ਕੁਲਵਿੰਦਰ ਸਿੰਘ ਬਾਠ
ਫੋਨ: 209-600-2897
‘ਮਨ ਦੇ ਵਿਚ ਬੱਝੀ ਆਸ’ ਅਤੇ ‘ਮਨ ਨਾਲ ਹੀ ਕੀਤੀ ਅਰਦਾਸ’ ਦਾ ਮਨੁੱਖ ਦੇ ਜੀਵਨ ਵਿਚ ਬਹੁਤ ਮਹੱਤਵ ਹੈ। ਜੇਕਰ ਦੋਵੇਂ ਹੀ ਸਿਰੇ ਚੜ੍ਹ ਜਾਣ ਤਾਂ ਮਨੁੱਖ ਦੀਆਂ ਖ਼ੁਸ਼ੀਆਂ ਦਾ ਮਾੜੇ ਮੋਟੇ-ਗ਼ਮ ਕੁਝ ਵੀ ਨਹੀਂ ਵਿਗਾੜ ਸਕਦੇ!
ਨਿੱਤ ਦੀਆਂ ਮੁਹਿੰਮਾਂ ਨਾਲ ਜੂਝਦੇ ਪੰਜਾਬੀਆਂ ਨੂੰ ਜੇਕਰ ਅਤੇ ਜਦ ਕਦੇ ਵੀ ‘ਕੰਡਿਆਲੀ ਤਾਰ’ ਦੇ ਪਰਲੇ ਪਾਰ ਪੈਂਦੇ ਲਹਿੰਦੇ ਪੰਜਾਬ ਜਾਣ ਦਾ ਮੌਕਾ ਮਿਲ ਜਾਵੇ ਤਾਂ ਉਨ੍ਹਾਂ ਦੀਆਂ ਆਸਾਂ ਅਤੇ ਅਰਦਾਸਾਂ ਨੂੰ ਬੂਰ ਪੈ ਜਾਂਦਾ ਹੈ। ਮਨੁੱਖੀ ਵੰਡੀਆਂ ਵਿਚ ਵਿਛੜ ਚੁੱਕੇ ਇਤਿਹਾਸਕ ਸਥਾਨਾਂ ਅਤੇ ਗੁਰਧਾਮਾਂ ਨੂੰ ਨਾਮਸਤਕ ਹੁੰਦਿਆਂ ਮਨ ਖੁਸ਼ੀਆਂ-ਖੇਵਿਆਂ ਨਾਲ ਝੂਮ ਉੱਠਦਾ ਹੈ। ਨਫ਼ਰਤਾਂ ਮੁਹੱਬਤਾਂ ਵਿਚ ਤਬਦੀਲ ਹੋ ਜਾਂਦੀਆਂ ਹਨ। ਰਵਿੰਦਰ ਸਹਿਰਾਅ ਦੇ ਸਫ਼ਰਨਾਮੇ ‘ਲਾਹੌਰ ਨਾਲ਼ ਗੱਲਾਂ’…ਨੂੰ ਪੜ੍ਹਦਿਆਂ ਵੀ ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਉਸ ਦੇ ਮਨ ਵਿਚ ਡੂੰਘੀ ਦੱਬੀ ਹੋਈ ਰੀਝ ਅਤੇ ਮਨ ਦੀ ਅਰਦਾਸ ਪੂਰੀ ਹੋ ਗਈ ਹੋਵੇ।
ਰਵਿੰਦਰ ਸਹਿਰਾਅ…ਅਤੇ ਉਸ ਦਾ ਸਾਹਿਤਿਕ ਸਫ਼ਰ
ਸਮਰੱਥ ਪੰਜਾਬੀ ਸ਼ਾਇਰ ਰਵਿੰਦਰ ਸਿੰਘ ਸਹਿਰਾਅ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ। ‘ਚੁਰਾਏ ਪਲਾਂ ਦਾ ਹਿਸਾਬ’ ਦੇ ਪਹਿਲੇ ਕਾਵਿ ਸੰਗ੍ਰਹਿ ਤੋਂ ਵੀ ਪਹਿਲਾਂ ਦਾ ਸ਼ੁਰੂ ਹੋਇਆ ਸਾਹਿਤਕ ਸਫ਼ਰ ਅੱਜ ਵੀ ਜਾਰੀ ਹੈ। ਹੁਣ ਤੱਕ 14 ਕਿਤਾਬਾਂ ਪੰਜਾਬੀ ਸਾਹਿਤ ਨੂੰ ਸਮਰਪਿਤ ਕਰਦਿਆਂ ਸਾਹਿਤਕ ਪੈਂਡਿਆਂ ਦੇ ਲੰਮੇ ਸਫ਼ਰ ‘ਤੇ ਨਿਰੰਤਰ ਅਗਾਂਹ ਵਧਦੇ ਜਾ ਰਹੇ ਨੇ। ਰਵਿੰਦਰ ਸਹਿਰਾਅ ਦੀ ਜਾਣ-ਪਛਾਣ ਵਾiਲ਼ਆਂ ਦਾ ਘੇਰਾ ਵੀ ਵਿਸ਼ਾਲ ਹੈ। ਇਸ ਦੇ ਬਾਵਜੂਦ ਵੀ ਉਹ ਹਮੇਸ਼ਾ ਮੈਨੂੰ ਮੇਰੇ ਪੁਰਾਣੇ ਪਿੰਡ ਦਾ ‘ਰਵਿੰਦਰ ਭਾਅ’ ਹੀ ਲੱਗਦਾ ਹੈ, ਜਿਸ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਤੇ ਮਿਲ ਰਿਹਾ ਹੈ।
ਲਾਹੌਰ ਨਾਲ਼ ਗੱਲਾਂ… ਕਰਦਿਆਂ
ਦੋਸਤੋ, ਅਕਸਰ ਕਿਹਾ ਜਾਂਦਾ ਹੈ,… ‘ਜਿਸ ਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ!’ ਇਸ ਹਿਸਾਬ ਨਾਲ ਰਵਿੰਦਰ ਦਾ ‘ਜੰਮਣਾ’ 2022 ਅਤੇ ਫੇਰ ਦੁਬਾਰਾ 2024 ਵਿਚ ਹੋਇਆ। ਤੁਸੀਂ ਇਹ ਵੀ ਸੋਚਦੇ ਹੋਵੋਗੇ ਕਿ ਗੱਲਾਂ ਤਾਂ ਕਿਸੇ ਜਾਨਦਾਰ ਸ਼ੈਅ ਨਾਲ ਕੀਤੀਆਂ ਜਾਂਦੀਆਂ ਹਨ, ਲਾਹੌਰ ਨਾਲ਼ ਗੱਲਾਂ ਕਿਵੇਂ ਹੋ ਸਕਦੀਆਂ ਹਨ? ਸੱਚ ਇਹ ਵੀ ਹੈ ਕਿ ਲਾਹੌਰ ਚੜ੍ਹਦੇ ਪੰਜਾਬੀਆਂ ਦੇ ਮਨਾਂ ਅਤੇ ਅਹਿਸਾਸਾਂ ਵਿਚ ਹਮੇਸ਼ਾ ਜਿਉਂਦਾ, ਜਾਗਦਾ ਰਿਹਾ ਹੈ। ਲਾਹੌਰ ਸ਼ਹਿਰ ਅਤੇ ਪੰਜਾਬ ਦਾ ਇਤਿਹਾਸ, ਸੱਭਿਆਚਾਰ, ਮਿੱਟੀ, ਛੱਲ-ਛੱਲ ਕਰਦੇ ਆਬ, ਵਿਲੱਖਣ ਇਮਾਰਤਾਂ, ਹੀਰ-ਰਾਂਝਾ, ਸੋਹਣੀ-ਮਹੀਂਵਾਲ, ਗੁਰੂ-ਸੰਤ-ਫ਼ਕੀਰ, ਬੁੱਲਾ-ਵਾਰਿਸ, ਸ਼ੇਰ ਏ ਪੰਜਾਬ ਰਣਜੀਤ ਸਿੰਘ, ਕਲ਼-ਕਲ਼ ਕਰਦੀਆਂ ਰਮਣੀਕ ਫਿਜ਼ਾਵਾਂ, ਖਾਣਾ-ਪੀਣਾ, ਗੀਤ-ਸੰਗੀਤ / ਗਾਉਣਾ-ਵਜਾਉਣਾ, ਅਤੇ ਉੱਥੋਂ ਦੇ ਬਾਸ਼ਿੰਦਿਆਂ ਦੀਆਂ ਮੁਹੱਬਤੀ ਕਿੱਕਲੀਆਂ ਤੇ ਗਲਵੱਕੜੀਆਂ ਵਗੈਰਾ ਵਗੈਰਾ… ਦਾ ਖ਼ੂਬਸੂਰਤ ਸੰਗਮ ਖ਼ੁਦ-ਬ-ਖ਼ੁਦ ਜਿਉਂਦੇ-ਜਾਗਦੇ ਲਾਹੌਰ ਦਾ ਅਹਿਸਾਸ ਦਿਵਾਉਂਦਾ ਹੈ! ਸਿਰਫ ਸੁਪਨੇ ਲੈਣ ਵਾਲੀਆਂ ਅੱਖਾਂ, ਮੁਹੱਬਤੀ ਰੂਹਾਂ ਅਤੇ ‘ਦਿਲ ਦੇ ਕੰਨ’ ਖੁੱਲ੍ਹੇ ਹੋਣੇ ਚਾਹੀਦੇ ਹਨ।
ਜ਼ਰਾ…
ਲਾ ਕੇ ਕੰਨ ਸੁਣੋ
ਧਰਤੀ ‘ਚੋਂ ਬੋਲਣ ਵੱਡੇ-ਵਡੇਰੇ!
ਗ਼ਜ਼ਲ, ਕਵਿਤਾ, ਗਾਣਾ, ਵਾਰਤਕ, ਕਹਾਣੀ, ਨਾਟਕ, ਨਾਵਲ ਜਾਂ ਫਿਰ ਸਫ਼ਰਨਾਮਾ- ਕਿਸੇ ਵੀ ਰੂਪ ਵਿਚ ਸਿਰਜੀ ਹੋਈ ਮਿਆਰੀ ਸਾਹਿਤਕ ਰਚਨਾ ਜੇਕਰ ਪਾਠਕ ਨਾਲ਼ ਸੰਵਾਦ ਰਚਾਉਂਦੀ ਹੈ, ਗੱਲ-ਬਾਤ ਕਰਦੀ ਹੈ, ਉਂਗਲ ਫੜ ਕੇ ਆਪਣੇ ਨਾਲ ਤੋਰਦੀ ਹੈ ਅਤੇ ਉਹਦੀ ‘ਰੂਹ ਨੂੰ ਧੂਹ’ ਪਾਉਂਦੀ ਹੈ ਤਾਂ ਉਹ ਇੱਕ ਖ਼ੂਬਸੂਰਤ ਅਤੇ ਸ਼ਾਹਕਾਰ ਸਾਹਿਤਕ ਰਚਨਾ ਹੀ ਹੁੰਦੀ ਹੈ। ਰਵਿੰਦਰ ਸਹਿਰਾਅ ਦਾ ਇਹ ਸਫ਼ਰਨਾਮਾ ਵੀ ਪਾਠਕ ਦੇ ਮਨ ‘ਤੇ ਕੁਝ ਇੰਜ ਦਾ ਹੀ ਪ੍ਰਭਾਵ ਪਾਉਂਦਾ ਹੈ।
ਸਹਿਰਾਅ ਨੇ ਇਸ ਸਫ਼ਰਨਾਮੇ ਨੂੰ ਆਪਣੇ ਅਜ਼ੀਜ਼ ਦੋਸਤ ਤਾਹਿਰ ਸੰਧੂ ਅਤੇ ਉਸ ਦੇ ਪਰਿਵਾਰ ਦੇ ਨਾਂਅ ਕਰਦਿਆਂ ਇਸ ਸੱਚ ‘ਤੇ ਪਹਿਰਾ ਵੀ ਦਿੱਤਾ ਹੈ ਕਿ ਮੁਹੱਬਤਾਂ ਦੇ ਦਰਿਆ ਕੰਡਿਆਲੀ ਤਾਰਾਂ ਦੀਆਂ ਸਰਹੱਦਾਂ ਤੋਂ ਬਹੁਤ ਗਹਿਰੇ ਵਗਦੇ ਨੇ!
ਅਸਲ ਵਿਚ ਇਹ ਸਫ਼ਰਨਾਮਾ ਦੂਹਰਾ ਹੈ, ਜਿਸ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿਚ 23 ਅਤੇ ਦੂਸਰੇ ਭਾਗ ਵਿਚ 17 ਸੰਖੇਪ ਪਰ ਵਿਭਿੰਨ, ਖ਼ੂਬਸੂਰਤ ਅਤੇ ਕਥਾ-ਰਸ ਨਾਲ਼ ਭਰਪੂਰ ਬਿਰਤਾਂਤ ਹਨ ਜੋ ਪਾਠਕ ਨੂੰ ਆਪਣੇ ਨਾਲ਼ ਜੋੜੀ ਅਤੇ ਤੋਰੀ ਰੱਖਦੇ ਹਨ। ਅਨੇਕਾਂ ਟਾਈਮ ਲਾਈਨ ਦੀਆਂ ਤਸਵੀਰਾਂ ਇਸ ਸਫ਼ਰਨਾਮੇ ਦੀ ਵਿਲੱਖਣਤਾ ਨੂੰ ਉਭਾਰਦੀਆਂ ਅਤੇ ਰੌਚਕਿਤਾ ਨੂੰ ਵਧਾਉਂਦੀਆਂ ਹਨ।
ਸੰਤਾਲੀ ਦੀ ਵੰਡ (ਜੋ ਪੰਜਾਬ ਲਈ ਉਜਾੜਾ ਸੀ) ਕਾਰਨ ਵਿਛੜ ਗਏ ਧਾਰਮਿਕ ਸਥਾਨਾਂ ਤੋਂ ਇਲਾਵਾ ਅਨੇਕਾਂ ਸਮਾਜਿਕ, ਸੱਭਿਆਚਾਰਕ, ਇਤਿਹਾਸਕ, ਸਾਹਿਤਿਕ ਬਿਰਤਾਂਤਾਂ ਨਾਲ ਭਰਪੂਰ ਇਹ ਸਫ਼ਰਨਾਮਾ ਇਤਿਹਾਸ ਨਾ ਹੁੰਦਿਆਂ ਵੀ ਇਤਿਹਾਸ ਤੋਂ ਘੱਟ ਨਹੀਂ ਹੈ।
ਸਫ਼ਰਨਾਮੇ ਦੀ ਸ਼ੁਰੂਆਤ ‘ਲਾਹੌਰ ਨਾਲ਼ ਗੱਲਾਂ’ ਕਰਦਿਆਂ ਅਤੇ ‘ਪਾਕਿ ਧਰਤੀ ‘ਤੇ ਪਹਿਲੇ ਕਦਮ’ ਲੇਖ ਵਿਚ ਸਹਿਰਾਅ ਨੇ ਪਾਠਕਾਂ ਨਾਲ਼ ਇਹ ਸਾਂਝ ਪਾਈ ਹੈ ਕਿ ਸੁਪਨੇ ਸੁੱਤਿਆਂ ਲਏ ਹੋਣ ਜਾਂ ਫੇਰ ਜਾਗਦਿਆਂ, ਉਹ ਸੱਚ ਹੋ ਹੀ ਜਾਂਦੇ ਨੇ, ਜੇਕਰ ਉਨ੍ਹਾਂ ਦੇ ਮਗਰ ਮਗਰ ਦੌੜਿਆ ਜਾਵੇ। ਉਸ ਦੀ ਖ਼ੁਦ ਦੀ ਕੋਸ਼ਿਸ਼ ਅਤੇ ਦੋਸਤਾਂ ਮਿੱਤਰਾਂ ਦੀਆਂ ਮੁਹੱਬਤੀ ਰੂਹਾਂ ਦੀ ਹਲਾਸ਼ੇਰੀ ਨੇ ਰਵਿੰਦਰ ਅਤੇ ਉਸ ਦੀ ਪਤਨੀ ਨੀਰੂ ਸਹਿਰਾਅ ਨੂੰ ਵਾਹਗਾ ਬਾਰਡਰ ਲੰਘਾ ਹੀ ਦਿੱਤਾ! ਸੁਪਨਿਆਂ ਦੇ ਦੇਸ਼ ਪਹੁੰਚਾ ਹੀ ਦਿੱਤਾ! ਇੱਕ ਨਹੀਂ, ਬਲਕਿ ਦੋ ਵਾਰ… ਅਤੇ ਅਗਲੀ ਵਾਰੀ ਲਈ-ਤਿਆਰ-ਬਰ-ਤਿਆਰ ਬੈਠੇ ਹਨ! ਮੈਨੂੰ ਯਾਦ ਹੈ ਕਿ ਛੋਟੇ ਹੁੰਦਿਆਂ ਪੀਂਘ ‘ਤੇ ਝੂਟੇ ਲੈਂਦਿਆਂ ਇਕ ਵਾਰ-ਇੱਕ ਵਾਰ ਕਰਦਿਆਂ ਪਤਾ ਨਹੀਂ ਕਿਤਨੀ ਵਾਰ ਹੀ ਮਨ ਦੀ ਪਰਵਾਜ਼ ਭਰ ਲੈਂਦੇ ਸੀ। ਗੱਲ ਸਿਰਫ ਪੀਂਘ ਦੀ ਉਚਾਈ ਜਾਂ ਫਿਰ ‘ਰੱਸੇ ਦੀ ਲੰਬਾਈ’ ਦੀ ਨਹੀਂ ਸੀ, ਬਲਕਿ, ਬਾਲ ਮਨ ਵਿਚ ਉੱਠਦੀਆਂ ਖੁਸ਼ੀ ਦੀਆਂ ਤਰੰਗਾਂ, ਸੱਤ-ਰੰਗੀ ਪੀਂਘਾਂ ਅਤੇ ਸੁਪਨਈ ਪਰਵਾਜ਼ਾਂ ਦੀ ਹੁੰਦੀ ਸੀ!!
ਕਸੂਰ ਸ਼ਹਿਰ ਕਸੂਰੀ ਜੁੱਤੀ ਅਤੇ ਕਸੂਰੀ ਮੇਥੀ ਕਰਕੇ ਤਾਂ ਜਾਣਿਆ ਹੀ ਜਾਂਦਾ ਹੈ ਪਰ ਰਵਿੰਦਰ ਸਹਿਰਾਅ ਦੀ ‘ਕਸੂਰ ਦੀ ਫੇਰੀ’ ਵਾਲੇ ਬੁੱਲੇ ਸ਼ਾਹ ਦੀਆਂ ਇਨ੍ਹਾਂ ਲਾਈਨਾਂ ਨੂੰ ਕੌਣ ਭੁੱਲ ਸਕਦਾ ਹੈ…?
ਬੁੱਲ੍ਹਾ ਕਸਰ ਨਾਮ ਕਸੂਰ ਹੈ, ਓਥੇ ਮੂੰਹੋਂ ਨਾ ਸਕਣ ਬੋਲ।
ਓਥੇ ਸੱਚੇ ਗਰਦਨ ਮਾਰੀਏ, ਓਥੇ ਝੂਠੇ ਕਰਨ ਕਲੋਲ ।
ਢਿਲਕ ਗਈ ਮੇਰੇ ਚਰਖੇ ਦੀ ਹੱਥੀ, ਕੱਤਿਆ ਮੂਲ ਨਾ ਜਾਵੇ ।
ਤੱਕਲੇ ਨੂੰ ਵਲ ਪੈ ਪੈ ਜਾਂਦੇ, ਕੌਣ ਲੁਹਾਰ ਲਿਆਵੇ ।
ਤੱਕਲੇ ਤੋਂ ਵਲ ਲਾਹੀਂ ਲੁਹਾਰਾ, ਤੰਦੀ ਟੁੱਟ ਟੁੱਟ ਜਾਵੇ ।
ਘੜੀ ਘੜੀ ਇਹ ਝੋਲੇ ਖਾਂਦਾ, ਛੱਲੀ ਇਕ ਨਾ ਲਾਹਵੇ ।
‘ਇਕਬਾਲ ਕੈਸਰ ਦਾ ਪੰਜਾਬੀ ਖੋਜਗੜ੍ਹ’ ਅਨੇਕਾਂ ਸਾਹਿਤ, ਸੱਭਿਆਚਾਰ ਅਤੇ ਪੰਜਾਬੀਅਤ ਦੀਆਂ ਪੁਸਤਕਾਂ ਦਾ ਖ਼ਜ਼ਾਨਾ ਹੈ।
‘ਸ਼ਾਮਦਾਨ ਚੌਕ’ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹੀਦੀ ਨਾਲ ਜੁੜਿਆ ਉਹ ਸਥਾਨ ਹੈ ਜਿੱਥੇ ਕਦੇ ਲਾਹੌਰ ਸੈਂਟਰਲ ਜੇਲ੍ਹ ਵਿਚ ਉਨ੍ਹਾਂ ਨੂੰ ਫਾਂਸੀ ਤੇ ਲਟਕਾਇਆ ਗਿਆ ਸੀ। ਇਸ ਸਫ਼ਰ ਵਿਚ ਅੱਗੇ ਚੱਲਦਿਆਂ ਰਵਿੰਦਰ ਸਹਿਰਾਅ ਨੇ ਗੁਰਦੁਆਰਾ ਨਨਕਾਣਾ, ਸੱਚਾ ਸੌਦਾ, ਪੰਜਾ ਸਾਹਿਬ, ਕਰਤਾਰਪੁਰ ਅਤੇ ਡੇਰਾ ਸਾਹਿਬ ਦਾ ਵੀ ਸੁੰਦਰ ਵਰਨਣ ਕੀਤਾ ਹੈ।
ਵਾਰਿਸ ਸ਼ਾਹ ਦੀ ਲਿਖੀ ਹੋਈ ਹੀਰ ਦੀ ਮਕਬੂਲੀਅਤ ਦਾ ਕੋਈ ਮੁਕਾਬਲਾ ਨਹੀਂ। ਉਸੇ ਵਾਰਿਸ ਸ਼ਾਹ ਦੀ ਜੰਮਣ ਭੂੰਮੀ ‘ਜੰਡਿਆਲਾ ਸ਼ੇਰ ਖ਼ਾਂ’ ਨੂੰ ਵੀ ਸ਼ਾਇਰ ਰਵਿੰਦਰ ਸਹਿਰਾਅ ਨਹੀਂ ਭੁੱਲਿਆ। ਇਸ ਮਹਾਨ ਸ਼ਾਇਰ ਦੀ ਉਸਤਤ ਵਿਚ ਰਵਿੰਦਰ ਸਹਿਰਾਅ ਦੀਆਂ ਲਿਖੀਆਂ ਬਹੁਤ ਈ ਖ਼ੂਬਸੂਰਤ ਅਤੇ ਰੂਹ ਨੂੰ ਧੂਹ ਪਾਉਂਦੀਆਂ ਲਾਈਨਾਂ ਖ਼ੁਦ-ਬ-ਖ਼ੁਦ ਬੋਲ ਰਹੀਆਂ ਹਨ।
‘ਮੁੱਖ ਦਰਵਾਜ਼ੇ ‘ਚੋਂ ਲੰਘ ਕੇ ਬਹੁਤ ਥੋੜ੍ਹੀ ਜਿਹੀ ਵਿੱਥ ‘ਤੇ ਇੱਕ ਛੋਟੀ ਜਿਹੀ ਖ਼ੂਬਸੂਰਤ ਇਮਾਰਤ ਵਿਚ ਸਾਡਾ ਸ਼ਾਇਰ ਸੁੱਤਾ ਪਿਆ ਹੈ। ਅਸੀਂ ਪੋਲੇ ਜਿਹੇ ਪੈਰੀਂ ਉਸ ਕੋਲ ਖੜ੍ਹ ਜਾਂਦੇ ਹਾਂ। ਫੁੱਲ-ਪੱਤੀਆਂ ਨਾਲ਼ ਅਕੀਦਤ ਪੇਸ਼ ਕਰਦੇ ਹਾਂ। ਮਨ ਹੀ ਮਨ ਉਸਦੀ ਮਹਿਮਾ ਕਰਦੇ ਹਾਂ। ਡਰ ਲੱਗਦੈ ਕਿ ਸਾਡਾ ਇਹ ਮਹਾਨ ਸ਼ਾਇਰ ਕਿਤੇ ਜਾਗ ਈ ਨੀ ਜਾਵੇ, ਜਾਣੀ ਉਹਦੀ ਨੀਂਦ ਨਾ ਉੱਖੜ ਜਾਵੇ।’
ਇਸ ਸਫ਼ਰਨਾਮੇ ਵਿਚ ਮੁਸ਼ਾਇਰਿਆਂ, ਕਵੀ ਦਰਬਾਰਾਂ ਅਤੇ ਹੋਰ ਸਾਹਿਤਕ ਗਤੀਵਿਧੀਆਂ ਦੇ ਨਾਲ਼ ਨਾਲ਼ ਹੀ ਗੌਰਮਿੰਟ ਕਾਲਜ ਯੂਨੀਵਰਸਿਟੀ, ਸ਼ਾਹੀ ਕਿਲ੍ਹਾ, ਲਾਹੌਰ ਮਿਊਜ਼ੀਅਮ ਅਤੇ ਬਾਬਾ ਫ਼ਰੀਦ ਦੇ ਬਿਰਤਾਂਤ ਵੀ ਸ਼ਾਮਲ ਹਨ।
‘ਇੱਕ ਹੋਰ ਵਾਰ’ ਦੇ ਤਹਿਤ ਸਫ਼ਰਨਾਮੇ ਦਾ ਦੂਜਾ ਭਾਗ ਰਵਿੰਦਰ ਸਹਿਰਾਅ ਨੇ ‘ਦੂਜੀ ਵੇਰ ਵਾਹਗਾ ਬਾਰਡਰ ‘ਤੇ’ ਲੇਖ ਤੋਂ ਸ਼ੁਰੂ ਕੀਤਾ ਹੈ। ਹਰੇਕ ਵਾਰ ਦਾ ਕੁਛ ਅਲੱਗ ਹੀ ਤਜਰਬਾ। ‘ਲਾਹੌਰ ਦਾ ਅੰਦਰੂਨੀ ਹਿੱਸਾ’ ਅਤੇ ‘ਫਿਰ ਲਾਹੌਰ ਦੀਆਂ ਗਲੀਆਂ ਵਿਚ’ ਰਵਿੰਦਰ ਨੇ ਗਲੀਓ-ਗਲੀ ਹੁੰਦਿਆਂ ਲਾਹੌਰ ਦਾ ਧੁਰ ਅੰਦਰ ਗਾਹ ਮਾਰਿਆ ਅਤੇ ਖ਼ੂਬਸੂਰਤ ਸ਼ਬਦ ਚਿੱਤਰਾਂ ਨਾਲ਼ ਪਾਠਕਾਂ ਨੂੰ ਵੀ ਲਾਹੌਰ ਦੀਆਂ ਖੁੱਲ੍ਹੀਆਂ ਭੀੜੀਆਂ ਗਲੀਆਂ ਦੇ ਦਰਸ਼ਨ ਕਰਾ ਦਿੱਤੇ। ਲਾਹੌਰ ਸ਼ਹਿਰ ਦੇ ਬਜ਼ਾਰ, ਚੂਨਾ ਮੰਡੀ, ਖਤਾਈਆਂ ਦੀ ਦੁਕਾਨ, ਲਾਲ ਖੂਹੀ, ਬਾਦਸ਼ਾਹੀ ਮਸਜਿਦ, ਸ਼ਹਿਜ਼ਾਦੀ ਬੰਬਾ ਸੋਫ਼ੀਆ ਦਲੀਪ ਸਿੰਘ ਤੇ ਫ਼ੈਜ਼ ਅਹਿਮਦ ਫ਼ੈਜ਼ ਦੀਆਂ ਸਮਾਧਾਂ ਅਤੇ ਦੁੱਲਾ ਭੱਟੀ ਦੀ ਕਬਰ ਦਾ ਦਿਲਚਸਪ ਵਰਨਣ ਕੀਤਾ ਹੈ।
ਰਵਿੰਦਰ ਸਹਿਰਾਅ ਦੇ ਇਸ ਸਫ਼ਰਨਾਮੇ ਦੀ ਇੱਕ ਵਿਲੱਖਣਤਾ ਇਹ ਵੀ ਹੈ ਕਿ ਬਿਰਤਾਂਤ ਸੰਖੇਪ ਹੋਣ ਦੇ ਬਾਵਜੂਦ ਵੀ ਉਹ ਖੋਜ ਅਤੇ ਇਤਿਹਾਸਕ ਪੱਖ ਨੂੰ ਨਾਲ਼-ਨਾਲ਼ ਤੋਰੀ ਰੱਖਦਾ ਹੈ ਅਤੇ ਸਾਹਿਤ ਦੀਆਂ ਢੁਕਵੀਆਂ ਵੰਨਗੀਆਂ ਨਾਲ਼ ਵੀ ਸ਼ਿੰਗਾਰਦਾ ਹੈ, ਜਿਨ੍ਹਾਂ ਵਿਚ ਵਿਭਿੰਨ ਨਜ਼ਮਾਂ ਅਤੇ ਕਵਿਤਾਵਾਂ ਵਗੈਰਾ ਵੀ ਸ਼ਾਮਲ ਹਨ।
ਸਫ਼ਰਨਾਮੇ ਦੇ ਇਸ ਭਾਗ ਵਿਚ ਵੀ ਧਾਰਮਿਕ, ਇਤਿਹਾਸਕ, ਵਿਦਿਅਕ, ਸਾਹਿਤਕ ਸਰਗਰਮੀਆਂ ਦੇ ਸੁਮੇਲ ਨੂੰ ਕਲਮਬੱਧ ਕੀਤਾ ਹੈ। ਜਾਣੀਆਂ-ਪਛਾਣੀਆਂ ਸ਼ਖਸੀਅਤਾਂ ਨਜਮ ਹੁਸੈਨ ਸੱਯਦ, ਅਫ਼ਜ਼ਲ ਸਾਹਿਰ ਨਾਲ਼ ਮੁਲਾਕਾਤਾਂ ਦੇ ਵਰਨਣ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਅਤੇ ਮਰਦਾਨੇ ਦੇ ਵਾਰਿਸਾਂ ਨਾਲ਼ ਮੁਲਾਕਾਤ ਦੇ ਬਿਰਤਾਂਤ ਵੀ ਪਾਠਕ ਦਾ ਧਿਆਨ ਖਿੱਚਦੇ ਹਨ।
ਰਵਿੰਦਰ ਸਹਿਰਾਅ ਇਸ ਸਫ਼ਰਨਾਮੇ ਨੂੰ ‘ਲਾਹੌਰ ਨੂੰ ਅਲਵਿਦਾ’ ਅਤੇ ‘ਲਾਹੌਰ ਸ਼ਹਿਰ ਵਸੇਂਦੀਓ ਕੁੜੀਓ’ ਦੇ ਮਨ ਨੂੰ ਟੁੰਬਦੇ ਸਾਂਝ ਦੇ ਸੁਨੇਹੇ ਨਾਲ ਸਮੇਟਦਿਆਂ ਹੋਇਆਂ ਵੀ ਖੁੱਲ੍ਹਾ ਹੀ ਰੱਖਦਾ ਹੈ… ਸ਼ਾਇਦ ਇੱਕ ਅਗਲੀ ਅਤੇ ਅਗਲੇਰੀ ਫੇਰੀ ਦੀ ਇੱਛਾ ਮਨ ਵਿਚ ਜਿਉਂਦੀ ਰੱਖਦਿਆਂ…। ਖ਼ੂਬਸੂਰਤ ਕਵਿਤਾ ਦੀਆਂ ਮੋਹ ਮੁਹੱਬਤ ਨਾਲ ਲਬਰੇਜ਼ ਇਹ ਕੁਝ ਲਾਈਨਾਂ ਖ਼ੁਦ-ਬ-ਖ਼ੁਦ ਪਾਠਕਾਂ ਦੀ ਰੂਹ ਨੂੰ ਧੂਹ ਪਾਉਂਦੀਆਂ ਨੇ ਅਤੇ ਸੱਚੋ-ਸੱਚ ‘ਲਾਹੌਰ ਨਾਲ ਗੱਲਾਂ’ ਵੀ ਕਰਦੀਆਂ ਨੇ!!
ਲਾਹੌਰ ਸ਼ਹਿਰ ਵਸੇਂਦੀਓ ਕੁੜੀਓ
ਕਦੇ ਅੰਬਰਸਰ ਵੀ ਆਓ।
ਨਾਨਕ ਸ਼ਾਹ ਫ਼ਕੀਰ ਦਾ ਹੋਕਾ
ਸਾਂਝੀਵਾਲਤਾ ਧੁਰਾ ਹੈ ਜਿਸਦਾ
ਸ਼ਾਹ ਹੁਸੈਨ, ਬਾਹੂ ਦੀਆਂ ਹੂਕਾਂ
ਦਿਲ ਅੰਦਰ ਜੋ ਧਾਹ ਪਾਉਂਦੀਆਂ
ਭਗਤ ਸਿੰਘ ਦੇ ਪਿੰਡ ਵੀ ਜਾਇਓ
ਅਹਿਮਦ ਖ਼ਰਲ ਤੇ ਦੁੱਲਾ ਭੱਟੀ ਦਾ
ਲਲਕਾਰਾ ਨਾਲ਼ ਲਿਆਓ ।
ਲਾਹੌਰ ਸ਼ਹਿਰ ਵਸੇਂਦੀਓ ਕੁੜੀਓ
ਕਦੇ ਅੰਬਰਸਰ ਵੀ ਆਓ ।
ਰਵਿੰਦਰ ਸਹਿਰਾਅ ਇੱਕ ਸੰਵੇਦਨਸ਼ੀਲ ਸ਼ਾਇਰ ਹੈ ਜਿਸ ਦੇ ਬੋਝੇ ਲਫ਼ਜ਼ਾਂ ਦਾ ਭੰਡਾਰ ਹੈ। ਸ਼ਬਦਾਂ ਦੀ ਜਾਦੂਗਰੀ ਦੇ ਹੁਨਰ ਦਾ ਕਮਾਲ ਵੀ ਹੈ। ਭਾਵੇਂ ਉਸ ਨੇ ਬਹੁਤਾਤ ਵਿਚ ਕਵਿਤਾ ਹੀ ਸਿਰਜੀ ਹੈ, ਪਰ ਪਿਛਲੇ ਕੁਝ ਸਮੇਂ ਦੀਆਂ ਰਚਨਾਵਾਂ ਨੂੰ ਪੜ੍ਹਦਿਆਂ ਮੈਨੂੰ ਜਾਪਦਾ ਹੈ ਕਿ ਉਸ ਨੂੰ ਵਾਰਤਕ ਅਤੇ ਸਫ਼ਰਨਾਮਿਆਂ ਦੀ ਸਿਰਜਣਾ ਨਾਲ਼ ਪਾਠਕਾਂ ਨੂੰ ਕੀਲਣ ਦਾ ਪੂਰਾ ਵਲ ਅਤੇ ਮੁਹਾਰਤ ਵੀ ਹਾਸਲ ਹੈ। ਇਸ ਦੀ ਤਾਜ਼ਾ ਉਦਾਹਰਨ ‘ਲਾਹੌਰ ਨਾਲ ਗੱਲਾਂ’ ਹੈ, ਜਿਸ ਨੂੰ ਪੰਜਾਬੀ ਸਾਹਿਤ ਦੇ ਸੁਹਿਰਦ ਪਾਠਕਾਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ। ਸਫ਼ਰਨਾਮੇ ਨੂੰ ਪੜ੍ਹਦਿਆਂ ਇਹ ਵੀ ਮਹਿਸੂਸ ਹੋਵੇਗਾ ਕਿ ਗੁਰਾਂ ਦੇ ਨਾਂਅ ਵੱਸਦਾ ‘ਸਾਂਝਾ ਪੰਜਾਬ’ ਕਦੇ ਵਾਕਿਆ ਈ ਰੰਗਲਾ ਪੰਜਾਬ ਹੁੰਦਾ ਹੋਵੇਗਾ!
ਇਸ ਸਫ਼ਰਨਾਮੇ ਨੂੰ ਪੜ੍ਹਨ, ਜਾਨਣ ਅਤੇ ਮਾਣਨ ਤੋਂ ਬਾਅਦ ਮੈਂ ਏਨਾ ਕੁ ਜ਼ਰੂਰ ਕਹਿ ਸਕਦਾ ਹਾਂ ਕਿ ਇਸ ਸਫ਼ਰਨਾਮੇ ਨੂੰ ਪੜ੍ਹਦਿਆਂ ਤੁਸੀਂ ਇੰਜ ਮਹਿਸੂਸ ਕਰੋਗੇ ਜਿਵੇਂ ਰਵਿੰਦਰ ਸਹਿਰਾਅ ਤੁਹਾਡੀ ਉਂਗਲੀ ਫੜ ਕੇ ਲਾਹੌਰ ਦੀਆਂ ਗਲੀਆਂ ਘੁੰਮਾ ਰਿਹਾ ਹੋਵੇ, ਤੁਹਾਡੇ ਚਿੱਤ-ਚੇਤਿਆਂ ਵਿਚ ਵੱਸਦਾ ਲਾਹੌਰ ਦਿਖਾ ਰਿਹਾ ਹੋਵੇ, ਮੁਹੱਬਤੀ ਲੋਕਾਂ ਨੂੰ ਮਿਲਾ ਰਿਹਾ ਹੋਵੇ, ਧਾਰਮਿਕ, ਇਤਿਹਾਸਕ ਤੇ ਸਾਹਿਤਕ ਸਥਾਨਾਂ ਦੇ ਦਰਸ਼ਨ ਕਰਾ ਰਿਹਾ ਹੋਵੇ, ਅਤੇ ‘ਲਾਹੌਰ ਨਾਲ ਗੱਲਾਂ’ ਕਰਾ ਰਿਹਾ ਹੋਵੇ!!
ਮੇਰੇ ਵੱਲੋਂ ਰਵਿੰਦਰ ਸਹਿਰਾਅ ਨੂੰ ਇਸ ਨਿਵੇਕਲੀ ਪੁਸਤਕ ਦੀਆਂ ਬਹੁਤ ਮੁਬਾਰਕਾਂ ਅਤੇ ਉਸ ਦੇ ਅਗਲੇ ਤੇ ਅਗਲੇਰੇ ਸਾਹਿਤਕ ਸਫ਼ਰ ਲਈ ਸ਼ੁੱਭ ਕਾਮਨਾਵਾਂ!
ਜ਼ਿੰਦਗੀ ਜ਼ਿੰਦਾਬਾਦ ।
