ਬੂਟਾ ਸਿੰਘ ਮਹਿਮੂਦਪੁਰ
ਡੈਮੋਕਰੇਟ ਸੋਸ਼ਲਿਸਟ ਜ਼ੋਹਰਾਨ ਮਮਦਾਨੀ ਦਾ ਨਿਊ ਯਾਰਕ ਸਿਟੀ ਦਾ ਮੇਅਰ ਬਣਨਾ ਵੱਡੇ ਮਹੱਤਵ ਵਾਲੀ ਘਟਨਾ ਹੈ। ਇਸ ਜਿੱਤ ਦੇ ਅਮਰੀਕਾ ਦੇ ਲੋਕਾਂ ਅਤੇ ਦੁਨੀਆ ਦੇ ਲੋਕਾਂ ਲਈ ਕੀ ਮਾਇਨੇ ਹਨ? ਕੀ ਮਮਦਾਨੀ ਦੀ ਜਿੱਤ ਡੈਮੋਕਰੇਟ ਕੈਂਪ ਵਿਚ ਟਰੰਪ ਵਿਰੁੱਧ ਜੂਝਣ ਲਈ ਨਵਾਂ ਜੋਸ਼ ਅਤੇ ਉਤਸ਼ਾਹ ਭਰ ਸਕੇਗੀ? ਡੈਮੋਕਰੇਟ ਸਿਆਸਤ ਦੀਆਂ ਸੀਮਾਵਾਂ ਤੇ ਸੰਭਾਵਨਾਵਾਂ ਕੀ ਹਨ। ਇਨ੍ਹਾਂ ਕੁਝ ਸਵਾਲਾਂ ਦੀ ਚਰਚਾ ਸਾਡੇ ਕਾਲਮ-ਨਵੀਸ ਬੂਟਾ ਸਿੰਘ ਮਹਿਮੂਦੁਪਰ ਵੱਲੋਂ ਆਪਣੇ ਇਸ ਲੇਖ ਵਿਚ ਕੀਤੀ ਗਈ ਹੈ।-ਸੰਪਾਦਕ॥
ਪਿਛਲੇ ਦਿਨੀਂ ਡੈਮੋਕਰੇਟ ਸੋਸ਼ਲਿਸਟ ਜ਼ੋਹਰਾਨ ਮਮਦਾਨੀ ਨੇ ਸਾਬਕਾ ਗਵਰਨਰ ਐਂਡਰਿਊ ਕੂਓਮੋ ਅਤੇ ਰਿਪਬਲਿਕਨ ਕਰਟਿਸ ਸਲੀਵਾ ਨੂੰ ਹਰਾ ਕੇ ‘ਆਲਮੀ ਵਿਤੀ ਸਰਮਾਏ ਦੀ ਰਾਜਧਾਨੀ’ ਨਿਊ ਯਾਰਕ ਸਿਟੀ ਦਾ ਸਭ ਤੋਂ ਛੋਟੀ ਉਮਰ ਦਾ ਮੇਅਰ ਬਣਨ ਦਾ ਰਿਕਾਰਡ ਬਣਾਇਆ ਹੈ। ਮਮਦਾਨੀ ਮੁਸਲਮਾਨ ਹੈ ਜਿਸਨੇ ਯੂਗਾਂਡਾ ਵਿਚ ਭਾਰਤੀ ਮਾਪਿਆਂ ਦੇ ਘਰ ਜਨਮ ਲਿਆ। 34 ਸਾਲਾ ਮਮਦਾਨੀ ਸ਼ਹਿਰ ਦਾ ਪਹਿਲਾ ਮੁਸਲਮਾਨ ਅਤੇ ਦੱਖਣੀ ਏਸ਼ਿਆਈ ਮੂਲ ਦਾ ਪਹਿਲਾ ਮੇਅਰ ਹੈ। ਮਮਦਾਨੀ ਨੂੰ 50.6%, ਜਦਕਿ ਕੂਓਮੋ ਨੂੰ 41.2% ਵੋਟਾਂ ਮਿਲੀਆਂ। ਕੋਵਿਡ ਮਹਾਮਾਰੀ ਦੌਰਾਨ ਘੁਟਾਲਿਆਂ ਅਤੇ ਔਰਤਾਂ ਨਾਲ ਜਿਨਸੀ ਛੇੜਛਾੜ ਦੇ ਦੋਸ਼ਾਂ ਨਾਲ ਦਾਗ਼ੀ ਕੂਓਮੋ ਟਰੰਪ ਅਤੇ ਕਾਰਪੋਰੇਟ ਸਰਮਾਏਦਾਰੀ ਦਾ ਚਹੇਤਾ ਉਮੀਦਵਾਰ ਸੀ। ਫਿਰ ਵੀ, ਆਮ ਲੋਕਾਂ ਲਈ ਕਿਫ਼ਾਇਤੀ ਸਹੂਲਤਾਂ ਅਤੇ ਮਜ਼ਦੂਰ ਵਰਗ ਦੇ ਮੁੱਦਿਆਂ ‘ਤੇ ਕੇਂਦਰਿਤ ਮਮਦਾਨੀ ਦੀ ਮੁਹਿੰਮ ਵੋਟਰਾਂ ਦਾ ਧਿਆਨ ਖਿੱਚਣ ’ਚ ਸਫ਼ਲ ਰਹੀ। ਉਸਨੂੰ ਵਿਰੋਧੀਆਂ ਦੇ ਘੋਰ ਨਸਲਵਾਦੀ ਅਤੇ ਇਸਲਾਮੋਫੋਬਿਕ ਜ਼ਹਿਰੀਲੇ ਹਮਲੇ ਝੱਲਣੇ ਪਏ ਪਰ ਆਖਿæਰਕਾਰ ਉਹ ਜਨ-ਸੰਖਿਆ ਦੀਆਂ ਵੰਡਾਂ ਤੋਂ ਪਾਰ ਵੋਟਾਂ ਹਾਸਲ ਕਰਕੇ ਵਿਰੋਧੀਆਂ ਨੂੰ ਮਾਤ ਦੇਣ ’ਚ ਸਫ਼ਲ ਹੋ ਗਿਆ।
ਉਸ ਵੱਲੋਂ ਤਜਵੀਜ਼ ਕੀਤੀਆਂ ਨੀਤੀਆਂ ਦਾ ਵੋਟ ਨਤੀਜਿਆਂ ਉੱਪਰ ਸਪਸ਼ਟ ਪ੍ਰਭਾਵ ਹੈ। ਉਸ ਨੇ ਉਨ੍ਹਾਂ ਸ਼ਿਕਾਇਤਾਂ ਨੂੰ ਮੁਖ਼ਾਤਿਬ ਹੋ ਕੇ ਠੋਸ ਨੀਤੀ ਪੇਸ਼ ਕੀਤੀ ਜਿਨ੍ਹਾਂ ਕਾਰਨ ਕਿਰਤੀ ਜਮਾਤ ਨੇ ਟਰੰਪ ਨੂੰ ਵੋਟ ਪਾਈ ਸੀ। ਮਮਦਾਨੀ ਨੇ ਕਿਰਾਏ ਨਾ ਵਧਾਏ ਜਾਣ ਦੀ ਸਕੀਮ ਲਾਗੂ ਕਰਨ, ਪਬਲਿਕ ਰਾਸ਼ਨ ਦੀਆਂ ਦੁਕਾਨਾਂ (ਗਰੌਸਰੀ ਸਟੋਰ) ਖੋਲ੍ਹਣ, ਬੱਚਿਆਂ ਦੀ ਸਰਵਵਿਆਪਕ ਦੇਖਭਾਲ ਵਿਵਸਥਾ ਦਾ ਵਿਸਤਾਰ ਕਰਨ, ਮੁਫ਼ਤ ਬੱਸਾਂ ਸ਼ੁਰੂ ਕਰਨ ਅਤੇ ਸਸਤੇ ਘਰ ਤੱਕ ਪਹੁੰਚ ਵਧਾਉਣ ਦਾ ਵਾਅਦਾ ਕੀਤਾ ਹੈ। ਇਨ੍ਹਾਂ ਵਾਅਦਿਆਂ ਨੂੰ ਅਮਲੀ ਰੂਪ ਦੇਣ ਲਈ ਉਸਨੇ ਕਾਰਪੋਰੇਟ ਟੈਕਸਾਂ ’ਚ ਵਾਧਾ ਕਰਨ ਅਤੇ ਕਰੋੜਪਤੀਆਂ ਉੱਪਰ ਹੋਰ ਟੈਕਸ ਲਾਉਣ ਦੀ ਤਜਵੀਜ਼ ਪੇਸ਼ ਕੀਤੀ ਹੈ। ਨਿਊ ਯਾਰਕ ਟਾਈਮਜ਼ ਵਲੋਂ ਚੋਣਾਂ ਤੋਂ ਬਾਅਦ ਪ੍ਰਕਾਸ਼ਿਤ ਅੰਕੜੇ ਦੱਸਦੇ ਹਨ ਕਿ ਉਨ੍ਹਾਂ ਵੋਟਰਾਂ ਨੇ ਬਹੁਗਿਣਤੀ ’ਚ ਮਮਦਾਨੀ ਦੀ ਹਮਾਇਤ ਕੀਤੀ ਜੋ ਕਿਰਾਏ ਦੇ ਰਿਹਾਇਸ਼ੀ ਮਕਾਨਾਂ ਵਿਚ ਰਹਿੰਦੇ ਹਨ (57%) ਅਤੇ ਜੋ ਪਬਲਿਕ ਆਵਾਜਾਈ ਸੇਵਾਵਾਂ ਉੱਪਰ ਸਫ਼ਰ ਕਰਦੇ ਹਨ (62%)। ਜਦਕਿ ਜਿਨ੍ਹਾਂ ਲੋਕਾਂ ਕੋਲ ਆਪਣੇ ਮਕਾਨ ਹਨ ਅਤੇ ਜੋ ਕਾਰਾਂ ਉੱਪਰ ਸਫ਼ਰ ਕਰਦੇ ਹਨ, ਉਨ੍ਹਾਂ ਵਿਚੋਂ ਅੱਧਿਓਂ ਵੱਧ ਨੇ ਕੂਓਮੋ ਨੂੰ ਵੋਟ ਪਾਈ।
ਸਾਰੇ ਕਾਰਪੋਰੇਟ ਮਮਦਾਨੀ ਵਿਰੁੱਧ ਇਕਜੁੱਟ ਸਨ। ਡੋਨਲਡ ਟਰੰਪ ਅਤੇ ਐਲਨ ਮਸਕ ਨੇ ਐਂਡਰਿਊ ਕੂਓਮੋ ਦੀ ਸਿੱਧੇ ਤੌਰ ’ਤੇ ਹਮਾਇਤ ਕੀਤੀ। ਟਰੰਪ ਨੇ ਕਿਹਾ: ਉਸੇ ਨੂੰ ਵੋਟ ਪਾਓ, ਉਹ ਸ਼ਾਨਦਾਰ ਕੰਮ ਕਰੇਗਾ। ਟਰੰਪ ਨੇ ਇੱਥੋਂ ਤੱਕ ਕਿਹਾ ਕਿ ‘ਜੇ ਕਮਿਊਨਿਸਟ ਉਮੀਦਵਾਰ ਜ਼ੋਹਰਾਨ ਮਮਦਾਨੀ ਨਿਊ ਯਾਰਕ ਸ਼ਹਿਰ ਦੀ ਮੇਅਰ ਚੋਣ ਜਿੱਤ ਜਾਂਦਾ ਹੈ, ਤਾਂ ਇਹ ਬਹੁਤ ਹੀ ਅਸੰਭਵ ਹੈ ਕਿ ਮੈਂ ਆਪਣੇ ਪਿਆਰੇ ਪਹਿਲੇ ਘਰ (ਨਿਊ ਯਾਰਕ) ਨੂੰ ਜ਼ਰੂਰਤ ਅਨੁਸਾਰ ਘੱਟੋਘੱਟ ਰਾਸ਼ੀ ਤੋਂ ਵੱਧ ਕੋਈ ਫੈਡਰਲ ਫੰਡ ਦੇ ਸਕਾਂਗਾ, ਇਸ ਤੱਥ ਦੇ ਕਾਰਨ ਕਿ ਬਤੌਰ ਕਮਿਊਨਿਸਟ, ਮਹਾਨ ਸ਼ਹਿਰ ਦੇ ਸਫ਼ਲ ਹੋਣ, ਜਾਂ ਇੱਥੋਂ ਤੱਕ ਕਿ ਬਚ ਸਕਣ ਦੀ ਵੀ ਜ਼ੀਰੋ ਸੰਭਾਵਨਾ ਹੈ!’ ਉਸ ਨੇ ਅੱਗੇ ਕਿਹਾ: ‘ਮੈਂ ਇਕ ਅਜਿਹੇ ਡੈਮੋਕ੍ਰੇਟ ਨੂੰ ਜਿੱਤਦੇ ਦੇਖਣਾ ਪਸੰਦ ਕਰਾਂਗਾ, ਜਿਸ ਕੋਲ ਸਫ਼ਲਤਾ ਦਾ ਰਿਕਾਰਡ ਹੈ, ਨਾ ਕਿ ਇਕ ਅਜਿਹੇ ਕਮਿਊਨਿਸਟ ਨੂੰ ਜਿਸ ਕੋਲ ਕੋਈ ਤਜਰਬਾ ਨਹੀਂ ਹੈ ਅਤੇ ਜਿਸਦਾ ਰਿਕਾਰਡ ਪੂਰੀ ਤਰ੍ਹਾਂ ਨਾਕਾਮੀਆਂ ਨਾਲ ਭਰਿਆ ਹੈ।’ ਟਰੰਪ ਦੀ ਧਮਕੀ ਸਪਸ਼ਟ ਸੀ: ਜੇਕਰ ਮਮਦਾਨੀ ਜਿੱਤਿਆ ਤਾਂ ਉਹ ਨਿਊ ਯਾਰਕ ਲਈ ਫੈਡਰਲ ਫੰਡ ਰੋਕ ਦੇਵੇਗਾ। ਟਰੰਪ ਨੇ ਪਹਿਲੇ ਅਮਰੀਕੀ ਹਾਕਮਾਂ ਵੱਲੋਂ ਬਣਾਏ ਕਮਿਊਨਿਜ਼ਮ ਦੇ ਹਊਏ ਦਾ ਚਲਾਕੀ ਨਾਲ ਲਾਹਾ ਲੈਣ ਲਈ ਮਮਦਾਨੀ ਨੂੰ ਕਮਿਊਨਿਸਟ ਕਹਿ ਕੇ ਭੰਡਿਆ ਜਦਕਿ ਉਸਦਾ ਕਮਿਊਨਿਜ਼ਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਇਕ ਪਾਸੇ ਟਰੰਪ ਹਮਲੇ ਕਰ ਰਿਹਾ ਸੀ, ਦੂਜੇ ਪਾਸੇ ਮਮਦਾਨੀ ਨੂੰ ਸਾਰੇ ਡੈਮੋਕਰੇਟਾਂ ਆਗੂਆਂ ਦੀ ਹਮਾਇਤ ਵੀ ਨਹੀਂ ਸੀ। ਜਦੋਂ ਜੂਨ ਵਿਚ ਚੋਣਾਂ ਦੇ ਪਹਿਲੇ ਪੜਾਅ ਵਿਚ ਡੈਮੋਕਰੇਟਾਂ ਵੱਲੋਂ ਆਪਣਾ ਉਮੀਦਵਾਰ ਚੁਣਿਆ ਗਿਆ, ਉਦੋਂ ਹੀ ਇਹ ਸਪਸ਼ਟ ਹੋ ਗਿਆ ਸੀ ਕਿ ਡੈਮੋਕਰੇਟਿਕ ਪਾਰਟੀ ਦਾ ਵੋਟ-ਆਧਾਰ ਮਜ਼ਬੂਤੀ ਨਾਲ ਮਮਦਾਨੀ ਦੇ ਹੱਕ ’ਚ ਹੈ। ਪਰ ਉਸਦੀ ਹਮਾਇਤ ਸਿਰਫ਼ ਡੈਮਰੋਕਰੇਟਾਂ ਦੇ ‘ਖੱਬੇ’ ਧੜੇ ਨੇ ਹੀ ਕੀਤੀ। ਜ਼ਿਆਦਾਤਰ ਸ਼ਕਤੀਸ਼ਾਲੀ ਡੈਮੋਕਰੇਟ ਸ਼ਖ਼ਸਾਂ ਨੇ ਉਸਦੀ ਹਮਾਇਤ ਨਹੀਂ ਕੀਤੀ। ਨਿਊ ਯਾਰਕ ਦੀ ਗਵਰਨਰ ਕੈਥੀ ਹੋਕੁਲ ਅਤੇ ਕਾਂਗਰਸ ਦੇ ਉਪਰਲੇ ਸਦਨ ਵਿਚ ਚੋਟੀ ਦੇ ਡੈਮੋਕਰੇਟ ਚੱਕ ਸ਼ੂਮਰ ਵਰਗੇ ਵੱਡੇ ਚਿਹਰੇ ਇਕ ਤਰ੍ਹਾਂ ਨਾਲ ਚੁੱਪ ਬੈਠੇ ਰਹੇ।
ਘੱਟਗਿਣਤੀ ਪਿਛੋਕੜ ਵਾਲੇ ਵਿਅਕਤੀ ਦਾ ਕਾਰਪੋਰੇਟ ਧਨਾਢਾਂ ਦੀ ਮਦਦ ਤੋਂ ਬਿਨਾਂ ਬਹੁਤ ਹੀ ਮਜ਼ਬੂਤ ਵਿਰੋਧੀਆਂ ਨੂੰ ਸਖ਼ਤ ਟੱਕਰ ਦੇਣਾ ਅਤੇ ਧਨਾਢਾਂ ਦੇ ਟਾਪੂ ਨਿਊ ਯਾਰਕ ਦੇ ਮੇਅਰ ਦੇ ਸਰਵਉੱਚ ਅਹੁਦੇ ਲਈ ਚੁਣੇ ਜਾਣਾ ਨਿਰਸੰਦੇਹ ਮਾਇਨੇ ਰੱਖਦਾ ਹੈ। ਲੋਕ-ਭਲਾਈ ਵਾਲੇ ਆਰਥਕ ਵਾਅਦੇ ਕਰਨ ਦੇ ਨਾਲ-ਨਾਲ ਮਮਦਾਨੀ ਨੇ ਆਵਾਸੀਆਂ ਪੱਖੀ ਤਜਵੀਜ਼ਾਂ ਪੇਸ਼ ਕੀਤੀਆਂ। ਉਸਨੇ ਨਿਊ ਯਾਰਕ ਨੂੰ ‘ਟਰੰਪ ਪਰੂਫ’ ਬਣਾਉਣ ਦੀ ਗੱਲ ਕੀਤੀ ਅਤੇ ਪ੍ਰਵਾਸੀ ਭਾਈਚਾਰਿਆਂ ਦੀ ਸੁਰੱਖਿਆ, ਆਈ.ਈ.ਸੀ. (ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ) ਨੂੰ ਸਹਿਯੋਗ ਦੇਣਾ ਬੰਦ ਕਰਕੇ ਨਿਊ ਯਾਰਕ ਨੂੰ ਸਭ ਤੋਂ ਮਜ਼ਬੂਤ ਸ਼ਰਣ-ਸਥਾਨ ਬਣਾਉਣ, ਸ਼ਹਿਰ ਵਿਚੋਂ ਆਈ.ਈ.ਸੀ. ਨੂੰ ਹਟਾਉਣ, ਇਮੀਗ੍ਰੇਸ਼ਨ ਕਾਨੂੰਨੀ ਸੇਵਾਵਾਂ ਵਿਚ 165 ਮਿਲੀਅਨ ਡਾਲਰ ਨਿਵੇਸ਼ ਕਰਨ ਅਤੇ ਅਦਾਲਤ ਵਿਚ ਟਰੰਪ ਦੀਆਂ ਨੀਤੀਆਂ ਵਿਰੁੱਧ ਕਾਨੂੰਨੀ ਲੜਾਈ ਦੇਣ ਲਈ 200 ਹੋਰ ਅਟਾਰਨੀ ਸ਼ਾਮਲ ਕਰਕੇ ਕਾਨੂੰਨ ਵਿਭਾਗ ਨੂੰ ਮਜ਼ਬੂਤ ਕਰਨ ਦਾ ਵਾਅਦਾ ਕੀਤਾ। ਇਸੇ ਕਰਕੇ ਬਹੁਤ ਸਾਰੇ ਲੋਕ ਉਸ ਦੀ ਜਿੱਤ ਨੂੰ ਅਮਰੀਕਾ ਵਿਚ ਨਵੀਂ ਸਿਆਸਤ ਦੀ ਸ਼ੁਰੂਆਤ ਵਜੋਂ ਦੇਖ ਰਹੇ ਹਨ। ਅਮਰੀਕੀ ਹੁਕਮਰਾਨ ਜਮਾਤ ਲੰਮੇ ਸਮੇਂ ਤੋਂ ਜਿਵੇਂ ਇਸਲਾਮਿਕ ਅਕੀਦੇ ਨੂੰ ਹਊਆ ਬਣਾ ਕੇ ਪੇਸ਼ ਕਰ ਰਹੀ ਹੈ, ਖ਼ਾਸ ਕਰਕੇ ਟਰੰਪ ਦੀ ਘੋਰ ਸੱਜੇ-ਪੱਖੀ ਸਿਆਸਤ ਨੇ ਜਿਵੇਂ ਗ਼ੈਰ-ਅਮਰੀਕੀ ਪਿਛੋਕੜ ਦੇ ਲੋਕਾਂ ਵਿਰੁੱਧ ਨਫ਼ਰਤੀ ਮੁਹਿੰਮ ਚਲਾਈ ਹੋਈ ਹੈ, ਅਜਿਹੇ ਵਿਰੋਧੀ ਹਾਲਾਤ ’ਚ ਮਮਦਾਨੀ ਵੱਲੋਂ ਅਮਰੀਕਾ ਦੇ ਵੰਨ-ਸੁਵੰਨਤਾ ਵਾਲੇ ਸਮਾਜ ਦੇ ਜ਼ਿਆਦਾਤਰ ਵਰਗਾਂ ਦਾ ਵਿਸ਼ਵਾਸ ਜਿੱਤਣਾ ਮਹੱਤਵਪੂਰਨ ਹੈ।
ਮਮਦਾਨੀ ਸਿਰਫ਼ ਟਰੰਪ ਦੀਆਂ ਘੋਰ ਸੱਜੇਪੱਖੀ ਨੀਤੀਆਂ ਦਾ ਹੀ ਆਲੋਚਕ ਨਹੀਂ, ਉਹ ਮੋਦੀ ਦੀ ਅਗਵਾਈ ਵਾਲੇ ਭਾਰਤ ਦੇ ਹਿੰਦੂਤਵ ਰਾਜ ਬਾਰੇ ਵੀ ਸਖ਼ਤ ਟਿੱਪਣੀਆਂ ਲਈ ਜਾਣਿਆ ਜਾਂਦਾ ਹੈ। ਨਹਿਰੂ ਨੂੰ ਭੰਡਣ ਲਈ ਇਕ ਦਹਾਕੇ ਤੋਂ ਮੋਦੀ ਸਰਕਾਰ ਦਾ ਸਿਰ ਤੋਂ ਪੈਰਾਂ ਤੱਕ ਜ਼ੋਰ ਲੱਗਿਆ ਹੋਇਆ, ਆਪਣੀ ਜਿੱਤ ਮੌਕੇ ਮਮਦਾਨੀ ਨੇ ਉਸ ਨਹਿਰੂ ਨੂੰ ਉਚੇਚੇ ਤੌਰ ’ਤੇ ਯਾਦ ਕੀਤਾ। ਅਮਰੀਕਾ ਦੀ ਸ਼ਹਿ ’ਤੇ ਇਜ਼ਰਾਇਲੀ ਵੱਲੋਂ ਗਾਜ਼ਾ ਵਿਚ ਕਤਲੇਆਮ ਨੂੰ ਉਸਨੇ ਨਸਲਕੁਸ਼ੀ ਕਿਹਾ ਹੈ। ਉਸਦੀ ਲੋਕ-ਭਲਾਈ ਸਟੇਟ ਪੱਖੀ ਸੋਚ ਅਤੇ ਉਦਾਰ ਨਜ਼ਰੀਆ ਘੋਰ ਸੱਜੇਪੱਖੀਆਂ ਨੂੰ ਗਵਾਰਾ ਨਹੀਂ ਹੈ।
ਇਨ੍ਹਾਂ ਸਾਲਾਂ ਵਿਚ ਅਮਰੀਕਾ ਵਿਚ ਘੋਰ ਸੱਜੇਪੱਖੀ ਗੁੱਟ ਦਾ ਰਾਜਨੀਤਕ ਰਸੂਖ਼ ਵਧਿਆ ਹੈ ਅਤੇ ਕਥਿਤ ਡੈਮੋਕਰੇਟ ਖ਼ੇਮੇ ਦਾ ਵੋਟ ਆਧਾਰ ਰਿਪਬਲਿਕਨਾਂ ਵੱਲ ਖਿਸਕਿਆ ਹੈ। 2020 ਅਤੇ 2024 ਦਰਮਿਆਨ ਉਨ੍ਹਾਂ ਸਾਰੇ 30 ਰਾਜਾਂ ਵਿਚ ਰਿਪਬਲਿਕਨਾਂ ਨੇ ਡੈਮੋਕਰੇਟਾਂ ਦਾ ਆਧਾਰ ਖੋਹਿਆ ਹੈ ਜੋ ਪਾਰਟੀ ਮੁਤਾਬਿਕ ਵੋਟਰਾਂ ਦੀ ਰਜਿਸਟ੍ਰੇਸ਼ਨ ਨੂੰ ਟਰੈਕ ਕਰਦੇ ਹਨ। ਅਮਰੀਕਾ ਵਿਚ ਵੋਟ ਦੀ ਵਿਧੀ ਇਹ ਹੈ ਕਿ ਵੋਟਰਾਂ ਨੂੰ ਆਪਣੀ ਵੋਟ ਦੀ ਰਜਿਸਟ੍ਰੇਸ਼ਨ ਕਰਾਉਣ ਸਮੇਂ ਪਾਰਟੀ ਨਾਲ ਆਪਣਾ ਸੰਬੰਧ ਰਸਮੀਂ ਤੌਰ ’ਤੇ ਦਰਜ ਕਰਾਉਣਾ ਪੈਂਦਾ ਹੈ। ਰਜਿਸਟ੍ਰੇਸ਼ਨ ਡੇਟਾ ਪਾਰਟੀ ਦੀ ਤਾਕਤ ਦੇ ਮੁੱਖ ਸੂਚਕ ਦੇ ਰੂਪ ’ਚ ਕੰਮ ਕਰਦਾ ਹੈ। ਅਗਸਤ ਵਿਚ ਨਿਊ ਯਾਰਕ ਟਾਈਮਜ਼ ਦੇ ਇਕ ਵਿਸ਼ਲੇਸ਼ਣ ਨੇ ਦਰਸਾਇਆ ਕਿ ਇਸ ਅਰਸੇ ਵਿਚ 45 ਲੱਖ ਵੋਟਰ ਡੈਮੋਕਰੇਟਾਂ ਤੋਂ ਮੂੰਹ ਮੋੜ ਗਏ। ਜਦਕਿ ਨਿਊ ਯਾਰਕ ਵਿਚ ਫਰਵਰੀ ਤੋਂ ਲੈ ਕੇ ਮਮਦਾਨੀ ਦੀ ਮੁਹਿੰਮ ਨਾਲ ਨਵੇਂ ਡੈਮੋਕਰੇਟਿਕ ਵੋਟਰ ਭਰਤੀ ਕਰਨ ’ਚ ਮਦਦ ਮਿਲੀ। ਜਦੋਂ ਡੈਮੋਕਰੇਟਿਕ ਪਾਰਟੀ ਦੀ ਜ਼ਿਆਦਾਤਰ ਕੌਮੀ ਲੀਡਰਸ਼ਿਪ ਲੋਕਾਈ ਨੂੰ ਟਰੰਪ ਦੇ ਵਿਰੋਧ ਤੋਂ ਸਿਵਾਏ ਕੋਈ ਖ਼ਾਸ ਪੇਸ਼ਕਸ਼ ਨਹੀਂ ਕਰ ਰਹੀ, ਓਦੋਂ ਮਮਦਾਨੀ ਦੀ ਆਰਥਕ ਨਿਆਂ ਦੇ ਮੁੱਦਿਆਂ- ਕਿਰਾਇਆ ਨਾ ਵਧਾਉਣਾ, ਬੱਚਿਆਂ ਦੀ ਸਰਵਵਿਆਪਕ ਦੇਖਭਾਲ, ਮੁਫ਼ਤ ਬੱਸ ਸਫ਼ਰ ਨੂੰ ਲੈ ਕੇ ਚਲਾਈ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਣਾ ਦਿਖਾਉਂਦਾ ਹੈ ਕਿ ਬੇਸ਼ੱਕ ਆਰਥਕ ਨਾਬਰਾਬਰੀ ਵਰਗੇ ਬੁਨਿਆਦੀ ਸਵਾਲਾਂ ਬਾਰੇ ਚੇਤਨਾ ਨਹੀਂ ਹੈ ਪਰ ਵਧ ਰਹੇ ਆਰਥਕ ਸੰਕਟ ਦੇ ਬੋਝ ਹੇਠ ਪਿਸ ਰਹੇ ਲੋਕਾਂ ਲਈ ਇਹ ਮੁੱਦੇ ਵੀ ਕਿੰਨੇ ਮਹੱਤਵਪੂਰਨ ਹਨ। ਅਮਰੀਕਾ ਦੇ ਹੋਰ ਮਹਾਂਨਗਰਾਂ ਦੇ ਮੁਕਾਬਲੇ ਨਿਊ ਯਾਰਕ ਵਿਚ ਮਹਿੰਗਾਈ ਦੀ ਮਾਰ ਹੋਰ ਵੀ ਜ਼ਿਆਦਾ ਹੈ। ਨਿਊ ਯਾਰਕ ਵਿਚ ਮਾਲੀ ਸਾਲ 2012 ਅਤੇ 2022 ਦਰਮਿਆਨ ਘਰਾਂ ਦੇ ਖ਼ਰਚੇ 68% ਤੋਂ ਵੀ ਵਧੇਰੇ ਵਧੇ ਹਨ ਜਦਕਿ ਕੌਮੀ ਔਸਤ ਵਾਧਾ ਦਰ 41.5% ਹੈ। ਇਸੇ ਤਰ੍ਹਾਂ ਭੋਜਨ ਦਾ ਖ਼ਰਚ ਇੱਥੇ 56% ਤੋਂ ਵੀ ਜ਼ਿਆਦਾ ਵਧਿਆ ਹੈ ਜਦਕਿ ਇਸਦੀ ਕੌਮੀ ਔਸਤ 46.4% ਹੈ।
ਨਵਉਦਾਰ ਆਰਥਕ ਮਾਡਲ, ਜੋ ਅਜਾਰੇਦਾਰ ਸਰਮਾਏਦਾਰੀ ਦਾ ਹੋਰ ਵੀ ਘਿਣਾਉਣਾ ਰੂਪ ਹੈ, ਆਰਥਕ ਪਾੜੇ ਅਤੇ ਨਾਬਰਾਬਰੀ ਨੂੰ ਹੋਰ ਡੂੰਘਾ ਕਰ ਰਿਹਾ ਹੈ। ਸੈਨੇਟਰ ਅਤੇ ਲੇਖਕ ਬਰਨੀ ਸੈਂਡਰਸ ਦੇ ਵਿਚਾਰਧਾਰਕ ਨਜ਼ਰੀਏ ਦੀਆਂ ਕੋਈ ਵੀ ਸੀਮਤਾਈਆਂ ਹੋਣ, ਉਸਨੇ ਆਪਣੀ ਕਿਤਾਬ ‘ਇਟਸ ਓਕੇ ਟੂ ਬੀ ਐਂਗਰੀ ਅਬਾਊਟ ਕੈਪੀਟਲਿਜ਼ਮ’ ਵਿਚ ਨਵ-ਉਦਾਰ ਆਰਥਿਕਤਾ ਨਾਲ ਬਣੀ ਅਮਰੀਕੀ ਸਮਾਜ ਦੀ ਸਮਾਜਿਕ, ਆਰਥਕ ਤੇ ਰਾਜਨੀਤਕ ਹਕੀਕਤ ਦੀ ਸੱਚੀ ਤਸਵੀਰ ਪੇਸ਼ ਕੀਤੀ ਹੈ। ਉਸਦਾ ਕਹਿਣਾ ਹੈ ਕਿ ਬੇਘਰੇ ਲੋਕਾਂ ਦੀ ਵਧ ਰਹੀ ਗਿਣਤੀ, ਬੇਰੁਜ਼ਗਾਰੀ, ਹਸਪਤਾਲਾਂ ਵਿਚ ਸਟਾਫ਼ ਦੀ ਘਾਟ, ਬੰਦ ਹੋ ਰਹੇ ਸਕੂਲ, ਪਹੁੰਚ ਤੋਂ ਬਾਹਰ ਹੋ ਰਹੀ ਪੜ੍ਹਾਈ, ਮਨੁੱਖੀ ਹੱਕਾਂ ਦਾ ਘਾਣ, ਮਹਿੰਗਾਈ, ਡਿਗ ਰਿਹਾ ਜੀਵਨ-ਪੱਧਰ, ਗੋਰੇ ਅਤੇ ਗ਼ੈਰ-ਗੋਰੇ ਤੇ ਭੂਰੇ ਪਰਿਵਾਰਾਂ ਦਰਮਿਆਨ ਵਿਆਪਕ ਨਾਬਰਾਬਰੀ ਦੇ ਹਾਲਾਤ ਵਰਗੇ ਬੁਨਿਆਦੀ ਸਵਾਲ ਮੂੰਹ ਅੱਡੀ ਖੜ੍ਹੇ ਹਨ। ਪੌਣ-ਪਾਣੀ ਪਰਿਵਰਤਨ, ਨਾਬਰਾਬਰੀ, ਕੱਟੜਵਾਦ, ਉਭਰਦਾ ਨਵ-ਫਾਸ਼ੀਵਾਦ, ਨਸਲਵਾਦ, ਬਦੇਸ਼ੀਆਂ ਪ੍ਰਤੀ ਨਫ਼ਰਤ, ਲਿੰਗਕ ਜਬਰ ਵਰਗੇ ਅਤਿ ਮਹੱਤਵਪੂਰਨ ਮੁੱਦਿਆਂ ਨਾਲ ਜੁੜੇ ਸਵਾਲ ਨਜ਼ਰਅੰਦਾਜ਼ ਹਨ। ਨਿਰਾਸ਼ਾ, ਮਾਯੂਸੀ, ਆਤਮਹੱਤਿਆ ਦੀਆਂ ਵਧ ਰਹੀਆਂ ਪ੍ਰਵਿਰਤੀਆਂ ਦੇ ਸਵਾਲ ਬਾਰੇ ਚੁੱਪ ਪਸਰੀ ਹੋਈ ਹੈ।
ਉਸਦਾ ਕਹਿਣਾ ਹੈ ਕਿ ਖਰਬਪਤੀਆਂ-ਅਰਬਪਤੀਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਤਿੰਨ ਖਰਬਪਤੀਆਂ ਕੋਲ ਅਮਰੀਕਾ ਦੀ ਅੱਧੀ ਤੋਂ ਵੱਧ ਆਬਾਦੀ ਨਾਲੋਂ ਵੀ ਵੱਧ ਯਾਨੀ 16 ਕਰੋੜ 50 ਲੱਖ ਡਾਲਰ ਦੌਲਤ ਹੈ। ਸਿਖ਼ਰਲੇ 1% ਵਰਗ ਦੀ ਦੌਲਤ ਹੇਠਲੇ 92% ਵਰਗ ਤੋਂ ਵੀ ਜ਼ਿਆਦਾ ਹੈ। ਕੋਵਿਡ ਮਹਾਮਾਰੀ ਦੌਰਾਨ ਵੀ ਉਨ੍ਹਾਂ ਦੀ ਦੌਲਤ ਅਤੇ ਮੁਨਾਫ਼ੇ ਛੜੱਪੇ ਮਾਰ ਕੇ ਵਧਦੇ ਰਹੇ। ਸਿਰਫ਼ ਤਿੰਨ ਕਾਰਪੋਰੇਟ ਵਾਲ ਸਟ੍ਰੀਟ ਫਰਮਾਂ- ਬਲੈਕ ਰੌਕ, ਵੈਨਗਾਰਡ ਅਤੇ ਸਟੇਟ ਸਟ੍ਰੀਟ- ਕੋਲ 20 ਲੱਖ ਖਰਬ ਡਾਲਰ ਦੇ ਸ਼ੇਅਰ ਹਨ। 20% ਤੋਂ ਵੱਧ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਵੀ ਕਾਰਪੋਰੇਟ ਘਰਾਣਿਆਂ ਦੇ ਹੱਥ ’ਚ ਹਨ। ਕਾਰਪੋਰੇਟ ਘਰਾਣਿਆਂ ਦੇ ਸੀ.ਈ.ਓ. ਆਪਣੇ ਮੁਲਾਜਮਾਂ ਦੇ ਮੁਕਾਬਲੇ 400 ਗੁਣਾਂ ਜ਼ਿਆਦਾ ਕਮਾਉਂਦੇ ਹਨ। ਕਾਰਪੋਰੇਟ ਲੁੱਟ ਦੇ ਕਾਰਨ ਹੀ ਅਮਰੀਕਾ ਵਿਚ ਢਾਈ ਕਰੋੜ ਦੇ ਲਗਭਗ ਲੋਕ ਬੇਰੋਜ਼ਗਾਰ ਹਨ। ਭੁੱਖਮਰੀ ਜ਼ੋਰਾਂ ’ਤੇ ਹੈ। ਲੋਕ ਬੇਘਰੇ ਹੋ ਰਹੇ ਹਨ ਜਦਕਿ ਕਾਰਪੋਰੇਟਾਂ ਕੋਲ ਵੱਡੇ-ਵੱਡੇ ਮਹਿਲ ਹਨ। ਟੈਕਸ ਦੇਣ ਵਾਲੇ ਆਮ ਅਮਰੀਕੀਆਂ ਦੀ ਕੀਮਤ ’ਤੇ ਮੁੱਠੀ ਭਰ ਕਾਰਪੋਰੇਟ ਅਤੇ ਉਨ੍ਹਾਂ ਦੇ ਉੱਚ ਅਧਿਕਾਰੀ ਅੱਯਾਸ਼ੀਆਂ ਕਰਦੇ ਹਨ। ਲੱਖਾਂ ਲੋਕਾਂ ਨੂੰ ਐਮਰਜੈਂਸੀ ‘ਫੂਡ ਪੈਕੇਜ’ ਲੈਣ ਲਈ ਘੰਟਿਆਂ ਤੱਕ ਲਾਈਨ ’ਚ ਖੜਨਾ ਪੈਂਦਾ ਹੈ। ਹਰ ਸਾਲ 60 ਹਜ਼ਾਰ ਲੋਕ ਲਾਇਲਾਜ ਮਰ ਰਹੇ ਹਨ, ਸਾਢੇ ਅੱਠ ਕਰੋੜ ਲੋਕ ਆਪਣਾ ਬੀਮਾ ਨਹੀਂ ਕਰਵਾ ਸਕਦੇ ਜਦਕਿ ਹੈਲਥ ਬੀਮਾ ਕੰਪਨੀਆਂ ਬੇਥਾਹ ਮੁਨਾਫ਼ੇ ਕਮਾ ਰਹੀਆਂ ਹਨ। ਉਸਨੇ ਅਜਿਹੀਆਂ ਕੰਪਨੀਆਂ ਦੀ ਸੂਚੀ ਦਿੱਤੀ ਹੈ ਜਿਨ੍ਹਾਂ ਨੇ 2021 ’ਚ 19 ਮਿਲੀਅਨ ਤੋਂ ਲੈ ਕੇ 60 ਬਿਲੀਅਨ ਡਾਲਰ ਤੱਕ ਮੁਨਾਫ਼ੇ ਕਮਾਏ। 6 ਲੱਖ ਅਮਰੀਕੀ ਲੋਕ ਨਸ਼ੀਲੀਆਂ ਦਵਾਈਆਂ ਕਾਰਨ ਮਰੇ ਹਨ। ਅਤਿਅੰਤ ਭੈੜੇ ਜੀਵਨ-ਹਾਲਾਤਾਂ ਕਾਰਨ ਨੌਜਵਾਨ ਮਾਨਸਿਕ ਤੌਰ ’ਤੇ ਟੁੱਟ ਜਾਂਦੇ ਹਨ ਅਤੇ ਲੱਖਾਂ ਨੌਜਵਾਨ ਦਿਲ ਦੇ ਰੋਗ, ਕੈਂਸਰ, ਡਾਇਬੀਟੀਜ਼, ਦਮਾ ਵਰਗੀਆਂ ਬੀਮਾਰੀਆਂ ਦੀ ਲਪੇਟ ’ਚ ਆ ਕੇ ਮਰ ਰਹੇ ਹਨ। ਉਸਦਾ ਮੰਨਣਾ ਹੈ ‘ਸੱਚ ਇਹ ਹੈ ਕਿ ਆਰਥਕ ਸੁਰੱਖਿਆ ਅਤੇ ਸਵੈਨਿਰਭਰਤਾ ਦੀ ਅਣਹੋਂਦ ’ਚ ਵਿਅਕਤੀ ਦੀ ਅਸਲੀ ਸੁਤੰਤਰਤਾ ਦੀ ਕੋਈ ਹੋਂਦ ਨਹੀਂ ਹੈ।’ ਉਸ ਦਾ ਕਹਿਣਾ ਹੈ ਕਿ ਮੁਨਾਫ਼ਾਖ਼ੋਰ ਕਾਰਪੋਰੇਟਾਂ ਉੱਪਰ 60% ਟੈਕਸ ਲਗਾਇਆ ਜਾਣਾ ਚਾਹੀਦਾ ਹੈ।
ਇਹ ਅਜਾਰੇਦਾਰ ਕਾਰਪੋਰੇਟ ਸਰਮਾਏਦਾਰੀ ਪੱਖੀ ਆਰਥਕ ਮਾਡਲ ਵੱਲੋਂ ਮਚਾਈ ਆਰਥਕ-ਸਮਾਜਿਕ ਤਬਾਹੀ ਦੀ ਮੋਟੀ ਜਹੀ ਤਸਵੀਰ ਹੈ। ਇਹ ਸਿਰਫ਼ ਸਮਾਜਿਕ ਸੁਰੱਖਿਆ ਵਿਵਸਥਾ ਨੂੰ ਹੀ ਖ਼ਤਮ ਨਹੀਂ ਕਰ ਰਿਹਾ ਸਗੋਂ ਇਸਦੀ ਰਾਜਨੀਤਕ ਨੁਮਾਇੰਦਗੀ ਕਰਦੀ ਘੋਰ ਸੱਜੇਪੱਖੀ ਨਸਲੀ-ਰਾਸ਼ਟਰਵਾਦੀ ਧਾਰਾ ਬਹੁਸੱਭਿਆਚਾਰੀ ਕਦਰਾਂ-ਕੀਮਤਾਂ ਨੂੰ ਖ਼ਤਮ ਕਰਕੇ ਖੁੱਲ੍ਹੇਆਮ ਨਸਲਵਾਦੀ ਗ਼ਲਬਾ ਥੋਪਣ ਦੇ ਰਾਹ ਤੁਰੀ ਹੋਈ ਹੈ। ਜਿਉਂ-ਜਿਉਂ ਅਮਰੀਕੀ ਸਾਮਰਾਜਵਾਦ ਦੀ ਸੰਸਾਰ ਚੌਧਰ ਕਮਜ਼ੋਰ ਹੋ ਰਹੀ ਹੈ, ਇਸਦੀ ਹਕੂਮਤ ਹੋਰ ਵੀ ਜ਼ਿਆਦਾ ਖ਼ੂੰਖ਼ਾਰ ਅਤੇ ਹਮਲਾਵਰ ਹੁੰਦੀ ਜਾ ਰਹੀ ਹੈ। ਅਮਰੀਕੀ ਸਟੇਟ ਹਰ ਸਾਲ ਆਪਣੀ ਫ਼ੌਜ ਉੱਪਰ 775 ਅਰਬ ਡਾਲਰ ਖ਼ਰਚਦਾ ਹੈ। ਪ੍ਰਵਾਸੀ, ਧਾਰਮਿਕ ਤੇ ਹੋਰ ਘੱਟਗਿਣਤੀਆਂ ਅਤੇ ਹਾਸ਼ੀਏ ’ਤੇ ਧੱਕੇ ਸਮਾਜਿਕ ਸਮੂਹ ਟਰੰਪ ਪ੍ਰਸ਼ਾਸਨ ਦੇ ਲਗਾਤਾਰ ਨਿਸ਼ਾਨੇ ’ਤੇ ਹਨ। ਇਹ ਸਿਰਫ਼ ਅਮਰੀਕਾ ਵਿਚ ਹੀ ਨਹੀਂ ਹੋ ਰਿਹਾ, ਵਿਸ਼ਵ ਬੈਂਕ ਦੇ ਸਾਬਕਾ ਅਰਥਸ਼ਾਸਤਰੀ ਬਰੈਂਕੋ ਦੇ ਸ਼ਬਦਾਂ ਵਿਚ ਕਹਿਣਾ ਹੋਵੇ ਤਾਂ ਅਮਰੀਕਾ, ਯੂਰਪ, ਜਪਾਨ ਆਦਿ ਕਥਿਤ ‘ਸਰਮਾਏਦਾਰੀ ਕੋਰ’ ਮੁਲਕਾਂ ਵਿਚ ਰੀਗਨ ਅਤੇ ਥੈਚਰ ਵਰਗਿਆਂ ਵੱਲੋਂ ਘੜੇ-ਤਰਾਸ਼ੇ ਨਵ-ਉਦਾਰ ਰਾਜਾਂ ਦੇ ਤਹਿਤ ਖ਼ੁਸ਼ਹਾਲ ਹੋਏ ਕੁਲੀਨ ਵਰਗ ਆਪਣੇ ਰਾਸ਼ਟਰਾਂ ਨੂੰ ਸੰਕੀਰਣ, ਨੀਵੇਂ ਅਤੇ ਕਠੋਰ ਸਮਾਜਾਂ ਵਿਚ ਮੁੜ-ਪ੍ਰਭਾਸ਼ਿਤ ਕਰ ਰਹੇ ਹਨ। ਉਹ ਬਹੁ-ਸੱਭਿਆਚਾਰਵਾਦ ਅਤੇ ਔਰਤਾਂ ਲਈ ਸਮਾਨਤਾ ਦੀਆਂ ਪੁਰਾਣੀਆਂ ਵਚਨ-ਬੱਧਤਾਵਾਂ ਨੂੰ ਤਿਲਾਂਜਲੀ ਦੇ ਰਹੇ ਹਨ। ਉਹ ਦੁਨੀਆ ਉੱਪਰ ਅਜਿਹੀ ਸਰਮਾਏਦਾਰੀ ਥੋਪ ਰਹੇ ਹਨ ਜਿਸ ਵਿਚ ਸੁਰੱਖਿਆ ਇਕਰਾਰਨਾਮੇ, ਯੂਨੀਅਨਾਂ ਅਤੇ ਇੱਥੋਂ ਤੱਕ ਕਿ ਨਾਮਨਿਹਾਦ ਐੱਚ.ਆਰ. (ਹਿਊਮੈਨ ਰਿਸੋਰਸਿਜ਼) ਵਿਭਾਗ ਵੀ ਨਹੀਂ ਹੈ। ਇਨ੍ਹਾਂ ਘੋਰ ਪਿਛਾਖੜੀ ਨੀਤੀ ਹਮਲਿਆਂ ਕਾਰਨ ਸਮਾਜਿਕ ਬੇਚੈਨੀ ਵਧ ਰਹੀ ਹੈ। ਅਮਰੀਕੀ ਲੋਕ ਟਰੰਪਸ਼ਾਹੀ ਵਿਰੁੱਧ ਸੜਕਾਂ ਉੱਪਰ ਆ ਕੇ ਵਿਰੋਧ ਪ੍ਰਗਟਾ ਰਹੇ ਹਨ। ਪਿਛਲੇ ਮਹੀਨੇ ਮੁਲਕ ਦੇ 50 ਰਾਜਾਂ ਵਿਚ ਇਸ ਸੰਦੇਸ਼ ਨਾਲ ਦੋ ਦਿਨ ਰੋਹ ਭਰੇ ਵਿਰੋਧ-ਪ੍ਰਦਰਸ਼ਨ ਹੁੰਦੇ ਰਹੇ ਕਿ ਉਨ੍ਹਾਂ ਨੂੰ ਟਰੰਪ ਦੀ ਰਾਜਾਸ਼ਾਹੀ ਮਨਜ਼ੂਰ ਨਹੀਂ ਹੈ। ਰਿਪੋਰਟਾਂ ਅਨੁਸਾਰ ਇਨ੍ਹਾਂ ਮੁਜ਼ਾਹਰਿਆਂ ਵਿਚ 1 ਕਰੋੜ 20 ਲੱਖ ਦੇ ਕਰੀਬ ਲੋਕਾਂ ਨੇ ਹਿੱਸਾ ਲਿਆ।
ਇਹ ਸਪਸ਼ਟ ਹੈ ਕਿ ਮਮਦਾਨੀ ਵਰਗਿਆਂ ਦੇ ਚੁਣੇ ਜਾਣ ਨਾਲ ਅਮਰੀਕਾ ਦੇ ਆਰਥਕ ਮਾਡਲ ਦੀ ਕਾਰਪੋਰੇਟ ਹਿਤੈਸ਼ੀ ਅਤੇ ਲੋਕ ਵਿਰੋਧੀ ਖ਼ਸਲਤ ਨਹੀਂ ਬਦਲ ਜਾਣੀ। ਪਰ ਇਹ ਸਪਸ਼ਟ ਸੰਕੇਤ ਹੈ ਕਿ ਕਥਿਤ ਨਵਉਦਾਰ ਆਰਥਕ ਮਾਡਲ ਆਮ ਅਮਰੀਕੀਆਂ ਨੂੰ ਬੁਰੀ ਤਰ੍ਹਾਂ ਨਪੀੜ ਰਿਹਾ ਹੈ, ਮਨੁੱਖੀ ਜ਼ਿੰਦਗੀ ਲਈ ਜ਼ਰੂਰੀ ਬੁਨਿਆਦੀ ਲੋੜਾਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਹਨ। ਲੋਕ ਤ੍ਰਾਹ-ਤ੍ਰਾਹ ਕਰ ਰਹੇ ਹਨ ਪਰ ਉਨ੍ਹਾਂ ਅੱਗੇ ਕੋਈ ਅਜਿਹਾ ਰਾਜਨੀਤਕ ਬਦਲ ਨਹੀਂ ਹੈ ਜੋ ਇਸ ਆਰਥਕ ਮਾਡਲ ਤੇ ਟਰੰਪ ਦੀ ਤਾਨਾਸ਼ਾਹੀ ਵਿਰੁੱਧ ਲੋਕਾਂ ’ਚ ਖੌਲ਼ ਰਹੀ ਬੇਚੈਨੀ ਨੂੰ ਰਾਜਨੀਤਕ ਅੰਦੋਲਨ ਦਾ ਰੂਪ ਦੇ ਸਕੇ ਅਤੇ ਹਾਕਮ ਜਮਾਤ ਨੂੰ ਇਸ ਆਰਥਕ ਮਾਡਲ ਨੂੰ ਰੱਦ ਕਰਨ ਲਈ ਮਜਬੂਰ ਕਰ ਸਕੇ।
ਡੈਮੋਕਰੇਟ ਆਗੂ ਜੇਕਰ ਚਾਹੁਣ ਤਾਂ ਮਮਦਾਨੀ ਦੀ ਜਿੱਤ ਤੋਂ ਸਬਕ ਲੈ ਕੇ 2026 ’ਚ ਹੋਣ ਵਾਲੀਆਂ ਮੱਧਕਾਲੀ ਚੋਣਾਂ ਲਈ ਠੋਸ ਨੀਤੀ ਘੜ ਕੇ ਟਰੰਪ ਨੂੰ ਸਖ਼ਤ ਟੱਕਰ ਦੇ ਸਕਦੇ ਹਨ। ਪਰ ਆਪਣੀ ਜਮਾਤੀ ਖ਼ਸਲਤ ਕਾਰਨ ਡੈਮੋਕਰੇਟਿਕ ਪਾਰਟੀ ਘੋਰ ਪਿਛਾਖੜੀ ਟਰੰਪਸ਼ਾਹੀ ਵਿਰੁੱਧ ਫ਼ੈਸਲਾਕੁੰਨ ਲੜਾਈ ਨਹੀਂ ਲੜ ਸਕਦੀ। ਨਾ ਹੀ ਉਹ ਕਾਰਪੋਰੇਟ-ਹਿਤੈਸ਼ੀ ਨਵ-ਉਦਾਰ ਅਰਥਸ਼ਾਸਤਰ ਨੂੰ ਤਿਆਗ ਸਕਦੀ ਹੈ। ਸਮਾਜਵਾਦੀ ਤਾਕਤਾਂ ਇਸ ਕਦਰ ਕਮਜ਼ੋਰ ਹਨ ਕਿ ਉਹ ਕੋਈ ਗਿਣਨਯੋਗ ਭੂਮਿਕਾ ਨਿਭਾਉਣ ਦੀ ਹਾਲਤ ’ਚ ਨਹੀਂ ਹਨ। ਇਸ ਕਾਰਨ ਜੇਕਰ ਕਿਰਤੀ ਲੋਕਾਂ ਨੂੰ ਕੋਈ ਆਸ ਦੀ ਕਿਰਨ ਦਿਸਦੀ ਹੈ ਤਾਂ ਸਿਰਫ਼ ਮਮਦਾਨੀ, ਬਰਨੀ ਸੈਂਡਰਸ ਵਰਗਿਆਂ ਦੀਆਂ ਬਦਲਵੀਂਆਂ ਨੀਤੀ-ਤਜਵੀਜ਼ਾਂ ਵਿਚ ਦਿਸਦੀ ਹੈ, ਚਾਹੇ ਉਹ ਤਬਦੀਲੀ ਕਿੰਨੀ ਵੀ ਛੋਟੀ ਕਿਉਂ ਨਾ ਹੋਵੇ।
