ਵੀਜ਼ਾ ਨੀਤੀ ਵਿਚ ਤਬਦੀਲੀ; ਸਿਹਤ ਵੇਖ ਕੇ ਮਿਲਣਗੇ ਵੀਜ਼ੇ

ਨਿਊਯਾਰਕ:ਲੰਬੇ ਸਮੇਂ ਤੋਂ ਅਮਰੀਕੀ ਪ੍ਰਸ਼ਾਸਨ ਆਪਣੀਆਂ ਨਵੀਆਂ ਨੀਤੀਆਂ ਲਾਗੂ ਕਰ ਰਿਹਾ ਹੈ। ਪਰਵਾਸੀਆਂ ਲਈ ਵੀਜ਼ੇ ਤੇ ਵੱਖ-ਵੱਖ ਦੇਸ਼ਾਂ ‘ਤੇ ਲਗਾਏ ਟੈਰਿਫ ਕਾਂਰਨ ਟਰੰਪ ਨੂੰ ਨਿੰਦਾ ਦਾ ਵੀ ਸਾਹਮਣਾ ਕਰਨਾ ਪਿਆ ਹੈ। ਅਮਰੀਕਾ ਨੇ ਆਪਣੀ ਵੀਜ਼ਾ ਨੀਤੀ ਮੁੜ ਅਪਡੇਟ ਕੀਤੀ ਹੈ। ਉਸ ਮੁਤਾਬਕ ਜੇ ਕੋਈ ਵਿਅਕਤੀ ਮੋਟਾਪੇ, ਕੈਂਸਰ, ਸ਼ੂਗਰ ਜਾਂ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਹੈ ਤਾਂ ਉਸ ਦਾ ਵੀਜ਼ਾ ਰੱਦ ਹੋ ਸਕਦਾ ਹੈ। ਅਮਰੀਕਾ ਨੇ ਇਹ ਫ਼ੈਸਲਾ ਸੰਯੁਕਤ ਰਾਜ ਦੇ ਸਿਹਤ ਖ਼ਰਚੇ ‘ਤੇ ਵਿੱਤੀ ਭਾਰ ਘਟਾਉਣਾ ਲਈ ਲਿਆ ਹੈ।

ਯੂਐੱਸ ਸਟੇਟ ਡਿਪਾਰਟਮੈਂਟ ਨੇ ਆਪਣੇ ਦੂਤਘਰਾਂ, ਤੇ ਕੌਂਸਲੇਟ ਨੂੰ ਵੀਜ਼ਾ ਅਪਲਾਈ ਕਰਨ ਵਾਲਿਆਂ ਦੀ ਸਿਹਤ ਵੱਲ ਧਿਆਨ ਕੇਂਦ੍ਰਿਤ ਕਰਨ ਦੇ ਹੁਕਮ ਦਿੱਤੇ ਹਨ। ਇਸ ਪਾਲਿਸੀ ਮੁਤਾਬਕ ਸਿਰਫ਼ ਵੀਜ਼ਾ ਅਰਜ਼ੀ ਦੇਣ ਵਾਲੇ ਦੀ ਸਿਹਤ ਹੀ ਨਹੀਂ ਦੇਖੀ ਜਾਂਦੀ, ਬਲਕਿ ਉਨ੍ਹਾਂ ‘ਤੇ ਨਿਰਭਰ ਪਰਿਵਾਰਕ ਮੈਂਬਰਾਂ ਦੀ ਸਿਹਤ ਨੂੰ ਵੀ ਦੇਖਿਆ ਜਾਂਦਾ ਹੈ। ਹੁਣ ਵੀਜ਼ਾ ਅਧਿਕਾਰੀਆਂ ਕੋਲ ਇਸ ਗੱਲ ਦੀ ਤਾਕਤ ਹੋਵੇਗੀ ਕਿ ਉਹ ਅਜਿਹੀਆਂ ਵਿਸ਼ੇਸ਼ ਸਿਹਤ ਸਮੱਸਿਆਵਾਂ ਵਾਲੇ ਬਿਨੈਕਾਰਾਂ ਦੇ ਵੀਜ਼ੇ ਰੱਦ ਕਰ ਸਕਣਗੇ। ਅਮਰੀਕੀ ਸਿਹਤ ਵਿਭਾਗ ਤੇ ਪ੍ਰਸ਼ਾਸਨ ਨੂੰ ਇਹ ਖ਼ਦਸ਼ਾ ਹੈ ਕਿ ਅਜਿਹੀਆਂ ਬਿਮਾਰੀਆਂ ਵਾਲੇ ਲੋਕ ਉਨ੍ਹਾਂ ਦੇ ਹੈਲਥ ਸਿਸਟਮ ‘ਤੇ ਬੋਝ ਦੇ ਨਾਲ-ਨਾਲ ਅਮਰੀਕਾ ਦੇ ਮੂਲ ਨਿਵਾਸੀਆਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦੇ ਹਨ। ਭਾਰਤੀਆਂ ਦੇ ਲਿਹਾਜ਼ ਨਾਲ ਅਮਰੀਕਾ ਦੀ ਇਹ ਨੀਤੀ ਵੱਧ ਪਰੇਸ਼ਾਨ ਕਰਨ ਵਾਲੀ ਹੈ। ਇਕ ਰਿਪੋਰਟ ਦੇ ਮੁਤਾਬਕ ਸਾਲ 2023 ‘ਚ ਨਵੀਂ ਦਿੱਲੀ ‘ਚ ਅਮਰੀਕੀ ਦੂਤਘਰ ਨੇ ਡੇਢ ਲੱਖ ਤੋਂ ਵੱਧ ਵੀਜ਼ਿਆਂ ਨੂੰ ਪ੍ਰੋਸੈੱਸ ਕੀਤਾ।
ਇਹ 2022 ਨਾਲੋਂ ਵੀਜ਼ਾ ਅਰਜ਼ੀਆਂ ‘ਚ 60 ਫ਼ੀਸਦੀ ਦਾ ਵਾਧਾ ਸੀ। ਜਦਕਿ ਇਸੇ ਸਾਲ ਅਮਰੀਕਾ ਨੇ 5 ਲੱਖ 62 ਹਜ਼ਾਰ 976 ਵੀਜ਼ੇ ਜਾਰੀ ਕੀਤੇ ਹਨ। ਇਸੇ ਤਰ੍ਹਾਂ ਇਕ ਹੋਰ ਰਿਪੋਰਟ ਮੁਤਾਬਕ ਹਰ ਸਾਲ ਕੋਈ ਸੱਤ ਲੱਖ ਭਾਰਤੀ ਅਮਰੀਕਾ ਜਾਣ ਲਈ ਵੀਜ਼ੇ ਅਪਲਾਈ ਕਰਦੇ ਹਨ। ਇਹ ਅਰਜ਼ੀਆਂ ‘ਚ ਹਰ ਸਾਲ ਹੋਣ ਵਾਲਾ ਲੱਖਾਂ ਦੀ ਗਿਣਤੀ ਦਾ ਵਾਧਾ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਭਾਰਤੀ ਨਾਗਰਿਕਾਂ ‘ਚ ਅਮਰੀਕਾ ਦੀ ਯਾਤਰਾ ਕਰਨ ਲਈ ਕਿੰਨਾ ਉਤਸ਼ਾਹ ਹੈ ਤੇ ਸੈਰ-ਸਪਾਟੇ ਦੇ ਨਾਲ-ਨਾਲ ਅਮਰੀਕਾ ‘ਚ ਕਾਰੋਬਾਰ ਲਈ ਵੀ ਬਹੁਤੇ ਲੋਕ ਅਰਜ਼ੀਆਂ ਲਗਾਉਂਦੇ ਹਨ। ਇਸ ਸਾਲ ਕਰੀਬ 3 ਲੱਖ 30 ਹਜ਼ਾਰ ਵਿਦਿਆਰਥੀਆਂ ਨੇ ਵੀਜ਼ਿਆਂ ਲਈ ਅਰਜ਼ੀਆਂ ਦਿੱਤੀਆਂ ਹਨ। ਇਸ ਨਾਲ ਸੰਯੁਕਤ ਰਾਜ ਅਮਰੀਕਾ ‘ਚ ਉਚੇਰੀ ਸਿੱਖਿਆ ਹਾਸਲ ਕਰਨ ਲਈ ਵਿਦਿਆਰਥੀਆਂ ਦੀ ਦਿਲਚਸਪੀ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਹਾਲਾਂਕਿ ਭਾਰਤ ਜਾਂ ਇਸ ਦੇ ਸੂਬਿਆਂ ਤੋਂ ਅਮਰੀਕਾ ਜਾਂ ਹੋਰ ਮੁਲਕਾਂ ਲਈ ਜਾਣ ਵਾਲੇ ਵਿਦਿਆਰਥੀਆਂ ਦਾ ਇਕੱਲਾ ਸੁਪਨਾ ਉੱਥੇ ਜਾ ਕੇ ਸਿੱਖਿਆ ਹਾਸਲ ਕਰਨਾ ਨਹੀਂ ਹੈ। ਬਹੁਤੇ ਵਿਦਿਆਰਥੀ ਉਹ ਹਨ ਜੋ ਰੁਜ਼ਗਾਰ ਤੇ ਹੋਰ ਕਾਰਨਾਂ ਕਰਕੇ ਅਮਰੀਕਾ ਦਾ ਵੀਜ਼ਾ ਹਾਸਲ ਕਰਦੇ ਹਨ। ਉਨ੍ਹਾਂ ਦਾ ਸੁਪਨਾ ਆਰਥਿਕ ਤੌਰ ‘ਤੇ ਸਮਰੱਥ ਮੁਲਕ ‘ਚ ਪੱਕੇ ਤੌਰ ‘ਤੇ ਵਸਣਾ ਹੈ। ਕਈ ਵਿਦਿਆਰਥੀ ਆਪਣੇ ਮਾਪਿਆਂ ਜਾਂ ਜੀਵਨ ਸਾਥੀਆਂ ਨੂੰ ਵੀ ਅਮਰੀਕਾ ਪਹੁੰਚ ਕੇ ਵੀਜ਼ਾ ਪ੍ਰਣਾਲੀ ਰਾਹੀਂ ਬੁਲਾਉਂਦੇ ਹਨ। ਨਵੀਂ ਵੀਜ਼ਾ ਨੀਤੀ ਦਾ ਅਸਰ ਅਜਿਹੇ ਵਿਦਿਆਰਥੀਆਂ ‘ਤੇ ਵੀ ਪਵੇਗਾ, ਜਿਹੜੇ ਆਪਣੇ ਮਾਪਿਆਂ ਲਈ ਅਮਰੀਕਾ ਆਉਣ ਦਾ ਰਾਹ ਪੱਧਰਾ ਕਰ ਰਹੇ ਹਨ ਪਰ ਮਾਪੇ ਕਿਸੇ ਗੰਭੀਰ ਬਿਮਾਰੀ ਨਾਲ ਜੂਝ ਰਹੇ ਹਨ। ਵਿਦੇਸ਼ ਜਾਣ ਦੇ ਚਾਹਵਾਨਾਂ ਲਈ ਚਿੰਤਾ ਦੀ ਗੱਲ ਇਹ ਹੈ ਕਿ ਅਮਰੀਕਾ ਦੀ ਨੀਤੀ ਨੂੰ ਦੇਖ ਕੇ ਹੋਰ ਮੁਲਕ ਵੀ ਆਪਣੇ ਹੈਲਥ ਸਿਸਟਮ ‘ਤੇ ਪਰਵਾਸੀਆਂ ਕਾਰਨ ਪੈਣ ਵਾਲੇ ਪ੍ਰਭਾਵਾਂ ਦਾ ਮੁਲਾਂਕਣ ਕਰਨ ਬਾਰੇ ਸੋਚ ਸਕਦੇ ਹਨ।