ਅਮਰੀਕੀ ਸਿਆਸਤ ਦੀ ਕਰਵਟ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਦੁਬਾਰਾ ਗੱਦੀ ਸੰਭਾਲਿਆਂ ਅਜੇ ਪੌਣਾ ਕੁ ਸਾਲ ਹੀ ਬੀਤਿਆ ਹੈ ਕਿ ਉਸਦੀ ਲੱਠਮਾਰ ਰਾਜਨੀਤੀ ਦੇ ਪੈਰ ਉਖੜਣੇ ਵੀ ਸ਼ੁਰੂ ਹੋ ਗਏ ਹਨ।

ਇਸ ਦਾ ਕਾਰਨ ਉਸਦੀ ਟੈਰਿਫ ਨੀਤੀ ਵੀ ਹੋ ਸਕਦਾ ਹੈ ਅਤੇ ਉਸ ਦੇ ਸੁਭਾਅ ਦਾ ਅੱਥਰਾਪਨ ਵੀ। ਜਿਵੇਂ ਉਹ ਟੈਰਿਫ ਵਧਾਉਣ ਅਤੇ ਇਸ ਨੂੰ ਜਬਰੀ ਉਗਰਾਹੁਣ ਦੇ ਦਮਗਜੇ ਮਾਰਦਾ ਹੈ, ਇਹ ਸਭ ਉਸਦੀ ਰਾਜਨੀਤਕ ਸਿਹਤ ਲਈ ਮਾਫਕ ਨਹੀਂ ਹੈ। ਨਿਵਾਣਾਂ ਵਲ ਜਾ ਰਹੀ ਉਸਦੀ ਹਰਮਨ-ਪਿਆਰਤਾ ਅਤੇ ਉਸਦੀ ਤਿੜਕ ਰਹੀ ਰਾਜਨੀਤੀ ਦਾ ਤਾਜ਼ਾ ਸਬੂਤ ਨਿਊਯਾਰਕ ਦੇ ਮੇਅਰ ਦੀ ਚੋਣ ਨਾਲ ਸਾਹਮਣੇ ਆਇਆ ਹੈ।
ਨਿਊਯਾਰਕ ਨੂੰ ‘ਦੁਨੀਆ ਦੀ ਆਰਥਿਕ ਰਾਜਧਾਨੀ’ ਮੰਨਿਆ ਜਾਂਦਾ ਹੈ। ਉਥੇ ਹੁੰਦੀ ਹਰ ਤਰ੍ਹਾਂ ਦੀ ਵਪਾਰਕ ਕਾਰਵਾਈ ਦਾ ਸਮੁੱਚੇ ਸੰਸਾਰ ‘ਤੇ ਅਸਰ ਪੈਂਦਾ ਹੈ। ਇਹ ਵੀ ਵੱਡਾ ਕਾਰਨ ਹੈ ਕਿ ਇਸ ਮਹਾਨਗਰ ਦੇ ਮੇਅਰ ਦੀ ਚੋਣ ਨੂੰ ਦੁਨੀਆ ਭਰ ‘ਚ ਦਿਲਚਸਪੀ ਨਾਲ ਦੇਖਿਆ ਜਾਂਦਾ ਹੈ। ਉਨੀ ਹੀ ਵੱਡੀ ਦਿਲਚਸਪੀ ਇਸ ਚੋਣ ਸੰਬੰਧੀ ਹੁੰਦੀ ਹੈ, ਜਿੰਨੀ ਅਮਰੀਕਾ ਦੇ ਰਾਸ਼ਟਰਪਤੀ ਦੀਆਂ ਚੋਣਾਂ ਲਈ ਲੋਕਾਂ ਵਲੋਂ ਦਿਖਾਈ ਜਾਂਦੀ ਹੈ। ਅਮਰੀਕਾ ਦੀ ਸਿਆਸਤ ਹਮੇਸ਼ਾ ਹੈਰਾਨ ਕਰਨ ਵਾਲੀ ਰਹੀ ਹੈ। ਇਥੇ ਸ਼ੁਰੂ ਤੋਂ ਹੀ ਇਹ ਪਰੰਪਰਾ ਬਣ ਚੁੱਕੀ ਹੈ ਕਿ ਚੁਣਿਆ ਗਿਆ ਰਾਸ਼ਟਰਪਤੀ ਆਪਣੇ ਅਹੁਦੇ ‘ਤੇ ਦੋ ਵਾਰ ਹੀ ਰਹਿੰਦਾ ਹੈ।
ਰਾਸ਼ਟਰਪਤੀ ਡੋਨਲਡ ਟਰੰਪ ਪਹਿਲਾਂ ਰਿਪਬਲਿਕਨ ਪਾਰਟੀ ਵਲੋਂ ਇਕ ਵਾਰ ਚੋਣ ਜਿੱਤ ਗਿਆ ਸੀ ਪਰ ਆਪਣੀਆਂ ਧੁਸਮਾਰ ਨੀਤੀਆਂ ਕਾਰਨ ਉਹ ਅਗਲੀ ਵਾਰ ਚੋਣ ਹਾਰ ਗਿਆ ਸੀ। ਪਰ 2024 ਵਿਚ ਉਹ ਦੁਬਾਰਾ ਚੋਣ ਜਿੱਤ ਕੇ ਮੁੜ ਰਾਸ਼ਟਰਪਤੀ ਬਣ ਗਿਆ। ਆਪਣੇ ਲਗਭਗ 9 ਮਹੀਨਿਆਂ ਦੇ ਕਾਰਜਕਾਲ ‘ਚ ਆਪਣੀਆਂ ਨੀਤੀਆਂ ਕਾਰਨ ਉਹ ਬੇਹੱਦ ਵਿਵਾਦ-ਗ੍ਰਸਤ ਰਾਸ਼ਟਰਪਤੀ ਬਣ ਚੁੱਕਾ ਹੈ।
ਨਿਊਯਾਰਕ ਦੇ ਮੇਅਰ ਦੀਆਂ ਚੋਣਾਂ ਦੌਰਾਨ ਜੋ ਘਟਨਾਕ੍ਰਮ ਵਾਪਰਿਆ ਹੈ, ਉਹ ਹੈਰਾਨ ਕਰ ਦੇਣ ਵਾਲਾ ਹੈ। ਇਥੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜ਼ੋਹਰਾਨ ਮਮਦਾਨੀ ਜੋ ਪਹਿਲਾਂ ਕੁਈਨਜ਼ ਤੋਂ ਰਾਜ ਵਿਧਾਨ ਸਭਾ ਮੈਂਬਰ ਚੁਣਿਆ ਗਿਆ ਸੀ, ਨਿਊਯਾਰਕ ਦਾ ਮੇਅਰ ਬਣ ਗਿਆ ਹੈ। ਉਸ ਨੇ ਆਪਣੀ ਪਾਰਟੀ ਵਲੋਂ ਮੇਅਰ ਦੇ ਅਹੁਦੇ ਦੀਆਂ ਚੋਣਾਂ ਲੜੀਆਂ ਸਨ। ਇਹ ਚੋਣਾਂ ਇਸ ਲਈ ਵੀ ਵੱਡੀ ਚਰਚਾ ‘ਚ ਰਹੀਆਂ, ਕਿਉਂਕਿ ਇਨ੍ਹਾਂ ਵਿਚ ਰਾਸ਼ਟਰਪਤੀ ਡੋਨਲਡ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਕਰਵਿਸ ਸਲੀਵਾ ਅਤੇ ਸਾਬਕਾ ਮੇਅਰ ਐਂਡਰਿਊ ਕਿਓਮੋ ਨੂੰ ਨਿਰਾਸ਼ਾਜਨਕ ਹਾਰ ਹੋਈ ਜਦੋਂ ਕਿ ਡੈਮੋਕ੍ਰੇਟਿਕ ਉਮੀਦਵਾਰ ਜ਼ੋਹਰਾਨ ਮਮਦਾਨੀ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਹੋਈ ਹੈ। ਮਮਦਾਨੀ ਦੀ ਉਮਰ ਸਿਰਫ਼ 34 ਸਾਲ ਹੈ। ਉਸ ਦਾ ਪਿਛੋਕੜ ਭਾਰਤੀ ਮੂਲ ਦਾ ਹੈ। ਇਹ ਪਹਿਲੀ ਵਾਰ ਹੈ ਕਿ ਜਦੋਂ ਕਿਸੇ ਦੱਖਣੀ ਏਸ਼ੀਆ ਦੇ ਮੁਸਲਮਾਨ ਨੂੰ ਏਨੀ ਮਹੱਤਵਪੂਰਨ ਚੋਣ ਵਿਚ ਵੱਡੀ ਜਿੱਤ ਪ੍ਰਾਪਤ ਹੋਈ ਹੈ। ਉਹ ਵੀ ਉਸ ਸਮੇਂ ਜਦੋਂ ਰਾਸ਼ਟਰਪਤੀ ਟਰੰਪ ਨੇ ਲਗਾਤਾਰ ਮਮਦਾਨੀ ਦੀ ਆਲੋਚਨਾ ਕੀਤੀ ਸੀ ਤੇ ਇਥੋਂ ਤੱਕ ਧਮਕੀ ਦਿੱਤੀ ਸੀ ਕਿ ਜੇ ਉਹ ਜਿੱਤਦਾ ਹੈ ਤਾਂ ਅਮਰੀਕਾ ਸਰਕਾਰ ਵਲੋਂ ਨਿਊਯਾਰਕ ਨੂੰ ਦਿੱਤੇ ਜਾਂਦੇ ਫੰਡ ਬੰਦ ਕਰ ਦਿੱਤੇ ਜਾਣਗੇ। ਪਰ 400 ਸਾਲਾਂ ਦੇ ਇਤਿਹਾਸ ਵਾਲੇ ਇਸ ਸ਼ਹਿਰ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਇਸ ਜਿੱਤ ਨੂੰ ਚਮਤਕਾਰ ਮੰਨਿਆ ਜਾ ਰਿਹਾ ਹੈ। ਮਮਦਾਨੀ ਦਾ ਪਿਛੋਕੜ ਇਹ ਰਿਹਾ ਹੈ ਕਿ ਉਹ ਸਟੇਜਾਂ ‘ਤੇ ਗਾਣੇ ਗਾਉਣ ਦੇ ਨਾਲ-ਨਾਲ ਸੰਗੀਤ ਤੇ ਫ਼ਿਲਮੀ ਦੁਨੀਆ ‘ਚ ਵੀ ਵਿਚਰਦਾ ਰਿਹਾ ਹੈ। ਉਸ ਦੀ ਮਾਤਾ ਮੀਰਾ ਨਾਇਰ ਹੈ, ਜੋ ਪੰਜਾਬੀ ਮੂਲ ਦੀ ਹੈ ਤੇ ਬਹੁਤ ਹੀ ਵਧੀਆ ਹਿੰਦੀ ਤੇ ਅੰਗਰੇਜ਼ੀ ਫ਼ਿਲਮਾਂ ਬਣਾਉਣ ਕਰਕੇ ਭਾਰਤ ਵਿਚ ਬਹੁਤ ਪ੍ਰਸਿੱਧ ਤੇ ਜਾਣਿਆ-ਪਛਾਣਿਆ ਨਾਂਅ ਹੈ। ਵੱਖ-ਵੱਖ ਖੇਤਰਾਂ ਵਿਚ ਵਿਚਰਨ ਤੋਂ ਬਾਅਦ ਇਕ 34 ਸਾਲ ਦੇ ਨੌਜਵਾਨ ਮਮਦਾਨੀ ਨੂੰ ਮਿਲਿਆ ਏਡਾ ਵੱਡਾ ਹੁੰਗਾਰਾ ਹੈਰਾਨੀਜਨਕ ਹੈ, ਕਿਉਂਕਿ ਉਹ ਸਿਰਫ ਸੱਤ ਸਾਲ ਪਹਿਲਾਂ ਅਮਰੀਕਾ ਦਾ ਸ਼ਹਿਰੀ ਬਣਿਆ ਸੀ ਤੇ ਪੰਜ ਸਾਲ ਪਹਿਲਾਂ ਉਸ ਨੇ ਕੁਈਨਜ਼ ਅਸੈਂਬਲੀ ਦੀ ਚੋਣ ਜਿੱਤ ਲਈ ਸੀ। ਆਪਣੇ ਚੋਣ ਪ੍ਰਚਾਰ ‘ਚ ਉਹ ਲੋਕਾਂ ਨਾਲ ਜੁੜੀਆਂ ਕੁਝ ਮਹੱਤਵਪੂਰਨ ਮੂਲ ਗੱਲਾਂ ਨੂੰ ਉਭਾਰਦਾ ਰਿਹਾ ਹੈ। ਖ਼ਾਸ ਤੌਰ ‘ਤੇ ਉਹ ਨੌਕਰੀਪੇਸ਼ਾ ਲੋਕਾਂ ਨੂੰ ਸੰਬੋਧਤ ਹੁੰਦਾ ਰਿਹਾ ਹੈ। ਇਸ ਦੇ ਨਾਲ-ਨਾਲ ਉਸ ਨੇ ਬੱਚਿਆਂ ਦੀ ਦੇਖਭਾਲ ਲਈ ਮੁਫ਼ਤ ਪ੍ਰਬੰਧ ਕਰਨ, ਮਕਾਨਾਂ ਦੇ ਕਿਰਾਏ ਨਾ ਵਧਾਉਣ, ਬੱਸ ਸੇਵਾ ਮੁਫ਼ਤ ਕਰਨ ਤੇ ਇਸ ਤੋਂ ਵੀ ਅੱਗੇ ਸਰਕਾਰ ਵਲੋਂ ਅਜਿਹੀਆਂ ਕਰਿਆਨੇ ਦੀਆਂ ਦੁਕਾਨਾਂ ਖੋਲ੍ਹਣ ਦੀ ਗੱਲ ਕੀਤੀ ਹੈ, ਜਿਨ੍ਹਾਂ ‘ਤੇ ਸਸਤੇ ਭਾਅ ‘ਤੇ ਹਰ ਤਰ੍ਹਾਂ ਦੀਆਂ ਵਸਤਾਂ ਵੇਚੀਆਂ ਜਾਣਗੀਆਂ।
ਆਪਣੀ ਜਿੱਤ ਦੇ ਭਾਸ਼ਨ ‘ਚ ਉਸ ਨੇ ਵਿਸ਼ੇਸ਼ ਤੌਰ ‘ਤੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਵਲੋਂ ਦੇਸ਼ ਦੇ ਆਜ਼ਾਦ ਹੋਣ ਸਮੇਂ ਦਿੱਤੇ ਗਏ ਪਹਿਲੇ ਭਾਸ਼ਨ ਦਾ ਜ਼ਿਕਰ ਕੀਤਾ ਤੇ ਨਿਊਯਾਰਕ ਵਿਚ ਇਕ ਨਵਾਂ ਸਵੇਰਾ ਚੜ੍ਹਨ ਦੀ ਗੱਲ ਕੀਤੀ। ਮਮਦਾਨੀ ਦੀ ਜਿੱਤ ਨੂੰ ਇਕ ਹੋਰ ਮਹੱਤਵਪੂਰਨ ਪਹਿਲੂ ਨਾਲ ਵੀ ਜੋੜਿਆ ਜਾ ਰਿਹਾ ਹੈ ਕਿ, ਇਹ ਜਿੱਤ ਰਾਸ਼ਟਰਪਤੀ ਟਰੰਪ ਦੀ ਲਗਾਤਾਰ ਡਿਗ ਰਹੀ ਸਾਖ਼ ਦੀ ਨਿਸ਼ਾਨੀ ਹੈ। ਇਸ ਇਤਿਹਾਸਕ ਜਿੱਤ ਤੋਂ ਬਾਅਦ ਰਾਸ਼ਟਰਪਤੀ ਡੋਨਲਡ ਟਰੰਪ ਲਈ ਆਉਣ ਵਾਲਾ ਸਮਾਂ ਬੇਹੱਦ ਚੁਣੌਤੀਆਂ ਭਰਪੂਰ ਸਾਬਤ ਹੋ ਸਕਦਾ ਹੈ।
ਅਜੇਹੀ ਸਥਿਤੀ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਪਣੀਆਂ ਨੀਤੀਆਂ ਅਤੇ ਆਪਣੇ ਸੁਭਾਅ ਨੂੰ ਇਕਦਮ ਬਦਲਣ ਦੀ ਲੋੜ ਹੈ। ਤਾਂ ਹੀ ਉਹ ਆਪਣੀ ਡਿਗ ਰਹੀ ਸਾਖ ਨੂੰ ਠੁੰਮਣਾ ਦੇ ਸਕੇਗਾ। ਅਮਰੀਕਾ ਲਈ ਆਉਣ ਵਾਲਾ ਸਮਾਂ ਕਾਫ਼ੀ ਦਿਲਚਸਪ ਅਤੇ ਵਗਾਰਾਂ ਭਰਿਆ ਹੋਣ ਦੇ ਆਸਾਰ ਹਨ।