ਗੁਰਮੀਤ ਸਿੰਘ ਪਲਾਹੀ
-9815802070
ਜਦੋਂ ਵਿਸ਼ਵ ਭਰ ਵਿਚ ਪ੍ਰਵਾਸੀਆਂ ਬਾਰੇ ਇੱਕ ਵੱਡੀ ਚਰਚਾ ਛਿੜੀ ਹੋਈ ਹੈ, ਸੌੜੀ ਸੋਚ ਵਾਲੇ ਰਾਸ਼ਟਰਵਾਦੀ ਲੋਕ ਬ੍ਰਹਿਮੰਡੀ ਅਤੇ ਮਨੁੱਖੀ ਸਾਂਝੀਵਾਲਤਾ ਦੀ ਧਾਰਨਾ ਅਤੇ ਸੋਚ ਨਕਾਰ ਕੇ ‘ਆਪਣੇ ਲੋਕਾਂ’ ਅਤੇ ਆਪੋ-ਆਪਣੇ ਹਿੱਤ ਸਾਧਣ ਦੇ ਰਾਹ ਤੁਰੇ ਹੋਏ ਹਨ। ਉਸ ਵੇਲੇ ਪ੍ਰਵਾਸੀ ਲੋਕਾਂ ਦੀਆਂ ਵੱਖੋ-ਵੱਖਰੇ ਦੇਸ਼ਾਂ ‘ਚ ਜਾ ਕੇ ਕੀਤੀਆਂ ਪ੍ਰਾਪਤੀਆਂ ਬਾਰੇ ਵੱਡਾ ਜ਼ਿਕਰ ਕਰਨਾ ਬਣਦਾ ਹੈ।
ਇਸ ਦੇ ਨਾਲ-ਨਾਲ ਇਹ ਗੱਲ ਵੀ ਵਿਚਾਰੀ ਜਾਣੀ ਬਣਦੀ ਹੈ ਕਿ ਸੌੜੀ ਸੋਚ ਵਾਲੇ ਲੋਕ ਜਿਹੜੇ ਮਨੁੱਖ ਨੂੰ ਨਸਲ, ਦੇਸ਼, ਧਰਮ ਦੇ ਅਧਾਰ ‘ਤੇ ਵੰਡਣਾ ਚਾਹੁੰਦੇ ਹਨ, ਆਮ ਲੋਕ, ਅਜਿਹੀ ਸੌੜੀ ਸੋਚ ਰੱਖਣ ਵਾਲੇ ਲੋਕਾਂ ਨੂੰ ਨਕਾਰ ਰਹੇ ਹਨ।
ਅਮਰੀਕਾ ‘ਚ ਨਿਊਯਾਰਕ ਦੇ ਵੋਟਰਾਂ ਨੇ 34 ਵਰਿ੍ਹਆਂ ਦੇ ਜੋਹਰਾਨ ਮਮਦਾਨੀ ਨੂੰ 50 ਫ਼ੀਸਦੀ ਤੋਂ ਵੱਧ ਵੋਟਾਂ ਦੇ ਕੇ ਨਿਊਯਾਰਕ ਦਾ ਮੇਅਰ ਚੁਣ ਲਿਆ। ਜੋਹਰਾਨ ਮਮਦਾਨੀ 34 ਵਰਿ੍ਹਆਂ ਦਾ ਹੈ, ਉਸਦੀ ਮਾਂ ਮੀਰਾ ਨਾਇਰ ਭਾਰਤੀ ਹੈ, ਉਸਦਾ ਪਿਤਾ ਮਹਿਮੂਦ ਮਮਦਾਨੀ ਯੁਗਾਂਡਾ ‘ਚ ਜਨਮਿਆ ਵਿਦਵਾਨ ਹੈ। ਮਮਦਾਨੀ ਲਗਭਗ 7 ਵਰ੍ਹੇ ਪਹਿਲਾਂ ਅਮਰੀਕਾ ਪੁੱਜਿਆ। ਉਸਨੇ ਥੋੜ੍ਹੇ ਸਮੇਂ ‘ਚ ਹੀ ਆਪਣੀ ਮਜ਼ਬੂਤ ਸਥਿਤੀ ਦਰਜ਼ ਕੀਤੀ ਅਤੇ ਦੇਸ਼ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਉਮੀਦਵਾਰ ਨੂੰ ਹਰਾ ਕੇ ਇੱਕ ਡੈਮੋਕਰੇਟਿਕ ਉਮੀਦਵਾਰ ਦੇ ਤੌਰ ‘ਤੇ ਮੇਅਰ ਦਾ ਅਹੁਦਾ ਹੀ ਪ੍ਰਾਪਤ ਨਹੀਂ ਕੀਤਾ ਸਗੋਂ ਟਰੰਪ ਦੀ ਰਾਸ਼ਟਰਵਾਦੀ ਸੋਚ ਨੂੰ ਚੈਲੰਜ ਕੀਤਾ ਅਤੇ ਇੱਕ ਨਵੇਂ ਰਾਸ਼ਟਰ ਦੇ ਪੁਨਰ ਜਨਮ ਦੀ ਗੱਲ ਕੀਤੀ।
ਜੋਹਰਾਨ ਮਮਦਾਨੀ ਵਾਂਗਰ ਦੁਨੀਆਂ ਭਰ ਦੇ 29 ਦੇਸ਼ਾਂ ਵਿਚ 260 ਤੋਂ ਜ਼ਿਆਦਾ ਭਾਰਤਵੰਸ਼ੀ ਜਨ ਪ੍ਰਤੀਨਿਧਤਾ ਨਿਭਾਅ ਚੁੱਕੇ ਹਨ ਜਾਂ ਨਿਭਾ ਰਹੇ ਹਨ। ਇਨ੍ਹਾਂ ਵਿਚ ਵਿਸ਼ੇਸ਼ ਤੌਰ ‘ਤੇ ਬਰਤਾਨੀਆ, ਮਾਰੀਸ਼ਸ, ਫਰਾਂਸ, ਅਮਰੀਕਾ, ਕੈਨੇਡਾ ਆਦਿ ਮੁੱਖ ਤੌਰ ‘ਤੇ ਜਾਣੇ ਜਾਂਦੇ ਹਨ ਅਤੇ ਲੋਕਤੰਤਰਿਕ ਪ੍ਰਕਿਰਿਆ ਵਿਚ ਇਹ ਭਾਰਤੀ ਸਿਖ਼ਰਾਂ ‘ਤੇ ਪੁੱਜੇ ਨਜ਼ਰ ਆਉਂਦੇ ਹਨ।
ਦੁਨੀਆਂ ਦੇ ਹੋਰ ਦੇਸ਼ਾਂ ਵਿਚ 3.43 ਕਰੋੜ ਤੋਂ ਵੱਧ ਭਾਰਤੀ ਰਹਿੰਦੇ ਹਨ। ਹੁਣੇ ਜਿਹੇ ਸਰਕਾਰ ਨੇ 29 ਦੇਸ਼ਾਂ ਦੀ ਸੂਚੀ ਦਿੱਤੀ ਹੈ, ਜਿਨ੍ਹਾਂ ਵਿਚ ਭਾਰਤੀ ਮੂਲ ਦੇ ਜਨ ਪ੍ਰਤੀਨਿਧੀਆਂ ਦੀ ਸੰਖਿਆ ਅਤੇ ਸੂਚੀ ਦਿੱਤੀ ਗਈ ਹੈ।
ਮਾਰੀਸ਼ਸ ਵਿਚ ਸਭ ਤੋਂ ਜ਼ਿਆਦਾ 45 ਭਾਰਤੀ ਮੂਲ ਦੇ ਲੋਕ , ਲੋਕ-ਪ੍ਰਤੀਨਿਧਾਂ ਵਜੋਂ ਚੁਣੇ ਗਏ। ਭਾਰਤੀ ਮੂਲ ਦੇ ਨਵੀਨ ਰਾਮ ਗੁਲਾਮ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਹਨ। ਇਸੇ ਤਰ੍ਹਾਂ ਗੁਆਨਾ ਵਿਚ ਭਾਰਤੀ ਮੂਲ ਦੇ 33 ਲੋਕ ਜਨ ਪ੍ਰਤੀਨਿਧ ਚੁਣੇ ਗਏ। ਬਰਤਾਨੀਆ ਵਿਚ 31, ਫਰਾਂਸ ਵਿਚ 24, ਸੂਰੀਨਾਮ ਵਿਚ 21, ਫਿਜ਼ੀ ਅਤੇ ਮਲੇਸ਼ੀਆ ‘ਚ 17-17 ਹਨ। ਅਮਰੀਕਾ ਵਿਚ ਭਾਰਤੀ ਮੂਲ ਦੇ 6 ਲੋਕ ਉੱਚ ਅਹੁਦਿਆਂ ‘ਤੇ ਜਨ ਪ੍ਰਤੀਨਿਧ ਹਨ।
ਕਮਲਾ ਸੁਸ਼ੀਲਾ ਪ੍ਰਸਾਦ ਵਿਸੇਸਰ ਭਾਰਤੀ ਮੂਲ ਦੀ ਪ੍ਰਤੀਨਿਧ ਤ੍ਰਿਨਿਦਾਦ ਅਤੇ ਟੋਬੈਗੋ ‘ਚ ਪ੍ਰਧਾਨ ਮੰਤਰੀ 2010 ਤੋਂ 2015 ਤੱਕ ਚੁਣੀ ਗਈ। ਹੁਣ ਫਿਰ 2025 ਵਿਚ ਤ੍ਰਿਨਿਦਾਦ ਦੀ ਪ੍ਰਧਾਨ ਮੰਤਰੀ ਹੈ।
ਸਿੰਗਾਪੁਰ ਵਿਚ 2023 ਵਿਚ ਹੋਈਆਂ ਰਾਸ਼ਟਰਪਤੀ ਦੀਆਂ ਚੋਣਾਂ ਵਿਚ ਭਾਰਤੀ ਮੂਲ ਦੇ ਥਰਮਨ ਸ਼ਾਨਮੁਗਰਥਨਮ ਨੇ ਜਿੱਤ ਹਾਸਲ ਕੀਤੀ ਤੇ ਸਿੰਗਾਪੁਰ ਦੇ 9ਵੇਂ ਰਾਸ਼ਟਰਪਤੀ ਬਣੇ। ਇਸ ਚੋਣਾਂ ‘ਚ ਉਨ੍ਹਾਂ ਨੇ 70.4 ਫ਼ੀਸਦੀ ਵੋਟਾਂ ਪ੍ਰਾਪਤ ਕੀਤੀਆਂ। ਭਾਰਤੀ ਥਰਮਨ ਦਾ ਜਨਮ 25 ਫਰਵਰੀ 1957 ਵਿਚ ਸਿੰਗਾਪੁਰ ‘ਚ ਹੋਇਆ ਅਤੇ ਉਨ੍ਹਾ ਦੇ ਦਾਦਾ ਤਾਮਿਲਨਡੂ ਦੇ ਮੂਲ ਨਿਵਾਸੀ ਸਨ। ਪਿਤਾ ਵਿਗਿਆਨੀ ਸਨ। ਉਨ੍ਹਾਂ ਨੇ ਕੈਂਬਰਿਜ ਯੂਨੀਵਰਸਿਟੀ ਲੰਦਨ ਤੋਂ ਪੜ੍ਹਾਈ ਕੀਤੀ। ਇਸ ਤੋਂ ਪਹਿਲਾਂ ਵੀ ਭਾਰਤੀ ਮੂਲ ਦੇ ਦੇਵੇਨ ਨਾਗਰ ਅਤੇ ਐੱਸ.ਆਰ. ਨਾਥਨ ਸਿੰਘਾਪੁਰ ਦੇ ਰਾਸ਼ਟਰਪਤੀ ਰਹੇ।
42 ਦੇਸ਼ ਵਿਸ਼ਵ ਵਿਚ ਇਹੋ ਜਿਹੇ ਹਨ, ਜਿਥੇ ਸਰਕਾਰ ਵਿਚ ਜਾਂ ਵਿਰੋਧੀ ਧਿਰਾਂ ‘ਚ ਭਾਰਤੀਵੰਸ਼ੀ ਲੋਕ ਪ੍ਰਤੀਨਿਧੀ ਬਣੇ ਹਨ। ਕੈਨੇਡਾ ‘ਚ ਸਭ ਤੋਂ ਜ਼ਿਆਦਾ ਪਾਰਲੀਮੈਂਟ ਮੈਂਬਰ ਹਨ। ਇਨ੍ਹਾਂ ਵਿਚ ਤਿੰਨ ਕੈਬਨਿਟ ਮੰਤਰੀ ਭਾਰਤੀ ਮੂਲ ਦੇ ਹਨ। ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਭਾਰਤੀ ਮੂਲ ਦੀ ਸੀ। ਰਿਸ਼ੀ ਸੂਨਕ ਬਰਤਾਨੀਆ ਦੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਸਨ ਅਤੇ 200 ਸਾਲ ਵਿਚ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਮੰਤਰੀ ਬਣੇ ਸਨ।
ਇਸ ਵੇਲੇ ਗੁਆਨਾ ਦੇਸ਼ ਦੀ ਨੁਮਾਇੰਦਗੀ ਵੀ ਭਾਰਤੀ ਮੂਲ ਦੇ ਮੁਹੰਮਦ ਇਰਫਾਨ ਅਲੀ ਕੋਲ ਹੈ ਅਤੇ ਉਹ ਰਾਸ਼ਟਰਪਤੀ ਹਨ। ਭਾਰਤਵੰਸ਼ੀ ਰਾਜਨੇਤਾ ਪਰਵਿੰਦਰ ਕੁਮਾਰ 2017-18 ਤੋਂ 2024 ਤੱਕ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਰਹੇ। ਆਇਰਲੈਂਡ ਦੇ ਮੁੱਖੀ ਵੀ 2022 ਤੋਂ 2024 ਤੱਕ ਭਾਰਤੀ ਮੂਲ ਦੇ ਨੇਤਾ ਏਰਿਕ ਬਰਾਡਕਰ ਨੇ ਕੀਤਾ। ਪ੍ਰਿਥਵੀਰਾਜ ਸਿੰਘ 2019 ਤੋਂ 2024 ਤੱਕ ਮਾਰੀਸ਼ਸ ਦੇ ਸਤਵੇਂ ਰਾਸ਼ਟਰਪਤੀ ਰਹੇ। ਵਿਕਾਸਸ਼ੀਲ ਦੇਸ਼ਾਂ ਅਮਰੀਕਾ, ਕੈਨੇਡਾ ਬਰਤਾਨੀਆ, ਅਸਟਰੇਲੀਆ, ਨਿਊਜ਼ੀਲੈਂਡ ਸਮੇਤ 15 ਮੁਲਕਾਂ ਵਿਚ 200 ਤੋਂ ਜ਼ਿਆਦਾ ਭਾਰਤੀ ਮੂਲ ਦੇ 200 ਤੋਂ ਵੱਧ ਵਿਅਕਤੀ ਅਗਵਾਈ ਵਾਲੇ ਅਹੁਦਿਆਂ ‘ਤੇ ਕਾਬਜ਼ ਹਨ। ਇਹ ਰਿਪੋਰਟ ਭਾਰਤੀ ਭਾਈਚਾਰੇ ਦਰਮਿਆਨ ਕੰਮ ਕਰ ਰਹੇ ਅਮਰੀਕੀ ਸੰਗਠਨ ਦੀ ਹੈ, ਜੋ ਪਹਿਲੀ ਵੇਰ ਛਾਪੀ ਗਈ ਹੈ। ਇਨ੍ਹਾਂ 100 ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਵਿਚੋਂ 60 ਵਿਅਕਤੀ ਕੈਬਨਿਟ ਰੈਂਕ ਦੇ ਅਹੁਦਿਆਂ ਉੱਤੇ ਬਿਰਾਜਮਾਨ ਹਨ। ਦੁਨੀਆਂ ਦੇ ਸਭ ਤੋਂ ਪੁਰਾਣੇ ਲੋਕਤੰਤਰ ਦੇ ਉਪ ਰਾਸ਼ਟਰਪਤੀ ਦੇ ਰੂਪ ‘ਚ ਪਹਿਲੀ ਸ਼ਖ਼ਸੀਅਤ ਭਾਰਤੀ ਵਿਰਾਸਤ ਤੋਂ ਕਿਸੇ ਦਾ ਹੋਣਾ ਵੱਡੇ ਮਾਣ ਵਾਲੀ ਗੱਲ ਹੈ। ਕਮਲਾ ਹੈਰਿਸ ਇਸ ਵੇਲੇ ਅਮਰੀਕਾ ਦੀ ਉਪ ਰਾਸ਼ਟਰਪਤੀ ਹੈ। ਇਸੇ ਤਰ੍ਹਾਂ ਟਾਈਮ ਪੱਤ੍ਰਿਕਾ ਨੇ 100 ਉਭਰਦੀਆਂ ਸ਼ਕਤੀਸ਼ਾਲੀ ਨੇਤਾਵਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿਚ ਅਨੇਕਾਂ ਭਾਰਤੀ ਮੂਲ ਦੇ ਸਿਆਸਤਦਾਨ, ਕਾਰੋਬਾਰੀ ਟੈਕਨੋਕਰੇਟ ਹਨ।
ਇੱਥੇ ਹੀ ਬਸ ਨਹੀਂ ਅਮਰੀਕਾ ਵਿਚ ਭਾਰਤੀ ਮੂਲ ਦੇ ਲੋਕਾਂ ਦੀ ਸਰਕਾਰ ਵਿਚ ਪ੍ਰਤੀਨਿਧਤਾ ਵੱਧ ਰਹੀ ਹੈ। ਵਰਜੀਨੀਆ ਸਟੇਟ ‘ਚ ਇਨ੍ਹੀਂ ਦਿਨੀਂ ਡੈਮੋਕਰੇਟ ਗ਼ਜ਼ਾਲਾ ਹਾਸ਼ਮੀ ਗਵਰਨਰ ਚੁਣੀ ਗਈ।
ਸਾਬਕਾ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੇ ਰਾਜ-ਭਾਗ ਵਿਚ 130 ਤੋਂ ਜ਼ਿਆਦਾ ਭਾਰਤੀ ਚੰਗੇ ਅਹੁਦਿਆਂ ‘ਤੇ ਸਨ ਅਤੇ ਟਰੰਪ ਦੀ ਪ੍ਰਧਾਨਗੀ ਵਿਚ 80 ਤੋਂ ਵੱਧ ਲੋਕ ਚੰਗੇ ਰਾਜਨੀਤਿਕ ਪ੍ਰਬੰਧਕੀ ਅਹੁਦਿਆਂ ‘ਤੇ ਕੰਮ ਕਰ ਰਹੇ ਸਨ।
ਬਰਤਾਨੀਆ ‘ਚ ਰਿਸ਼ੀ ਸੂਨਕ ਤੋਂ ਬਿਨਾਂ ਪ੍ਰੀਤੀ ਪਟੇਲ, ਗਗਨ ਮਹਿੰਦਰਾ, ਸੀਮਾ ਮਲਹੋਤਰਾ, ਤਨਮਨਜੀਤ ਸਿੰਘ ਢੇਸੀ, ਵਰਿੰਦਰ ਸ਼ਰਮਾ, ਸੋਜਨ ਜੋਸੇਫ ਲੋਕ-ਪ੍ਰਤੀਨਿਧੀ ਵਜੋਂ ਸੇਵਾ ਨਿਭਾ ਰਹੇ ਹਨ।
ਭਾਰਤ ਵਿਚੋਂ ਪ੍ਰਵਾਸ 18-19ਵੀਂ ਸਦੀ ‘ਚ ਵਿਸ਼ੇਸ਼ ਤੌਰ ‘ਤੇ ਗਿਣਿਆ ਜਾਂਦਾ ਹੈ, ਜਦੋਂ ਭਾਰਤੀ ਲੋਕ ਆਪਣਾ ਚੰਗੇਰੇ ਭਵਿੱਖ ਲਈ ਦੇਸ਼ ਛੱਡ ਕੇ ਵਿਦੇਸ਼ ਗਏ। ਇਨ੍ਹਾਂ ਪ੍ਰਵਾਸੀਆਂ ਨੇ ਮਿਹਨਤ ਕਰਕੇ ਓਪਰੇ ਸੱਭਿਆਚਾਰ ਵਿਚ ਆਪਣੀ ਥਾਂ ਬਣਾਈ ਅਤੇ ਫਿਰ ਮੋਹਰੀ ਬਣ ਕੇ ਨਾਮਣਾ ਖੱਟਿਆ। ਖੇਤਰ ਭਾਵੇਂ ਖੇਤੀਬਾੜੀ ਦਾ ਸੀ ਜਾਂ ਇੰਜੀਨਿਅਰਿੰਗ ਦਾ, ਲੇਖਣੀ ਦਾ ਸੀ, ਜਾਂ ਪੱਤਰਕਾਰੀ ਦਾ, ਕਾਰੋਬਾਰ ਦਾ ਸੀ ਜਾਂ ਸਿਆਸਤ ਦਾ, ਪ੍ਰਵਾਸੀਆਂ ਨੇ ਨਵੀਆਂ ਪੈੜਾਂ ਪਾਈਆਂ ਅਤੇ ਹੋਰ ਲੋਕਾਂ ਲਈ ਰਾਹ ਦਸੇਰਾ ਬਣੇ। ਅੱਜ ਵੀ ਜਦੋਂ ਪੂਰਾ ਬ੍ਰਹਿਮੰਡ, ਇੱਕ ਪਿੰਡ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ, ਭਾਰਤੀ ਪ੍ਰਭਾਵਸ਼ਾਲੀ ਲੋਕ ਇਸ ਵਿਸ਼ਵ ਪਿੰਡ ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ।
ਪਰਵਾਸ ਹੰਢਾ ਰਹੇ ਭਾਰਤੀਆਂ ਦਾ ਇਤਿਹਾਸ ਪੁਰਾਣਾ ਹੈ। ਅਮਰੀਕਾ, ਕੈਨੇਡਾ, ਬਰਤਾਨੀਆ ਵਰਗੇ ਮੁਲਕਾਂ ‘ਚ ਵਸੇ ਪਰਵਾਸੀਆਂ ਦੀਆਂ ਪਹਿਲੀਆਂ ਪੀੜ੍ਹੀਆਂ ਆਮ ਤੌਰ ‘ਤੇ ਅਨਪੜ੍ਹ ਜਾਂ ਬਹੁਤੀਆਂ ਪੜ੍ਹੀਆਂ-ਲਿਖੀਆਂ ਨਹੀਂ ਸਨ, ਪਰ ਇਨ੍ਹਾਂ ਪਰਵਾਸੀ ਭਾਰਤੀਆਂ ਨੇ ਵੱਡੀ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾਇਆ ਅਤੇ ਉੱਥੋਂ ਦੀ ਸਭਿਅਤਾ ਵਿਚ ਵਿਚਰਨ ਦਾ ਮੌਕਾ ਦਿੱਤਾ।
ਬਿਨਾਂ ਸ਼ੱਕ ਅੱਜ ਪ੍ਰਵਾਸੀਆਂ ਦੇ ਵਿਰੋਧ ਵਿਚ ਅਮਰੀਕਾ, ਕੈਨੇਡਾ, ਬਰਤਾਨੀਆ ‘ਚ ਉੱਥੋਂ ਦੇ ਕੁਝ ਨਾਗਰਿਕਾਂ ਵੱਲੋਂ ਪ੍ਰਦਰਸ਼ਨ ਹੋ ਰਹੇ ਹਨ, ਪ੍ਰਵਾਸੀਆਂ ਨੂੰ ਦੇਸ਼ੋਂ ਕੱਢਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਨਸਲੀ ਟਿੱਪਣੀਆਂ ਵੀ ਹੋ ਰਹੀਆਂ ਹਨ, ਉਨ੍ਹਾਂ ਖ਼ਿਲਾਫ਼ ਵੱਡੇ ਗਰੁੱਪ ਬਣ ਰਹੇ ਹਨ।
ਅਮਰੀਕਾ, ਕੈਨੇਡਾ, ਯੂ.ਕੇ. ਪ੍ਰਸ਼ਾਸ਼ਨ ਵੱਲੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਉੱਥੋਂ ਕੱਢਿਆ ਵੀ ਜਾ ਰਿਹਾ ਹੈ ਅਤੇ ਇਸ ਵਰਤਾਰੇ ਨਾਲ ਪ੍ਰਵਾਸੀਆਂ ਵਿਚ ਡਰ ਦੀ ਭਾਵਨਾ ਬਣੀ ਹੋਈ ਹੈ। ਖ਼ਾਸ ਤੌਰ ‘ਤੇ ਉਨ੍ਹਾਂ ਪ੍ਰਵਾਸੀਆਂ ਲਈ ਜਿਹੜੇ ਵਿੰਗੇ-ਟੇਡੇ ਢੰਗ ਨਾਲ, ਜਾਂ ਸਿਆਸੀ ਸ਼ਰਨ ਲੈਕੇ ਉੱਥੇ ਪੁੱਜੇ। ਗ਼ਲਤ ਬਿਆਨੀ ਕਰਕੇ ਉੱਥੇ ਦੇ ਕਾਨੂੰਨੀ ਦਸਤਾਵੇਜ ਹਾਸਲ ਕੀਤੇ।
ਪਰ ਵੇਖਣਾ ਹੋਏਗਾ ਕਿ ਪ੍ਰਵਾਸੀਆਂ ਤੋਂ ਬਿਨ੍ਹਾਂ ਇਹ ਦੇਸ਼ ਤਰੱਕੀ ਕਰਨ ਦੇ ਸਮਰੱਥ ਰਹਿਣਗੇ? ਸਵਾਲ ਉੱਠਦਾ ਹੈ ਕਿ ਵਪਾਰ ਨੂੰ ਸਭਨਾਂ ਮੁਲਕਾਂ ਤੱਕ ਪਹੁੰਚਾਉਣ ਦੀ ਤਰਜੀਹ ਦੇਣਾ ਪਰ ਉੱਥੋਂ ਦੀ ਮਨੁੱਖੀ ਸ਼ਕਤੀ ਨੂੰ ਨਕਾਰਨਾ ਕਿੱਥੋਂ ਤੱਕ ਸਹੀ ਹੈ।
ਅਸਲ ‘ਚ ਸਮੇਂ-ਸਮੇਂ ਰੂੜੀਵਾਦੀ ਸੋਚ ਵਾਲੇ ਲੋਕ ਮਨੁੱਖੀ ਅਧਿਕਾਰਾਂ ਦਾ ਹਨਨ ਕਰਦਿਆਂ, ਕੁਝ ਇਹੋ ਜਿਹੇ ਕਾਰਜ ਕਰਦੇ ਹਨ, ਜਿਹੜੇ ਕਿਸੇ ਵੀ ਹਾਲਤ ਵਿਚ ਲੋਕ-ਹਿਤੈਸ਼ੀ ਨਹੀਂ ਹੁੰਦੇ। ਦੌਰ ਭਾਵੇਂ ਡਿਕਟੇਟਰਾਨ ਸੋਚ ਵਾਲੇ ਲੋਕਾਂ ਦਾ ਕਦੇ ਉਭਰਦਾ ਰਿਹਾ ਹੋਵੇ, ਪਰ ਅੰਤ ਜਿੱਤ ਹੱਥੀਂ ਕੰਮ ਕਰਨ ਵਾਲਿਆਂ, ਸੂਝਵਾਨ ਲੋਕਾਂ ਦੀ ਹੁੰਦੀ ਹੈ, ਜੋ ਧਰਮ, ਨਸਲ, ਜਾਤ, ਦੇਸ਼ ਦੇ ਪਾੜ ਨੂੰ ਨਕਾਰਦੇ ਹਨ।
ਭਾਰਤੀ ਪ੍ਰਵਾਸੀਆਂ ਦੀ ਤੂਤੀ ਦੇਸ਼-ਵਿਦੇਸ਼ ਵਿਚ ਇਸ ਕਰਕੇ ਬੋਲਦੀ ਹੈ, ਕਿਉਂਕਿ ਉਹ ਲੋਕ-ਭਲਾਈ ਹਿੱਤ ਕਾਰਜ ਕਰਨ ਨੂੰ ਸਦਾ ਤਰਜੀਹ ਦਿੰਦੇ ਰਹੇ ਹਨ ਅਤੇ ਜਿੱਥੇ-ਜਿੱਥੇ ਵੀ ਜਾ ਕੇ ਉਹ ਵਸੇ, ਉਨ੍ਹਾਂ ਉੱਥੋਂ ਦੇ ਲੋਕਾਂ ਨਾਲ ਡੂੰਘੀ ਸਾਂਝ ਪਾ ਕੇ ਉਸ ਖਿੱਤੇ ਦੀ ਤਰੱਕੀ ਲਈ ਜੀਊਣਾ-ਮਰਨਾ ਆਪਣਾ ਫ਼ਰਜ਼ ਸਮਝਿਆ। ਇਹ ਗੱਲ ਵੀ ਵਰਨਣਯੋਗ ਹੈ ਕਿ ਵਿਸ਼ਵ ਰਾਜਨੀਤੀ ਵਿਚ ਕਈ ਥਾਵਾਂ ਉੱਥੇ ਭਾਰਤਵੰਸ਼ੀ ਸਿਆਸਤਦਾਨਾਂ ਨੇ ਉੱਥੋਂ ਦੇ ਸਿਆਸੀ ਮਾਹੌਲ ਨੂੰ ਹੀ ਬਦਲ ਕੇ ਰੱਖ ਦਿੱਤਾ ਅਤੇ ਉੱਥੋਂ ਦੇ ਰਾਸ਼ਟਰ ਦੇ ਨਿਰਮਾਣ ਜਾਂ ਪੂਨਰ ਗੱਠਨ ਵਿਚ ਬਣਦਾ ਯੋਗਦਾਨ ਪਾਇਆ।
