ਗੁਰਦੇਵ ਚੌਹਾਨ
647-866-6091
ਜਲੰਧਰ ਜ਼ਿਲ੍ਹੇ ਦੇ ਪਿੰਡ ਦੂਹੜਾ ਵਿਚ 5 ਨਵੰਬਰ 1945 ਨੂੰ ਜਨਮਿਆ ਬਲਦੇਵ ਦੂਹੜੇ 4 ਨਵੰਬਰ 2025 ਨੂੰ ਇਸ ਫ਼ਾਨੀ ਦੁਨੀਆਂ ਨੂੰ ਸਦਾ ਲਈ ਛੱਡ ਗਿਆ ਅਤੇ ਆਪਣੇ ਪਰਿਵਾਰ ਅਤੇ ਅਨੇਕਾਂ ਮਿੱਤਰਾਂ ਨੂੰ ਅਤਿ ਦਾ ਸੋਗ ਅਤੇ ਉਦਾਸੀ ਦੇ ਗਿਆ। ਉਂਝ ਜੇਕਰ ਉਹ ਸਿਰਫ ਇਕ ਦਿਨ ਹੋਰ ਜੀਉਂਦਾ ਤਾਂ ਉਸ ਨੇ 80 ਸਾਲਾਂ ਦਾ ਹੋ ਜਾਣਾ ਸੀ।
ਪਰ ਇਥੇ ਗੱਲ ਸਾਲਾਂ ਨਾਲੋਂ ਜ਼ਿੰਦਗੀ ਨੂੰ ਸ਼ਿੱਦਤ ਨਾਲ ਮਾਣਨ ਦੀ ਵੱਧ ਹੈ ਜਿਹੜੀ ਉਸ ਦੇ ਹਿੱਸੇ ਖੂਬ ਆਈ। ਉਹ ਪਹਿਲੀ ਅਕਤੂਬਰ ਨੂੰ ਆਪਣੇ ਕਸਬੇ ਗਲਫ ਦੇ ਹਸਪਤਾਲ ਜਾਣ ਤੋਂ ਮਹਿਜ਼ ਇਕ ਦਿਨ ਪਹਿਲਾਂ ਤੱਕ ਉਹ ਬਿਲਕੁਲ ਠੀਕ-ਠਾਕ ਸੀ ਅਤੇ ਕੁਝ ਦਿਨ ਪਹਿਲਾਂ ਹੀ ਦੋਸਤਾਂ ਦੀ ਮਹਿਫ਼ਲ ਵਿਚ ਬਲ ਉਸ ਨੂੰ ਇਹ ਕਹਿ ਕੇ ਮਖ਼ੌਲ ਕਰ ਰਿਹਾ ਸੀ ਕਿ ਦੂਹੜੇ ਸਾਹਿਬ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹੋਏ ਹਨ ਕਿ ਇਨ੍ਹਾਂ ਨੂੰ ਕਦੀ ਕਿਸੇ ਦੁਖ ਦਰਦ ਜਾਂ ਬਿਮਾਰੀ ਦੀ ਸ਼ਿਕਾਇਤ ਕਰਦੇ ਸੁਣਿਆ ਹੀ ਨਹੀਂ ਹੈ। ਬਲ ਦੇ ਕਹਿਣ ਅਨੁਸਾਰ ਬਲਦੇਵ ਦੂਹੜੇ ਸਾਧ ਬਿਰਤੀ ਦਾ ਮਾਲਕ ਸੀ ਅਤੇ ਉਸ ਨੂੰ ਕਦੀ ਵੀ ਕਿਸੇ ਨੇ ਕਿਸੇ ਦੀ ਨਿੰਦਾ-ਚੁਗਲੀ ਕਰਦੇ ਨਹੀਂ ਸੁਣਿਆ ਸੀ।
ਉਹ 1970 ਦੇ ਕਰੀਬ ਹੀ ਕੈਨੇਡਾ ਆ ਗਿਆ ਸੀ। ਪਿਛਲੇ ਦੋ ਕੁ ਦਹਾਕਿਆਂ ਤੋਂ ਉਹ ਆਪਣੇ ਪੁੱਤਰ ਨਾਲ ਬ੍ਰਿਟਿਸ਼ ਕੋਲੰਬੀਆ ਤੋਂ ਗਲਫ (ਓਟਵਾ) ਵਿਚ ਰਹਿਣ ਲੱਗ ਪਿਆ ਸੀ ਜਿੱਥੇ ਉਸ ਦੇ ਪੁੱਤਰ ਨੇ ਰੈਸਟੋਰੈਂਟ ਖੋਲ੍ਹ ਲਿਆ ਸੀ। ਦੂਹੜੇ ਨੇ ਪਹਿਲਾਂ ਵਾਂਗ ਲੀਗਲ ਇੰਟਰਪਰੇਟੇਸ਼ਨ ਦਾ ਕੰਮ ਇੱਥੇ ਬਰੈਂਪਟਨ ਕੋਰਟ ਵਿਚ ਵੀ ਜਾਰੀ ਰੱਖਿਆ। ਉਹ ਦੱਸਦਾ ਹੁੰਦਾ ਸੀ ਕਿ ਕਈ ਮਹੱਤਵਪੂਰਨ ਕੇਸਾਂ ਦੀ ਸੁਣਵਾਈ ਨਾਲ ਸਬੰਧਤ ਪੂਰੀ ਇੰਟਰਪ੍ਰੇਟੇਸ਼ਨ ਵਿਚ ਉਸ ਨੇ ਭਾਗ ਲਿਆ ਸੀ ਜਿਨ੍ਹਾਂ ਵਿਚ ਕਨਿਸ਼ਕ ਹਵਾਈ ਹਾਦਸੇ ਦੀ ਅਦਾਲਤੀ ਕਾਰਵਾਈ ਵੀ ਸ਼ਾਮਿਲ ਸੀ।
ਬਲਦੇਵ ਨੇ ਨੱਬੇਵਿਆਂ ਤੋਂ ਹੀ ਕਵਿਤਾਵਾਂ ਲਿਖਣ ਨਾਲ ਆਪਣਾ ਸਾਹਿਤਕ, ਰਾਜਨੀਤਕ ਅਤੇ ਆਰਥਿਕ ਲੇਖਣੀ ਦਾ ਸਫ਼ਰ ਸ਼ੁਰੂ ਕਰ ਦਿੱਤਾ ਸੀ। ਉਸ ਦੇ ਕਈ ਮਹੱਤਵਪੂਰਨ ਲੇਖ ਬੀ.ਸੀ. ਤੋਂ ਪ੍ਰਕਾਸ਼ਤ ਅਤੇ ਸੁਖਵੰਤ ਹੁੰਦਲ ਦੇ ਸੰਪਾਦਿਤ; ‘ਵਤਨ’ ਮੈਗਜ਼ੀਨ, ‘ਕੈਨੇਡਾ ਦਰਪਨ’, ਅਤੇ ਰਘਬੀਰ ਸਿਰਜਣਾ ਦੇ ਰਸਾਲੇ ‘ਸਿਰਜਣਾ’ ਵਿਚ ਛਪਣੇ ਸ਼ੁਰੂ ਹੋ ਗਏ ਸਨ। ਬਾਅਦ ਵਿਚ ਉਸ ਦੇ ਕੁਝ ਮਹੁੱਤਵਪੂਰਣ ਲੇਖ ‘ਹੁਣ’, ਅਤੇ ਅਮਰੀਕਾ ਤੋਂ ਪ੍ਰਕਾਸ਼ਿਤ ‘ਪੰਜਾਬ ਟਾਈਮਜ਼’ ਵਿਚ ਵੀ ਛਪੇ ਹਨ। ਉਸਦੇ ਇਨ੍ਹਾਂ ਲੇਖਾਂ ਵਿਚ ਦਰਸ਼ਨ ਨਾਲ ਸਬੰਧਤ, ‘ਕਦਰ ਦਾ ਸਿਧਾਂਤ’, ‘ਸਦਾਚਾਰ, ਇਕ ਜਾਣ-ਪਛਾਣ’, ‘ਵਿਕਾਸ ਪ੍ਰਗਤੀ ਅਤੇ ਇਨਸਾਫ’, ‘ਮਾਰਕਸਵਾਦ ਦੀ ਸਾਰਥਿਕਤਾ’ ਆਦਿ ਸ਼ਾਮਿਲ ਹਨ। ਇਨ੍ਹਾਂ ਵਿਚ ਉਹ ਮਾਰਕਸ ਦੀਆਂ ਲਿਖਤਾਂ ਤੋਂ ਲਏ ਪ੍ਰਭਾਵਾਂ ਹੇਠ ਅਜੋਕੀ ਸਿਆਸਤ ਅਤੇ ਅਰਥਚਾਰੇ ਬਾਰੇ ਕਈ ਅਹਿਮ ਨੁਕਤੇ ਉਠਾਉਂਦਾ ਹੈ ਜਿਨ੍ਹਾਂ ਵਿਚ ਵਸਤਾਂ ਦੇ ਮੁੱਲ ਅਤੇ ਕਦਰ ਵਿਚਲੇ ਵਖਰੇਵੇਂ, ਤਰਕ ਅਤੇ ਵਿਸ਼ਵਾਸ ਬਾਰੇ ਹੀਗਲ ਅਤੇ ਕਿਰਕੇਗਾਰਦ ਦੀਆਂ ਲਿਖਤਾਂ ਨੂੰ ਲੈ ਕੇ ਉੱਠੇ ਵਿਵਾਦ ਨੂੰ ਲੈ ਕੇ ਇਨ੍ਹਾਂ ਦੋਹਾਂ ਦੀ ਸਹਿਹੋਂਦ ਦੀ ਲੋੜ, ਅਰਥਚਾਰੇ ਵਿਚ ਮਾਰਕਸਵਾਦੀ ਸਿਧਾਂਤਾਂ ਤਹਿਤ ਵਿਵਸਥਾ ਵਿਚ ਆ ਰਹੇ ਨਵੇਂ ਮੋੜ ਅਤੇ ਆਧੁਨਿਕ ਸਨਅਤਕਾਰੀ ਵਿਵਸਥਾ ਵਿਚ ਨਿਵੇਸ਼ ਤਹਿਤ ਨਵੇਂ ਮੋੜ ਅਤੇ ਮਾਮਲੇ ਉਸਦੇ ਖਿਆਲਾਂ ਅਤੇ ਲੇਖਾਂ ਦੇ ਮੁੱਖ ਮੁੱਦੇ ਸਨ। ‘ਪੰਜਾਬ ਸੰਕਟ ਦਾ ਹੱਲ: ਸਾਂਝੀ ਖੇਤੀ ਅਤੇ ਤੀਜੇ ਬਦਲ ਦੀ ਭਾਲ’, ‘ਪੰਜਾਬ ਦੀ ਆਰਥਕ ਮੁੜ ਬਹਾਲੀ’ ਆਦਿ ਲੇਖਾਂ ਵਿਚ ਉਹ ਪੰਜਾਬ ਵਿਚ ਖੇਤੀ ਦੇ ਹੱਲ ਲਈ ਮੌਂਡਰਾਗੌਨ ਸਹਿਕਾਰੀ ਕਾਰਪੋਰੇਸ਼ਨਾਂ ਵਰਗੀਆਂ ਕੋਆਪ ਸਾਰੇ ਪੰਜਾਬ ਵਿਚ ਬਣਾਏ ਜਾਣ ਦੀ ਲੋੜ ਦੀ ਦਲੀਲ ਦਿੰਦਾ ਹੈ ਜਿਹੜੇ ਇਕ ਦੂਜੇ ਨਾਲ ਸੰਪਰਕ ਅਤੇ ਖਰੀਦੋ-ਫਰੋਖਤ ਲਈ ਆਪਣੇ ਕੇਂਦਰੀ ਦਫਤਰ ਨਾਲ ਜੁੜੇ ਹੋਣ ਤਾਂ ਕਿ ਉਹ ਵੱਡੇ ਉਤਪਾਦਨ, ਖੋਜ ਅਤੇ ਆਪਣੀਆਂ ਵਸਤਾਂ ਦਾ ਮੁੱਲ ਆਪ ਨਿਰਧਾਰਤ ਕਰ ਸਕਣ ਅਤੇ ਇਨ੍ਹਾਂ ਦੀ ਭਾਰਤ ਅਤੇ ਬਾਹਰਲੇ ਮੁਲਕਾਂ ਨਾਲ ਉਨ੍ਹਾਂ ਦੀ ਮਾਰਕਿਟਿੰਗ ਕਰ ਸਕਣ ਦੇ ਯੋਗ ਹੋ ਸਕਣ। ਇੰਝ ਕਰਨ ਨਾਲ ਉਹ ਖੇਤੀ ਉਤਪਾਦਨ ਨਾਲ ਜੁੜੇ ਉਦਯੋਗ ਵੀ ਲਾ ਸਕਣਗੇ। ਉਹ ਕੇਂਦਰੀ ਸਰਕਾਰ ਕੋਲੋਂ ਐਮ.ਐਸ.ਪੀ. ਲੈਣ ਵਾਲੀ ਪ੍ਰਥਾ ਦੇ ਵੀ ਹੱਕ ਵਿਚ ਨਹੀਂ ਹੈ। ਉਹ ਕਹਿੰਦਾ ਹੈ ਕਿ ਇਸ ਤਰ੍ਹਾਂ ਉਹ ਸਰਕਾਰਾਂ ਦੇ ਰਹਿਮੋ-ਕਰਮ ਤੋਂ ਕਦੇ ਨਿਜਾਤ ਨਹੀਂ ਪਾ ਸਕਦੇ ਅਤੇ ਖੇਤੀ ਨੂੰ ਆਤਮ-ਨਿਰਭਰ ਅਤੇ ਲਾਭਕਾਰੀ ਨਹੀਂ ਬਣਾ ਸਕਦੇ।
ਅਜਮੇਰ ਸਿੰਘ ਦੀ ‘ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ਨਾਮਕ ਪੁਸਤਕ ਦੇ ਸਬੰਧ ਵਿਚ ਉਸ ਦੇ ‘ਪੰਜਾਬ ਟਾਈਮਜ਼’ ਵਿਚ ਛਪੇ ਲੇਖ ‘ਅਜਮੇਰ ਸਿੰਘ ਦੀਆਂ ਕੁਝ ਬੱਜਰ ਗਲਤੀਆਂ’ ਵਿਚ ਉਸ ਦਾ ਇਹ ਮੰਨਣਾ ਹੈ ਕਿ ਬੀਜੇਪੀ ਸਿੱਖ ਧਰਮ ਨੂੰ ਆਪਣੇ ਵਿਚ ਮਿਲਾ ਕੇ ਨਾ ਤਾਂ ਖਤਮ ਸਕਦੀ ਹੈ ਅਤੇ ਨਾ ਹੀ ਇਹ ਕਰਨਾ ਚਾਹੇਗੀ ਅਤੇ ਇਹ ਵੀ ਕਿ ਇਸਦਾ ਹੱਲ ਕਦਾਚਿੱਤ ਸਿੱਖਾਂ ਦਾ ਧਰਮ ਅਧਾਰਤ ਆਪਣਾ ਸੂਬਾ ਹੋਣਾ ਨਹੀਂ ਹੈ। ਬਲਦੇਵ ਅਨੁਸਾਰ ਅਸਲ ਵਿਚ ਧਰਮ ਅਧਾਰਤ ਰਾਜਨੀਤੀ ਹੀ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ ਅਤੇ ਲੋੜ ਧਰਮ-ਨਿਰਪੇਖ ਰਾਜਨੀਤੀ ਦੀ ਹੈ ਜਿਸ ਦੀ ਮਿਸਾਲ ਬਹੁਤ ਸਾਰੇ ਮੁਲਕਾਂ ਦੀਆਂ ਸਰਕਾਰਾਂ ਵਿਚ ਮਿਲਦੀ ਹੈ। ਗੁਰੂ ਨਾਨਕ ਨੇ ਵੀ ਸਰਬਤ ਦੇ ਭਲੇ ਦੀ ਗੱਲ ਕੀਤੀ ਸੀ। ਬਲਦੇਵ ਦੂਹੜੇ ਇਕ ਵਧੀਆ ਆਲੋਚਕ ਵੀ ਸੀ, ਮਿਸਾਲ ਲਈ ਅਮਰਜੀਤ ਸਿੰਘ ਚਾਹਲ ਦੇ ਨਾਵਲ, ‘ਓਟ’ ਅਤੇ ਗੁਰਮੀਤ ਪਨਾਗ ਦੀਆਂ ਕਹਾਣੀਆਂ ਦੀ ਪੁਸਤਕ, ‘ਮੁਰਗ਼ਾਬੀਆਂ’ ਦੇ ਉਸ ਦੇ ਕੀਤੇ ਰੀਵਿਊਜ਼ ਦੀ ਗੱਲ ਕੀਤੀ ਜਾ ਸਕਦੀ ਹੈ।
ਅਸੀਂ ਯਾਦਾਂ ਦੇ ਬਣੇ ਹੋਏ ਹਾਂ। ਯਾਦਾਂ ਵਿਚ ਵਿਚਰਦੇ ਹਾਂ, ਉਨ੍ਹਾਂ ਦੇ ਸਹਾਰੇ ਹੀ ਅਕਸਰ ਬਹੁਤਾ ਤੁਰਦੇ ਹਾਂ। ਪਰ ਜਦ ਇਹ ਕਿਸੇ ਵਿਅਕਤੀ ਨਾਲ ਜੁੜੀਆਂ ਹੋਣ ਤਾਂ ਇਨ੍ਹਾਂ ਦਾ ਲਾਗਾ ਹੋਰ ਤਰ੍ਹਾਂ ਦਾ ਹੁੰਦਾ ਹੈ, ਇਕਦਮ ਦੂਰ ਅਤੇ ਨੇੜੇ। ਕੁਝ ਇਸੇ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਹੈ ਬਲਦੇਵ ਦੂਹੜੇ ਨੂੰ ਉਸ ਦੇ ਹਮੇਸ਼ਾਂ ਲਈ ਸਾਥੋਂ ਦੂਰ ਚਲੇ ਜਾਣ ਬਾਅਦ ਉਸ ਨੂੰ ਯਾਦ ਕਰਦਿਆਂ, ਉਸ ਬਾਰੇ ਲਿਖਦਿਆਂ।
ਜਿਥੋਂ ਤੀਕ ਮੈਨੂੰ ਯਾਦ ਹੈ ਮੈਂ ਉਸ ਨੂੰ ਪਹਿਲੀ ਵਾਰ ਕੋਈ ਦਸ-ਬਾਰਾਂ ਸਾਲ ਪਹਿਲਾਂ ਹੀ ਮਿਲਿਆ ਸਾਂ, ਉਹ ਵੀ ਗੁਰਦਿਆਲ ਬੱਲ ਦੇ ਸਬੱਬ ਨਾਲ। ਉਨ੍ਹਾਂ ਦਿਨਾਂ ਵਿਚ ਮੈਂ ਟਰਿੰਟਨ (ਓਟਵਾ) ਵਿਚ ਰਹਿੰਦਾ ਸਾਂ ਅਤੇ ਆਪਣੀ ਬੇਟੀ ਦੇ ਹੋਟਲ ਪਾਰਕ ਮੋਟਲ ਦੀ ਦੇਖ ਭਾਲ ਕਰਦਾ ਸਾਂ। ਮੈਂ ਜਦ ਵੀ ਬਰੈਂਪਟਨ ਜਾਂਦਾ ਤਾਂ ਅਕਸਰ ‘ਕਲਮਾਂ ਦੇ ਕਾਫਲੇ’ ਦੀਆਂ ਜਾਂ ਪੰਜਾਬੀ ਕਾਨਫਰੰਸਾਂ ਦੀਆਂ ਮੀਟਿੰਗਾਂ ਵਿਚ ਉਸ ਨਾਲ ਮੇਲ ਹੋ ਜਾਂਦਾ। ਕੁਝ ਕੁ ਵਾਰ ਉਹ ਬਲਰਾਜ ਚੀਮਾ, ਗੁਰਦਿਆਲ ਬੱਲ ਨਾਲ ਸਾਡੇ ਮੋਟਲ ਵਿਚ ਵੀ ਆਏ ਅਤੇ ਰਹੇ। ਇਕ ਵਾਰ ਅਮਰਜੀਤ ਸਾਥੀ ਦੀ ਓਟਵਾ ਵਿਚ ਆਯੋਜਤ ਕਾਨਫਰੰਸ ਵਿਚ ਮਿਲੇ ਜਦੋਂ ਉਨ੍ਹਾਂ ਨਾਲ ਸੁਖਵੰਤ ਹੁੰਦਲ ਵੀ ਸਨ ਅਤੇ ਸਬੱਬ ਨਾਲ ਉਨ੍ਹਾਂ ਦਿਨਾਂ ਵਿਚ ਉੱਥੇ ਸਾਡੇ ਜਵਾਈ ਦਾ ਹੋਟਲ ‘ਹੌਲੀਡੇਅ ਇੰਨ’ ਵੀ ਹੁੰਦਾ ਸੀ, ਉਸ ਵਿਚ ਵੀ ਅਸੀਂ ਸਾਰੇ ਰਹੇ। ਬਲਦੇਵ ਦੂਹੜੇ ਹਮੇਸ਼ਾ ਗੰਭੀਰ ਮੁਦਰਾ ਵਿਚ ਹੋਣ ਦਾ ਪ੍ਰਮਾਣ ਦਿੰਦਾ, ਬਾਦਸਤੂਰ। ਪਰ ਸ਼ਾਇਦ ਸਭ ਤੋਂ ਪਹਿਲਾਂ ਸੁਖਪਾਲ ਨੇ ਉਸ ਦੇ ਆਪਣੇ ਸ਼ਹਿਰ, ਗਲਫ ਹੋਣ ਦੀ ਦੱਸ ਪਾਈ ਸੀ। ਇਹ ਵੀ ਉਸ ਰਾਹੀਂ ਹੀ ਜਾਣਿਆ ਕਿ ਉਹ ਸਾਇੰਸ ਅਤੇ ਦਰਸ਼ਨ ਵਿਚ ਖਾਸੀ ਦਿਲਚਸਪੀ ਰਖਦਾ ਹੈ ਅਤੇ ਕਿ ਉਸ ਨੇ ਫਿਲਾਸਫ਼ੀ ਦੀ ਐਮ.ਏ. ਵੀ ਕੀਤੀ ਹੋਈ ਹੈ। ਬਾਅਦ ਵਿਚ ਇਹ ਵੀ ਸੂਹ ਮਿਲੀ ਕਿ ਉਹ ਭਏੋਨਦ ੰਅਰਣਸਿਮ ਨਾਮਕ ਪੁਸਤਕ ਵੀ ਰਚ ਰਿਹਾ ਹੈ। ਇਕ ਵਾਰ ਗੁਰਦਿਆਲ ਬੱਲ, ਨਾਹਰ ਸਿੰਘ ਅਤੇ ਮੈਂ ਚਾਚੇ ਚੀਮੇ ਦੀ ਕਾਰ ਵਿਚ ਗਲਫ ਖਾਸ ਤੌਰ ‘ਤੇ ਉਸ ਦੇ ਸੱਦੇ `ਤੇ ਉਨ੍ਹਾਂ ਦੇ ਪੁੱਤਰ ਦੇ ਰੈਸਟੋਰੈਂਟ ਵਿਚ ਹੀ ਮਿਲਣ ਗਏ। ਉਨ੍ਹਾਂ ਇਕੱਤਰਤਾਵਾਂ ਵਿਚ ਸਿਆਸਤ ਅਤੇ ਸਾਹਿਤ ਬਾਰੇ ਚਰਚਾ ਹੁੰਦੀ ਪਰ ਇਹ ਕਿਸੇ ਸਿਰ ਪੱਤਣ ਨਾ ਲਗਦੀ। ਫਿਰ ਪੰਜਾਬੀ ਥਿੰਕਰਜ਼ ਫੋਰਮ ਦੀ ਸਥਾਪਨਾ ਦੀ ਜ਼ਰੂਰਤ ਸਮਝੀ ਗਈ ਜਿਸ ਦਾ ਸਿਹਰਾ ਬਲਦੇਵ ਦੂਹੜੇ ਨੂੰ ਜਾਂਦਾ ਹੈ ਅਤੇ ਇਸ ਫੋਰਮ ਤਹਿਤ ਹੋਈਆਂ ਸਾਰੀਆਂ ਮੀਟਿੰਗਾਂ ਦਾ ਵੀ। ਪਹਿਲੇ ਮੈਂਬਰਾਂ ਵਿਚ ਉਹ, ਸੁੱਚਾ ਸਿੰਘ ਗਿੱਲ, ਬਲਰਾਜ ਚੀਮਾ, ਪੋ੍ਰ. ਇੰਦਰਦੀਪ ਸਿੰਘ ਪੀਸੀਐਸ, ਗੁਰਦਿਆਲ ਬੱਲ, ਨਾਹਰ ਸਿੰਘ, ਸੁਭਾਸ਼ ਸ਼ਰਮਾ, ਹਜ਼ਾਰਾ ਸਿੰਘ ਅਤੇ ਮੈਂ ਸਾਂ, ਹੌਲੇ-ਹੌਲੇ ਇਸ ਵਿਚ ਹੋਰ ਮੈਂਬਰ ਜੁੜਦੇ ਗਏ, ਜਿਵੇਂ ਮਰਹੂਮ ਜੋਗਿੰਦਰ ਸਿੰਘ ਤੂਰ, ਸ਼ਮੀਲ, ਡਾਕਟਰ ਕ੍ਰਿਸ਼ਨ, ਗੁਰਦੇਵ ਮਾਨ, ਪੂਰਨ ਸਿੰਘ ਪਾਂਧੀ, ਪ੍ਰਿੰਸੀਪਲ ਸਰਵਣ ਸਿੰਘ ਆਦਿ। ਬਹੁਤੀਆਂ ਮੀਟਿੰਗਾਂ ਇਨ੍ਹਾਂ ਮੈਂਬਰਾਂ ਦੇ ਘਰਾਂ ਵਿਚ ਹੁੰਦੀਆਂ ਰਹੀਆਂ। ਬਾਅਦ ਵਿਚ ਬਹੁਤ ਸਾਰੀਆਂ ਮਹੱਤਵਪੂਰਣ ਮੀਟਿੰਗਾਂ ਜੋਗਿੰਦਰ ਸਿੰਘ ਤੂਰ ਹੋਰਾਂ ਦੇ ਆਲੀਸ਼ਨ ਮਹੱਲ ਦੇ ਤੀਜੀ ਮੰਜ਼ਲ ਸਥਿਤ ਹਾਲ ਵਿਚ ਹੁੰਦੀਆਂ ਜਿਨ੍ਹਾਂ ਵਿਚ ਬਹੁਤ ਸਾਰੇ ਸਥਾਨਕ ਲੇਖਕ ਅਤੇ ਬਾਹਰੋਂ ਆਏ ਮਹਿਮਾਨ ਵੀ ਆ ਜਾਂਦੇ ਜਿਵੇਂ ਇਸ਼ਤਿਆਕ ਅਹਿਮਦ, ਪੋ੍ਰ. ਚਮਨ ਲਾਲ, ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਪੋ੍ਰ. ਅਰਵਿੰਦ ਆਦਿ। ਬਾਅਦ ਵਿਚ ਇਸ ਦਾ ਵ੍ਹਟਸਐਪ ਗਰੁਪ ਵੀ ਬਣ ਗਿਆ ਸੀ ਜਿਸ ਦਾ ਉਦਮ ਵੀ ਬਲਦੇਵ ਦੂਹੜੇ ਨੂੰ ਜਾਂਦਾ ਹੈ। ਅੱਜ ਉਸ ਦੇ ਤੁਰ ਜਾਣ ਬਾਅਦ ਉਸ ਦੀ ਲੋੜ ਅਤੇ ਘਾਟ ਹੋਰ ਵੀ ਤੀਬਰਤਾ ਨਾਲ ਮਹਿਸੂਸ ਹੋ ਰਹੀ ਹੈ। ਨਮਨ!
