ਲੰਡਨ:ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਜੁੜੇ ਡਾਕਿਊਮੈਂਟਰੀ ਦੇ ਗ਼ਲਤ ਤਰੀਕੇ ਨਾਲ ਸੰਪਾਦਨ ਦੇ ਦੋਸ਼ਾਂ ਤੋਂ ਬਾਅਦ ਖ਼ਬਰਾਂ ਦੀ ਦੁਨੀਆ ਦੀ ਦਿੱਗਜ ਸੰਸਥਾ ਬੀਬੀਸੀ (ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ) ਦੇ ਦੋ ਅਹਿਮ ਅਹੁਦੇਦਾਰਾਂ ਨੇ ਅਹੁਦੇ ਛੱਡ ਦਿੱਤੇ ਹਨ।
ਤਾਜ਼ਾ ਵਿਵਾਦ ‘ਚ ਬੀਬੀਸੀ ਦੇ ਡਾਇਰੈਕਟਰ ਜਨਰਲ ਟਿਮ ਡੇਵੀ ਤੇ ਖ਼ਬਰ ਮੁਖੀ ਡੇਬੋਰਾ ਟਰਨੈਸ ਨੇ ਅਸਤੀਫ਼ਾ ਦੇ ਦਿੱਤਾ ਹੈ। ਮਾਮਲੇ ‘ਚ ਬੀਬੀਸੀ ਚੇਅਰਮੈਨ ਸਮੀਰ ਸ਼ਾਹ ਨੇ ਵੀ ਜਨਤਕ ਤੌਰ ‘ਤੇ ਅਫਸੋਸ ਜ਼ਾਹਿਰ ਕਰਨ ਦੇ ਸੰਕੇਤ ਦਿੱਤੇ ਹਨ। ਸਰਕਾਰ ਦਾ ਆਰਥਿਕ ਮਦਦ ਨਾਲ ਚੱਲਣ ਵਾਲੀ ਬੀਬੀਸੀ ਪਿਛਲੇ ਕਈ ਮਹੀਨਿਆਂ ਤੋਂ ਵਿਸ਼ਲੇਸ਼ਕਾਂ ਦੇ ਨਿਸ਼ਾਨੇ ‘ਤੇ ਹੈ। ਖ਼ਬਰਾਂ ਦੀ ਗੁਣਵੱਤਾ ਪਰਖਣ ਵਾਲੇ ਇਕ ਸਾਬਕਾ ਸਟੈਂਡਰਡ ਐਡਵਾਈਜ਼ਰ ਦੀ ਅੰਦਰੂਨੀ ਸਮੀਖਿਆ ਰਿਪੋਰਟ ਦੱਸਦੀ ਹੈ। ਕਿ ਇਜ਼ਰਾਈਲ-ਹਮਾਸ ਜੰਗ ਦੌਰਾਨ ਬੀਬੀਸੀ ਦੀਆਂ ਖ਼ਬਰਾਂ ਪੱਖਪਾਤੀ ਰਹੀਆਂ। ਇਸੇ ਤਰ੍ਹਾਂ ਦੇ ਦੋਸ਼ ਟ੍ਰਾਂਸਜੈਂਡਰ ਮਸਲੇ ‘ਤੇ ਬੀਬੀਸੀ ਦੀ ਰਿਪੋਰਟਿੰਗ ‘ਤੇ ਲੱਗੇ। ਤਾਜ਼ਾ ਮਾਮਲਾ ਟਰੰਪ ਦੀ ਖ਼ਬਰ ਨਾਲ ਜੁੜਿਆ ਹੋਇਆ ਹੈ। ਟਰੰਪ ਨਾਲ ਜੁੜੇ ਪ੍ਰੋਗਰਾਮ ‘ਚ ਉਨ੍ਹਾਂ ਨੂੰ ਜਨਵਰੀ 2021 ‘ਚ ਕੈਪੀਟਲ ਹਿੱਲ ‘ਤੇ ਹਮਲੇ ਲਈ ਲੋਕਾਂ ਨੂੰ ਉਕਸਾਉਂਦੇ ਹੋਏ ਦਿਖਾਇਆ ਗਿਆ ਹੈ। ਇਸ ਦੌਰਾਨ ਟਰੰਪ ਆਪਣੇ ਨਾਲ ਲੋਕਾਂ ਨੂੰ ਚੱਲਣ ਤੇ ਲੜਨ ਲਈ ਕਹਿੰਦੇ ਹੋਏ ਦੇਖਿਆ। ਗਿਆ ਹੈ। ਟਰਨੈਸ ਨੇ ਕਿਹਾ ਕਿ ਇਸ ਵਿਵਾਦ ਨਾਲ ਬੀ.ਬੀ.ਸੀ ਨੂੰ ਨੁਕਸਾਨ ਹੋਇਆ ਹੈ। ਕਿਉਂਕਿ ਵਿਵਾਦ ‘ਚ ਉਨ੍ਹਾਂ ਦਾ ਨਾਂ ਆ ਰਿਹਾ ਹੈ, ਇਸ ਲਈ ਉਨ੍ਹਾਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਕਿਹਾ ਕਿ ਬੀਬੀਸੀ ਦੇ ਪੱਤਰਕਾਰ ਬੇਹੱਦ ਮਿਹਨਤੀ ਹਨ ਤੇ ਉਹ ਕਿਸੇ ਵੀ ਤਰ੍ਹਾਂ ਦੇ ਪੱਖਪਾਤ ਤੋਂ ਦੂਰ ਹਨ।
