾ ਹੈ। ਮਾਰਕਸਵਾਦ ਦੇ ਕੁਝ ਸੰਕਲਪ ਖਾਸ ਕਰਕੇ ਮਾਨਵਵਾਦੀ ਚਿੰਤਾਵਾਂ ਅੱਜ ਵੀ ਠੀਕ ਹਨ ਅਤੇ ਚਲਦੇ ਵੀ ਰਹਿਣਗੇ। ਪਰ ਕੋਈ ਮੁਲਕ ਕਿਸੇ ਇੱਕ ਘੜੇ ਘੜਾਏ ਸਿਆਸੀ-ਆਰਥਿਕ ਫ਼ਲਸਫ਼ੇ ਦੇ ਆਧਾਰ `ਤੇ ਨਹੀਂ ਚਲ ਸਕਦਾ ਕਿਉਂਕਿ ਹਾਲਾਤ ਬਦਲਦੇ ਰਹਿੰਦੇ ਹਨ ਅਤੇ ਇਸ ਨਾਲ ਇਨਸਾਨੀ ਸੋਚ ਦਾ ਵਿਕਸਤ ਹੋਣਾ ਲਾਜ਼ਮੀ ਹੈ। ਸਿੱਖ ਧਰਮ ਦੀਆਂ ਮਜ਼ਬੂਤ ਜੜ੍ਹਾਂ ਨੂੰ ਪੰਜਾਬ ਅਤੇ ਵਿਸ਼ਵ ਵਿਚੋਂ ਕੋਈ ਫਲਸਫ਼ਾ ਉਖਾੜ ਨਹੀਂ ਸਕਦਾ। ਸੋਵੀਅਤ ਯੂਨੀਅਨ ਦੇ ਸਥਾਪਤ ਹੋਣ ਤੋਂ ਖਾਤਮੇ ਤੱਕ (1917-1991) ਰੂਸ ਵਿਚੋਂ ਮਾਰਕਸਵਾਦ ਈਸਾਈ ਧਰਮ ਦੀਆਂ ਜੜ੍ਹਾਂ ਨਹੀਂ ਉਖਾੜ ਸਕਿਆ। ਕਮਿਊਨਿਸਟ ਲਹਿਰ ਸਿੱਖ ਧਰਮ ਦੀਆਂ ਜੜ੍ਹਾਂ ਨਹੀਂ ਉਖਾੜ ਸਕਦੀ। ਇਹ ਅਜਮੇਰ ਸਿੰਘ ਦੀ ਗ਼ਲਤਫਹਿਮੀ ਹੈ। ਅਜਮੇਰ ਸਿੰਘ ਵਲੋਂ ਲਿਖੇ ਸ਼ਬਦ ਨੇਕ ਨੀਅਤ ਨਾਲ਼ ਨਹੀਂ ਬਲਕਿ ਸਿੱਖ ਨੌਜਵਾਨਾਂ ਨੂੰ ਗੁਮਰਾਹ ਕਰਨ ਲਈ ਸਾਜ਼ਿਸ਼ੀ ਮੰਤਵ ਨਾਲ ਕੀਤੀ ਬਿਆਨਬਾਜ਼ੀ ਹੈ। ਅਜਮੇਰ ਸਿੰਘ ਦੀ ਕਿਤਾਬ ਸਿੱਖਾਂ ਦੀ ਘੇਰਾਬੰਦੀ ਬਾਰੇ ਹੁੱਣ, (2017) ਰਸਾਲੇ ਵਿਚ ਦੂਹੜੇ ਨੇ ਅਜਮੇਰ ਸਿੰਘ ਦੇ ਇਸ ਵਿਚਾਰ ਦਾ ਖੰਡਣ ਕੀਤਾ ਸੀ ਕਿ ਬਹੁਤੇ ਸਿੱਖ ਬੁੱਧੀਜੀਵੀ ਕਿਸੇ ਲਾਲਚ ਜਾਂ ਡਰ ਕਾਰਨ ਖਾਲਿਸਤਾਨ ਦੇ ਹਮਾਇਤੀ ਨਹੀਂ ਬਣਦੇ। ਕੁੱਝ ਸੰਸਥਾਵਾਂ ਅਤੇ ਵਿਅਕਤੀਆਂ ਬਾਰੇ ਅਜਮੇਰ ਸਿੰਘ ਵਲੋਂ ਟਿਪਣੀਆਂ ਬਗੈਰ ਕਿਸੇ ਸਬੂਤ ਦੇ ਲਿਖੀਆਂ ਗਈਆਂ ਸਨ। ਉਸ ਦਾ ਵਿਚਾਰ ਹੈ ਕਿ ਇਹ ਟਿਪਣੀਆਂ ਪਛਮੀ ਵਿਦਵਾਨਾਂ ਦੇ ਉਤਰ-ਆਧੁਨਿਕਤਾ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਲਿਖੀਆਂ ਹਨ। ਅਜਮੇਰ ਸਿੰਘ ਨੇ ਕਦੇ ਵੀ ਸੰਵਾਦ/ ਬਹਿਸ ਵਿਚ ਹਿੱਸਾ ਨਹੀਂ ਲਿਆ ਬਲਕਿ ਆਪਣੇ ਵਲੋਂ ਫਿਰਕੂ ਤਰਜ਼ `ਤੇ ਲਿਖਿਆ ਅਤੇ ਬੋਲਿਆ ਹੈ। ਮਨਮੋਹਨ ਦੀ ਲਿਖਤ ‘ਪਵਿੱਤਰ ਦੈਵੀ ਤੇ ਸੁੰਦਰ ਦੀ ਭਾਸ਼ਾ’ `ਤੇ ਟਿੱਪਣੀ ਕਰਦਿਆਂ ਦੂਹੜੇ ਨੇ ਲਿਖਿਆ ਹੈ ਕਿ ਪੰਜਾਬੀ ਵਿਦਵਾਨਾਂ ਨੂੰ ਉਤਰ-ਆਧੁਨਿਕ ਸਾਪੇਖਵਾਦ ਤੋਂ ਪ੍ਰਭਾਵਿਤ ਹੋਣ ਦੀ ਥਾਂ ਇਸ ਨੂੰ ਤਰਕ ਦੀ ਕਸਵੱਟੀ ਉੱਤੇ ਪਰਖਣਾ ਚਾਹੀਦਾ ਹੈ। ਪਛਮੀ ਦੇਸ਼ਾਂ ਦੇ ਸਨਕੀਵਾਦ ਤੋਂ ਬਚਣ ਦੀ ਲੋੜ ਹੈ ਕਿਉਂਕਿ ਭਾਰਤ ਵਿਚ ਇਹ ਗੱਲ ਅਤਿ ਮਹੱਤਵਪੂਰਨ ਹੈ ਕਿ ਅਸੀਂ ਨਿਆਂਸ਼ੀਲ ਸਿਸਟਮ ਬਣਾਉਣ ਵਿਚ ਹਿੱਸਾ ਪਾਈਏ। ਬਲਦੇਵ ਦੂਹੜੇ ਦਾ ਵਿਚਾਰ ਹੈ ਕਿ ਪੰਜਾਬ ਦੇ ਮਸਲਿਆਂ ਅਤੇ ਖਾਸ ਕਰਕੇ ਰਾਜਾਂ ਦੀ ਖੁLਦਮੁਖ਼ਤਿਆਰੀ ਨੂੰ ਬਹਾਲ ਕਰਨ ਵਾਸਤੇ ਸਾਰੇ ਭਾਈਚਾਰਿਆਂ ਅਤੇ ਦੂਜੇ ਸੂਬਿਆਂ ਦੇ ਲੋਕਾਂ ਨਾਲ ਤਾਲਮੇਲ ਕਰਨ ਤੋਂ ਬਗੈਰ ਇਕਲਿਆਂ ਪੰਜਾਬ ਦੇ ਲੋਕ ਕਾਮਯਾਬ ਨਹੀਂ ਹੋ ਸਕਦੇ। ਇਸ ਦਾ ਸਬੂਤ ਸਾਨੂੰ 2020-21 ਦੇ ਸਫਲ ਕਿਸਾਨ ਅੰਦੋਲਨ ਤੋਂ ਵੀ ਮਿਲਦਾ ਹੈ। ਇਸੇ ਤਰ੍ਹਾਂ ਉਹ ਭਾਰਤ ਦੇ ਸੰਵਿਧਾਨ ਦੇ ਧਰਮ ਨਿਰਪੱਖਤਾ ਦੇ ਸੰਕਲਪ ਨੂੰ ਜੋæਰਦਾਰ ਤਰੀਕੇ ਨਾਲ ਵਿਚਾਰਨ ਦੀ ਜ਼ਰੂਰਤ `ਤੇ ਜ਼ੋਰ ਦਿੰਦਾ ਹੈ।
ਪੰਜਾਬ ਦੀ ਨਿੱਘਰਦੀ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਹਾਲਤ ਬਾਰੇ ਬਲਦੇਵ ਦੂਹੜੇ ਹਮੇਸ਼ਾ ਫ਼ਿਕਰਮੰਦ ਰਹਿੰਦਾ ਸੀ। ਇਸ ਸਬੰਧ ਵਿਚ ਉਸ ਦੇ ਦੋ ਲੇਖ ਸਾਡੇ ਸਾਰਿਆਂ ਲਈ ਧਿਆਨਯੋਗ ਹਨ। ‘ਪੰਜਾਬ ਦੀ ਆਰਥਿਕ ਮੁੜ ਬਹਾਲੀ’ ਸੀਰਤ (ਅਪ੍ਰੈਲ 2017) ਪੰਜਾਬ ਦੀ ਨਿੱਘਰਦੀ ਹਾਲਤ ਨੂੰ ਬਿਆਨ ਕਰਦਾ ਅਤੇ ਇਸ ਨੂੰ ਠੀਕ ਕਰਨ ਲਈ ਠੋਸ ਸੁਝਾਅ ਵੀ ਪੇਸ਼ ਕਰਦਾ ਹੈ। ਇਹ ਲਿਖਤ ਇਸ ਧਾਰਨਾ ਨਾਲ ਲਿਖੀ ਗਈ ਹੈ ਕਿ ਹਰ ਥਾਂ, ਸ਼ਹਿਰ, ਸੂਬਾ ਜਾਂ ਮੁਲਕ ਵਿਚ ਹਰ ਇਨਸਾਨ ਦੀ ਜ਼ਿੰਦਗੀ ਦੀ ਪਵਿੱਤਰਤਾ ਨੂੰ ਕਾਇਮ ਰਖਿਆ ਜਾਣਾ ਚਾਹੀਦਾ ਹੈ। ਇਸ ਵਾਸਤੇ ਹਰ ਇਨਸਾਨ ਨੂੰ ਸਭ ਬੁਨਿਆਦੀ ਸਹੂਲਤਾਂ ਬਿਨਾਂ ਸ਼ਰਤ, ਭ੍ਰਿਸ਼ਟਾਚਾਰ ਜਾਂ ਸਿਆਸੀ ਅਹਿਸਾਨ ਦੇ ਮੁਹੱਈਆ ਕਾਰਵਾਈਆਂ ਜਾਣੀਆਂ ਚਾਹੀਦੀਆਂ ਹਨ। ਉਹ ਇਸ ਨੂੰ ਬੇਗਮਪੁਰਾ ਕਹਿੰਦਾ ਹੈ। ਇਸ ਨੂੰ ਪ੍ਰਾਪਤ ਕਰਨ ਲਈ ਉਹ ਪੰਜਾਬ ਦੇ ਆਰਥਿਕ ਵਿਕਾਸ ਨੂੰ ਤੇਜ਼ ਕਰਨ ਦੇ ਹੱਕ ਵਿਚ ਨਜ਼ਰ ਆਉਂਦਾ ਹੈ ਤਾਂ ਕਿ ਹਰ ਇਨਸਾਨ ਦੇ ਜੀਵਨ ਨੂੰ ਬਿਹਤਰ ਬਣਾਉਣ ਦਾ ਇਸ ਨੂੰ ਜ਼ਰੀਆ ਬਣਾਇਆ ਜਾ ਸਕੇ। ਵਿਕਾਸ ਦੀ ਮੁੱਖ ਟੇਕ ਮਨੁੱਖੀ ਸਿਰਜਣਾਤਮਕ ਕਿਰਤ ਅਤੇ ਕੁਦਰਤੀ ਸੋਮਿਆਂ ਨੂੰ ਇਕੱਠੇ ਕਰਕੇ ਸਹੀ ਤਰੀਕੇ ਨਾਲ ਵਰਤਣ `ਤੇ ਹੈ। ਇਸ ਵਾਸਤੇ ਨਿਆਂਸ਼ੀਲ ਅਤੇ ਤਰਕਮਈ ਸੋਚ, ਸਿਰਜਣਾਤਮਕ ਅਤੇ ਵਿਗਿਆਨਕ ਵਿਧੀਆਂ ਪੰਜਾਬ ਨੂੰ ਇੱਕ ਆਦਰਸ਼ ਸੂਬਾ ਬਣਾ ਸਕਦੀਆਂ ਹਨ ਅਤੇ ਜ਼ਿਕਰਯੋਗ ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ ਹਨ। ਇਸ ਨੂੰ ਪ੍ਰਾਪਤ ਕਰਨ ਲਈ ਪੰਜਾਬ ਸਰਕਾਰ ਦੇ ਵਿੱਤੀ ਪ੍ਰਬੰਧ/ਬਜਟ ਨੂੰ ਠੀਕ ਕਰਨਾ, ਬਿਜਲੀ ਸਬਸਿਡੀ ਅਤੇ ਹੋਰ ਰਿਆਸਤਾਂ ਨੂੰ ਤਰਕਸੰਗਤ ਬਣਾਉਣਾ, ਜ਼ਮੀਨ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣਾ, ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨਾ, ਸਰਕਾਰੀ ਫ਼ਜ਼ੂਲਖਰਚੀ ਅਤੇ ਵੀ ਪੀ ਆਈ ਸਭਿਆਚਾਰ ਨੂੰ ਖਤਮ ਕਰਨਾ ਅਤੇ ਹੋਰ ਕਰਜ਼ੇ ਲੈਣ ਤੋਂ ਬਚਾਅ ਕਰਨ ਲਈ ਸੰਤੁਲਿਤ ਬਜਟ ਬਣਾਉਣਾ ਆਦਿ ਜ਼ਰੂਰੀ ਕਦਮ ਹਨ। ਇਸ ਸਬੰਧ ਵਿਚ ਪੰਜਾਬੀ ਫੋਰਮ ਟੋਰਾਂਟੋ ਦੇ ਕਨਵੀਨਰ ਦੇ ਤੌਰ `ਤੇ ਉਸ ਵਲੋਂ ਮੌਜੂਦਾ ਪੰਜਾਬ ਸਰਕਾਰ ਨੂੰ ਕੁਝ ਸੁਝਾਅ ਵੀ ਭੇਜੇ ਜਾਂਦੇ ਰਹੇ ਸਨ। ਇਸ ਦੇ ਨਾਲ ਹੀ ਪੰਜਾਬ ਦੇ ਵਿਕਾਸ ਲਈ ਸਰਕਾਰ ਵਲੋਂ ਨਿਵੇਸ਼ ਅਤੇ ਵਿਕਾਸ ਯੋਜਨਾ ਤਿਆਰ ਕਰਕੇ ਲਾਗੂ ਕਰਨਾ ਇੱਕ ਚੰਗਾ ਕਦਮ ਹੋ ਸਕਦਾ ਹੈ। ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨ ਅਤੇ ਕਿਸਾਨਾਂ ਅਤੇ ਪੇਂਡੂ ਮਜ਼ਦੂਰਾਂ ਦੀ ਆਮਦਨ ਵਧਾਉਣ ਲਈ ਖੇਤੀ ਅਧਾਰਤ ਸਨਅਤਾਂ ਦਾ ਵਿਕਾਸ ਕਰਨਾ ਲਾਜ਼ਮੀ ਹੈ। ਵਾਤਾਵਰਣ ਨੂੰ ਬਚਾਉਣ ਲਈ ਪਾਣੀਆਂ ਦੀ ਬਚਤ ਅਤੇ ਥਰਮਲ ਬਿਜਲੀ ਦੀ ਬਜਾਏ ਸੂਰਜੀ ਊਰਜਾ ਦੇ ਪਲਾਂਟ ਮਦਦਗਾਰ ਸਾਬਤ ਹੋ ਸਕਦੇ ਹਨ। ਮਨੁੱਖੀ ਸਿਰਜਣਾਤਮਕਤਾ ਨੂੰ ਹੁਲਾਰਾ ਦੇਣ ਲਈ ਖੋਜ ਅਤੇ ਵਿਕਾਸ ਨੂੰ ਤਰਜੀਹ ਦੇਣ ਬਾਰੇ ਸੁਝਾਅ ਦਿੱਤਾ ਗਿਆ ਹੈ। ਮਨੁੱਖੀ ਸਿਰਜਣਹਾਰਤਾ ਨੂੰ ਇਨਸਾਨੀ ਜ਼ਿੰਦਗੀ ਦਾ ਹਿੱਸਾ ਬਣਾਉਣ ਵਾਸਤੇ ਵਿਦਿਅਕ ਸੰਸਥਾਵਾਂ ਅਤੇ ਸਿਹਤ ਸੇਵਾਵਾਂ ਦੇ ਮਿਆਰ ਵਿਚ ਠੋਸ ਸੁਧਾਰ ਕਾਫ਼ੀ ਕਾਰਗਰ ਸਾਬਤ ਹੋ ਸਕਦੇ ਹਨ। ਇਹ ਸਬਕ ਉਸ ਵਲੋਂ ਪਛਮੀ ਮੁਲਕਾਂ ਦੇ ਵਿਕਾਸ ਦੇ ਅਧਿਐਨ ਤੋਂ ਪ੍ਰਾਪਤ ਕੀਤੇ ਗਏ ਹਨ। ਗੁਣਾਤਮਕ ਤਬਦੀਲੀਆਂ ਅਤੇ ਲੋਕਾਂ ਦੀ ਵਿਕਾਸ ਵਿਚ ਸ਼ਮੂਲੀਅਤ ਕਰਵਾਉਣ ਵਾਸਤੇ ਦੂਹੜੇ ਕਾਰਪੋਰੇਟ ਵਿਕਾਸ ਦੇ ਮਾਡਲ ਦੇ ਮੁਕਾਬਲੇ ਕੋਅਪਰੇਟਿਵ ਮਾਡਲ ਨੂੰ ਤਰਜੀਹ ਦਿੰਦਾ ਹੈ। ਸਨਅਤੀਕਰਣ ਅਤੇ ਨਵੀਨੀਕਰਨ ਦੇ ਨਾਲ ਉਹ ਪੰਜਾਬ ਨੂੰ ਖੇਤੀ ਤੋਂ ਅਗਲੇ ਦੌਰ ਵਿਚ ਲਿਜਾਣ ਦਾ ਮੁੱਦਈ ਹੈ।
ਪੰਜਾਬ ਦੇ ਖੇਤੀ ਸੰਕਟ ਨੂੰ ਹੱਲ ਕਰਨ ਲਈ ਦੂਹੜੇ ਵਲੋਂ ਠੋਸ ਸੁਝਾਅ ਦਿੱਤੇ ਗਏ ਹਨ। ਪੰਜਾਬ ਟਾਈਮਜ਼ (26 ਜਨਵਰੀ 2022) ਵਿਚ ਉਸ ਦੀ ਲਿਖਤ ‘ਪੰਜਾਬ ਦਾ ਖੇਤੀ ਸੰਕਟ: ਤੀਜੇ ਬਦਲ ਦੀ ਭਾਲ’, ਵਿਚ ਉਸ ਦਾ ਮੰਨਣਾ ਹੈ ਕਿ ਖੇਤੀ ਨੂੰ ਆਰਥਿਕ ਅਤੇ ਵਾਤਾਵਰਣ ਦੇ ਨਜ਼ਰੀਏ ਤੋਂ ਵਿਕਸਤ ਕਰਨਾ ਚਾਹੀਦਾ ਹੈ। ਉਹ ਪੰਜਾਬ ਦੇ ਮੌਜੂਦਾ ਖੇਤੀ ਮਾਡਲ ਨੂੰ ਬਦਲਣ ਦੇ ਹੱਕ ਵਿਚ ਹੈ। ਮੌਜੂਦਾ ਖੇਤੀ ਮਾਡਲ ਵਿਚ ਛੋਟੇ ਛੋਟੇ ਕਿਸਾਨ ਆਪਣੀਆਂ ਜੋਤਾਂ `ਤੇ ਨਿਜੀ ਤੌਰ `ਤੇ ਖੇਤੀ ਕਰਦੇ ਹਨ। ਇਹ ਮਾਡਲ ਨਾ ਤਾਂ ਵਾਤਾਵਰਣ ਨੂੰ ਬਚਾਉਣ ਜਾਂ ਖੇਤੀ ਨੂੰ ਲਾਹੇਵੰਦ ਬਣਾਉਣ ਅਤੇ ਨਾ ਹੀ ਪੇਂਡੂ ਲੋਕਾਂ ਦੀਆਂ ਆਤਮਹਤਿਆਵਾਂ ਨੂੰ ਰੋਕ ਸਕਦਾ ਹੈ। ਖੇਤੀ ਵਿਚ ਜੋਤਾਂ ਛੋਟੀਆਂ ਹਨ ਅਤੇ ਵਧੇਰੇ ਮਸ਼ੀਨੀਕਰਨ ਹੋਣ ਕਾਰਨ ਬਹੁਤੇ ਕਿਸਾਨਾਂ ਦੀਆਂ ਜੋਤਾਂ ਲਾਹੇਵੰਦ ਨਹੀਂ ਰਹੀਆਂ। ਇਸ ਕਰਕੇ ਛੋਟੇ ਕਿਸਾਨ ਅਤੇ ਖੇਤ ਮਜ਼ਦੂਰ ਆਤਮਹੱਤਿਆਵਾਂ ਕਰ ਰਹੇ ਹਨ। ਇਸ ਨੂੰ ਬਦਲਣ ਦੀ ਅਜੋਕੇ ਸਮੇਂ ਵਿਚ ਸਖ਼ਤ ਜ਼ਰੂਰਤ ਹੈ। ਨਵੇਂ ਖੇਤੀ ਮਾਡਲ ਦੀ ਭਾਲ ਵਿਚ ਉਹ ਖੁਲ੍ਹੀ ਮੰਡੀ ਵਾਲੇ ਅਮਰੀਕੀ ਖੇਤੀ ਮਾਡਲ ਨੂੰ ਪੰਜਾਬ ਵਾਸਤੇ ਮਾਫ਼ਕ ਨਹੀਂ ਸਮਝਦਾ। ਇਹ ਮਾਡਲ ਅਮਰੀਕੀ ਕਿਸਾਨਾਂ ਦੀਆਂ ਜੋਤਾਂ ਵੱਡੀਆਂ ਹੋਣ ਦੇ ਬਾਵਜੂਦ ਉਨ੍ਹਾਂ ਦੀਆਂ ਖ਼ੁਦਕੁਸ਼ੀਆਂ ਨੂੰ ਰੋਕਣ ਤੋਂ ਅਸਮਰਥ ਰਿਹਾ ਹੈ। ਇਸ ਕਰਕੇ ਉਹ ਪੰਜਾਬ ਦੀ ਖੇਤੀ ਬਾਰੇ ਤੀਜੇ ਮਾਡਲ ਦੀ ਭਾਲ ਦੀ ਗੱਲ ਕਰਦਾ ਹੈ। ਇਸ ਸਬੰਧ ਵਿਚ ਉਹ ਕੈਨੇਡੀਅਨ ਖੇਤੀ ਮਾਡਲ ਤੋਂ ਪ੍ਰਭਾਵਿਤ ਲਗਦਾ ਹੈ। ਕੈਨੇਡੀਅਨ ਖੇਤੀ ਮਾਡਲ ਵਿਚ ਕਿਸਾਨ ਆਪਣੇ ਮਾਰਕੀਟਿੰਗ ਬੋਰਡ ਬਣਾ ਕੇ ਖੇਤੀ ਵਸਤਾਂ ਦੀ ਕੀਮਤ ਆਪ ਤੈਅ ਕਰਦੇ ਹਨ। ਸਰਕਾਰ ਤੋਂ ਸਮਰਥਨ ਲੈਣ ਤੋਂ ਬਗੈਰ ਹੀ ਇਹ ਬੋਰਡ ਖੇਤੀ ਵਿਚ ਕਿਸਾਨਾਂ ਨੂੰ ਲੋੜੀਂਦੇ ਮੁਨਾਫੇL ਪ੍ਰਾਪਤ ਕਰਨ ਵਿਚ ਮਦਦ ਕਰਦੇ ਹਨ। ਕੈਨੇਡੀਅਨ ਸਰਕਾਰ ਵਲੋਂ ਖੇਤੀ ਵਪਾਰ ਵਿਚ ਇੱਕ ਵਿਦੇਸ਼ੀ ਕੰਪਨੀ ਦੀ ਦਖਲਅੰਦਾਜ਼ੀ ਨਾਲ ਇਸ ਖੇਤੀ ਮਾਡਲ ਨੂੰ ਖ਼ਤਰੇ ਵਿਚ ਪਾ ਦਿੱਤਾ ਗਿਆ ਹੈ। ਇਸ ਕਰਕੇ ਉਸ ਵਲੋਂ ਪੰਜਾਬ ਵਾਸਤੇ ਕੋਆਪਰੇਟਿਵ ਖੇਤੀ ਵਾਲੇ ਦੋ ਮਾਡਲਾਂ ਵਿਚੋਂ ਕਿਸੇ ਇੱਕ ਨੂੰ ਅਪਨਾਉਣ ਵਾਸਤੇ ਸਲਾਹ ਦਿੱਤੀ ਗਈ ਹੈ। ਇੱਕ ਮਾਡਲ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਾਂਗੜੀ ਲਾਂਬੜਾ ਪਿੰਡ ਦੇ ਕੋਆਪ੍ਰਟਿਵ ਮਾਰਕੀਟਿੰਗ ਮਾਡਲ ਦਾ ਅਧਿਐਨ ਕਰਕੇ ਪੰਜਾਬ ਦੇ ਹੋਰ ਪਿੰਡਾਂ ਵਿਚ ਅਪਣਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸਪੇਨ ਦੇ ਕਿਸਾਨਾਂ ਵਲੋਂ ਕੋਆਪ੍ਰੇਟਿਵ ਮਾਡਲ ਦਾ ਅਧਿਐਨ ਕਰਨ ਦੀ ਸਿਫਾਰਸ਼ ਵੀ ਕੀਤੀ ਗਈ ਹੈ। ਇਹ ਕਿਸਾਨਾਂ ਵਲੋਂ ਸਥਾਪਤ ਕਾਰਪੋਰੇਟ ਕੰਪਨੀਆਂ ਬਣਾਉਣ `ਤੇ ਜ਼ੋਰ ਦਿੰਦਾ ਹੈ। ਇਹ ਮਾਡਲ ਕਿਸਾਨਾਂ ਵਲੋਂ ਆਪਣੀਆਂ ਕੰਪਨੀਆਂ ਬਣਾ ਕੇ ਖੇਤੀ ਪਦਾਰਥਾਂ ਦੀ ਮਾਰਕੀਟਿੰਗ ਅਤੇ ਪ੍ਰੋਸੈਸਿੰਗ ਕਰਕੇ ਕਿਸਾਨਾਂ ਨੂੰ ਲੋੜੀਂਦੇ ਮੁਨਾਫ਼ੇ ਦੇਣ ਵਿਚ ਕਾਮਯਾਬੀ ਨਾਲ ਸਪੇਨ ਦੇਸ਼ ਵਿਚ ਕੰਮ ਕਰ ਰਿਹਾ ਹੈ। ਇਸ ਮਾਡਲ ਨੂੰ ਮੈਂਡਰਾਗੌਨ ਕੋਅਪਰੇਟਿਵ ਮਾਡਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਬਲਦੇਵ ਦੂਹੜੇ ਕਿਸਾਨਾਂ ਨੂੰ ਕੋਆਪਰੇਟਿਵ ਸੰਸਥਾਵਾਂ ਰਾਹੀਂ ਖੇਤੀਬਾੜੀ ਦੇ ਉਤਪਾਦਨ ਦੇ ਨਾਲ-ਨਾਲ ਮਾਰਕੀਟਿੰਗ ਅਤੇ ਪ੍ਰੋਸੈਸਿੰਗ ਵਿਚ ਸ਼ਾਮਲ ਕਰਨ ਦੇ ਹੱਕ ਵਿਚ ਨਜ਼ਰ ਆਉਂਦਾ ਹੈ। ਇਸ ਨਾਲ ਵਾਤਵਰਣ ਵੀ ਬਚਾਇਆ ਜਾ ਸਕਦਾ ਹੈ ਅਤੇ ਖੇਤੀ ਸੰਕਟ ਨੂੰ ਹੱਲ ਕਰਕੇ ਪੰਜਾਬ ਨੂੰ ਵਿਕਾਸ ਦੇ ਅਗਲੇ ਦੌਰ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।
ਬਲਦੇਵ ਦੂਹੜੇ ਸਿਰਫ਼ ਪੰਜਾਬ ਦੇ ਲੋਕਾਂ ਦੀ ਤਰੱਕੀ ਅਤੇ ਲੋਕ ਭਲਾਈ ਹੀ ਨਹੀਂ ਸਗੋਂ ਸਾਰੀ ਦੁਨੀਆਂ ਦੇ ਆਮ ਲੋਕਾਂ ਦੀ ਭਲਾਈ ਦਾ ਹਾਮੀ ਸੀ। ਉਸ ਵਲੋਂ ਮੇਰੇ ਨਾਲ ਰਲ ਕੇ ਸੰਨ 2021 ਵਿਚ ਇੱਕ ਦਸਤਾਵੇਜ਼ ਤਿਆਰ ਕੀਤਾ ਸੀ ਜਿਸ ਦਾ ਮਨੋਰਥ ਕੈਨੇਡਾ ਵਿਚ ਵਸਦੇ ਹਰ ਵਿਅਕਤੀ ਨੂੰ ਘੱਟੋ-ਘੱਟ ਆਮਦਨ ਦੇਣ ਦਾ ਸੁਝਾਅ ਦਿੱਤਾ ਗਿਆ ਸੀ। ਉਸ ਦਾ ਵਿਚਾਰ ਸੀ ਕਿ ਮਨਸੂਈ ਬੁੱਧੀ ਅਤੇ ਰੋਬੋਟਾਂ ਦੇ ਉਤਪਾਦਨ ਵਿਚ ਵਿਆਪਕ ਵਰਤੋਂ ਨਾਲ ਆਉਣ ਵਾਲੇ ਭਵਿੱਖ ਵਿਚ ਬੇਰੁਜ਼ਗਾਰੀ ਵਿਚ ਕਾਫੀ ਵਾਧਾ ਹੋ ਸਕਦਾ ਹੈ। ਬੇਰੁਜ਼ਗਾਰੀ ਤੋਂ ਪ੍ਰਭਾਵਿਤ ਵਿਅਕਤੀਆਂ ਨੂੰ ਸਰਕਾਰ ਵਲੋਂ ਘੱਟੋ-ਘੱਟ ਆਮਦਨ ਦਿੱਤੀ ਜਾਵੇ ਤਾਂ ਕਿ ਉਹ ਮਾਣ-ਸਨਮਾਨ ਦੀ ਜ਼ਿੰਦਗੀ ਬਸਰ ਕਰ ਸਕਣ।
ਦੂਹੜੇ ਦੀਆਂ ਵਾਰਤਕ ਲਿਖਤਾਂ ਦੀ ਭਾਸ਼ਾ ਸਰਲ ਹੋਣ ਕਾਰਨ ਆਮ ਪੰਜਾਬੀ ਪਾਠਕਾਂ ਨੂੰ ਸਮਝ ਆਉਂਦੀ ਹੈ। ਉਸ ਦੀ ਖੋਜ ਵਿਧੀ ਤਰਕ ‘ਤੇ ਅਧਾਰਿਤ ਹੈ। ਉਹ ਸੁਭਾਅ ਤੋਂ ਬਹੁਤ ਸੰਤੁਸ਼ਟ, ਸਬਰ ਵਾਲੇ ਅਤੇ ਮਨੁੱਖਤਾਵਾਦੀ ਇਨਸਾਨ ਸਨ। ਇਹ ਵਰਤਾਰਾ ਉਨ੍ਹਾਂ ਦੇ ਅਟਾਰਨੀ ਜਨਰਲ ਟੋਰਾਂਟੋ ਦੇ ਦਫ਼ਤਰ ਵਿਚ ਨੌਕਰੀ ਸਮੇਂ ਕੰਮ ਕਰਨ ਤੋਂ ਵੀ ਸਾਹਮਣੇ ਆਉਂਦਾ ਸੀ। ਉਹ ਹੋਰਨਾਂ ਨਾਲ ਵਿਚਰਦੇ ਸਮੇਂ ਕਿਸੇ ਨੂੰ ਕੌੜਾ ਨਹੀਂ ਬੋਲਦੇ ਸਨ ਅਤੇ ਕਿਸੇ ਦੀ ਚੁਗਲੀ ਨਿੰਦਿਆ ਤੋਂ ਵੀ ਪਰਹੇਜ਼ ਕਰਦੇ ਸਨ। ਇਸ ਕਰਕੇ ਉਨ੍ਹਾਂ ਦੇ ਦੋਸਤਾਂ ਦਾ ਦਾਇਰਾ ਉਨਾ ਹੀ ਵੱਡਾ ਸੀ ਜਿੰਨਾ ਸੋਚਣ ਦਾ ਦਾਇਰਾ।
ਬਲਦੇਵ ਦਹੜੇ ਦੀ ਪਹਿਲਕਦਮੀ ਨਾਲ ਪਿਛਲੇ ਪੰਜ ਛੇ ਵਰਿ੍ਹਆਂ ਤੋਂ ਬਰੈਂਪਟਨ ਤੇ ਮਿਸੀਸਾਗਾ ਦੇ ਕੇਝ ਮਿੱਤਰ ਪਿਆਰਿਆਂ ਨੇ ਮਿਲ ਕੇ ਪੰਜਾਬੀ ਥਿੰਕਰਜ਼ ਫੋਰਮ ਬਣਾਇਆ ਹੋਇਆ ਸੀ। ਜਿਸ ਦੇ ਇਕੱਠਾਂ ਵਿਚ ਪੰਜਾਬ ਨਾਲ ਸਬੰਧਤ ਮਸਲਿਆਂ ਤੋਂ ਛੁੱਟ ਅਕਸਰ ਹੀ ਇਨਸਾਨੀਅਨਤ ਦੇ ਭਵਿੱਖ ‘ਤੇ ਅਸਰਅੰਦਾਜ਼ ਹੋ ਰਹੀਆਂ ਕੌਮੀ ਅਤੇ ਕੌਮਾਂਤਰੀ ਸਮੱਸਿਆਵਾਂ ‘ਤੇ ਵੀ ਵਿਚਾਰ ਚਰਚੇ ਹੁੰਦੇ ਰਹਿੰਦੇ ਸੀ। ਅਤੇ ਕਨਵੀਨਰ ਦੂਹੜੇ ਵਲੋਂ ਆਪਣੇ ਪ੍ਰਤੀਕਰਮ ਮੀਡੀਆ ਵਿਚ ਵੀ ਭੇਜੇ ਜਾਂਦੇ ਸਨ। ਇਸ ਫੋਰਮ ਵਿਚ ਪੰਜਾਬ ਹਾਈ ਕੋਰਟ ਦੇ ਸੀਨੀਅਰ ਐਡ. ਜੋਗਿੰਦਰ ਸਿੰਘ ਤੂਰ ਤੇ ਯਾਦਵਿੰਦਰ ਸਿੰਘ ਤੂਰ, ਗੁਰਦਿਆਲ ਬਲ, ਪੰਜਾਬੀ ਸਭਿਆਚਾਰ ਸ਼ਾਸਤੀ ਪ੍ਰੋ. ਨਾਹਰ ਸਿੰਘ, ਗੁਰਬਾਣੀ ਸੰਗੀਤ ਦੇ ਪਾਰਖੂ ਪੂਰਨ ਸਿੰਘ ਪਾਂਧੀ, ਸਾਹਿਤਕ ਟਿੱਪਣੀਕਾਰ ਬਲਰਾਜ ਚੀਮਾ, ਪੰਜਾਬੀ ਕਵੀ ਗੁਰਦੇਵ ਚੌਹਾਨ, ਸ. ਇੰਦਰਦੀਪ ਸਿੰਘ, ਹਜ਼ਾਰਾ ਸਿੰਘ, ਹਰਜੀਤ ਗਿੱਲ ਅਤੇ ਕ੍ਰਿਸ਼ਨ ਚੰਦ ਆਦਿ ਸੱਜਣ ਬੜੇ ਉਤਸ਼ਾਹ ਨਾਲ ਸ਼ਾਮਲ ਹੁੰਦੇ ਸਨ।
ਇਨ੍ਹਾਂ ਤੋਂ ਇਲਾਵਾ ਕਦੇ ਕਦੇ, ਬਲਰਾਜ ਦਿਓਲ, ਸ਼ਮੀਲ ਅਤੇ ਜਗੀਰ ਸਿੰਘ ਕਾਹਲੋਂ ਵੀ ਆ ਜਾਇਆ ਕਰਦੇ ਸਨ। ਇਸ ਫੋਰਮ ਵਲੋਂ ਤੂਰ ਭਰਾਵਾਂ ਦੇ ਵਿਹੜੇ ਵਿਚ ਪਾਕਿਸਤਾਨੀ ਚਿੰਤਕ ਇਸ਼ਤਿਆਕ ਅਹਿਮਦ ਦੀਆਂ ਵੰਡ ਬਾਰੇ ਕਿਤਾਬਾਂ ਸ਼ਮੀਲ ਵਲੋਂ ਗੁਰੂ ਗੋਬਿੰਦ ਸਿੰਘ ਦੇ ਭਗੌਤੀ ਦੇ ਤਸੱਵਰ ਨੂੰ ਨਵੇਂ ਅਰਥਾਂ ਵਿਚ ਸਮਝਣ ਲਈ ਲਿਖੀ ਕਾਵਿ ਪੁਸਤਕ ‘ਤੇਗ’ ਅਤੇ ਜੋਗਿੰਦਰ ਸਿੰਘ ਤੂਰ ਦੀ ਪੁਸਤਕ ਵੰਡ ਦੀ ‘ਅਕੱਥ ਕਥਾ’ ਨੂੰ ਲੈ ਕੇ ਮੁਲਵਾਨ ਮੀਟਿੰਗਾਂ ਹੋਈਆਂ ਅਤੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵੀਸੀ ਡਾ. ਅਰਵਿੰਦ ਨਾਲ ਗੱਲਬਾਤ ਵੀ ਵਧੀਆ ਰਹੀ ਸੀ।
-ਨੋਟ: ਇਸ ਲਿਖਤ ਨੂੰ ਲਿਖਣ ਵਾਸਤੇ ਸੁਖਵੰਤ ਹੁੰਦਲ ਅਤੇ ਗੁਰਦਿਆਲ ਬੱਲ ਵਲੋਂ ਬਲਦੇਵ ਦੂਹੜੇ ਦੇ ਪੁਰਾਣੇ ਆਰਟੀਕਲ ਮੁਹਾਇਆ ਕਰਵਾਏ ਗਏ ਹਨ। ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ।