ਕਵਿਤਾ ਵਰਗੀ ਪੱਤਝੜ

ਡਾ ਗੁਰਬਖ਼ਸ਼ ਸਿੰਘ ਭੰਡਾਲ
ਪੱਤਝੜ, ਕੁਦਰਤ ਦੀ ਸੱਭ ਤੋਂ ਸੁੰਦਰ ਕਵਿਤਾ। ਰੰਗਾਂ ਦੀ ਭਾਹ। ਕਮਾਲ ਦੀ ਕਲਾਕਾਰੀ। ਕਾਇਨਾਤ ਦਾ ਮਨਮੋਹਕ ਨਮੂਨਾ। ਵਿਭਿੰਨ ਭਾਵਨਾਵਾਂ ਅਤੇ ਅਹਿਸਾਸਾਂ ਵਾਲੀ ਰੰਗਤ। ਬਹੁਤ ਹੀ ਸੂਖਮ ਅਤੇ ਸੰਵੇਦਨਾ ਨਾਲ ਲਬਰੇਜ਼। ਇਸ ਕਵਿਤਾ ਵਿਚ ਭਾਵੁਕ ਮਨੁੱਖ ਖ਼ੁਦ ਵੀ ਕਵਿਤਾ ਕਵਿਤਾ ਹੋਣਾ ਲੋਚਦਾ।

ਜਦ ਫ਼ਿਜ਼ਾ ਵਿਚ ਕਵਿਤਾ ਪਸਰੀ ਹੋਵੇ ਤਾਂ ਸਮੁੱਚੀ ਕਾਇਨਾਤ ਵੀ ਕਾਵਿਕ ਰੰਗਣ ਵਿਚ ਰੰਗੀ ਜਾਂਦੀ।
ਪੱਤਝੜ ਕਦੇ ਬਾਹਰੀ ਤੇ ਕਦੇ ਅੰਤਰੀਵੀ। ਕਦੇ ਰੰਗੀਨ ਤੇ ਕਦੇ ਘਸਮੈਲੀ। ਕਦੇ ਉਦਾਸ ਤੇ ਕਦੇ ਹੁਲਾਸ। ਕਦੇ ਕਿਸੇ ਦੇ ਜਾਣ ਦਾ ਹੇਰਵਾ ਤੇ ਕਦੇ ਕਿਸੇ ਦੀ ਆਮਦ ਦਾ ਸੁਗਮ ਸੁਨੇਹਾ। ਕਦੇ ਕਿਸੇ ਤੋਂ ਵਿਛੜਨ ਦੀ ਪੀੜਾ ਤੇ ਕਦੇ ਕਿਸੇ ਨੂੰ ਮਿਲਣ ਦਾ ਵਿਸਮਾਦ।
ਬਹੁਤ ਸਾਰੇ ਰੰਗ ਤੇ ਪਰਤਾਂ ਨੇ ਪੱਤਝੜ ਦੀਆਂ। ਅਸੀਂ ਕਿਹੜੇ ਰੰਗ ਨੂੰ ਕਿਸ ਦ੍ਰਿਸ਼ਟੀ ਨਾਲ ਦੇਖਣਾ, ਇਸ ਵਿਚੋਂ ਕਿਹੜੇ ਵਿਚਾਰਾਂ ਨੂੰ ਨਿਚੋੜਨਾ, ਕਿਹੜੀਆਂ ਸੋਚਾਂ ਨੂੰ ਪ੍ਰਫੁੱਲਤ ਕਰਨਾ ਜਾਂ ਕਿਹੜੀਆਂ ਭਾਵਨਾਵਾਂ ਨੂੰ ਮਨ ਦੀ ਕਬਰ ਵਿਚ ਦਫ਼ਨਾਉਣਾ, ਇਹ ਬੰਦੇ ਦੀ ਮਾਨਸਿਕਤਾ ‘ਤੇ ਨਿਰਭਰ। `ਕੇਰਾਂ ਮਨ ਵਿਚ ਆਇਆ:
ਜੀਅ ਕਰਦਾ ਹੈ
ਮੈਂ ਪੱਤਝੜ ਦੀ ਕਵਿਤਾ ਬਣ ਜਾਵਾਂ
ਕਵਿਤਾ
ਜਿਸ ਵਿਚ ਸਾਰੇ ਰੰਗ ਘੁੱਲੇ ਹੋਣ,
ਕੁਝ ਸੂਹੇ, ਕੁਝ ਪੀਲੇ, ਕੁਝ ਸੰਦਲੀ, ਤੇ ਕੁਝ ਭੂਰੇ।
ਰੰਗ ਜੋ ਜਿੰਦਗੀ ਦੇ ਰੰਗਾਂ ਦੀ ਤਸ਼ਬੀਹ,
ਮੇਰੇ ਲਈ ਤਦਬੀਰਾਂ ਦੀਆਂ ਸੂਹਾਂ
ਤੇ ਉਨ੍ਹਾਂ ਵਿਚੋਂ ਉਘੜਦੀ ਤਕਦੀਰੀ ਤਸਵੀਰ।
ਇਨ੍ਹਾਂ ਰੰਗਾਂ ਦੀ ਦੁਨੀਆਂ ਬਹੁਤ ਵਚਿੱਤਰ
ਮਨ ਦੀਆਂ ਪਰਤਾਂ ਦੀ ਨਿਸ਼ਾਨਦੇਹੀ
ਅਚੇਤ ਰੂਪ ਵਿਚ ਬਹੁਤ ਕੁਝ ਸੰਵੇਦਨਾ `ਚ ਧਰਦੇ
ਜ਼ਿੰਦਗੀ ਨੂੰ ਅਲੋਕਾਰੇ ਪੱਖਾਂ ਨਾਲ ਰੂਪਮਾਨ ਕਰਦੇ
ਤੇ ਜੀਵਨ ਅਲੋਕਾਰੀ ਦ੍ਰਿਸ਼ਟੀਕੋਣ ਤੋਂ ਮੁਖ਼ਾਤਬ ਹੁੰਦਾ।
ਇਹ ਪੱਤਝੜ ਦੀ ਕਵਿਤਾ
ਦਰਅਸਲ ਮੇਰੀ ਅੰਦਰਲੀ ਪੱਤਝੜ ਦਾ ਸ਼ਬਦੀ ਬਿਰਤਾਂਤ
ਪਰ ਇਹ ਪੱਤਝੜ ਉਦਾਸ ਤੇ ਨਿਰਾਸ਼ ਨਹੀਂ
ਸਗੋਂ ਇਹ ਤਾਂ ਹੁਲਾਸ ਨਾਲ ਭਰੀ
ਤੇ ਵਿਸ਼ਵਾਸ਼ ਤੇ ਆਸ ਨਾਲ ਲਬਰੇਜ਼
ਸੁਖਨ, ਸਹਿਜ, ਸੰਤੁਸ਼ਟੀ ਤੇ ਸਕੂਨ ਦਾ ਪੈਗਾਮ ਦਿੰਦੀ
ਇਹ ਪੱਤਝੜੀ ਕਵਿਤਾ
ਸੂਹੇ ਰੰਗ ਬਿਖੇਰਦੀ
ਮੋਹ ਦੀਆ ਤਰੰਗਾਂ ਛੇੜਦੀ
ਦਿਲਦਾਰੀ ਦਾ ਰਾਗ ਅਲਾਪਦੀ
ਤੇ ਖੁਸ਼ੀਆਂ ਤੇ ਖੇੜਿਆਂ ਨਾਲ ਹੁਲਾਰਦੀ
ਤਲੀ ਤੇ ਸੁੱਚੇ ਸਾਹਾਂ ਦੀ ਦਾਤ ਪਾਉਂਦੀ
ਮੱਥੇ ਤੇ ਤਕਦੀਰਾਂ ਉਘਾੜਦੀ
ਇਕ ਦਿਨ ਅਲਵਿਦਾ ਕਹਿ ਜਾਂਦੀ
ਪਰ
ਇਹ ਅਲਵਿਦਾ ਕਦੇ ਵੀ ਆਖਰੀ ਨਹੀਂ ਹੁੰਦੀ
ਕਿਉਂਕਿ ਇਸ ਅਲਵਿਦਾ ਵਿਚ ਸਿੰਮਦਾ ਹੈ
ਬਹਾਰ ਦੀ ਆਮਦ ਦਾ ਸੁਨੇਹਾ।
ਅਕਸਰ ਅਸੀਂ ਕੁਦਰਤ ਦੇ ਵਿਹੜੇ ਉਤਰੀ ਪੱਤਝੜ ਨੂੰ ਦੇਖਣ ਤੀਕ ਸੀਮਤ। ਬਿਰਖ਼ਾਂ ਦੇ ਪਿੰਡਿਆਂ ਤੇ ਛਾ ਜਾਣ ਵਾਲੀ ਵੈਰਾਨਗੀ ਤੋਂ ਚਿੰਤਤ। ਇਸਦੇ ਪਿੰਡੇ ਤੇ ਲੱਥਣ ਵਾਲੇ ਹਰਿਆਵਲੇ ਬਾਣੇ ਦੇ ਫਿਕਰ ਵਿਚ ਫ਼ਿਕਰਮੰਦ ਹੋ ਜਾਂਦੇ। ਨੰਗੇ ਪਿੰਡੇ ਬਰਫ਼ਾਂ ਦੀ ਸੀਤ ਹੰਢਾਉਂਦੇ। ਬਿਰਖ਼ ਦੇ ਅੰਦਰਲੀ ਮੱਗਦੀ ਅੱਗ ਦਾ ਹੀ ਕਮਾਲ ਕਿ ਉਹ ਮੌਸਮ ਪਰਤਣ ਦੀ ਆਸ ਤੇ ਫਿਰ ਪੱਤਿਆਂ ਦੀ ਆਮਦ ਲਈ ਨੈਣ ਵਿਛਾਉਂਦਾ। ਕਰੂੰਬਲਾਂ ਨਾਲ ਖੁਦ ਨੂੰ ਸਜਾਉਣ, ਪੱਤਿਆਂ ਥੀਂ ਸਰਕਦੀ ਹਵਾ ਨਾਲ ਪੈਦਾ ਹੋਏ ਸੰਗੀਤ ਨੂੰ ਫਿਰ ਤੋਂ ਮਾਨਣ ਦੀ ਚਾਹਤ ਸਜਾਈ ਰੱਖਦਾ।
ਪੱਤਝੜ ਆਉਣ ‘ਤੇ ਬਿਰਖ਼ ਕਦੇ ਵੀ ਉਦਾਸ ਨਹੀਂ ਹੁੰਦਾ ਅਤੇ ਨਾ ਹੀ ਪੱਤਿਆਂ ਦੇ ਚਿਹਰੇ ਤੇ ਕੋਈ ਸ਼ਿਕਨ ਜਾਂ ਅਫਸੋਸ, ਕਿਉਂਕਿ ਬਿਰਖ਼ ਅਤੇ ਪੱਤਿਆਂ ਨੂੰ ਇਹ ਪਤਾ ਹੁੰਦਾ ਕਿ ਅਸੀਂ ਫਿਰ ਤੋਂ ਇਕ ਦੂਜੇ ਦੇ ਸਾਥ ਵਿਚ ਹਰ ਪਲ ਨੂੰ ਮਾਨਣਾ। ਅਸੀਂ ਮਨੁੱਖ ਨੂੰ ਇਹ ਸੁਨੇਹਾ ਦੇਣਾ ਕਿ ਹਰ ਪੱਤਝੜ ਤੋਂ ਬਾਅਦ ਬਹਾਰ ਨੇ ਜ਼ਰੂਰ ਆਉਣਾ ਹੁੰਦਾ। ਸਿਰਫ਼ ਮਨਾਂ ਵਿਚ ਆਸ ਹੋਵੇ ਤਾਂ ਸਮਾਂ ਪਰਤਦਿਆਂ ਪਲ ਵੀ ਨਹੀਂ ਲੱਗਦਾ। ਚਿੱਤ ਵਿਚ ਧਰਵਾਸ ਹੋਵੇ ਤਾਂ ਵਿਛੜਨ ਵਿਚੋਂ ਵੀ ਮਿਲਾਪ ਵਰਗਾ ਵਿਸਮਾਦ ਮਾਣ ਸਕਦੇ ਹਾਂ। ਮਨ ਵਿਚ ਕੁਝ ਕਰਨ ਦਾ ਹੱਠ ਹੋਵੇ ਤਾਂ ਪੱਤਝੜ ਦੇ ਪਿੰਡੇ ‘ਤੇ ਵੀ ਬਹਾਰਾਂ ਦੇ ਸਿਰਨਾਵੇਂ ਲਿਖੇ ਜਾ ਸਕਦੇ, ਬਰੇਤਿਆਂ ਨੂੰ ਵੀ ਦਰਿਆਵਾਂ ਦਾ ਰੂਪ ਦਿਤਾ ਜਾ ਸਕਦਾ ਅਤੇ ਰੱਕੜਾਂ ਨੂੰ ਲਹਿਰਾਉਂਦੀਆਂ ਫ਼ਸਲਾਂ ਦਾ ਸ਼ਗਨ ਪਾਇਆ ਜਾ ਸਕਦਾ।
ਕਦੇ ਦੇਖਣਾ! ਪੱਤਝੜ ਵਿਚ ਦਰੱਖਤ ਤੋਂ ਡਿਗਦੇ ਪੱਤੇ ਵਗਦੀ ਹਵਾ ਨਾਲ ਨੱਚਦੇ ਹੋਏ ਧਰਤੀ ਦੀ ਬੁਕਲ ਵਿਚ ਸਮਾ ਜਾਂਦੇ। ਜਰਾ ਦਰੇਗ ਨਹੀਂ ਟੁੱਟਣ ਦਾ ਕਿਉਂਕਿ ਉਹ ਜਾਣਦੇ ਨੇ ਅਸੀਂ ਨਵੇਂ ਰੂਪ ਵਿਚ ਫਿਰ ਪਰਤ ਆਉਣਾ ਏ।
ਪੱਤਝੜ ਵਿਚ ਸੋਨਰੰਗੇ ਅਤੇ ਸੂਹੇ ਪੱਤਿਆਂ ਦੀ ਸੱਤਰੰਗੀ, ਬਿਰਖ਼ ‘ਤੋਂ ਧਰਤ ਵੱਲ ਨੂੰ ਸਫ਼ਰ `ਤੇ ਤੁਰਦਿਆਂ ਇਹ ਸੁਨੇਹਾ ਮਨ-ਮਸਤਕ ਵਿਚ ਧਰ ਹੀ ਜਾਂਦੀ ਕਿ ਪੱਤਝੜ ਬਹੁਤ ਸੁੰਦਰ ਵੀ ਹੁੰਦੀ ਆ।
ਪੱਤਝੜ ਵਿਚ ਬਿਰਖ ਖੁਸ਼ੀ ਖੁਸ਼ੀ ਪੁਰਾਣੇ ਪੱਤਿਆਂ ਨੂੰ ਅਲਵਿਦਾ ਕਹਿੰਦਾ ਕਿਉਂਕਿ ਉਸਨੂੰ ਸਮਝ ਹੈ ਕਿ ਪੁਰਾਣੇ ਜਾਣਗੇ ਤਾਂ ਹੀ ਨਵੇਂ ਆਉਣਗੇ।
ਪੱਤਝੜ ਦਰਅਸਲ ਇਕ ਪੜਾਅ ਹੈ ਰੁੱਤਾਂ ਦਾ ਜਿਹੜੀ ਕਦੇ ਵੀ ਸਦੀਵ ਨਹੀਂ ਰਹਿੰਦੀ। ਇਸਨੇ ਲੰਘ ਜਾਣਾ ਅਤੇ ਯਾਦਾਂ ਦਾ ਇਕ ਜਖੀਰਾ ਸਾਡੇ ਸੰਵੇਦਨਾ ਦੀ ਕਿੱਲੀ ‘ਤੇ ਟੰਗ ਜਾਣਾ ਕਿ ਪੱਤਝੜ ਦੇ ਪਲਾਂ ਨੂੰ ਅਸੀਂ ਕਿਵੇਂ ਜੀਵਿਆ? ਇਸ ਵਿਚੋਂ ਕੀ ਸਿਖਿਆ ਅਤੇ ਇਸ ਨੂੰ ਆਪਣੇ ਜੀਵਨ ਵਿਚ ਕਿਵੇਂ ਅਪਣਾਇਆ? ਆਉਣ ਵਾਲੀਆਂ ਜੀਵਨੀ ਪੱਤਝੜਾਂ ਨੂੰ ਕਿਵੇਂ ਖੁਸ਼ਆਮਦੀਦ ਕਹਿਣਾ ਅਤੇ ਬਹਾਰਾਂ ਦੇ ਪਰਤਣ `ਤੇ ਇਨ੍ਹਾਂ ਨੂੰ ਅਲਵਿਦਾ ਕਹਿਣ ਦਾ ਕੀ ਅੰਦਾਜ਼ ਹੋਣਾ?
ਯਾਦ ਰਹੇ ਕਿ ਜੀਵਨ ਕਦੇ ਵੀ ਇਕਸਾਰ ਨਹੀਂ। ਕਦੇ ਇਸਦੇ ਵਿਹੜੇ ਬਹਾਰ ਦੀ ਦਸਤਕ, ਕਦੇ ਪੱਤਝੜਾਂ ਦੀ ਹੱਲਚੱਲ, ਕਦੇ ਤੱਪਦੀਆਂ ਦੁਪਹਿਰਾਂ ਅਤੇ ਕਦੇ ਹੱਡ-ਚੀਰਵੀਂ ਸੀਤ। ਕਦੇ ਮਨ ਦੇ ਵਿਹੜੇ ਖੇੜਿਆਂ ਦਾ ਵਾਸਾ ਅਤੇ ਕਦੇ ਉਦਾਸੀਆਂ ਦੀ ਪ੍ਰਕਰਮਨਾ। ਕਦੇ ਦੁੱਖਾਂ ਦੀ ਹੂੰਗਰ ਅਤੇ ਕਦੇ ਸੁੱਖਾਂ ਦਾ ਹੋਕਰਾ। ਕਦੇ ਕੁਝ ਪ੍ਰਾਪਤੀਆਂ ਦਾ ਸਕੂਨ ਅਤੇ ਕਦੇ ਕੁਝ ਅਸਫ਼ਲਤਾਵਾਂ ਦੀ ਬੇਚੈਨੀ। ਕਦੇ ਕਿਸੇ ਸੁਪਨੇ ਦਾ ਸੱਚ ਅਤੇ ਕਦੇ ਕਿਸੇ ਆਸ ਦਾ ਬੇਵਾ ਹੋਣਾ। ਕਦੇ ਪੈਰਾਂ ਵਿਚ ਸਫ਼ਰ ਦਾ ਉਗਣਾ ਅਤੇ ਕਦੇ ਕਦਮਾਂ ਵਿਚ ਉਗੀਆਂ ਖਾਈਆਂ। ਪਰ ਇਸਦੇ ਬਾਵਜੂਦ ਜੀਵਨ ਦੀ ਨਿਰੰਤਰਤਾ ਬਰਕਰਾਰ। ਕਦੇ ਨਹੀਂ ਰੁੱਕਦੀ, ਥੱਕਦੀ, ਅੱਕਦੀ ਜਾਂ ਝੱਕਦੀ। ਸਗੋਂ ਆਪਣੀ ਪੈੜ-ਚਾਲ ਨੂੰ ਸਾਵਾਂ ਰੱਖਦਿਆਂ, ਆਪਣੇ ਰਾਹਾਂ ਦੀ ਨਿਸ਼ਾਨਦੇਹੀ ਵਿਚੋਂ ਨਵੀਆਂ ਉਪਲਬਧੀਆਂ ਦੀ ਸੁਗਾਤ ਜ਼ਿੰਦਗੀ ਦੇ ਪੱਲੇ ਪਾਉਂਦੀ ਅਤੇ ਇਸਦੀ ਤੋਰ ਦੀ ਬਰਕਰਾਰੀ ਲਈ ਹਰ ਕੋਸ਼ਿਸ਼ ਜੁਟਾਉਂਦੀ।
ਬੰਦੇ ਨੂੰ ਕੁਦਰਤ ਦੀਆਂ ਇਨ੍ਹਾਂ ਕਿਰਿਆਵਾਂ ‘ਤੋਂ ਹੀ ਸਿਖਣਾ ਚਾਹੀਦਾ ਕਿ ਕੁਝ ਵੀ ਸਥਿੱਰ ਨਹੀਂ। ਹਰ ਕੋਈ ਸਫ਼ਰ ਵਿਚ। ਵੱਖ-ਵੱਖ ਪੜਾਅ। ਵੱਖ-ਵੱਖ ਠਹਿਰਾਅ। ਵੱਖ-ਵੱਖ ਸੁਪਨੇ, ਸੱਧਰਾਂ ਸੰਭਾਵਨਾਵਾਂ ਅਤੇ ਸਫ਼ਲਤਾਵਾਂ। ਸਫ਼ਰ ਨੂੰ ਜਾਰੀ ਰੱਖਣਾ ਅਹਿਮ। ਯਤਨ ਕਰਨਾ ਪ੍ਰਮੁੱਖ ਹੋਣਾ ਚਾਹੀਦਾ। ਕਿਸਮਤ ਬਦਲਦਿਆਂ ਦੇਰ ਨਹੀਂ ਲੱਗਦੀ ਸਿਰਫ਼ ਤੁਹਾਡੀਆਂ ਕੋਸ਼ਿਸਾਂ ਤੁਹਾਡੇ ਅਕੀਦੇ ਨੂੰ ਸਮਰਪਿੱਤ ਹੋਣ ਅਤੇ ਕੁਝ ਪਾਉਣ ਦਾ ਜ਼ਜਬਾ ਤੇ ਜਨੂੰਨ ਤੁਹਾਡੀ ਸੋਚ ਦਾ ਹਾਣੀ ਹੋਵੇ।
ਯਾਦ ਰਹੇ ਕਿ ਪਤੜੱੜ ਸਿਰਫ਼ ਬਾਹਰੀ ਹੀ ਨਹੀਂ ਸਗੋਂ ਬੰਦੇ ਦੀ ਅੰਦਰ ਵੀ ਹੁੰਦੀ। ਇਸ ਪੱਤਝੜ ਵਿਚੋਂ ਤੁਹਾਡੀ ਤਲੀ ਤੇ ਮਾਯੂਸੀ ਉਗਦੀ ਜਾਂ ਤੁਹਾਨੂੰ ਰੰਗੀਨੀਆਂ ਦਾ ਝਾਉਲਾ ਪੈਂਦਾ। ਇਸ ਵਿਚੋਂ ਤੁਹਾਡੀ ਆਸ ਅਤੇ ਮੁਰਾਦ ਮਨਫ਼ੀ ਹੈ ਜਾਂ ਤੁਹਾਨੂੰ ਖੁਦ ਤੇ ਇੰਨਾ ਵਿਸ਼ਵਾਸ਼ ਹੈ ਕਿ ਤੁਸੀਂ ਪੱਤਝੜ ਵਿਚੋਂ ਵੀ ਸੁਖਨ, ਸਹਿਜ, ਸੁਹਜ ਅਤੇ ਸਕੂਨ ਦੀ ਤਲਾਸ਼ ਕਰ ਸਕਦੇ ਹੋ। ਬਹੁਤੀ ਵਾਰ ਬੰਦਾ ਅੰਦਰਲੀ ਪੱਤਝੜ ਤੋਂ ਉਪਰਾਮ ਹੋ ਜਾਂਦਾ ਪਰ ਜਿਹੜਾ ਇਸ ਪੱਤਝੜ ਦੀ ਕੁੱਖ ਵਿਚ ਬਹਾਰ ਦੀਆਂ ਕਲਮਾਂ ਲਾਉਣ ਦੇ ਕਾਬਲ ਹੁੰਦਾ ਉਸ ਲਈ ਪੱਤਝੜ ਵਿਚੋਂ ਹੀ ਬਾਹਰ ਦੀਆਂ ਬਰਕਤਾਂ ਨੂੰ ਮਾਣਨ ਦਾ ਸਹਿਜ-ਸੁਭਾਅ ਬਿਰਤੀ ਬਣ ਜਾਂਦੀ।
ਪੱਤਝੜ ਵਿਚ ਪੱਤੇ ਬਿਰਖ਼ ਨੂੰ ਇੰਝ ਅਲਵਿਦਾ ਕਹਿੰਦੇ;
ਹਰੇ ਕਚੂਰ ਪੱਤੇ
ਰੁੱਮਕਦੀ ਵਾਅ `ਚ ਗਾਉਂਦੇ।
ਤੇ ਫਿਜ਼ਾ ਦੀ ਝੋਲੀ
ਯੁੱਗ ਜਿਊਣ ਦਾ ਨਿਉਂਦਾ ਪਾਉਂਦੇ।
ਪੱਤੇ ਰੰਗ ਵਟਾਉਂਦੇ
ਬਿਰਖ਼ `ਤੇ ਸੱਤਰੰਗੀ ਸਜਾਉਂਦੇ
ਤੇ ਫਿਰ ਮਲਕੜੇ ਜਹੇ
ਵਾਅ ਦੀ ਕੰਨੀਂ ਫੜ੍ਹ
ਟਾਹਣੀ ਨੂੰ ਅਲਵਿਦਾ ਕਹਿ
ਆਖਰੀ ਯਾਤਰਾ ‘ਤੇ ਤੁੱਰਦਿਆਂ
ਬਿਰਖ ਨੂੰ ਢਾਰਸ ਬੰਨ੍ਹਾਉਂਦੇ;
‘ਰੁੱਤ ਬਦਲੀ ਤੋਂ
ਅਸੀਂ ਮੁੜ ਆਵਾਂਗੇ
ਟਾਹਣੀਆਂ ਨੂੰ ਸਜਾਵਾਂਗੇ
ਤੇ ਜ਼ਿੰਦਗੀ ਦਾ ਗੀਤ ਗਾਵਾਂਗੇ।’
ਪੱਤੇ
ਅਲਵਿਦਾ ਇੰਝ ਕਹਿੰਦੇ ਆ।
ਕਦੇ ਕਦਾਈਂ ਪੱਤਝੜ ਕਲਮ ਦੀ ਕੁੱਖ ਵਿਚ ਵੀ ਪਨਪਦੀ ਜਦ ਕੋਈ ਵੀ ਅੱਖਰ ਕਿਸੇ ਸ਼ਬਦ ਦਾ ਰੂਪ ਧਾਰਨ ਜਾਂ ਕਿਸੇ ਲਿਖਤ ਦਾ ਰੂਪ ਵਟਾਉਣ ਤੋਂ ਮੁੱਨਕਰ ਹੋ ਜਾਂਦਾ। ਪਰ ਇਹੀ ਮੁੱਨਕਰੀ ਬੰਦੇ ਨੂੰ ਆਪਣਾ ਅੰਤਰੀਵ ਫਰੋਲਣ ਅਤੇ ਆਲੇ ਦੁਆਲੇ ਵਾਪਰਦੇ ਵਰਤਾਰਿਆਂ ਨੂੰ ਹੋਰ ਨੀਝ ਨਾਲ ਦੇਖਣ-ਘੋਖਣ ਅਤੇ ਇਸਦੀਆਂ ਅਸੀਮ ਪਰਤਾਂ ਫਰੋਲਣ ਤੇ ਨਵੀਆਂ ਧਾਰਨਾਵਾਂ ਪੈਦਾ ਕਰਨ ਲਈ ਇਕ ਮੌਕਾ ਪ੍ਰਦਾਨ ਕਰਦੀ। ਇਸ ਥੋੜ੍ਹਚਿਰੀ ਪੱਤਝੜ ਤੋਂ ਬਾਅਦ ਕਲਮ ਦੀ ਨੋਕ ‘ਤੇ ਸ਼ਬਦਾਂ ਦੀ ਅਜੇਹੀ ਕਿਣਮਿਣ ਹੁੰਦੀ ਕਿ ਅਲੋਕਾਰੀ ਕਿਰਤਾਂ ਦਾ ਸਿਰਨਾਵਾਂ ਵਰਕਿਆਂ ਦਾ ਹਾਸਲ ਬਣ ਜਾਂਦਾ।
ਖਦੇ-ਕਦੇ ਸਾਡੇ ਮਨਾਂ ‘ਤੇ ਵੀ ਪੱਤਝੜ ਅਜੇਹੀ ਹਾਵੀ ਹੁੰਦੀ ਕਿ ਕੁਝ ਵੀ ਚੰਗਾ ਨਾ ਲੱਗਦਾ। ਪਰ ਇਹ ਮਾਨਸਿਕ ਵਰਤਾਰਾ ਹਮੇਸ਼ਾ ਥੋੜ੍ਹਚਿਰਾ। ਸਮਾਂ ਬਦਲਦਾ, ਹਾਲਾਤ ਪਾਸਾ ਵੱਟਦੇ, ਸਰੋਕਾਰਾਂ ਦੀ ਸੰਵੇਦਨਮਈ ਰੰਗਤ ਮਨ ਦੀਆਂ ਤਰਜ਼ੀਹਾਂ ਬਦਲਦੀ। ਮਨ ਵਿਚ ਪੈਦਾ ਹੋਇਆ ਉਸਾਰੂ ਬਦਲਾਅ ਹੀ ਨਕਾਰਤਮਿਕਤਾ ਨੂੰ ਨਸ਼ਟ ਕਰ, ਬਹਾਰ ਦੀ ਸੰਦਲੀ ਸੂਹ ਬਣ ਜਾਂਦਾ। ਇਹ ਮਨ ਵਿਚ ਪੈਦਾ ਹੋਇਆ ਬਦਲਾਅ ਹੀ ਦਰਅਸਲ ਮਨ ਵਿਚਲੀ ਪੱਤਝੜ ਕਾਰਨ ਪੈਦਾ ਹੋਈ ਉਦਾਸੀ ਨੂੰ ਦੂਰ ਕਰਨ ਅਤੇ ਆਪਣੀ ਸੋਚ ਦੇ ਦਿੱਸਹੱਦੇ ਵਿਸਥਾਰਨ ਦਾ ਸਬੱਬ ਬਣਦਾ।
ਬਹੁਤ ਕੁਝ ਦਿੰਦੀ ਹੈ ਇਹ ਪੱਤਝੜ ਬੰਦੇ ਨੂੰ, ਬਿਰਖ਼ਾਂ ਨੂੰ, ਬਰਕਤਾਂ ਨੂੰ ਅਤੇ ਬਹੁਤਾਤਾਂ ਨੂੰ। ਸਿਰਫ਼ ਦੇਖਣ ਅਤੇ ਮਹਿਸੂਸਣ ਦੀ ਆਦਤ ਹੋਵੇ। ਕਦੇ ਧਿਆਨ ਨਾਲ ਦੇਖਣਾ ਕੂਲੀਆਂ ਅਤੇ ਕੱਚੀਆਂ ਲਗਰਾਂ ਦੀ ਕੋਮਲਤਾ। ਇਨ੍ਹਾਂ ਦੀ ਮੁਲਾਇਮਤਾ ਵਿਚੋਂ ਜੀਵਨ ਦੇ ਉਨ੍ਹਾਂ ਮਖਸੂਸ ਪਲਾਂ ਨੂੰ ਮਾਣਿਆ ਕਰੋ, ਜਦੋਂ ਤੁਹਾਡੀ ਸੋਚ ਅਤੇ ਕਰਮ ਵਿਚਲੀ ਅੱਖੜਤਾ ਨੇ ਤੁਹਾਡੇ ਰਿਸ਼ਤਿਆਂ ਵਿਚ ਕੁੜਤਣ ਪੈਦਾ ਕਰ ਦਿੱਤੀ। ਕਦੇ ਪੱਤਝੜ ਤੋਂ ਬਾਅਦ ਖਿੱੜੇ ਹੋਏ ਫੁੱਲਾਂ ਵਿਚੋਂ ਰੰਗਾਂ ਦੇ ਨਜ਼ਾਰੇ ਦੇਖਣਾ। ਇਹੀ ਨਜ਼ਾਰੇ ਤਾਂ ਤੁਸੀਂ ਆਪਣੇ ਜੀਵਨ ਵਿਚ ਦੇਖਣ ਅਤੇ ਮਾਨਣ ਤੋਂ ਵਿਰਵੇ ਰਹੇ ਕਿਉਂਕਿ ਤੁਹਾਨੂੰ ਪਤਾ ਹੀ ਨਾ ਲੱਗਾ ਕਿ ਤੁਹਾਡੇ ਜੀਵਨ ਵਿਚ ਕਦੋਂ ਬਹਾਰ ਆਈ। ਤੁਸੀਂ ਤਾਂ ਐਂਵੇਂ ਹੀ ਪੱਤਝੜ ਨੂੰ ਕੋਸਦੇ ਰਹੇ। ਇਨ੍ਹਾਂ ਫੁੱਲਾਂ ਦੀ ਮਹਿਕ ਨਾਲ ਤਾਂ ਤੁਸੀਂ ਆਪਣੇ ਅੰਦਰ ਨੂੰ ਮਹਿਕਾਇਆ ਹੀ ਨਹੀਂ, ਕਿਉਂਕਿ ਤੁਹਾਡੇ ਅੰਦਰਲੀ ਬਦਬੂ ਨੇ ਮਹਿਕ ਦੀ ਨਾਕਾਬੰਦੀ ਜੁ ਕੀਤੀ ਹੋਈ ਸੀ। ਤੁਸੀਂ ਜੀਵਨ ਦੇ ਖ਼ਲਜਗਣ ਵਿਚ ਅਜੇਹੇ ਉਲਝੇ ਕਿ ਪੱਤਝੜ ਨੂੰ ਹੀ ਕੋਸਦੇ ਰਹੇ ਪਰ ਪੱਤਝੜ ਨੂੰ ਨਿਹਾਰਨ ਅਤੇ ਇਸਦੀ ਰੰਗ-ਬਰੰਗਤਾ ਨੂੰ ਮਹਿਸੂਸਣ ਤੋਂ ਕੋਰੇ ਰਹੇ।
ਤੁਹਾਨੂੰ ਕਦੇ ਇਹ ਅਹਿਸਾਸ ਹੀ ਨਹੀਂ ਹੋਇਆ ਕਿ ਹਰ ਪੱਤਝੜ ਦੇ ਗਰਭ ਵਿਚ ਬਹਾਰ ਹੁੰਦੀ, ਜਿਸਨੇ ਵਕਤ ਨਾਲ ਆਪਣੀ ਹੋਂਦ ਤੇ ਹਾਸਲ ਨਾਲ ਕਾਇਨਾਤ ਨੂੰ ਸੂਹੀ ਰੰਗ ਵਿਚ ਰੰਗਣਾ ਹੁੰਦਾ। ਬੰਦਿਆ ਕਦੇ ਤਾਂ ਕੁਝ ਦੇਰ ਉਡੀਕ ਕਰ ਲਿਆ ਕਰ। ਫਿਰ ਦੇਖਣਾ ਤੇਰੇ ਲਈ ਹਰ ਪੱਤਝੜ ਵਿਚੋਂ ਹੀ ਬਹਾਰ ਦੀਆਂ ਪਰਤਾਂ ਦਾ ਜਲੌਅ ਰੂਪਮਾਨ ਹੋਵੇਗਾ। ਤੂੰ ਹਰ ਪੱਤਝੜ ਨੂੰ ਮਾਨਣ ਦਾ ਸ਼ੌਕੀਨ ਹੋ ਜਾਵੇਂਗਾ। ਸਿਰਫ਼ ਤੈਨੂੰ ਆਪਣੀ ਮਾਨਸਿਕ ਬਿਰਤੀ ਨੂੰ ਬਦਲਣਾ ਪਵੇਗਾ।
ਖਦੇ-ਕਦਾਈਂ ਰਿਸ਼ਤਿਆਂ ਵਿਚ ਵੀ ਪੱਤਝੜ ਆ ਠਹਿਰਦੀ। ਪਰ ਖੁਦ ਨੂੰ ਪਤਾ ਹੀ ਨਹੀਂ ਲੱਗਦਾ। ਲੋੜ ਹੈ ਕਿ ਰਿਸ਼ਤਿਆਂ ਵਿਚਲੀ ਪੱਤਝੜ ਦੇ ਉਤਰਨ ‘ਤੇ ਹੀ ਇਸਨੂੰ ਬਹਾਰ ਵਿਚ ਵਟਾਉਣ ਲਈ ਯਤਨ ਆਰੰਭ ਕਰ ਦੇਣੇ ਚਾਹੀਦੇ। ਦਰਅਸਲ ਇਹ ਪੱਤਝੜ ਸਾਡੀਆਂ ਤਰਜ਼ੀਹਾਂ ਅਤੇ ਤਮੰਨਾਵਾਂ ਵਿਚਲਾ ਅਸਾਵਾਂਪਣ ਹੁੰਦਾ ਕਿ ਅਸੀਂ ਰਿਸ਼ਤਿਆਂ ਨਂੂੰ ਸਮਝਣ, ਨਿਭਾਉਣ, ਅਪਨਾਉਣ ਅਤੇ ਇਨ੍ਹਾਂ ਦੀ ਪਾਕੀਜ਼ਤਾ ਅਤੇ ਪਾਹੁਲਤਾ ਨੂੰ ਰੂਹੀ ਰੰਗ ਵਿਚ ਰੰਗਣ ਤੋਂ ਆਨਾ-ਕਾਨੀ ਕਰਦੇ। ਜਦ ਕੋਈ ਰਿਸ਼ਤਿਆਂ ਨੂੰ ਵਰਤਣ ਲੱਗ ਪਵੇ ਤਾਂ ਪੱਤਝੜ ਦਾ ਆਉਣਾ ਲਾਜ਼ਮੀ। ਪਰ ਜਦ ਅਸੀਂ ਰਿਸ਼ਤਿਆਂ ਵਿਚ ਰਹਿਬਰੀ ਅਤੇ ਰੂਹਦਾਰੀ ਦਾ ਨਾਦ ਪੈਦਾ ਕਰਨ ਦੇ ਮਾਰਗੀ ਬਣਾਂਗੇ ਤਾਂ ਰਿਸ਼ਤਿਆਂ ਵਿਚ ਸਦਾ ਬਹਾਰ ਦਾ ਵਾਰਾ-ਪਹਿਰਾ ਰਹੇਗਾ।
ਪੱਤਝੜ ਸਾਡੀਆਂ ਸੋਚਾਂ ਜਾਂ ਸਾਡੀਆਂ ਅਸਾਵਾਂ ‘ਤੇ ਕਦੇ ਨਹੀਂ ਆਉਣੀ ਚਾਹੀਦੀ। ਨਾ ਹੀ ਸਾਡੇ ਸੁਪਨਿਆਂ ਜਾਂ ਸੰਭਾਵਨਾਵਾਂ ਨੂੰ ਧੁਆਂਖੇ। ਕਦੇ ਵੀ ਸਾਡੇ ਪੈਰਾਂ ਵਿਚਲੇ ਸਫ਼ਰ ਲਈ ਸਰਾਪ ਨਾ ਬਣੇ ਅਤੇ ਨਾ ਹੀ ਸਾਡੀ ਪ੍ਰਵਾਜ਼, ਜਿਊਣ-ਅੰਦਾਜ਼ ਅਤੇ ਜੀਵਨੀ ਨਾਦ ਵਿਚ ਕੋਈ ਖਲੱਲ ਪੈਦਾ ਕਰੇ।
ਪੱਤਝੜ ਲਈ ਪੱਤਝੜ ਦਾ ਕੋਈ ਦੋਸ਼ ਨਹੀਂ। ਪੱਤਝੜ ਨੂੰ ਤਾਂ ਖੁਦ ਦੀ ਹੋਸ਼ ਨਹੀਂ। ਪੱਤਝੜ ਕਦੇ ਵੀ ਮਦਹੋਸ਼ ਜਾਂ ਬੇਹੋਸ਼ ਨਹੀਂ। ਇਸਨੇ ਆਉਣਾ ਵੀ ਤੇ ਜਾਣਾ ਵੀ। ਇਹ ਤਾਂ ਸਫ਼ਰਾਂ ਦੀ ਹਾਮੀ ਅਤੇ ਇਹੀ ਇਸਦੀ ਫੁਰਮਾਨੀ । ਲੋੜ ਹੈ ਕਿ ਸਾਨੂੰ ਸਮਝ ਹੋਵੇ ਕਿ ਪੱਤਝੜ ਵਿਚੋਂ ਬਹਾਰ ਦੇ ਉਗਦੇ ਸੂਰਜ ਦੀ ਨਿਸ਼ਾਨਦੇਹੀ ਕਿਵੇਂ ਕਰਨੀ? ਇਸ ਵਿਚੋਂ ਜੀਵਨੀ ਰੰਗਾਂ ਨੂੰ ਕਿਵੇਂ ਨਿਤਾਰਨਾ? ਇਸਦੀਆਂ ਦਾਤਾਂ ਲਈ ਕਿਵੇਂ ਸ਼ੁਕਰਾਨਾ ਕਰਨਾ। ਇਸ ਤੋਂ ਬਾਅਦ ਆਉਣ ਵਾਲੀ ਬਹਾਰ ਲਈ ਸਾਡੀਆਂ ਅਰਦਾਸਾਂ ਅਤੇ ਦੁਆਵਾਂ ਦੀ ਕਿੰਨੀ ਕੁ ਵਿਲੱਖਣਤਾ ਹੋਵੇ ਤਾਂ ਕਿ ਸਾਡੀ ਆਸ ਨੂੰ ਸਾਡੀਆਂ ਭਾਵਨਾਵਾਂ ਅਨੁਸਾਰ ਬੂਰ ਪੈਂਦਾ ਰਹੇ।
ਪੱਤਝੜ ਇਸ ਗੱਲ ਦਾ ਸਭ ਤੋਂ ਵੱਡਾ ਸੂਚਕ ਕਿ ਪੱਤਝੜਾਂ ਨੇ ਹਰ ਵਰ੍ਹੇ ਆਉਂਦੇ ਰਹਿਣਾ, ਆਪਣਾ ਰੰਗ ਦਿਖਾਉਂਦੇ ਰਹਿਣਾ। ਪਰ ਆਖਰ ਨੂੰ ਤੁਰ ਜਾਣਾ ਅਤੇ ਬਹਾਰ ਲਈ ਵਿਹੜਾ ਮੋਕਲਾ ਕਰ ਜਾਣਾ। ਵਕਤ ਦੀ ਤਲੀ ‘ਤੇ ਸੁਰਖ ਰੁੱਤਾਂ ਦਾ ਸੰਧਾਰਾ ਧਰ ਜਾਣਾ। ਅਛੋਪਲੇ ਜਹੇ ਦਸਤਕ ਦੇ ਕੇ ਖੁਦ ਨੂੰ ਪ੍ਰਗਟਾਉਣਾ। ਇਹ ਰੁੱਤਾਂ ਦਾ ਆਵਾਗੌਣ, ਜੀਵਨ-ਪੜਾਵਾਂ ਦਾ ਸੂਚਕ। ਸਮੇਂ ਦੀਆਂ ਤੰਦਾਂ ਦਾ ਵਰਨਣ। ਵਕਤ ਦੀਆਂ ਤਸ਼ਬੀਹਾਂ ਅਤੇ ਤਰਜੀLਹਾਂ ਦੀ ਦਸਤਾਵੇਜ਼। ਹਰੇਕ ਵਕਤ ਕੁਝ ਕਹਿ ਕੇ, ਕੁਝ ਦੇ ਕੇ, ਕੁਝ ਸਮਝਾ ਕੇ ਅਤੇ ਆਉਣ ਵਾਲੇ ਨੂੰ ਕੰਨੀਂ ਪਕੜਾ ਅਗਾਂਹ ਲੰਘ ਜਾਂਦਾ ਅਤੇ ਆਪਣੀ ਸੁਖਨ-ਸੰਬੂਰੀ ਦੀ ਗੱਠੜੀ ਵਕਤ ਦੇ ਟਾਹਣ ‘ਤੇ ਟੰਗ ਜਾਂਦਾ।
ਪੱਤਝੜ ਵਿਚ ਕਦੇ ਆਪਣੇ ਰੰਗਾਂ ਨੂੰ ਪਛਾਨਣਾ। ਜੀਵਨ ਵਿਚ ਆਈਆਂ ਪੱਤਝੜਾਂ ਅਤੇ ਬਹਾਰਾਂ ਦੀ ਸਮੀਕਰਣ ਬਣਾਉਣਾ, ਤੁਸੀਂ ਦੇਖੋਗੋ ਕਿ ਤੁਸੀਂ ਆਪਣੇ ਜੀਵਨ ਵਿਚ ਪੱਤਝੜ ਨਾਲੋਂ ਬਹਾਰਾਂ ਦਾ ਸਾਥ ਜ਼ਿਆਦਾ ਮਾਣਿਆ ਹੈ ਕਿਉਂਕਿ ਕਈ ਵਾਰ ਪੱਤਝੜ ਵੀ ਬਹਾਰਾਂ ਵਰਗੀ ਹੀ ਹੁੰਦੀ।
ਪੱਤਝੜ ਨੂੰ ਖੁਸ਼-ਆਮਦੀਦ ਇੰਝ ਹੀ ਕਿਹਾ ਕਰੋ ਜਿਵੇਂ ਅਸੀਂ ਬਸੰਤ ਰੁੱਤ ਆਉਣ ‘ਤੇ ਬਸੰਤੀ ਰੰਗ ਵਿਚ ਰੰਗੇ ਜਾਂਦੇ ਹਾਂ। ਦੁਆ ਹੈ ਕਿ ਹਰੇਕ ਦੀਆਂ ਜੀਵਨੀ ਪੱਤਝੜਾਂ ਵੀ ਬਹਾਰਾਂ ਦੀ ਸੰਗਤਾ ਮਾਨਣ ਵਰਗੀਆਂ ਹੀ ਹੋਣ।