ਗੁਰਮੀਤ ਕੜਿਆਲਵੀ
ਜਦੋਂ ਉਸਦੇ ਮਾਪੇ ਉਸਨੂੰ ਧੱਕੇ ਨਾਲ ਲੈ ਗਏ, ਮੈਨੂੰ ਘਰੋਂ ਬਾਹਰ ਨਿਕਲਣਾ ਔਖਾ ਹੋ ਗਿਆ। ਮੈਂ ਕਈ ਦਿਨ ਸਿਰਹਾਣੇ ਵਿਚ ਮੂੰਹ ਦੇ ਕੇ ਅੰਦਰ ਹੀ ਮੰਜੇ ‘ਤੇ ਮੂਧਾ ਹੋਇਆ ਰਿਹਾ। ਮੈਨੂੰ ਜਾਪਦਾ ਸੀ ਜਿਵੇਂ ਮੇਰਾ ਸਾਰਾ ਤਖ਼ਤ ਲਾਹੌਰ ਹੀ ਲੁੱਟਿਆ ਗਿਆ ਹੋਵੇ। ਜਿਵੇਂ ਕਿਸੇ ਕਿਸਾਨ ਦੀ ਪੱਕੀ-ਪਕਾਈ ਫ਼ਸਲ ‘ਤੇ ਕਾਕੜੇ ਪੈ ਜਾਣ। ਪਿੰਡ ‘ਚ ਜਿੱਥੇ ਵੀ ਦੋ ਜਣੇ ਸਿਰ ਜੋੜੀ ਖੜ੍ਹੇ ਹੁੰਦੇ, ਮੈਨੂੰ ਜਾਪਦਾ ਮੇਰੇ ਬਾਰੇ ਹੀ ਗੱਲਾਂ ਹੋ ਰਹੀਆਂ ਨੇ। ਉਨ੍ਹਾਂ ਦੇ ਕੋਲੋਂ ਲੰਘ ਜਾਣ ‘ਤੇ ਵਣਜਾਰੇ ਦੀ ਹਾਕ ਵਾਂਗ ਬੋਲ ਮੇਰੀ ਪਿੱਠ ਉੱਤੇ ਚਿਪਕ ਜਾਂਦੇ।
‘ਅਹਿ ਜਾਂਦਾ ਰਾਂਝਾ। ਹੀਰ ਰੱਖ ਵੀ ਨਾ ਹੋਈ ਵੱਡੇ ਆਸ਼ਕ ਤੋਂ।’
‘ਅਜੇ ਤਾਂ ਸੁੱਖੀ-ਸਾਂਦੀ ਤੁਰਿਆ ਫਿਰਦੈ। ਸ਼ੁਕਰ ਕਰੇ ਅਗਲਿਆਂ ਨੇ ਲੱਤਾਂ ਨ੍ਹੀਂ ਤੋੜੀਆਂ। ਊਂ-ਕੇਰਾਂ ਪੱਸਲੀਆਂ ਅੰਦਰ ਪਾਉਣਗੇ ਜ਼ਰੂਰ ਮਿਰਜ਼ੇ ਦੀਆਂ। ਟਲਦੇ ਨ੍ਹੀਂ ਅਗਲੇ। ਵੱਡਾ ਮਿਰਜ਼ਾ ਬਣਦਾ ਸੀ।’ ਮੇਰੀ ਰੂਹ ਪੱਛੀ ਜਾਂਦੀ। ਇੱਕ ਵਿਛੋੜਾ ਦੂਸਰਾ ਲੋਕਾਂ ਦੀਆਂ ਦਿਲ ਲੂਹਣ ਵਾਲੀਆਂ ਗੱਲਾਂ। ਗ਼ਮ ਮੈਨੂੰ ਅੰਦਰੋਂ-ਅੰਦਰੀਂ ਖੋਰਨ ਲੱਗਾ ਸੀ। ਮੇਰੀ ਸਿਹਤ ਅੱਧੀ ਰਹਿ ਗਈ ਸੀ। ਮੈਨੂੰ ਬਾਪੂ ‘ਤੇ ਗੁੱਸਾ ਆਉਂਦਾ ਜਿਸਨੂੰ ਭੁਚਲਾ ਲਿਆ ਗਿਆ ਸੀ। ਮੈਂ ਕਤੱਈ ਉਸਨੂੰ ਮਾਪਿਆਂ ਨਾਲ ਭੇਜਣ ਲਈ ਤਿਆਰ ਨ੍ਹੀਂ ਸੀ। ਉਨ੍ਹਾਂ ਨਾਲ ਆਏ ਵੱਡੀਆਂ-ਵੱਡੀਆਂ ਮੁੱਛਾਂ ਵਾਲੇ ਉਜੱਡ ਜਿਹੇ ਬੰਦੇ, ਜਿਸਨੂੰ ਉਹ ਡਾਕਟਰ ਆਖਦੇ ਸਨ, ਦਾ ਹੱਥ ਘੜੀ-ਮੁੜੀ ਬੰਦੂਕ ਦੇ ਭੱਟ ‘ਤੇ ਕੱਸਿਆ ਜਾਂਦਾ ਸੀ। ਉਂਜ ਹੱਥ ਉਸਦੇ ਕੰਬ ਰਹੇ ਸਨ। ਸਾਡੇ ਭਰਾਵਾਂ ‘ਚੋਂ ਸਭ ਤੋਂ ਨਿੱਕਾ ਵੈਨ ਅੱਗੇ ਬਾਹਵਾਂ ਖਿਲਾਰ ਕੇ ਖੜ੍ਹ ਗਿਆ ਸੀ। ਗ਼ਲੀ-ਗੁਆਂਢ ਦੇ ਕਾਫ਼ੀ ਬੰਦੇ ਇਕੱਠੇ ਹੋ ਗਏ ਸਨ। ਮੇਰੇ ਕੋਲ ਉਸਦਾ ਜੋ ਵੀ ਸਮਾਨ ਸੀ, ਸਾਡੀ ਖੇਖਣ ਹਾਰੀ ਭੂਆ ਨੇ ਕੱਢ ਕੇ ਉਸਦੇ ਮਾਪਿਆਂ ਨੂੰ ਫੜਾ ਦਿੱਤਾ ਸੀ। ਭੂਆ ਮੁੱਢੋਂ ਹੀ ਬੇਈਮਾਨ ਸੀ। ਮਾਂ ਦੀ ਮੌਤ ਤੋਂ ਬਾਅਦ ਉਹੀ ਘਰ ਦੀ ਕਾਰਜ-ਮੁਖਤਿਆਰ ਬਣੀ ਬੈਠੀ ਸੀ। ਪੰਜਾਬੀ ਫ਼ਿਲਮਾਂ ਵਿਚਲੀ ਗੁਲਾਬੋ ਮਾਸੀ ਵਰਗੀ ਸਾਡੀ ਭੂਆ, ਉਸਨੂੰ ਛੇਤੀ-ਛੇਤੀ ਘਰੋਂ ਕੱਢਣਾ ਚਾਹੁੰਦੀ ਸੀ। ਰੌਲਾ-ਰੱਪਾ ਤੇ ਖਿੱਚ-ਧੂਹ ਹੋਣ ਲੱਗੀ ਸੀ ਤਾਂ ਇੱਕ ਵਾਰ ਤਾਂ ਉਸਦੇ ਮਾਪੇ ਘਬਰਾ ਗਏ ਸਨ। ਗੱਲ ਵਿਗੜਦੀ ਵੇਖ ਕੇ ਉਹ ਚਾਲ ਖੇਡਣ ਲੱਗੇ।
‘ਭਾਈ ਬੇਸ਼ੱਕ ਸਾਡੇ ਤੋਂ ਲਿਖਾ ਲਓ। ਕਿਸੇ ਗੁਰਦੁਆਰਾ ਸਾਹਿਬ ‘ਚ ਸਹੁੰ ਖੁਆ ਲਓ। ਇਹ ਕੁੜੀ ਸਾਡੇ ਕੋਲ ਥੋਡੀ ਅਮਾਨਤ ਐ। ਸਾਨੂੰ ਕੇਰਾਂ ਲੈ ਜਾਣ ਦਿਉ। ਜਦੋਂ ਗੱਲ ਠੰਡੀ ਪੈ ਗਈ ਅਸੀਂ ਪਿੰਡੋਂ ਬਾਹਰ ਕਿਸੇ ਗੁਰਦੁਆਰੇ ਲਿਜਾ ਕੇ ਅਨੰਦ ਪੜਾ ਦਿਆਂਗੇ। ਬੱਸ ਕੇਰਾਂ ਸਾਡੀ ਰੱਖ’ਲੋ।’
ਉਨ੍ਹਾਂ ਕਾਗਜ਼ ‘ਤੇ ਐਗਰੀਮੈਂਟ ਵੀ ਲਿਖ ਕੇ ਦੇ ਦਿੱਤਾ। ਹਾਜ਼ਰ ਦੋ ਚਹੁੰ ਬੰਦਿਆਂ ਦੇ ਦਸਤਖਤ ਵੀ ਕਰਵਾ ਲਏ। ਮੈਨੂੰ ਪਤਾ ਸੀ ਕਿ ਇਸ ਲਿਖਤ ਦਾ ਕੋਈ ਮੁੱਲ ਨ੍ਹੀਂ ਪਰ ਮੇਰੀ ਕੋਈ ਪੇਸ਼ ਨ੍ਹੀਂ ਸੀ ਗਈ। ਉਸ ਸਮੇਂ ਹਾਲਾਤ ਹੀ ਅਜਿਹੇ ਬਣੇ ਪਏ ਸਨ। ਉਂਜ ਉਨ੍ਹਾਂ ਨੂੰ ਤੁਰਨ ਲੱਗਿਆਂ ਮੈਂ ਲੁਕਵੀਂ ਧਮਕੀ ਦੇ ਦਿੱਤੀ ਸੀ।
‘ਕਿੰਨਾ ਕੁ ਚਿਰ ਇਸਨੂੰ ਘਰੇ ਬੰਦ ਕਰਕੇ ਰੱਖ ਲਉਂਗੇ?’
ਜਿਵੇਂ ਕਿ ਆਸ ਹੀ ਸੀ, ਆਪਣੀ ਕੁੜੀ ਨੂੰ ਘਰੇ ਲਿਜਾਣ ਤੋਂ ਛੇਤੀ ਬਾਅਦ ਉਨ੍ਹਾਂ ਨੂੰ ਆਪਣਾ ਵਾਅਦਾ ਵਿਸਰ ਗਿਆ। ਮੇਰੇ ਚਿਹਰੇ ‘ਤੇ ਮੀਲਾਂ ਲੰਮੀ ਉਦਾਸੀ ਤੇ ਚੁੱਪ ਨੇ ਡੇਰਾ ਲਾ ਲਿਆ ਸੀ। ਮੇਰੇ ਚਿਹਰੇ ਦੀ ਉਦਾਸੀ ਫ਼ੌਜੀ ਰਹੇ ਬਾਪ ਤੋਂ ਸਹਾਰੀ ਨ੍ਹੀਂ ਸੀ ਗਈ। ਉਹ ਉਨ੍ਹਾਂ ਦੇ ਘਰ ਰਿਸ਼ਤੇ ਦੀ ਭੀਖ ਮੰਗਣ ਚਲਾ ਗਿਆ। ਬਾਪ ਜਿਵੇਂ ਖ਼ਾਲੀ ਝੋਲੀ ਲੈ ਕੇ ਗਿਆ, ਉਵੇਂ ਹੀ ਖ਼ਾਲੀ ਝੋਲੀ ਪਰਤ ਆਇਆ। ਬੇਇਜ਼ਤ ਹੋ ਕੇ ਮੁੜੇ ਬਾਪੂ ਦੇ ਚਿਹਰੇ ਉਤਲੀ-ਨਮੋਸ਼ੀ ਮੈਥੋਂ ਸਹਾਰੀ ਨ੍ਹੀਂ ਸੀ ਗਈ। ਉਸ ਦੀਆਂ ਅੱਖਾਂ ਝੀਲ ਬਣੀਆਂ ਪਈਆਂ ਸਨ।
‘ਅੱਜ ਤੈਂਅ ਮੇਰੀ ਵੱਡੀ ਬੇਇਜ਼ਤੀ ਕਰਵਾਈ ਐ। ਮੈਂ ਸਾਰੀ ਉਮਰ ਕਿਸੇ ਦੀ ਟੈਂਅ ਨ੍ਹੀਂ ਸੀ ਮੰਨੀ… ਅੱਜ ਮੈਨੂੰ ਨੀਵਾਂ ਹੋਣਾ ਪੈ ਗਿਆ। ਉਹ ਆਖਦੇ ਅਸੀਂ ਜਾਤੋਂ-ਬੇਜਾਤ ਆਵਦੀ ਕੁੜੀ ਕਿਵੇਂ ਦੇਦੀਏ। ਜਾਤਾਂ-ਕੁਜਾਤਾਂ ਪਰਖਦੇ ਸੀ। ਤੂੰ ਦੱਸ, ਆਪਣੇ ਨਾਲੋਂ ਵੱਧ ਉਨ੍ਹਾਂ ਦੇ ਕੀ ਫੁੱਲ ਲੱਗੇ ਆ?’ ਮੈਂ ਨੀਵੀਂ ਪਾਈ ਖੜ੍ਹਾ, ਪੈਰ ਦੇ ਅੰਗੂਠੇ ਨਾਲ ਧਰਤੀ ਖੁਰਚਦਾ ਰਿਹਾ।
‘ਲੱਗਦੈ ਤੂੰ ਮਰਵਾਏਂਗਾ ਵਿਚਾਰੀ ਕੁੜੀ ਨੂੰ। ਭੰਗ ਦੇ ਭਾੜੇ ਜਾਨ ਗੰਵਾਏਂਗਾ ਉਹਦੀ। ਉਨ੍ਹਾਂ ਨੂੰ ਹੈਨੀ ਚੜੀ-ਲੱਥੀ ਦੀ। ਉਹਦੀ ਮਾਂ ਨ੍ਹੀਂ ਪੱਟੀ ਬੱਝਣ ਦਿੰਦੀ। ਉਹਨੇ ਨ੍ਹੀਂ ਮੰਨਣਾ। ਉਹ ਤਾਂ ਕਿਸੇ ਗੱਲ ‘ਤੇ ਨ੍ਹੀਂ ਆਈ। ਮੈਨੂੰ ਆਸਿਓਂ-ਪਾਸਿਓਂ ਪਤਾ ਲੱਗਾ ਕਿ ਕੁੜੀ ‘ਤੇ ਤਸ਼ੱਦਦ ਹੁੰਦਾ। ਉਹਨੂੰ ਮਾਰਦੇ ਕੁੱਟਦੇ ਆ। ਰੱਬ ਦਾ ਵਾਸਤਾ ਖਹਿੜਾ ਛੱਡ ਉਹਦਾ, ਨ੍ਹੀਂ ਮਾਰ ਕੇ ਪਾ ਖਪਾ ਦੇਣਗੇ ਵਿਚਾਰੀ ਨੂੰ। ਪਾਪ ਲਏਂਗਾ ਵਿਚਾਰੀ ਗਊਂ ਦਾ।’
‘ਪਾਪਾ ਜੀ! ਮੈਂ ਮੁੱਲ ਮੋੜੂੰ ਥੋਡੀ ਹੋਈ ਬੇਇਜ਼ਤੀ ਦਾ।’ ਮੈਂ ਆਪਣੇ ਅੰਦਰਲੀ ਸਾਰੀ ਹਿੰਮਤ ਇਕੱਠੀ ਕਰਕੇ ਆਖਿਆ ਸੀ।
‘ਉਹ ਇਸੇ ਘਰ ‘ਚ ਆਊ ਥੋਡੀ ਨੂੰਹ ਬਣ ਕੇ…ਕਿੰਨਾ ਕੁ ਚਿਰ ਰੋਕ ਲੈਣਗੇ ਜਿੰਦਰੇ ਲਾ ਕੇ?’ ਆਖਦਿਆਂ ਮੈਂ ਘਰੋਂ ਬਾਹਰ ਨਿਕਲ ਗਿਆ ਸਾਂ। ਬਾਪੂ ਦੀਆਂ ਸਿੱਲੀਆਂ ਹੋਈਆਂ ਅੱਖਾਂ ਦਾ ਮੈਥੋਂ ਸਾਹਮਣਾ ਨ੍ਹੀਂ ਸੀ ਹੋ ਰਿਹਾ।
ਫਿਰ ਕਈ ਮਹੀਨੇ ਲੰਘ ਗਏ।
ਉਸਨੂੰ ਮਿਲਣ ਲਈ ਸਹਿਕਦਾ ਰਿਹਾ। ਜਦੋਂ ਵੀ ਕੋਈ ਸੁੱਖ-ਸੁਨੇਹਾ ਹਵਾ ਦੇ ਘਨ੍ਹੇੜੇ ਚੜ੍ਹ ਕੇ ਆਉਂਦਾ, ਲੱਗਦਾ ਜਿਵੇਂ ਮਾਰੂਥਲ ਵਿਚ ਸੜ ਰਹੇ ਰੁੱਖ ਵੱਲ ਠੰਢੀ ਸ਼ੀਤ ਹਵਾ ਦਾ ਬੁੱਲ੍ਹਾ ਆ ਗਿਆ ਹੋਵੇ। ਜਿਵੇਂ ਜੁਗਾਂ ਪਿਆਸੀ ਧਰਤੀ ਉੱਤੇ ਕਿਣ-ਮਿਣ ਹੋ ਜਾਵੇ। ਉਹ ਕਿਸੇ ਕਾਪੀ ਕਿਤਾਬ ਦੇ ਵਰਕੇ ‘ਤੇ ਚਾਰ ਸ਼ਬਦ ਝਰੀਟ ਕੇ ਕਿਸੇ ਨਾ ਕਿਸੇ ਬਹਾਨੇ ਮੇਰੇ ਤਕ ਪੁੱਜਦਾ ਕਰ ਦਿੰਦੀ। ਹਰਮੀਤ ਵਿਦਿਆਰਥੀ ਵੀ ਆਨੇ-ਬਹਾਨੇ ਉਸਦੇ ਘਰ ਗੇੜਾ ਮਾਰ ਕੇ ਸੁੱਖ-ਸਾਂਦ ਦਾ ਪਤਾ ਲੈ ਆਇਆ ਸੀ। ਦਰਅਸਲ ਕੋਰਟ ਮੈਰਿਜ ਕਰਵਾਉਣ ਤੋਂ ਪਹਿਲਾਂ, ਗੁਰਦੁਆਰਾ ਸਾਹਿਬ ਵਿਚ ਅਨੰਦ ਕਾਰਜ ਦੀਆਂ ਰਸਮਾਂ ਕਰਨ ਤੇ ਕਰਾਉਣ ਵਿਚ ਹਰਮੀਤ ਮੋਹਰੀ ਸੀ। ਉਂਜ ਵੀ ਸ਼ਬਦ ਸ਼ਿਲਪੀ ਹਰਮੀਤ ਨਾਲ ਮੇਰਾ ਰਿਸ਼ਤਾ ਹੀ ਅਜਿਹਾ ਹੈ, ਉਸਤੋਂ ਮੇਰਾ ਦੁੱਖ ਦੇਖਿਆ ਹੀ ਨ੍ਹੀਂ ਸੀ ਜਾਂਦਾ।
ਜਿਨ੍ਹਾਂ ਦਿਨਾਂ ਵਿਚ ਅਸੀਂ ਵਿਛੋੜੇ ਦੀ ਭੱਠੀ ਵਿਚ ਝੁਲਸ ਰਹੇ ਸਾਂ, ਉਨ੍ਹਾਂ ਦਿਨਾਂ ਵਿਚ ਸਾਡੇ ਦੋਖੀਆਂ ਵੱਲੋਂ ਦੋਵੇਂ ਪਾਸੇ ਅਫ਼ਵਾਹਾਂ ਵੀ ਫੈਲਾਈਆਂ ਜਾ ਰਹੀਆਂ ਸਨ।
‘ਉਹ ਤਾਂ ਮੰਗੀ ਗਈ ਐ ਮਾਨਸੇ ਕੰਨੀ’
‘ਉਹਨੇ ਅਗੇਂਜਮੈਂਟ ਕਰਵਾ ਲਈ ਐ, ਮੁੰਡਾ ਕਲਕੱਤੇ ਵੰਨੀਂ ਰਹਿੰਦੈ।’ ਅਜਿਹੀਆਂ ਭਾਖਿਆਵਾਂ ਸੁਣ ਕੇ ਮੇਰੇ ਕੰਨਾਂ ਵਿਚ ਸਰਸਰਾਹਟ ਹੁੰਦੀ।
‘ਕਿਉਂ ਐਵੇਂ ਖ਼ੂਨ ਸਾੜੀ ਜਾਨੈਂ ਉਹਦੀ ਖ਼ਾਤਰ? ਉਹ ਤਾਂ ਕਹਿੰਦੀ ਮੈਂ ਲੈਣਾ ਕੀ ਐ ਉਸ ਨੰਗ ਤੋਂ।’ ਮੇਰਾ ਦਿਲ ਲੂਹਿਆ ਜਾਂਦਾ। ਉਂਜ ਦਿਲ ਇਨ੍ਹਾਂ ਗੱਲਾਂ ਨੂੰ ਸੱਚ ਮੰਨਣ ਤੋਂ ਇਨਕਾਰੀ ਹੋਇਆ ਰਿਹਾ। ਇਹੋ ਜਿਹੀਆਂ ਅਫ਼ਵਾਹਾਂ ਉਸਦੇ ਕੰਨੀਂ ਵੀ ਪਾਈਆਂ ਜਾਂਦੀਆਂ ਸਨ। ਮੈਂ ਤਾਂ ਫਿਰ ਵੀ ਆਜ਼ਾਦ ਪੰਛੀ ਸਾਂ…ਪਰ ਉਹ ਤਾਂ ਪਿੰਜਰੇ ਵਿਚ ਬੰਦ ਸੀ। ਮੈਂ ਸੋਚਦਾ ਕਿ ਮੈਂ ਤਾਂ ਟੇਢੇ-ਮੇਢੇ ਢੰਗ ਨਾਲ ਉਸਦੇ ਬਾਰੇ ਸੂਹ ਲੈ ਹੀ ਲੈਂਦਾ ਹਾਂ, ਪਰ ਉਸਨੂੰ ਮੇਰੇ ਬਾਰੇ ਕਿਵੇਂ ਪਤਾ ਲੱਗਦਾ ਹੋਊ? ਉਹ ਤਾਂ ਕੇਵਲ ਅਫ਼ਵਾਹਾਂ ਆਸਰੇ ਹੀ ਦਿਨ ਕੱਢਦੀ ਹੋਊ।
ਗਲੀ ਗੁਆਂਢ ਦੀ ਕੋਈ ਚਾਚੀ-ਤਾਈ ਭਾਬੀ ਉਸਦੇ ਕੰਨ ਵਲੇਲ ਪਾ ਦਿੰਦੀ-
‘ਨੀ ਸੁਣਿਐ…ਉਹਨੇ ਵਿਆਹ ਕਰਾ ਲਿਆ। ਤੂੰ ਐਵੇਂ ਝੱਲੀ ਹੋਈ ਪਈ ਏਂ। ਐਵੇਂ ਤਸੀਹੇ ਸਹਿਨੀ ਏਂ ਘਰਦਿਆਂ ਦੇ। ਛੱਡ ਖਹਿੜਾ। ਬੰਦੇ ਨ੍ਹੀਂ ਕਿਸੇ ਦੇ ਮਿੱਤ ਹੁੰਦੇ। ਅਖੇ ਜੰਗਲ ਗਏ ਨਾ ਬਹੁੜਦੇ ਸੁੰਦਰਾਂ ਨੂੰ… ਇਹ ਬੰਦੇ ਤਾਂ ਜੋਗੀਆਂ ਅਰਗੇ ਹੁੰਦੇ। ਅਗਲੇ ਦਾ ਸਾਰਾ ਕੁਝ ਲੁੱਟ-ਪੁੱਟ ਕੇ ਅਹੁ ਜਾਂਦੇ।’ ਲੋਕਾਂ ਦੀਆਂ ਅਜਿਹੀਆਂ ਗੱਲਾਂ ਸੁਣ ਕੇ ਉਸਦਾ ਦਿਲ ਕਿਵੇਂ ਨਾ ਡੋਲਦਾ?
ਸਮਾਂ ਘਸਰਦਾ-ਘਸਰਦਾ ਲੰਘ ਰਿਹਾ ਸੀ। ਫਿਰ ਇੱਕ ਦਿਨ ਉਸਦੇ ਮਾਂ-ਬਾਪ ਵੱਲੋਂ ਕਿਸੇ ਹੱਥ ਸੁਨੇਹਾ ਆਇਆ ਕਿ ਮੈਂ ਉਸਨੂੰ ਤਲਾਕ ਲਿਖ ਦੇਵਾਂ। ਅਸੀਂ ਆਪਣੀ ਕੁੜੀ ਨੂੰ ਮਰਜ਼ੀ ਨਾਲ ਕਿਤੇ ਵਿਆਹ ਲਵਾਂਗੇ, ਤੂੰ ਆਵਦੀ ਮਰਜ਼ੀ ਨਾਲ ਆਵਦਾ ਵਿਆਹ-ਮੰਗਣਾ ਕਰਵਾ ਲੈ। ਸਾਡੀ ਕੁੜੀ ਤੇਰੇ ਨਾਲ ਵਿਆਹ ਤੋਂ ਇਨਕਾਰੀ ਐ।
‘ਉਹ ਮੇਰੇ ਮੂੰਹ `ਤੇ ਆ ਕੇ ਕਹਿ ਦੇਵੇ ਕਿ ਮੈਂ ਤੇਰੇ ਨਾਲ ਨ੍ਹੀਂ, ਮੈਂ ਉਸੇ ਵਕਤ ਤਲਾਕ ਲਿਖ ਦਿਆਂਗਾ। ਫੇਰ ਜਿੱਥੇ ਮਰਜ਼ੀ ਵਿਆਹ ਕਰਵਾ ਲਏ।’ ਮੇਰੇ ਅੰਦਰਲਾ ਵਿਸ਼ਵਾਸ਼ ਅਡਿੱਗ ਸੀ। ਕੁਝ ਸਾਂਝੇ ਬੰਦਿਆਂ ਨੇ ਸਾਡਾ ਮੋਗੇ ਮਿਲਣ ਦਾ ਪ੍ਰੋਗਰਾਮ ਬਣਾ ਦਿੱਤਾ। ਮੇਰੇ ਸ਼ਰਤ ਰੱਖਣ ‘ਤੇ ਸਾਨੂੰ ਦੋਵਾਂ ਨੂੰ ਅਲੱਗ ਹੋ ਕੇ ਪੰਜ ਕੁ ਮਿੰਟ ਗੱਲ ਕਰਨ ਦਾ ਮੌਕਾ ਦੇ ਦਿੱਤਾ ਗਿਆ। ਸਾਰਿਆਂ ਤੋਂ ਅੱਖ ਬਚਾ ਕੇ ਮੈਂ ਉਸਦੇ ਹੱਥ ਆਪਣੇ ਹੱਥਾਂ ਵਿਚ ਘੁੱਟ ਲਏ।
‘ਮੈਂ ਬੜੀ ਔਖ ਵਿਚ ਹਾਂ। ਮੇਰੇ ‘ਤੇ ਨਿੱਤ ਰੋਜ਼ ਸਰੀਰਕ ਤੇ ਮਾਨਸਿਕ ਤਸ਼ੱਦਦ ਹੁੰਦਾ। ਮੇਰੇ ‘ਤੇ ਯਕੀਨ ਰੱਖ ਮੈਂ ਤੇਰੇ ਨਾਲ ਹਾਂ। ਇਹ ਜੋ ਆਂਹਦੇ ਲਿਖਦੇ। ਕੋਈ ਅਰਥ ਨ੍ਹੀਂ ਇਨ੍ਹਾਂ ਲਿਖਿਆਂ ਦਾ। ਤੂੰ ਬੱਸ ਮੇਰੀ ਉਡੀਕ ਰੱਖੀਂ। ਮੈਂ ਆਵਾਂਗੀ।’
‘ਉਡੀਕ ਦੀ ਕੀ ਗੱਲ ਐ? ਇੱਕ ਦਿਨ, ਇੱਕ ਮਹੀਨਾ, ਇੱਕ ਸਾਲ…ਇਹ ਤਾਂ ਕੀ ਮੈਂ ਇੱਕ ਯੁੱਗ ਉਡੀਕ ਕਰਾਂਗਾ।’ ਮੈਂ ਕੋਸੇ-ਕੋਸੇ ਹੰਝੂ ਉਸਦੀ ਤਲੀ ‘ਤੇ ਟਿਕਾ ਦਿੱਤੇ ਸਨ। ਉਸਦੇ ਬੋਲਾਂ ਨਾਲ ਜਿਵੇਂ ਸਾਰੇ ਸਵਰਗ ਮੇਰੀ ਝੋਲੀ ਵਿਚ ਆ ਗਏ ਸਨ। ਉਸਦੇ ਇਨ੍ਹਾਂ ਬੋਲਾਂ ਦੇ ਭਰੋਸੇ ਮੈਂ ਅਸ਼ਟਾਮ ਉੱਤੇ ਗੋਲ-ਮੋਲ ਜਿਹਾ ਲਿਖ ਦਿੱਤਾ ਸੀ। ਇਸ ਵਿਚ ਕਿਧਰੇ ਵੀ ਤਲਾਕ ਜਿਹਾ ਸ਼ਬਦ ਨ੍ਹੀਂ ਸੀ। ਦਰਅਸਲ ਅਸੀਂ ਦੋਵਾਂ ਨੇ ਹੀ ਘਰਦਿਆਂ ਨੂੰ ਸਿੱਧੇ ਹੋ ਕੇ ਟੱਕਰਨ ਦਾ ਮਨ ਬਣਾ ਲਿਆ ਸੀ।
‘ਗੱਲ ਸੁਣ! ਐਵੇਂ ਪੰਗੇ ਨਾ ਲੈ ਇਨ੍ਹਾਂ ਨਾਲ। ਤੇਰੇ ਕੋਲ ਲਾਉਣ ਨੂੰ ਕੁੱਛ ਨੀ। ਇਹ ਤਾਂ ਚਾਰ ਸਿਆੜ ਵੇਚ ਕੇ ਮੁਕੱਦਮੇ ‘ਤੇ ਲਾ ਦੇਣਗੇ, ਤੂੰ ਕੀ ਕਰੇਂਗਾ। ਛੱਡ ਖਹਿੜਾ ਇਨ੍ਹਾਂ ਦਾ। ਇਹ ਕਮਲੇ ਲੋਕ ਐ…ਇਨ੍ਹਾਂ ਨਾਲ ਕੀ ਮੁਕਾਬਲਾ?’ ਦੂਜੀ ਧਿਰ ਦੇ ਬੰਦਿਆਂ ‘ਚੋਂ ਇੱਕ ਨੇ ਮੇਰੇ ਕੋਲ ਹੌਲੀ ਜਿਹੇ ਕਿਹਾ ਸੀ। ਇਹ ਬੰਦਾ ਥੋੜ੍ਹਾ-ਥੋੜ੍ਹਾ ਮੈਨੂੰ ਵੀ ਜਾਣਦਾ ਸੀ, ਸ਼ਾਇਦ ਏਸੇ ਕਰਕੇ ਹੀ ਉਸਨੂੰ ਨਾਲ ਲੈ ਕੇ ਆਏ ਸਨ।
‘ਇਨ੍ਹਾਂ ਨੂੰ ਤਾਂ ਫ਼ਿਕਰ ਹੋਊ ਕਿ ਜ਼ਮੀਨ ਵਿਕਜੂ…ਮੈਨੂੰ ਤਾਂ ਉਹ ਵੀ ਹੈਨੀ। ਮੇਰੇ ਕੋਲ ਗੁਆਉਣ ਨੂੰ ਹੈ ਕੀ ਐ?’ ਆਖਣ ਵਾਲਾ ਚੁੱਪ ਹੋ ਗਿਆ ਸੀ।
‘ਇਹ ਤਾਂ ਕੋਈ ਗੱਲ ਨ੍ਹੀਂ ਬਣੀ। ਇਹ ਤਾਂ ਐਵੇਂ ਗੋਲ-ਮੋਲ ਲਿਖਿਆ। ਸਾਨੂੰ ਸਾਫ਼ ਸਪੱਸ਼ਟ ਸ਼ਬਦਾਂ ਵਿਚ ਤਲਾਕ ਲਿਖ ਕੇ ਦੇ।’ ਉਹ ਅੜ ਗਏ ਸਨ।
ਇਸ ਗੱਲ ਲਈ ਮੈਂ ਕਿਵੇਂ ਤਿਆਰ ਹੁੰਦਾ? ਤਲਾਕ ਲਿਖ ਕੇ ਦੇਣ ਨਾਲ ਮੇਰੇ ਹੱਥ ਕੀ ਰਹਿ ਜਾਂਦਾ? ਕਿਹੜੇ ਆਸਰੇ ਲੜਾਈ ਜਾਰੀ ਰੱਖਦਾ? ਮੇਰੇ ਇਨਕਾਰ ਕਰਨ ‘ਤੇ ਉਹ ਗੁੱਸੇ ਹੋ ਕੇ ਚਲੇ ਗਏ।
ਇਸ ਦਿਨ ਤੋਂ ਬਾਅਦ ਉਸ ‘ਤੇ ਫਿਰ ਸਖ਼ਤ ਪਾਬੰਦੀਆਂ ਆਇਦ ਹੋ ਗਈਆਂ ਸਨ। ਕੇਵਲ ਹਵਾ ਹੱਥ ਹੀ ਇੱਕ ਦੂਜੇ ਨੂੰ ਸੁਨੇਹਾ ਭੇਜਿਆ ਜਾ ਸਕਦਾ ਸੀ। ਮੇਰੇ ਲਈ ਤਸੱਲੀ ਦਾ ਕੋਈ ਸਬੱਬ ਸੀ ਤਾਂ ਉਹ ਸੀ ਅਖ਼ਬਾਰ। ਜਦੋਂ ਵੀ ਮੇਰੀ ਕੋਈ ਰਚਨਾ ਅਖ਼ਬਾਰ ਵਿਚ ਛਪਦੀ ਮੈਨੂੰ ਜਾਪਦਾ ਜਿਵੇਂ ਮੈਂ ਆਪਣਾ ਸੁਨੇਹਾ ਉਸ ਕੋਲ ਭੇਜ ਦਿੱਤਾ ਹੋਵੇ। ਉਨ੍ਹਾਂ ਦਿਨਾਂ ਵਿਚ ਮੇਰੀ ਕਲਮ ਦਾ ਜਿਵੇਂ ਕੜ ਹੀ ਪਾਟ ਗਿਆ ਹੋਵੇ। ਮੈਂ ਧੜਾਧੜ ਕਹਾਣੀਆਂ, ਆਰਟੀਕਲ ਅਤੇ ਨਜ਼ਮਾਂ ਲਿਖ ਕੇ ਅਖ਼ਬਾਰਾਂ ਨੂੰ ਭੇਜ ਰਿਹਾ ਸਾਂ। ਦਰਅਸਲ ਮੈਂ ਤਾਂ ਲਿਖਦਾ ਹੀ ਉਸ ਲਈ ਸਾਂ। ਮੈਨੂੰ ਯਕੀਨ ਸੀ ਅਖ਼ਬਾਰ ਰਾਹੀਂ ਉਹ ਮੈਨੂੰ ਮਿਲ ਲੈਂਦੀ ਹੋਵੇਗੀ।
ਇਨ੍ਹਾਂ ਦਿਨਾਂ ਵਿਚ ਮੇਰੇ ਇੱਕ ਦੁਸ਼ਮਣਾਂ ਵਰਗੇ ਦੋਸਤ ਨੇ ਮੈਨੂੰ ਇੱਕ ਅਜੀਬ ਤੇ ਕਲੱਲੀ ਸਲਾਹ ਦੇ ਦਿੱਤੀ। ਉਸਦੀ ‘ਨੇਕ’ ਸਲਾਹ ‘ਤੇ ਅਮਲ ਕਰਦਿਆਂ ਮੈਂ ਅਖ਼ਬਾਰ ਵਿਚ ਆਪਣੇ ਵਿਆਹ ਸਬੰਧੀ ਮੈਟਰੀਮੋਨੀਅਲ ਦੇ ਦਿੱਤਾ। ਦੋਸਤ ਦੇ ਕਹਿਣ ਮੁਤਾਬਕ ਪਲਾਨ ਇਹ ਬਣਾਈ ਗਈ ਕਿ ਇਹ ਇਸ਼ਤਿਹਾਰ ਪੜ੍ਹ ਕੇ ਉਸਦੇ ਘਰਦੇ ਸੋਚਣਗੇ ਕਿ ਮੈਂ ਵਿਆਹ ਕਰਵਾ ਰਿਹਾ ਹਾਂ। ਇਹ ਇਸ਼ਤਿਹਾਰ ਮੈਂ ਉਸਦੇ ਘਰਦਿਆਂ ਨੂੰ ਭੁਲੇਖਾ ਪਾਉਣ ਲਈ ਹੀ ਛਪਵਾਇਆ ਸੀ। ਮੇਰੀ ਇਹ ਸਕੀਮ ਕਾਮਯਾਬ ਵੀ ਹੋ ਗਈ ਤੇ ਉਸ ਲਈ ਪਿੰਜਰੇ ਦਾ ਬੂਹਾ ਖੁੱਲ੍ਹ ਗਿਆ। ਪਰ ਮੇਰੀ ਸੋਚ ਦੇ ਉਲਟ ਇਸਦਾ ਵੱਡਾ ਪ੍ਰਤੀਕਰਮ ਵੀ ਹੋ ਗਿਆ। ਉਸਦੇ ਦਿਮਾਗ ਵਿਚ ਇਹ ਭਰ ਗਿਆ ਕਿ ਮੈਂ ਬੇਵਫ਼ਾ ਹੋ ਕੇ ਆਪਣਾ ਘਰ ਵਸਾਉਣ ਲੱਗਾ ਹਾਂ। ਇਹ ਤਾਂ ਮੈਂ ਸੋਚਿਆ ਹੀ ਨ੍ਹੀਂ ਸੀ ਕਿ ਮੇਰੀ ਸਕੀਮ ਦੀ ਪ੍ਰਤੀਕਿਰਿਆ ਐਨੀ ਮਾੜੀ ਹੋਵੇਗੀ।
‘ਲੈ ਬਣਦੀ ਸੀ ਉਹਦੀ ਹੇਜ਼ਲੀ…ਕਹਿੰਦਾ ਸੀ ਸੱਤ ਜਨਮ ਤੇਰੀ ਉਡੀਕ ਕਰੂੰ, ਦੋ ਮਹੀਨੇ ਨ੍ਹੀਂ ਕੱਟ ਹੋਏ। ਐਨਾ ਈ ਸੋਚ ਲੈਂਦਾ ਵਈ ਜੀਹਨੂੰ ਐਨਾ ਚਿਰ ਰੋਲਿਆ, ਪਹਿਲਾਂ ਕੁੜੀ ਵਿਆਹ ਕਰਾ’ਲੇ। ਹੁਣ ਬੈਠ ਕੇ ਗਾਈ ਚੱਲ ਉਹਦੇ ਗੀਗੇ। ਅਗਲਾ ਤਾਂ ਲੱਗਾ ਵਿਆਹ ਕਰਾਉਣ। ਭਰਲੈ ਝੋਲੀਆਂ।’ ਉਸਦੇ ਘਰਦਿਆਂ ਦੇ ਮਸੀਂ-ਮਸੀਂ ਤਾਂ ਮੌਕਾ ਹੱਥ ਲੱਗਾ ਸੀ।
‘ਲੱਭਿਆ ਤਾਂ ਵੇਖ ਇਹਨੇ ਕੀ…ਨਾ ਛੱਜ ਹਾਲ ਦੀ ਸ਼ਕਲ, ਨਾ ਛੱਜ ਹਾਲ ਦੀ ਅਕਲ। ਫੁੱਟੇ ਤਵੇ ਨਾਲ ਉਹਦੀ ਸ਼ਰਤ ਲੱਗੀ ਐ। ਨੌਕਰੀ ਉਹਦੇ ਕੋਲ ਹੈਨੀ ਚੱਜ-ਹਾਲ ਦੀ। ਭੁੱਖ ਨੰਗ ਜਗਰਾਵੀਂ ਡੇਰਾ। ਪਤਾ ਨ੍ਹੀਂ ਇਹਨੂੰ ਥਿਆਈ ਕਿੱਥੋਂ ਸੀ ਕੁਜਾਤ ਇਸ਼ਕ ਲੜਾਉਣ ਨੂੰ?’ ਉਸ ਕੋਲ ਮੇਰੇ ਵਿਰੁਧ ਚੌਵੀ ਘੰਟੇ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ। ਉਹ ਘੋਰ ਨਿਰਾਸ਼ਾ ਤੇ ਮਾਯੂਸੀ ਵਿਚ ਘਿਰ ਗਈ।
ਕਦੇ ਉਸਨੂੰ ਸੁਣਨ ਨੂੰ ਮਿਲਦਾ, ‘ਸਾਨੂੰ ਉਹਦੇ ਪਿੰਡ ਆਲੇ ਮੁੰਡੇ ਤੋਂ ਪਤਾ ਲੱਗਾ। ਉਹ ਤਾਂ ਕਹਿੰਦੈ, ਮੈਂ ਕੀ ਲੈਣਾ ਐਹੋ ਜੀ ਤੋਂ? ਚਾਰ ਦਿਨ ਐਸ਼ ਕਰਨੀ ਸੀ ਕਰ’ਲੀ। ਮੈਂ ਨੀਂ ਢੂਈ ਮਾਰਦਾ ਐਹੋ ਜਈਆਂ ਦੀ। ਭਾਈ ਅਗਲਾ ਤਾਂ ਸਿਆਣਾ…ਤੈਨੂੰ ਕਮਲੀ ਨੂੰ ਬਦਨਾਮ ਕਰਕੇ ਧਰ’ਤਾ। ਉਹ ਤਾਂ ਕਹਿੰਦੈ ਮੈਨੂੰ ਤਾਂ ਚੰਗੇ-ਚੰਗੇ ਘਰਾਂ ਦੇ ਰਿਸ਼ਤੇ ਆਉਂਦੇ ਐ।’ ਰਿਸ਼ਤੇਦਾਰੀਆਂ ਰਾਤ ਦਿਨ ਉਸਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਦੀਆਂ। ਉਸਦਾ ਦਿਮਾਗ ਬਦਲਣ ਦੀਆਂ ਹਰ ਸੰਭਵ ਕੋਸ਼ਿਸ਼ਾਂ ਹੋ ਰਹੀਆਂ ਸਨ। ਇਧਰ ਮੈਂ ਅੱਡ ਚਿੰਤਾ ਅਤੇ ਦੁੱਖ ਵਿਚ ਘੁਲਦਾ ਉਸਦੇ ਬਾਰੇ ਕੋਈ ਖ਼ਬਰ ਜਾਨਣ ਲਈ ਤੜਪਦਾ ਰਹਿੰਦਾ।
ਇੱਕ ਦਿਨ ਮੈਂ ਸੀ.ਆਈ.ਡੀ. ਵਿਭਾਗ ਦੇ ਸਬ-ਇੰਸਪੈਕਟਰ, ਜੋ ਮੇਰਾ ਜਾਣੂ ਤੇ ਪ੍ਰਸ਼ੰਸਕ ਸੀ ਨੂੰ ਇਨਕੁਆਰੀ ਦੇ ਬਹਾਨੇ ਉਸਦੇ ਘਰ ਭੇਜਣ ਲਈ ਤਿਆਰ ਕਰ ਲਿਆ। ਪਛਾਣ ਹਿੱਤ ਉਸਦੀ ਫੋਟੋ ਵੀ ਦੇ ਦਿੱਤੀ। ਉਹ ਇੰਸਪੈਕਟਰ ਉਸਦੇ ਘਰਦਿਆਂ ਨੂੰ ਜਾ ਕੇ ਮਿਲਿਆ। ਅਗਲੇ ਦਿਨ ਉਸਨੇ ਆਪਣੀ ਰਿਪੋਰਟ ਮੈਨੂੰ ਆ ਦਿੱਤੀ। ਫੋਟੋ ਮੈਨੂੰ ਵਾਪਿਸ ਕਰਦਿਆਂ ਆਖਿਆ, ‘ਫੋਟੋ ਆਲੀ ਕੁੜੀ ਘਰ ਹੈਨੀ। ਉਸਦੇ ਘਰਦੇ ਕਹਿੰਦੇ ਕਿ ਸਾਡੀ ਕੁੜੀ ਨੇ ਤਾਂ ਮੁੰਡੇ ਬਾਰੇ ਲਿਖ ਕੇ ਦੇ ਦਿੱਤਾ ਹੈ। ਹੁਣ ਉਹਦੇ ਨਾਲ ਕੁੜੀ ਦਾ ਕੋਈ ਸਬੰਧ ਨ੍ਹੀਂ। ਅਸੀਂ ਤਾਂ ਕੁੜੀ ਕਿਧਰੇ ਕੰਮ ‘ਤੇ ਲਾ ਦਿੱਤੀ ਐ। ਸਾਨੂੰ ਵੀ ਭਾਈ ਕੋਈ ਤਰਾਜ਼ ਨ੍ਹੀਂ ਮੁੰਡਾ ਜਿੱਥੇ ਮਰਜ਼ੀ ਵਿਆਹ ਕਰਾਵੇ। ਸਾਡੀ ਕੁੜੀ ਕੋਈ ਅੜਿੱਕਾ ਨ੍ਹੀਂ ਡਾਹੁੰਦੀ।’
ਅਜਿਹੀ ਸ਼ੁੱਭ ਸੂਚਨਾ ਦੀ ਉਡੀਕ ਕਰਦਾ ਤਾਂ ਮੈਂ ਸਾਲ ਭਰ ਤੋਂ ਅੰਗਿਆਰਿਆਂ ‘ਤੇ ਸੌਂਦਾ ਆ ਰਿਹਾ ਸਾਂ। ਮੈਂ ਆਪਣੇ ਇੱਕ ਮਿੱਤਰ ਨੂੰ ਨਾਲ ਲੈ ਕੇ ਸਾਰੇ ਵੱਡੇ ਸ਼ਹਿਰਾਂ ਦੇ ਹਸਪਤਾਲ ਵੇਖਣ ਦਾ ਮਨ ਬਣਾ ਲਿਆ। ਇਸਦੀ ਸ਼ੁਰੂਆਤ ਅਸੀਂ ਪਟਿਆਲੇ ਤੋਂ ਕਰਨ ਦਾ ਫ਼ੈਸਲਾ ਕੀਤਾ ਕਿਉਂ ਕਿ ਉਸਨੇ ਟਰੇਨਿੰਗ ਪਟਿਆਲੇ ਤੋਂ ਹੀ ਕੀਤੀ ਸੀ। ਮੈਨੂੰ ਉਮੀਦ ਸੀ ਕਿ ਘਰਦਿਆਂ ਨੇ ਉਸਨੂੰ ਪਟਿਆਲੇ ਹੀ ਕਿਸੇ ਪ੍ਰਾਈਵੇਟ ਹਸਪਤਾਲ ਵਿਚ ਨੌਕਰੀ ‘ਤੇ ਲਵਾ ਦਿੱਤਾ ਹੋਊ। ਅਸੀਂ ਸਵੇਰੇ 7 ਤੋਂ ਰਾਤ 9 ਵਜੇ ਤਕ ਪਟਿਆਲੇ ਦੇ ਨਿੱਕੇ ਤੋਂ ਨਿੱਕੇ ਨਰਸਿੰਗ ਹੋਮ ਤੋਂ ਲੈ ਕੇ ਵੱਡੇ ਤੋਂ ਵੱਡੇ ਹਸਪਤਾਲ ਛਾਣ ਮਾਰੇ। ਪੁੱਛ-ਗਿੱਛ ਕਰਨ ਗਿਆਂ ਨੂੰ ਹਸਪਤਾਲਾਂ ਦੀਆਂ ਨਰਸਾਂ ਸ਼ੱਕ ਦੀ ਗੁੱਝੀ ਜਿਹੀ ਤੱਕਣੀ ਤੱਕਦੀਆਂ। ਪਟਿਆਲੇ ਤੋਂ ਕੋਈ ਖ਼ੈਰ ਨਾ ਪਈ ਤਾਂ ਅਗਲੇ ਦਿਨ ਲੁਧਿਆਣੇ ਨੂੰ ਘੇਰਾ ਪਾ ਲਿਆ, ਪਰ ਉਹ ਤਾਂ ਪਤਾ ਨ੍ਹੀਂ ਕਿਹੜੇ ਪਤਾਲੀਂ ਲਹਿ ਗਈ ਸੀ। ਮੈਂ ਨਿਰਾਸ਼ ਹੋ ਕੇ ਕਈ ਦਿਨ ਘਰ ਹੀ ਪਿਆ ਰਿਹਾ। ਐਡੀ-ਵੱਡੀ ਦੁਨੀਆਂ ਵਿਚ ਉਸਨੂੰ ਕਿਵੇਂ ਲੱਭਾਂਗਾ? ਫਿਰ ਸੋਚਣ ਲੱਗਦਾ, ਦੁਨੀਆਂ ਹੈ ਭਲਾ ਕਿੱਡੀ ਕੁ ਵੱਡੀ? ਫਿਰ ਸੋਚਦਾ, ਐਵੇਂ ਕਿਉਂ ਟੱਕਰਾਂ ਮਾਰ ਰਿਹੈਂ, ਉਸਨੂੰ ਸਰੀਰਕ-ਮਾਨਸਿਕ ਤਸ਼ੱਦਦ ਨੇ ਹੁਣ ਤਕ ਤੋੜ ਦਿੱਤਾ ਹੋਊ। ਆਖ਼ਰ ਸੰਘਰਸ਼ ਦੀ ਵੀ ਤਾਂ ਕੋਈ ਸੀਮਾ ਹੁੰਦੀ ਐ। ਮੇਰੇ ਖਿਲਾਫ਼ ਹੁੰਦੀਆਂ ਸਾਜ਼ਿਸ਼ਾਂ ਨੇ ਉਸਦਾ ਮਨ ਬਦਲ ਦਿੱਤਾ ਹੋਊ। ਨਿੱਤ ਪੱਥਰ ‘ਤੇ ਪਾਣੀ ਪੈਂਦਾ ਰਹੇ ਤਾਂ ਉਹ ਵੀ ਖੁਰ ਜਾਂਦਾ ਹੈ। ਉਹ ਤਾਂ ਫੇਰ ਵੀ ਹੱਡ ਮਾਸ ਦੀ ਬਣੀ ਹੈ। ਹੁਣ ਤਕ ਤਾਂ ਉੱਕਾ ਹੀ ਬਦਲ ਗਈ ਹੋਣੀ ਐ। ਜੇ ਬਦਲੀ ਨਾ ਹੁੰਦੀ ਤਾਂ ਮੈਨੂੰ ਫ਼ੋਨ ਨਾ ਕਰਦੀ? ਕੋਈ ਸੁੱਖ ਸੁਨੇਹਾ ਤਾਂ ਬੰਦਾ ਭੇਜ ਹੀ ਸਕਦਾ ਹੈ।
ਇੱਕ ਦਿਨ ਜਲੰਧਰ ਜਾਣ ਦਾ ਸਬੱਬ ਬਣ ਗਿਆ। ਅਖ਼ਬਾਰ ਵਿਚ ਮੈਟਰੀਮੋਨੀਅਲ ਦੇਣ ਦਾ ਸੁਝਾਅ ਦੇਣ ਵਾਲੇ, ਦੋਸਤ ਦਾ ਬੁਰਕਾ ਪਾਈ ਫਿਰਦੇ ਦੁਸ਼ਮਣ ਦੇ ਪਿੱਤੇ ਵਿਚ ਪੱਥਰੀ ਸੀ। ਜਲੰਧਰ ਅਸੀਂ ਕਿਸੇ ਡਾਕਟਰ ਨੂੰ ਦਿਖਾਉਣਾ ਸੀ। ਇਹ ਡਾਕਟਰ ਬਿਨਾਂ ਅਪਰੇਸ਼ਨ ਪਿੱਤੇ ਦੀਆਂ ਪੱਥਰੀਆਂ ਕੱਢਣ ਦਾ ਦਾਅਵਾ ਕਰਦਾ ਸੀ। ਸਿਹਤ ਸਮੱਸਿਆਵਾਂ ਸਬੰਧੀ ਉਸਦੇ ਲੇਖ ਅਖ਼ਬਾਰਾਂ ਵਿਚ ਛਪਦੇ ਰਹਿੰਦੇ ਸਨ। ਉਸ ਡਾਕਟਰ ਨੂੰ ਮਿਲਣ ਉਪਰੰਤ ਮੈਂ ਉਸ ਪਿਆਰੇ ਦੁਸ਼ਮਣ ਨੂੰ ਕੁਲਦੀਪ ਸਿੰਘ ਬੇਦੀ ਨੂੰ ਮਿਲਾਉਣ ਲਈ ਲੈ ਗਿਆ। ਬੇਦੀ ਸਾਹਿਬ ਜਿਸ ਅਖ਼ਬਾਰ ਦੇ ਸਾਹਿਤ ਸੰਪਾਦਕ ਹਨ, ਉਸ ਅਖ਼ਬਾਰ ਵਿਚ ਅਸੀਂ ਦੋਵੇਂ ਇੱਕ ਦੂਜੇ ਨੂੰ ਮੁਖਾਤਿਬ ਹੋ ਕੇ ਕਵਿਤਾਵਾਂ ਛਪਾਉਂਦੇ ਰਹੇ ਸਾਂ।
‘ਸ਼ਾਇਰਾ ਦਾ ਕੀ ਹਾਲ ਐ?’ ਮੈਂ ਬੇਦੀ ਨੂੰ ਇਸ ਤਰ੍ਹਾਂ ਪੁੱਛਿਆ ਸੀ। ਜਿਵੇ ਮੈਂ ਉਸਦੇ ਟਿਕਾਣੇ ਬਾਰੇ ਜਾਣਦਾ ਹੋਵਾਂ।
‘ਠੀਕ ਹੈ। ਤੂੰ ਨ੍ਹੀਂ ਆਇਆ ਮਿਲ ਕੇ?’ ਬੇਦੀ ਦੇ ਭਾਅ ਮੈਂ ਜਲੰਧਰ ਉਸਨੂੰ ਹੀ ਮਿਲਣ ਆਇਆ ਹੋਵਾਂਗਾ। ਬੇਦੀ ਨੂੰ ਕੀ ਪਤਾ ਸੀ ਕਿ ਮੈਂ ਤਾਂ ਉਸਦੇ ਟਿਕਾਣੇ ਬਾਰੇ ਜਾਣਦਾ ਵੀ ਨ੍ਹੀਂ ਸਾਂ। ਹੁਣ ਬੇਦੀ ਦੇ ਸੁਆਲ ਤੋਂ ਇਹ ਜਾਣ ਕੇ ਕਿ ਉਹ ਜਲੰਧਰ ਹੀ ਹੈ, ਮੇਰਾ ਅੰਦਰ ਖਿੜ ਗਿਆ ਸੀ।
‘ਨ੍ਹੀਂਂ… ਮਿਲਿਆ ਨ੍ਹੀਂ ਅਜੇ। ਸਿੱਧਾ ਇੱਧਰ ਹੀ ਆ ਰਿਹਾ ਹਾਂ ਤੁਹਾਡੇ ਵੱਲੀਂ।’ ਮੈਂ ਗੋਲ ਜਿਹਾ ਉੱਤਰ ਦਿੱਤਾ।
‘ਮੈਂ ਫ਼ੋਨ ‘ਤੇ ਹੀ ਗੱਲ ਕਰਾ ਦਿੰਦਾ ਹਾਂ…।’ ਆਖ ਕੇ ਬੇਦੀ ਨੇ ਅਖ਼ਬਾਰ ਦੇ ਅਪਰੇਟਰ ਨੂੰ ਫ਼ੋਨ ਰਣਜੀਤ ਹਸਪਤਾਲ ਲਗਾਉਣ ਲਈ ਆਖ ਦਿੱਤਾ ਸੀ। ਹਸਪਤਾਲ ਦੀ ਰਿਸ਼ੈਪਸਨਿਸਟ ਕੁੜੀ ਨੇ ਵਾਰਡ ਵਿਚੋਂ ਉਸਨੂੰ ਬੁਲਾ ਕੇ ਫ਼ੋਨ ਫੜਾ ਦਿੱਤਾ ਸੀ।
‘ਅਹਿ ਆਪਣੇ ਕਹਾਣੀਕਾਰ ਨਾਲ ਗੱਲ ਕਰ…।’ ਆਖਦਿਆਂ ਹੀ ਬੇਦੀ ਨੇ ਫ਼ੋਨ ਮੈਨੂੰ ਫੜਾ ਦਿੱਤਾ ਸੀ। ਮੈਨੂੰ ਯਕੀਨ ਨ੍ਹੀਂ ਸੀ ਕਿ ਉਹ ਮੇਰੇ ਨਾਲ ਫ਼ੋਨ ‘ਤੇ ਗੱਲ ਕਰੂ। ਮੈਂ ਝਟਕੇ ਨਾਲ ਫ਼ੋਨ ਫੜਿਆ ਤੇ ਬੋਲਿਆ, ‘ਮੈਂ ਹੁਣੇ ਆ ਰਿਹਾਂ।’ ਤੇ ਫ਼ੋਨ ਰੱਖ ਦਿੱਤਾ। ਹੋਰ ਮੈਂ ਕੀ ਗੱਲ ਕਰਦਾ? ਮੈਨੂੰ ਤਾਂ ਯਕੀਨ ਹੀ ਨ੍ਹੀਂ ਸੀ ਆ ਰਿਹਾ ਕਿ ਉਸਨੂੰ ਕਈ ਮਹੀਨਿਆਂ ਦੇ ਵਕਫ਼ੇ ਬਾਅਦ ਦੁਬਾਰਾ ਲੱਭ ਲਿਆ ਹੈ। ਬੇਦੀ ਸਾਹਿਬ ਦੀ ਚਾਹ ਕਿੱਥੇ ਉਡੀਕ ਹੋਣੀ ਸੀ। ਮੈਂ ਦਗੜ-ਦਗੜ ਕਰਕੇ ਅਖ਼ਬਾਰ ਦੀਆਂ ਪੌੜ੍ਹੀਆਂ ਉਤਰ ਆਇਆ ਸੀ।
ਅੱਖ ਦੇ ਫੋਰ ਵਿਚ ਹੀ ਮੈਂ ਹਸਪਤਾਲ ਦੇ ਅੰਦਰ ਸਾਂ। ਉਸਨੂੰ ਆਪਣੀਆਂ ਅੱਖਾਂ ਸਾਹਵੇਂ ਦੇਖ ਕੇ ਖੁਸ਼ ਨਾਲੋਂ ਹੈਰਾਨ ਬਹੁਤਾ ਸਾਂ। ਉਸ ਵੱਲ ਵੇਖ ਕੇ ਮੈਨੂੰ ਲੱਗਾ ਜਿਵੇਂ ਉਸਦਾ ਚਿਹਰਾ ਪੁੱਛ ਰਿਹਾ ਹੋਵੇ, ‘… ਕੀ ਲੈਣ ਆਇਐਂ?’
ਉਸਦੇ ਖਾਮੋਸ਼ ਸੁਆਲ ਦਾ ਮੇਰੇ ਕੋਲੋਂ ਜੁਆਬ ਨ੍ਹੀਂ ਸੀ ਦੇ ਹੋਇਆ।
‘ਹੁਣ ਮੇਰੇ ਜਖ਼ਮਾਂ ‘ਤੇ ਲੂਣ ਪਾਉਣ ਆਇਅਂੈ?’ ਉਸਦੇ ਬੋਲਾਂ ਵਿਚ ਰੰਜ ਅਤੇ ਉਦਾਸੀ ਸੀ।
‘… ਹੋ ਸਕਦਾ ਤੂੰ ਮੇਰੇ ਬਾਰੇ ਬੜਾ ਕੁਝ ਉਲਟਾ-ਸਿੱਧਾ ਸੁਣਿਆ ਹੋਵੇ ਪਰ ਮੈਂ ਬੇਕਸੂਰ ਹਾਂ…।’
‘ਮੈਟਰੀਮੋਨੀਅਲ…ਅਗੇਂਜ਼ਮੈਂਟ…?’
‘ਸਭ ਝੂਠਾ…।’ ਮੇਰੇ ਬੋਲ ਕੰਬਣ ਲੱਗੇ ਸਨ।
‘ਤੈਨੂੰ ਕਿੱਥੇ-ਕਿੱਥੇ ਨ੍ਹੀਂ ਭਾਲਿਆ? ਵੇਖ ਤੇਰੀ ਉਡੀਕ ਕਰ ਰਿਹਾਂ ਮੈਂ… ਤੈਥੋਂ ਬਿਨਾਂ ਮੈਥੋਂ ਜਿਉਂਇਆ ਨ੍ਹੀਂ ਜਾਣਾ।’ ਉਸਨੇ ਥੋੜ੍ਹਾ ਜਿਹਾ ਸਿਰ ਚੁੱਕ ਕੇ ਮੇਰੇ ਕੁਮਲਾਏ ਤੇ ਨਿਰਾਸ਼ੇ ਜਿਹੇ ਚਿਹਰੇ ਵੱਲ ਤੱਕਿਆ।
‘ਮੈਂ ਤੈਨੂੰ ਆਪਣੀ ਸਥਿਤੀ ਸਪਸ਼ਟ ਕਰ ਦਿੱਤੀ ਐ…ਮੈਨੂੰ ਹੁਣ ਕੋਈ ਰੰਜ ਨ੍ਹੀਂ ਭਾਵੇਂ ਹੁਣੇ ਮਰ ਜਾਵਾਂ…।’
‘ਬਾਅ… ਸ!’ ਉਸਨੇ ਮੇਰੇ ਬੁੱਲ੍ਹਾਂ ‘ਤੇ ਆਪਣਾ ਮੁਲਾਇਮ ਹੱਥ ਰੱਖ ਦਿੱਤਾ ਸੀ।
‘ਮੈਂ ਸੋਚਿਆ ਜੇ ਕੋਈ ਮੈਨੂੰ ਅਜੇ ਵੀ ਪਿਆਰ ਕਰਦਾ ਹੋਇਆ… ਆਪੇ ਲੱਭ ਲਊ।’
‘ਅੱਛਾ! ਇਸੇ ਕਰਕੇ ਲੁਕ ਗਈ ਸੀ…?’
‘ਹਾਂ…ਜਿੱਥੋਂ ਮੈਨੂੰ ਕੋਈ ਨਾ ਲੱਭ ਸਕੇ।’
‘ਐਨੀ ਛੋਟੀ ਜਈ ਦੁਨੀਆਂ ਵਿਚ ਭਲਾ ਤੂੰ ਕਿੱਥੇ ਲੁੱਕ ਜਾਂਦੀ?’
‘ਦੁਨੀਆਂ ਐਡੀ ਈ ਛੋਟੀ ਐ?’
‘ਤੇ ਹੋਰ ਕੀ…? ਕਿੱਡੀ ਕੁ ਵੱਡੀ ਐ?’
ਇਸਦੇ ਨਾਲ ਹੀ ਉਸਦੇ ਚਿਹਰੇ ‘ਤੇ ਪਿਆਰ ਭਰੀ ਮੁਸਕਰਾਹਟ ਫ਼ੈਲ ਗਈ ਸੀ। ਫਿਰ ਬਿਨਾ ਆਸੇ-ਪਾਸੇ ਦਾ ਖ਼ਿਆਲ ਕੀਤਿਆਂ ਅਸੀਂ ਹੱਸ ਪਏ। ਬੜੇ ਚਿਰਾਂ ਬਾਅਦ ਅੱਜ ਅਸੀਂ ਹੱਸ ਕੇ ਵੇਖਿਆ ਸੀ। ‘ਆਪਾਂ ਹੁਣ ਦੋਸ਼ੀ ਨ੍ਹੀਂ ਹਾਂ। ਅਸੀਂ ਘਰਦਿਆਂ ਨੂੰ ਗੁੰਮਰਾਹ ਨ੍ਹੀਂ ਕੀਤਾ। ਅਸਲੀਅਤ ਦੱਸੀ.. ਚਾਹੁੰਦੇ ਤਾਂ ਝੂਠ ਬੋਲ ਕੇ ਘਰਦਿਆਂ ਨੂੰ ਗੁੰਮਰਾਹ ਕਰ ਸਕਦੇ ਸਾਂ। ਘਰਦਿਆਂ ਨੇ ਸਾਡੀਆਂ ਭਾਵਨਾਵਾਂ ਦੀ ਕਦਰ ਨ੍ਹੀਂ ਕੀਤੀ। ਹੁਣ ਚੱਕੀ ਫਿਰਨ ਸਿਰ ‘ਤੇ ਆਵਦੀ ਜਾਤੀਵਾਦੀ ਹਉਮੈ ਦਾ ਟੋਕਰਾ। ਆਪਾਂ ਆਪਣਾ ਰਾਸਤਾ ਆਪ ਚੁਣਾਂਗੇ।’ ਉਸਦੇ ਬੋਲਾਂ ‘ਚ ਤਿੱਖੜ ਦੁਪਹਿਰੇ ਵਰਗਾ ਕਰਾਰ ਸੀ।
ਜੁਆਬ ਵਿਚ ਮੈਂ ਸ਼ਾਇਰ ਮਿੱਤਰ ਹਰਜਿੰਦਰ ਕੰਗ ਦੀ ਗ਼ਜ਼ਲ ਦੇ ਸ਼ੇਅਰ ਸੁਣਾ ਦਿੱਤੇ ਸਨ:
ਨੇ ਪੈਰੀਂ ਝਾਂਜਰਾਂ, ਚਾਅ ਵੀ, ਉੱਡਣ ਦੇ ਵੀ ਕਾਬਲ ਉਹ
ਮਗਰ ਹੈ ਖ਼ੌਫ਼ ਦਾ ਉਸਦੇ ਪਰਾਂ ‘ਤੇ ਠੀਕਰੀ ਪਹਿਰਾ।
ਕਦੇ ਖੁਸ਼ਬੂ ਨ੍ਹੀਂ ਰੁਕਦੀ, ਕਰੋ ਫੁੱਲਾਂ ਨੂੰ ਲੱਖ ਵਾੜਾਂ,
ਸਦਾ ਨਾਕਾਮ ਹੁੰਦਾ ਹੈ, ਦਿਲਾਂ ‘ਤੇ ਠੀਕਰੀ ਪਹਿਰਾ।
‘ਹੁਣ ਅਸੀਂ ਆਪਣਾ ਰਸਤਾ ਆਪ ਚੁਣਾਂਗੇ…!’ ਉਸਨੇ ਦ੍ਰਿੜਤਾ ਨਾਲ ਆਖਿਆ ਸੀ।
‘ਚੱਲ ਆਪਾਂ ਅਗਲੇ ਸਫ਼ਰ ਦੀ ਤਿਆਰੀ ਕਰੀਏ।’ ਉਸਦੇ ਬੋਲ ਚਟਾਨ ਵਰਗੇ ਸਨ।
ਃ੦੦
ਆਪਣੇ ਇਸ ਨਵੇਂ ਸਫ਼ਰ ਦੀ ਸ਼ੁਰੂਆਤ ਲਈ ਆਸ਼ਰੀਵਾਦ ਲੈਣ ਹਿੱਤ ਅਸੀਂ ਹਰਿਮੰਦਰ ਸਾਹਿਬ ਜਾ ਨਤਮਸਤਕ ਹੋਏ ਸਾਂ। ਪਰਿਕਰਮਾ ਕਰਦਿਆਂ ਅੱਖਾਂ ਵਾਰ-ਵਾਰ ਭਰ ਆਉਂਦੀਆਂ ਸਨ। ਯਕੀਨ ਹੀ ਨ੍ਹੀਂ ਸੀ ਆਉਂਦਾ ਕਿ ਦੁਬਾਰਾ ਮਿਲ ਪਏ ਹਾਂ। ਲੋਕ ਅਕਸਰ ਕਹਿੰਦੇ ਨੇ, ‘ਨ੍ਹੀਂਓਂ ਲੱਭਣੇ ਲਾਲ ਗੁਆਚੇ ਮਿੱਟੀ ਨਾ ਫਰੋਲ ਜੋਗੀਆ’ ਪਰ ਇੱਥੇ ਤਾਂ ਗੁਆਚੇ ਲਾਲ ਲੱਭ ਪਏ ਸਨ। ਕੋਈ ਕ੍ਰਿਸ਼ਮਾ ਹੋ ਗਿਆ ਸੀ।
ਉਸ ਦਿਨ ਮੀਂਹ ਵੀ ਬੜਾ ਜ਼ੋਰਦਾਰ ਵਰਿ੍ਹਆ ਸੀ ਜਿਵੇਂ ਸਾਡੇ ਮਿਲਣ ਦੀ ਖੁਸ਼ੀ ਵਿਚ ਉਛਲ ਰਿਹਾ ਹੋਵੇ। ਉੱਥੋਂ ਅਸੀਂ ਜਲੰਧਰ ਭਗਵੰਤ-ਕਾਲੀ ਹੋਰਾਂ ਨੂੰ ਮਿਲਣ ਆ ਗਏ ਸਾਂ। ਦੇਸ਼ ਭਗਤ ਯਾਦਗਾਰ ਹਾਲ ਜਲੰਧਰ, ਸਬਦੀਸ਼, ਦੇਸ ਰਾਜ ਕਾਲੀ, ਭਗਵੰਤ ਰਸੂਲਪੁਰੀ, ਸੈਲੇਸ਼ ਅਤੇ ਸੁਸ਼ੀਲ ਦੋਸਾਂਝ ਨਾਲ ਗੱਲਾਂ ਕਰਦਿਆਂ ਸ਼ਾਮ ਹੋ ਗਈ। ਜਲੰਧਰ ਵਿਚ ਮੇਰੇ ਕੋਲ ਆਪਣਿਆਂ ਦਾ ਇੱਕ ਵੱਡਾ ਘੇਰਾ ਸੀ।
‘ਕੁੜੀਏ…ਘਰਦੇ-ਘੁਰਦੇ ਨ੍ਹੀਂ ਮੰਨਦੇ ਹੁੰਦੇ ਪੋਲੇ ਪੈਰੀਂ। ਬੱਸ ਉਡਾਰੀ ਮਾਰਜੋ…।’ ਸਬਦੀਸ਼ ਨੇ ਸੱਜੇ ਹੱਥ ਨੂੰ ਜਹਾਜ਼ ਬਣਾ ਹਵਾ ਵਿਚ ਲਹਿਰਾਇਆ ਸੀ। ਇੰਜ ਬੋਲਦਿਆਂ ਉਹ ਆਪਣੀ ਉਮਰ ਨਾਲੋਂ ਬਹੁਤ ਵੱਡਾ, ਕੋਈ ਦਾਨਾ-ਬਾਨਾ ਆਦਮੀ ਲੱਗ ਰਿਹਾ ਸੀ।
ਫਿਰ ਚੰਡੀਗੜ੍ਹ ਡਾ. ਤਾਰਾ ਸਿੰਘ ਸੰਧੂ ਨੇ ਵੀ ਅਜਿਹੀ ਨੇਕ ਸਲਾਹ ਦਿੱਤੀ ਸੀ। ‘ਹੁਣ ਵਿਚਾਰਾਂ ‘ਚ ਪੈਣ ਦੀ ਲੋੜ ਨ੍ਹੀਂ। ਐਵੇਂ ਟਾਈਮ ਖ਼ਰਾਬ ਕਰਨ ਦਾ ਕੋਈ ਫ਼ਾਇਦਾ ਨ੍ਹੀਂ। ਜਾਤਾਂ ਦਾ ਰੰਘੜਊ ਨ੍ਹੀਂ ਜਾਂਦਾ ਹੁੰਦਾ ਕਿਸੇ ਦੇ ਦਿਮਾਗ ਵਿਚੋਂ। ਜਾਤਾਂ ਦਾ ਕਿੱਲਾ ਤਾਂ ਫਸਿਆ ਈ ਰਹਿੰਦਾ ਲੋਕਾਂ ਦੀਆਂ ਧੌਣਾਂ ‘ਚ।’ ਸੰਧੂ ਨੇ ਸਾਡੇ ਹੌਂਸਲੇ ਨੂੰ ਹੋਰ ਮਜ਼ਬੂਤੀ ਦੇ ਦਿੱਤੀ ਸੀ। ਤਾਰੇ ਦੀਆਂ ਗੱਲਾਂ ਸੁਣਦਿਆਂ ਮੈਨੂੰ ਘੋਲੀਏ ਵਾਲਾ ਕਾਮਰੇਡ ਸੁਰਜੀਤ ਗਿੱਲ, ਜਿਸਨੂੰ ਮੈਂ ‘ਚਾਚਾ’ ਕਹਿੰਦਾ ਹੁੰਦਾ ਸਾਂ, ਯਾਦ ਆਉਣ ਲੱਗਾ ਸੀ। ਉਹ ਮੈਨੂੰ ਅਕਸਰ ਕਹਿੰਦਾ ਰਹਿੰਦਾ,
‘ਕਿਉਂ ਮਿੰਨਤਾਂ ਕਰਦੈਂ? ਮਿਰਜ਼ਾ ਬਣ ਮਿਰਜ਼ਾ। ਰਾਂਝਿਆਂ ਦਾ ਟੈਮ ਨ੍ਹੀਂ ਹੁਣ। ਐਥੇ ਆਜੋ ਮੇਰੇ ਕੋਲ। ਚੁਬਾਰੇ ‘ਚ ਰਹੋ ਮੌਜ ਨਾਲ। ਮੈਂ ਵੇਖੂੰ…ਕਿਹੜਾ ਝਾਕਦਾ ਥੋਡੀ ਵਾਅ ਅੱਲ੍ਹੀਂ।’ ਉਸਨੇ ਆਪਣੇ ਰਿਵਾਲਵਰ ਦੇ ਮੁੱਠੇ ‘ਤੇ ਹੱਥ ਟਿਕਾਉਂਦਿਆਂ ਜਬ੍ਹੇ ਨਾਲ ਆਖਿਆ ਸੀ। ਹੁਣ ਤਾਰੇ ਸੰਧੂ ਦੀਆਂ ਗੱਲਾਂ ਵਿਚ ਵੀ ਜਿਵੇਂ ਕਾਮਰੇਡ ਸੁਰਜੀਤ ਹੀ ਦੁਬਾਰਾ ਬੋਲ ਪਿਆ ਸੀ।
‘ਵਾਰਿਸ਼ ਸ਼ਾਹ ਨਾ ਮੁੜਾਂਗੀ ਰਾਂਝਣੇ ਤੋਂ…ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ।’ ਮੈਂ ਹੌਲੀ ਜਿਹੇ ਸਾਥੀ ਦੇ ਕੰਨਾਂ ਵਿਚ ਕਿਹਾ ਸੀ ਤਾਂ ਮੁਸਕਰਾਹਟ ਆਪ-ਮੁਹਾਰੇ ਉਸਦੇ ਹਿਰਾਸੇ ਚਿਹਰੇ ‘ਤੇ ਫੈਲ ਗਈ ਸੀ।
—ਤੇ ਇੰਜ ਅਸੀਂ ਉਡਾਨ ਭਰਨ ਲਈ ਆਪਣੇ ਬੰਨ੍ਹੇ ਹੋਏ ਖੰਭ ਖੋਲ੍ਹ ਲਏ ਸਨ।
ਆਵਾਰਗੀ ਤੇ ਫਾਕਾ ਮਸਤੀ ਦੇ ਉਨ੍ਹੀਂ ਦਿਨੀਂ ਅਸੀਂ ਦੋਵੇਂ ਅੰਮ੍ਰਿਤਾ ਪ੍ਰੀਤਮ ਨੂੰ ਦਿੱਲੀ ਵਾਲੇ ਉਸਦੇ ਕੇ-25, ਹੌਜ਼ ਖ਼ਾਸ ਵਾਲੇ ਘਰ ਜਾ ਮਿਲੇ ਸਾਂ। ਅੰਮ੍ਰਿਤਾ ਦੇ ਹਰਿਆਲੀ ਨਾਲ ਭਰੇ ਘਰ ਦੇ ਦਰਵਾਜ਼ੇ ‘ਤੇ ਇਮਰੋਜ਼ ਨੇ ਖ਼ਾਮੋਸ਼ ਮੁਸਕਾਣ ਨਾਲ ਸਾਨੂੰ ਜੀ ਆਇਆਂ ਆਖਿਆ ਤੇ ਅੰਦਰ ਲੈ ਗਿਆ। ਘਰ ਅੰਦਰ ਸਕੂਨ ਦੇਣ ਵਾਲੀ ਸ਼ਾਂਤੀ ਸੀ। ਦਿੱਲੀ ਸ਼ਹਿਰ ਦੀ ਨਾ ਮੁਕਣ ਵਾਲੀ ਦੌੜ-ਭੱਜ ਅਤੇ ਰੌਲੇ-ਰੱਪੇ ਦਾ ਇਸ ਘਰ ‘ਤੇ ਜਿਵੇਂ ਕੋਈ ਅਸਰ ਹੀ ਨ੍ਹੀਂ ਸੀ। ਇਸ ਘਰ ‘ਚ ਆ ਕੇ ਜਿਵੇਂ ਅਸੀਂ ਮੱਕੇ ਦਾ ਹੱਜ ਕਰ ਲਿਆ ਹੋਵੇ। ਅੰਮ੍ਰਿਤਾ ਦੀ ਮੰਦ-ਮੰਦ ਮੁਸਕਾਣ ਨੇ ਇੱਕ ਵਾਰ ਸਾਰੀਆਂ ਚਿੰਤਾਵਾਂ ਮੱਥੇ ਤੋਂ ਪੂੰਝ ਸੁੱਟੀਆਂ ਸਨ।
‘ਲੱਗਦਾ ਨਵੀਂ ਜ਼ਿੰਦਗੀ ਸ਼ੁਰੂ ਕਰਨ ਦਾ ਫ਼ੈਸਲਾ ਲੈ ਲਿਆ।’ ਇਮਰੋਜ਼ ਦੇ ਬੋਲਾਂ ਵਿਚ ਆਪਣਾਪਨ ਸੀ।
ਅਸੀਂ ਕੇਵਲ ਮੁਸਕਰਾਏ ਸਾਂ।
‘ਠੀਕ ਐ…ਬੱਸ ਛੇਤੀ-ਛੇਤੀ ਜ਼ਿੰਦਗੀ ਸ਼ੁਰੂ ਕਰੋ। ਛੇਤੀ-ਛੇਤੀ ਬੱਚਾ ਲੈ ਲਓ…ਹੌਲੀ-ਹੌਲੀ ਸਭ ਠੀਕ ਹੋਜੂ।’
ਅੰਮ੍ਰਿਤਾ ਪ੍ਰੀਤਮ ਦੇ ਬੋਲ ਧੀਮੇ ਪਰ ਵੱਡਾ ਹੌਂਸਲਾ ਦੇਣ ਵਾਲੇ ਸਨ। ਫਿਰ ਉਸਨੇ ਸਾਨੂੰ ਮਾਹਿਲਪੁਰ ਵਾਲੇ ਪ੍ਰੋ. ਅਜੀਤ ਸਿੰਘ ਦੇ ਵਿਆਹ ਵਾਲਾ ਕਿੱਸਾ ਸੁਣਾਇਆ ਕਿ ਕਿਵੇਂ ਉਸਦੇ ਅੰਤਰਜਾਤੀ ਵਿਆਹ ਦੀ ਗੂੰਜ ਦਿੱਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਨਿਵਾਸ ਤਕ ਜਾ ਪੁੱਜੀ ਸੀ। ਅੰਮ੍ਰਿਤਾ ਪ੍ਰੀਤਮ ਦੀਆਂ ਗੱਲਾਂ ਸੁਣਦਿਆਂ ਮੈਨੂੰ ਚੰਡੀਗੜ੍ਹ ਵਾਲੀ ਰਮਾ ਭੂਆ ਯਾਦ ਆ ਗਈ ਸੀ। ਉਸਨੇ ਮੈਨੂੰ ਇੱਕ ਵਾਰੀ ਕਿਹਾ ਸੀ, ‘ਤੁਸੀਂ ਦੋਵੇਂ ਵਿਆਹ ਕਰਵਾਉਣ ਲਈ ਬਜ਼ਿਦ ਹੋ। ਪੇਰੈਂਟਸ ਤੋਂ ਬਾਗੀ ਹੋ ਕੇ। ਕੱਲ੍ਹ ਨੂੰ ਉਹ ਕਹੇਗੀ ਮੈਂ ਤੇਰੀ ਖ਼ਾਤਿਰ ਆਪਣੇ ਘਰ ਵਾਲੇ ਛੱਡ ਦਿੱਤੇ, ਹੁਣ ਤੂੰ ਵੀ ਆਪਣਿਆਂ ਨੂੰ ਛੱਡ। ਇੰਜ ਤਾਂ…।’ ਮੈਂ ਖ਼ਾਲੀ-ਖ਼ਾਲੀ ਅੱਖਾਂ ਨਾਲ ਰਮਾ ਦੇ ਮੂੰਹ ਵੱਲੀਂ ਝਾਕਦਾ ਰਹਿ ਗਿਆ ਸਾਂ। ਮੈਨੂੰ ਸਮਝ ਨ੍ਹੀਂ ਸੀ ਆਈ ਕਿ ਉਸਦੀ ਭਾਵਨਾ ਕੀ ਸੀ ਤੇ ਅਜਿਹਾ ਕਿਉਂ ਕਹਿ ਰਹੀ ਸੀ।
‘ਜੀਹਨੇ ਆਪ ਵਿਆਹ ਨ੍ਹੀਂ ਕਰਾਇਆ…ਦੂਜਿਆਂ ਨੂੰ ਕੀ…।’ ਰਮਾ ਦੇ ਘਰੋਂ ਆਉਂਦਿਆਂ ਉਹ ਸਾਰੇ ਰਾਹ ਤੜਪਦੀ ਰਹੀ ਸੀ। ਦਰਅਸਲ ਮੈਂ ਹੀ ਉਸਨੂੰ ਰਮਾ ਭੂਆ ਨਾਲ ਮਿਲਾਉਣ ਲਈ ਲੈ ਕੇ ਗਿਆ ਸੀ। ਉਨ੍ਹੀਂ ਦਿਨੀਂ ਮੈਂ ਬਾਲ ਪ੍ਰੀਤ ਮਿਲਣੀ ਕਾਫ਼ਲੇ ਦਾ ਸ਼ੁਦਾਈ ਵਰਕਰ ਸਾਂ ਅਤੇ ਅਸੀਂ ਬਹੁਤ ਸਾਰੇ ਲੋਕ ਰਮਾ ਦੀ ਅਗਵਾਈ ਹੇਠ ਬੱਚਿਆਂ ਨੂੰ ਪੁਸਤਕਾਂ ਨਾਲ ਜੋੜਨ ਹਿੱਤ ਪੂਰੇ ਪੰਜਾਬ ‘ਚ ਮੁਹਿੰਮ ਵਿੱਢੀ ਫਿਰਦੇ ਸਾਂ।
ਹੁਣ ਜਦੋਂ ਅੰਮ੍ਰਿਤਾ ਦੇ ਘਰ ਆਏ ਸਾਂ ਤਾਂ ਰਮਾ ਭੂਆ ਦੇ ਬੋਲਾਂ ਵਾਲੀ ਕੌੜ ਵੀ ਸਾਡੇ ਨਾਲ ਹੀ ਤੁਰ ਆਈ ਸੀ। ਝਕਦੇ-ਝਕਦੇ ਆਏ ਸਾਂ, ਪਰੰਤੂ ਪੰਜਾਬੀ ਸਾਹਿਤ ਦੀ ਇਸ ਮਹਾਨ ਲੇਖਿਕਾ ਨੇ, ਸਾਡਾ ਸਾਰਾ ਗ਼ਮ ਹੀ ਲਾਹ ਦਿੱਤਾ ਸੀ। ਉਸਦੇ ਨਿੱਘੇ ਹੁੰਗਾਰੇ ਨੇ ਸਾਡੇ ਹੌਂਸਲੇ ਨੂੰ ਖੰਭ ਲਾ ਦਿੱਤੇ ਸਨ। ਅੰਮ੍ਰਿਤਾ ਦੇ ‘ਅਜਾਇਬ ਘਰ’ ਵਿਚ ਬੈਠਿਆਂ ਮੈਨੂੰ ਮਨਾਵਾਂ ਵਾਲੇ ਕੋਮਲ ਸਿੰਘ ਭਾਜੀ ਦੀ ਜੀਵਨ ਸਾਥਣ, ਦੀਦੀ ਅਮਰਜੀਤ, ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕਰਮਚਾਰੀਆਂ ਦੀ ਧੜੱਲੇਦਾਰ ਆਗੂ ਸੀ, ਬੜੀ ਯਾਦ ਆਈ। ਉਸਨੇ ਵੀ ਅੰਮ੍ਰਿਤਾ ਪ੍ਰੀਤਮ ਵਾਂਗ ਹੀ ਸਾਡੇ ਇਸ਼ਕ ਨੂੰ ਥਾਪੜਾ ਦਿੱਤਾ ਸੀ।
‘ਮੈਂ ਵੀ ਮਲਵੈਣ ਜੱਟੀ ਆਂ ਕੁੜੀਏ ਮੈਂ ਜਾਊਂ ਥੋਡੇ ਘਰੇ।’
‘ਦੀਦੀ ਐਵੇਂ ਨਾ ਲੱਤਾਂ ਤੁੜਵਾ ਆਇਓ ਅਗਲਿਆਂ ਤੋਂ।’
ਮੋਗੇ ਵਾਲੇ ਕਾਮਰੇਡ ਦਲਜੀਤ ਨੇ ਕਿਹਾ ਸੀ।
ਮੈਂ ਪੁੰਛੂੰ ਥੋਡੇ ਘਰਦਿਆਂ ਨੂੰ ਵਈ ਥੋਨੂੰ ਬਿਮਾਰੀ ਕੀ ਐ? ਆਏਂ ਨੀਂ ਡਰਦੀ ਮੈਂ ਕਿਸੇ ਤੋਂ। ਕੀ ਵਿਗਾੜ ਲੈਣਗੇ ਮੇਰਾ? ਮੈਂ ਤਾਂ ਪੁੱਛਣਾ ਵਈ ਸਾਡੇ ਮੁੰਡੇ ‘ਚ ਭੈੜ ਦੱਸੋ ਕੀ ਐ? ਐਨਾ ਸਾਊ ਮੁੰਡਾ…ਹੋਰ ਕੀ ਚਾਹੀਦਾ ਉਨ੍ਹਾਂ ਨੂੰ? …ਹੈਂ।
ਤੇ ਹੁਣ ਅੰਮ੍ਰਿਤਾ ਨੇ ਵੀ ਆਖਿਆ ਸੀ, ‘ਕੁੜੀਏ! ਮੁੰਡਾ ਤਾਂ ਜ਼ਹੀਨ ਜਾਪਦੈ…।’
‘ਪਤਾ ਨ੍ਹੀਂ…ਹਾਂ।’ ਉਹ ਮੇਰੇ ਵੱਲ ਵੇਖ ਕੇ ਗੁੱਝਾ ਜਿਹਾ ਮੁਸਕਰਾਈ ਸੀ।
‘ਫੇਰ ਕੰਮ-ਕਾਰ ਬਾਰੇ ਕੀ ਸੋਚਿਆ?’ ਅਸੀਂ ਦੋਵੇਂ ਅੰਮ੍ਰਿਤਾ ਦੀਦੀ ਵੱਲ ਹੈਰਾਨੀ ਨਾਲ ਝਾਕੇ ਕਿ ਉਨ੍ਹਾਂ ਨੂੰ ਸਾਡੀ ਇਸ ਮੁਸ਼ਕਲ ਦਾ ਕਿਵੇਂ ਪਤਾ ਲੱਗ ਗਿਆ ਸੀ।
‘ਪੰਜਾਬ ਤਾਂ ਹਜੇ ਜਾ ਨ੍ਹੀਂ ਸਕਦੇ। ਉੱਥੇ ਤਾਂ ਸਾਡੇ ਲਈ ਹਾਲਾਤ ਸਾਜ਼ਗਾਰ ਨ੍ਹੀਂ। ਅਸੀਂ ਸੋਚਦੇ ਹਾਂ, ਇੱਥੇ ਮਹਾਂਨਗਰ ਵਿਚ ਈ ਕਿਤੇ…?’ ਮੇਰੇ ਕੋਲ ਸਪੱਸ਼ਟ ਜੁਆਬ ਕੋਈ ਨ੍ਹੀਂ ਸੀ।
‘ਤੁਸੀਂ ਡਾ. ਸਤਿੰਦਰ ਨੂਰ ਕੋਲ ਜਾਇਓ…ਉਹ ਜ਼ਰੂਰ ਤੁਹਾਡਾ ਕੋਈ ਹੱਲ ਕਰੂ। ਬੜੀ ਚੱਲਦੀ ਉਹਦੀ ਪਟੜੀ ਫੇਰ। ਐਥੇ ਦਿੱਲੀ ਤਾਂ ਉਸਨੂੰ ਪੁੱਛ ਕੇ ਗੱਲ ਹੁੰਦੀ ਐ। ਉਸਦਾ ਹੁਕਮ ਚੱਲਦੈ। ਫ਼ੋਨ ਕਰਕੇ ਜਾਇਓ…ਉਹ ਬਿਜ਼ੀ ਬਹੁਤ ਰਹਿੰਦੈ।’ ਅੰਮ੍ਰਿਤਾ ਪ੍ਰੀਤਮ ਸਾਡਾ ਮਾਰਗ ਦਰਸ਼ਨ ਕਰ ਰਹੀ ਸੀ। ਇਸ ਦੌਰਾਨ ਇਮਰੋਜ਼ ਤੁਲਸੀ ਵਾਲੀ ਚਾਹ ਬਣਾ ਕੇ ਲੈ ਆਇਆ ਸੀ।
ਫਿਰ ਅੰਮ੍ਰਿਤਾ ਪ੍ਰੀਤਮ ਤੇ ਇਮਰੋਜ਼ ਨੇ ਬੜੇ ਉਮਾਹ ਨਾਲ ਆਪਣਾ ਘਰ ਦਿਖਾਇਆ। ਸਲੀਕੇ ਨਾਲ ਹਰ ਚੀਜ਼ ਥਾਂ ਟਿਕਾਣੇ। ਸਾਰਾ ਹੀ ਘਰ ਇਮਰੋਜ਼ ਦੀਆਂ ਬਣਾਈਆਂ ਪੇਂਟਿੰਗਾਂ ਨਾਲ ਸ਼ਿੰਗਾਰਿਆ ਪਿਆ ਸੀ। ਡਿਉਢੀ ਵਿਚ ਦਰਵਾਜ਼ੇ ਦੇ ਬਿਲਕੁਲ ਸਾਹਮਣੇ ਇਮਰੋਜ਼ ਵੱਲੋਂ ਅੰਮ੍ਰਿਤਾ ਦੀ ਬਣਾਈ ਤਸਵੀਰ ਟੰਗੀ ਹੋਈ ਸੀ, ਜਿਸ ਵਿਚ ਅੰਮ੍ਰਿਤਾ ਮੰਦ-ਮੰਦ ਮੁਸਕਰਾ ਰਹੀ ਸੀ। ਫਿਰ ਅੰਮ੍ਰਿਤਾ ਨੇ ਆਪਣੀ ਪੁਸਤਕ ਸਾਨੂੰ ਦੋਵਾਂ ਨੂੰ ਭੇਟ ਕੀਤੀ। ਅਸੀਂ ਆਪਣੀ ਡਾਇਰੀ ਵਿਚ ਵਾਰੋ-ਵਾਰੀ ਅੰਮ੍ਰਿਤਾ-ਇਮਰੋਜ਼ ਦੇ ਆਟੋਗ੍ਰਾਫ ਲੈ ਲਏ। ਆਟੋਗ੍ਰਾਫ਼ ਪ੍ਰਾਪਤ ਕਰਕੇ ਜਾਪਿਆ ਜਿਵੇਂ ਨਵੀਂ ਜ਼ਿੰਦਗੀ ਲਈ ਅੰਮ੍ਰਿਤਾ ਦੀਦੀ ਦਾ ਆਸ਼ੀਰਵਾਦੀ ਹੱਥ ਸਾਡੇ ਸਿਰਾਂ ‘ਤੇ ਟਿਕ ਗਿਆ ਹੋਵੇ।
ਸ਼ਾਮੀ ਜਦੋਂ ਅਸੀਂ ਉਨ੍ਹਾਂ ਕੋਲੋਂ ਵਿਦਾ ਲਈ, ਆਪਣੇ ਆਪ ਨੂੰ ਭਰੇ-ਭਰੇ ਮਹਿਸੂਸ ਕਰ ਰਹੇ ਸਾਂ। ਇੱਕ ਦੂਜੇ ਨੂੰ ਪਾਉਣ ਲਈ ਝਾਗੇ ਦੁੱਖ-ਤਕਲੀਫ਼ਾਂ ਕਿਤੇ ਦੂਰ ਰਹਿ ਗਏ ਸਨ।
