ਜਿਨ੍ਹਾਂ ਦਾ ਕਦੇ ਕਿਸੇ ਗੀਤ ਨਾ ਗਾਇਆ!

ਵਰਿਆਮ ਸਿੰਘ ਸੰਧੂ
ਫੋਨ: 647-535-1539
+91-98726-02296
ਇਨਕਲਾਬੀ ਲਹਿਰਾਂ ਦੇ ਇਤਿਹਾਸ ਵਿਚ ਬਹੁਤ ਸਾਰੇ ਅਜਿਹੇ ਗੁੰਮਨਾਮ ਸ਼ਹੀਦ ਹੋਏ ਹਨ, ਜਿਨ੍ਹਾਂ ਦੀ ਕੁਰਬਾਨੀ ਇਤਿਹਾਸ ਦੇ ਕਿਸੇ ਪੰਨੇ ਉੱਤੇ ਦਰਜ ਨਹੀਂ। ਉਹ ਲੋਕ ਬਿਨਾਂ ਕਿਸੇ ਲਾਲਚ ਤੇ ਪ੍ਰਸਿੱਧੀ ਦੀ ਲਾਲਸਾ ਦੇ ਆਪਣੇ ਜ਼ਿੰਮੇ ਲੱਗਾ ਕੰਮ ਜਾਨ ਦੀ ਬਾਜ਼ੀ ਲਾ ਕੇ ਭੁਗਤਾ ਗਏ। ਸਮੇਂ ਦੀ ਧੁੰਦ ਵਿਚ ਗਵਾਚ ਗਏ ਅਜਿਹੇ ਨਾਇਕਾਂ ਬਾਰੇ ਨਾ ਕਦੀ

ਕਿਸੇ ਨੇ ਕੋਈ ਗੀਤ ਲਿਖਿਆ, ਨਾ ਕਹਾਣੀ ਲਿਖੀ, ਨਾ ਕਿਸੇ ਨੂੰ ਉਨ੍ਹਾਂ ਦੇ ਜਨਮ ਅਸਥਾਨ ਦਾ ਪਤਾ ਤੇ ਨਾ ਹੀ ਉਨ੍ਹਾਂ ਦੇ ਨਾਂ ਦਾ ਇਲਮ ਹੈ। ਉਨ੍ਹਾਂ ਦੀ ਬਰਸੀ ਭਲਾ ਕਿਸ ਨੇ ਮਨਾਉਣੀ ਹੋਈ! ਅਜਿਹੇ ਹੀ ਗੁੰਮਨਾਮ ਸ਼ਹੀਦਾਂ ਦਾ ਗ਼ਦਰ ਲਹਿਰ ਦੇ ਇਤਿਹਾਸ ਵਿਚ ਵੀ ਘਾਟਾ ਨਹੀਂ। ਇਸ ਪ੍ਰਸੰਗ ਵਿਚ ਮੁਸਲਮਾਨ ਭਰਾਵਾਂ ‘ਤੇ ਆਧਾਰਿਤ ਫੌਜ ਵੱਲੋਂ ਸਿੰਘਾਪੁਰ ਵਿਚ ਅੰਗਰੇਜ਼ ਸਰਕਾਰ ਵਿਰੁੱਧ ਕੀਤੀ ਬਗ਼ਾਵਤ ਤੇ ਦਿੱਤੀ ਕੁਰਬਾਨੀ ਦਾ ਜ਼ਿਕਰ ਕਰਨਾ ਸਭ ਤੋਂ ਢੁਕਵਾਂ ਹੋਏਗਾ। ਗ਼ਦਰੀਆਂ ਵੱਲੋਂ ਦੇਸ-ਵਿਦੇਸ਼ ਵਿਚ ਤਾਇਨਾਤ ਭਾਰਤੀ ਫੌਜਾਂ ਵਿਚ ਆਪਣੇ ਸੈੱਲ ਕਾਇਮ ਕੀਤੇ ਗਏ ਤੇ ਓਥੇ ਗ਼ਦਰ ਦਾ ਬੜਾ ਭਖ਼ਵਾਂ ਪ੍ਰਚਾਰ ਕੀਤਾ ਗਿਆ।
ਉਨ੍ਹਾਂ ਦਿਨਾਂ ਵਿਚ ਸਿੰਘਾਪੁਰ ਵਿਚ ਦੋ ਦੇਸੀ ਪਲਟਨਾਂ ਤਾਇਨਾਤ ਸਨ। ਇੱਕ ਸੀ ‘ਪੰਜਵੀਂ ਲਾਈਟ ਪਲਟਨ’ ਤੇ ਦੂਜੀ ਸੀ ‘ਮਲਾਇਆ ਰਿਆਸਤੀ ਗਾਈਡ’। ਦੋਵੇਂ ਪਲਟਨਾਂ ਮੁਸਲਮਾਨਾਂ ਦੀਆਂ ਸਨ। ਇਨ੍ਹਾਂ ਪਲਟਨਾਂ ਵਿਚ ‘ਗ਼ਦਰ’ ਅਖ਼ਬਾਰ ਤੇ ਹੋਰ ਗ਼ਦਰੀ ਸਾਹਿਤ ਵੰਡਿਆ ਜਾਂਦਾ ਰਿਹਾ ਸੀ। ਅਮਰੀਕਾ, ਕਨੇਡਾ, ਸ਼ੰਘਈ, ਮਨੀਲਾ ਤੇ ਹਾਂਗਕਾਂਗ ‘ਤੋਂ 1914 ਦੇ ਸਤੰਬਰ-ਅਕਤੂਬਰ ਵਿਚ ਲੰਘਣ ਵਾਲੇ ਸਾਥੀ ਸਿੰਘਾਪੁਰ ਵਿਚ ਜਹਾਜ਼ਾਂ ਤੋਂ ਉੱਤਰਦੇ ਅਤੇ ਗੁਰਦਵਾਰੇ ਤੇ ਪਲਟਨਾਂ ਵਿਚ ਜਾ ਕੇ ਫੌਜੀਆਂ ਅਤੇ ਲੋਕਾਂ ਨੂੰ ਇਨਕਲਾਬ ਲਈ ਉੱਠਣ ਲਈ ਪ੍ਰੇਰਦੇ। ਗ਼ਦਰ ਲਹਿਰ ਦੇ ਕਈ ਵਰਕਰ ਤੇ ਆਗੂ ਇਨ੍ਹਾਂ ਪਲਟਨਾਂ ਵਿਚ ਪ੍ਰਚਾਰ ਕਰਨ ਲਈ ਜਾਂਦੇ ਰਹੇ। ਇਨ੍ਹਾਂ ਵਿਚੋਂ ਮੁਜਤਬਾ ਹੁਸੈਨ, ਜੀਵਨ ਸਿੰਘ ਫੈਲੋਕੇ, ਹੀਰਾ ਸਿੰਘ ਚਰੜ, ਗਿਆਨ ਚੰਦ, ਸੁੰਦਰ ਸਿੰਘ ਦੌਲੋਨੰਗਲ, ਹਰਨਾਮ ਸਿੰਘ ਰਸੂਲਪੁਰ ਤੇ ਪੀਨਾਂਗ ਦਾ ਪੁਲਿਸ ਸਾਰਜੰਟ ਤਰਲੋਕ ਸਿੰਘ ਗ਼ਦਰੀ ਸਾਹਿਤ ਤਕਸੀਮ ਕਰਨ ਲਈ ਪਲਟਨਾਂ ਵਿਚ ਜਾਂਦੇ ਰਹੇ। ਇਸਦਾ ਫੌਜੀਆਂ ਉੱਤੇ ਪੂਰਾ ਅਸਰ ਪਿਆ ਤੇ ਉਨ੍ਹਾਂ ਵਿਚ ਅੰਗਰੇਜ਼ ਵਿਰੋਧੀ ਜਜ਼ਬਾ ਬੜੇ ਪ੍ਰਬਲ ਵੇਗ ਨਾਲ ਜਾਗ੍ਰਿਤ ਹੋਇਆ। ਉਧਰੋਂ ਤੁਰਕੀ ਨਾਲ ਅੰਗਰੇਜ਼ ਵਿਰੋਧ ਖੜੇ ਹੋ ਜਾਣ ਕਰਕੇ ਇਨ੍ਹਾਂ ਮੁਸਲਮਾਨ ਫੌਜੀਆਂ ਵਿਚ ਇਸਲਾਮੀ ਰਿਸ਼ਤਾ ਵੀ ਅੰਗਰੇਜ਼ ਵਿਰੋਧੀ ਉਤੇਜਨਾ ਨੂੰ ਵਧਾਉਣ ਦਾ ਕਾਰਨ ਬਣਿਆਂ। ਗ਼ਦਰੀਆਂ ਨੇ ਇਸ ਵਿਰੋਧ ਦਾ ਵੀ ਇਸਤੇਮਾਲ ਕੀਤਾ।
ਜਦੋਂ ਗ਼ਦਰੀ ਆਪਣਾ ਪ੍ਰਚਾਰ ਕਰਦੇ ਸਿੰਘਾਪੁਰ ਵਿਚੋਂ ਲੰਘ ਰਹੇ ਸਨ ਉਦੋਂ ਉਪਰਲੀਆਂ ਦੋਵਾਂ ਪਲਟਨਾਂ ਤੋਂ ਇਲਾਵਾ ਛੱਤੀਵੀਂ ਸਿੱਖ ਪਲਟਨ ਤੇ ਇਕ ਗੋਰਾ ਪਲਟਨ ਵੀ ਤਾਇਨਾਤ ਸੀ। ਇਕ ਪਲਟਨ ਸਿੰਘਾਪੁਰ ਦੇ ਗੋਰਿਆਂ ਵਿਚੋਂ ਭਰਤੀ ਕੀਤੀ ਵਾਲੰਟੀਅਰ ਕੋਰ ਦੀ ਸੀ। ਕੋਈ ਗੁਪਤ ਚਿੱਠੀ ਹੱਥ ਲੱਗ ਜਾਣ ‘ਤੇ ਸਰਕਾਰ ਨੂੰ ਬਗਾਵਤ ਦੀ ਸੂਹ ਲੱਗ ਗਈ ਤੇ ਉਸਨੇ ਮਲਾਇਆ ਰਿਆਸਤੀ ਗਾਈਡ ਨੂੰ ਸਿੰਘਾਪੁਰ ਤੋਂ ਪੀਨਾਂਗ ਤਬਦੀਲ ਕਰ ਦਿੱਤਾ। ਛੱਤੀਵੀਂ ਸਿੱਖ ਪਲਟਨ ਤੋਂ ਇਹਤਿਆਤਨ ਹਥਿਆਰ ਰਖਵਾ ਲਏ। ਪਰ ਪੰਜਵੀਂ ਪਲਟਨ ਵੱਲੋਂ ਬਗ਼ਾਵਤ ਕੀਤੇ ਜਾਣ ਦਾ ਸਰਕਾਰ ਨੂੰ ਚਿੱਤ-ਖਿਆਲ ਨਹੀਂ ਸੀ। ਪਲਟਨ ਨੇ 15 ਫਰਵਰੀ 1915 ਦਾ ਦਿਨ ਬਗ਼ਾਵਤ ਲਈ ਚੁਣਿਆਂ। ਇਸ ਦਿਨ ਦੀ ਚੋਣ ਦਾ ਵਾਸਤਾ ਹਿੰਦ ਵਿਚ ਕੀਤੇ ਜਾਣ ਵਾਲੀ ਗ਼ਦਰ ਦੀ ਤਰੀਕ ਨਾਲ ਸ਼ਾਇਦ ਕੋਈ ਨਹੀਂ ਸੀ। ਇਹ ਪਲਟਨ ਦੇ ਫੌਜੀਆਂ ਵਿਚ ਆਪ-ਮੁਹਾਰ ਉੱਠੇ ਰੋਹ ਦਾ ਪ੍ਰਤੀਕ ਸੀ।
ਫੌਜੀਆਂ ਨੇ 15 ਫਰਵਰੀ 1915 ਦੀ ਸ਼ਾਮ ਨੂੰ ਗ਼ਦਰ ਕਰਨ ਦਾ ਸਮਾਂ ਨਿਯਤ ਕੀਤਾ। ਇਸ ਵੇਲੇ ਸਾਰੇ ਅੰਗਰੇਜ਼ ਅਫ਼ਸਰ ਖਾਣਾ ਖਾਣ ਲਈ ਇਕੱਠੇ ਹੁੰਦੇ ਸਨ। ਖ਼ਿਆਲ ਸੀ ਕਿ ਸਾਰੇ ਅਫ਼ਸਰਾਂ ਨੂੰ ਵਿਸਰਭੋਲੇ ਖਾਣਾ ਖਾਂਦਿਆਂ ਹੀ ਕਾਬੂ ਕਰ ਲਿਆ ਜਾਵੇਗਾ। ਪਰ ਉਨ੍ਹਾਂ ਨੂੰ 15 ਫਰਵਰੀ ਨੂੰ ਸਵੇਰੇ ਹੁਕਮ ਸੁਣਾਇਆ ਗਿਆ ਕਿ ਪਲਟਨ ਅਗਲੇ ਦਿਨ 16 ਫਰਵਰੀ ਨੂੰ ਹਾਂਗਕਾਂਗ ਨੂੰ ਰਵਾਨਾ ਹੋ ਰਹੀ ਹੈ। 15 ਫਰਵਰੀ ਨੂੰ ਲੌਢੇ ਵੇਲੇ ਪਲਟਨ ਦੇ ਹਥਿਆਰ ਜਮ੍ਹਾਂ ਕੀਤੇ ਜਾਣ ਦਾ ਹੁਕਮ ਹੋ ਗਿਆ। ਫੌਜੀਆਂ ਨੇ ਸੋਚਿਆ ਕਿ ਹਥਿਆਰ ਜਮ੍ਹਾਂ ਹੋਣ ਤੋਂ ਬਾਅਦ ਤਾਂ ਉਹ ਅਸਲੋਂ ਹੱਥਲ ਹੋ ਜਾਣਗੇ ਤੇ ਕੁਝ ਵੀ ਨਹੀਂ ਕਰ ਸਕਣਗੇ। ਉਨ੍ਹਾਂ ਮਿੱਥੇ ਟੀਚੇ ਤੋਂ ਪਹਿਲਾਂ ਹੀ ਗ਼ਦਰ ਮਚਾਉਣ ਦਾ ਫ਼ੈLਸਲਾ ਕਰ ਲਿਆ। ਇਸ ਸਮੇਂ ਸਿੰਘਾਪੁਰ ਵਿਚ ਵੱਡੀ ਗਿਣਤੀ ਵਾਲੀ ਸਿਖਲ਼ਾਈ ਪ੍ਰਾਪਤ ਹਥਿਆਰਬੰਦ ਪਲਟਨ ਏਹੋ ਸੀ। 36ਵੀਂ ਸਿੱਖ ਕੋਲ ਤਾਂ ਹਥਿਆਰ ਹੀ ਨਹੀਂ ਸਨ। ਸਮੁੰਦਰੀ ਕੰਢੇ ‘ਤੇ ‘ਕੈਡਮਸ’ ਜਹਾਜ਼ ਵਿਚ ਮਸਾਂ ਅੱਸੀ ਕੁ ਆਦਮੀ ਸਨ।
ਲੌਢੇ ਵੇਲੇ ਜਦੋਂ ਗੋਲੀ ਸਿੱਕਾ ਜਮ੍ਹਾਂ ਕਰਾਉਣ ਦਾ ਵਕਤ ਆਇਆ ਤਾਂ ਫੌਜੀਆਂ ਨੇ ਹਥਿਆਰ ਜਮ੍ਹਾਂ ਕਰਾਉਣ ਤੋਂ ਨਾਂਹ ਕਰ ਦਿੱਤੀ ਤੇ ਅਸਲਾ ਇਕੱਠਾ ਕਰਨ ਵਾਲੇ ਅੰਗਰੇਜ਼ ਅਫ਼ਸਰ ਨੂੰ ਮਾਰ ਮੁਕਾਇਆ। ਫਿਰ ਜਿਹੜਾ ਵੀ ਗੋਰਾ ਫੌਜੀ ਜਾਂ ਅਫ਼ਸਰ ਅੱਗੇ ਆਇਆ, ਉਨ੍ਹਾਂ ਕਤਲ ਕਰ ਦਿੱਤਾ। ਫੌਜੀਆਂ ਨੇ ਬਾਰਕਾਂ ‘ਤੇ ਕਬਜ਼ਾ ਕਰਕੇ ਤਿੰਨ ਟੁਕੜੀਆਂ ਬਣਾ ਲਈਆਂ। ਇਕ ਜਰਮਨ ਕੈਦੀਆਂ ਦੇ ਕੈਂਪ ਵੱਲ ਉਨ੍ਹਾਂ ਨੂੰ ਛੁਡਾ ਕੇ ਆਪਣੇ ਨਾਲ ਮਿਲਾਉਣ ਤੁਰ ਪਈ। ਦੂਜੀ ਹੈੱਡਕੁਆਟਰ ‘ਤੇ ਕਬਜ਼ਾ ਕਰਨ ਲਈ ਕਮਾਨ ਅਫ਼ਸਰ ਦੇ ਬੰਗਲੇ ਵੱਲ ਤੁਰ ਗਈ। ਚਾਰ ਕੁ ਮੀਲ ਲਹਿੰਦੇ ਵੱਲ ਬਾਰਕਾਂ ਵਿਚ ਰਹਿੰਦੀ ਗੋਰਿਆਂ ਦੀ ਵਾਲੰਟੀਅਰ ਕੋਰ ਨੂੰ ਰੋਕਣ ਅਤੇ ਸ਼ਹਿਰ ਦੀ ਕੋਤਵਾਲੀ ‘ਤੇ ਹਮਲਾ ਕਰਕੇ ਸ਼ਹਿਰ ਦਾ ਪ੍ਰਬੰਧ ਸਾਂਭਣ ਵਾਸਤੇ ਤੀਜੀ ਟੁਕੜੀ ਸ਼ਹਿਰ ਦੀ ਸੜਕੇ ਪੈ ਗਈ।
ਸਖ਼ਤ ਮੁੱਠ-ਭੇੜ ਉਪਰੰਤ ਜਰਮਨ ਕੈਂਪ ਉੱਤੇ ਬਾਗ਼ੀਆਂ ਦਾ ਕਬਜ਼ਾ ਹੋ ਗਿਆ। ਕੈਂਪ ਕਮਾਂਡਰ ਜੈਰਰਡ ਤੋਂ ਇਲਾਵਾ ਤਿੰਨ ਵੱਡੇ ਤੇ ਸੱਤ ਨਿੱਕੇ ਅਫ਼ਸਰ ਵੀ ਮਾਰੇ ਗਏ। ਇਕ ਜਰਮਨ ਕੈਦੀ ਵੀ ਹਲਾਕ ਹੋ ਗਿਆ। ਕੈਂਪ ਦੀਆਂ ਤਾਰਾਂ ਪੁੱਟ ਦਿੱਤੀਆਂ ਗਈਆਂ। ਸਾਰੇ ਜਰਮਨ ਕੈਦੀ ਆਜ਼ਾਦ ਕਰ ਦਿੱਤੇ ਗਏ। ਪਰ ਕੈਦੀਆਂ ਨੇ ਬਾਗ਼ੀਆਂ ਦਾ ਸਾਥ ਨਾ ਦੇ ਕੇ ਉਨ੍ਹਾਂ ਨੂੰ ਨਿਰਾਸ ਕਰ ਦਿੱਤਾ। ਉਨ੍ਹਾਂ ਨੇ ਤਾਂ ਜਰਮਨ ਕੈਦੀਆਂ ਦੀ ‘ਸਾਂਝੇ ਦੁਸ਼ਮਣ’ ਖ਼ਿਲਾਫ਼ ਮਿਲ ਕੇ ਲੜਨ ਦੀ ਸੋਚੀ ਹੋਈ ਸੀ। ਪਰ ਜਦੋਂ ਅਜਿਹਾ ਸੰਭਵ ਨਾ ਹੋਇਆ ਤਾਂ ਫੌਜੀ ਮਾਯੂਸ ਹੋ ਗਏ।
ਕਰਨਲ ਦੀ ਕੋਠੀ ‘ਤੇ ਕਬਜ਼ਾ ਕਰਨ ਵਿਚ ਵੀ ਉਨ੍ਹਾਂ ਨੂੰ ਸਫ਼ਲਤਾ ਨਾ ਮਿਲੀ। ਗ਼ਦਰ ਸ਼ੁਰੂ ਹੁੰਦਿਆਂ ਹੀ ਵਾਲੰਟੀਅਰ ਕੋਰ ਦੇ ਦੋ ਗੋਰੇ ਅਫ਼ਸਰ ਦੌੜ ਕੇ ਸਮੁੰਦਰ ਕੰਢੇ ਲੱਗੀ ਬੇੜੀ ਵਿਚ ਖਲੋ ਕੇ ਰੌਲਾ ਪਾਉਣ ਲੱਗੇ। ਉਨ੍ਹਾਂ ਵੱਲੋਂ ਦਿੱਤੀ ਸੂਚਨਾ ਉਤੇ ਵਾਲੰਟੀਅਰ ਕੋਰ ਦਾ ਇਕ ਅਫ਼ਸਰ 86 ਆਦਮੀ ਲੈ ਕੇ ਗ਼ਦਰੀਆਂ ਵੱਲ ਵਧਿਆ। ਗ਼ਦਰੀਆਂ ਵੱਲੋਂ ਗੋਲੀ ਚਲਾ ਕੇ ਉਨ੍ਹਾਂ ਨੂੰ ਰੋਕਣ ਦਾ ਯਤਨ ਕਰਨ ਦੇ ਬਾਵਜੂਦ ਉਹ ਬੰਗਲੇ ਅੰਦਰ ਵੜਨ ਤੇ ਬੰਗਲੇ ਦੀ ਕਿਲ੍ਹਾਬੰਦੀ ਕਰਨ ਵਿਚ ਸਫ਼ਲ ਹੋ ਗਏ।
ਸ਼ਹਿਰ ਨੂੰ ਗਈ ਟੋਲੀ ਨੇ ਕਈ ਗੋਰੇ ਅਫ਼ਸਰ ਤੇ ਆਮ ਗੋਰੇ ਗੋਲੀਆਂ ਨਾਲ ਉਡਾ ਦਿੱਤੇ। ਕਾਰ ਵਿਚ ਬੈਠੇ ਗੋਰੇ ਜਿਲ੍ਹਾ ਜੱਜ ਤੇ ਇਕ ਵਪਾਰੀ ਨੂੰ ਮਾਰ ਦਿੱਤਾ। ਹੋਰ ਵੀ ਕਈ ਗੋਰੇ ਮੌਤ ਦੇ ਘਾਟ ਉਤਾਰ ਦਿੱਤੇ। ਪਰ ਇਕ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ; ਉਨ੍ਹਾਂ ਨੇ ਕਿਸੇ ਵੀ ਗੋਰੇ ਦੀ ਔਰਤ ਨੂੰ ਕੁਝ ਨਾ ਆਖਿਆ ਤੇ ਉਨ੍ਹਾਂ ਦੀ ਜਾਨ-ਬਖ਼ਸ਼ੀ ਕਰ ਦਿੱਤੀ। ਸ਼ਹਿਰ ਵਿਚ ਜਾ ਕੇ ਇਹ ਟੋਲੀ ਟੁਕੜੀਆਂ ਵਿਚ ਖਿੰਡ ਗਈ। ਇਹ ਟੁਕੜੀਆਂ ਸ਼ਹਿਰ ਵਿਚ ਗੋਰਿਆਂ ਨੂੰ ਲੱਭਣ ਤੇ ਨਿਸ਼ਾਨਾ ਬਨਾਉਣ ਵਿਚ ਲੱਗੀਆਂ ਰਹੀਆਂ।
ਗ਼ਦਰੀਆਂ ਦੀ ਕੋਈ ਵੀ ਟੋਲੀ ਘਾਟ ਵੱਲ ਜਾ ਕੇ ਸਮੁੰਦਰੀ ਕਿਲ੍ਹੇ ਤੇ ਹਮਲਾਵਰ ਨਾ ਹੋਈ ਸਗੋਂ ਐਵੇਂ ਖਿੰਡ-ਪੁੰਡ ਕੇ ਇਧਰ-ਉਧਰ ਫਿਰਦੀਆਂ ਰਹੀਆਂ। ਏਨੇ ਵਿਚ ਗਵਰਨਰ ਰਿਡਾਊਟ ਤੇ ਜੰਗੀ ਬੇੜੇ ਦੇ ਐਡਮਿਰਲ ਮਾਰਟੀਨ ਜੈਰਮ ਨੇ ਵਾਰਿਸਲੈੱਸ ਰਾਹੀਂ ਐਧਰੋਂ-ਓਧਰੋਂ ਕੁਮਕ ਸੱਦ ਭੇਜੀ। ਇੱਕ ਜੰਗੀ ਜਹਾਜ਼ ਪਹਿਲਾਂ ਹੀ ਸਮੁੰਦਰ ਵਿਚ ਖੜਾ ਸੀ। ਮਲਾਇਆ ਦੀ ਰਿਆਸਤ ਜੌਹੋਰ ਨੇ ਵੀ ਵਾਇਰਲੈੱਸ ‘ਤੇ ਸੁਨੇਹਾ ਮਿਲਦਿਆਂ 150 ਹਥਿਆਰਬੰਦ ਫੌਜੀ ਸਿੰਘਾਪੁਰ ਭੇਜ ਦਿੱਤੇ। ਬਹੁਤ ਸਾਰੇ ਗੋਰੇ ਸਪੈਸ਼ਲ ਪੁਲਸੀਆਂ ਵਜੋਂ ਭਰਤੀ ਕਰ ਲਏ ਗਏ। 16 ਫਰਵਰੀ ਨੂੰ ਸਵੇਰੇ ਸ਼ਾਹੀ ਬੇੜੇ ਦੇ ਅੱਸੀ, ਸ਼ਾਹੀ ਤੋਪਖ਼ਾਨੇ ਦੇ ਇੱਕੀ, ਸਿੰਘਾਪੁਰ ਵਾਲੰਟੀਅਰ ਕੋਰ ਦੇ ਪੰਜਾਹ ਤੇ ਚੁਣੇ ਹੋਏ ਪੰਝੀ ਸਿਵਲੀਅਨ ਗੋਰੇ ਨਾਲ ਲੈ ਕੇ ਸ਼ਾਹੀ ਤੋਪਖ਼ਾਨੇ ਦਾ ਕਰਨਲ ਗ਼ਦਰੀਆਂ ਵੱਲ ਵਧਿਆ। ਓਧਰ ਗ਼ਦਰੀ ਸਭ ਕੁਝ ਜਿੱਤ ਲਿਆ ਜਾਣ ਕੇ ਅਵੇਸਲੇ ਹੋ ਕੇ ਇਧਰ-ਉਧਰ ਟੁਕੜੀਆਂ ਵਿਚ ਵੰਡ ਕੇ ਬੈਰਕਾਂ ਦੇ ਬਾਹਰ ਘੁੰਮਣ ਲੱਗੇ। ਫੌਜੀਆਂ ਦੀ ਸ਼ਕਤੀ ਖਿੰਡ ਜਾਣ ਕਰਕੇ ਮੁਕਾਬਲਾ ਕਰਨ ਦੇ ਬਾਵਜੂਦ ਬੈਰਕਾਂ ਉੱਤੇ ਮੁੜ ਗੋਰਿਆਂ ਦਾ ਕਬਜ਼ਾ ਹੋ ਗਿਆ। ਹੈੱਡਕੁਆਟਰ ਉੱਤੇ ਵੀ ਆਖ਼ਰਕਾਰ ਗੋਰੇ ਕਾਬਜ਼ ਹੋ ਗਏ। ਅਗਲੇ ਦਿਨ ਇਕ ਹੋਰ ਜੰਗੀ ਜਹਾਜ਼ ਆ ਗਿਆ। ਗੋਰਿਆਂ ਨੇ ਖਿੱਲਰੇ ਹੋਏ ਬਾਗ਼ੀਆਂ ਨੂੰ ਘੇਰਨਾ ਤੇ ਫੜਨਾ ਸ਼ੁਰੂ ਕਰ ਦਿੱਤਾ। ਕਈ ਤਾਂ ਭੁੱਖ-ਤੇਹ ਦੇ ਮਾਰੇ ਕਾਬੂ ਆ ਗਏ। ਅਜੇ ਗ਼ਦਰੀ ਫੜੇ ਹੀ ਜਾ ਰਹੇ ਸਨ ਕਿ ਕਚਹਿਰੀਆਂ ਖੜੀਆਂ ਕਰ ਦਿੱਤੀਆਂ ਗਈਆਂ। ‘ਪੰਜਵੀਂ ਲਾਈਟ ਪਲਟਨ‘ ਵੱਲੋਂ ਕੀਤੀ ਬਗ਼ਾਵਤ ਨੂੰ ਜ਼ੋਰ-ਜ਼ੁਲਮ ਨਾਲ ਦਬਾਅ ਦਿੱਤਾ ਗਿਆ। ਗ੍ਰਿਫ਼ਤਾਰ ਕੀਤੇ ਗਏ ਸੂਰਬੀਰਾਂ ਵਿਚੋਂ 41 ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ, 3 ਨੂੰ ਫ਼ਾਂਸੀ ਦਿੱਤੀ ਗਈ ਅਤੇ 162 ਨੂੰ ਉਮਰ ਕੈਦ ਤੇ ਹੋਰ ਬਾਮੁਸ਼ੱਕਤ ਕਰੜੀਆਂ ਸਜ਼ਾਵਾਂ ਦਿੱਤੀਆਂ ਗਈਆਂ। ਜੇ ਬਾਗ਼ੀ ਥੋੜੀ ਕੁ ਯੋਜਨਾ ਨਾਲ ਕੰਮ ਕਰਦੇ ਤਾਂ ਉਹ ਸਹਿਜੇ ਹੀ ਸਿੰਘਾਪੁਰ ‘ਤੇ ਕਬਜ਼ਾ ਕਰ ਸਕਦੇ ਸਨ। ਬਿਨਾ ਕਿਸੇ ਵਿਸ਼ੇਸ਼ ਯੋਜਨਾਬੱਧ ਅਗਵਾਈ ਦੇ ਉਨ੍ਹਾਂ ਦਾ ਯਤਨ ਆਪ-ਮੁਹਾਰਾ ਤੇ ਵੇਗ-ਮੱਤਾ ਹੋਣ ਕਰਕੇ ਉਹ ਭਾਵੇਂ ਮਨਚਾਹੀ ਪ੍ਰਾਪਤੀ ਨਾ ਕਰ ਸਕੇ ਪਰ ਉਨ੍ਹਾਂ ਦੀ ਬੇਮਿਸਾਲ ਕੁਰਬਾਨੀ ਦਾ ਮਹੱਤਵ ਆਪਣੇ ਥਾਂ ਅਟੱਲ ਤੇ ਮਾਣਯੋਗ ਹੈ।
ਇਹ ਬੜੇ ਦੁੱਖ ਦੀ ਗੱਲ ਹੈ ਕਿ ਇਨ੍ਹਾਂ ਸੂਰਬੀਰਾਂ ਦੇ ਕਾਰਨਾਮੇ ਦਾ ਉਹੋ ਪੱਖ ਹੀ ਉਜਾਗਰ ਹੋਇਆ ਹੈ, ਜੋ ਪੱਖ ਸਰਕਾਰ ਨੇ ਪੇਸ਼ ਕੀਤਾ। ਉਨ੍ਹਾਂ ਦੀ ਕੁਰਬਾਨੀ ਦਹਾਕਿਆਂ ਤੱਕ ਓਹਲੇ ਵਿਚ ਰਹੀ ਅਤੇ ਕੁਝ ਸਾਲ ਪਹਿਲਾਂ ਹੋਈ ਖੋਜ ਤੋਂ ਉਨ੍ਹਾਂ ਸ਼ਹੀਦਾਂ ਤੇ ਸੂਰਮਿਆਂ ਦੀ ਕੁਰਬਾਨੀ ਦਾ ਵੇਰਵਾ ਪਤਾ ਲੱਗਾ ਹੈ; ਨਹੀਂ ਤਾਂ ਦੇਸ਼ ‘ਤੋਂ ਕੁਰਬਾਨ ਹੋਣ ਵਾਲੇ ਉਨ੍ਹਾਂ ਸ਼ਹੀਦ-ਸੂਰਮਿਆਂ ਦਾ ਕਿਸੇ ਨੂੰ ਨਾਂ ਤੱਕ ਵੀ ਪਤਾ ਨਹੀਂ ਸੀ। ਇਸ ਵਿਚ ਸ਼ੱਕ ਨਹੀਂ ਕਿ ਇਹ ਬਗ਼ਾਵਤ ਗ਼ਦਰ ਲਹਿਰ ਦੇ ਪ੍ਰਚਾਰ ਦਾ ਹੀ ਸਿੱਟਾ ਸੀ। ਜਨਰਲ ਡਾਇਰ ਨੇ ਆਪਣੀ ਜੀਵਨੀ ਵਿਚ ਇਸ ਬਗ਼ਾਵਤ ਨੂੰ ‘ਸਾਫ਼ ਤੌਰ `ਤੇ ਗ਼ਦਰ ਸਾਜਿਸ਼ ਦਾ ਹਿੱਸਾ’ ਲਿਖਿਆ ਹੈ। ਰੌਲਟ ਰੀਪੋਰਟ ਮੁਤਾਬਕ ‘ਅਮਰੀਕਾ ਦੀ ਗ਼ਦਰ ਪਾਰਟੀ ਦੇ ਮੁਸਲਮਾਨਾਂ ਤੇ ਹਿੰਦੂ ਸਾਜਿਸ਼ੀਆਂ ਨੇ ਫੌਜੀਆਂ `ਤੇ ਪਾਣ ਚਾੜ੍ਹੀ ਹੋਈ ਸੀ। ਇਸ ਲਈ (ਪੰਜਵੀਂ ਪਲਟਨ ਦੀ) ਬਗ਼ਾਵਤ ਨੂੰ ਰੋਕਿਆ ਨਾ ਜਾ ਸਕਿਆ।’
ਸਿੰਘਾਪੁਰ ਦੀ ਬਗ਼ਾਵਤ ਵਾਂਗ 130ਵੀਂ ਬਲੋਚ ਰਜਮੈਂਟ ਨੇ ਵੀ ਗ਼ਦਰ ਪਾਰਟੀ ਦੇ ਪ੍ਰਚਾਰ ਤੇ ਪ੍ਰਭਾਵ ਵਿਚ ਆ ਕੇ ਰੰਗੂਨ ਵਿਚ ਗ਼ਦਰ ਕਰ ਦਿੱਤਾ। ਇਸ ਪਲਟਨ ਵਿਚ ਵੀ ਜ਼ਿਆਦਾ ਮੁਸਲਮਾਨ ਪਠਾਣ ਸਨ। ਪਹਿਲਾਂ ਤਾਂ ਇਨ੍ਹਾਂ ਨੇ ਜੰਗ ਵਿਚ ਜਾਣ ਲਈ ਜਹਾਜ਼ ‘ਤੇ ਚੜ੍ਹਨੋਂ ਨਾਂਹ ਕਰ ਦਿੱਤੀ ਤੇ ਇਕ ਗੋਰੇ ਅਫ਼ਸਰ ਨੂੰ ਮਾਰ ਦਿੱਤਾ। ਫਿਰ ਇਨ੍ਹਾਂ ਨੂੰ ਫੌਜੀ ਪਹਿਰੇ ਹੇਠ ਰੰਗੂਨ ਲਿਆਂਦਾ ਗਿਆ। ਏਥੇ ਗ਼ਦਰ ਪਾਰਟੀ ਦੇ ਮੁਸਲਮਾਨ ਮੈਂਬਰਾਂ ਨੇ ਇਨ੍ਹਾਂ ਵਿਚ ‘ਗ਼ਦਰ’ ਦੇ ਪਰਚੇ ਤਕਸੀਮ ਕੀਤੇ। ਪ੍ਰਭਾਵਸਰੂਪ ਪਲਟਨ ਜਨਵਰੀ 1915 ਵਿਚ ਅਸਲੋਂ ਹੀ ਬਾਗ਼ੀ ਹੋ ਕੇ ਗ਼ਦਰ ਲਈ ਤਿਆਰ ਹੋ ਗਈ। 16 ਜਨਵਰੀ ਨੂੰ ਇਨ੍ਹਾਂ ਦਾ ਕੋਰਟ ਮਾਰਸ਼ਲ ਕਰਕੇ ਦੋ ਸੌ ਆਦਮੀਆਂ ਨੂੰ ਸਜ਼ਾਵਾਂ ਦਿੱਤੀ ਗਈਆਂ। ਚਾਰ ਨੂੰ ਫਾਂਸੀ ਲਾਇਆ ਗਿਆ ਅਤੇ 59 ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ।
ਮੁਸਲਮਾਨ ਭਰਾਵਾਂ ਦੀ ਗ਼ਦਰ ਲਹਿਰ ਵਿਚ ਕੀਤੀ ਕੁਰਬਾਨੀ ਕਿਸੇ ਪੱਖੋਂ ਵੀ ਘਟਾ ਕੇ ਨਹੀਂ ਵੇਖੀ ਜਾ ਸਕਦੀ। ਡਾਕਟਰ ਅਸਦੁੱਲਾ ਗ਼ਦਰ ਲਹਿਰ ਦੇ ਪਰਚੇ ਮੰਗਵਾ ਕੇ ਈਰਾਨ ਤੇ ਮੈਸੋਪਟਾਮੀਆਂ ਦੇ ਹਿੰਦੀ ਫੌਜੀਆਂ ਵਿਚ ਵੰਡਦਾ ਰਿਹਾ। 24ਵੀਂ ਪੰਜਾਬੀ ਦੇ ਸਿਪਾਹੀ ਅਮੀਰ ਖਾਂ ਨੂੰ ਬਾਗ਼ੀਆਨਾ ਰੁਚੀਆਂ ਕਾਰਨ ਜੇਲ੍ਹ ਵਿਚ ਬੰਦ ਕੀਤਾ ਗਿਆ। ਰਹਿਮਤ ਅਲੀ ਵਜੀਦ ਕੇ, ਮੌਲਵੀ ਬਰਕਤਉਲਾ, ਮੌਲਵੀ ਹਾਫ਼ਿਜ਼ ਅਬਦੁੱਲਾ, ਅਬਦੁੱਲਾ ਨਾਹਲ, ਮੁਜਤਬਾ ਹੁਸੈਨ ਅਤੇ ਹੋਰ ਅਨੇਕਾਂ ਗ਼ਦਰੀ ਮੁਸਲਮਾਨਾਂ ਦੀ ਦੇਣ ਅਤੇ ਕੁਰਬਾਨੀ ਤੋਂ ਕੌਣ ਮੁਨਕਰ ਹੋ ਸਕਦਾ ਹੈ। ਸੱਚੀ ਗੱਲ ਤਾਂ ਇਹ ਹੈ ਕਿ ਗ਼ਦਰੀਆਂ ਦੀਆਂ ਕੁਰਬਾਨੀਆਂ ਨੂੰ ਹਿੰਦੂ, ਸਿੱਖ ਜਾਂ ਮੁਸਲਮਾਨ ਵਿਚ ਵੰਡ ਕੇ ਦੱਸਣ ਦੀ ਲੋੜ ਨਹੀਂ। ਉਹ ਤਾਂ ਇਨਕਲਾਬੀ ਸਨ ਤੇ ਬਕੌਲ ਬਾਬਾ ਸੋਹਣ ਸਿੰਘ ਭਕਨਾ ਪਾਰਟੀ ਦਾ ਕੋਈ ਵੀ ਮੈਂਬਰ ਇਸ ਕਰਕੇ ਮੈਂਬਰ ਨਹੀਂ ਸੀ ਬਣ ਸਕਦਾ ਕਿ ਉਹ ਹਿੰਦੂ, ਸਿੱਖ, ਮੁਸਲਮਾਨ, ਆਸਤਕ ਜਾਂ ਨਾਸਤਕ ਹੈ ਸਗੋਂ ਮੈਂਬਰ ਬਣਨ ਲਈ ਮੁਢਲੀ ਸ਼ਰਤ ਸੀ ਕਿ ਉਹ ਆਪਣੇ ਆਪ ਨੂੰ ਹਿੰਦੁਸਤਾਨੀ ਸਮਝਦਾ ਹੋਵੇ ਜਾਂ ਉਹ ‘ਮਨੁੱਖ’ ਹੋਣ ਦੇ ਨਾਤੇ ਪਾਰਟੀ ਦਾ ਮੈਂਬਰ ਬਣ ਸਕਦਾ ਸੀ। ਇਹ ਧਰਮ-ਨਿਖੇੜਵੇਂ ਹਵਾਲੇ ਇਸ ਕਰਕੇ ਦੇਣੇ ਪੈ ਰਹੇ ਹਨ ਕਿ ਅੱਜ ਦੇ ਹਾਲਾਤ ਵਿਚ ਪੈ ਰਹੀਆਂ ਧਾਰਮਿਕ ਵੰਡੀਆਂ ਤੇ ਫ਼ਿਰਕੂ ਨਫ਼ਰਤ ਨੂੰ ਠੱਲ੍ਹ ਪਾਉਣ ਲਈ ਦੱਸਿਆ ਜਾ ਸਕੇ ਕਿ ਕਿਵੇਂ ਉਹ ਗ਼ਦਰੀ ਸੂਰਬੀਰ ਧਰਮਾਂ ਤੇ ਜਾਤਾਂ ਦੀ ਵਲਗਣ ਟੱਪ ਕੇ ਪੂਰੇ ਭਰਾਤਰੀ ਭਾਵ ਨਾਲ ਜੂਝ ਕੇ ਦੇਸ਼ ਤੋਂ ਕੁਰਬਾਨ ਹੋਏ ਸਨ।