ਰਹਿ ਗਈ ਫਿਲਮ ਅਧੂਰੀ

ਛਾਤੀ ਅੰਦਰਲੇ ਥੇਹ (10)
ਗੁਰਦਿਆਲ ਦਲਾਲ ਬੁਨਿਆਦੀ ਰੂਪ ਵਿਚ ਗਲਪਕਾਰ ਹੈ। ਹੁਣੇ-ਹੁਣੇ ਉਨ੍ਹਾਂ ਦਾ ਵੱਡ-ਆਕਾਰੀ ਨਾਵਲ ‘ਪੈੜਾਂ’ ਛਪਿਆ ਹੈ। ‘ਛਾਤੀ ਅੰਦਰਲੇ ਥੇਹ’ ਲੇਖ-ਲੜੀ ਵਿਚ ਉਨ੍ਹਾਂ ਆਪਣੇ ਜੀਵਨ ਅਤੇ ਤਜਰਬੇ ਨੂੰ ਆਧਾਰ ਬਣਾ ਕੇ ਕੁਝ ਗੱਲਾਂ ਵੱਖਰੇ ਢੰਗ ਨਾਲ ਕੀਤੀਆਂ ਹਨ ਜਿਹੜੀਆਂ ਅਸੀਂ ਆਪਣੇ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ। ਇਨ੍ਹਾਂ ਗੱਲਾਂ ਦੀਆਂ ਤੰਦਾਂ, ਬੰਦੇ ਦੇ ਬੰਦਾ ਹੋਣ ਨਾਲ ਗਹਿਰੀਆਂ ਜੁੜੀਆਂ ਹੋਈਆਂ ਹਨ। ਆਸ ਹੈ, ਧੜਕਦੇ ਦਿਲ ਨਾਲ ਕੀਤੀਆਂ ਇਹ ਗੱਲਾਂ ਪਾਠਕਾਂ ਨੂੰ ਆਪਣੀਆਂ ਹੀ ਗੱਲਾਂ ਲੱਗਣਗੀਆਂ। -ਸੰਪਾਦਕ

ਗੁਰਦਿਆਲ ਦਲਾਲ
ਫੋਨ: 91-98141-85363
ਸੰਨ 1964 ਵਿਚ ਮੈਂ ਸਰਕਾਰੀ ਕਾਲਜ ਰੋਪੜ ਵਿਚ ਬੀæਐਸ਼ਸੀæ ਪਹਿਲੇ ਸਾਲ ਵਿਚ ਪੜ੍ਹਦਾ ਸਾਂ। ਆਪਣੇ ਪਿੰਡ ਰਾਇਪੁਰ ਤੋਂ 13 ਮੀਲ ਦੂਰ ਪੜ੍ਹਨ ਲਈ ਸਾਇਕਲ ਚਲਾ ਕੇ ਜਾਣਾ ਤੇ ਵਾਪਸ ਆਉਣਾ ਨਿੱਤ ਦੀ ਰੁਟੀਨ ਸੀ। ਲਾਗਲੇ ਪਿੰਡਾਂ ਦੇ ਕੁਝ ਹੋਰ ਮੁੰਡੇ ਵੀ ਉਥੇ ਪੜ੍ਹਦੇ ਸਨ। ਅਸੀਂ ਚਾਰ-ਪੰਜ ਜਣੇ ਨਿੱਤ ਹੀ ਚਮਕੌਰ ਦੇ ਪੁਲ ‘ਤੇ ਇਕੱਠੇ ਹੋ ਜਾਂਦੇ ਤੇ ਨਹਿਰ ਦੀ ਕੱਚੀ ਪਟੜੀ ‘ਤੇ ਸਫਰ ਕਰਦੇ। ਸਾਡੇ ਸਾਰਿਆਂ ਕੋਲ ਭਾਰੇ ਥੈਲੇ ਵੀ ਹੁੰਦੇ। ਉਨ੍ਹਾਂ ਦਿਨਾਂ ਵਿਚ ਕਾਪੀਆਂ ਕਿਤਾਬਾਂ ਕਾਲਜ ਲੈ ਕੇ ਜਾਣ ਦਾ ਰਿਵਾਜ ਹੁੰਦਾ ਸੀ। ਮਾਣੇ ਮਾਜਰੇ ਦਾ ਹਰਜੀਤ ਸਾਥੋਂ ਇਕ ਸਾਲ ਅਤੇ ਕਿਸੇ ਹੋਰ ਪਿੰਡ ਦਾ ਜਸਵਿੰਦਰ ਦੋ ਸਾਲ ਸੀਨੀਅਰ ਹੁੰਦਾ ਸੀ। ਇਹ ਦੋਨੋਂ ਹਮੇਸ਼ਾ ਸਾਡੇ ਨਾਲ ਹੀ ਜਾਂਦੇ, ਆਉਂਦੇ। ਅਸੀਂ ਜੋ ਪਹਿਲੇ ਸਾਲ ਵਿਚ ਪੜ੍ਹਦੇ ਸਾਂ, ਉਨ੍ਹਾਂ ਦੇ ਤਜਰਬਿਆਂ ਵਿਚੋਂ ਨਿਕਲੀਆਂ ਦਿਲਚਸਪ ਗੱਲਾਂ ਬੜੇ ਸ਼ੌਕ ਨਾਲ ਸੁਣਦੇ, ਹੁੰਗਾਰਾ ਭਰਦੇ, ਉਚੀ-ਉਚੀ ਹੱਸਦੇ। ਪਤਾ ਹੀ ਨਾ ਲੱਗਦਾ ਕਦੋਂ ਲੰਬਾ ਪੈਂਡਾ ਤੈਅ ਹੋ ਜਾਂਦਾ। ਉਨ੍ਹਾਂ ਦੀਆਂ ਗੱਲਾਂ ਆਮ ਤੌਰ ‘ਤੇ ਨਾਲ ਪੜ੍ਹਦੀਆਂ ਕੁੜੀਆਂ, ਪਿੰਡ ਵਿਚਲੇ ਨਾਜਾਇਜ਼ ਸਬੰਧਾਂ ਜਾਂ ਫਿਰ ਫਿਲਮਾਂ ਬਾਰੇ ਹੁੰਦੀਆਂ। ਹਰਜੀਤ ਨੂੰ ਬਹੁਤਾ ਲੁਣ-ਮਸਾਲਾ ਲਾ ਕੇ ਗੱਲ ਕਹਿਣ ਦਾ ਵਲ ਸੀ। ਉਹ ਗੱਲ ਦੀ ਹੂ-ਬਹੂ ਤਸਵੀਰ ਪੇਸ਼ ਕਰ ਦਿੰਦਾ।
ਇਕ ਦਿਨ ਪੜ੍ਹਨ ਜਾਂਦਿਆਂ ਹਰਜੀਤ ਨੇ ਰੋਪੜ ਦੇ ਸਿਨੇਮਾ ਘਰ ਵਿਚ ਲੱਗੀ ਕਿਸੇ ਪਿਕਚਰ ਦੀ ਪੂਰੀ ਕਹਾਣੀ ਸੁਣਾਈ ਜੋ ਉਸ ਨੇ ਤਿੰਨ ਵਾਰੀ ਦੇਖੀ ਸੀ। ਉਹ ਐਕਟਰਾਂ ਵਾਂਗ ਡਾਇਲਾਗ ਵੀ ਨਾਲੋ ਨਾਲ ਬੋਲ ਰਿਹਾ ਸੀ ਤੇ ਗਾਣੇ ਵੀ ਸੁਣਾ ਰਿਹਾ ਸੀ। ਇਸ ਤੋਂ ਪਹਿਲਾਂ ਮੈਂ ਇਕ ਪਿਕਚਰ ਹੀ ਦੇਖੀ ਸੀ; ਉਹ ਵੀ ਚਮਕੌਰ ਦੀ ਸਭਾ ਵੇਲੇ ਵੱਡੇ ਤੰਬੂ ਹੇਠ। ਕਾਲਜ ਪੜ੍ਹਾਉਣ ਲਾਉਣ ਤੋਂ ਪਹਿਲਾਂ ਮਾਮੇ ਦੀ ਖਾਸ ਹਦਾਇਤ ਸੀ ਕਿ ਕਦੀ ਵੀ ਖੇਲ (ਪਿਕਚਰ) ਦੇਖਣ ਨਹੀਂ ਜਾਣਾ ਤੇ ਨਾ ਹੀ ਕਦੀ ਕਾਲਜ ਮਿੱਸ ਕਰਨਾ ਹੈ। ਘਰ ਤੋਂ ਸਿੱਧਾ ਕਾਲਜ ਤੇ ਵਾਪਸ ਘਰ ਆਉਣਾ ਹੈ। ਜੇ ਕਦੀ ਮੈਂ ਘੰਟਾ ਦੋ ਘੰਟੇ ਲੇਟ ਹੋ ਜਾਂਦਾ ਤਾਂ ਉਹ ਸੌ ਸਵਾਲ ਪੁੱਛਦਾ। ਪੁਲਸੀਆਂ ਵਾਂਗ ਜਾਂਚ-ਪੜਤਾਲ ਕਰਦਾ। ਜਿਹੜੀ ਕਿਤਾਬ-ਕਾਪੀ ਮੈਂ ਖਰੀਦ ਕੇ ਲਿਆਉਂਦਾ, ਉਹ ਉਸ ਵਿਚ ਦਸਤਖਤ ਕਰ ਕੇ ਪੈਸੇ ਡਾਇਰੀ ‘ਚ ਨੋਟ ਕਰ ਲੈਂਦਾ। ਮੈਨੂੰ ਦਿੱਤੇ ਤੇ ਖਰਚੇ ਹੋਏ ਪੈਸਿਆਂ ਦਾ ਪੂਰਾ ਵਹੀ ਖਾਤਾ ਰੱਖਦਾ। ਇਕ ਵਾਰੀ ਮੈਥੋਂ ਕੁਝ ਪੈਸੇ ਖਰਚੇ ਗਏ। ਮੈਂ ਘਰ ਆ ਕੇ ਕਹਿ ਦਿੱਤਾ ਕਿ ਪੈਂਚਰ ਦੇ ਦੋ ਆਨੇ ਲਿਖ ਲਉ। ਕਿਥੇ ਹੋਇਆ? ਕਿਵੇਂ ਹੋਇਆ? ਕਿਹੜੇ ਪਹੀਏ ‘ਚ ਹੋਇਆ? ਕਿਹੜੀ ਦੁਕਾਨ ਤੋਂ ਪੈਂਚਰ ਲਵਾਇਆ? ਪੁੱਛਣ ਮਗਰੋਂ ਉਸ ਨੇ ਸਾਇਕਲ ਲਿਟਾਇਆ ਤੇ ਟਿਊਬ ਬਾਹਰ ਕੱਢ ਕੇ ਚੈਕ ਕੀਤੀ। ਕੋਈ ਪੈਂਚਰ ਨਹੀਂ ਸੀ ਲੱਗਾ ਹੋਇਆ। ਉਹਨੇ ਮੈਨੂੰ ਢਾਹ ਲਿਆ। ਕਈ ਲਫੇੜੇ ਸੁੱਟੇ ਤੇ ਨੱਕ ਨਾਲ ਲਕੀਰਾਂ ਕਢਵਾਈਆਂ ਕਿ ਅੱਗੇ ਤੋਂ ਝੂਠ ਨਹੀਂ ਬੋਲਾਂਗਾ!
ਖ਼ੈਰ, ਹਰਜੀਤ ਤੋਂ ਫਿਲਮ ਦੀ ਸਟੋਰੀ ਸੁਣ ਕੇ ਅਸੀਂ ਬੜੇ ਪ੍ਰਭਾਵਿਤ ਹੋਏ ਤੇ ਇਹ ਫਿਲਮ ਦੇਖਣ ਦੀ ਸਲਾਹ ਬਣਾ ਲਈ। ਇਕ ਦਿਨ ਘਰੋਂ ਸਿੱਧੇ ਸਵੇਰ ਦਾ ਸ਼ੋਅ ਦੇਖਣ ਲਈ ਸਿਨੇਮੇ ਪੁੱਜ ਗਏ। ਹਰਜੀਤ ਐਨ ਮੌਕੇ ‘ਤੇ ਜਵਾਬ ਦੇ ਗਿਆ ਕਿ ਉਹਨੇ ਫਿਲਮ ਪਹਿਲਾਂ ਹੀ ਕਈ ਵਾਰੀ ਦੇਖੀ ਹੋਈ ਹੈ। ਅਸੀਂ ਆਪਣੇ ਸਾਇਕਲ ਸਟੈਂਡ ‘ਤੇ ਖੜ੍ਹੇ ਕਰ ਕੇ ਟਿਕਟਾਂ ਖਰੀਦਣ ਲੱਗ ਪਏ ਤੇ ਹਰਜੀਤ ਕਾਲਜ ਚਲਾ ਗਿਆ। ਐਡੇ ਵੱਡੇ ਪਰਦੇ ‘ਤੇ ਹਨੇਰੇ ਵਿਚ ਪਿਕਚਰ ਦੇਖਣ ਦਾ ਨਜ਼ਾਰਾ ਹੀ ਕੁਝ ਹੋਰ ਸੀ। ਅਸੀਂ ਸਾਰੇ ਪਿਕਚਰ ਦਾ ਖੂਬ ਅਨੰਦ ਲੈ ਰਹੇ ਸਾਂ ਤੇ ਨਾਲ ਦੀ ਨਾਲ ਬੋਲੀ ਵੀ ਜਾ ਰਹੇ ਸਾਂ ਕਿ ਹੁਣ ਇਹ ਹੋਵੇਗਾ, ਉਹ ਹੋਵੇਗਾ। ਸਾਨੂੰ ਫਿਲਮ ਨੇ ਕਿਸੇ ਹੋਰ ਹੀ ਦੁਨੀਆਂ ਵਿਚ ਪਹੁੰਚਾ ਦਿੱਤਾ ਸੀ। ਇੰਟਰਵਲ ਹੋਇਆ ਤਾਂ ਅਸੀਂ ਬਾਹਰ ਆ ਗਏ। ਟੋਸਟਾਂ ਵਾਲੇ ਤੋਂ ਇਕ-ਇਕ ਟੋਸਟ ਲੈ ਕੇ ਮੌਜ ਨਾਲ ਖਾਣ ਲੱਗੇ।
ਅਚਾਨਕ ਮੇਰੀ ਨਜ਼ਰ ਸਾਹਮਣੇ ਪਿੱਪਲ ਦੁਆਲੇ ਬਣੇ ਥੜ੍ਹੇ ‘ਤੇ ਬੈਠੇ, ਸਿਗਰਟ ਪੀਂਦੇ ਮਾਮੇ ਨਾਲ ਜਾ ਭਿੜੀ। ਇਹ ਕਿੱਥੋਂ ਆ ਗਿਆ? ਮੇਰੇ ਉਤੇ ਜਿਵੇਂ ਬਿਜਲੀ ਆਣ ਡਿੱਗੀ ਹੋਵੇ। ਚੱਕ ਵੱਢਿਆ ਟੋਸਟ ਮੇਰੇ ਮੂੰਹ ਵਿਚ ਫੁੱਲਣ ਲੱਗਾ ਤੇ ਲੱਤਾਂ ਕੰਬਣ ਲੱਗ ਪਈਆਂ। ਮੈਂ ਚਾਬੀ ਦਿੱਤੇ ਖਿਡਾਉਣੇ ਵਾਂਗ ਮਲਕ-ਮਲਕ ਮਾਮੇ ਵੱਲ ਤੁਰ ਪਿਆ ਤੇ ਕੋਲ ਪੁੱਜ ਰੋਣ ਲੱਗ ਪਿਆ। ਮੇਰੇ ਹੱਥ ਵਿਚ ਫੜਿਆ ਬਾਕੀ ਦਾ ਟੋਸਟ ਪਤਾ ਨਹੀਂ ਕਦੋਂ ਭੁੰਜੇ ਡਿੱਗ ਪਿਆ ਸੀ।
“ਮਾਮਾ, ਮੈਥੋਂ ਗਲਤੀ ਹੋ ਗਈ, ਮੁਆਫ਼ ਕਰ ਦੇ”, ਮੈਂ ਕਿਹਾ ਪਰ ਉਹ ਕੁਝ ਨਾ ਬੋਲਿਆ। ਮੈਨੂੰ ਘੂਰੀ ਗਿਆ।
“ਜਸਵਿੰਦਰ ਹੋਣਾਂ ਨੇ ਗਾਲ੍ਹ ਪਾ ਦਿੱਤੀ ਸੀ, ਬਈ ਜਿਹੜਾ ਨਹੀਂ ਦੇਖੂæææ।” ਮੈਂ ਫਿਰ ਕਿਹਾ ਪਰ ਮਾਮਾ ਉਵੇਂ ਹੀ ਸਿਗਰਟ ਪੀਂਦਾ ਰਿਹਾ। ਮੈਂ ਥੜ੍ਹੇ ‘ਤੇ ਚੜ੍ਹ ਕੇ ਉਹਦੇ ਪੈਰ ਫੜ ਲਏ ਤੇ ਫਿਰ ਮੁਆਫ਼ੀ ਮੰਗੀ। ਉਹਨੇ ਖੜ੍ਹਾ ਹੁੰਦਿਆਂ ਸਾਰ ਸਿਗਰਟ ਜੁੱਤੀ ਹੇਠ ਮਸਲੀ ਤੇ ਮੇਰੇ ਸਿਰ ‘ਤੇ ਜ਼ੋਰ ਨਾਲ ਧੱਫਾ ਮਾਰਿਆ। ਮੈਂ ਫੁੜ੍ਹਕ ਕੇ ਡਿੱਗ ਪਿਆ ਤੇ ਮੇਰੀ ਪਗੜੀ ਢਹਿ ਗਈ। ਫਿਰ ਉਹ ਮੇਰੇ ਵਾਲ ਫੜ ਕੇ ਮੈਨੂੰ ਘੁਮੇਟਣੀਆਂ ਦੇਣ ਲੱਗ ਪਿਆ। ਡਿੱਗੇ ਪਏ ਦੇ ਗੋਡੇ, ਮੁੱਕੇ ਮਾਰ-ਮਾਰ ਮੇਰਾ ਕਚੂਮਰ ਕੱਢ ਦਿੱਤਾ। ਸਾਡੇ ਆਲੇ-ਦੁਆਲੇ ਕਾਫ਼ੀ ਲੋਕ ਇਕੱਠੇ ਹੋ ਗਏ। ਮੈਂ ਨਜ਼ਰ ਘੁਮਾ ਕੇ ਦੇਖਿਆ। ਮੇਰੇ ਸਾਰੇ ਆੜੀ ਗਾਇਬ ਸਨ। ਲੋਕਾਂ ਨੇ ਮਾਮੇ ਤੋਂ ਮੈਨੂੰ ਛੁਡਾਇਆ। ਮੈਂ ਜੂੜਾ ਕੀਤਾ ਤੇ ਬਿਨਾਂ ਸ਼ੀਸ਼ੇ ਤੋਂ ਪੱਗ ਲਪੇਟ ਲਈ।
“ਚੱਲ, ਹੋ ਜਾ ਸਿੱਧਾ ਕਾਲਜ ਨੂੰ।” ਮੈਂ ਆਪਣਾ ਸਾਇਕਲ ਚੁੱਕ ਉਹਦੇ ਮਗਰ ਲਾ ਲਿਆ। ਉਹ ਮੈਨੂੰ ਪ੍ਰਿੰਸੀਪਲ ਪੀæਸੀæ ਜੋਸ਼ੀ ਕੋਲ ਲੈ ਗਿਆ ਤੇ ਸਾਰੀ ਕਰਤੂਤ ਦੱਸੀ। ਪ੍ਰਿੰਸੀਪਲ ਸਾਰੀ ਗੱਲ ਸੁਣ ਕੇ ਬੋਲਿਆ, “ਤੁਹਾਡਾ ਮੁੰਡਾ ਹੁਣ ਸਮਝ ਲਵੋæææਪੜ੍ਹ ਗਿਆ। ਤੁਸੀਂ ਬਹੁਤ ਚੰਗਾ ਕੀਤਾ। ਜਿਹੜੇ ਮਾਪੇ ਬੱਚਿਆਂ ਦਾ ਧਿਆਨ ਰੱਖਦੇ ਨੇ, ਉਨ੍ਹਾਂ ਦੇ ਬੱਚੇ ਹੀ ਜ਼ਿੰਦਗੀ ‘ਚ ਤਰੱਕੀ ਕਰਦੇ ਨੇ। ਇਹ ਬਾਂਦਰ-ਬੁੱਧ ਹੁੰਦੀ ਏ ਬਚਪਨ ਦੀ। ਜੀਹਨੇ ਲਾਈ ਗੱਲੀਂ, ਉਹਦੇ ਨਾਲ ਉੱਠ ਚੱਲੀ। ਤੁਸੀਂ ਇਹਦਾ ਪਤਾ ਕਰਦੇ ਰਿਹੋ।”
ਦਫ਼ਤਰੋਂ ਨਿਕਲ ਮਾਮਾ ਮੈਨੂੰ ਕਾਲਜ ਦੀ ਕੰਟੀਨ ਵਿਚ ਲੈ ਵੜਿਆ ਤੇ ਬੋਲਿਆ, “ਖਾ ਲੈ ਜੋ ਕੁਛ ਖਾਣਾ ਏਂ।” ਮੈਂ ਨੀਵੀਂ ਪਾਈ ਖੜ੍ਹਾ ਰਿਹਾ ਤੇ ਕਿਹਾ, “ਮੈਂ ਨਹੀਂ ਖਾਣਾ ਕੁਛ ਵੀ।”
ਉਹ ਦੋ ਪਲੇਟਾਂ ਸਮੋਸੇ, ਦੋ ਪਲੇਟਾਂ ਗੁਲਾਬ ਜਾਮਣ ਅਤੇ ਚਾਹ ਦਾ ਆਰਡਰ ਦੇ ਆਇਆ ਤੇ ਫਿਰ ਮੈਨੂੰ ਬੈਂਚ ‘ਤੇ ਬਿਠਾ ਕੇ ਮੇਰੇ ਮੋਢੇ ਉਪਰੋਂ ਬਾਂਹ ਵਲਾ ਕੇ ਬੋਲਿਆ, “ਦੇਖ ਬੱਚੂ! ਤੇਰਾ ਪਿਉ ਮਰਿਆ, ਤੇਰੀ ਜ਼ਿੰਮੇਵਾਰੀ ਮੇਰੇ ‘ਤੇ ਆ ਪਈ। ਸਾਡੀ ਆਪਣੀ ਤਾਂ ਕੋਈ ਔਲਾਦ ਹੈ ਨ੍ਹੀਂ। ਤੇਰੀ ਮਾਂ ਠੀਕ ਸਮਝੂ, ਤੈਨੂੰ ਸਾਡੇ ਨਾਂ ਲੁਆਦੂ। ਤੇਰੀ ਮਾਮੀ ਅਤੇ ਮੇਰੀਆਂ ਤੇਰੇ ‘ਤੇ ਆਸਾਂ ਨੇ। ਮੈਂ ਤੈਨੂੰ ਪੂਰਾ ਪੜ੍ਹਾ ਕੇ ਅਫ਼ਸਰ ਬਣਾਉਣਾ ਚਾਹੁੰਦਾ ਹਾਂ। ਚਾਹੇ ਮੈਨੂੰ ਭੀਖ ਵੀ ਕਿਉਂ ਨਾ ਮੰਗਣੀ ਪਵੇ। ਬੋਲ ਤੂੰ ਬਣਨਾ ਚਾਹੁੰਦਾ ਏਂ ਅਫ਼ਸਰ?”
ਭਰੀਆਂ ਅੱਖਾਂ ਨਾਲ ਮੈਂ ‘ਹਾਂ’ ਵਿਚ ਸਿਰ ਹਿਲਾਇਆ। ਮੈਂ ਮਨ ਹੀ ਮਨ ਫ਼ੈਸਲਾ ਕੀਤਾ ਕਿ ਮਾਮੇ ਦੀ ਇਹ ਸੱਧਰ ਜ਼ਰੂਰ ਪੂਰੀ ਕਰਾਂਗਾ।
ਰਸਤੇ ਵਿਚ ਵਾਪਸੀ ‘ਤੇ ਮੈਂ ਮਾਮੇ ਨੂੰ ਪੁੱਛ ਹੀ ਲਿਆ, “ਭਲਾ ਤੈਨੂੰ ਕਿਵੇਂ ਪਤਾ ਲੱਗਾ ਕਿ ਅਸੀਂæææ।”
ਉਹ ਸਿਗਰਟ ਦਾ ਕਸ਼ ਖਿੱਚਦਾ ਬੋਲਿਆ, “ਬੱਲੇ ਉਇ ਤੇਰੇ ਬੂਝੜਾ! ਐਂ ਦੱਸਣ ਲੱਗੇ, ਫੇਰ ਸਾਡੀ ਸੀæਆਈæਡੀæ ਕਾਹਦੀ ਰਹੀ?”
“ਇਕ ਗੱਲ ਹੋਰæææਮੰਨੇਂਗਾ?” ਮੈਂ ਪੁੱਛਿਆ।
“ਬੋਲ।”
“ਹੁਣ ਮਾਮਾ ਬਣ ਕੇ ਬੇਬੇ ਨੂੰ ਨਾ ਦੱਸੀਂ ਘਰ ਜਾ ਕੇ। ਨਹੀਂ ਉਹ ਵੀ ਕੁੱਟੂ।”
“ਠੀਕ ਆ।” ਉਹ ਮੁਸਕਰਾਇਆ ਤੇ ਪਤਾ ਨਹੀਂ ਕੀ ਗੁਣ-ਗੁਣਾਉਣ ਲੱਗ ਪਿਆ।

ਕੁਝ ਵਰ੍ਹੇ ਪਹਿਲਾਂ ਜਦੋਂ ਮਾਮਾ ਮਰਿਆ ਤੇ ਅਸੀਂ ਉਹਨੂੰ ਮੜ੍ਹੀਆਂ ਵਿਚ ਦਾਗ਼ ਲਾਉਣ ਲੱਗੇ ਤਾਂ ਮੈਂ ਜੇਬ ਵਿਚੋਂ ਮੋਮੀ ਕਾਗਜ਼ ਕੱਢ ਕੇ ਖੋਲ੍ਹਿਆ, ਕਾਗਜ਼ ਖਾਲੀ ਸੀ। ਪੰਜ-ਰਤਨਾ ਪਤਾ ਨਹੀਂ ਕਿੱਥੇ ਡਿੱਗ ਪਿਆ ਸੀ। ਮੈਂ ਐਵੇਂ ਖਾਲੀ ਕਾਗਜ਼ ਹੀ ਉਹਦੇ ਮੂੰਹ ਵਿਚ ਉਲੱਦ ਦਿੱਤਾ। ਕਿਸੇ ਨੂੰ ਵੀ ਪਤਾ ਨਾ ਲੱਗਾ। ਫੁੱਲ ਚੁਗਣ ਮਗਰੋਂ ਸੱਤਿਆ ਕਹਿਣ ਲੱਗੀ, “ਵੀਰ ਜੀ, ਫੁੱਫੜ ਜੀ ਦੇ ਫੁੱਲ ਹਰਦੁਆਰ ਜਾ ਕੇ ਪਾਉਣੇ ਹਨ ਤੇ ਪਹੋਏ ਗਤ ਕਰਵਾਉਣੀ ਹੈ। ਇਹ ਕੰਮ ਹੈ ਔਖਾ। ਜੇ ਤਾਂ ਤੁਸੀਂ ਜਾ ਸਕਦੇ ਹੋ ਤਾਂ ਠੀਕ; ਨਹੀਂ ਮੈਂ ਆਪਣੇ ਦਿਉਰ ਨੂੰ ਲੈ ਕੇ ਜਾ ਆਵਾਂਗੀ।”
“ਨਹੀਂ, ਅਸੀਂ ਪਾ ਆਉਂਦੇ ਹਾਂ ਤੇ ਗਤ ਵੀ ਕਰਵਾ ਆਵਾਂਗੇ।” ਮੈਂ ਕਿਹਾ ਤੇ ਮਾਮੇ ਦੇ ਫੁੱਲ ਗੱਡੀ ਵਿਚ ਲਟਕਾ ਲਏ। ਚਮਕੌਰ ਦੇ ਪੁਲ ‘ਤੇ ਅਸੀਂ ਚਾਰਾਂ ਭਰਾਵਾਂ ਨੇ ਸਲਾਹ ਕੀਤੀ ਕਿ ਹੁਣ ਤਾਂ ਮਿੱਟੀ ਐ; ਕਿੱਥੇ ਹਰਦੁਆਰ ਵਿਚ ਭਟਕਦੇ ਫਿਰਾਂਗੇ, ਜਿਥੇ ਮਰਜ਼ੀ ਏ ਸੁੱਟ ਦੇਵੋ। ਅਸੀਂ ਫੁੱਲ ਕਟਾਣਾ ਸਾਹਿਬ ਗੁਰਦੁਆਰੇ ਕੋਲੋਂ ਸਰਹੰਦ ਨਹਿਰ ‘ਚ ਸੁੱਟ ਕੇ ਘਰ ਆ ਗਏ। ਮਗਰੋਂ ਗਤ ਵਗੈਰਾ ਵੀ ਨਾ ਕਰਵਾਈ।
ਜਦੋਂ ਮਾਮੀ ਮਰੀ ਤਾਂ ਉਹ ਆਪਣੀ ਭਤੀਜੀ ਸੱਤਿਆ ਕੋਲ ਹੀ ਸੀ। ਅਸੀਂ ਦਾਗਾਂ ‘ਤੇ ਗਏ ਤਾਂ ਸੱਤਿਆ ਕਹਿਣ ਲੱਗੀ, “ਵੀਰ ਜੀ, ਤੁਸੀਂ ਫੁੱਫੜ ਜੀ ਦੀ ਗਤ ਕਰਵਾ ਦਿੱਤੀ ਸੀ?”
“ਹਾਂ।” ਮੈਂ ਕਿਹਾ।
“ਖਾਉ ਤਾਂ ਸਹੁੰ ਫੁੱਫੜ ਜੀ ਦੀ!” ਉਹ ਬੋਲੀ।
ਮੈਂ ਝੂਠਾ ਪੈ ਗਿਆ। ਮੇਰੇ ਵਿਚ ਮਾਮੇ ਦੀ ਝੂਠੀ ਸਹੁੰ ਖਾਣ ਦੀ ਹਿੰਮਤ ਨਹੀਂ ਸੀ। ਮੈਂ ਸੱਚ-ਸੱਚ ਦੱਸ ਦਿੱਤਾ। ਉਹ ਦੁਖੀ ਹੋਈ।
ਮਗਰੋਂ ਸੱਤਿਆ ਪਿਹੋਏ ਜਾ ਕੇ ਮਾਮੇ ਅਤੇ ਮਾਮੀ, ਦੋਹਾਂ ਦੀ ਗਤ ਕਰਾ ਕੇ ਆਈ।
(ਚਲਦਾ)

Be the first to comment

Leave a Reply

Your email address will not be published.