ਦੂਸਰਾ ਲਹਿਣਾ ਸਿੰਘ ਮਜੀਠੀਆ ਹੋ ਨਿਬੜਿਆ ‘ਭਾਈਆ ਯਾਰੀ ਨਿਭਾਈਂ’ ਵਾਲਾ ਪੱਤਰਕਾਰ ਦਲਬੀਰ ਸਿੰਘ!

ਹਜ਼ਾਰਾ ਸਿੰਘ ਵਲੋਂ ਸੰਤ ਭਿੰਡਰਾਂਵਾਲੇ ਬਾਰੇ ਅਤੇ ਦਲਬੀਰ ਸਿੰਘ ਦੀ ਯਾਰੀ ਬਾਰੇ ਛਾਪਿਆ ਜਾ ਰਿਹਾ ਇਹ ਲੇਖ ਤੱਥ ਮੂਲਕ ਤਾਂ ਹੈ ਪਰ ਫਿਰ ਵੀ ਇਹ ਜ਼ਿਆਦਾਤਰ ਜਸਪਾਲ ਸਿੱਧੂ ਅਤੇ ਗੁਰਸ਼ਮਸ਼ੀਰ ਦੀ ਲੰਮੀ ਇੰਟਰਵਿਊ ਤੋਂ ਬਣੇ ਪ੍ਰਭਾਵ ਤੋਂ ਹੀ ਪ੍ਰੇਰਿਤ ਨਜ਼ਰ ਆਉਂਦਾ ਹੈ। ਅਦਾਰੇ ਦਾ ਇਸ ਵਿਚ ਪ੍ਰਗਟਾਏ ਵਿਚਾਰਾਂ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਇਸ ਬਾਰੇ ਆਉਣ ਵਾਲੇ ਵੱਖ- ਵੱਖ ਪ੍ਰਤੀਕਰਮਾਂ ਦਾ ਸਵਾਗਤ ਕੀਤਾ ਜਾਵੇਗਾ- ਸੰਪਾਦਕ।

‘ਭਾਈਆ ਯਾਰੀ ਨਿਭਾਈਂ’, ਸੰਤ ਜਰਨੈਲ ਸਿੰਘ ਨੇ ਇਹ ਬੋਲ ਪੱਤਰਕਾਰ ਸ. ਦਲਬੀਰ ਸਿੰਘ ਨੂੰ ਦਰਬਾਰ ਸਾਹਿਬ `ਤੇ ਹਮਲਾ ਹੋਣ ਤੋਂ ਪਹਿਲਾਂ ਅਖ਼ੀਰਲੀ ਮੁਲਾਕਾਤ ਵੇਲੇ ਕਹੇ ਸਨ। ਪਿਛਲੇ ਦਿਨੀਂ ‘ਏਜੰਡਾ ਪੰਜਾਬ’ ਚੈਨਲ `ਤੇ ਪੱਤਰਕਾਰ ਗੁਰਸ਼ਮਸ਼ੀਰ ਸਿੰਘ ਵੱਲੋਂ ਸਾਬਕਾ ਪੱਤਰਕਾਰ ਸ. ਜਸਪਾਲ ਸਿੰਘ ਸਿੱਧੂ ਨਾਲ ਹੋਈ ਗੱਲਬਾਤ ਸੁਣੀ। ਗੱਲਬਾਤ ਜੂਨ 1984 ਅਤੇ ਉਸ ਤੋਂ ਬਾਅਦ ਦੀਆਂ ਘਟਨਾਵਾਂ ਬਾਰੇ ਸੀ। ਗੱਲਬਾਤ ਵਿਚ ਸ. ਜਸਪਾਲ ਸਿੰਘ ਸਿੱਧੂ ਨੇ ਪੱਤਰਕਾਰ ਭਾਅ ਜੀ ਦਲਬੀਰ ਸਿੰਘ ਹੁਰਾਂ ਵੱਲੋਂ ਨਿਭਾਏ ਰੋਲ ਬਾਰੇ ਜੋ ਦੱਸਿਆ ਉਹ ਗੱਲਬਾਤ ਦਾ ਅਹਿਮ ਕੇਂਦਰੀ ਨੁਕਤਾ ਹੋ ਨਿਬੜਿਆ। ਸ. ਦਲਬੀਰ ਸਿੰਘ ਵੱਲੋਂ ਅੰਤਿਮ ਸਮੇਂ ਦਰਬਾਰ ਸਾਹਿਬ `ਤੇ ਹਮਲੇ ਤੋਂ ਪਹਿਲਾਂ ਅਤੇ ਬਾਅਦ ਵਿਚ ਸੰਤਾਂ ਨਾਲ ਕੀਤੇ ਅਹਿਦ ਅਨੁਸਾਰ ਆਪਣਾ ਵਾਅਦਾ ਵਫ਼ਾ ਕਰਦਿਆਂ ਅਤੇ ਰਵਾਇਤੀ ਅਕਾਲੀ ਧਿਰਾਂ ਦੇ ਉਲਟ ਪੰਥਕ ਸਰੋਕਾਰਾਂ `ਤੇ ਦ੍ਰਿੜਤਾ ਅਤੇ ਪੂਰਨ ਸਾਬਤ ਕਦਮੀਂ ਨਾਲ ਪਹਿਰਾ ਦਿੰਦਿਆਂ ਪੰਥਕ ਸਿਆਸਤ ਦੇ ਲੋਕਤੰਤਰੀ ਲੀਹੋਂ ਲੱਥ ਜਾਣ ਦੇ ਆਤਮਘਾਤੀ ਹਿੰਸਕ ਵਰਤਾਰੇ ਨੂੰ ਅਮਲ ਵਿਚ ਢਾਲਣ ਲਈ ਕੀਤੇ ਗਏ ਯਤਨਾਂ `ਤੇ ਰੌਸ਼ਨੀ ਪਾਉਣ ਵਾਲੀ ਇਹ ਬੇਬਾਕ ਗੱਲਬਾਤ, ਪੰਥਕ ਸਿਆਸਤ ਦੇ ਲੋਕਤੰਤਰੀ ਲੀਹੋਂ ਲਹਿ ਜਾਣ ਦੇ ਵਰਤਾਰੇ ਨੂੰ ਸਮਝਣ ਵਾਲਿਆਂ ਲਈ ਕਾਫੀ ਲਾਹੇਵੰਦ ਹੈ।
ਹਥਲੇ ਲੇਖ ਵਿਚ ਏਜੰਡਾ ਪੰਜਾਬ ਚੈਨਲ `ਤੇ ‘ਭਿੰਡਰਾਂਵਾਲਿਆਂ ਦੀ ਕਾਮਰੇਡ ਪੱਤਰਕਾਰ ਦਲਬੀਰ ਸਿੰਘ ਨਾਲ ਯਾਰੀ ਦੀ ਕਹਾਣੀ’ – 7 ਨਵੰਬਰ 1985 ਵਿਚ ਜਸਪਾਲ ਸਿੰਘ ਸਿੱਧੂ ਦੇ ਪ੍ਰਮਾਣਿਕ ਹਵਾਲਿਆਂ `ਤੇ ਆਧਾਰਤ ਇਸ ਅਹਿਮ ਗੱਲਬਾਤ ਨੂੰ ਹੀ ਆਧਾਰ ਬਣਾਇਆ ਗਿਆ ਹੈ। ਸ. ਦਲਬੀਰ ਸਿੰਘ ਜਿਨ੍ਹਾਂ ਨੂੰ ਪੱਤਰਕਾਰ ਦਲਬੀਰ ਸਿੰਘ ਜਾਂ ਭਾਅ ਜੀ ਦਲਬੀਰ ਸਿੰਘ ਵਜੋਂ ਜਾਣਿਆ ਜਾਂਦਾ ਹੈ, ਅੰਗਰੇਜ਼ੀ ਟ੍ਰਿਬਿਊਨ ਦੇ ਪੱਤਰਕਾਰ ਸਨ। 1978 ਨੂੰ ਅੰਮ੍ਰਿਤਸਰ ਵਿਖੇ ਨਿਰੰਕਾਰੀ ਕਾਂਡ ਵਾਪਰਨ ਤੋਂ ਬਾਅਦ ਇਨ੍ਹਾਂ ਦਾ ਸੰਤ ਜਰਨੈਲ ਸਿੰਘ ਨਾਲ ਸੰਬੰਧ ਗੂੜ੍ਹਾ ਹੋ ਗਿਆ। ਗੱਲ ਪੱਤਰਕਾਰੀ ਤੋਂ ਵਧ ਕੇ ਦੋਸਤੀ ਅਤੇ ਸਲਾਹਕਾਰੀ ਤੱਕ ਜਾ ਪਹੁੰਚੀ। ਦੋਵਾਂ ਸ਼ਖ਼ਸੀਅਤਾਂ ਦੀ ਸਾਂਝ ਦੇ ਆਧਾਰ ਪੰਥ ਦੀ ਚੜ੍ਹਦੀ ਕਲਾ ਦੀ ਬਹਾਲੀ ਦੀ ਕਾਮਨਾ ਸੀ; ਦੋਵਾਂ ਦੀ ਬੇਗਰਜ਼ੀ ਅਤੇ ਸੁਹਿਰਦਤਾ ਸੀ।
ਸ. ਦਲਬੀਰ ਸਿੰਘ ਗਿਆਨਵਾਨ ਰਾਜਨੀਤਕ ਵਿਸ਼ਲੇਸ਼ਕ ਅਤੇ ਪੱਤਰਕਾਰ ਹੋਣ ਦੇ ਨਾਲ-ਨਾਲ ਕਮਾਲ ਦਾ ਆਰਗੇਨਾਈਜ਼ਰ ਵੀ ਸੀ। ਸਿਧਾਂਤਕ ਸਮਝ ਨੂੰ ਨਿਖਾਰਨ ਅਤੇ ਲੋਕ ਸ਼ਕਤੀ ਨੂੰ ਲੋਕਤੰਤਰੀ ਅਮਲ ਵਿਚ ਪਾ ਕੇ ਰਾਜਨੀਤਕ ਪ੍ਰਾਪਤੀਆਂ ਦੇ ਰਾਹ ਤੋਰਨ ਦੀ ਅਹਿਮੀਅਤ ਅਤੇ ਗੁਰ ਉਹ ਖੱਬੇਪੱਖੀ ਸਫ਼ਾਂ ਵਿਚੋਂ ਚੰਗੀ ਤਰ੍ਹਾਂ ਗ੍ਰਹਿਣ ਕਰ ਚੁੱਕਾ ਸੀ। ਇਸ ਦੇ ਸਬੂਤ ਉਹ ਪੰਜਾਬ ਵਿਚ ਨਵੇਂ ਸਿਰਿਓਂ ਵਿਦਿਆਰਥੀ ਸੰਗਠਨ ਪੀ ਐਸ ਯੂ ਦੀ ਸਥਾਪਨਾ; ਪੱਤਰਕਾਰਾਂ ਲਈ ਪਹਿਲਾ ਪੇ ਕਮਿਸ਼ਨ ਸਥਾਪਤ ਕਰਵਾਉਣ ਵਰਗੀਆਂ ਕਈ ਅਹਿਮ ਮੁਹਿੰਮਾਂ ਨੂੰ ਸਰ ਕਰ ਕੇ ਆਪਣੀ ਯੋਗਤਾ ਦਾ ਸਬੂਤ ਭਲੀ ਭਾਂਤ ਦੇ ਚੁਕਾ ਸੀ। ਉਸ ਦੀ ਅਜਿਹੀ ਕਾਰਗਰਦਗੀ ਨੂੰ ਵੇਖਦਿਆਂ ਇਹ ਕਹਿਣ ਵਿਚ ਕੋਈ ਅਤਿਕਥਨੀ ਨਹੀਂ ਲੱਗਦੀ ਕਿ ਕਿਸੇ ਰਹੱਸਮਈ ਭਾਣੇ ਦੇ ਤਹਿਤ ਹੀ ਕਾਮਰੇਡੀ ਖੇਮੇ ਵਲੋਂ ਸੰਤਾਂ ਨੂੰ ਸੁਤੇ ਹੀ ਪ੍ਰਾਪਤ ਹੋਇਆ ਉਹ ‘ਸੁਚਾ ਮੋਤੀ’ ਸੀ ਜਿਸ ਨੂੰ ਕਿ ਪੰਜਾਬੀਆਂ ਦੀ ਬਦਕਿਸਮਤੀ ਨਾਲ ਕੈਸ਼ ਨਾ ਕਰਵਾਇਆ ਜਾ ਸਕਿਆ।
ਪੰਜਾਬੀ ਸੂਬਾ ਬਣਨ ਤੋਂ ਪਹਿਲਾਂ ਜਲੰਧਰ ਤੋਂ ਹੁੰਦੀ ਮਹਾਸ਼ਾ ਪੱਤਰਕਾਰੀ ਦਾ ਨਾਂਹ-ਪੱਖੀ ਰੋਲ ਉਸਦੇ ਸੀਨੇ ਕੰਡੇ ਵਾਂਗ ਚੁਭਿਆ ਹੋਇਆ ਸੀ। ਗੱਲ, ਮਹਿਬੂਬ ਦੇ ਕਹਿਣ ਵਾਂਗ,‘ਚੁੱਭਿਆ ਰਹੇਗਾ ਜਿੰਦ ਵਿਚ ਕੋਟਿ ਬਰਸਾਂ, ਤਾਹਨਾ ਮਾਰਿਆਂ ਜਿਹੜਾ ਬੇਗਾਨਿਆਂ ਨੇ’, ਵਰਗੀ ਸੀ। ਸੰਤ ਜਰਨੈਲ ਸਿੰਘ ਨਾਲ ਸਾਂਝ ਦਾ ਇੱਕ ਤੱਤ ਜਲੰਧਰ ਵਾਲੀ ਮਹਾਸ਼ਾ ਪ੍ਰੈਸ ਦਾ ਪੰਜਾਬ ਅਤੇ ਸਿੱਖਾਂ ਪ੍ਰਤੀ ਕਾਣ ਭਰਿਆ ਵਤੀਰਾ ਵੀ ਸੀ। ਜਿਸ ਦਾ ਕਿ ਉਹ ਦੇਸ਼ ਦੀ ਸੁਤੰਤਰਤਾ ਤੋਂ ਤੁਰੰਤ ਪਿੱਛੋਂ ਚੱਲੇ ਸਿੱਖ ਅਕਾਲੀ ਮੋਰਚਿਆਂ ਨੂੰ ਲਗਾਤਾਰ ਬੜੀ ਨੀਝ ਨਾਲ ਵੇਖਦਾ ਪੜਚੋਲਦਾ ਰਿਹਾ ਹੋਣ ਕਰਕੇ ਤਸਦੀਕਸ਼ੁਦਾ ਗਵਾਹ ਸੀ।
1978 ਤੋਂ ਬਾਅਦ ਹਾਲਾਤ ਬਹੁਤ ਤੇਜੀ ਨਾਲ ਬਦਲੇ। ਸੰਤ ਜਰਨੈਲ ਸਿੰਘ ਦੀ 1981 ਵਿਚ ਲਾਲਾ ਜਗਤ ਨਰਾਇਣ ਕਤਲ ਕੇਸ ਵਿਚ ਜਿਸ ਢੰਗ ਨਾਲ ਗ੍ਰਿਫਤਾਰੀ ਹੋਈ, ਉਸ ਨਾਲ ਉਹ ਰਾਜਸੀ ਤਾਕਤ ਵੀ ਬਣ ਗਿਆ ਅਤੇ ਬਾਕੀ ਸਾਰੇ ਦੇਸ਼ ਵਿਚ ਖਲਨਾਇਕ ਵਜੋਂ ਭੰਡਿਆ ਵੀ ਗਿਆ। ਸ. ਦਲਬੀਰ ਸਿੰਘ ਵਰਗਾ ਸੂਝਵਾਨ ਵਿਸ਼ਲੇਸ਼ਕ ਵੇਖ ਰਿਹਾ ਸੀ ਕਿ ਹਾਲਾਤ ਖ਼ਤਰਨਾਕ ਪਾਸੇ ਵੱਲ ਮੋੜੇ ਜਾ ਰਹੇ ਹਨ। ਉਹ ਸੰਤ ਅਤੇ ਸਰਕਾਰ ਵਿਚਕਾਰ ਵਧਾਏ ਜਾ ਰਹੇ ਤਕਰਾਰ ਨੂੰ ਪੰਜਾਬ ਅਤੇ ਸਿੱਖਾਂ ਲਈ ਨਹਿਸ਼ ਵਰਤਾਰਾ ਜਾਣ ਕੇ ਕੋਈ ਸਾਰਥਕ ਰਾਹ ਕੱਢਣ ਲਈ ਯਤਨਸ਼ੀਲ ਸੀ। ਸਿਖਰਲਾ ਯਤਨ ਦਿੱਲੀ ਗਏ ਸੰਤ ਜਰਨੈਲ ਸਿੰਘ ਨਾਲ ਸ੍ਰੀਮਤੀ ਇੰਦਰਾ ਗਾਂਧੀ ਦੀ ਮੁਲਾਕਾਤ ਕਰਵਾਉਣ ਦਾ ਸੀ, ਜੋ ਹੁੰਦੀ-ਹੁੰਦੀ ਰਹਿ ਗਈ। ਜੇ ਕਿਤੇ ਇਹ ਮੁਲਾਕਾਤ ਹੋ ਜਾਂਦੀ ਤਾਂ ਵੱਡੀ ਸੰਭਵਾਨਾ ਸੀ ਕਿ ਪੰਜਾਬ, ਦੇਸ਼ ਅਤੇ ਸਿੱਖਾਂ ਨੂੰ ਉਹ ਸੰਤਾਪ ਨਾ ਭੋਗਣਾ ਪੈਂਦਾ ਜੋ ਉਹ ਹੁਣ ਤੱਕ ਭੋਗਦੇ ਆ ਰਹੇ ਹਨ।
ਹਾਲਾਤ ਤੇਜੀ ਨਾਲ ਵਿਗੜ ਰਹੇ ਸਨ (ਅਸਲ ਵਿਚ ਵਿਗਾੜੇ ਜਾ ਰਹੇ ਸਨ)। ਸਰਕਾਰ ਅਤੇ ਸੰਤ ਵਿਚਕਾਰ ਵਿੱਥ ਵਧ ਰਹੀ ਸੀ। ਜੁਲਾਈ 1982 ਵਿਚ ਸੰਤ ਦੇ ਦੋ ਸਾਥੀ ਭਾਈ ਅਮਰੀਕ ਸਿੰਘ ਅਤੇ ਬਾਬਾ ਠਾਰਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੰਤ ਭਿੰਡਰਾਂਵਾਲਿਆਂ ਬਿਨਾਂ ਦੇਰੀ ਕਰਦਿਆਂ ਸਿੱਧੇ ਅੰਮ੍ਰਿਤਸਰ, ਸ੍ਰੀ ਗੁਰੂ ਰਾਮਦਾਸ ਸਰਾਂ ਵਿਚ ਆਣ ਡੇਰੇ ਲਾਏ। ਇੱਥੇ ਪਹੁੰਚ ਕੇ ਸੰਤਾਂ ਵੱਲੋਂ ਆਪਣੇ ਇਸ ‘ਮਿੱਤਰ ਪਿਆਰੇ’ ਨੂੰ ਇਹ ਪੁੱਛੇ ਜਾਣ `ਤੇ ਕਿ ਹੁਣ ਕੀ ਕੀਤਾ ਜਾਵੇ ਤਾਂ ਦਲਬੀਰ ਸਿੰਘ ਨੇ ਲੋਕਤੰਤਰੀ ਮੋਰਚਾ ਲਾਉਣ ਦਾ ਸੁਝਾਅ ਦੇ ਕੇ ਸਥਿਤੀ ਨੂੰ ਅਹਿੰਸਾ ਅਤੇ ਲੋਕਤੰਤਰ ਦੀ ਕਾਨੂੰਨੀ ਰਾਮਕਾਰ ਵਿਚ ਬੰਨ੍ਹੀ ਰੱਖਣ ਦੀ ਕੋਸ਼ਿਸ਼ ਕੀਤੀ। ਸੰਤ ਨੇ ਸੁਝਾਅ ਮੰਨ ਲਿਆ। ਕੁੱਝ ਹਫਤਿਆਂ ਬਾਅਦ ਅਕਾਲੀ ਦਲ ਨੇ ਇਹ ਮੋਰਚਾ ਅਪਣਾ ਲਿਆ ਅਤੇ ਸਾਰੇ ਪੰਥ ਨੂੰ ਇੱਕ ਲੋਕਤੰਤਰੀ ਸੰਘਰਸ਼ ਦੇ ਸਾਂਝੇ ਪਲੇਟਫਾਰਮ `ਤੇ ਇਕੱਠਾ ਹੋਣ ਦਾ ਮੌਕਾ ਮਿਲ ਗਿਆ। ਜੇ ਕਿਤੇ ਦਲਬੀਰ ਸਿੰਘ ਨੇ ਇਹ ਸਲਾਹ ਨਾ ਦਿੱਤੀ ਹੁੰਦੀ ਤਾਂ ਸ਼ਾਇਦ ਧਰਮ ਯੁੱਧ ਵਰਗਾ ਵੱਡਾ ਲੋਕਤੰਤਰੀ ਸੰਘਰਸ਼ ਸਿੱਖ ਪੰਥ ਦੇ ਵਿਰਸੇ ਦਾ ਹਿੱਸਾ ਨਾ ਬਣਦਾ। ਸ. ਦਲਬੀਰ ਸਿੰਘ ਦੀ ਬਦੌਲਤ ਲੋਕਤੰਤਰੀ ਤਰੀਕੇ ਨਾਲ ਕਾਨੂੰਨੀ ਦਾਇਰੇ ਵਿਚ ਚੱਲੇ ਇਸ ਮੋਰਚੇ ਨੇ ਦੇਸ਼ ਦੇ ਸੂਝਵਾਨਾਂ ਨੂੰ ਮਸਲੇ ਦਾ ਕੋਈ ਹੱਲ ਕੱਢਣ ਜੋਗਾ ਸਮਾਂ ਅਤੇ ਮੌਕਾ ਜ਼ਰੂਰ ਦੇ ਦਿੱਤਾ ਸੀ ਪਰ ਬਦਕਿਸਮਤੀ ਨੂੰ ਇਸਦਾ ਲਾਭ ਨਾ ਉਠਾਇਆ ਗਿਆ। ਗੱਲ ਨਿਬੇੜਨ ਲਈ ਸਰਕਾਰੀ ਧਿਰ ਵੱਲੋਂ ਸੁਹਿਰਦਤਾ ਨਾ ਦਿਖਾਈ ਗਈ।
ਦਲਬੀਰ ਸਿੰਘ ਤੋਂ ਬਿਨਾਂ ਸ. ਸਵਰਣ ਸਿੰਘ, ਕੈਪਟਨ ਅਮਰਿੰਦਰ ਸਿੰਘ-ਰਵੀਇੰਦਰ ਸਿੰਘ; ਕਾਮਰੇਡ ਹਰਿਕ੍ਰਿਸ਼ਨ ਸਿੰਘ ਸੁਰਜੀਤ ਵਰਗੇ ਹੋਰ ਬਥੇਰਿਆਂ ਨੇ ਵੀ ਕੋਸ਼ਿਸ਼ ਕੀਤੀ ਪਰ ਹੋਣੀ ਟਲੀ ਨਾ। ਸ਼ਾਇਦ ਜਿਵੇਂ ਪੰਜਾਬ ਦੇ ਮਹਾਨ ਢਾਡੀ ਸ਼ਾਹ ਮੁਹੰਮਦ ਨੇ ਅਜਿਹੀ ਹੀ ਕਿਸੇ ਸਥਿਤੀ ਵਿਚ ਕਿਹਾ ਸੀ: ‘ਰਹਿੰਦੀਆਂ ਹੋਣੀਆਂ ਹੋਇ ਕੇ ਸ਼ੇਰ ਸਿੰਘਾ, ਹੁੰਦਾ ਸੋਈ ਜੋ ਰੱਬ ਨੂੰ ਭਾਂਵਦਾ ਈ।’ ਅੰਤ ਜੋ ਨਹੀਂ ਹੋਣਾ ਚਾਹੀਦਾ ਸੀ, ਦਰਬਾਰ ਸਾਹਿਬ `ਤੇ ਹਮਲਾ ਹੋ ਹੀ ਗਿਆ। ਇਸ ਹਮਲੇ ਨੇ ਸਿੱਖਾਂ ਅਤੇ ਭਾਰਤੀ ਸਿਸਟਮ ਵਿਚਕਾਰ ਐਸੀ ਲਕੀਰ ਖਿੱਚ ਦਿੱਤੀ ਜਿਸ ਨੂੰ ਮੇਟਿਆ ਨਹੀਂ ਜਾ ਸਕਿਆ।
ਹਮਲੇ ਤੋਂ ਪਹਿਲਾਂ ਸ. ਦਲਬੀਰ ਸਿੰਘ ਹਰ ਐਤਵਾਰ ਬਠਿੰਡਿਓਂ ਬੱਸ ਚੜ੍ਹ ਕੇ ਸੰਤ ਨੂੰ ਦਰਬਾਰ ਸਾਹਿਬ ਮਿਲਣ ਆਇਆ ਕਰਦਾ ਸੀ। ਦੋਨਾਂ ਦੇ ਸੰਬੰਧ ਸੁਹਿਰਦ ਦੋਸਤ ਅਤੇ ਸਲਾਹਕਾਰ ਵਾਲੇ ਸਨ। ਹਮਲੇ ਤੋਂ ਪਹਿਲਾਂ ਹਾਲਾਤ ਨੂੰ ਭਾਂਪਦਿਆਂ ਸੰਤ ਨੇ ਸ. ਦਲਬੀਰ ਸਿੰਘ ਨੂੰ ਆਖਰੀ ਮੁਲਾਕਾਤ ਵੇਲੇ ਕਹਿ ਦਿੱਤਾ ਸੀ, ‘ਭਾਈਆ ਯਾਰੀ ਨਿਭਾਈਂ’। ਹੁਣ ਇਨ੍ਹਾਂ ਤਿੰਨਾਂ ਅੱਖਰਾਂ ਦੀ ਵਿਆਖਿਆ ਸਮਝਣ ਅਤੇ ਇਸ `ਤੇ ਪੂਰੇ ਉੱਤਰਨ ਦਾ ਬੋਝ ਸ. ਦਲਬੀਰ ਸਿੰਘ ਦੇ ਮਨ ਮਸਤਿਕ `ਤੇ ਆਣ ਪਿਆ। ਹਮਲੇ ਤੋਂ ਬਾਅਦ, ‘ਹੱਥ ਫੜੇ ਦੀ ਵਾਰਿਸਾ ਲਾਜ ਹੁੰਦੀ, ਕਰੀਏ ਸਾਥ ਤਾਂ ਪਾਰ ਉਤਾਰੀਏ ਜੀ’, ਅਨੁਸਾਰ ਸ. ਦਲਬੀਰ ਸਿੰਘ ਦੀ ਰਹਿੰਦੀ ਉਮਰ ਦੀ ਸਾਰੀ ਕਮਾਈ ਇਹ ‘ਯਾਰੀ’ ਨਿਭਾਉਣ ਦੇ ਕਠਿਨ ਕਾਰਜ ਦੀ ਹੀ ਵਿਥਿਆ ਹੈ।
ਹਮਲੇ ਤੋਂ ਬਾਅਦ ਕੁੱਝ ਮਹੀਨੇ ਫੌਜ ਵੱਲੋਂ ਫੜੋ-ਫੜੀ ਅਤੇ ਤਸ਼ੱਦਦ ਦਾ ਦੌਰ ਚੱਲਿਆ। ਫਿਰ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਨਵੰਬਰ ‘84 ਦੀਆਂ ਘਟਨਾਵਾਂ ਵਾਪਰ ਗਈਆਂ। ਸਮੁੱਚਾ ਸਿੱਖ ਪੰਥ ਝੰਜੋੜਿਆ ਗਿਆ, ਸਾਰੇ ਪਾਸੇ ਦਿਲਗੀਰੀ ਛਾ ਗਈ। ਮਾਰਚ 1985 ਨੂੰ ਅਨੰਦਪੁਰ ਸਾਹਿਬ ਵਿਖੇ ਹੋਏ ਹੋਲੇ-ਮਹੱਲੇ ਦੇ ਇਕੱਠ ਨੇ ਪੰਥ ਵਿਚ ਨਵਾਂ ਜੋਸ਼ ਭਰ ਦਿੱਤਾ। ਜੋਸ਼ ਦੀ ਚੁਣੌਤੀ ‘ਜ਼ਖਮ ਨੂੰ ਸੂਰਜ’ ਬਣਾਉਣ ਦੀ ਸੀ ਅਤੇ ਇਸਦੀ ਲੋਅ ਵਿਚ ਰਾਜਨੀਤਕ ਮਨੋਰਥ ਮਿਥਣ ਅਤੇ ਬਦਲਵੀਂ ਸਿਆਸੀ ਧਿਰ ਖੜ੍ਹੀ ਕਰਨ ਦੀ ਸੀ। ਹਾਲਾਤ ਔਖੇ ਵੀ ਸਨ ਅਤੇ ਮੌਕਾ ਭਰਪੂਰ ਵੀ। ਇੱਕ ਪਾਸੇ ਰਵਾਇਤੀ ਅਕਾਲੀ ਧਿਰ ਮੁੜ ਸੁਰਜੀਤ ਹੋਣ ਦੀ ਤਾਕ ਵਿਚ ਸੀ ਦੂਸਰੇ ਪਾਸੇ ਪੰਥਕ ਸ਼ਕਤੀ ਨੂੰ ਹਿੰਸਕ ਲੀਹ `ਤੇ ਤੋਰਨ ਵਾਲੀਆਂ ਸ਼ਕਤੀਆਂ ਅਤੇ ਤੱਤ ਵੀ ਸਰਗਰਮ ਸਨ। ਇਤਿਹਾਸ ਦੇ ਐਸ ਮੋੜ `ਤੇ ਸ. ਦਲਬੀਰ ਸਿੰਘ ਵਰਗੇ ਹੰਢੇ ਵਰਤੇ ਕਾਰਕੁਨ ਨੇ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਅੱਗੇ ਲਾ ਲੋਕਤੰਤਰੀ ਸ਼ਕਤੀ ਦਾ ਬਾਨਣੂੰ ਬੰਨ੍ਹਣ ਦਾ ਕਾਰਜ ਵਿੱਢਿਆ। ਕੁੱਝ ਮਹੀਨਿਆਂ ਵਿਚ ਹੀ ਫੈਡਰੇਸ਼ਨ ਅਤੇ ਦਮਦਮੀ ਟਕਸਾਲ ਇੱਕ ਜੁੜਵੀਂ ਅਤੇ ਬਦਲਵੀਂ ਰਾਜਸੀ ਧਿਰ ਵਜੋਂ ਉੱਭਰ ਕੇ ਸਾਹਮਣੇ ਆਈਆਂ। ਦਲਬੀਰ ਸਿੰਘ ਨੇ ਸਤੰਬਰ 1985 ਦੀਆਂ ਅਸੈਂਬਲੀ ਚੋਣਾਂ ਵਿਚ ਹਿੱਸਾ ਲੈਣ ਲਈ ਪੂਰੀ ਵਾਹ ਲਗਾਈ ਪਰੰਤੂ ਉਸ ਮੌਕੇ ਬਾਬਾ ਜੁਗਿੰਦਰ ਸਿੰਘ ਅਤੇ ਉਸ ਦੇ ਆਸ-ਪਾਸ ਇਕੱਠੇ ਹੋਏ ਘੜੰਮ ਚੌਧਰੀਆਂ ਨੇ ਉਸ ਦੀ ਕੋਈ ਵਾਹ-ਪੇਸ਼ ਨਾ ਜਾਣ ਦਿੱਤੀ। ਇਸ ਦੇ ਬਾਵਜੂਦ ਉਨ੍ਹਾਂ ਹੌਸਲਾ ਨਾ ਹਾਰਿਆ ਅਤੇ ਹਰਿੰਦਰ ਸਿੰਘ ਕਾਹਲੋਂ ਵਰਗੇ ਉਸ ਸਮੇਂ ਦੇ ਸਭ ਤੋਂ ਸੁਘੜ ਫੈਡਰੇਸ਼ਨ ਆਗੂ ਨੂੰ ਅੱਗੇ ਲਾ ਕੇ 31 ਅਕਤੂਬਰ 1985 ਨੂੰ ਦਰਬਾਰ ਸਾਹਿਬ ਵਿਖੇ ਸ਼ਹੀਦ ਬੇਅੰਤ ਸਿੰਘ ਦੀ ਬਰਸੀ ਮਨਾਈ ਅਤੇ ਸਰਕਾਰ ਵੱਲੋਂ ਬਣਾਏ ਅਕਾਲ ਤਖ਼ਤ ਨੂੰ ਨਾਮਨਜ਼ੂਰ ਕਰਨ ਦੇ ਸੰਕੇਤ ਵਜੋਂ ਅਕਾਲ ਤਖ਼ਤ ਦੇ ਜੰਗਲੇ ਤੋੜ ਦਿੱਤੇ। ਲੋਕ ਸ਼ਕਤੀ ਦੇ ਜੋੜ ਵੱਲੋਂ ਸਰਕਾਰ ਨੂੰ ਨਾਬਰੀ ਦਾ ਸੁਨੇਹਾ ਦੇਣ ਦਾ ਇਹ ਕਾਰਜ ਵੀ ਸ. ਦਲਬੀਰ ਸਿੰਘ ਵੱਲੋਂ ਬਦਲਵੀਂ ਪੰਥਕ ਰਾਜਨੀਤਕ ਧਿਰ ਖੜ੍ਹੀ ਕਰਨ ਅਤੇ ਉਸਨੂੰ ਲੋਕਤੰਤਰੀ ਅਮਲ ਵਿਚ ਪਾ ਕੇ ਅੱਗੇ ਵਧਾਉਣ ਦੀ ਸੁਚੇਤ ਮਾਰਗ ਸੇਧ ਦਾ ਹਿੱਸਾ ਸੀ। ਇਸੇ ਸੇਧ `ਤੇ ਹੀ ਅੱਗੇ ਜਾ ਕੇ 26 ਜਨਵਰੀ 1986 ਨੂੰ ਸਰਬੱਤ ਖਾਲਸਾ ਹੋਇਆ ਜਿਸਨੇ ਸਾਬਿਤ ਕਰ ਦਿੱਤਾ ਕਿ ਪੰਥਕ ਸ਼ਕਤੀ ਹੁਣ ਫੈਡਰੇਸ਼ਨ ਅਤੇ ਦਮਦਮੀ ਟਕਸਾਲ ਦੇ ਜੁੱਟ ਕੋਲ ਹੈ। ਅਜੇ ਡੇਢ ਕੁ ਸਾਲ ਪਹਿਲਾਂ ਦਿਲਗੀਰੀ ਹੇਠ ਵਿਚਰ ਰਹੀ ਕੌਮ ਨੇ ਮੁੜ ਵੇਗ ਫੜ ਲਿਆ ਸੀ। ਅਕਾਲ ਤਖ਼ਤ ਦੀ ਮੁੜ ਉਸਾਰੀ ਦਾ ਕੰਮ ਆਪਣੇ ਹੱਥ ਲੈ ਲਿਆ ਸੀ, ਦਰਬਾਰ ਸਾਹਿਬ ਸਮੂਹ ਅੰਦਰ ਫੈਡਰੇਸ਼ਨ ਅਤੇ ਦਮਦਮੀ ਟਕਸਾਲ ਦਾ ਬੋਲ-ਬਾਲਾ ਬਹਾਲ ਹੋ ਗਿਆ ਸੀ। ਜੇਕਰ ਸ. ਦਲਬੀਰ ਸਿੰਘ ਨੇ ਢੁਕਵੀਂ ਸੇਧ ਨਾ ਦਿੱਤੀ ਹੁੰਦੀ ਤਾਂ ਖਿਲਰੀ-ਪੁਲਰੀ ਸਰਗਰਮ ਪੰਥਕ ਸ਼ਕਤੀ ਨੇ ਕਿਸੇ ਸੰਯੁਕਤ ਧਾਰਾ ਵਿਚ ਨਹੀਂ ਸੀ ਬੱਝ ਸਕਣਾ!
ਪਰ ਦੂਸਰੇ ਪਾਸੇ ਸ. ਦਲਬੀਰ ਸਿੰਘ ਦੇ ਚਿਤਵੇ ਲੋਕਤੰਤਰੀ ਅਮਲ ਵਾਲੇ ਸਿਲਸਿਲੇ ਨੂੰ ਖਿਲਾਰਨ ਵਾਲੀਆਂ ਸ਼ਕਤੀਆਂ ਵੀ ਪੂਰੀ ਤਰ੍ਹਾਂ ਸਰਗਰਮ ਸਨ। ਇਹ ਸ਼ਕਤੀਆਂ ਜਲਦੀ ਤੋਂ ਜਲਦੀ ਖਾਲਿਸਤਾਨ ਦਾ ਐਲਾਨ ਕਰਨ ਲਈ ਕਾਹਲੀਆਂ ਸਨ। ਇਨ੍ਹਾਂ ਦਾ ਮੋਹਰੀ ਸੀ ਪੰਜਾਬ ਦਾ ਸਾਬਕਾ ਹੈਲਥ ਡਾਇਰੈਕਟਰ ਡਾ. ਸੋਹਨ ਸਿੰਘ। ਜਸਪਾਲ ਸਿੰਘ ਸਿੱਧੂ ਅਤੇ ਗੁਰਸ਼ਮਸ਼ੀਰ ਸਿੰਘ ਦੀ ਗੱਲਬਾਤ ਦੀ ਵੀਡੀਓ ਨੂੰ ਸੁਣਦਿਆਂ ਇਸ ਗੱਲ ਸਪੱਸ਼ਟ ਰੂਪ ਵਿਚ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਸ. ਦਲਬੀਰ ਸਿੰਘ ਨੂੰ ਇਸ ਮਹਾਂਰਥੀ ਜਾਂ ਕਹੋ ਕਿ ਇਸ ‘ਅੰਨ੍ਹੇ ਨਿਸ਼ਾਨਚੀ’ ਨਾਲ ਵਿਚਾਰਾਂ ਦੀ ਗਹਿਗੱਚ ਜੰਗ ਲੜਨੀ ਪਈ। ਡਾ. ਸੋਹਨ ਸਿੰਘ ਖਾਲਿਸਤਾਨ ਦਾ ਐਲਾਨ ਕਰਵਾਉਣ ਲਈ ਜ਼ੋਰ ਲਾ ਰਿਹਾ ਸੀ ਅਤੇ ਸ. ਦਲਬੀਰ ਸਿੰਘ ਇਸਨੂੰ ਕੁਰਾਹਾ ਦੱਸ ਕੇ ਲੋਕਤੰਤਰੀ ਲੀਹੇ ਪੈਣ `ਤੇ ਜੋLਰ ਦੇ ਰਿਹਾ ਸੀ। ਸ. ਦਲਬੀਰ ਸਿੰਘ ਨੇ ਆਪਣੀ ਵਿਚਾਰਕ ਅਤੇ ਇਖਲਾਕੀ ਸ਼ਕਤੀ ਦੇ ਆਸਰੇ ਡਾ. ਸੋਹਣ ਸਿੰਘ ਦੀ ਵਿਚਾਰਧਾਰਕ ਉਤਸ਼ਾਹੀ ਧਿਰ ਨੂੰ ਨੰਗੇ ਧੜ ਠੱਲ੍ਹੀ ਰੱਖਣ ਲਈ ਪੂਰੀ ਵਾਹ ਲਾਈ ਪਰ ਆਖਿਰ ਬਕੌਲੇ ਵਾਰਸ ਸ਼ਾਹ “ਲੈ ਵੇ ਰਾਂਝਿਆ ਵਾਹੁ ਮੈ ਲਾ ਥੱਕੀ, ਸਾਡੇ ਵੱਸ ਥੀਂ ਗੱਲ ਬੇਵੱਸ ਹੋਈ”, ਵਾਂਗ ਗੱਲ ਸਭ ਦੇ ਵੱਸ ਤੋਂ ਬਾਹਰ ਹੋ ਗਈ ਅਤੇ 29 ਅਪ੍ਰੈਲ ,1986 ਨੂੰ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨ ਕਰ ਹੀ ਦਿੱਤਾ। ਐਲਾਨ ਤੋਂ ਬਾਅਦ ,”ਸਾਡੀ ਅੱਜ ਹੈ ਵੱਡੀ ਚਲੰਤ ਮੀਆਂ” ਵਾਲੇ ਪੰਥਕ ਕਮੇਟੀ ਦੇ ਸਾਰੇ ਮੈਂਬਰ ਆਪਣੇ ਚੋਲੇ ਉਤਾਰ ਕੇ ਸਪਾਰੀ ਸੂਟਾਂ ਵਿਚ, ‘ਇੱਥੋਂ ਹੋ ਗਿਆ ਹਰਨ ਹੈ ਖਾਲਸਾ ਜੀ, ਚੌਦਾਂ ਹੱਥ ਦੀ ਮਾਰਕੇ ਮਿਰਗ ਛਾਲੀ’, ਅਨੁਸਾਰ ਦਰਬਾਰ ਸਾਹਿਬ ਸਮੂਹ ਵਿਚੋਂ ਨਿੱਕਲ ਗਏ। ਇਸ ਐਲਾਨ ਦੇ ਨਾਲ ਹੀ ਸ. ਦਲਬੀਰ ਸਿੰਘ ਵੱਲੋਂ ਪੰਥਕ ਸ਼ਕਤੀ ਨੂੰ ਲੋਕਤੰਤਰੀ ਅਮਲ ਵਿਚ ਉਤਾਰ ਕੇ ਬਦਲਵੀਂ ਧਿਰ ਸਿਰਜਣ ਦੇ ਯਤਨਾਂ ਦਾ ਗਰਭਪਾਤ ਹੋ ਗਿਆ। ਪੰਥਕ ਰਾਜਨੀਤੀ ਵਿਚ ਬਦਲਵੀਂ ਧਿਰ ਪੈਦਾ ਕਰਨ ਦੀਆਂ ਸੰਭਾਵਨਾਵਾਂ ਨੂੰ ਖਿਲਾਰਨ ਵਾਲਿਆਂ ਹੱਥ ‘ਖਾਲਿਸਤਾਨ’ ਦੀ ਡਾਂਗ ਆ ਗਈ ਜਿਸਦੀ ਬੇਦਰੇਗ ਵਰਤੋਂ ਅੱਜ ਤੱਕ ਹੋ ਰਹੀ ਹੈ। ਯਾਦ ਰਹੇ ਕਿ ਇਸ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਬਾਅਦ ਵਿਚ ਕਦੇ ਵੀ ਨਾ ਹੋਈ। ਇਸ ਐਲਾਨ ਪਿੱਛੋਂ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਆਪਣੇ ਵੀਹ-ਪੱਚੀ ਸਾਥੀ ਵਿਧਾਇਕਾਂ ਨੂੰ ਲੈ ਕੇ ਦਰਬਾਰ ਸਾਹਿਬ ਵਿਚ ਪੁਲਿਸ ਦਾਖਲੇ ਦਾ ਵਿਰੋਧ ਕਰਨ ਦੇ ਭੱਜ ਹੇਠ ‘ਵਿਚਾਰੇ’ ਸੁਰਜੀਤ ਸਿੰਘ ਬਰਨਾਲੇ ਨੂੰ ਕਾਂਗਰਸ ਸਰਕਾਰ ਦੇ ਰਹਿਮੋ-ਕਰਮ `ਤੇ ਛੱਡਦਿਆਂ ਉਸ ਨੂੰ ਯਤੀਮ ਕਰ ਗਏ। ਅਜਿਹਾ ਕਰਦਿਆਂ ਉਹ ਦੇਰ-ਸਵੇਰ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੀ ਰਵਾਇਤੀ ਅਕਾਲੀ ਲੀਡਰਸ਼ਿਪ ਦੀ ਮੁੜ ਸੁਰਜੀਤੀ ਦਾ ਰਾਹ ਮੋਕਲਾ ਕਰ ਗਏ।
ਹਾਲਾਤ ਸ. ਦਲਬੀਰ ਸਿੰਘ ਦੇ ਵੱਸੋਂ ਬਾਹਰ ਹੋ ਕੇ ਖਾਲਿਸਤਾਨ ਦਾ ਐਲਾਨ ਹੋ ਜਾਣ ਨਾਲ ਉਸ ਵੱਲੋਂ ਵਿੱਢੇ ਲੋਕਤੰਤਰੀ ਅਮਲ ਵਾਲੇ ਕਾਰਿਜਾਂ ਦਾ ਭੋਗ ਪੈ ਜਾਣ ਦੇ ਨਾਲ ਹੀ ਉਸ ਵੱਲੋਂ ਸੰਤ ਦੇ ਕਹੇ ਅਨੁਸਾਰ ‘ਯਾਰੀ’ ਨਿਭਾਉਣ ਦਾ ਇੱਕ ਪੜਾਅ ਸਾਬਿਤ ਕਦਮੀ ਨਿਭ ਗਿਆ। ਨੌਜਵਾਨ ਖੂਨ ਬੇਕਾਬੂ ਹੋ ਗਿਆ, ਸ. ਸਾਹਿਬ ਨੂੰ ਡਰਾਉਣ-ਧਮਕਾਉਣ ਲਈ ਕਈ ਬੰਦੇ ਗਲ਼ ਪਵਾਏ ਗਏ। ਸ. ਦਲਬੀਰ ਸਿੰਘ ਨੇ ‘ਯਾਰੀ’ ਨਿਭਾਉਣ ਲਈ ਹੁਣ ਅਗਲੇ ਪੜਾਅ ਦੇ ਸਫਰ `ਤੇ ਤੁਰਨ ਸਮੇਂ ਹਾਲਾਤ ਨੂੰ, ਸਿੱਖ ਰਾਜ ਦੇ ਅੰਤਲੇ ਸਮੇਂ ਪਸਰੀ ਆਪਮੁਹਾਰੀ ਕਤਲੋਗਾਰਦ ਸਮੇਂ ਇੱਕ ਸਿਆਣੇ ਸਰਦਾਰ ਲਹਿਣ ਸਿੰਘ ਮਜੀਠੀਏ ਦੀ ਦ੍ਰਿਸ਼ਟੀ,
‘ਲਹਿਣਾ ਸਿੰਘ ਸਰਦਾਰ ਮਜੀਠੀਆ ਸੀ, ਵੱਡਾ ਅਕਲ ਦਾ ਕੋਟਿ ਕਮਾਲ ਮੀਆਂ।
ਦਿਲ ਆਪਣੇ ਬੈਠ ਵਿਚਾਰ ਕਰਦਾ, ਇੱਥੇ ਹੋਣਗੇ ਕਈਆਂ ਦੇ ਕਾਲ ਮੀਆਂ।
ਮਹਾਂਬਲੀ ਸਰਦਾਰ ਸੀ ਪੰਥ ਵਿਚੋਂ, ਡਿੱਠੀ ਬਣੀ ਕੁੱਚਲਣੀ ਚਾਲ ਮੀਆਂ।
ਸ਼ਾਹ ਮੁਹੰਮਦਾ ਤੁਰ ਗਿਆ ਤੀਰਥਾਂ ਨੂੰ, ਸੱਭੋ ਛੱਡ ਕੇ ਦੰਗ ਦਵਾਲ ਮੀਆਂ।’
ਨਾਲ ਵੇਖਦਿਆਂ ਸਭ ਕੁੱਝ ਛੱਡ ਕੇ ਆਪਣੇ ਪਿੰਡ ਗੰਨਾ ਪਿੰਡ ਆ ਜਾਣ ਦਾ ਫੈਸਲਾ ਕਰ ਲਿਆ। ਜਿੱਥੇ ਉਸਨੇ ਬਾਬੇ ਨਾਨਕ ਚੌਥੀ ਉਦਾਸੀ ਮਗਰੋਂ ਖੇਤੀ ਕਰਨ ਵਾਂਗ ਉਨ੍ਹਾਂ ਦੀਆਂ ਸਿੱਖਿਆਵਾਂ `ਤੇ ਅਮਲ ਕਰਦਿਆਂ ਆਪਣੇ ਗੁਜ਼ਰ ਬਸਰ ਲਈ ਖੇਤੀ ਕੀਤੀ। ਟਿਊਬਵੈਲ ਵਾਲੇ ਇੱਕੋ ਕਮਰੇ ਵਿਚ ਪਰਿਵਾਰ ਨਾਲ ਰਹਿੰਦਿਆਂ ਤੰਗੀਆਂ ਤੁਰਸੀਆਂ ਵਾਲੀ ਸਾਦਾ ਗੁਮਨਾਮ ਨੁਮਾ ਜ਼ਿੰਦਗੀ ਬਤੀਤ ਕੀਤੀ। ‘ਯਾਰੀ’ ਨਿਭਾਉਣ ਵਾਲੇ ਇਸ ਪੜਾਅ ਦੇ ਔਖੇ ਸਫਰ ਦੌਰਾਨ ਉਹ, ‘ਸਬਰ ਦਿਲਾਂ ਦੇ ਮਾਰ ਜਹਾਨ ਪੱਟਣ, ਉੱਚੀ ਕਾਸਨੂੰ ਅਸਾਂ ਬਕੀਵਣਾਂ ਏਂ’, ਵਾਂਗ ਸਬਰ ਨਾਲ ਖਾਮੋਸ਼ ਰਿਹਾ ਤਾਂ ਜੋ ਬੰਦੂਕ ਦੇ ਜ਼ੋਰ ਖਾਲਿਸਤਾਨ ਲੈਣ ਵਾਲੇ ਕਿਤੇ ਇਹ ਉਲਾਂਭਾ ਨਾ ਦੇਣ ਪਈ ਖਾਲਿਸਤਾਨ ਤਾਂ ਬਣ ਜਾਣਾ ਜੇ ਦਲਬੀਰ ਸਿੰਘ ਅੜਿੱਕਾ ਨਾ ਬਣਦਾ।
ਜੇ ਕਿਧਰੇ ਪੰਥ ਨੇ ਠਰੰਮੇ ਨਾਲ ਦਲਬੀਰ ਸਿੰਘ ਦੀ ਮਾਰਗ ਸੇਧ ਅਪਣਾਈ ਹੁੰਦੀ ਤਾਂ ਪੰਥਕ ਰਾਜਨੀਤੀ ਦੀ ਹਾਲਤ ਅੱਜ ਵਰਗੀ ਨਾ ਹੁੰਦੀ। ਪਰ ਜੇ ਤਾਂ ਜੇ ਹੀ ਹੁੰਦੀ ਹੈ, ‘ਗਏ ਉਮਰ ਤੇ ਵਕਤ ਫਿਰ ਨਹੀ ਮੁੜਦੇ, ਗਏ ਕਰਮ ਤੇ ਭਾਗ ਨਾ ਆਂਵਦੇ ਨੇ।’
ਖੈਰ! ਸ. ਦਲਬੀਰ ਸਿੰਘ ‘ਯਾਰੀ ਨਿਭਾਉਣ’ ਲਈ ਸਰਗਰਮ ਵੀ ਰਿਹਾ ਅਤੇ ਸਮੇਂ ਦੀ ਲੋੜ ਅਨੁਸਾਰ ਖ਼ਾਮੋਸ਼ ਹੋਣ ਸਮੇਂ ਸਾਬਿਤ ਕਦਮੀਂ ਦੂਸਰਾ ਸਰਦਾਰ ਲਹਿਣਾ ਸਿੰਘ ਮਜੀਠੀਆ ਵੀ ਹੋ ਨਿਬੜਿਆ।
ਚੈਨਲ `ਤੇ ਗੱਲਬਾਤ ਕਰਦਿਆਂ ਸ. ਜਸਪਾਲ ਸਿੰਘ ਸਿੱਧੂ ਨੇ ਬਿਲਕੁਲ ਠੀਕ ਕਿਹਾ ਕਿ ਪੰਥਕ ਰਾਜਨੀਤੀ ਲੋਕਤੰਤਰੀ ਲੀਹ ਤੋਂ ਉਦੋਂ ਹੀ ਉੱਖੜੀ ਜਦੋਂ ਸ. ਦਲਬੀਰ ਸਿੰਘ ਨੂੰ ਪੰਥਕ ਸਫਾਂ ਵਿਚੋਂ ਉਖੇੜਿਆ ਗਿਆ। ਜਿਸਦਾ ਅਸਲ ਭਾਵ ਇਹ ਜਾਪਦਾ ਹੈ ਕਿ ਲੋਕਤੰਤਰੀ ਲੀਹ `ਤੇ ਉੱਸਰ ਰਹੀ ਬਦਲਵੀਂ ਪੰਥਕ ਰਾਜਨੀਤੀ ਨੂੰ ਉਖੇੜਨ ਲਈ ਸ. ਦਲਬੀਰ ਸਿੰਘ ਨੂੰ ਉਖੇੜਨਾ ਜ਼ਰੂਰੀ ਸੀ, ਸੋ ਉਖੇੜ ਦਿੱਤਾ ਗਿਆ। ਇਤਿਹਾਸ ਦਾ ਮਜ਼ਾਕ ਹੈ ਕਿ ਸਭ ਚੋਣਾਂ ਵਿਚ ਪੰਥਕ ਰਾਜਨੀਤੀ ਨੂੰ ਹਸਤੀਹੀਣ ਕਰਕੇ ਖਾਲਿਸਤਾਨੀ ਜ਼ਲਜ਼ਲੇ ਤੋਂ ਬਾਅਦ ਉਹੋ ਡਾ. ਸੋਹਣ ਸਿੰਘ ਸ਼੍ਰੋਮਣੀ ਕਮੇਟੀ ਦੀ ਚੋਣ ਲੜਦਾ ਹੈ ਅਤੇ ਹਾਰ ਜਾਂਦਾ ਹੈ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਵਿਚ ਇਤਨੇ ਵੱਡੇ ਖੂਨੀ ਜ਼ਲਜ਼ਲੇ ਤੋਂ ਬਾਅਦ ਕਿਸੇ ਧਿਰ ਨੇ ਇਸ ਡਾ. ਸੋਹਣ ਸਿੰਘ ਦੀ ਜਵਾਬ ਤਲਬੀ ਤਾਂ ਕੀ ਕਰਨੀ ਸੀ, ਜੂਨ ’84 ਤੋਂ 1992 ਤੱਕ ਚੋਣਾਂ ਦੀ ਰਾਜਨੀਤੀ ਦੇ ਬਾਈਕਾਟ ਦਾ ਪ੍ਰਮੁੱਖ ਸਿਧਾਂਤਕਾਰ ਅਤੇ ਭਾਜੀ ਦਲਬੀਰ ਸਿੰਘ ਵਾਂਗ ਹੀ ਸਾਬਕਾ ਕਾਮਰੇਡ ਸ. ਅਜਮੇਰ ਸਿੰਘ, ਡਾ. ਸੋਹਣ ਸਿੰਘ ਦੀ ਉਸੇ ਸੋਚ ਦਾ ਝੰਡਾ ਬਰਦਾਰ ਬਣਿਆ ਚਲਿਆ ਆ ਰਿਹਾ ਹੈ। ਇਸ ਪ੍ਰਥਾਏ ਜਸਪਾਲ ਸਿੰਘ ਸਿੱਧੂ ਦੀ ‘ਸ. ਭਿੰਡਰਾਂਵਾਲੇ ਦੇ ਰੂਬਰੂ ’84 ਦੀ ਪੱਤਰਕਾਰੀ’ ਪੁਸਤਕ ਦੀ ਘੁੰਡ ਚੁਕਾਈ ਸਮੇਂ 4 ਜੂਨ 2016 ਨੂੰ ਪੰਜਾਬ ਭਵਨ ਵਿਖੇ ਗੋਸ਼ਟੀ ਦੌਰਾਨ 90 ਸਾਲਾਂ ਦੀ ਉਮਰ ਨੂੰ ਢੁਕੇ ਸ. ਦਲਬੀਰ ਸਿੰਘ ਵਲੋਂ 30-35 ਵਰ੍ਹੇ ਪਹਿਲਾਂ ਚਿਤਾਰੇ ਜਾਣ `ਤੇ ਅਜਮੇਰ ਸਿੰਘ ਨੇ ਰੋਹ ਵਿਚ ਆ ਕੇ ਇਕ ਦੋ ਦਿਨ ਪਿੱਛੋਂ ਉਸੇ ਭਵਨ ਵਿਚ ਦਲਬੀਰ ਸਿੰਘ ਦੀ ਭਰੀ ਸਭਾ ਵਿਚ ਬੁਰੀ ਤਰ੍ਹਾਂ ਖੁੰਬ ਠੱਪੀ ਸੀ ਤੇ ਕਿਸੇ ਨੇ ਕਿੰਤੂ ਤਕ ਕਰਨ ਦੀ ਜੁਰਅਤ ਨਹੀਂ ਸੀ ਕੀਤੀ।
ਸ. ਦਲਬੀਰ ਸਿੰਘ ਅੱਜ ਇਸ ਦੁਨੀਆਂ `ਤੇ ਨਹੀਂ ਹਨ। ਪਰ ਗੁਰੂ ਆਸ਼ੇ ਅਨੁਆਰ ਬਦਲਵੀਂ ਪੰਥਕ ਰਾਜਸੀ ਧਿਰ ਨੂੰ ਲੋਕਤੰਤਰੀ ਲੀਹਾਂ `ਤੇ ਮੁੜ ਉਸਾਰਨ ਦੀ ਉਨ੍ਹਾਂ ਦੀ ਮਾਰਗ ਸੇਧ ਅੱਜ ਵੀ ਉਤਨੀ ਹੀ ਸਾਰਥਕ ਹੈ ਜਿੰਨੀ ਪਹਿਲਾਂ ਸੀ।