ਪ੍ਰਿੰ. ਸਰਵਣ ਸਿੰਘ
ਫੋਨ: 647-785-1661
ਯੁਵਰਾਜ ਸਿੰਘ ਨੂੰ ਲਾਡ ਨਾਲ ‘ਯੁਵੀ’ ਵੀ ਕਿਹਾ ਜਾਂਦੈ। ਜਿਵੇਂ ਜੱਗੇ ਜੱਟ ਬਾਰੇ ਲੋਕ ਗੀਤ ਜੁੜੇ ਨੇ ਉਵੇਂ ਯੁਵਰਾਜ ਯੁਵੀ ਬਾਰੇ ਵੀ ਕਿਹਾ ਜਾ ਸਕਦੈ: ਯੁਵੀ ਜੱਟ ਨੀ ਕਿਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮਦੇ। ਉਹ ਲੁਧਿਆਣੇ ਲਾਗੇ ਪਿੰਡ ਕਨੇਚ ਦੇ ਜੱਟਾਂ ਦਾ ਚੰਡੀਗੜ੍ਹੀਆ ਮੁੰਡਾ ਹੈ। ਯੁਵੀ ਕਮਾਲ ਦਾ ਬੱਲੇਬਾਜ਼ ਸੀ।
ਉਸ ਨੇ ਇੰਗਲੈਂਡ ਦੇ ਗੇਂਦਬਾਜ਼ ਸਟੂਆਰਟ ਬਰੌਡ ਦੀਆਂ ਛੇ ਬਾਲਾਂ `ਤੇ ਛੇ ਛੱਕੇ ਮਾਰ ਕੇ ਧੰਨ-ਧੰਨ ਕਰਾ ਦਿੱਤੀ ਸੀ। ਉਦੋਂ ਜਦੋਂ ਮੈਚ ਹੰਨੇ ਜਾਂ ਬੰਨੇ ਹੋਣ ਵਾਲਾ ਸੀ। ਐਸਾ ਮਾਅਰਕਾ ਕ੍ਰਿਕਟ ਟਵੰਟੀ-20 ਵਿਸ਼ਵ ਕੱਪਾਂ ਦੇ ਇਤਿਹਾਸ ਵਿਚ ਪਹਿਲਾਂ ਕਿਸੇ ਹੋਰ ਨੇ ਨਹੀਂ ਸੀ ਮਾਰਿਆ। ਉਹਦੇ ਨਾਲ ਯੁਵੀ ਦੀ ਅੱਧ ਅਸਮਾਨੇ ਚੜ੍ਹੀ ਗੁੱਡੀ ਪੂਰੇ ਅਸਮਾਨ `ਤੇ ਚੜ੍ਹ ਗਈ ਸੀ।
ਉਦੋਂ ਉਹ ਭਾਰਤੀ ਕ੍ਰਿਕਟ ਟੀਮ ਦਾ ਵਾਈਸ ਕੈਪਟਨ ਸੀ। 2007 ਦਾ ਵਰਲਡ ਟਵੰਟੀ-20 ਕੱਪ ਖੇਡਿਆ ਜਾ ਰਿਹਾ ਸੀ। ਯੁਵਰਾਜ ਉਦੋਂ ਭਰ ਜੁਆਨ ਸੀ। ਮੈਚ ਕਹਿੰਦੀ ਕਹਾਉਂਦੀ ਟੀਮ ਇੰਗਲੈਂਡ ਵਿਰੁੱਧ ਸੀ। ਉਸ ਟੀਮ ਵਿਰੁੱਧ ਜਿਨ੍ਹਾਂ ਦੀ ਕ੍ਰਿਕਟ ਜੱਦੀ-ਪੁਸ਼ਤੀ ਖੇਡ ਹੈ। ਗੁੱਲੀ-ਡੰਡਾ ਤੇ ਖਿੱਦੋ-ਖੂੰਡੀ ਖੇਡਣ ਵਾਲੇ ਪੰਜਾਬ ਦੇ 6 ਫੁੱਟ 2 ਇੰਚ ਉੱਚੇ ਦਰਸ਼ਨੀ ਖਿਡਾਰੀ ਯੁਵਰਾਜ ਸਿੰਘ ਨੇ ਕ੍ਰਿਕਟ ‘ਚ ਐਸੀ ਕਲਾ ਵਰਤਾਈ ਕਿ ਦੁਨੀਆ ਦੰਗ ਕਰ ਦਿੱਤੀ!
ਬਤੌਰ ਬੱਲੇਬਾਜ਼, ਗੇਂਦਬਾਜ਼, ਫੀਲਡਰ, ਗੱਲ ਕੀ ਉਹਦੀ ਹਰ ਮੈਦਾਨ ਬੱਲੇ-ਬੱਲੇ ਹੁੰਦੀ ਰਹੀ। ਉਸ ਤੋਂ ਪਹਿਲਾਂ ਕੌਮਾਂਤਰੀ ਟੈਸਟ ਮੈਚਾਂ ‘ਚ ਕੇਵਲ ਤਿੰਨ ਬੱਲੇਬਾਜ਼ਾਂ ਨੇ ਹੀ ਇਕ ਓਵਰ ਵਿਚ ਛੇ ਛੱਕੇ ਮਾਰੇ ਸਨ। ਪਰ ਵਰਲਡ ਟਵੰਟੀ-20 ਕੱਪ ਵਿਚ ਅਜਿਹਾ ਕ੍ਰਿਸ਼ਮਾ ‘ਕ੍ਰਿਕਟ ਕਿੰਗ’ ਯੁਵਰਾਜ ਸਿੰਘ ਨੇ ਹੀ ਕੀਤਾ। ਇਹਦੇ ਨਾਲ ਉਸ ਨੇ ਉਸੇ ਮੈਚ ‘ਚ ਕੇਵਲ 12 ਬਾਲਾਂ ‘ਤੇ ਚੌਕੇ ਛੱਕੇ ਮਾਰ ਕੇ 50 ਦੌੜਾਂ ਦੀ ਰਿਕਾਡ ਤੋੜ ਅਰਧ ਸੈਂਚਰੀ ਵੀ ਬਣਾਈ। ਇਹ ਵੀ ਵਿਸ਼ਵ ਰਿਕਾਰਡ ਸੀ ਜੋ ਮਸੀਂ 15-16 ਸਾਲਾਂ ਬਾਅਦ ਟੁੱਟਿਆ। 2011 ਦੇ ਵਿਸ਼ਵ ਕੱਪ ‘ਚ ਇਕ ਮੈਚ ਐਸਾ ਖੇਡਿਆ ਜੀਹਦੇ ‘ਚ ਅਰਧ ਸੈਂਚਰੀ ਮਾਰੀ ਤੇ 5 ਵਿਕਟਾਂ ਵੀ ਝਾੜੀਆਂ। ਉਸ ਕੱਪ ‘ਚ ਉਸ ਨੇ ਅੱਠ ਪਾਰੀਆਂ ਖੇਡੀਆਂ ਤੇ 362 ਦੌੜਾਂ ਬਣਾਈਆਂ। ਹੋਰ ਤਾਂ ਹੋਰ 5.02 ਦੇ ਸੰਜਮੀ ਰੇਟ ਨਾਲ 15 ਵਿਕਟਾਂ ਵੀ ਲਈਆਂ।
ਯੁਵਰਾਜ ਸਿੰਘ ਦਾ ਜਨਮ 12 ਦਸੰਬਰ 1981 ਨੂੰ ਚੰਡੀਗੜ੍ਹ ਵਿਖੇ ਹੋਇਆ। ਉਹ ਆਪਣੇ ਸਮੇਂ ਦਾ ਰੁਸਤਮੇ ਹਿੰਦ ਕ੍ਰਿਕਟਰ ਬਣਿਆ ਰਿਹਾ। ਉਹ ਫਿਲਮੀ ਐਕਟਰ ਯੋਗਰਾਜ ਸਿੰਘ ਦਾ ਮਾਣਮੱਤਾ ਪੁੱਤਰ ਹੈ ਤੇ ਮਾਤਾ ਸ਼ਬਨਮ ਕੌਰ ਦਾ ਲਾਡਲਾ ਲਾਲ। ਉਨ੍ਹਾਂ ਦਾ ਜੱਦੀ ਪਿੰਡ ਕਨੇਚ ਹੈ। ਉਸ ਦੇ ਪਿਤਾ ਨੇ ਘਰ ‘ਚ ਹੀ ਪੱਕਾ ਪਿੱਚ ਬਣਾ ਕੇ ਯੁਵੀ ਨੂੰ ਕ੍ਰਿਕਟ ਖੇਡਣ ਲਾ ਲਿਆ ਸੀ। ਬਾਪ ਕਈ ਵਾਰ ਪੁੱਤਰ ਨੂੰ ਏਨੀ ਸਖ਼ਤ ਮਿਹਨਤ ਕਰਵਾਉਂਦਾ ਕਿ ਯੁਵੀ ਦੀ ‘ਬੱਸ’ ਹੋ ਜਾਂਦੀ। ਆਖ਼ਰ ਉਹ ਸਖਤ ਮਿਹਨਤ ਹੀ ਰੰਗ ਲਿਆਈ ਜਿਸ ਨਾਲ ਯੁਵੀ ਦਾ ਵੀ ਜੱਸ ਹੋਇਆ ਤੇ ਉਹਦੇ ਬਾਪ ਯੋਗਰਾਜ ਸਿੰਘ ਨੂੰ ਮੁੱਢਲੇ ਕੋਚ ਵਜੋਂ ਮਾਨਤਾ ਮਿਲੀ। ਯੋਗਰਾਜ ਸਿੰਘ ਦੀਆਂ ਦੋ ਪਤਨੀਆਂ ਤੋਂ ਦੋ ਪੁੱਤਰ ਹਨ ਤੇ ਇਕ ਧੀ। ਯੁਵੀ ਦੀ ਐਕਟ੍ਰੈਸ ਪਤਨੀ ਹੇਜ਼ਲ ਕੀਚ ਦੀ ਕੁੱਖੋਂ ਇਕ ਧੀ ਤੇ ਇਕ ਪੁੱਤਰ ਹੈ।
ਯੁਵਰਾਜ ਨੇ ਮੁਢਲੀ ਕੋਚਿੰਗ ਆਪਣੇ ਬਾਪ ਤੋਂ ਲਈ ਸੀ। ਫਿਰ ਉਸ ਨੂੰ ਮੁੰਬਈ ਦਲੀਪ ਵੈਂਗਸਰਕਰ ਦੀ ਕ੍ਰਿਕਟ ਅਕੈਡਮੀ ਤੋਂ ਸਪੈਸ਼ਲ ਕੋਚਿੰਗ ਲੈਣ ਭੇਜ ਦਿੱਤਾ ਸੀ। ਉਹਦਾ ਸਿੱਟਾ ਨਿਕਲਿਆ ਕਿ ਉਹ ਰਾਂਜੀ ਟਰਾਫੀ ਲਈ ਛੋਟੀ ਉਮਰੇ ਹੀ ਪੰਜਾਬ ਦੀ ਟੀਮ ‘ਚ ਚੁਣਿਆ ਗਿਆ। ਇਹ ਵੱਖਰੀ ਗੱਲ ਹੈ ਕਿ ਆਪਣੇ ਕ੍ਰਿਕਟ ਕੈਰੀਅਰ ਦੀ ਪਹਿਲੀ ਪਾਰੀ ਖੇਡਣ ਲੱਗਾ ਤਾਂ ‘ਡੱਕ’ ਹੋ ਗਿਆ। ਯਾਨੀ ਬਿਨਾਂ ਕੋਈ ਰਨ ਬਣਾਏ ਆਊਟ। ਕ੍ਰਿਕਟ ਦੀ ਭਾਸ਼ਾ ਵਿਚ ਉਹ ਆਉਂਦਾ ਹੀ ਚਲਦਾ ਬਣਿਆ। ਪਰ ਜਦੋਂ ਚੱਜ ਨਾਲ ਚੱਲਣ ਲੱਗ ਪਿਆ ਤਾਂ ‘ਨੇ੍ਹਰੀਆਂ ਲਿਆਈ ਗਿਆ।
ਉਸ ਦੀ ਪੁਸ਼ਾਕ ਦਾ ਨੰਬਰ ਹਰੇਕ ਮੈਚ ਵਿਚ 12 ਹੀ ਰਿਹਾ। ਯੁਵੀ ਦਾ 12 ਨੰਬਰ ਨਾਲ ਖ਼ਾਸ ਲਗਾਓ ਸੀ। ਉਹ 1981 ‘ਚ 12ਵੇਂ ਮਹੀਨੇ ਦੀ 12 ਤਾਰੀਕ ਨੂੰ ਸੈਕਟਰ 12 ਪੀਜੀਆਈ ਵਿਚ ਜੰਮਿਆ ਸੀ। ਉਸ ਨੇ ਆਪਣੇ ਖੇਡ ਕੈਰੀਅਰ ਵਿਚ 12 ਨੰਬਰ ਦੀ ਪੁਸ਼ਾਕ ਪਾ ਕੇ ਹੀ ਕ੍ਰਿਕਟ ਖੇਡੀ। ਕਮਾਲ ਦੀ ਗੱਲ ਇਹ ਹੋਈ ਕਿ ਟਵੰਟੀ-20 ਵਿਸ਼ਵ ਕੱਪ ‘ਚ 12 ਗੇਂਦਾਂ ਉਪਰ ਹੀ ਅਰਧ ਸੈਂਚਰੀ ਮਾਰ ਕੇ ਵਿਸ਼ਵ ਰਿਕਾਰਡ ਬਣਾਇਆ। ਉਸ ਨੇ 2012 ‘ਚ ਕੈਂਸਰ ਦੇ ਇਲਾਜ ਤੋਂ ਬਾਅਦ ਮੈਦਾਨ ‘ਚ ਵਾਪਸੀ ਕੀਤੀ।
ਯੁਵਰਾਜ ਦਾ ਖੇਡ ਕਰੀਅਰ ਉਸ ਦੇ ਪਿਤਾ ਯੋਗਰਾਜ ਸਿੰਘ ਦੀਆਂ ਆਸਾਂ, ਉਮੀਦਾਂ, ਦੁਆਵਾਂ ਤੇ ਤਪੱਸਿਆਵਾਂ ਦਾ ਫਲ ਹੈ। ਯੋਗਰਾਜ ਸਿੰਘ ਜਦੋਂ ਖੁਦ 1983 ਵਿਚ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ‘ਚ ਚੁਣਿਆ ਨਾ ਜਾ ਸਕਿਆ ਤਾਂ ਉਸ ਨੇ ਇੱਛਾ ਪ੍ਰਗਟਾਈ ਸੀ ਕਿ ਮੇਰਾ ਅਧੂਰਾ ਸੁਫਨਾ ਮੇਰਾ ਪੁੱਤਰ ਪੂਰਾ ਕਰੇਗਾ। ਆਖ਼ਰ ਯੁਵੀ ਨੇ 2011 ਵਿਚ ਆਪਣੇ ਪਿਤਾ ਦਾ ਵਿਸ਼ਵ ਕੱਪ ਜਿੱਤਣ ਦਾ ਸੁਫਨਾ ਸਾਕਾਰ ਕੀਤਾ।
ਯੁਵੀ ਖਬਚੂ ਬੱਲੇਬਾਜ਼ ਸੀ ਤੇ ਖਬਚੂ ਹੀ ਗੇਂਦਬਾਜ਼। ਉਹ ਨਾ ਬੱਲੇਬਾਜ਼ ਵਜੋਂ ਓਪਨਰ ਸੀ ਤੇ ਨਾ ਹੀ ਗੇਂਦਬਾਜ਼ ਵਜੋਂ ਓਪਨਰ। ਪਰ ਸੰਕਟ ਸਮੇਂ ਉਸ ਨੂੰ ਕਿਸੇ ਵੀ ਵਕਤ ਬਾਲ ਜਾਂ ਬੱਲਾ ਫੜਾ ਦਿੱਤੇ ਜਾਂਦੇ ਸਨ। ਜੁੱਸੇ ਦਾ ਤਕੜਾ ਸੀ ਤੇ ਲੰਮੀਆਂ ਪਾਰੀਆਂ ਖੇਡਣ ਦੀ ਜਿੰਦਜਾਨ ਵਾਲਾ ਸੀ। ਖੇਡਦਾ ਜੋਸ਼ ਨਾਲ ਸੀ ਪਰ ਗੱਲ ਸਹਿਜ ਨਾਲ ਕਰਦਾ ਸੀ। ਉਹ ਆਲਰਾਊਂਡਰ ਖਿਡਾਰੀ ਸੀ ਜਿਸ ਨੂੰ ਸੰਕਟ ਸਮੇਂ ਕਿਸੇ ਵੀ ਸਥਾਨ ‘ਤੇ ਵਰਤ ਲਿਆ ਜਾਂਦਾ ਸੀ।
ਉਹ 1996-97 ਤੋਂ ਪੰਜਾਬ ਦੀ ਟੀਮ ਵੱਲੋਂ ਤੇ ਫਿਰ ਭਾਰਤ ਦੀ ਟੀਮ ਵੱਲੋਂ ਲਗਭਗ ਵੀਹ ਵਰੇ੍ਹ ਮੁਕਾਬਲੇ ਦੀ ਸਰਗਰਮ ਕ੍ਰਿਕਟ ਖੇਡਿਆ। ਪੰਜਾਬ ਵੱਲੋਂ ਉਸ ਨੇ ਰਾਂਜੀ ਟਰਾਫੀ ਦੇ ਮੈਚ 2018-19 ਤਕ ਖੇਡੇ। ਭਾਰਤ ਵੱਲੋਂ ਹਰ ਤਰ੍ਹਾਂ ਦੀ ਕ੍ਰਿਕਟ ਦੇ ਮੈਚ 2000 ਤੋਂ 2017 ਖੇਡਦਾ ਰਿਹਾ। ਯੁਵੀ ਨੇ ਪਹਿਲਾ ਇਕ ਰੋਜ਼ਾ ਮੈਚ 3 ਅਕਤੂਬਰ 2000 ਨੂੰ ਕੀਨੀਆ ਵਿਰੁੱਧ ਖੇਡਿਆ। ਉਦੋਂ ਉਹ ਕੇਵਲ 17 ਸਾਲਾਂ ਦਾ ਸੀ। ਉਸ ਨੇ ਪਹਿਲਾ ਅੰਤਰਰਾਸ਼ਟਰੀ ਟੈੱਸਟ ਮੈਚ ਨਿਊਜ਼ੀਲੈਂਡ ਵਿਰੁੱਧ 16 ਅਕਤੂਬਰ 2003 ਨੂੰ ਖੇਡਣਾ ਸ਼ੁਰੂ ਕੀਤਾ। 2012 ਵਿਚ ਇੰਗਲੈਂਡ ਦੀ ਟੀਮ ਵਿਰੁੱਧ ਉਹ ਆਪਣਾ ਆਖ਼ਰੀ ਟੈੱਸਟ ਮੈਚ ਖੇਡਿਆ। 2007 ਵਿਚ ਸਕਾਟਲੈਂਡ ਖ਼ਿਲਾਫ ਟੈੱਸਟ ਮੈਚ ਤੇ 2017 ਵਿਚ ਵੈੱਸਟ ਇੰਡੀਜ਼ ਵਿਰੁੱਧ ਮੈਚ ਖੇਡੇ।
2003 ਦੌਰਾਨ ਉਹ ਯੌਰਕਸ਼ਾਇਰ ਦੀ ਕਾਉਂਟੀ ਵੱਲੋਂ ਖੇਡਦਾ ਰਿਹਾ। 2008-10 ਤੇ 2018 ਵਿਚ ਪੰਜਾਬ ਕਿੰਗਜ਼ ਵੱਲੋਂ ਖੇਡਿਆ। 2014 ਵਿਚ ਰਾਇਲ ਚੈਲੰਜਰਜ਼ ਬੰਗਲੌਰ ਵੱਲੋਂ, 2015 ਵਿਚ ਦਿੱਲੀ ਡੇਅਰ ਡੈਵਿਲਜ਼ ਵੱਲੋਂ ਤੇ 2016-17 ਵਿਚ ਸਨਰਾਈਜ਼ਰਜ਼ ਹੈਦਰਾਬਾਦ ਵੱਲੋਂ ਖੇਡਿਆ। 2018 ‘ਚ ਮੁੜ ਪੰਜਾਬ ਕਿੰਗਜ਼ ਵੱਲ ਆ ਗਿਆ। 2019 ਵਿਚ ਮੁੰਬਈ ਇੰਡੀਅਨਜ਼, 2019 ਟੋਰਾਂਟੋ ਨੈਸ਼ਨਲਜ਼ ਤੇ 2019 ਵਿਚ ਮਰਾਠਾ ਅਰੈਬੀਅਨਜ਼ ਵੱਲੋਂ ਖੇਡਿਆ। ਜਿਥੇ ਵੀ ਖੇਡਿਆ ਹਰ ਥਾਂ ਉਹਦਾ ਸੁਕੇਡ ਨੰਬਰ 12 ਹੀ ਰਿਹਾ। ਉਸ ਨੇ ਇੰਟਨੈਸ਼ਨਲ ਪੱਧਰ ‘ਤੇ 7 ਪਲੇਅਰਜ਼ ਆਫ਼ ਦਾ ਸੀਰੀਜ਼ ਅਵਾਰਡ ਜਿੱਤੇ ਜੋ ਉਸ ਤੋਂ ਪਹਿਲਾਂ ਭਾਰਤ ਦੇ ਕੇਵਲ ਸੌਰਵ ਗੰਗੂਲੀ ਨੇ ਜਿੱਤੇ ਸਨ।
2011 ਵਿਚ ਜਦੋਂ ਉਹਦੀ ਗੁੱਡੀ ਸਿਖਰ ‘ਤੇ ਸੀ ਤਾਂ ਅਚਾਨਕ ਖੱਬੇ ਫੇਫੜੇ ਦੀ ਕੈਂਸਰ ਦੇ ਲਪੇਟੇ ਵਿਚ ਆ ਗਿਆ। ਪਰ ਅਸ਼ਕੇ ਉਹਦੇ ਕਿ ਲਹੂ ਦੀਆਂ ਉਲਟੀਆਂ ਦਾ ਵੀ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਤੇ ਮਿਥੇ ਮੈਚ ਪੂਰੇ ਖੇਡਦਾ ਰਿਹਾ। ਉਸ ਨੂੰ ਐਵੇਂ ਨਹੀਂ ‘ਯੂਵੀ ਦੀ ਗ੍ਰੇਟ’ ਕਿਹਾ ਜਾਂਦਾ। ਫਿਰ ਘਰਦਿਆਂ ਦੇ ਜ਼ੋਰ ਦੇਣ ਉਤੇ ਉਹਦਾ ਕੈਂਸਰ ਦਾ ਇਲਾਜ ਬੋਸਟਨ ਤੇ ਇੰਡੀਅਨਐਪੋਲਿਸ ਦੇ ਹਸਪਤਾਲਾਂ ਵਿਚ ਚੱਲਿਆ। ਕੀਮੋਥੈਰੇਪੀ ਦਾ ਸਾਈਕਲ ਪੂਰਾ ਕਰ ਕੇ ਉਹ ਮੁੜ ਅਪ੍ਰੈਲ 2012 ‘ਚ ਭਾਰਤ ਦੇ ਕ੍ਰਿਕਟ ਮੈਦਾਨਾਂ ਵਿਚ ਵਿਚਰਨ ਲੱਗਾ। 2012 ਦੇ ਵਰਲਡ ਟਵੰਟੀ-20 ਮੈਚਾਂ ਤੋਂ ਪਹਿਲਾਂ ਉਹ ਨਿਊਜ਼ੀਲੈਂਡ ਵਿਰੁੱਧ ਖੇਡਿਆ। ਤਦ ਤਕ ਉਹ 30 ਸਾਲਾਂ ਤੋਂ ਟੱਪ ਚੁੱਕਾ ਸੀ ਪਰ ਉਹਦਾ ਹੌਂਸਲਾ 20-25 ਸਾਲਾਂ ਦੇ ਗਭਰੂਆਂ ਵਰਗਾ ਸੀ।
ਉਸ ਦੀਆਂ ਖੇਡ ਪ੍ਰਾਪਤੀਆਂ ਨੂੰ ਮੁੱਖ ਰੱਖਦਿਆਂ 2012 ਵਿਚ ਭਾਰਤ ਸਰਕਾਰ ਵੱਲੋਂ ਉਸ ਨੂੰ ਅਰਜਨ ਅਵਾਰਡ ਨਾਲ ਸਨਮਾਨਿਆ ਗਿਆ। 2014 ਵਿਚ ਉਸ ਨੂੰ ਪਦਮ ਸ਼੍ਰੀ ਦੀ ਉਪਾਧੀ ਦਿੱਤੀ ਗਈ। 2014 ਵਿਚ ਹੀ ਆਈਪੀਐੱਲ ਦੀ ਬੋਲੀ ਲੱਗੀ ਤਾਂ ਯੁਵਰਾਜ ਦੀ ਖਰੀਦ 14 ਕਰੋੜ ਰੁਪਈਆਂ ਤਕ ਚਲੀ ਗਈ ਜੋ ਰੌਇਲ ਚੈਲੈਂਜਰਜ਼ ਨੇ ਸਭ ਤੋਂ ਵੱਧ ਦਿੱਤੀ। 2015 ਵਿਚ ਉਸ ਨੂੰ ਦਿੱਲੀ ਕੈਪੀਟਲਜ਼ ਨੇ ਸਭ ਤੋਂ ਵੱਧ 16 ਕਰੋੜ ਦੇ ਕੇ ਆਪਣੀ ਟੀਮ ਵਿਚ ਪਾ ਲਿਆ। ਮਹਿੰਗਾ ਖਿਡਾਰੀ ਹੋਣ ਦਾ ਉਹਦਾ ਇਹ ਰਿਕਾਰਡ ਰਾਜਸਥਾਨ ਰਾਇਲਜ਼ ਨੇ ਫਰਵਰੀ 2021 ਵਿਚ ਕ੍ਰਿਸ ਮੋਰਿਸ ਨੂੰ ਸਵਾ 16 ਕਰੋੜ ਦੇ ਕੇ ਤੋੜਿਆ। ਫਰਵਰੀ 2014 ਵਿਚ ਯੁਵਰਾਜ ਨੂੰ ‘ਫਿੱਕੀ’ ਵਾਲਿਆਂ ਨੇ ‘ਮੋਸਟ ਇੰਸਪਾਇਰਿੰਗ ਸਪੋਰਟਸ ਪਰਸਨ ਆਫ਼ ਦਾ ਯੀਅਰ’ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ।
ਜੂਨ 2017 ਵਿਚ 36 ਸਾਲ ਦੀ ਉਮਰੇ ਉਸ ਨੇ ਭਾਰਤ ਵੱਲੋਂ ਵੈੱਸਟ ਇੰਡੀਜ਼ ਵਿਰੁੱਧ ਆਪਣਾ ਆਖ਼ਰੀ ਮੈਚ ਖੇਡਿਆ। ਗਲੋਬਲ ਟੀ-20 ਕੈਨੇਡਾ, ਕੈਨੇਡਾ ‘ਚ ਖੇਡਣ ਕਰਕੇ ਤੇ ਆਬੂ ਧਾਬੀ ਟੀ-10 ਯੂਨਾਈਟਿਡ ਅਰਬ ਐਮੀਰੇਟਸ ਵਿਚ ਖੇਡਣ ਕਰਕੇ ਉਸ ਨੂੰ ਆਈਪੀ ਵਿਚ ਹੋਰ ਖੇਡਣ ਦੀ ਇਜਾਜ਼ਤ ਨਾ ਦਿੱਤੀ ਗਈ। ਆਖ਼ਰ ਉਹ ਭਰੇ ਮਨ ਨਾਲ 10 ਜੂਨ 2019 ਦੇ ਦਿਨ ਕ੍ਰਿਕਟ ਨੂੰ ਅਲਵਿਦਾ ਕਹਿ ਗਿਆ।
ਕਈ ਕ੍ਰਿਕਟ ਪ੍ਰੇਮੀ ਇਹ ਜਾਣ ਕੇ ਹੈਰਾਨ ਹੋਣਗੇ ਕਿ ਜਦੋਂ ਉਹ ਬੱਚਾ ਸੀ ਤਾਂ ਕ੍ਰਿਕਟ ਦੀ ਥਾਂ ਟੈਨਿਸ ਤੇ ਰੋਲਰ ਸਕੇਟਿੰਗ ਉਹਦੀਆਂ ਮਨਚਾਹੀਆਂ ਖੇਡਾਂ ਸਨ। ਅਸਲ ਵਿਚ ਕ੍ਰਿਕਟ ਉਹਦੀ ਨਹੀਂ, ਉਹਦੇ ਬਾਪ ਦੀ ਮਨਚਾਹੀ ਖੇਡ ਸੀ ਜੋ ਚਾਹੁੰਦਾ ਸੀ ਕਿ ਬਾਪ ਦੀਆਂ ਅਧੂਰੀਆਂ ਰੀਝਾਂ ਉਹਦਾ ਪੁੱਤਰ ਪੂਰੀਆਂ ਕਰੇ। ਉਸ ਨੇ ਯੁਵੀ ਦੇ ਅੰਡਰ-14 ਰੋਲਰ ਸਕੇਟਿੰਗ ਦੇ ਨੈਸ਼ਨਲ ਪੱਧਰ ‘ਤੇ ਜਿੱਤੇ ਮੈਡਲ ਵਗਾਹ ਮਾਰੇ ਸਨ ਕਿ ਪੁੱਤਰਾ ਕੁਝ ਬਣਨਾ ਏ ਤਾਂ ਕ੍ਰਿਕਟ ਖੇਡ। ਤਦੇ ਪਿਉ ਆਪਣੇ ਪੁੱਤ ਦਾ ਮੱਲੋਜ਼ੋਰੀ ਦਾ ਪਹਿਲਾ ਕੋਚ ਬਣਿਆ ਸੀ। ਸ਼ਾਇਦ ਇਹੋ ਕਾਰਨ ਹੋਵੇ ਕਿ ਪਿਉ ਪੁੱਤਰ ਦੀ ਬੋਲਚਾਲ ਕਦੇ ਚੱਲ ਪੈਂਦੀ ਹੈ ਤੇ ਕਦੇ ਬੰਦ ਹੋ ਜਾਂਦੀ ਹੈ। ਹੋ ਸਕਦੈ ਯੋਗਰਾਜ ਸਿੰਘ ਨੂੰ ਜਭ੍ਹੇ ਵਾਲਾ ਜੱਟ ਹੋਣ ਦਾ ਵੀ ਗੁਮਾਨ ਹੋਵੇ। ਉਸ ਨੇ ਪਲੇਠੀ ਦੇ ਪੁੱਤਰ ਨੂੰ ਪੜ੍ਹਾਉਣ-ਲਿਖਾਉਣ ਤੇ ਖਿਡਾਉਣ ਵਿਚ ਕੋਈ ਕਸਰ ਨਹੀਂ ਸੀ ਛੱਡੀ। ਯੁਵਰਾਜ ਕੌਮਰਸ ਦਾ ਗ੍ਰੈਜੂਏਟ ਹੈ। ਉਸ ਨੂੰ ਡੀਏਵੀ ਪਬਲਿਕ ਸਕੂਲ ਤੇ ਡੀਏਵੀ ਕਾਲਜ ਚੰਡੀਗੜ੍ਹ ‘ਚ ਪੜ੍ਹਾਇਆ ਗਿਆ ਤੇ ਚੰਡੀਗੜ੍ਹ ਦੇ ਕ੍ਰਿਕਟ ਸਟੇਡੀਅਮ ਵਿਚ ਖਿਡਾਇਆ ਗਿਆ ਜਿਥੇ ਵਿਸ਼ਵ ਕੱਪ ਜੇਤੂ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਕਪਿਲ ਦੇਵ ਦੀਆਂ ਪੈੜਾਂ ਪਈਆਂ ਹੋਈਆਂ ਸਨ। 12 ਨਵੰਬਰ 2015 ਨੂੰ ਯੁਵਰਾਜ ਦੀ ਮੰਗਣੀ ਬ੍ਰਿਟਿਸ਼ ਐਕਟਰੈੱਸ ਹੇਜ਼ਲ ਕੀਚ ਨਾਲ ਹੋਈ ਅਤੇ 12 ਦਸੰਬਰ 2015 ਨੂੰ ਵਿਆਹ ਹੋਇਆ। 12 ਨੰਬਰ ਉਹਦਾ ਕਿਸਮਤੀ ਨੰਬਰ ਜੁ ਹੋਇਆ! ਯੁਵੀ ਜੋੜੇ ਦੇ ਘਰ ਪੁੱਤਰ ਓਰੀਅਨ ਦਾ ਜਨਮ 25 ਜਨਵਰੀ 2022 ਨੂੰ ਹੋਇਆ ਤੇ ਧੀ ਔਰਾ 25 ਅਗਸਤ 2023 ਨੂੰ ਜੰਮੀ।
ਯੁਵਰਾਜ ਸਿੰਘ ਦਾ ਕਿਸੇ ਟੈੱਸਟ ਮੈਚ ਵਿਚ ਵੱਧ ਤੋਂ ਵੱਧ ਸਕੋਰ 203 ਬਾਲਾਂ ਉਤੇ 169 ਦੌੜਾਂ ਦਾ ਹੈ। 2007-2009 ਦੌਰਾਨ ਉਹ ਆਪਣੀ ਖੇਡ ਦੇ ਸਿਖਰ ‘ਤੇ ਸੀ। ਉਦੋਂ ਉਸ ਨੂੰ ਵਿਸ਼ਵ ਦਾ ਅੱਵਲ ਨੰਬਰ ਖਿਡਾਰੀ ਮੰਨਿਆ ਜਾਂਦਾ ਸੀ। 2011 ਆਈਸੀਸੀ ਕ੍ਰਿਕਟ ਵਰਲਡ ਕੱਪ ਵਿਚ ਉਸ ਨੇ 362 ਦੌੜਾਂ ਬਣਾਈਆਂ ਜਿਨ੍ਹਾਂ ਵਿਚ ਇਕ ਸੈਂਚਰੀ ਤੇ ਅਰਧ ਸੈਂਚਰੀਆਂ ਵੀ ਸ਼ਾਮਲ ਸਨ। ਏਨੀਆਂ ਦੌੜਾਂ ਨਾਲ ਉਸ ਨੇ 15 ਵਿਕਟਾਂ ਵੀ ਲਈਆਂ। 10 ਜੂਨ 2019 ਨੂੰ ਕ੍ਰਿਕਟ ਤੋਂ ਰਿਟਾਇਰਮੈਂਟ ਲੈਂਦਿਆਂ ਉਸ ਨੇ ਕਿਹਾ ਸੀ, “ਮੈਂ ਸੋਚ ਵੀ ਨਹੀਂ ਸੀ ਸਕਦਾ ਕਿ ਮੈਨੂੰ ਭਾਰਤ ਵੱਲੋਂ 400 ਤੋਂ ਵੱਧ ਮੈਚ ਖੇਡਣ ਦਾ ਮੌਕਾ ਮਿਲੇਗਾ। ਮੈਨੂੰ 2004 ਵਿਚ ਲਾਹੌਰ ‘ਚ ਖੇਡਿਆ ਪਹਿਲਾ ਟੈੱਸਟ ਮੈਚ ਵੀ ਕਦੇ ਨਹੀਂ ਭੁੱਲੇਗਾ ਜਿਥੇ ਮੈਂ ਪਹਿਲਾ ਸੈਂਕੜਾ ਮਾਰਿਆ ਸੀ। ਨਾ 2007 ਵਿਚ ਇੰਗਲੈਂਡ ਵਿਰੁੱਧ ਸਟੂਅਰਟ ਦੀਆਂ 6 ਬਾਲਾਂ ‘ਤੇ ਮਾਰੇ 6 ਛੱਕੇ ਕਦੇ ਭੁੱਲਣਗੇ ਤੇ ਨਾ 2011 ਦਾ ਵਰਲਡ ਕੱਪ ਫਾਈਨਲ ਭੁੱਲੇਗਾ।
ਚੰਗੀ ਕਾਰਗੁਜ਼ਾਰੀ ਨਾਲ ਮੇਰੀ ਮਾੜੀ ਕਾਰਗੁਜ਼ਾਰੀ ਦੀ ਚੀਸ ਵੀ ਨਹੀਂ ਭੁੱਲੇਗੀ ਜੋ 2014 ਵਰਲਡ ਟੀ-20 ਦੇ ਲੰਕਾ ਵਿਰੁੱਧ ਫਾਈਨਲ ਮੈਚ ਵਿਚ ਪਈ ਸੀ। ਉਥੇ ਮੈਂ 21 ਬਾਲਾਂ ‘ਤੇ ਕੇਵਲ 11 ਦੌੜਾਂ ਹੀ ਬਣਾ ਸਕਿਆ ਸਾਂ। ਮੈਂ ਫੈਸਲਾ ਕਰ ਲਿਆ ਸੀ ਕਿ ਹੁਣ ਮੈਂ ਕ੍ਰਿਕਟ ਨਹੀਂ, ਕੈਂਸਰ ਵਿਰੁਧ ਲੜਨ ਜੋਗਾ ਹੀ ਰਹਿ ਗਿਆ ਹਾਂ। ਇਹ ਵੱਖਰੀ ਗੱਲ ਹੈ ਕਿ 2024 ਵਿਚ ਪਹਿਲੀ ਵਰਲਡ ਚੈਂਪੀਅਨਸ਼ਿਪ ਆਫ਼ ਲੀਜੈਂਡਜ਼ ਵਿਚ ਉਸ ਨੇ ਭਾਰਤੀ ਚੈਂਪੀਅਨਜ਼ ਟੀਮ ਦੀ ਕਪਤਾਨੀ ਕਰ ਕੇ ਪਾਕਿਸਤਾਨ ਦੇ ਚੈਂਪੀਅਨਾਂ ਨੂੰ ਹਰਾ ਦਿੱਤਾ।
ਉਸ ਨੇ ਅੰਤਰਰਾਸ਼ਟਰੀ ਟੈੱਸਟ ਮੈਚਾਂ ਵਿਚ 33.92 ਦੀ ਔਸਤ ਨਾਲ 1900 ਦੌੜਾਂ ਬਣਾਈਆਂ ਜਿਨ੍ਹਾਂ ‘ਚ 3 ਸੈਂਚਰੀਆਂ ਤੇ 9 ਵਿਕਟਾਂ ਸ਼ਾਮਲ ਸਨ। ਇਕ ਰੋਜ਼ਾ ਮੈਚਾਂ ਵਿਚ 36.55 ਦੀ ਔਸਤ ਨਾਲ 8701 ਦੌੜਾਂ ਬਣਾਈਆਂ ਜਿਨ੍ਹਾਂ ‘ਚ 14 ਸੈਂਚਰੀਆਂ ਮਾਰੀਆਂ ਤੇ 111 ਵਿਕਟਾਂ ਲਈਆਂ। ਟੀ-20 ਮੈਚਾਂ ਵਿਚ 28.2 ਦੀ ਔਸਤ ਨਾਲ 1177 ਦੌੜਾਂ, 8 ਹਾਫ਼ ਸੈਂਚਰੀਆਂ ਤੇ 28 ਵਿਕਟਾਂ ਦਾ ਅੰਕੜਾ ਸੀ। ਚੌਕੇ ਛੱਕੇ ਮਾਰਨ ਵਾਲਾ ਯੁਵੀ 2011 ਦਾ ਵਰਲਡ ਕੱਪ ਕੈਂਸਰ ਕਾਰਨ ਖੰਘਦਾ ਹੋਇਆ ਹੀ ਖੇਡਿਆ ਸੀ।
ਯੁਵਰਾਜ ਸਿੰਘ ਨੇ ਭਾਰਤੀ ਟੀਮ ਦਾ ਅੰਗ ਬਣ ਕੇ ਭਾਰਤ ਨੂੰ ਤਿੰਨ ਵਿਸ਼ਵ ਕੱਪ ਜਿਤਵਾਏ। ਜਿਸ ਦੇ ਇਵਜ਼ ‘ਚ ਉਸ ਨੂੰ ‘ਮੈਨ ਆਫ਼ ਦਾ ਵਰਲਡ ਕੱਪ’ ਦੇ ਸਨਮਾਨ ਮਿਲੇ। ਉਸ ਕੋਲ ਆਈਸੀਸੀ ਦੀਆਂ ਸਭਨਾਂ ਤਰ੍ਹਾਂ ਦੀਆਂ ਟਰਾਫੀਆਂ ਹਨ। ਉਸ ਨੇ ਸਵੈ-ਜੀਵਨੀ ‘ਦਿ ਟੈੱਸਟ ਆਫ ਮਾਈ ਲਾਈਫ ਫਰੌਮ ਕ੍ਰਿਕਟ ਟੂ ਕੈਂਸਰ ਐਂਡ ਬੈਕ’ ਲਿਖੀ ਜੋ ਉਸ ਦੇ ਖੇਡ ਜੀਵਨ ਅਤੇ ਕੈਂਸਰ ਨਾਲ ਸੰਘਰਸ਼ ਦੀ ਦਾਸਤਾਨ ਹੈ। ਉਹ ਪੁੱਲ, ਫਲਿੱਕ ਕੇ ਕੱਟ ਸ਼ਾਟ ਮਾਰਨ ਦਾ ਮਾਹਿਰ ਸੀ ਤੇ ਕਿਸੇ ਵੀ ਗੇਂਦਬਾਜ਼ ਦੀ ਕਿਸੇ ਵੀ ਥਾਂ ਸੁੱਟੀ ਗੇਂਦ ਨੂੰ ਬਾਊਂਡਰੀ ਟਪਾਉਣ ਵਾਲਾ ਜੁਝਾਰੂ ਜੋਧਾ ਸੀ। ਯੁਵਰਾਜ ਨੇ ਆਪਣੇ ਖੇਡ ਕਰੀਅਰ ਦੌਰਾਨ ਘਰੇਲੂ ਤੇ ਕੌਮਾਂਤਰੀ ਮੈਚਾਂ ਨੂੰ ਮਿਲਾ ਕੇ ਕੁੱਲ 38,263 ਦੌੜਾਂ ਬਣਾਈਆਂ, ਜਿਨ੍ਹਾਂ ਵਿਚ 62 ਸੈਂਕੜੇ ਤੇ 212 ਅਰਧ ਸੈਂਕੜੇ ਹਨ। ਸਿਕਸਰ ਕਿੰਗ ਵਜੋਂ ਜਾਣੇ ਜਾਂਦੇ ਯੁਵਰਾਜ ਨੇ 512 ਛੱਕੇ ਤੇ 1631 ਚੌਕੇ ਜੜੇ। ਗੇਂਦਬਾਜ਼ੀ ਕਰਦਿਆਂ ਉਸ ਨੇ 435 ਵਿਕਟਾਂ ਲਈਆਂ ਤੇ ਫੀਲਡਿੰਗ ਕਰਦਿਆਂ 440 ਕੈਚ ਬੋਚੇ। ਅੰਡਰ-19 ਵਿਸ਼ਵ ਕੱਪ ਤੇ ਆਈਸੀਸੀ ਵਿਸ਼ਵ ਕੱਪ ‘ਚ ‘ਮੈਨ ਆਫ ਦਿ ਟੂਰਨਾਮੈਂਟ’ ਦੇ ਸਨਮਾਨ ਮਿਲੇ। ਐਵੇਂ ਨਹੀਂ ਕਹਿੰਦੇ: ਯੁਵੀ ਜੱਟ ਨੀ ਕਿਸੇ ਬਣ ਜਾਣਾ ਘਰ ਘਰ ਪੁੱਤ ਜੰਮਦੇ!
