ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਅਕਤੂਬਰ ਚੁਰਾਸੀ ਵਿਚ ਇੰਦਰਾ ਗਾਂਧੀ ਦੇ ਕਤਲ ਤੋਂ ਚਾਰ-ਪੰਜ ਕੁ ਮਹੀਨੇ ਬਾਅਦ ਜਿਹੜਾ ਪਹਿਲਾ ਹੋਲਾ ਮਹੱਲਾ ਆਇਆ, ਸਾਡੇ ਟੱਬਰ ਦਾ ਕੋਈ ਜੀਅ, ਕਿਸੇ ਕਾਰਨ ਵਸ ਸ੍ਰੀ ਅਨੰਦਪੁਰ ਸਾਹਿਬ ਜਾ ਨਾ ਸਕਿਆ। ਇਤਿਹਾਸਕ ਗੁਰਧਾਮਾਂ ‘ਤੇ ਭਰਦੇ ਜੋੜ ਮੇਲਿਆਂ ‘ਤੇ ਬਿਲਾ ਨਾਗਾ ਹਾਜ਼ਰੀਆਂ ਭਰਨ ਵਾਲੇ ਸਾਡੇ ਭਾਈਆ ਜੀ ਵੀ ਉਸ ਵਰ੍ਹੇ ਖੁੰਝ ਗਏ। ਹੋਲਾ ਮਹੱਲੇ ਤੋਂ ਬਾਅਦ ਉਹ ਘਰ ਬੈਠੇ ਇਕ ਤਰ੍ਹਾਂ ਨਾਲ ਤਰਸ ਹੀ ਰਹੇ ਸਨ ਕਿ ਸ੍ਰੀ ਅਨੰਦਪੁਰੋਂ ਮੁੜਿਆ ਕੋਈ ਸੱਜਣ ਮੈਨੂੰ ਜੋੜ ਮੇਲੇ ਦੀਆਂ ਗੱਲਾਂ ਸੁਣਾਵੇ। ਉਨ੍ਹਾਂ ਦੀ ਇਹ ਇੱਛਾ ਉਦੋਂ ਪੂਰੀ ਹੋ ਗਈ ਜਦੋਂ ਉਨ੍ਹਾਂ ਦਾ ਆਪਣਾ ਗੂੜ੍ਹਾ ਦੋਸਤ ਲੰਬੜਦਾਰ ਨਰੰਜਣ ਸਿੰਘ ਸਾਡੇ ਘਰੇ ਗੱਪ-ਸ਼ੱਪ ਮਾਰਨ ਆ ਗਿਆ।
“ਲੰਬੜਾ, ਕਿੰਨਾ ਕੁ ਭਰਿਆ ਐਤਕੀਂ ਜੋੜ ਮੇਲਾ ਅਨੰਦਪੁਰ ਸਾਹਿਬ?” ਕੁਰਸੀ ‘ਤੇ ਬਹਿੰਦਿਆਂ ਹੀ ਉਸ ਨੂੰ ਭਾਈਆ ਜੀ ਨੇ ਚਮਕਦੀਆਂ ਅੱਖਾਂ ਨਾਲ ਸਵਾਲ ਕੀਤਾ।
“ਦਿਲਬਰ ਵੀ ਗੱਜਿਆ ਹੋਣੈ?” ਲੰਬੜਦਾਰ ਦਾ ਕੋਈ ਜਵਾਬ ਉਡੀਕੇ ਬਿਨਾਂ ਹੀ, ਢਾਡੀ ਰਾਗ ਦੇ ਵੱਡੇ ਦੀਵਾਨੇ ਭਾਈਆ ਜੀ ਨੇ ਆਪਣੇ ਮਨਪਸੰਦ ਢਾਡੀ ਗਿਆਨੀ ਦਇਆ ਸਿੰਘ ਦਿਲਬਰ ਦਾ ਨਾਂ ਲੈ ਕੇ ਪੁੱਛਿਆ।
ਮਖੌਲੀਏ ਸੁਭਾਅ ਵਾਲੇ ਨਰੰਜਣ ਸਿੰਘ ਕਹਿੰਦੇ, “ਗਿਆਨੀ, ਪੁੱਛ ਨਾ ਐਤਕੀਂ ਤਾਂæææ! ਹਰ ਦੀਵਾਨ ਵਿਚ ਤੜ-ਤੜ ਠਾਹ-ਠਾਹ ਗੋਲੀਆਂ ਚਲਦੀਆਂ ਰਹੀਆਂ ਉਥੇ।”
ਇਹ ਅਜੀਬ ਜਵਾਬ ਸੁਣ ਕੇ ਅਵਾਕ ਰਹਿੰਦਿਆਂ ਭਾਈਆ ਜੀ ਨੇ ਹੈਰਾਨੀ ਨਾਲ ਲੰਬੜਦਾਰ ਦੇ ਚਿਹਰੇ ਵੱਲ ਦੇਖਿਆ; ਜਿਵੇਂ ਪੁੱਛ ਰਹੇ ਹੋਣ ਕਿ ਹੋਲੇ ਮਹੱਲੇ ਦੀ ਕੋਈ ਮਾੜੀ ਚੰਗੀ ਖ਼ਬਰ ਤਾਂ ਪਹਿਲੋਂ ਕੰਨੀ ਨਹੀਂ ਪਈ, ਇਹ ਹਰ ਦੀਵਾਨ ਵਿਚ ਗੋਲੀਆਂ ਚੱਲਣ ਦੀ ਗੱਲ ਕਿਵੇਂ ਕਹਿ ਰਿਹਾ ਹੈ?
“ਮੇਰਾ ਖਿਆਲ ਨ੍ਹੀਂ ਗਿਆਨੀ ਜੀæææ।” ਮੁਸਕੜੀਂ ਹੱਸਦਿਆਂ ਨਰੰਜਣ ਸਿੰਘ ਆਪਣੀ ਬੁਝਾਰਤ-ਨੁਮਾ ਚਸ਼ਮਦੀਦ ਗਵਾਹੀ ਦੀ ਘੁੰਡੀ ਖੋਲ੍ਹਦਾ ਦੱਸਣ ਲੱਗਾ, “ਐਨਾ ਜ਼ੋਰ ਬੇਅੰਤ ਸਿੰਘ ਸਤਵੰਤ ਸਿੰਘ ਦਾ ਨਹੀਂ ਲੱਗਿਆ ਹੋਣਾ ਇੰਦਰਾ ਗਾਂਧੀ ਨੂੰ ਮਾਰਨ ਵੇਲੇ ਜਿੰਨਾ ਐਤਕੀਂ ਹੋਲੇ ਮਹੱਲੇ ਵਿਚ ਢਾਡੀਆਂ ਦਾ ਲੱਗਿਆ।”
ਹੋਈਆਂ-ਬੀਤੀਆਂ ਨੂੰ ਨਾਟਕੀ ਅੰਦਾਜ਼ ਨਾਲ ਸੁਣਾਉਣ ਦੇ ਮਾਹਰ ਨਰੰਜਣ ਸਿੰਘ ਨੇ ਫਿਰ ਆਪਣੀ ਇਕ ਮੁੱਠ ਨੂੰ, ਦੂਜੇ ਹੱਥ ਦੀਆਂ ਉਂਗਲਾਂ ਨਾਲ ਢੱਡ ਵਾਂਗ ਵਜਾਉਂਦਿਆਂ ਢਾਡੀਆਂ ਦੀ ਨਕਲ ਉਤਾਰੀ, “ਹੇਅæææਇਉਂ ਕੋਠੀ ‘ਚੋਂ ਸਿੰਘਾਂ ਦੀ ਵੈਰਨ ਨਿੱਕਲੀæææਤੇ ਇਉਂ ਕਰ ਕੇ ਸੂਰਮਿਆਂ ਨੇ ‘ਠਾਹ-ਠਾਹ ਤੜ-ਤੜ’ ਕਰਦੀਆਂ ਗੋਲੀਆਂ ਵਰ੍ਹਾਈਆਂæææ।”
ਇਸ ਵਾਰਤਾ ਦੇ ਦੋਵੇਂ ਪਾਤਰ ਪ੍ਰਲੋਕ ਗਮਨ ਕਰ ਚੁੱਕੇ ਹਨ ਪਰ ਇਹ ਅੱਖੀਂ ਦੇਖੀ ਨੋਕ-ਝੋਕ ਮੈਨੂੰ ਸਭ ਤੋਂ ਵੱਧ ਉਦੋਂ ਯਾਦ ਆਉਂਦੀ ਹੈ, ਜਦੋਂ ਮੈਂ ਪਰਵਾਸੀ ਪੰਜਾਬੀ ਅਖ਼ਬਾਰਾਂ ਵਿਚ ਗ਼ਦਰ ਇਤਿਹਾਸ ਬਾਰੇ ਛਪੇ ਹੋਏ ਲੇਖਾਂ ਜਾਂ ਗ਼ਦਰੀ ਬਾਬਿਆਂ ਦੀ ਯਾਦ ਵਿਚ ਲਗਦੇ ਮੇਲਿਆਂ ਦੀਆਂ ਖ਼ਬਰਾਂ ਤੇ ਇਨ੍ਹਾਂ ਦੇ ਇਸ਼ਤਿਹਾਰ ਪੜ੍ਹਦਾ ਹਾਂ। ਮੇਰੀਆਂ ਅੱਖਾਂ ਮੋਹਰੇ, ਆਪਣੀ ਮੀਟੀ ਹੋਈ ਮੁੱਠ ਨੂੰ ਢੱਡ ਵਾਂਗ ਵਜਾ ਰਿਹਾ ਮਰਹੂਮ ਨਰੰਜਣ ਸਿੰਘ ਖੁਦ-ਬ-ਖੁਦ ਆ ਜਾਂਦਾ ਹੈ।
ਦੇਸ਼, ਧਰਮ, ਕੌਮ ਤੋਂ ਜ਼ਿੰਦਗੀਆਂ ਵਾਰ ਗਏ ਸੂਰਬੀਰ ਯੋਧਿਆਂ ਦੀਆਂ ਯਾਦਾਂ ਮਨਾਉਣ ਲਈ ਮੇਲੇ, ਸੈਮੀਨਾਰ ਜਾਂ ਸਭਿਆਚਾਰਕ ਇਕੱਠ ਕਰਨੇ ਕੋਈ ਮਾੜੀ ਗੱਲ ਨਹੀਂ। ਅਗਲੀਆਂ ਪੀੜ੍ਹੀਆਂ ਨੂੰ ਆਪਣੇ ਪੁਰਖਿਆਂ ਦੀਆਂ ਘਾਲੀਆਂ ਹੋਈਆਂ ਘਾਲਣਾਵਾਂ ਨਾਲ ਜੋੜੀ ਰੱਖਣ ਦਾ ਇਹ ਵਧੀਆ ਵਸੀਲਾ ਹਨ। ਇਹ ਵੱਧ ਤੋਂ ਵੱਧ ਹੁੰਦੇ ਰਹਿਣੇ ਚਾਹੀਦੇ ਹਨ। ਇਸੇ ਤਰ੍ਹਾਂ ਉਨ੍ਹਾਂ ਦੀ ਕੀਰਤੀ ਲਈ ਲੇਖ, ਕਵਿਤਾਵਾਂ ਜਾਂ ਗੀਤ ਸਿਰਜਣ ਵਾਸਤੇ ਵੀ ਕਲਮਾਂ ਚੱਲਦੀਆਂ ਰਹਿਣੀਆਂ ਚਾਹੀਦੀਆਂ ਹਨ ਪਰ ਅਜਿਹਾ ਕਰਦਿਆਂ ਉਨ੍ਹਾਂ ਦੇ ਪੂਰਨਿਆਂ ਵੱਲ ਇਕ ਕਦਮ ਵੀ ਨਾ ਪੁੱਟਣਾ! ਇਹ ਤਾਂ ਉਨ੍ਹਾਂ ਸਿਰੜੀਆਂ ਤੇ ਸਿਦਕੀਆਂ ਦੀ ਇਨਕਲਾਬੀ ਸੋਚ ਨਾਲ ਇਕ ਕਿਸਮ ਦਾ ਮਖੌਲ ਹੀ ਕਿਹਾ ਜਾਵੇਗਾ! ਮਿਸਾਲ ਵਜੋਂ ਜੇ ਗਦਰੀ ਬਾਬਿਆਂ ਦੇ ਸਮੁੱਚੇ ਪ੍ਰਸੰਗ ਨੂੰ ਦੋ ਹਰਫ਼ੀ ਗੱਲ ‘ਚ ਸਮੇਟਣਾ ਹੋਵੇ ਤਾਂ ਇੰਜ ਕਿਹਾ ਜਾ ਸਕਦਾ ਹੈ, ‘ਅੰਗਰੇਜ਼ੀ ਹਕੂਮਤ ਦੌਰਾਨ ਸਾਡੇ ਵੱਡੇ-ਵਡੇਰੇ ਕਿਰਤ ਕਮਾਈ ਦੀ ਭਾਲ ਵਿਚ ਭਾਰਤ ਵਿਚੋਂ ਨਿਕਲ ਕੇ ਅਮਰੀਕਾ ਕੈਨੇਡਾ ਪਹੁੰਚੇ; ਵਿਦੇਸ਼ਾਂ ਵਿਚ ਆਇਆਂ ਨੂੰ ਆਜ਼ਾਦੀ ਦੇ ਅਰਥਾਂ ਦੀ ਲੋਅ ਲੱਗੀ; ਉਨ੍ਹਾਂ ਨੂੰ ਆਪਣੇ ਦੇਸ਼ ਦੀ ਗੁਲਾਮੀ ਸਤਾਉਣ ਲੱਗੀ; ਪਰਦੇਸੀ ਸੁੱਖ-ਸਹੂਲਤਾਂ ਵਾਲੇ ਜੀਵਨ ਨੂੰ ਲੱਤ ਮਾਰ ਕੇ ਉਹ ਆਪਣੇ ਦੇਸ਼ ਦੇ ਗਲੋਂ ਗੁਲਾਮੀ ਦਾ ਜੂਲਾ ਲਾਹੁਣ ਲਈ ਗੋਲੀਆਂ ਖਾ ਗਏ; ਫਾਂਸੀਆਂ ‘ਤੇ ਝੂਲ ਗਏ; ਕਾਲ ਕੋਠੜੀਆਂ ਵਿਚ ਅਸਹਿ ਤਸੀਹੇ ਝੱਲਦੇ ਹੋਏ ਅਤੇ ਘਰ-ਘਾਟ, ਜਾਇਦਾਦਾਂ ਗੁਆ ਕੇ ਦੇਸ਼ ਤੋਂ ਜਾਨਾਂ ਘੋਲ ਘੁਮਾ ਗਏ।’
ਮੈਂ ਕੋਈ ਇਤਿਹਾਸਕਾਰ ਨਹੀਂ ਹਾਂ ਪਰ ਇੰਨੀ ਕੁ ਜਾਣਕਾਰੀ ਜ਼ਰੂਰ ਰੱਖਦਾ ਹਾਂ ਕਿ ਇਨ੍ਹਾਂ ਗ਼ਦਰੀ ਬਾਬਿਆਂ ਵਿਚ ਹਿੰਦੂ-ਮੁਸਲਮਾਨਾਂ ਦੇ ਨਾਲ-ਨਾਲ ਬਹੁ-ਗਿਣਤੀ ਪੰਜਾਬੀ ਸਿੱਖਾਂ ਦੀ ਸੀ ਜਿਨ੍ਹਾਂ ਨੂੰ ਆਪਾ ਵਾਰਨ ਦੀ ਗੁੜ੍ਹਤੀ ਉਨ੍ਹਾਂ ਦੇ ਸਿਰਲੱਥ ਇਤਿਹਾਸ ਨੇ ਦਿੱਤੀ ਹੋਈ ਸੀ। ਇਨ੍ਹਾਂ ਸਿੱਖ ਗ਼ਦਰੀ ਬਾਬਿਆਂ ਦੀ ਸੋਚ ਨੂੰ ਅੱਜਕੱਲ੍ਹ ਦੇ ਸਿੱਖਾਂ ਦੀ ਸੋਚ ਨਾਲ ਮੇਚਿਆ ਵੀ ਨਹੀਂ ਜਾ ਸਕਦਾ ਜੋ ਸੰਨ ਸੰਤਾਲੀ ਤੋਂ ਪਹਿਲਾਂ ਦੇ ਨਹਿਰੂ-ਗਾਂਧੀ-ਪਟੇਲ ਹੋਰਾਂ ਵੱਲੋਂ ਸਿੱਖ ਆਗੂਆਂ ਨਾਲ ਕੀਤੇ ਕੌਲ-ਕਰਾਰਾਂ ਦੇ ਹਸ਼ਰ ਨਾਲ ਝੰਬੇ ਹੋਏ ਅਤੇ ਜੂਨ ਚੁਰਾਸੀ ਦੇ ਕਾਲੇ ਦੌਰ ਵਿਚੋਂ ਗੁਜ਼ਰੇ ਹੋਏ ਹਨ। ਗ਼ਦਰੀ ਸਿੱਖ ਬਾਬੇ ਆਪਣੇ ਹਿੰਦੂ-ਮੁਸਲਿਮ ਸਾਥੀਆਂ ਨਾਲ ਆਪਣੇ ਸਾਂਝੇ ਦੁਸ਼ਮਣ ਅੰਗਰੇਜ਼ ਵਿਰੁਧ ਗਰਮਜੋਸ਼ੀ ਵਾਲੀ ਹੁਬਲੇ-ਵਤਨੀ ਦੀ ਭਾਵਨਾ ਨਾਲ ਜੂਝੇ।
ਹੁਣ ਕਈ ‘ਖੋਜੀ ਵਿਦਵਾਨ’ ਲਿਖਾਰੀ ਇਸੇ ਗੱਲੋਂ ਔਖੇ-ਭਾਰੇ ਹੋ ਕੇ ਲੰਮੇ-ਲੰਮੇ ਲੇਖ ਲਿਖ ਰਹੇ ਨੇ! ਅਖੇ ਗ਼ਦਰੀ ਬਾਬਿਆਂ ਨੂੰ ‘ਨੀਲੀਆਂ ਐਨਕਾਂ’ ਨਾਲ ਨਾ ਦੇਖੋ। ਚਲੋ ਮੰਨ ਲੈਂਦੇ ਹਾਂ ਇਹ ਆਦੇਸ਼, ਪਰ ਇਨ੍ਹਾਂ ਗਦਰੀਆਂ ਵਿਚੋਂ ਹੀ ਇਕ ਬਾਬੇ ਦਾ ਬਾਅਦ ਵਿਚ ਸ੍ਰੀ ਅਕਾਲ ਤਖ਼ਤ ਦਾ ਜਥੇਦਾਰ ਬਣਨਾ ਦਰਸਾਉਂਦਾ ਹੈ ਕਿ ਉਨ੍ਹਾਂ ਨੂੰ ‘ਲਾਲ ਐਨਕਾਂ’ ਨਾਲ ਦੇਖਣਾ ਵੀ ਮਹਾਂ-ਪਾਪ ਹੈ। ਹੁੱਬ-ਹੁੱਬ ਕੇ ਗ਼ਦਰੀ ਬਾਬਿਆਂ ਨੂੰ ਸਿਰਫ ਸਿੱਖ ਕਹਿ ਕੇ ਜਾਂ ਲਿਖ ਕੇ ਮਨ ਭਾਉਂਦੇ ਅਰਥ ਕੱਢਣੇ ਵੀ ਜਾਇਜ਼ ਨਹੀਂ ਪਰ ਗ਼ਦਰੀਆਂ ਨੂੰ ਸਿੱਖ ਕਹਿਣ ਵਾਲਿਆਂ ਉਪਰ ਝਈਆਂ ਲੈ-ਲੈ ਪੈਣ ਵਾਲਿਆਂ ‘ਤੇ ਦੋਂਹ ਭੈਣਾਂ ਦਾ ਕਿੱਸਾ ਖੂਬ ਢੁੱਕਦਾ ਹੈ।
ਕਿਤੇ ਵਿਆਹੀਆਂ ਦੋ ਸਕੀਆਂ ਭੈਣਾਂ ਵਿਚੋਂ ਵੱਡੀ ਗਰੀਬਣੀ ਸੀ, ਛੋਟੀ ਅਮੀਰ। ਦੋਵੇਂ ਜਣੀਆਂ ਪੇਕੀਂ ਕਿਸੇ ਭਰਾ-ਭਤੀਜੇ ਦੇ ਵਿਆਹ ‘ਤੇ ਆਈਆਂ। ਛੋਟੀ ਅਮੀਰ ਨੇ ਤਰਸ ਕਰ ਕੇ ਵੱਡੀ ਨੂੰ ਪਰਦੇ ਨਾਲ ਕਿਹਾ ਕਿ ਭੈਣੇ, ਤੂੰ ਮੈਨੂੰ ਇਕ ਰੁਪਈਆ ਫੜਾ ਦੇ, ਵੀਹ ਮੈਂ ਪਾ ਦਿੰਦੀ ਹਾਂ, ਇੰਜ ਆਪਣਾ ਇੱਕੀ ਰੁਪਏ ਦਾ ਸ਼ਗਨ ਪਾ ਦੇਵਾਂਗੀਆਂ। ਸ਼ਗਨ ਪਾਉਣ ਤੋਂ ਬਾਅਦ ਛੋਟੀ ਅਮੀਰ ਭੈਣ ਤਾਂ ਚੁੱਪ ਰਹੀ ਪਰ ਵੱਡੀ ਹਰ ਇਕ ਨੂੰ ਦੱਸਦੀ ਫਿਰੇ, “ਲਉ ਜੀ, ਅਸੀਂ ਤਾਂ ਰਲ-ਮਿਲ ਇੱਕੀ ਪਾ ਦਿੱਤੇ।” ਪੁਰਾਣੇ ਸਮਿਆਂ ਵਿਚ ਸ਼ਰੀਕੇ-ਭਾਈਚਾਰੇ ਵਲੋਂ ਆਏ ਨਿਉਂਦੇ-ਜਿੰਦੇ ਲਿਖਤੀ ਰੂਪ ਵਿਚ ਸਾਂਭੇ ਜਾਂਦੇ ਸਨ। ਇੰਜ ਜਦੋਂ ਭਰਾ ਬਹਿ ਕੇ ਚੁਪੱਤੇ ਉਪਰ ਰਕਮਾਂ ਲਿਖਣ ਬੈਠੇ ਤਾਂ ਵੱਡੀ, ਛੋਟੀ ਭੈਣ ਨੂੰ ਚੁੱਪ ਰਹਿਣ ਲਈ ਘੂਰੀਆਂ ਵੱਟੀ ਜਾਵੇ ਕਿ ਤੂੰ ਆਪਣੇ ਵੀਹਾਂ ਦਾ ਜ਼ਿਕਰ ਨਾ ਛੇੜੀਂ; ਬੱਸ ਰਲ-ਮਿਲ ਇੱਕੀ ਪਾਉਣ ਦੀ ‘ਰਾਗਣੀ’ ਗਾਈ ਜਾਹ!
ਸ਼ੁਕਰ ਹੈ, ਗ਼ਦਰੀ ਬਾਬਿਆਂ ਨੂੰ ਨੀਲੀਆਂ ਐਨਕਾਂ ਥਾਣੀਂ ਦੇਖਣ ਦਾ ਵਿਰੋਧ ਕਰਨ ਵਾਲੇ ਖੋਜੀ ਲਿਖਾਰੀਆਂ ਨੇ ਹਾਲੇ ਬੱਬਰ ਅਕਾਲੀ ਮਰਜੀਵੜਿਆਂ ਦੇ ਇਤਿਹਾਸ ਨੂੰ ਹੱਥ ਨਹੀਂ ਪਾਇਆ। ਹੋ ਸਕਦਾ ਹੈ ਕਿ ਕੱਲ੍ਹ-ਕਲੋਤਰ ਨੂੰ ਇਹ ਵੀ ਸਾਬਤ ਕਰ ਦਿੱਤਾ ਜਾਵੇ ਕਿ ਉਨ੍ਹਾਂ ਨੂੰ ਧਰਮ ਕੌਮ ਤੋਂ ਮਰ ਮਿਟਣ ਦੀ ਪ੍ਰੇਰਨਾ ਸਿੱਖ ਫਲਸਫੇ ਤੋਂ ਨਹੀਂ, ਸਗੋਂ ਪੋਲੈਂਡ ਜਾਂ ਯੂਗੋਸਲਾਵੀਆ ਦੇ ਇਨਕਲਾਬੀਆਂ ਤੋਂ ਮਿਲੀ ਹੈ।
ਦੋ-ਚਾਰ ਗਾਇਕ ਤੇ ਗਾਉਣ ਵਾਲੀਆਂ ਸੱਦ ਕੇ ਗ਼ਦਰੀ ਬਾਬਿਆਂ ਨੂੰ ਸਮਰਪਿਤ ਮੇਲੇ ਲਾਉਣੇ ਬਹੁਤ ਔਖਾ ਕੰਮ ਨਹੀਂ ਪਰ ਸੁਆਦ ਤਦ ਆਵੇ ਜੇ ਗ਼ਦਰੀ ਬਾਬਿਆਂ ਦੇ ਹਰ ਮੇਲੇ ਉਪਰੰਤ ਕੋਈ ਇਕ-ਅੱਧਾ ਮਾਈ ਦਾ ਲਾਲ ਬਾਬਿਆਂ ਦੇ ਪੂਰਨਿਆਂ ‘ਤੇ ਚੱਲ ਕੇ ਦੇਸ਼ ਵੱਲ ਮੂੰਹ ਵੀ ਕਰੇ! ਵਿਦੇਸ਼ਾਂ ਵਿਚ ਵੱਸਦੇ-ਰਸਦੇ ਸਿੱਖ ਵੀ ਆਮ ਤੌਰ ‘ਤੇ ਆਪਣੀ ਮਾਤ ਭੂਮੀ ਪੰਜਾਬ ਲਈ ਬਹੁਤ ਤੜਫਦੇ ਰਹਿੰਦੇ ਹਨ; ਜ਼ਰਾ ਦਿਲ ‘ਤੇ ਹੱਥ ਰੱਖ ਕੇ ਸੋਚੋ ਕਿ ਪੰਜਾਬ ਦੇ ਅਜੋਕੇ ਹਾਲਾਤ ਗ਼ਦਰੀ ਬਾਬਿਆਂ ਨੂੰ ‘ਵਾਜਾਂ ਨਹੀਂ ਮਾਰ ਰਹੇ?
ਗ਼ਦਰੀ ਦੇਸ਼ ਭਗਤਾਂ ਨੂੰ ਆਪੋ-ਆਪਣੀ ਵਿਚਾਰਾਧਾਰਾ ਦੀਆਂ ਰੰਗ-ਬਰੰਗੀਆਂ ਐਨਕਾਂ ਨਾਲ ਦੇਖਣਾ, ਉਨ੍ਹਾਂ ਨੂੰ ਕਿਸੇ ਇਕ ਖਾਸ ਸੈਂਚੇ ਵਿਚ ਫਿੱਟ ਕਰਨ ਲਈ ਲੰਮੇ-ਲੰਮੇ ਲੇਖ ਲਿਖਣੇ, ਉਨ੍ਹਾਂ ਦੀ ਯਾਦ ਨੂੰ ‘ਸਮਰਪਿਤ’ ਕਹਿ ਕਹਿ ਕੇ ਮਨੋਰੰਜਨ ਕਰੀ ਜਾਣੇ ਅਤੇ ਉਨ੍ਹਾਂ ਦੇ ਨਾਂਵਾਂ ਥੱਲੇ ਸਭਾ-ਸੁਸਾਇਟੀਆਂ ਬਣਾ ਕੇ ਪ੍ਰਧਾਨਗੀਆਂ ਕਰੀ ਜਾਣੀਆਂ, ਪਰ ਉਨ੍ਹਾਂ ਵਾਂਗ ਡਿੰਘ ਇਕ ਵੀ ਨਾ ਪੁੱਟਣੀ!
ਕਹਿੰਦੇ, ਸ਼ਹਿਰ ਲਾਗੇ ਦੇ ਕਿਸੇ ਪਿੰਡ ਦੀ ਕੋਈ ਮਾਈ ਰਾਤ ਪੈਂਦੇ ਹੀ ਸ਼ਹਿਰ ਦੀ ਨੁੱਕਰ ਵਿਚ ਜਗ ਰਹੀ ਸਟਰੀਟ ਲਾਈਟ ਥੱਲੇ ਕੁਝ ਲੱਭਣ ਲੱਗ ਪਈ। ਕਾਫ਼ੀ ਦੇਰ ਤੋਂ ਉਸ ਨੂੰ ਕੁਝ ਢੂੰਡਦਿਆਂ ਦੇਖ ਕੇ ਕੋਈ ਸ਼ਹਿਰੀ ਉਸ ਨੂੰ ਕਹਿੰਦਾ, ‘ਮਾਤਾ ਕੀ ਲੱਭਦੀ ਐਂ?’ ਮਾਈ ਕਹਿੰਦੀ, ‘ਮੇਰੀ ਸੂਈ ਗਵਾਚ ਗਈ ਐ।’ ਸ਼ਹਿਰੀ ਕਹਿੰਦਾ, ‘ਸੂਈ ਗਵਾਚੀ ਕਿਥੇ ਸੀ ਭਲਾ?’ ਮਾਈ ਕਹਿੰਦੀ, ‘ਭਾਈ, ਘਰੇ ਈ ਗੁਆਚੀ ਸੀ।’ ਸ਼ਹਿਰੀਆ ਹੈਰਾਨ ਹੋ ਕੇ ਕਹਿੰਦਾ, ‘ਫਿਰ ਤੂੰ ਘਰੇ ਲੱਭ ਜਾ ਕੇ ਆਪਣੀ ਸੂਈ?’ ਮਾਈ ਦਾ ਜਵਾਬ ਸੀ, ‘ਉਥੇ ਭਾਈ ਹਨੇਰਾ ਈ ਬਹੁਤ ਐ, ਐਥੇ ਚਾਨਣ ਤਾਂ ਹੈ।’
Leave a Reply