ਗੁਲਜ਼ਾਰ ਸਿੰਘ ਸੰਧੂ
ਮੇਰੀ ਸਿਹਤ ਹੁਣ ਬਹੁਤੇ ਸਫਰਾਂ ਦੀ ਆਗਿਆ ਨਹੀਂ ਦਿੰਦੀ| ਫੇਰ ਵੀ ਘਰ ਅਤੇ ਹਸਪਤਾਲਾਂ ਦੀ ਸ਼ਰਨ ਲੈਂਦਿਆਂ ਮਨ ਉਕਤਾ ਜਾਂਦਾ ਹੈ ਤਾਂ ਕਿਸੇ ਨੇ ਕਿਸੇ ਬਹਾਨੇ ਦੂਰ ਨੇੜੇ ਦੀ ਦੁਨੀਆਂ ਵੇਖਣ ਨੂੰ ਦਿਲ ਕਰ ਆਉਂਦਾ ਹੈ| ਮੇਰੀ ਪਿਛਲੇ ਸਪਤਾਹ ਵਾਲੀ ਦਿੱਲੀ ਯਾਤਰਾ ਕੁਝ ਏਸੇ ਤਰ੍ਹਾਂ ਦੀ ਸੀ|
ਰਸਤੇ ਵਿਚ ਧਾਨ ਦੀਆਂ ਫਸਲਾਂ ਦੀ ਕਹਾਣੀ ਦੇ ਦ੍ਰਿਸ਼ ਵੀ ਮਿਲੇ ਤੇ ਵਰਖਾ ਨਾਲ ਉਜੜੇ ਮਾਰਗਾਂ ਦੀ ਸਾਂਭ-ਸੰਭਾਲ ਦੇ ਕਾਰਕ ਵੀ ਤੱਕੇ| ਸਭ ਤੋਂ ਚੰਗੀ ਗੱਲ ਇਹ ਲਗੀ ਕਿ ਸੜਕ ਦੇ ਖੱਬੇ ਸੱਜੇ ਜਿਹੜੇ ਬੂਟੇ ਤੀਹ ਚਾਲੀ ਸਾਲ ਪਹਿਲਾਂ ਨਿੱਕੇ-ਨਿੱਕੇ ਸਨ ਹੁਣ ਲਹਿਲਹਾਉਂਦੇ ਰੁੱਖ ਬਣ ਕੇ ਆਉਣ-ਜਾਣ ਵਾਲੇ ਮੁਸਾਫਰਾਂ ਨੂੰ ਛਾਵਾਂ ਤੇ ਵਾਵਾਂ ਵੰਡ ਰਹੇ ਸਨ|
ਮੇਰੇ ਲਈ ਨਵੀਂ ਤੇ ਵਖਰੀ ਗੱਲ ਸੜਕ ਦੇ ਕਿਨਾਰੇ ਨਿਰੰਕਾਰੀ ਮਿਸ਼ਨ ਦੇ ਸਮਾਗਮ ਦੀ ਸੂਚਨਾ ਸੀ ਜਿਹੜੀ ਪੜ੍ਹੇ ਜਾਣ ਵਾਲੇ ਸ਼ਬਦਾਂ ਤੱਕ ਹੀ ਸੀਮਤ ਨਹੀਂ ਸੀ, ਇਸਨੂੰ ਉਤਮਤਾ ਪ੍ਰਦਾਨ ਕਰਨ ਲਈ ਸੰਤ ਨਿਰੰਕਾਰੀ ਮਿਸ਼ਨ ਦੀ ਵਰਤਮਾਨ ਮੁਖੀ ਸਦੀਕਸ਼ਾ ਦੀ ਚਿੱਟੇ ਕਪੜੀ ਤਸਵੀਰ ਵੀ ਸੀ ਜਿਹੜੀ ਇੱਕ ਅੱਧ ਕਿਲੋਮੀਟਰ ਦੀ ਦੂਰੀ ਉੱਤੇ ਸੁਸ਼ੋਭਤ ਸੀ| ਸੌ-ਪੰਜਾਹ ਥਾਵਾਂ ਉੱਤੇ|
ਇਹ ਸੱਦਾ ਸੋਨੀਪਤ ਤੇ ਮੂਰਥਲ ਦੇ ਨੇੜੇ ਹੋਣ ਵਾਲੇ ਸੰਤ ਸਮਾਗਮ ਵਿਚ ਹਾਜ਼ਰ ਹੋਣ ਲਈ ਸੀ|
ਕੁਦਰਤੀ ਸੀ ਕਿ ਇਸ ਵਿਚ ਨਿਰੰਕਾਰੀ ਮਿਸ਼ਨ ਦੀ ਧਾਰਨਾ ਅਤੇ ਸੰਦੇਸ਼ ਵੀ ਪ੍ਰਤੱਖ ਸੀ|
ਆਪਣੇ ਮਨ ਅੰਦਰ ਝਾਤੀ ਮਾਰ ਕੇ ਆਪਣੇ ਆਪ ਨੂੰ ਪਹਿਚਾਨਣ ਉੱਤੇ ਜ਼ੋਰ ਦੇਣ ਵਾਲਾ| ‘ਮਨ ਤੂੰ ਜੋਤਿ ਸਰੂਪ ਹੈਂ ਆਪਣਾ ਮੂਲ ਪਛਾਣ’ ਸਮੇਤ ਹਉਮੈ ਦੀਰਘ ਰੋਗ ਹੈ ਦਾਰੂ ਭੀ ਇਸ ਮਾਹਿ ਵਾਲਾ| ਨਿਸਚੇ ਹੀ ਇਸ ਵਿਚ ਸਮਾਜ ਸੇਵਾ ਤੇ ਨਿਤਾਣਿਆਂ ਨੂੰ ਤਾਣ ਦੇਣ ਦੀ ਭਾਵਨਾ ਵੀ ਸ਼ਾਮਲ ਹੈ|
ਇਸ ਭਾਵਨਾ ਨੂੰ ਸਿਖਰਾਂ `ਤੇ ਪਹੁੰਚਾਣ ਵਾਲੇ ਸਦੀਕਸ਼ਾ ਦੇ ਪਿਤਾ ਹਰਦੇਵ ਸਿੰਘ ਤੇ ਦਾਦਾ ਗੁਰਬਚਨ ਸਿੰਘ ਸਨ ਜਿਨ੍ਹਾਂ ਨੇ 1948 ਵਿਚ ਇਸਨੂੰ ਰਸਮੀ ਤੌਰ `ਤੇ ਜਾਰੀ ਕਰਕੇ ਦੇਸ-ਪਰਦੇਸ `ਚ ਪ੍ਰਚਾਰਨ ਦਾ ਬੀੜਾ ਚੁੱਕਿਆ ਸੀ|
ਇਸ ਭਾਵਨਾ ਨੂੰ ਬਿਲਕੁਲ ਨਵੀਂ ਕਹਿਣਾ ਠੀਕ ਨਹੀਂ ਸੀ ਕਿਉਂਕਿ ਇਸ ਤੋਂ ਬਹੁਤ ਪਹਿਲਾਂ ਵੀ ਇਸ ਪ੍ਰਕਾਰ ਦੀਆਂ ਹੋਰ ਲਹਿਰਾਂ ਤੇ ਮਿਸ਼ਨ ਇਸ ਤਰ੍ਹਾਂ ਦਾ ਸੰਦੇਸ਼ ਦਿੰਦੇ ਰਹੇ ਹਨ| ਇਸਦਾ ਵਿਰੋਧ ਵੀ ਹੋਇਆ ਜਿਹੜਾ 1978 ਵਿਚ ਸਿੱਖੀ ਧਾਰਨਾ ਨਾਲ ਟਕਰਾਓ ਦਾ ਰੂਪ ਵੀ ਧਾਰ ਗਿਆ ਸੀ| ਉਂਝ ਤਾਂ ਇਹ ਵਾਲਾ ਵਿਰੋਧ ਸਮਾਂ ਪਾ ਕੇ ਆਪ ਹੀ ਮੱਠਾ ਹੋ ਚੁੱਕਾ ਹੈ ਪਰ ਨਿਰੰਕਾਰੀ ਮਿਸ਼ਨ ਦੀ ਕਮਾਂਡ ਮਹਿਲਾ ਦੇ ਹੱਥਾਂ ਵਿਚ ਚਲੇ ਜਾਣ ਨਾਲ ਇਹ ਪੱਕੇ ਤੌਰ `ਤੇ ਬਿਖਰ ਗਿਆ ਜਾਪਦਾ ਹੈ| ਸ਼ਾਇਦ ਇਸ ਲਈ ਕਿ ਨਿਰੰਕਾਰੀ ਮਿਸ਼ਨ ਦੀ ਭਾਵਨਾ ਦੀਆਂ ਜੜ੍ਹਾਂ ਵੀ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ਨਾਲ ਮਿਲਦੀਆਂ-ਜੁਲਦੀਆਂ ਹਨ|
ਇਹ ਸਬੱਬ ਦੀ ਗੱਲ ਹੈ ਕਿ ਇਸ ਵਾਰੀ ਦੇ ਪੰਜਾਬੀ ਭਵਨ ਨਵੀਂ ਦਿੱਲੀ ਵਿਚ ਦਿੱਤੇ ਗਏ ਭਾਪਾ ਪ੍ਰੀਤਮ ਸਿੰਘ ਯਾਦਗਾਰੀ ਭਾਸ਼ਨ ਦਾ ਵਿਸ਼ਾ ਵੀ ਦਸਾਂ ਨਹੁੰਆਂ ਦੀ ਕਿਰਤ ਕਮਾਈ ’ਤੇ ਜ਼ੋਰ ਦੇਣ ਵਾਲਾ ਸੀ ਜਿਸ ਦੀਆਂ ਜੜ੍ਹਾਂ ਵੀ ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਕਬਜ਼ਾ ਨਹੀਂ ਪਹਿਚਾਣ ਵਾਲੀ ਪ੍ਰੀਤ ਭਾਵਨਾ ਵਾਲੀਆਂ ਹੀ ਸਨ| ਇਸ ਸਮਾਗਮ ਦੀ ਪ੍ਰਧਾਨਗੀ ਮੰਗੋਲੀਆ ਦੇ ਸਾਬਕਾ ਰਾਜਦੂਤ ਐਸ ਪੀ ਸਿੰਘ ਨੇ ਕੀਤੀ ਤੇ ਭਾਸ਼ਨ ਦੇਣ ਵਾਲਾ ਸੁਕੀਰਤ ਵੀ ਗੁਰਬਖਸ਼ ਸਿੰਘ ਦੀ ਸਪੁਤਰੀ ਉਰਮਿਲਾ ਅਨੰਦ ਦਾ ਬੇਟਾ ਹੈ| ਪ੍ਰੀਤਮ ਸਿੰਘ ਨੇ ਵੀ ਇਹ ਵਾਲੀ ਭਾਵਨਾ ਗੁਰਬਖਸ਼ ਸਿੰਘ ਦੇ ਛਾਪਾ ਖਾਨੇ ਦਾ ਕਰਤਾ-ਧਰਤਾ ਹੁੰਦਿਆਂ ਗ੍ਰਹਿਣ ਕੀਤੀ ਸੀ|
ਸੁਕੀਰਤ ਦਾ ਭਾਸ਼ਣ ਪ੍ਰੀਤਮ ਸਿੰਘ ਦੇ ਛਾਪਕ ਤੋਂ ਪ੍ਰਕਾਸ਼ਕ ਤੇ ਫੇਰ ਸੰਪਾਦਕ-ਪ੍ਰਕਾਸ਼ਕ ਦੇ ਸਫਰ ਤੱਕ ਹੀ ਸੀਮਤ ਨਹੀਂ ਸੀ| ਇਸ ਵਿਚ ਵੀ ਘੁੰਮ ਕੇ ਸਫੈਦਪੋਸ਼ੀ ਨੂੰ ਪ੍ਰਚਾਰਨ ਵਾਲੀ ਭਾਵਨਾ ਸੰਮਿਲਤ ਸੀ| ਕਹਿਣ ਵਾਲੇ ਤਾਂ ਇਹ ਵੀ ਕਹਿ ਸਕਦੇ ਹਨ ਕਿ ਨਿਰੰਕਾਰੀ ਮਿਸ਼ਨ ਦੀ ਭਾਵਨਾ ਵੀ ਪ੍ਰੀਤ ਲੜੀ ਵਾਲੀ ਹੀ ਹੈ| ਨਿਰੰਕਾਰੀ ਮਿਸ਼ਨ ਦੀ ਰਸਮੀ ਸਥਾਪਨਾ 1948 ਵਿਚ ਹੋਈ ਪਰ ਪ੍ਰੀਤ ਲੜੀ ਦਾ ਪਹਿਲਾ ਅੰਕ ਇਸ ਤੋਂ 15 ਸਾਲ ਪਹਿਲਾ 1933 ਵਿਚ ਪ੍ਰਕਾਸ਼ਤ ਹੋਇਆ ਸੀ| ਆਪਣੇ ਦਿਲ ਦਿਮਾਗ ਨੂੰ ਸ਼ਾਂਤ ਰੱਖ ਕੇ ਉੱਨਤੀ ਕਰਨ ਦਾ ਨਤੀਜਾ ਭਾਵੇਂ ਕੋਈ ਵੀ ਹੋਵੇ, ਸਾਰੇ ਧਰਮ ਤੇ ਮਿਸ਼ਨ ਇਸਨੂੰ ਪਰਨਾਏ ਹੋਏ ਹਨ|
ਅੱਜ-ਕਲ੍ਹ ਮੇਰੀ ਹਰ ਦਿੱਲੀ ਫੇਰੀ ਮੈਨੂੰ ਉਨ੍ਹਾਂ ਮਿੱਤਰਾਂ ਦੇ ਪਰਿਵਾਰਾਂ ਕੋਲ ਵੀ ਲੈ ਜਾਂਦੀ ਹੈ ਜਿਨ੍ਹਾਂ ਦਾ ਕੋਈ ਮੈਂਬਰ ਪੂਰੀ ਉਮਰ ਭੋਗ ਕੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਚੁੱਕਿਆ ਹੁੰਦਾ ਹੈ| ਇਸ ਵਾਰ ਦਿੱਲੀ ਦੇ ਸਾਬਕਾ ਪੁਲੀਸ ਕਮਿਸ਼ਨਰ ਗੁਰਦਿਆਲ ਸਿੰਘ ਮੰਡੇਰ ਤੇ ਦੀਵਾਨ ਸਿੰਘ ਕਾਲੇ ਪਾਣੀ ਦਾ ਬੇਟਾ ਹਰਵੰਤ ਸਿੰਘ ਢਿੱਲੋਂ ਇਸ ਮਾਰਗ ਗਏ ਹੋਣ ਕਾਰਨ ਉਨ੍ਹਾਂ ਦੇ ਪਰਿਵਾਰਾਂ ਨਾਲ ਮੇਲ ਵੀ ਓਨਾ ਹੀ ਲਾਜ਼ਮੀ ਸੀ ਜਿੰਨੇ ਹੋਰ ਰੁਝੇਵੇਂ| ਉਹ ਦੋਵੇਂ ਮੇਰੇ ਹਾਣੀ ਤੇ ਸਮਕਾਲੀ ਹੋਣ ਕਾਰਨ ਮੇਰੇ ਦਿੱਲੀ ਵਿਚ ਕਿਆਮ ਦੇ 35 ਵਰਿ੍ਹਆਂ ਵਿਚ ਮੇਰੇ ਸੰਗੀ ਸਾਥੀ ਰਹੇ ਸਨ|
ਮੁਕਰੀ ਫੇਰੀ ਸਮੇਂ ਏਸੇ ਤਰ੍ਹਾਂ ਦੀ ਭਾਵਨਾ ਸਾਬਕਾ ਆਈ ਏ ਐਸ ਅਧਿਕਾਰੀ ਵਿਜੇ ਦੇਵ ਦੇ ਘਰ ਜਾਣ ਸਮੇਂ ਹੋਈ ਜਿਹੜਾ ਚੰਡੀਗੜ੍ਹ ਤੋਂ ਦਿੱਲੀ ਜਾ ਕੇ ਉੱਥੋਂ ਦਾ ਚੀਫ ਸੈਕਟਰੀ ਰਹਿ ਚੁੱਕਿਆ ਸੀ| ਵੱਡੀ ਗੱਲ ਇਹ ਕਿ ਭਾਰਤ ਸਰਕਾਰ ਨੇ ਉਸਦੇ ਕੀਤੇ ਕੰਮਾ ਤੋਂ ਪ੍ਰਭਾਵਤ ਹੋ ਕੇ ਉਸਨੂੰ ਸੇਵਾ ਮੁਕਤੀ ਤੋਂ ਪਿੱਛੋਂ ਸਟੇਟ ਇਲੈਕਸ਼ਨ ਕਮਿਸ਼ਨਰ ਦਾ ਕੰਮ ਸੌਂਪ ਦਿੱਤਾ ਹੈ ਜਿਥੇ ਉਸਨੇ ਪੰਜ ਸਾਲ ਤਾਇਨਾਤ ਰਹਿਣਾ ਹੈ|
ਉਸਦੇ ਘਰ ਮੈਨੂੰ ਉਸਦੀ ਪੁਰਤਗੀਜ਼ ਪਤਨੀ ਸੋਨੀਆ ਵੀ ਮਿਲੀ ਤੇ ਉਨ੍ਹਾਂ ਦੀ ਬੇਟੀ ਵਰਾਲਿਕਾ ਤੇ ਜਵਾਈ ਵੀ, ਜਿਹੜੇ ਸੁਪਰੀਮ ਕੋਰਟ ਵਿਚ ਜ਼ੈਡ ਪਰੈਕਟਿਸ ਕਰਦੇ ਹਨ|
ਮੈਂ ਇਸ ਵਾਰੀ 30 ਅਕਤੂਬਰ ਤੋਂ 2 ਨਵੰਬਰ ਤੱਕ ਚੰਡੀਗੜ੍ਹ ਤੋਂ ਬਾਹਰ ਰਿਹਾ| ਵਾਪਸ ਆ ਕੇ ਅਖਬਾਰਾਂ ਪੜ੍ਹੀਆਂ ਤਾਂ 1984 ਦੇ ਸਿੱਖ ਕਤਲੇਆਮ ਨਾਲ ਭਰੀਆਂ ਪਈਆਂ ਸਨ| ਇਸ ਕਤਲੇਆਮ ਵਿਚ ਮੇਰਾ ਹਾਣੀ ਮਾਮਾ ਸ਼ਮਸ਼ੇਰ ਸਿੰਘ ਭੰਗੂ ਮਾਰਿਆ ਗਿਆ ਸੀ| ਜਿਸਦੇ ਵਡੇਰੇ ਬਾਬਾ ਮਹਿਤਾਬ ਸਿੰਘ ਨੇ ਭਾਈ ਸੁੱਖਾ ਸਿੰਘ ਨਾਲ ਮਿਲ ਕੇ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੱਸਾ ਰੰਘੜ ਦੀ ਹੱਤਿਆ ਕੀਤੀ ਸੀ| ਤੇ ਮੈਂ ਖੁਦ ਭਾਰਤ ਸਰਕਾਰ ਦੀ ਨੌਕਰੀ ਛੱਡਣ ਉਪਰੰਤ ਪੰਜਾਬੀ ਟ੍ਰਿਬਿਊਨ ਦੀ ਨੌਕਰੀ ਉੱਤੇ ਵੇਲੇ ਸਿਰ ਹਾਜ਼ਰ ਨਹੀਂ ਸੀ ਹੋ ਸਕਿਆ| ਉਸ ਕਤਲੇਆਮ ਦੀ ਗੂੰਜ 41 ਸਾਲ ਬੀਤ ਜਾਣ ਉੱਤੇ ਵੀ ਸਿੱਖ ਮਨਾਂ ਵਿਚ ਵਸੀ ਹੋਈ ਹੈ|
ਅੰਤਿਕਾ
ਬਦਾਯੂੰਆਨੀ॥
ਨਹੀਂ ਆਤੀ ਤੋ ਉਨਕੀ ਯਾਦ ਮਹੀਨੋਂ ਭਰ ਨਹੀਂ ਆਤੀ
ਮਗਰ ਜਬ ਯਾਦ ਆਤੇ ਹੈ ਤੋਂ ਅਕਸਰ ਯਾਦ ਆਤੇ ਹੈਂ।
