ਆਪਣਾ ਦੇਸ਼ ਛੱਡ ਕੇ ਵਿਦੇਸ਼ਾਂ ਵਿਚ ਜਾ ਕੇ ਵਸਣਾ ਦਿਨੋਂ-ਦਿਨ ਬਹੁਤ ਮੁਸ਼ਕਿਲ ਹੋ ਰਿਹਾ ਹੈ। ਲੱਖਾਂ ਰੁਪਏ ਖ਼ਰਚ ਕੇ ਗ਼ਲਤ ਤਰੀਕੇ ਨਾਲ ਵਿਦੇਸ਼ ਜਾਣ ਦੀ ਅਜੋਕੀ ਨੌਜਵਾਨ ਪੀੜ੍ਹੀ ਦੀ ਤੀਬਰ ਇੱਛਾ, ਉਨ੍ਹਾਂ ਦੇ ਘਰ-ਪਰਿਵਾਰ ਦੀ ਤਸਵੀਰ ਦਾ ਇਕ ਅਜਿਹਾ ਘਿਨਾਉਣਾ ਪੱਖ ਪੇਸ਼ ਕਰਦੀ ਹੈ, ਜਿਸ ਨੂੰ ਦੇਖ ਕੇ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ।
ਅਜਿਹੀ ਸਥਿਤੀ ਵਲ ਧਿਆਨ ਕੇਂਦਰਿਤ ਕਰਦੇ ਹੋਏ, ਬਿਨਾਂ ਸ਼ੱਕ ਦੇਸ਼ ਦੇ ਮੌਜੂਦਾ ਦੌਰ ਦੇ ਨੌਜਵਾਨਾਂ ਨੂੰ ਜ਼ਰੂਰ ਸਬਕ ਲੈਣਾ ਚਾਹੀਦਾ ਹੈ। ਗ਼ਲਤ ਤਰੀਕਿਆਂ ਅਤੇ ‘ਡੰਕੀ’ ਮਾਰਗਾਂ ਰਾਹੀਂ ਵਿਦੇਸ਼ ਜਾਣ ਵਾਲਿਆਂ ਦੀ ਯੋਜਨਾ ਉਨ੍ਹਾਂ ਨੂੰ ਪਹਿਲੇ ਕਦਮ ਤੋਂ ਹੀ ਧੋਖਾ ਦੇਣ ਲੱਗਦੀ ਹੈ, ਪਰ ਦੁਖਾਂਤ ਇਹ ਹੈ ਕਿ ਇਸ ਸਭ ਦਾ ਪਤਾ ਲੱਗਣ ‘ਤੇ ਵੀ ਉਹ ਇਸ ਤੋਂ ਬਾਜ਼ ਨਹੀਂ ਆਉਂਦੇ। ਇਸ ਦੁਖਾਂਤ ਦਾ ਦੂਜਾ ਪੜਾਅ ਉਦੋਂ ਸ਼ੁਰੂ ਹੁੰਦਾ ਹੈ, ਜਦੋਂ ਏਜੰਟਾਂ ਦੁਆਰਾ ਉਨ੍ਹਾਂ ਨੂੰ ਖ਼ਤਰਨਾਕ ਜੰਗਲਾਂ, ਨਦੀਆਂ-ਨਾਲਿਆਂ ਤੇ ਪਹਾੜਾਂ ਨੂੰ ਪਾਰ ਕਰਦੇ ਹੋਏ ਕਿਸੇ ਹੋਰ ਹੀ ਦੇਸ਼ ਦੀ ਧਰਤੀ ‘ਤੇ ਛੱਡ ਦਿੱਤਾ ਜਾਂਦਾ ਹੈ। ਫਿਰ ਸ਼ੁਰੂ ਹੁੰਦਾ ਹੈ ਉਨ੍ਹਾਂ ਦੀ ਕੁੱਟਮਾਰ ਅਤੇ ਉਨ੍ਹਾਂ ਨੂੰ ਭੁੱਖੇ-ਪਿਆਸੇ ਰੱਖਣ ਦਾ ਦੌਰ, ਜਿਸ ਕਾਰਨ ਕਈ ਨੌਜਵਾਨ ਤਾਂ ਆਪਣੀ ਜਾਨ ਹੀ ਗੁਆ ਬੈਠਦੇ ਹਨ। ਇਨ੍ਹਾਂ ‘ਚੋਂ ਕਈਆਂ ਨੂੰ ਕੁੱਟਮਾਰ ਤੋਂ ਬਚਾਉਣ ਲਈ ਪਿੱਛੇ ਬੈਠੇ ਪਰਿਵਾਰਾਂ ਨੂੰ ਵੱਡੀ ਰਾਸ਼ੀ ਏਜੰਟਾਂ ਨੂੰ ਦੇਣੀ ਪੈਂਦੀ ਹੈ। ਏਨਾ ਕੁਝ ਹੋਣ ਦੇ ਬਾਵਜੂਦ ਜਿਹੜੇ ਨੌਜਵਾਨ ਵਿਦੇਸ਼ ਦੀ ਧਰਤੀ ‘ਤੇ ਪਹੁੰਚ ਵੀ ਜਾਂਦੇ ਹਨ, ਉਨ੍ਹਾਂ ਨੂੰ ਵਿਦੇਸ਼ੀ ਸਰਕਾਰਾਂ ਜਦੋਂ ਚਾਹੁਣ ਉਦੋਂ ਹੀ ਡਿਪੋਰਟ ਕਰ ਦਿੰਦੀਆਂ ਹਨ, ਹੱਥਕੜੀਆਂ ਤੇ ਬੇੜੀਆਂ ‘ਚ ਜਕੜ ਕੇ, ਜਿਵੇਂ ਪਿਛਲੇ ਦਿਨਾਂ ‘ਚ ਅਮਰੀਕਾ ਦੀ ਟਰੰਪ ਸਰਕਾਰ ਨੇ ਕੀਤਾ ਸੀ। ਇਕ ਸਰਵੇਖਣ ਦੀ ਰਿਪੋਰਟ ਅਨੁਸਾਰ ਇਕ ਸਮੇਂ ਜ਼ਮੀਨ-ਜਾਇਦਾਦ ਤੇ ਲੱਖਾਂ ਰੁਪਏ ਦੇ ਮਾਲਕ ਰਹੇ ਪਰਿਵਾਰਾਂ ਦੇ ਡਿਪੋਰਟ ਕੀਤੇ ਗਏ ਬੱਚੇ ਅੱਜ-ਕੱਲ੍ਹ ਦੇਸ਼ ‘ਚ ਪੰਜ-ਪੰਜ ਸੌ ਰੁਪਏ ਦਿਹਾੜੀ ‘ਤੇ ਕੰਮ ਕਰਨ ਲਈ ਮਜਬੂਰ ਹਨ। ਇਹ ਸਥਿਤੀ ਉਨ੍ਹਾਂ ਨੌਜਵਾਨਾਂ ਨੂੰ ਵੀ ਦਰਪੇਸ਼ ਹੈ, ਜੋ ਇਕ ਸਮੇਂ ਅਮੀਰ ਪਰਿਵਾਰਾਂ ਦੇ ਵਾਰਸ ਸਨ, ਉਨ੍ਹਾਂ ਨੇ ਵਿਦੇਸ਼ ਭੇਜਣ ਲਈ ਆਪਣੇ ਪਰਿਵਾਰਾਂ ਨੂੰ ਮਜਬੂਰ ਕੀਤਾ। ਇਸ ਤਰ੍ਹਾਂ ਪਰਿਵਾਰਾਂ ਨੇ ਵੀ ਆਪਣੇ ਖੇਤ, ਟਰੈਕਟਰ, ਘਰ ਵੇਚ ਕੇ ਉਨ੍ਹਾਂ ਨੂੰ ਵਿਦੇਸ਼ ਭੇਜਿਆ, ਪਰ ਅਮਰੀਕਾ ਤੋਂ ਹੱਥਕੜੀਆਂ-ਬੇੜੀਆਂ ਦੀ ਕੈਦ ਵਿਚ ਡਿਪੋਰਟ ਹੋਏ ਅਜਿਹੇ ਨੌਜਵਾਨ ਅੱਜ ਇਕ ਪਾਸੇ ਜਿੱਥੇ ਬੇਰੁਜ਼ਗਾਰੀ ਦਾ ਦਰਦ ਝੱਲਣ ਲਈ ਮਜਬੂਰ ਹਨ, ਉੱਥੇ ਉਨ੍ਹਾਂ ਦੇ ਪਰਿਵਾਰ ਕਰਜ਼ੇ ਦੀ ਦਲਦਲ ‘ਚ ਫਸ ਚੁੱਕੇ ਹਨ। ਇਸ ਸਰਵੇਖਣ ਦੀ ਰਿਪੋਰਟ ਅਨੁਸਾਰ ਪੰਜਾਬ ਦੇ ਇਕ ਅਜਿਹੇ ਪਰਿਵਾਰ ਦਾ ਪੁੱਤਰ ਅਮਰੀਕਾ ਤੋਂ ਡਿਪੋਰਟ ਕੀਤੇ ਜਾਣ ਤੋਂ ਬਾਅਦ ਪਹਿਲਾਂ ਨਿਰਾਸ਼ ਹੋਇਆ ਤੇ ਫਿਰ ਪਤਾ ਹੀ ਨਹੀਂ ਲੱਗਾ ਉਹ ਕਿੱਥੇ ਲਾਪਤਾ ਹੋ ਗਿਆ। ਆਪਣੇ ਪੁੱਤਰ ਨੂੰ ਵਿਦੇਸ਼ ਭੇਜਣ ਲਈ ਉਨ੍ਹਾਂ ਨੇ ਆਪਣਾ ਟਰੈਕਟਰ-ਟਰਾਲੀ ਵੇਚਿਆ, ਫਿਰ ਹੋਰ ਪੈਸੇ ਦੇਣ ਲਈ ਆਪਣੀ ਜ਼ਮੀਨ ਗਿਰਵੀ ਰੱਖ ਦਿੱਤੀ ਅਤੇ ਹੁਣ ਉਨ੍ਹਾਂ ਦਾ ਪੁੱਤਰ ਹੀ ਉਨ੍ਹਾਂ ਦੀਆਂ ਅੱਖਾਂ ਤੋਂ ਦੂਰ ਹੋ ਗਿਆ। ਪੰਜਾਬ ਦੇ ਅਜਨਾਲਾ ਦਾ ਇਕ ਨੌਜਵਾਨ ਬੇਸ਼ੱਕ ਹੁਣ ਵਿਦੇਸ਼ ਜਾਣ ਤੋਂ ਤੌਬਾ ਕਰ ਰਿਹਾ ਹੈ, ਪਰ ਉਹ 60 ਲੱਖ ਰੁਪਏ ਦੇ ਕਰਜ਼ੇ ਹੇਠ ਦੱਬਿਆ ਗਿਆ। ਅਜਿਹੇ ਨੌਜਵਾਨ ਨਾ ਸਿਰਫ਼ ਆਪਣੇ ਪਰਿਵਾਰਾਂ ਵਿਚ ਅਲੱਗ-ਥਲੱਗ ਹੋ ਗਏ, ਸਗੋਂ ਉਨ੍ਹਾਂ ਦੇ ਰਿਸ਼ਤੇਦਾਰ ਵੀ ਉਨ੍ਹਾਂ ਨੂੰ ਮਿਲਣ ਤੋਂ ਗੁਰੇਜ਼ ਕਰ ਰਹੇ ਹਨ ਤਾਂ ਕਿ ਉਹ ਹੋਰ ਪੈਸੇ ਦੀ ਮੰਗ ਨਾ ਕਰ ਲੈਣ। ਜਿਹੜੇ ਨੌਜਵਾਨ ਰਿਸ਼ਤੇਦਾਰਾਂ ਤੋਂ ਪੈਸੇ ਉਧਾਰ ਲੈ ਕੇ ਵਿਦੇਸ਼ ਗਏ, ਉਨ੍ਹਾਂ ਨੂੰ ਹੁਣ ਪੈਸੇ ਵਾਪਸ ਨਾ ਕਰਨ ਕਰਕੇ ਆਪਣੀ ਰਿਸ਼ਤੇਦਾਰੀ ‘ਚ ਵੈਰ-ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਸਥਿਤੀ ਦੇਸ਼, ਸਮਾਜ ਅਤੇ ਪੰਜਾਬ ਵਰਗੇ ਉੱਨਤ ਤੇ ਖੇਤੀ ਪ੍ਰਧਾਨ ਸੂਬੇ ਲਈ ਬਿਲਕੁੱਲ ਵੀ ਠੀਕ ਨਹੀਂ ਹੈ। ਪੰਜਾਬ ਦੀ ਆਰਥਿਕਤਾ ਪੂਰੀ ਤਰ੍ਹਾਂ ਨਾਲ ਖੇਤੀਬਾੜੀ ‘ਤੇ ਆਧਾਰਤ ਹੈ, ਪਰ ਪੰਜਾਬੀ ਨੌਜਵਾਨਾਂ ਦੀ ਵਿਦੇਸ਼ ਜਾਣ ਦੀ ਖਿੱਚ ਨੇ ਸੂਬੇ ਦੀ ਖੇਤੀ ਤੇ ਹੋਰ ਕਾਰੋਬਾਰਾਂ ਨੂੰ ਵੀ ਬਹੁਤ ਨੁਕਸਾਨ ਪਹੁੰਚਾਇਆ ਹੈ। ਇਸ ਨਾਲ ਪੂਰੇ ਸੂਬੇ ਦੀ ਆਰਥਿਕਤਾ ਪ੍ਰਭਾਵਿਤ ਹੋਈ ਹੈ। ਇਸ ਸਰਵੇਖਣ ਦੇ ਪੱਖ ਵਿਚ ਇਹ ਵੀ ਕਿਹਾ ਗਿਆ ਹੈ ਕਿ ਵਿਦੇਸ਼ ਗਏ ਨੌਜਵਾਨਾਂ ਨੂੰ ਰੋਜ਼ੀ-ਰੋਟੀ ਕਮਾਉਣ ਲਈ ਅਕਸਰ ਛੋਟੇ-ਮੋਟੇ ਕੰਮ ਹੀ ਕਰਨੇ ਪੈਂਦੇ ਹਨ। ਪੰਜਾਬ ਦੇ ਨੌਜਵਾਨ ਜੇਕਰ ਆਪਣੇ ਖੇਤਾਂ ਨੂੰ ਆਪ ਟਰੈਕਟਰ ਚਲਾ ਕੇ ਵਾਹੁਣਾ ਸ਼ੁਰੂ ਕਰ ਦੇਣ ਤਾਂ ਉਹ ਆਪਣੀ ਕਿਸਮਤ ਤੇ ਹਾਲਤ ਨੂੰ ਸੰਵਾਰਨ ਦੇ ਨਾਲ-ਨਾਲ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ‘ਚ ਵੀ ਸਹਿਯੋਗੀ ਬਣ ਸਕਣਗੇ।
ਕਿਸੇ ਸਮੇਂ ਸਾਡੇ ਦੇਸ਼ ਨੂੰ ‘ਸੋਨੇ ਦੀ ਚਿੜੀ’ ਕਿਹਾ ਜਾਂਦਾ ਸੀ। ਪੰਜਾਬ ਦੀ ਧਰਤੀ ਉਪਜਾਊ ਹੋਣ ਕਰਕੇ ਭਰਪੂਰ ਫ਼ਸਲਾਂ ਉਗਾਉਣ ਵਾਲੀ ਹੈ। ਸਾਡੇ ਦੇਸ਼ ਤੇ ਸੂਬੇ ਦਾ ਨੌਜਵਾਨ ਜੇਕਰ ਪੜ੍ਹ-ਲਿਖ ਕੇ ਨੌਕਰੀ ਕਰਦਾ ਹੈ ਤਾਂ ਇਹ ਵੀ ਵੱਡਾ ਮੌਕਾ ਹੈ। ਆਪਣਾ ਕੰਮ-ਧੰਦਾ ਸ਼ੁਰੂ ਕਰਨ ਦੀਆਂ ਵੀ ਦੇਸ਼ ਤੇ ਸੂਬੇ ਵਿਚ ਬਹੁਤ ਜ਼ਿਆਦਾ ਸੰਭਾਵਨਾਵਾਂ ਹਨ। ਇਸ ਸਮੇਂ ਨੌਜਵਾਨ ਵਰਗ ਨੂੰ ਇਸ ਪਾਸੇ ਵੱਲ ਵਧਣ ਅਤੇ ਪ੍ਰੇਰਿਤ ਕਰਨ ਦੀ ਲੋੜ ਹੈ। ਪਿੰਡਾਂ ਵਿਚ ਖੇਤੀ ਆਧਾਰਤ ਕੰਮ-ਧੰਦਿਆਂ ਦੀ ਸ਼ੁਰੂਆਤ ਕਰਕੇ ਖੇਤੀ ਉਤਪਾਦਨ ਨੂੰ ਹੋਰ ਕੰਮ-ਧੰਦਿਆਂ ਵਿਚ ਲਾ ਕੇ ਨੌਜਵਾਨਾਂ ‘ਚ ਵਿਦੇਸ਼ ਜਾਣ ਦੀ ਦੌੜ ਨੂੰ ਰੋਕਿਆ ਜਾ ਸਕਦਾ ਹੈ। ਇਸ ਸੰਬੰਧ ‘ਚ ਕੇਂਦਰ ਤੇ ਸੰਬੰਧਿਤ ਰਾਜ ਸਰਕਾਰਾਂ ਨੂੰ ਵੀ ਨੌਜਵਾਨਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਤਰ੍ਹਾਂ ਦੇ ਉਪਾਅ ਜਿੰਨੀ ਜਲਦੀ ਕੀਤੇ ਜਾ ਸਕਣਗੇ, ਉਨੇ ਹੀ ਦੇਸ਼ ਤੇ ਸੂਬੇ ਦੇ ਨੌਜਵਾਨਾਂ ਦੇ ਹਿਤ ਵਿਚ ਹੋਣਗੇ ਅਤੇ ਇਸ ਤਰ੍ਹਾਂ ਨੌਜਵਾਨ ਵਰਗ ਵੀ ਰਾਸ਼ਟਰ ਦੀ ਤਰੱਕੀ ਵਿਚ ਸਹਾਈ ਹੋ ਸਕੇਗਾ।
ਸਪੱਸ਼ਟ ਹੈ ਕਿ ਜੇਕਰ ਵਿਦੇਸ਼ ਨੂੰ ਜਾਣਾ ਹੀ ਹੈ ਤਾਂ ਉੱਚ ਵਿੱਦਿਅਕ ਯੋਗਤਾ ਪ੍ਰਾਪਤ ਕਰਕੇ, ਆਪਣੇ ਆਪ ਨੂੰ ਵੱਡੇ ਪ੍ਰੋਫੈਸ਼ਨਲ ਵਜੋਂ ਵਿਕਸਤ ਕਰਕੇ, ਵੱਡੇ ਵਪਾਰਕ ਅਤੇ ਪ੍ਰੋਫੈਸ਼ਨਲ ਮੌਕਿਆਂ ਦੀ ਤਲਾਸ਼ ਵਿਚ ਹੀ ਅੱਗੇ ਵਧਣਾ ਚਾਹੀਦਾ ਹੈ। ਅਜੇਹਾ ਕਰਨ ਨਾਲ ਆਪਣੀ ਤਰੱਕੀ ਹੋਣ ਦੇ ਨਾਲ-ਨਾਲ ਦੇਸ਼ ਦਾ ਮਾਣ ਵੀ ਵਧੇਗਾ।
