ਗੁਰੂ ਨਾਨਕ ਦੇਵ ਜੀ ਦੇ ਸੁਨੇਹੇ ਦੀ ਵਿਆਪਕਤਾ

ਡਾ. ਪ੍ਰਿਤਪਾਲ ਸਿੰਘ ਮਹਿਰੋਕ
ਫੋਨ: 98885-10185
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦਾ ਸਮਾਜ ਧਾਰਮਿਕ, ਸਮਾਜਿਕ ਵੱਖਰੇਵਿਆਂ ਦਾ ਸ਼ਿਕਾਰ ਹੋਣ ਕਾਰਨ ਸਵੈ-ਹਿਤਾਂ, ਲੋਭ, ਲਾਲਸਾਵਾਂ, ਗ਼ਰਜ਼ਾਂ, ਝੂਠ-ਫਰੇਬ, ਚੋਰੀਆਂ-ਠੱਗੀਆਂ, ਕਪਟ, ਕੂੜ, ਕੁਸਤ, ਤ੍ਰਿਸ਼ਨਾਵਾਂ, ਹੰਕਾਰ ਆਦਿ ਦੇ ਜਾਲ ਵਿਚ ਫਸਿਆ ਹੋਇਆ ਸੀ। ਮਨੁੱਖ ਅਗਿਆਨਤਾ ਦੇ ਹਨੇਰੇ ਵਿਚ ਭਟਕ ਰਿਹਾ ਸੀ।

ਧਰਮ ਅਤੇ ਜਾਤ-ਪਾਤ ਦੇ ਆਧਾਰ ‘ਤੇ ਮਨੁੱਖ ਦਰਮਿਆਨ ਪਾਈਆਂ ਜਾਂਦੀਆਂ ਵੰਡੀਆਂ ਬਹੁਤ ਡੂੰਘੀਆਂ ਸਨ। ਗੁਰੂ ਨਾਨਕ ਦੇਵ ਜੀ ਸਮਾਜਿਕ, ਧਾਰਮਿਕ ਬੁਰਾਈਆਂ ਨੂੰ ਦੂਰ ਕਰਨ ਲਈ ਵਿਵਹਾਰਿਕ ਪਹੁੰਚ ਅਪਣਾਉਂਦੇ ਹਨ। ਲੋਕਾਂ ਨੂੰ ਸੁਨੇਹਾ ਦੇਣ ਲਈ ਗੁਰੂ ਸਾਹਿਬ ਦੀ ਪਹੁੰਚ ਬੜੀ ਵਚਿੱਤਰ ਹੈ। ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਸਮਝਣ ਲਈ ਉਨ੍ਹਾਂ ਦੀ ਬਾਣੀ ਤੇ ਚਿੰਤਨ ਨੂੰ ਸਮਝਣ ਦੀ ਲੋੜ ਹੋਵੇਗੀ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਉਨ੍ਹਾਂ ਦੀ ਬਾਣੀ ਵਿਚੋਂ ਉਨ੍ਹਾਂ ਦਾ ਜੋ ਚਿੰਤਨ ਸਮਝ ਆਉਂਦਾ ਹੈ, ਉਹ ਮੂਲ ਰੂਪ ਵਿਚ ਬ੍ਰਹਮ, ਜਗਤ, ਜੀਵ ਅਤੇ ਮੁਕਤੀ ਦੇ ਸੰਕਲਪ ਦਾ ਬੋਧ ਕਰਾਉਂਦਾ ਹੈ। ਉਹ ਧਰਮ ਦੇ ਸੰਕਲਪ ਨੂੰ ਸਮਝਾਉਂਦੇ ਹਨ ਤੇ ਧਰਮ ਦੇ ਮਹੱਤਵ ਬਾਰੇ ਤਰਕ, ਅਸਲੀਅਤ ਅਤੇ ਵਿਹਾਰ ਦੇ ਆਧਾਰ ‘ਤੇ ਸੰਵਾਦ ਰਚਾਉਂਦੇ ਹਨ। ਗੁਰੂ ਸਾਹਿਬ ਆਪਣੇ ਦਰਸ਼ਨ ਨੂੰ ਸਮਾਜਿਕ ਚੇਤਨਾ ਦੇ ਪ੍ਰਸੰਗ ਵਿਚ ਪੇਸ਼ ਕਰਦੇ ਹਨ। ਸਮਾਜ ਦਾ ਸਰੂਪ-ਨਿਰਮਾਣ ਵਿਅਕਤੀ ਜਾਂ ਵਿਅਕਤੀ ਸਮੂਹ ਦੇ ਵਿਚਾਰਾਂ ਦੇ ਆਧਾਰ ‘ਤੇ ਉਸਰਦਾ ਹੈ। ਗੁਰੂ ਸਾਹਿਬ ਨਿਰਸਵਾਰਥ ਪਰ ਲੋਕ ਹਿਤੂ ਸਮਾਜਿਕ ਤਾਣੇ-ਬਾਣੇ ਦੀ ਸਥਾਪਨਾ ਦਾ ਸੁਨੇਹਾ ਦਿੰਦੇ ਹਨ ਤੇ ਮਨੁੱਖ ਦੇ ਜਗਤ ਵਿਚ ਆਉਣ ਦਾ ਮਨੋਰਥ ਸਮਝਾਉਂਦੇ ਹਨ। ਗੁਰੂ ਸਾਹਿਬ ਦਾ ਬ੍ਰਹਮ ਜੋਤਿ ਸਰੂਪ ਹੈ, ਨਿਰੰਜਨ ਹੈ, ਅਗਮ, ਅਗੋਚਰ ਹੈ। ੴ ਦਾ ਸੰਕਲਪ ਹੀ ਗੁਰੂ ਨਾਨਕ ਦੇਵ ਜੀ ਦੇ ਬ੍ਰਹਮ ਦਾ ਆਧਾਰ ਬਣਦਾ ਹੈ। ਗੁਰੂ ਸਾਹਿਬ ਮਨੁੱਖੀ ਮਨ ਦੀ ਸੂਖ਼ਮਤਾ, ਚੰਚਲਤਾ ਤੇ ਹੋਰ ਅਵਸਥਾਵਾਂ ਨੂੰ ਦਰਸਾਉਂਦਿਆਂ ਮਨ ਨੂੰ ਵਸ ਵਿਚ ਕਰਨ ਦੀ ਗੱਲ ਸਮਝਾਉਂਦੇ ਹਨ। ਆਪ ਫਰਮਾਉਂਦੇ ਹਨ ਕਿ ਮਨ ਨੂੰ ਵਸ ਕਰ ਕੇ ਹੀ ਜਗਤ ਨੂੰ ਸਮਝਿਆ ਜਾ ਸਕਦਾ ਹੈ। ਪਾਪਾਂ/ਕੁਕਰਮਾਂ ਨਾਲ ਅਪਵਿੱਤਰ ਹੋਈ ਬੁੱਧੀ ਦੀ ਸ਼ੁੱਧੀ ਵਾਸਤੇ ਪ੍ਰਭੂ ਦੇ ਨਾਮ ਸਿਮਰਨ ਦਾ ਸੁਨੇਹਾ ਦੇ ਕੇ ਮਨ ਦੀ ਭਟਕਣ ਤੋਂ ਬਚਣ ਦਾ ਸੁਨੇਹਾ ਵੀ ਗੁਰੂ ਸਾਹਿਬ ਦਿੰਦੇ ਹਨ:
ਭਰੀਐ ਹਥੁ ਪੈਰੁ ਤਨੁ ਦੇਹ॥ ਪਾਣੀ ਧੋਤੈ ਉਤਰਸੁ ਖੇਹ॥
ਮੂਤ ਪਲੀਤੀ ਕਪੜੁ ਹੋਇ॥ ਦੇ ਸਾਬੂਣੁ ਲਈਐ ਓਹੁ ਧੋਇ॥
ਭਰੀਐ ਮਤਿ ਪਾਪਾ ਕੈ ਸੰਗਿ॥ ਓਹੁ ਧੋਪੈ ਨਾਵੈ ਕੈ ਰੰਗਿ॥ (ਅੰਗ ੪)
ਬਹੁਤੀਆਂ ਹਾਲਤਾਂ ਵਿਚ ਮਨੁੱਖੀ ਮਨ ਦੀ ਸਥਿਤੀ ਇਹ ਬਣ ਜਾਂਦੀ ਹੈ ਕਿ ਉਹ ਮੋਹ, ਮਾਇਆ, ਪਾਪਾਂ, ਲੋਭ, ਤ੍ਰਿਸ਼ਨਾ, ਹਊਮੈ, ਨਿੰਦਿਆ ਆਦਿ ਦੇ ਚਿੱਕੜ ਵਿਚ ਹੋਰ ਵਧੇਰੇ ਧਸਦਾ ਚਲਾ ਜਾਂਦਾ ਹੈ :
ਕਿਆ ਬਗੁ ਬਪੁੜਾ ਛਪੜੀ ਨਾਇ
ਕੀਚੜਿ ਡੂਬੈ ਮੈਲੁ ਨ ਜਾਇ॥ (685 )
ਪ੍ਰਭੂ ਪਰਮਾਤਮਾ ਤੋਂ ਬਿਨਾਂ ਮਨੁੱਖ ਕਿਸੇ ਹੋਰ ਆਸਰੇ ਦੀ ਭਾਲ ਵਿਚ ਅਮੋਲਵਾਂ ਜੀਵਨ ਗਵਾ ਲੈਂਦਾ ਹੈ। ਮਨੁੱਖ ਅਨੇਕਾਂ ਹੋਰ ਯਤਨ ਕਰਦਾ ਹੈ ਤੇ ਆਪਣੀ ਆਤਮਿਕ ਮੌਤ ਸਹੇੜਦਾ ਹੈ। ਇੰਜ ਮਨੁੱਖ ਦੁਖੀ ਹੁੰਦਾ ਹੈ ਤੇ ਕਸ਼ਟ ਭੋਗਦਾ ਹੈ।
ਗੁਰੂ ਨਾਨਕ ਦੇਵ ਜੀ ਦੇ ਜੀਵਨ, ਗਿਆਨ, ਦ੍ਰਿਸ਼ਟੀ, ਸਮਾਜ, ਸ੍ਰਿਸ਼ਟੀ, ਬ੍ਰਹਿਮੰਡ, ਮਨੁੱਖ ਨੂੰ ਸਮਝਣ ਦੀ ਗਹਿਰੀ ਨੀਝ, ਉਦਾਸੀਆਂ ਵਿਚੋਂ ਗ੍ਰਹਿਣ ਕੀਤੇ ਦੀਰਘ ਅਨੁਭਵ ਦੇ ਨਿਚੋੜ ਆਦਿ ਉਪਰ ਉਨ੍ਹਾਂ ਦਾ ਦਰਸ਼ਨ ਉਸਰਦਾ ਹੈ। ਇਸ ਦਰਸ਼ਨ ਦਾ ਮੁੱਖ ਪਹਿਲੂ ਉਨ੍ਹਾਂ ਦੀ ਬਾਣੀ ‘ਜਪੁਜੀ ਸਾਹਿਬ’ ਵਿਚੋਂ ਪ੍ਰਗਟ ਹੋ ਜਾਂਦਾ ਹੈ। ਇਸ ਬਾਣੀ ਵਿਚ ਉਹ ਪਰਮਾਤਮਾ ਦੇ ਗੁਣਾਂ ਦੀ ਵਡਿਆਈ, ਆਪਾਰ ਮਹਾਨਤਾ ਅਤੇ ਉਸ ਦੇ ਅਗੰਮੀ ਗੌਰਵ ਨੂੰ ਸਾਕਾਰ ਕਰਦੇ ਹਨ। ‘ਜਪੁਜੀ ਸਾਹਿਬ’ ਵਿਚ ਗੁਰੂ ਨਾਨਕ ਦੇਵ ਜੀ ਹੁਕਮ, ਹਓਮੈ, ਕਿਰਤ, ਕਰਮ, ਨਦਰ, ਸਚਿਆਰ, ਪ੍ਰਭੂ ਪ੍ਰੇਮ, ਭਗਤੀ, ਨਾਮ ਸਿਮਰਨ, ਸਬਰ, ਸੰਤੋਖ, ਮਨ, ਮਾਰਗ ਦਰਸ਼ਕ, ਸ਼ਬਦ ਦੇ ਮਹੱਤਵ, ਸ੍ਰਿਸ਼ਟੀ ਦੇ ਪਾਸਾਰ, ਪੰਜ ਖੰਡਾਂ, ਪ੍ਰਭੂ ਦੀ ਮਹਿਮਾ ਆਦਿ ਦਾ ਉਲੇਖ ਕਰਦੇ ਹਨ। ਇਹ ਸੰਕਲਪ ਉਘੜਦੇ ਜਾਂਦੇ ਹਨ ਅਤੇ ਕਈ ਸਵਾਲ ਉਸਰਦੇ ਜਾਂਦੇ ਹਨ। ਮੂਲ ਪ੍ਰਸ਼ਨ ਦਾ ਸੂਤਰ ‘ਕਿਵ ਸਚਿਆਰਾ ਹੋਈਐ’ ਬਣਦਾ ਹੈ ਤੇ ਨਾਲ ਨਾਲ ‘ਹੁਕਮਿ ਰਜਾਈ ਚਲਣਾ’ ਦੀ ਧਾਰਨਾ ਨੂੰ ਬਲ ਮਿਲਦਾ ਜਾਂਦਾ ਹੈ। ‘ਹੁਕਮਿ ਰਜਾਈ ਚਲਣਾ’ ਤੋਂ ਭਾਵ ਜੀਵਨ ਵਿਚ ਉਹ ਕਰਮ ਕਰਨ ਤੋਂ ਹੈ, ਜਿਹੜੇ ਸਦਾਚਾਰਕ ਪੈਮਾਨੇ ਤੇ ਖਰੇ ਉਤਰਦੇ ਹੋਣ। ਗੁਰੂ ਨਾਨਕ ਦੇਵ ਜੀ ਆਪਣੇ ਦਰਸ਼ਨ ਨੂੰ ਮੂਲ ਮੰਤਰ ਵਿਚ ਹੀ ਸਮਝਾ ਦਿੰਦੇ ਹਨ। ਗੁਰੂ ਸਾਹਿਬ ਪਾਰ ਬ੍ਰਹਮ ਦੀ ਆਪਾਰ ਸ਼ਕਤੀ, ਉਸ ਦੀ ਅਸਗਾਹ ਹਸਤੀ ਅਤੇ ਉਸ ਨੂੰ ਅੰਤਿਮ ਸੱਚ ਵਜੋਂ ਸਥਾਪਿਤ ਕਰਦੇ ਹਨ। ਉਹ ਹਸਤੀ ਸਰਬਕਾਲੀ ਸੱਚ ਵਾਲੀ ਹੈ। ਇਸੇ ਲਈ ਗੁਰੂ ਸਾਹਿਬ ਮਨੁੱਖ ਨੂੰ ਨਾਸ਼ਵਾਨ ਸੰਸਾਰ ਅਤੇ ਮਾਇਆ ਦੇ ਪਾਸਾਰੇ ਨਾਲੋਂ ਵਿਛੋਹ ਹੋਣ ਲਈ ਕਹਿੰਦੇ ਹਨ ਅਤੇ ਮਾਇਆ ਦੇ ਪਸਾਰੇ ਨਾਲੋਂ ਤੋੜ ਕੇ ਸਰਬਕਾਲੀ ਤੇ ਅੰਤਿਮ ਸੱਚ ਨਾਲ ਜੋੜਨ ਦਾ ਰਸਤਾ ਸੁਝਾਉਂਦੇ/ਦਰਸਾਉਂਦੇ ਹਨ। ਸੱਚ ਦੇ ਰਸਤੇ ‘ਤੇ ਚੱਲ ਕੇ ਹੀ ਮਨੁੱਖ ਸਚਿਆਰੀ ਹੋਂਦ ਨੂੰ ਪਛਾਣ ਸਕਦਾ ਹੈ।
ਗੁਰੂ ਸਾਹਿਬ ਨੇ ਇਹ ਗੱਲ ਸਥਾਪਿਤ ਕਰ ਦਿੱਤੀ ਸੀ ਕਿ ਬ੍ਰਹਿਮੰਡ ਨੂੰ ਚੱਲਦਿਆਂ ਰੱਖਣ ਲਈ ਹਰ ਸ਼ੈਅ ਆਪੋ-ਆਪਣਾ ਯੋਗਦਾਨ ਪਾਉਂਦੀ ਹੈ। ਪ੍ਰਾਕਿਰਤਕ ਪਾਸਾਰੇ ਦਾ ਹਰ ਵਰਤਾਰਾ ਗਤੀਸ਼ੀਲ ਹੈ। ਉਨ੍ਹਾਂ ਅਨੁਸਾਰ ਜੋ ਅਸੂਲ ਬ੍ਰਹਿਮੰਡ ਵਿਚ ਕੰਮ ਕਰ ਰਿਹਾ ਹੈ, ਉਹੀ ਕਿਰਿਆਸ਼ੀਲਤਾ ਮਨੁੱਖੀ ਸਰੀਰ ਵਿਚ ਵਾਪਰਦੀ ਰਹਿੰਦੀ ਹੈ। ਉਹ ਪ੍ਰਕਿਰਤੀ ਦੇ ਅਦਭੁਤ ਪਾਸਾਰੇ ਦੇ ਆਧਾਰ ਤੇ ਮਨੁੱਖੀ ਜੀਵਨ ਦੀਆਂ ਰਮਜ਼ਾਂ ਸਮਝਾਉਂਦੇ ਹਨ। ਮਨੁੱਖ ਨੂੰ ਉਹ ਕੁਦਰਤ ਦਾ ਸਮਤੋਲ ਬਣਾਈ ਰੱਖਣ ਦਾ ਸੁਨੇਹਾ ਦਿੰਦੇ ਹਨ।
ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਬਹੁਤ ਡੂੰਘੇ ਅਰਥ ਛੁਪੇ ਹਨ। ਗੁਰੂ ਸਾਹਿਬ ਮਨੁੱਖੀ ਜੀਵਨ, ਮਨੁੱਖ ਦੇ ਇਸ ਜਗਤ ਵਿਚ ਆਉਣ ਦੇ ਮਨੋਰਥ, ਉਸ ਦੀ ਰਹਿਤਲ, ਉਸ ਦੇ ਸਮਾਜ-ਸਭਿਆਚਾਰ ਅਤੇ ਉਸ ਦੇ ਜੀਵਨ ਨਾਲ ਸਬੰਧਤ ਹੋਰ ਪਹਿਲੂਆਂ ਦੇ ਸਬੰਧ ਵਿਚ ਮਨੁੱਖ ਦੀ ਅਗਵਾਈ ਕਰਦੇ ਹਨ। ਉਨ੍ਹਾਂ ਦੀ ਬਾਣੀ ਵਿਚੋਂ ਉਘੜਦਾ ਉਨ੍ਹਾਂ ਦਾ ਦਰਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਸਥਾਰ ਕਰਦਾ ਹੈ ਤੇ ਇਕ ਨਵਾਂ ਧਰਮ ਦਰਸ਼ਨ ਬਣ ਕੇ ਪ੍ਰਗਟ ਹੁੰਦਾ ਹੈ। ਉਹ ਜਦੋਂ ਸ੍ਰਿਸ਼ਟੀ, ਕੁਦਰਤ ਦਾ ਸਮੁੱਚਾ ਪਾਸਾਰ, ਰੁੱਤਾਂ, ਵਣ-ਤ੍ਰਿਣ ਆਦਿ ਨੂੰ ਮਨੁੱਖ ਨਾਲ ਜੋੜ ਕੇ ਦਰਸਾਉਂਦੇ ਹਨ ਤਾਂ ਇਸ ਪ੍ਰਾਕਿਰਤਿਕ ਵਰਤਾਰੇ ਦੇ ਮਨੁੱਖੀ ਮਾਨਸਿਕਤਾ ਉਪਰ ਪੈਣ ਵਾਲੇ ਪ੍ਰਭਾਵਾਂ ਨੂੰ ਵੀ ਪ੍ਰਗਟ ਕਰਦੇ ਜਾਂਦੇ ਹਨ।
ਗੁਰੂ ਸਾਹਿਬ ਦੀ ਰਚੀ ‘ਆਰਤੀ’ ਵਿਚੋਂ ਉਨ੍ਹਾਂ ਦੀ ਬ੍ਰਹਿਮੰਡ ਨਾਲ ਇਕਸੁਰ ਹੋਈ ਸ਼ਖ਼ਸੀਅਤ ਦੇ ਦਰਸ਼ਨ ਹੁੰਦੇ ਹਨ। ਆਪ ਫਰਮਾਉਂਦੇ ਹਨ ਕਿ ਪਾਰਬ੍ਰਹਮ ਤਾਂ ਉਸਨੂੰ ਆਰਤੀ ਮੰਨਦਾ ਹੈ ਜਦੋਂ ਉਹ ਕੁਝ ਹੋਵੇ, ਜੋ ‘ਉਸਨੂੰ’ ਚੰਗਾ ਲੱਗਦਾ ਹੈ। ਗੁਰੂ ਸਾਹਿਬ ਦੀਆਂ ਨਜ਼ਰਾਂ ਵਿਚ ਤਾਂ ਸਾਰੀ ਸ੍ਰਿਸ਼ਟੀ, ਸਾਰੀ ਕੁਦਰਤ ਹੀ ਰੱਬ ਦੀ ਪੂਜਾ ਕਰ ਰਹੀ ਹੈ, ਉਸਤੁਤੀ ਕਰ ਰਹੀ ਹੈ।
ਸੰਸਾਰ ਭਰ ਵਿਚ ਅਜੋਕਾ ਮਨੁੱਖ ਜਿਨ੍ਹਾਂ ਸੰਕਟਾਂ ਦੇ ਸਨਮੁਖ ਖੜਾ ਹੈ, ਉਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ। ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਉਨ੍ਹਾਂ ਦਾ ਫ਼ਲਸਫ਼ਾ ਉਨ੍ਹਾਂ ਸੰਕਟਾਂ ਨਾਲ ਨਜਿੱਠਣ ਲਈ ਰਾਹ ਦਰਸਾਉਂਦਾ ਹੈ ਤੇ ਮਨੁੱਖ ਦਾ ਮਾਰਗ ਦਰਸ਼ਨ ਕਰਦਾ ਹੈ। ਮਨੁੱਖ ਦਾ ਰਾਹ ਰੁਸ਼ਨਾਉਣਾ ਉਨ੍ਹਾਂ ਦੇ ਫ਼ਲਸਫ਼ੇ ਦਾ ਮੁੱਖ ਪਹਿਲੂ ਬਣਦਾ ਹੈ। ਗੁਰੂ ਸਾਹਿਬ ਮਨੁੱਖ ਨੂੰ ਜੀਵਨ ਜਾਚ ਦੇ ਢੰਗ-ਤਰੀਕੇ ਸਮਝਾਉਂਦੇ ਹਨ। ਉਨ੍ਹਾਂ ਨੇ ਜਿਸ ਤਰ੍ਹਾਂ ਦੀ ਜੀਵਨ-ਜਾਚ ਨੂੰ ਵਿਕਸਤ ਕੀਤਾ ਹੈ, ਉਹ ਹੀ ਅਸਲ ਵਿਚ ਗੁਰਮਤਿ ਦਾ ਸਦਾਚਾਰ ਬਣਦੀ ਹੈ।
ਅਸੀਂ ਦੇਖਦੇ ਹਾਂ ਕਿ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਦਾ ਸੰਦੇਸ਼ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰ ਅੱਜ ਧਰਤੀ, ਹਵਾ, ਪਾਣੀ ਆਦਿ ਦੇ ਕੁਦਰਤੀ ਸੋਮਿਆਂ ਨੂੰ ਗੰਦਲਿਆਂ ਤੇ ਪ੍ਰਦੂਸ਼ਿਤ ਕਰ ਰਹੇ ਹਨ। ਵਾਤਾਵਰਨ ਨੂੰ ਸ਼ੁੱਧ ਬਣਾਈ ਰੱਖਣ ਲਈ ਮਨੁੱਖ ਨੂੰ ਗੁਰੂ ਨਾਨਕ ਦੇ ਸੁਨੇਹੇ ਨੂੰ ਸਮਝਣ ਤੇ ਜਾਗਰੂਕ ਹੋਣ ਦੀ ਲੋੜ ਹੈ। ਜੇ ਮਨੁੱਖਤਾ ਨੂੰ ਜਿਊਂਦਿਆਂ ਰੱਖਣਾ ਹੈ ਤਾਂ ਮਨੁੱਖ ਨੂੰ ਬਾਣੀ ਨਾਲ ਜੁੜਨਾ ਪਵੇਗਾ। ਉਨ੍ਹਾਂ ਦੀਆਂ ਸਾਰੀਆਂ ਸਿੱਖਿਆਵਾਂ ਲੋਕ ਕਲਿਆਣ, ਬਿਹਤਰ ਮਨੁੱਖ ਤੇ ਸਮਾਜ ਦੀ ਸਿਰਜਣਾ ਵਾਸਤੇ ਹਨ। ਉਨ੍ਹਾਂ ਮਨੁੱਖ ਸਾਹਵੇਂ ਜੋ ਆਦਰਸ਼ ਪੇਸ਼ ਕੀਤੇ, ਉਨ੍ਹਾਂ ਨੂੰ ਧਾਰਨ ਕਰ ਕੇ ਹੀ ਮਨੁੱਖ ਸਦਾਚਾਰੀ ਅਖਵਾ ਸਕਦਾ ਹੈ। ਸਦਾਚਾਰੀ ਵਿਵੇਕ ਵਾਲੇ ਮਨੁੱਖ ਦੀ ਸਿਰਜਣਾ ਦਾ ਮਾਡਲ ਗੁਰੂ ਸਾਹਿਬ ਦੀ ਬਾਣੀ ਦਾ ਮਹੱਤਵਪੂਰਨ ਨੁਕਤਾ ਬਣਦਾ ਹੈ।
ਗੁਰੂ ਸਾਹਿਬ ਮਨੁੱਖੀ ਅਧਿਕਾਰਾਂ ਬਾਰੇ ਅਤੇ ਮਨੁੱਖੀ ਸਮਾਨਤਾ ਬਾਰੇ ਗੱਲ ਕਰਦੇ ਹਨ। ਉਹ ਸਮਕਾਲ ਦੀ ਸਿਆਸਤ ਅਤੇ ਪ੍ਰਚਲਿਤ ਧਰਮਾਂ ਵਿਚਲੀਆਂ ਊਣਤਾਈਆਂ ਨੂੰ ਪਛਾਣਦੇ ਹਨ ਤੇ ਸਮਾਜਿਕ ਅਧੋਗਤੀ ਪ੍ਰਤੀ ਵਿਰੋਧ ਪ੍ਰਗਟ ਕਰਦਿਆਂ ਮਨੁੱਖੀ ਬਰਾਬਰੀ ਤੇ ਮਨੁੱਖੀ ਹੱਕਾਂ ਦੀ ਗੱਲ ਕਰਦੇ ਹਨ। ਉਨ੍ਹਾਂ ਦੀ ‘ਆਸਾ ਦੀ ਵਾਰ’, ‘ਸਿੱਧ ਗੋਸਟਿ’ ਅਤੇ ‘ਬਾਬਰਵਾਣੀ’ ਵਿਚ ਸਮਾਜਿਕ ਅਧੋਗਤੀ ਪ੍ਰਤੀ ਵਿਰੋਧ ਦੀ ਸੁਰ ਵੇਖੀ ਜਾ ਸਕਦੀ ਹੈ।
ਗੁਰੂ ਨਾਨਕ ਦੇਵ ਜੀ ਹਰ ਗੱਲ ਤਰਕ ਦੇ ਆਧਾਰ ‘ਤੇ ਕਰਦੇ ਹਨ। ਉਹ ਪ੍ਰਸ਼ਨ ਉਠਾਉਂਦੇ ਹਨ। ਸਮਾਜ ਦੋਖੀ ਤਾਕਤਾਂ ਖ਼ਿਲਾਫ਼ ਆਵਾਜ਼ ਉਠਾਉਂਦੇ ਹਨ। ਸਮਕਾਲ ਵਿਚ ਸਥਾਪਤੀ ਦੀਆਂ ਵਧੀਕੀਆਂ ਵਿਰੁੱਧ ਡਟਦੇ ਹਨ। ਉਨ੍ਹਾਂ ਦੇ ਫ਼ਲਸਫੇ ਵਿਚ ਗਿਆਨ, ਵਿਗਿਆਨ, ਤਰਕ, ਪਰਖੇ ਜਾ ਸਕਣ ਵਾਲੇ ਸਿਧਾਂਤਾਂ ਦੀ ਭਰਮਾਰ ਹੈ। ਉਹ ਮਹਾਨ ਦਾਰਸ਼ਨਿਕ ਹਨ। ਬ੍ਰਹਿਮੰਡ ਤੋਂ ਇਲਾਵਾ ਸਮਾਜਿਕ, ਸਿਆਸੀ ਮੁੱਦਿਆਂ ਅਤੇ ਕਈ ਹੋਰ ਪਹਿਲੂਆਂ ਬਾਰੇ ਦਾਰਸ਼ਨਿਕ ਖ਼ਿਆਲ ਤੇ ਮਾਡਲ ਪੇਸ਼ ਕਰਦੇ ਹਨ। ਉਨ੍ਹਾਂ ਦਾ ਫ਼ਲਸਫ਼ਾ ਵਿਗਿਆਨਕ ਤੇ ਭਵਿੱਖਮੁਖੀ ਹੈ। ਉਹ ਸਮਾਜਿਕ ਜਾਗ੍ਰਤੀ ਲਿਆਉਣ ਦੀ ਦਿਸ਼ਾ ਵੱਲ ਵਧਦੇ ਹਨ।
ਇਨ੍ਹਾਂ ਕੁਝ ਪੱਖਾਂ ਉਪਰ ਵਿਚਾਰ ਕਰਨ ਤੋਂ ਬਾਅਦ ਕੁਝ ਪ੍ਰਸ਼ਨ ਪੈਦਾ ਹੋਣੇ ਸੁਭਾਵਿਕ ਹਨ। ਅਜੋਕਾ ਮਨੁੱਖ ਗੁਰੂ ਸਾਹਿਬ ਦੇ ਦਿੱਤੇ ਕਿਹੜੇ ਸੰਦੇਸ਼ ਦੀ ਪਾਲਣਾ ਕਰ ਰਿਹਾ ਹੈ? ਕੀ ਮਨੁੱਖ ਉਨ੍ਹਾਂ ਦੇ ਦਰਸਾਏ ਸੰਜਮ ਵਾਲੇ ਜੀਵਨ ਦੇ ਰਸਤੇ ‘ਤੇ ਚੱਲ ਰਿਹਾ ਹੈ? ਕੀ ਮਨੁੱਖ ਕੇਵਲ ਲਿਸ਼ਕ-ਪੁਸ਼ਕ ਤੇ ਚਮਕ-ਦਮਕ ਵਾਲੀ ਜ਼ਿੰਦਗੀ ਜਿਊਣ ਵਿਚ ਵਿਸ਼ਵਾਸ ਨਹੀਂ ਰੱਖ ਰਿਹਾ? ਕੀ ਮਨੁੱਖ ਕੁਦਰਤ ਦੀਆਂ ਬਹੁਮੁੱਲੀਆਂ ਦਾਤਾਂ ਦਾ ਮਲੀਆਮੇਟ ਨਹੀਂ ਕਰ ਰਿਹਾ? ਕੀ ਮਨੁੱਖ ਨਿੱਕੇ-ਵੱਡੇ ਲੋਭ, ਲਾਲਚਾਂ ਵਿਚੋਂ ਆਪਣੇ-ਆਪ ਨੂੰ ਕੱਢ ਸਕਿਆ ਹੈ? ਕੀ ਮਨੁੱਖ ਨੇ ਸਮਾਜਿਕ ਨੈਤਿਕਤਾ ਅਤੇ ਸਮਾਜਚਾਰੇ ਦੇ ਆਚਾਰ-ਵਿਹਾਰ ਨੂੰ ਅਪਣਾ ਕੇ ਅਮਲ ਵਿਚ ਲਿਆਉਣਾ ਸ਼ੁਰੂ ਕਰ ਦਿੱਤਾ ਹੈ? ਕੀ ਮਨੁੱਖ ਨੇ ਆਪਣੇ ਅੰਦਰੋਂ ਹਉਮੈ ਦੀ ਭਾਵਨਾ ਨੂੰ ਖਾਰਜ ਕਰ ਕੇ (ਜਾਂ ਘਟਾ ਕੇ) ਗੁਰੂ ਜੀ ਦੀਆਂ ਸਿੱਖਿਆਵਾਂ ਤੇ ਅਮਲ ਕਰਨ ਦਾ ਅਭਿਆਸ ਕੀਤਾ ਹੈ? ਕੀ ਮਨੁੱਖ ਨੇ ਦੁਨਿਆਵੀ ਮੋਹ, ਮਾਇਆ ਤੋਂ ਨਿਰਲੇਪ ਹੋਣ ਦੀ ਸਿੱਖਿਆ ਉਪਰ ਅਮਲ ਕੀਤਾ ਹੈ? ਕੀ ਮਨੁੱਖ ਨੇ ਆਪਣੇ ਅੰਦਰ ਪਨਪਦੀਆਂ ਪਾਸ਼ਵਿਕ ਬਿਰਤੀਆਂ ਨੂੰ ਮਾਰ ਲਿਆ ਹੈ ਜਾਂ ਵੱਸ ਵਿਚ ਕਰ ਲਿਆ ਹੈ?ਕੀ ਮਨੁੱਖ ਵਿਸ਼ਿਆਂ, ਵਿਕਾਰਾਂ ਨੂੰ ਕਾਬੂ ਵਿਚ ਰੱਖਣ ਦੇ ਉਪਰਾਲੇ ਕਰ ਸਕਿਆ ਹੈ? ਕੀ ਮਨੁੱਖ ਨੇ ਧਰਮ/ਜਾਤ ਆਦਿ ਦੇ ਵਖਰੇਵਿਆਂ ਤੋਂ ਉਪਰ ਉਠ ਕੇ ਗੁਰੂ ਜੀ ਦੇ ਦਰਸਾਏ ਮਨੁੱਖੀ ਸਮਾਨਤਾ ਦੇ ਸਿਧਾਂਤ ਦੀ ਪਾਲਣਾ ਕੀਤੀ ਹੈ? ਕੀ ਮਨੁੱਖ ਨੇ ਮੰਦੇ ਕਰਮ ਕਰਨ ਤੋਂ ਪੂਰੀ ਤਰ੍ਹਾਂ ਨਾਲ ਟਾਲਾ ਵੱਟ ਲਿਆ ਹੈ?ਕੀ ਮਨੁੱਖ ਨੇ ਦੋਗਲੇ ਧਾਰਮਿਕ ਕਿਰਦਾਰਾਂ ਵਾਲੇ ਵਿਹਾਰ ਤੋਂ ਤੌਬਾ ਕਰ ਲਈ ਹੈ?
ਇਨ੍ਹਾਂਪ੍ਰਸ਼ਨਾਂ ਉਪਰ ਚਿੰਤਨ ਕਰਨ ਨਾਲ ਗੁਰੂ ਜੀ ਦੇ ਸਰਵ ਅਗਵਾਈ ਕਰਨ ਵਾਲੇ ਸੁਨੇਹੇ ਦੀ ਸਾਰਥਿਕਤਾ ਤੇ ਉਸ ਦੀ ਸਮਾਜਿਕ ਪ੍ਰਸੰਗਕਤਾ ਨੂੰ ਸਮਝਿਆ ਜਾ ਸਕਦਾ ਹੈ। ਗੁਰੂ ਸਾਹਿਬ ਅਜਿਹੇ ਸਮਾਜ ਦੀ ਸਿਰਜਣਾ ਦਾ ਸੁਨੇਹਾ ਦਿੰਦੇ ਹਨ, ਜਿਸ ਵਿਚ ਕੋਈ ਦੂਜ ਭਾਵ ਨਾ ਹੋਵੇ ਤੇ ਜਾਤ-ਪਾਤ ਦਾ ਕੋਈ ਵਿਤਕਰਾ ਨਾ ਹੋਵੇ। ਸਮਾਜ ਦਾ ਧਰਮ ਕੇਵਲ ਮਾਨਵਤਾ ਹੋਵੇ। ਸਰਵ ਸਾਂਝਾ ਧਰਮ ਹੋਵੇ। ਅਜਿਹਾ ਸਮਾਜ ਜਿਸ ਵਿਚ ਹੱਕ, ਸੱਚ, ਬਰਾਬਰੀ, ਨਿਆਂ ਆਦਿ ਦੇ ਵਰਤਾਰੇ ਦਾ ਬੋਲ-ਬਾਲਾ ਹੋਵੇ। ਮਨੁੱਖੀ ਕਲਿਆਣ ਅਤੇ ਮਨੁੱਖੀ ਏਕਤਾ ਨੂੰ ਗੁਰੂ ਜੀ ਪਰਮ ਅਗੇਤ ਦਿੰਦੇ ਹਨ। ਅਜਿਹਾ ਸਮਾਜ ਜਿਸ ਵਿਚ ਪਿਆਰ, ਅਮਨ-ਸ਼ਾਂਤੀ, ਦਇਆ, ਖ਼ਿਮਾ, ਹਮਦਰਦੀ ਆਦਿ ਦਾ ਵਾਸਾ ਹੋਵੇ! ਸਦਾਚਾਰੀ ਮਨੁੱਖ ਦਾ ਵਸੇਬਾ ਹੋਵੇ! ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਸੰਗੋਸ਼ਟੀ ਰਚਾਉਣ ਵਾਲੇ ਮਹਾਨ ਦਾਰਸ਼ਨਿਕ, ਮਹਾਨ ਸ਼ਾਇਰ, ਸਮਾਜ ਸੁਧਾਰਕ, ਕਰਾਂਤੀਕਾਰੀ, ਲੋਕ ਸੇਵਕ, ਭੁੱਲੇ-ਭਟਕਿਆਂ ਨੂੰ ਰਸਤਾ ਵਿਖਾਉਣ ਵਾਲੇ , ਮਹਾਨ ਤਿਆਗੀ, ਤਰਕ-ਵਿਤਰਕ ਕਰਨ ਵਾਲੇ ਚਿੰਤਕ, ਬ੍ਰਹਿਮੰਡੀ ਚੇਤਨਾ ਬਾਰੇ ਦਿੱਬ ਦ੍ਰਿਸ਼ਟੀ ਤੇ ਦੀਰਘ ਗਿਆਨ ਰੱਖਣ ਵਾਲੇ ਮਹਾਨ ਵਿਗਿਆਨੀ ਹਨ। ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚੋਂ ਅਜਿਹੇ ਅਨੇਕ ਬਿੰਬ ਝਲਕਦੇ ਹਨ, ਜਿਨ੍ਹਾਂ ਦੇ ਸਹਿਜ ਦਰਸ਼ਨ ਕਰਕੇ ਮਨੁੱਖ ਸਦਾਚਾਰੀ ਮਨੁੱਖ ਦੇ ਚਰਿੱਤਰ ਦੀ ਕਲਪਨਾ ਕਰ ਸਕਦਾ ਹੈ।