ਗੁਰਚਰਨ ਕੌਰ ਥਿੰਦ
ਫੋਨ: 403-402-9635
ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵਿਲੱਖਣ ਕਿਸਮ ਦੀ ਹੈ ਜਿਸ ਵਿਚ ਮਕਤੂਲ ਖ਼ੁਦ ਚਲ ਕੇ ਕਾਤਲ ਕੋਲ ਜਾਂਦਾ ਹੈ। ਉਹ ਕੇਵਲ ਆਪਣਿਆਂ ਲਈ ਧਾਰਮਿਕ ਖੁੱਲ੍ਹ ਅਤੇ ਧਾਰਮਿਕ ਅਜ਼ਾਦੀ ਵਾਸਤੇ ਅਵਾਜ਼ ਨਹੀਂ ਉਠਾਉਂਦਾ ਬਲਕਿ ਸਮੁੱਚੀ ਮਨੁੱਖਤਾ ਦੇ ਬਿਨਾ ਕਿਸੇ ਦਬਾਅ ਦੇ ਮਨਮਰਜ਼ੀ ਦੀ ਜ਼ਿੰਦਗੀ ਜਿਉਣ, ਧਰਮ ਧਾਰਨ ਕਰਨ ਅਤੇ ਅਕੀਦਾ ਮੰਨਣ ਦੇ ਮੁੱਢਲੇ ਮਨੁੱਖੀ ਹੱਕਾਂ ਦੀ ਰਾਖੀ ਹਿੱਤ ਆਪਣਾ ਸਿਰ ਕਲਮ ਕਰਵਾਉਣ ਤੋਂ ਨਹੀਂ ਝਿਜਕਦਾ। ਅਜਿਹੀ ਲਾਸਾਨੀ ਸ਼ਹਾਦਤ ਦਾ ਉਸ ਸਮੇਂ ਦੇ ਅਤੇ ਅਜੋਕੇ ਸਮਾਜ ‘ਤੇ ਪ੍ਰਭਾਵ ਨਾ ਪਿਆ ਹੋਵੇ,
ਹੋ ਹੀ ਨਹੀਂ ਸਕਦਾ। ਇਸ ਸ਼ਹਾਦਤ ਦਾ ਗੁਰੂ ਨਾਨਕ ਨਾਮ ਲੇਵਾ ਸਿੱਖਾਂ ‘ਤੇ ਤਾਂ ਡੂੰਘਾ ਪ੍ਰਭਾਵ ਪਿਆ ਹੀ, ਇਸ ਨੇ ਦੇਸ਼ ਦੇ ਸਮੁੱਚੇ ਸਮਾਜ ਦੀ ਦਕੀਆਨੂਸੀ ਤੇ ਦੱਬੂ ਸੋਚ ਨੂੰ ਵੀ ਝੰਜੋੜ ਕੇ ਰੱਖ ਦਿੱਤਾ। ਇਸ ਤੋਂ ਪਹਿਲਾਂ ਕਿ ਅਸੀਂ ਇਸ ਸ਼ਹਾਦਤ ਦੇ ਸਮਾਜਿਕ ਪ੍ਰਭਾਵਾਂ ਨੂੰ ਵਿਸਥਾਰਿਤ ਕਰੀਏ, ਜ਼ਰੂਰੀ ਹੈ ਕਿ ਇਸ ਅਜ਼ੀਮ ਸ਼ਖ਼ਸੀਅਤ ਦੇ ਪਿਛੋਕੜ ‘ਤੇ ਸੰਖੇਪ ਝਾਤ ਮਾਰ ਲਈਏ ਜਿਸ ਦੀ ਬਦੌਲਤ ਕੁਰਬਾਨੀ ਦਾ ਇਹ ਜਜ਼ਬਾ ਪ੍ਰਵਾਨ ਚੜ੍ਹਿਆ।
ਗੁਰੂ ਤੇਗ ਬਹਾਦਰ, ਗੁਰੂ ਨਾਨਕ ਦੇਵ ਜੀ ਦੁਆਰਾ ਥਾਪੀ ਗਈ ਸਿੱਖੀ ਦੇ ਪੰਜਵੇਂ ਰਹਿਨੁਮਾ ਗੁਰੂ ਅਰਜਨ ਦੇਵ ਜੀ ਦੇ ਪੋਤਰੇ ਅਤੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਪੁੱਤਰ ਸਨ। ਜ਼ਾਹਿਰ ਹੈ ਲੋਕ-ਪ੍ਰੇਮ, ਸੇਵਾ, ਸਹਿਣਸ਼ੀਲਤਾ, ਨਿਰਮਾਣਤਾ ਵਰਗੇ ਗੁਣਾਂ ਦੀ ਗੁੜ੍ਹਤੀ ਜਨਮ ਤੋਂ ਹੀ ਮਿਲ ਗਈ ਸੀ। ਜਦ ਅਪ੍ਰੈਲ, 1621 ਨੂੰ ਅੰਮ੍ਰਿਤਸਰ ਸ਼ਹਿਰ ਵਿਚ ਮਾਤਾ ਨਾਨਕੀ ਦੀ ਕੁਖੋਂ ਆਪ ਜੀ ਦਾ ਜਨਮ ਹੋਇਆ, ਸਿੱਖੀ ਲਈ ਉਹ ਸਮਾਂ ‘ਮੀਰੀ ਤੇ ਪੀਰੀ’ ਦਾ ਸਮਾਂ ਸੀ। ਦਿੱਲੀ ਦੀ ਮੁਗ਼ਲ ਹਕੂਮਤ ਵਲੋਂ ਪੰਜਵੇਂ ਗੁਰੂ ਜੀ ਨੂੰ ਲਾਹੌਰ ਵਿਖੇ ਅਕਹਿ ਕਸ਼ਟ ਦੇ ਸ਼ਹੀਦ ਕਰ ਦੇਣਾ ਸਿੱਖਾਂ ਲਈ ਵੱਡੀ ਚੁਣੌਤੀ ਬਣ ਉੱਭਰ ਖਲੋਤਾ ਸੀ। ਇਤਿਹਾਸ ਦਰਸਾਉਂਦਾ ਹੈ ਕਿ ਲਾਹੌਰ ਵੱਲ ਰਵਾਨਾ ਹੋਣ ਤੋਂ ਪਹਿਲਾਂ ਗੁਰੂ ਜੀ ਨੇ ਗੁਰਗੱਦੀ ਦੇ ਵਾਰਿਸ ਆਪਣੇ ਪੁੱਤਰ ਹਰਗੋਬਿੰਦ ਨੂੰ ਆਪਣੇ ਨਾਲ ਤਕੜੇ ਮੱਲ ਰੱਖਣ ਦੀ ਨਸੀਹਤ ਕਰ ਦਿੱਤੀ ਸੀ। ਸੋ ਗੁਰਸਿੱਖੀ ਦੀ ਇਸ ਪਹਿਲੀ ਸ਼ਹਾਦਤ ਨੇ ਪਹਿਲੇ ਗੁਰੂਆਂ ਦੁਆਰਾ ਦਰਸਾਏ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਵਾਲੇ ਜੀਵਨ-ਜਾਚ ਦੇ ਸਿਧਾਂਤਾਂ ਦੇ ਨਾਲ ਸਿਰ ਉੱਚਾ ਕਰਕੇ ਜਿਉਣ ਵਾਸਤੇ ਸਵੈ-ਰੱਖਿਆ ਲਈ ਹਥਿਆਰ ਰੱਖਣ ਦਾ ਸਿਧਾਂਤ ਲਾਗੂ ਕਰਵਾ ਦਿੱਤਾ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਗੁਰਗੱਦੀ ਸੰਭਾਲਦਿਆਂ ਹੀ ਅੰਮ੍ਰਿਤਸਰ ਸ਼ਹਿਰ ਦੇ ਬਾਹਰਵਾਰ ਸਥਿਤ ਲੋਹਗੜ੍ਹ ਦੇ ਸਥਾਨ `ਤੇ ਅਖਾੜਿਆਂ ਵਿਚ ਕੁਸ਼ਤੀ, ਭਲਵਾਨੀ, ਤਲਵਾਰਬਾਜ਼ੀ ਤੇ ਘੋੜਸਵਾਰੀ ਦੀ ਸਿਖਲਾਈ ਸ਼ੁਰੂ ਕਰਵਾ ਦਿੱਤੀ। ਸਿੱਖਾਂ ਦੇ ਰੂਹਾਨੀ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਬਾਬਾ ਬੁੱਢਾ ਜੀ ਦੀ ਮਦਦ ਨਾਲ ਆਪਣੇ ਹੱਥੀਂ ਥੜ੍ਹਾ ਸਥਾਪਤ ਕੀਤਾ (ਜੋ ਕਿ ਅਕਾਲ ਤਖਤ ਸਾਹਿਬ ਦੇ ਨਾਂ ਨਾਲ ਸਤਿਕਾਰਿਆ ਜਾਂਦਾ ਹੈ) ਅਤੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਸਿੱਖੀ ਜੀਵਨ ਵਿਚ ਰੂਹਾਨੀ ਤੇ ਦੁਨਿਆਵੀ, ਦੋਵਾਂ ਪੱਖਾਂ ਦੀ ਜ਼ਰੂਰਤ ਨੂੰ ਉਜਾਗਰ ਕਰ ਦਿੱਤਾ ਸੀ।
ਉਪਰੋਕਤ ਮਾਹੌਲ ਵਿਚ ਜੰਮੇ-ਪਲ਼ੇ ਅਤੇ ਪ੍ਰਵਾਨ ਚੜ੍ਹੇ ਬਾਲਕ ਤੇਗ ਮੱਲ, ਜਿੱਥੇ ਜ਼ਹੀਨ ਰੂਹਾਨੀ ਸਕਾਲਰ ਸਨ (ਜੋ ਕਿ ਗੁਰਬਾਣੀ ਦੇ ਨਾਲ ਨਾਲ ਵੇਦ, ਪੁਰਾਣ ਅਤੇ ਉਪਨਸ਼ਿਦ ਦੇ ਗਿਆਤਾ ਵੀ ਸਨ) ਉੱਥੇ ਹੀ ਨਿਡਰ ਯੋਧੇ ਵੀ ਸਨ। ਉਹ ਤੇਗ ਚਲਾਉਣ ਅਤੇ ਘੋੜਸਵਾਰੀ ਦੇ ਮਾਹਿਰ ਸਨ। ਸੱਤ ਸਾਲ ਦੀ ਉਮਰ ਵਿਚ ਉਨ੍ਹਾਂ ਨੇ ਮੁਗ਼ਲਾਂ ਵਲੋਂ ਅੰਮ੍ਰਿਤਸਰ ਸ਼ਹਿਰ ‘ਤੇ ਕੀਤੇ ਹਮਲੇ ਸਮੇਂ ਸਿੱਖਾਂ ਵਲੋਂ ਮੁਕਾਬਲੇ ਵਿਚ ਲੜੀ ਜੰਗ ਦਾ ਦ੍ਰਿਸ਼ ਅੱਖੀਂ ਵੇਖਿਆ। ਪਿਤਾ ਗੁਰੂ ਹਰਗੋਬਿੰਦ ਸਾਹਿਬ ਵਲੋਂ ਲੜੀ ਗਈ ਕਰਤਾਰਪੁਰ ਸਾਹਿਬ ਦੀ ਚੌਥੀ ਜੰਗ ਵਿਚ ਹੱਥ ਵਿਚ ਤੇਗ ਫੜ ਘੋੜੇ ‘ਤੇ ਸੁਆਰ ਹੋ ਤੇਗ ਮੱਲ ਨੇ ਆਪਣੀ ਬਹਾਦਰੀ ਦੇ ਐਸੇ ਜੌਹਰ ਵਿਖਾਏ ਕਿ ਪਿਤਾ ਨੇ ਉਸ ਨੂੰ ‘ਤੇਗ ਦਾ ਧਨੀ’ ਦੇ ਉਪਨਾਮ ਨਾਲ ਵਡਿਆਇਆ। ਉਦੋਂ ਤੋਂ ਤੇਗ ਮੱਲ ਦਾ ਨਾਂ ‘ਤੇਗ ਬਹਾਦਰ’ ਹੋ ਗਿਆ। ਐਨੇ ਗੁਣਾਂ ਦੇ ਮਾਲਕ ਤੇਗ ਬਹਾਦਰ, ਰੀਤ ਅਨੁਸਾਰ ਸਭ ਤੋਂ ਛੋਟੇ ਪੁੱਤ ਹੋਣ ਨਾਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਬਾਅਦ ਗੁਰਗੱਦੀ ਦੇ ਵਾਰਿਸ ਨਹੀਂ ਥਾਪੇ ਜਾ ਸਕਦੇ ਸਨ। ਪਰ ਹੋਣੀ ਨੇ ਇਸ ਕਾਰਜ ਲਈ ਜੋ ਸਮਾਂ-ਸਥਾਨ ਨਿਯਤ ਕੀਤਾ ਹੋਇਆ ਸੀ, ਉਸ ਤੋਂ ਪਹਿਲਾਂ ਕੁੱਝ ਹੋ ਵੀ ਨਹੀਂ ਸਕਣਾ ਸੀ। ਗੁਰੂ ਜੀ ਦੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਦੀ ਮੌਤ ਹੋ ਜਾਣ ਕਾਰਨ ਉਨ੍ਹਾਂ ਦੇ ਵੱਡੇ ਪੁੱਤਰ ਸੱਤਵੇਂ ਗੁਰੂ ਹਰਰਾਇ ਸਾਹਿਬ ਜੀ ਹੋਏ, ਜਿਨ੍ਹਾਂ ਦੇ ਛੋਟੀ ਉਮਰ ਵਿਚ ਜੋਤੀ ਜੋਤ ਸਮਾਉਣ ਉਪਰੰਤ ਛੇ ਸਾਲ ਦੀ ਉਮਰ ਦੇ ਉਨ੍ਹਾਂ ਦੇ ਪੁੱਤਰ ਸ਼੍ਰੀ ਹਰਕ੍ਰਿਸ਼ਨ ਜੀ ਗੁਰਗੱਦੀ ‘ਤੇ ਸ਼ੁਸੋਭਿਤ ਹੋਏ। ਚੇਚਕ ਤੋਂ ਪੀੜਤ ਹੋ ਜਾਣ ਕਾਰਨ ਸੰਨ 1664 ਵਿਚ ਨੌਂ ਸਾਲ ਦੀ ਉਮਰ ਵਿਚ ਉਹ ਜੋਤੀ ਜੋਤ ਸਮਾ ਗਏ। ਕਹਿੰਦੇ ਹਨ ਕਿ ਉਨ੍ਹਾਂ ਨੂੰ ਗੁਰਗੱਦੀ ਦੇ ਵਾਰਿਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਸਿਰਫ਼ ਇਹ ਦੋ ਬੋਲ ਬੋਲੇ, ‘ਬਾਬਾ ਬਕਾਲੇ’।
ਉਸ ਸਮੇਂ ਤੇਗ ਬਹਾਦਰ ਆਪਣੀ ਪਤਨੀ ਗੁਜਰੀ ਜੀ ਨਾਲ ਆਪਣੇ ਨਾਨਕੇ ਪਿੰਡ ਬਕਾਲੇ ਵਿਖੇ ਰਹਿੰਦੇ ਸਨ। ਇੱਥੇ ਤੇਗ ਬਹਾਦਰ ਇਕਾਂਤਵਾਸ ਵਿਚ ਪ੍ਰਭੂ ਭਗਤੀ ਵਿਚ ਲੀਨ ਜੀਵਨ ਬਤੀਤ ਕਰ ਰਹੇ ਸਨ। ਉਹ ਇੱਕ ਭੋਰੇ ਵਿਚ ਭਗਤੀ ਕਰ ਰਹੇ ਸਨ ਜਦੋਂ ਸਮੇਂ ਦੀ ਹੋਣੀ ਨੇ ਗੁਰੂ ਘਰ ਦੇ ਸ਼ਰਧਾਲੂ ਮੱਖਣ ਸ਼ਾਹ ਲੁਬਾਣਾ ਤੋਂ ‘ਗੁਰੂ ਲਾਧੋ ਰੇ’ ਦਾ ਹੋਕਾ ਦਿਵਾ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਜੀ ਨੂੰ ਪ੍ਰਗਟ ਕਰਵਾਇਆ ਅਤੇ ਗੁਰੂ ਹਰਕ੍ਰਿਸ਼ਨ ਜੀ ਦੇ ਅਨਿੰਨ ਭਗਤ ਦੁਰਗਾ ਮੱਲ ਜੀ ਵਲੋਂ ਨੌਵੇਂ ਗੁਰੂ ਦੀ ਥਾਪਨਾ ਦਵਾਈ। ਸੋ ਗੁਰੂ ਤੇਗ ਬਹਾਦਰ ਜੀ ਨੇ ਕਰੀਬ 43 ਸਾਲ ਦੀ ਉਮਰ ਵਿਚ ਸੰਨ 1664 ਨੂੰ ਗੁਰਗੱਦੀ ਸੰਭਾਲੀ। ਉਸ ਸਮੇਂ ਆਪ ਜੀ ਬੌਧਿਕ, ਨੈਤਿਕ, ਧਾਰਮਿਕ ਤੇ ਦੁਨਿਆਵੀ ਦਿੱਬ-ਦ੍ਰਿਸ਼ਟੀ ਵਾਲੇ ਪਰਪੱਕ ਵਿਅਕਤੀ ਸਨ। ਉਨ੍ਹਾਂ ਨੇ ਸਿੱਖੀ ਦਾ ਪ੍ਰਚਾਰ ਕਰਨ ਲਈ ਅਸਾਮ ਤੇ ਢਾਕਾ ਤੱਕ ਦੀਆਂ ਲੰਮੀਆਂ ਯਾਤਰਾਵਾਂ ਕੀਤੀਆਂ।
ਉਦੋਂ ਉਹ ਅਸਾਮ ਵਿਚ ਸਨ ਜਦੋਂ ਸੰਨ 1666 ਨੂੰ ਮਾਤਾ ਗੁਜਰੀ ਦੀ ਕੁਖੋਂ ਪਟਨਾ ਵਿਖੇ ਪੁੱਤਰ ਗੋਬਿੰਦ ਰਾਏ ਦਾ ਜਨਮ ਹੋਇਆ। ਨਾਨਕੀ ਚੱਕ (ਅਜੋਕਾ ਆਨੰਦਪੁਰ ਸਾਹਿਬ) ਨਾਂ ਦਾ ਸਥਾਨ ਵਸਾ ਗੁਰੂ ਜੀ ਪਰਿਵਾਰ ਸਮੇਤ ਉੱਥੇ ਵੱਸ ਗਏ। ਸਿੱਖੀ ਦੀ ਮਹਿਮਾ ਦੂਰ-ਦੂਰ ਤੱਕ ਫੈਲ ਚੁੱਕੀ ਸੀ ਤੇ ਫੈਲ ਰਹੀ ਸੀ। ਧਰਮ ਦੇ ਨਾਂ ‘ਤੇ ਬਾਦਸ਼ਾਹ ਔਰੰਗਜ਼ੇਬ ਦੇ ਜ਼ੁਲਮ ਦਿਨ-ਬ-ਦਿਨ ਵਧ ਰਹੇ ਸਨ। ਲੋਕਾਈ ਤਰਾਹ-ਤਰਾਹ ਕਰ ਰਹੀ ਸੀ। ਇਸ ਸਮੇਂ ਕਿਸੇ ਧਰਮ ਦੇ ਰਾਖੇ ਦੀ ਕੁਰਬਾਨੀ ਦੀ ਲੋੜ ਦੀ ਗੱਲ ਉੱਠੀ ਤਾਂ ਬਾਲ ਗੋਬਿੰਦ ਦੇ ਬੋਲ ਕਿ ‘ਆਪ ਜੀ ਤੋਂ ਵੱਡਾ ਧਰਮੀ ਕੌਣ ਹੈ?’ ਨੇ ਗੁਰੂ ਜੀ ਦੀ ਸ਼ਹਾਦਤ ਦਾ ਮੁੱਢ ਬੰਨ੍ਹ ਦਿੱਤਾ। ਦਿੱਲੀ ਦੇ ਚਾਂਦਨੀ ਚੌਂਕ ਵਿਚ ਸਰ੍ਹੇ-ਬਜ਼ਾਰ ਲੋਕਾਂ ਦੀ ਅਥਾਹ ਭੀੜ ਦੇ ਸਾਹਮਣੇ 24 ਨਵੰਬਰ 1675 ਵਾਲੇ ਦਿਨ ਜਲਾਦ ਨੇ ਗੁਰੂ ਜੀ ਦਾ ਸੀਸ ਧੜ ਤੋਂ ਅਲੱਗ ਕਰ ਦਿੱਤਾ। (ਇਹ ਸਥਾਨ ਅਜੋਕਾ ਗੁਰਦੁਆਰਾ ਸੀਸ ਗੰਜ ਸਾਹਿਬ ਹੈ।)
ਇਹ ਕੋਹਜਾ ਕਾਰਜ ਆਮ ਲੋਕਾਂ ਵਿਚ ਦਹਿਸ਼ਤ ਫੈਲਾਉਣ ਲਈ ਕੀਤਾ ਗਿਆ ਸੀ, ਪਰ ਹੋਇਆ ਇਸ ਦੇ ਉਲਟ। ਇਹ ਸ਼ਹਾਦਤ ਸਿੱਖੀ ਕਦਰਾਂ-ਕੀਮਤਾਂ ਦਾ ਮੂਲ ਸਿਧਾਂਤ ਬਣ ਗਈ ਜੋ ਕਿ ਭਵਿੱਖੀ ਨਸਲਾਂ ਲਈ ਜ਼ਬਰ ਤੇ ਜ਼ੁਲਮ ਦੇ ਵਿਰੁੱਧ ਸਿਰ ਚੁੱਕ ਖੜ੍ਹਾ ਹੋਣ ਦਾ ਪ੍ਰੇਰਨਾ ਸ੍ਰੋਤ ਬਣ ਗਿਆ। ਇਹ ਸੱਚ ਉਸੇ ਸਮੇਂ ਹੀ ਉਜਾਗਰ ਹੋ ਗਿਆ ਸੀ ਜਦੋਂ ਕਰੜੇ ਪਹਿਰੇ ਵਿਚੋਂ ਰਾਤ ਦੇ ਹਨੇਰੇ ਵਿਚ ਭਾਈ ਜੈਤਾ ਨਾਂ ਦਾ ਗੁਰੂ ਦਾ ਸਿੱਖ ਨਿਧੜਕ ਹੋ ਗੁਰੂ ਜੀ ਦਾ ਸੀਸ ਲੈ ਆਨੰਦਪੁਰ ਨੂੰ ਰਵਾਨਾ ਹੋ ਗਿਆ ਅਤੇ ਲੱਖੀ ਵਣਜਾਰੇ ਦੀ ਮਦਦ ਨਾਲ ਭਾਈ ਉਦੈ ਸਿੰਘ ਧੜ ਦਾ ਅੰਤਮ ਸੰਸਕਾਰ ਕਰਨ ਵਿਚ ਸਫ਼ਲ ਹੋ ਗਏ। (ਇਹ ਅਸਥਾਨ ਦਿੱਲੀ ਵਿਚ ਸਥਿਤ ਗੁਰਦੁਆਰਾ ਰਕਾਬ ਗੰਜ ਸਾਹਿਬ ਹੈ।) ਇਸ ਅਣਮਨੁੱਖੀ ਘਟਨਾ ਨੇ ਸਿੱਖਾਂ ਵਿਚ ਆਪਣੀ ਵੱਖਰੀ ਪਛਾਣ ਬਣਾਉਣ ਦਾ ਜਜ਼ਬਾ ਪੈਦਾ ਕਰ ਦਿੱਤਾ। ਸਿੱਖ ਜਿਹੜਾ ਲੱਖਾਂ ਵਿਚੋਂ ਪਛਾਣਿਆ ਜਾ ਸਕੇ। ਸਿੱਖ ਜਿਹਦੀ ਆਪਣੀ ਇੱਕ ਦਿੱਖ ਹੋਵੇ। ਇਸ ਸ਼ਹਾਦਤ ਦਾ ਨੌਂ ਸਾਲ ਦੇ ਬਾਲਕ ਗੋਬਿੰਦ ਰਾਏ ‘ਤੇ ਅਜਿਹਾ ਪ੍ਰਭਾਵ ਪਿਆ ਕਿ ਜ਼ੁਲਮ ਦਾ ਵਿਰੋਧ ਕਰਨ ਅਤੇ ਸਵੈ-ਰੱਖਿਆ ਦੀ ਲੋੜ ਲਈ 1699 ਦੀ ਵਿਸਾਖੀ ਵਾਲੇ ਦਿਨ ਉਸ ਨੇ ਸਿੱਖਾਂ ਨੂੰ ਤਿਆਰ-ਬਰ-ਤਿਆਰ ਖਾਲਸਾ ਦਾ ਰੂਪ ਦੇ ਕੇ ਖਾਲਸਾ ਪੰਥ ਦੀ ਸਾਜਨਾ ਕਰ ਦਿੱਤੀ। ਦੂਰ-ਦੂਰ ਤੋਂ ਸੰਗਤਾਂ ਆਨੰਦਪੁਰ ਸਾਹਿਬ ਪਹੁੰਚਦੀਆਂ, ਅੰਮ੍ਰਿਤ ਸੰਚਾਰ ਹੁੰਦਾ ਅਤੇ ਦੱਬੇ-ਕੁੱਚਲੇ ਲੋਕ ਜਿਨ੍ਹਾਂ ਨੇ ਸਦੀਆਂ ਤੋਂ ਜ਼ੁਲਮ ਸਹੇ ਸਨ ਅਤੇ ਡਰਦਿਆਂ ਚੂੰ ਨਹੀਂ ਕੀਤੀ ਸੀ, ਹੁਣ ਸ਼ੇਰ ਬਣ ਗੱਜਣ ਲਗੇ। ਵਿਸਾਖੀ ਦਾ ਕ੍ਰਿਸ਼ਮਈ ਦਿਹਾੜਾ ਉਸ ਲੋਕ-ਲਹਿਰ ਦਾ ਸਬੱਬ ਬਣ ਗਿਆ ਜੋ ਸਦੀਆਂ ਤੋਂ ਸਿਸਕ ਰਹੀ ਸੀ। ‘ਚਿੜੀਓਂ ਸੇ ਮੈਂ ਬਾਜ਼ ਤੁੜਾਊਂ, ਸਵਾ ਲਾਖ ਸੇ ਏਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ॥’ ਗੁਰਵਾਕ ਨੇ ਧੌਣ ਸੁੱਟ ਤੁਰਦੀ ਲੋਕਾਈ ਅੰਦਰ ਨਵੀਂ ਰੂਹ ਫੂਕ ਦਿੱਤੀ। ‘ਵਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ॥’ ਜ਼ਾਬਰ ਹਾਕਮ ਤੇ ਮਜ਼ਲੂਮ ਪਰਜਾ ਵਾਲਾ ਪਾੜਾ ਖਤਮ ਹੋ ਗਿਆ। ਜ਼ਬਰ ਜ਼ੁਲਮ ਦੀ ਥਾਂ ਪ੍ਰੇਮ ਤੇ ਸੇਵਾ ਨੇ ਗੁਰੂ ਅਤੇ ਸੰਗਤ ਦਰਮਿਆਨ ਸ਼ਰਧਾ ਦਾ ਰਿਸ਼ਤਾ ਕਾਇਮ ਕੀਤਾ। ਸਿੱਖ ਹੁਣ ਆਪਣੀ ਹੀ ਨਹੀਂ ਬਲਕਿ ਸਮੁੱਚੀ ਮਨੁੱਖਤਾ ਦੀ ਅਜ਼ਾਦੀ, ਹੱਕ ਤੇ ਇਨਸਾਫ਼ ਲਈ ਮੈਦਾਨੇ-ਜੰਗ ਵਿਚ ਸਿਰ ਧੜ ਦੀ ਬਾਜ਼ੀ ਲਾਉਣ ਲਗੇ। ਹੁਣ ਤੱਕ ਜੋ ਸਿੱਖ ਸ਼ਾਂਤੀ ਦੇ ਪੁੰਜ ਸਨ, ਗੁਰੂ ਤੇਗ ਬਹਾਦਰ ਦੀ ਸ਼ਹਾਦਤ ਉਪਰੰਤ ਇੱਕ ਤਕੜੀ ਫ਼ੌਜੀ ਤਾਕਤ ਬਣ ਉਭਰਨ ਲਗੇ। ਸਮਾਜ ਵਿਚ ਗ਼ਜ਼ਬ ਜਾਗਰੂਕਤਾ ਆ ਗਈ।
ਗੁਰੂ ਜੀ ਦੀ ਸ਼ਹਾਦਤ ਨੇ ਆਮ ਜਨਤਾ ਵਿਚ ਰੋਹ ਤੇ ਬਦਲੇ ਦਾ ਬੀਜ ਬੀਜ ਦਿੱਤਾ ਸੀ। ਗੁਰੂ ਸਾਹਿਬ ਦੀ ਸ਼ਹਾਦਤ ਤੋਂ ਕੇਵਲ ਦੋ ਸਾਲ ਬਾਅਦ ਹੀ ਸਿੱਖਾਂ ਵਿਚ ਰੋਹ ਤੇ ਗੁੱਸੇ ਦੀ ਭਾਵਨਾ ਐਨੀ ਪ੍ਰਜਵਲਿਤ ਹੋ ਗਈ ਅਤੇ ਹੌਸਲਾ ਇਸ ਕਦਰ ਜ਼ੋਰ ਫੜ ਗਿਆ ਸੀ ਕਿ 19 ਅਕਤੂਬਰ 1677 ਨੂੰ ਇੱਕ ਗੁਰਸਿੱਖ ਨੇ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਦੇਣ ਵਾਲੇ ਔਰੰਗਜ਼ੇਬ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਸੀ। ਜਦੋਂ ਔਰੰਗਜ਼ੇਬ ਜਾਮਾ ਮਸਜਿਦ ਦੇ ਅੰਦਰੋਂ ਨਮਾਜ਼ ਪੜ੍ਹ ਕੇ ਕਿਸ਼ਤੀ ਵਿਚ ਬੈਠ ਕੇ ਜਮਨਾ ਨਦੀ ਪਾਰ ਕਰਕੇ ਘੋੜੇ ‘ਤੇ ਸਵਾਰ ਹੋਣ ਲੱਗਾ ਸੀ ਤਾਂ ਭੀੜ ਵਿਚੋਂ ਬਿਜਲੀ ਦੀ ਫੁਰਤੀ ਨਾਲ ਉਹ ਨੌਜੁਆਨ ਆਪਣੀ ਨੰਗੀ ਤਲਵਾਰ ਲੈ ਕੇ ਨਿਕਲਿਆ ਤੇ ਔਰੰਗਜ਼ੇਬ ‘ਤੇ ਵਾਰ ਕੀਤਾ। ਪਰ ਉਹ ਵਾਰ ਬਚਾ ਗਿਆ ਅਤੇ ਇਸ ਗੁਰਸਿੱਖ ਨੂੰ ਸੁਰੱਖਿਆ ਦਸਤੇ ਨੇ ਘੇਰ ਲਿਆ। ਇਸ ਗੁਰਸਿੱਖ ਬਾਰੇ ਇਤਿਹਾਸ ਵਿਚ ਕੋਈ ਜਾਣਕਾਰੀ ਨਹੀਂ ਮਿਲਦੀ। ਪਰ ਹਾਂ, ਖਾਫ਼ੀ ਖਾਨ ਦੇ ਮੁਆਸਰੇ ਆਲਮਗੀਰੀ ਵਿਚ ਇਸ ਦਾ ਜ਼ਿਕਰ ਬਹੁਤ ਹੀ ਮੰਦੀ ਭਾਸ਼ਾ ਵਿਚ ਕੀਤਾ ਗਿਆ ਹੈ। ‘ਜਬੈ ਬਾਣ ਲਾਗਯੋ॥ ਤਬੈ ਰੋਸ ਜਾਗਯੋ॥’ ਦੇ ਕਥਨ ਅਨੁਸਾਰ ਇਸ ਘਟਨਾ ਨੇ ਬਦਲੇ ਦੀ ਭਾਵਨਾ ਨੂੰ ਐਨਾ ਉਤੇਜਿਤ ਕਰ ਦਿੱਤਾ ਸੀ ਕਿ ਕੁੱਝ ਕੁ ਦਿਨਾਂ ਬਾਅਦ 27 ਅਕਤੂਬਰ 1677 ਨੂੰ ਇੱਕ ਨੌਜੁਆਨ ਨੇ ਔਰੰਗਜ਼ੇਬ ਦੇ ਦੋ ਇੱਟਾਂ ਵਗਾਹ ਮਾਰੀਆਂ। ਬੇਸ਼ਕ ਇਹ ਹਮਲੇ ਅਸਫ਼ਲ ਰਹੇ ਪਰ ਜ਼ੁਲਮ ਵਿਰੁੱਧ ਲੜਨ ਦੀ ਚਿਣਗ ਜ਼ੋਰ ਫੜਨ ਲਗ ਪਈ ਸੀ।
ਇਹੋ ਹੀ ਕਾਰਨ ਸੀ ਕਿ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਅਵਾਜ਼ ‘ਤੇ ਇਕੱਠੀਆਂ ਹੋਣ ਲਗ ਪਈਆਂ। ਪਰਿਵਾਰ ਦੇ ਵੱਡੇ ਪੁੱਤਰ ਨੂੰ ਸਿੰਘ ਸਜਾਉਣ ਦੀ ਪਿਰਤ ਪੈ ਗਈ ਜੋ ਕਿ ਲੋਕ ਚੇਤਨਾ ਦਾ ਪ੍ਰਤੀਕ ਬਣ ਉਭਰੀ। ਜੰਗੀ ਤਿਆਰੀ ਵਿਚ ਸਿੱਖਾਂ ਦਾ ਠਾਠਾਂ ਮਾਰਦਾ ਸਮੁੰਦਰ ਸ਼ਾਮਲ ਹੋ ਜੰਗੀ ਮੁਸ਼ੱਕਤਾਂ ਕਰਨ ਲਗ ਪਿਆ। ਤਲਵਾਰਬਾਜ਼ੀ, ਨੇਜਾਬਾਜ਼ੀ, ਘੋੜਸੁਆਰੀ ਵਰਗੇ ਜੰਗੀ ਕਾਰਨਾਮਿਆਂ ਵਿਚ ਨਿਪੁੰਨ ਖਾਲਸਾ ਫ਼ੌਜ ਉੱਭਰਨ ਲਗੀ। ਗੁਰੂ ਵਲੋਂ ਬਖ਼ਸ਼ਿਸ਼ ਸਿੱਖਾਂ ਦੀ ਕੇਸ, ਕੰਘਾ ਕੜਾ, ਕਛਹਿਰਾ ਤੇ ਕ੍ਰਿਪਾਨ ਵਾਲੀ ਵੱਖਰੀ ਦਿੱਖ ਨੇ ਸਿੱਖਾਂ ਦੇ ਹੌਸਲੇ ਬੁਲੰਦ ਕਰ ਦਿੱਤੇ। ‘ਭੈਅ ਕਾਹੂ ਕਉ ਦੇਤ ਨਹਿ ਨਹਿ ਭੈਅ ਮਾਨਤ ਆਨ॥’ ਵਾਲੀ ਸੱਚ ਦੀ ਸੋਚ ਨਾਲ ਓਤ-ਪੋਤ ਸਿੱਖ, ਹੱਕ ਸੱਚ ਤੇ ਇਨਸਾਫ਼ ਲਈ ਜ਼ਾਬਰ ਦੇ ਜ਼ੁਲਮ ਦੇ ਵਿਰੁੱਧ ਨਿਰਭੈ ਹੋ ਜੂਝਣ ਲਗੇ। ਸਿੱਖਾਂ ਦਾ ਉੱਚਾ-ਸੁੱਚਾ ਤੇ ਸੱਚਾ ਧਰਮੀ ਜੀਵਨ ਹੋਰਨਾਂ ਲਈ ਪ੍ਰੇਰਨਾ ਸ੍ਰੋਤ ਬਣ ਗਿਆ। ਸਮੁੱਚਾ ਸਮਾਜ ਇਸ ਨਵੀਂ ਉਦੈ ਹੋਈ ਕੌਮ ਵੱਲ ਆਪਣੀ ਸੁਰੱਖਿਆ ਲਈ ਤੱਕਣ ਲਗਾ। ਇਨ੍ਹਾਂ ਦੀ ਨਿਰਭੈ ਮੌਜੂਦਗੀ ਗਰੀਬ ਤੇ ਨਿਆਸਰੇ ਲੋਕਾਂ ਲਈ ਵੱਡੀ ਢਾਰਸ ਸਾਬਤ ਹੋਈ। ਮਜਬੂਰ ਤੇ ਲਾਚਾਰ ਲੋਕ ਆਪਣੀ ਮੁਸੀਬਤ ਵੇਲੇ ਉਨ੍ਹਾਂ ਨੂੰ ਆਪਣਾ ਦੁੱਖ ਆ ਦੱਸਦੇ। ਲੋਕਾਂ ਦੇ ਦੁੱਖਾਂ ਤੇ ਮੁਸੀਬਤਾਂ ਦਾ ਨਿਵਾਰਣ ਹੋਣ ਲਗਾ। ਦੱਬੀ ਕੁਚਲੀ ਜਨਤਾ ਸਵੈਮਾਣ ਵਾਲੀ ਲੋਕ-ਧਾਰਾ ਵਿਚ ਬੱਝ ਗਈ। ਸਿੱਖਾਂ ਦੇ ਸੇਵਾ-ਭਾਵ, ਨਿਰਮਾਣਤਾ, ਦੂਜਿਆਂ ਦੇ ਕੰਮ ਆਉਣ ਦਾ ਚਾਅ, ਭੁੱਖੇ ਦੇ ਮੂੰਹ ਬੁਰਕੀ ਪਾਉਣਾ, ਜ਼ਬਰ-ਜ਼ੁਲਮ ਦਾ ਮੁਕਾਬਲਾ ਸ਼ਾਂਤੀ ਨਾਲ ਕਰਨਾ ਵਰਗੇ ਗੁਣਾਂ ਅਤੇ ਸਿੱਖੀ ਦੇ ਵਿਲੱਖਣ ਆਚਾਰ-ਵਿਹਾਰ ਵਾਲਾ ਜੀਵਨ ਅਜੋਕੇ ਸਮੇਂ ਵਿਚ ਵੀ ਸਿੱਖਾਂ ਨੂੰ ਸਮੁੱਚੇ ਸਮਾਜ ਵਿਚ ਹਰਮਨ-ਪਿਆਰਾ ਬਣਾਉਂਦਾ ਹੈ।
ਇਹ ਤੱਥ ਜੱਗ ਜ਼ਾਹਿਰ ਹੈ ਕਿ ਗੁਰੂ ਸਾਹਿਬ ਦੀ ਸ਼ਹਾਦਤ ਨਾਲ ਸਿੱਖਾਂ ਵਿਚ ਇਨਕਲਾਬੀ ਬੀਜ ਪੈਦਾ ਹੋ ਗਏ ਸਨ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਥਾਪੜੇ ਨਾਲ ਬੈਰਾਗੀ ਮਾਧੋ ਦਾਸ ਤੋਂ ਸਿੰਘ ਸਜੇ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਵਿਚ ਪ੍ਰਗਟ ਹੋਏ। ਉਹ ਨੰਦੇੜ ਤੋਂ ਪੰਜ ਸਿੰਘ ਲੈ ਕੇ ਤੁਰਿਆ ਸੀ, ਰਸਤੇ ਵਿਚ ਇਨਕਲਾਬੀ ਜਾਗਰੂਕ ਲੋਕ ਉਸ ਨਾਲ ਜੁੜਦੇ ਗਏ ਅਤੇ ਇਨਕਲਾਬੀ ਪ੍ਰਵਾਨਿਆਂ ਦੀ ਇਸ ਫ਼ੌਜ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਮਾਸੂਮ ਜਿੰਦਾਂ ਦੇ ਅਣਮਨੁੱਖੀ ਕਤਲ ਦਾ ਬਦਲਾ ਲਿਆ। ਬੰਦਾ ਸਿੰਘ ਬਹਾਦਰ ਨੇ ਜਗੀਰਦਾਰੀ ਦਾ ਖਾਤਮਾ ਕਰ ਵਾਹੀਕਾਰਾਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਖਾਲਸਾ-ਰਾਜ ਦਾ ਮੁੱਢ ਬੰਨਿ੍ਹਆ। ਦਿੱਲੀ ਦੀ ਹਕੂਮਤ ਸਿੱਖਾਂ ਤੋਂ ਥਰ-ਥਰ ਕੰਬਣ ਲਗੀ। ਲੰਮਾ ਸਮਾਂ ਘੋੜਿਆਂ ਦੀਆਂ ਕਾਠੀਆਂ ਸਿੱਖਾਂ ਦਾ ਰੈਣ ਬਸੇਰਾ ਬਣੀਆਂ। ਸੰਨ 1799 ਵਿਚ ਲਾਹੌਰ ਜਿੱਤ ਕੇ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਵਿਚ ਖਾਲਸਾ ਰਾਜ ਦੀ ਸਥਾਪਨਾ ਕਰ ਦਿੱਤੀ। ਸਮਾਜਿਕ ਬਰਾਬਰੀ ਦਾ ਇਹ ਚਾਲੀ ਸਾਲਾਂ ਦਾ ਸ਼ਾਨਾਮੱਤਾ ਖਾਲਸਾ-ਰਾਜ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਮਿਲਦਾ ਹੈ। ਗੁਜ਼ਰਦੇ ਸਮਿਆਂ ਨਾਲ ਕਦੇ ਗਦਰੀ ਬਾਬੇ ਅਤੇ ਕਦੇ ਭਗਤ ਸਿੰਘ ਵਰਗੇ ਦੇਸ਼ ਭਗਤ ਦੇਸ਼ ਦੀ ਅਜ਼ਾਦੀ ਲਈ ਇਨਕਲਾਬ ਦਾ ਨਾਹਰਾ ਬਣ ਗੂੰਜੇ ਅਤੇ ਸ਼ਹਾਦਤਾਂ ਦਿੱਤੀਆਂ। ਇਸ ਸੋਚ ਦਾ ਪ੍ਰਭਾਵ ਸਿੱਖਾਂ ਨੇ ਹੀ ਨਹੀਂ ਕਬੂਲਿਆ, ਗੈਰ-ਸਿੱਖ ਵੀ ਇਸ ਇਨਕਲਾਬੀ ਸੋਚ ਤੋਂ ਪ੍ਰੇਰਿਤ ਹੋ ਸਮੇਂ ਦੇ ਹਾਣੀ ਬਣ ਖੜੋਤੇ। ਕਦੇ ਇਹ ਲੋਕ-ਸਮੂਹ ਕਿਸਾਨੀ ਘੋਲ ਬਣ ਸਮਾਜਿਕ ਕ੍ਰਾਂਤੀ ਬਣ ਉਭਰੇ ਅਤੇ ਜਦੋਂ ਲੋੜ ਪਈ ਤਾਂ ਮਾਰੋ ਮਾਰ ਕਰਦੇ ਹੜ੍ਹ ਦੀ ਤ੍ਰਾਸਦੀ ਨੂੰ ਨਜਿੱਠਣ ਲਈ ਸਿਰ-ਧੜ ਦੀ ਬਾਜ਼ੀ ਲਾਉਣ ਤੋਂ ਗੁਰੇਜ਼ ਨਹੀਂ ਕੀਤਾ। ਖਾਸ ਤੌਰ ‘ਤੇ ਸਿੱਖਾਂ ਅਤੇ ਆਮ ਤੌਰ ‘ਤੇ ਸਮੁੱਚੇ ਪੰਜਾਬੀਆਂ ਵਿਚ ਲੋਕ ਭਲਾਈ, ਦੇਸ਼ ਭਗਤੀ ਤੇ ਹੱਕ ਸੱਚ ਲਈ ਡੱਟ ਜਾਣ ਦਾ ਜਜ਼ਬਾ ਖੂਨ ਵਿਚ ਹੀ ਹੈ। ਪੰਜਾਬ ਦੀ ਮਿੱਟੀ ਦਾ ਇਹ ਖਾਸਾ ਗੁਰੂਆਂ ਦੀ ਬਖਸ਼ਿਸ਼ ਹੈ।
ਸਮੁੱਚਤਾ ਵਿਚ ਆਖੀਏ ਤਾਂ ਗੁਰੂ ਤੇਗ ਬਹਾਦਰ ਜੀ ਦਾ ਸਾਢੇ ਤਿੰਨ ਸੌ ਸਾਲ ਪਹਿਲਾਂ ਇਸ ਤਰ੍ਹਾਂ ਮਨੁੱਖੀ ਹੱਕਾਂ ਅਤੇ ਇਨਸਾਫ਼ ਲਈ ਜ਼ਾਬਰ ਦੇ ਜ਼ੁਲਮ ਵਿਰੁੱਧ ਡੱਟ ਕੇ ਖੜ੍ਹੇ ਹੋ ਜਾਣਾ, ਆਪਣੀ ਜਾਨ ਦੀ ਪ੍ਰਵਾਹ ਨਾ ਕਰਨਾ ਤੇ ਕੁਰਬਾਨ ਹੋ ਜਾਣਾ, ਸ਼ੁਰੂਆਤ ਸੀ ਇਨ੍ਹਾਂ ਅਜੋਕੀਆਂ ਸੰਸਥਾਵਾਂ ਦੀ ਜੋ ਸੰਸਾਰ ਭਰ ਵਿਚ ਮਨੁੱਖੀ ਹੱਕਾਂ, ਧਾਰਮਿਕ ਅਜ਼ਾਦੀ ਅਤੇ ਸਮੁੱਚੀ ਮਨੁੱਖਤਾ ਦੇ ਮਾਣ-ਸਨਮਾਨ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਲੈਣ ਵਾਲੀਆਂ ਧਾਰਨਾਵਾਂ ਦਾ ਦਾਅਵਾ ਕਰਦੀਆਂ ਹਨ। ਗੁਰੂ ਸਾਹਿਬ ਦੀ ਸ਼ਹਾਦਤ ਦੇ ਸਾਢੇ ਤਿੰਨ ਸੌ ਸਾਲਾਂ ਨੂੰ ਨਤਮਸਤਕ ਹੋ, ਆਓ! ਆਪਾਂ ਸਾਰੇ ਮਨੁੱਖੀ ਹੱਕਾਂ ਦੇ ਮੋਢੀ ਗੁਰੂ ਤੇਗ ਬਹਾਦਰ ਸਾਹਿਬ ਦੀ ਸੋਚ ਨੂੰ ਤਨੋਂ-ਮਨੋਂ ਅਪਣਾਈਏ। ਅਰਦਾਸ ਕਰੀਏ ਕਿ ਗੁਰੂ ਸਾਨੂੰ ਅਤੇ ਸਾਡੀ ਸੰਤਾਨ ਨੂੰ ਹਮੇਸ਼ਾਂ ਹੱਕ, ਸੱਚ ਤੇ ਇਨਸਾਫ਼ ਸੰਗ ਖੜ੍ਹੇ ਹੋਣ ਦਾ ਬਲ ਬਖਸ਼ੇ।
