ਸ਼ਹੀਦ ਭਗਤ ਸਿੰਘ ਦੀ ਖਟਕੜ ਕਲਾਂ ਤੇ ਮੋਰਾਂਵਾਲੀ

ਗੁਲਜ਼ਾਰ ਸਿੰਘ ਸੰਧੂ
ਖਟਕੜ ਕਲਾਂ ਤੇ ਮੋਰਾਂਵਾਲੀ ਦੋਵੇਂ ਪਿੰਡ ਚੰਡੀਗੜ੍ਹ-ਜਲੰਧਰ ਮਾਰਗ ਉੱਤੇ ਇਕ ਦੂਜੇ ਤੋਂ ਪੰਜ ਕਿਲੋਮੀਟਰ ਦੀ ਦੂਰੀ ਉੱਤੇ ਹਨ| ਮੋਰਾਂਵਾਲੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਨਾਨਕਾ ਪਿੰਡ ਹੈ ਤੇ ਖਟਕੜ ਕਲਾਂ ਉਸਦੇ ਪੁਰਖਿਆਂ ਦਾ ਜੱਦੀ ਪਿੰਡ| ਇਸ ਪਿੰਡ ਦੇ ਸੁਤੰਤਰਤਾ ਸੰਗਰਾਮੀ ਅਜੀਤ ਸਿੰਘ ਭਗਤ ਸਿੰਘ ਦੇ ਚਾਚਾ ਸਨ| ਜੇ ਮੋਰਾਂਵਾਲੀ ਦੀ ਗੱਲ ਕਰੀਏ ਤਾਂ ਸ਼ਹੀਦ ਸ਼ਮਸ਼ੇਰ ਸਿੰਘ ਬੱਬਰ ਅਕਾਲੀ ਇਸ ਪਿੰਡ ਦੇ ਵਸਨੀਕ ਸਨ| ਮੋਰਾਂਵਾਲੀ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਗੜ੍ਹਸ਼ੰਕਰ ਵਿਚ ਪੈਂਦਾ ਹੈ ਤੇ ਖਟਕੜ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਨਵਾਂ ਸ਼ਹਿਰ ਵਿਚ ਹੈ ਜਿਹੜਾ 1995 ਤੋਂ ਜ਼ਿਲ੍ਹਾ ਬਣ ਚੁਕਿਆ ਹੈ ਤੇ ਇਸ ਦਾ ਨਾਂ ਸ਼ਹੀਦ ਭਗਤ ਸਿੰਘ ਨਗਰ ਰੱਖਿਆ ਗਿਆ ਹੈ|

ਮੇਰਾ ਜੱਦੀ ਪਿੰਡ ਸੂਨੀ ਖਟਕੜ ਕਲਾਂ ਤੇ ਮੋਰਾਂਵਾਲੀ ਤੋਂ ਸੱਤ ਕਿਲੋਮੀਟਰ ਦੀ ਦੂਰੀ ਉੱਤੇ ਹੋਣ ਸਦਕਾ ਮੇਰੇ ਬਾਪੂ ਜੀ, ਤਾਏ, ਚਾਚੇ ਤੇ ਹੋਰ ਰਿਸ਼ਤੇਦਾਰ ਭਗਤ ਸਿੰਘ ਦੇ ਮਦਾਹ ਸਨ ਤੇ ਇਸ ਇਲਾਕੇ ਦੇ ਵਸਨੀਕ ਹੋਣ ਵਿਚ ਮਾਣ ਮਹਿਸੂਸ ਕਰਦੇ ਸਨ|
ਮੈਂ ਤੇ ਮੇਰੀ ਉਮਰ ਦੇ ਸਾਰੇ ਲੋਕ ਭਗਤ ਸਿੰਘ, ਅਜੀਤ ਸਿੰਘ ਤੇ ਸ਼ਮਸ਼ੇਰ ਸਿੰਘ ਦੀਆਂ ਵਾਰਦਾਤਾਂ ਸੁਣ ਕੇ ਹੀ ਵੱਡੇ ਹੋਏ ਸਾਂ| ਸਾਡੀ ਆਪਣੀ ਪ੍ਰਾਪਤੀ ਕਿਹੋ ਜਿਹੀ ਵੀ ਹੋਵੇ ਅਸੀਂ ਸਮੇਂ-ਸਮੇਂ ਇਨ੍ਹਾਂ ਮਹਾਰਥੀਆਂ ਦਾ ਨਾਂ ਲੈ ਕੇ ਆਪਣਾ ਨਾਂ ਚਮਕਾਉਂਦੇ ਆਏ ਹਾਂ|
ਇਹ ਸ਼ਰਫ ਕੇਵਲ ਭਗਤ ਸਿੰਘ ਨੂੰ ਹੀ ਪ੍ਰਾਪਤ ਹੈ ਕਿ ਉਸਨੇ ਆਪਣੇ ਨਾਨਕਿਆਂ ਤੇ ਦਾਦਕਿਆਂ ਦੋਵਾਂ ਦਾ ਨਾਂ ਰੌਸ਼ਨ ਕੀਤਾ ਹੈ| ਇਨ੍ਹਾਂ ਦੋਵੇਂ ਸਥਾਨਾਂ ਉੱਤੇ ਉਸਦੀ ਯਾਦ ਵਿਚ ਨਿਵੇਕਲੇ ਅਜਾਇਬਘਰ ਸਥਾਪਤ ਹੋ ਚੁੱਕੇ ਹਨ| ਅੱਜ ਦੇ ਦਿਨ ਤਾਂ ਉਸਦੀ ਕੁਰਬਾਨੀ ਉੱਤੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਵਸਨੀਕਾਂ ਨੂੰ ਹੀ ਮਾਣ ਨਹੀਂ, ਦੁਨੀਆ ਭਰ ਦੇ ਹਰ ਉਸ ਨਾਗਰਿਕ ਨੂੰ ਫਖ਼ਰ ਹੈ ਜਿਹੜਾ ਕਿਸੇ ਨਾ ਕਿਸੇ ਰੂਪ ਵਿਚ ਇਸ ਮਿੱਟੀ ਨਾਲ ਜੁੜਿਆ ਹੋਇਆ ਹੈ| ਕੁਝ ਏਸ ਤਰ੍ਹਾਂ ਜਿਵੇਂ ਕਦੀ ਰਾਮ ਪ੍ਰਸਾਦ ਬਿਸਮਿਲ ਨੇ ਲਿਖਿਆ ਸੀ|
ਸਰ ਫਰੋਸ਼ੀ ਦੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ
ਦੇਖਨਾ ਹੈ ਜ਼ੋਰ ਕਿਤਨਾ ਬਾਜੂ ਏ ਕਾਤਿਲ ਮੇਂ ਹੈ
ਵਕਤ ਆਨੇ ਪੇ ਬਤਾਂ ਦੇਂਗੇ ਤੁਝੇ ਐ ਆਸਮਾਂ
ਹਮ ਸਭੀ ਸੇ ਕਿਉਂ ਬਤਾਏ ਜੋ ਹਮਾਰੇ ਦਿਲ ਮੇਂ ਹੈ।
ਹੁਣ ਉਹ ਵਾਲਾ ਵਕਤ ਆਏ ਨੂੰ ਇੱਕ ਸਦੀ ਹੋ ਚੁੱਕੀ ਹੈ ਤੇ ਆਉਣ ਵਾਲੀਆਂ ਸਦੀਆਂ ਵਿਚ ਇਸਨੇ ਹੋਰ ਵੀ ਉੱਘੜਵੇਂ ਰੂਪ ਰੌਸ਼ਨ ਹੁੰਦੇ ਰਹਿਣੈਂ| ਮੋਰਾਂਵਾਲੀ ਦੇ ਅਜਾਇਬ ਘਰ ਦੇ ਪ੍ਰਵੇਸ਼ ਦੁਆਰ ਉਤੇ ਭਗਤ ਸਿੰਘ ਦੀ ਮਾਤਾ ਵਿਦਿਆਵਤੀ ਵਲੋਂ ਆਪਣੀ ਕੁੱਖ ਤੋਂ ਪੈਦਾ ਕੀਤੇ ਸੂਰਮੇ ਨੂੰ ਆਸ਼ੀਰਵਾਦ ਦੇ ਰੂਪ ਵਿਚ ਪੇਸ਼ ਕਰਨਾ ਇੱਕ ਪਾਸੇ ਰਿਹਾ, ਨਵਾਂ ਸ਼ਹਿਰ-ਬੰਗਾ ਸੜਕ `ਤੇ ਖੱਬੇ ਹੱਥ ਵਾਲੇ ਅਜਾਇਬ ਘਰ ਵਿਚ ਉਸ ਦੇ ਬੁੱਤ ਨੂੰ ਅਜਿਹੇ ਸਥਾਨ ਉੱਤੇ ਪੇਸ਼ ਕੀਤਾ ਗਿਆ ਹੈ ਕਿ ਉਥੋਂ ਲੰਘਣ ਵਾਲੇ ਸਾਰੇ ਵਾਹਨਾਂ ਦੇ ਅਸਵਾਰ ਆਪਣੇ ਮੋਬਾਈਲ ਵਿਚ ਭਗਤ ਸਿੰਘ ਦੇ ਬੁੱਤ ਦੀ ਫੋਟੋ ਭਰੇ ਬਿਨਾ ਅੱਗੇ ਨਹੀਂ ਜਾਂਦੇ| ਮੈਂ ਖੁLਦ 26 ਅਕਤੂਬਰ ਨੂੰ ਆਪਣੀ ਉਮਰ ਦੇ ਅੰਤਮ ਪੜਾਅ ਵਿਚ ਇਹੀਓ ਕੀਤਾ ਹੈ|
ਉਜਾਗਰ ਸਿੰਘ ਦੇ ਸਬੂਤੇ ਕਦਮ
ਪਾਇਲ-ਦੁਰਾਹਾ ਮਾਰਗ ਉੱਤੇ ਪੈਂਦੇ ਕੱਦੋਂ ਪਿੰਡ ਦਾ ਜੰਮਪਲ ਉਜਾਗਰ ਸਿੰਘ ਸਰਕਾਰਾਂ-ਦਰਬਾਰਾਂ ਦਾ ਜਾਣਿਆ-ਪਛਾਣਿਆ ਲੋਕ ਸੰਪਰਕ ਅਧਿਕਾਰੀ ਰਿਹਾ ਹੈ| ਉਸ ਨੇ ਆਪਣੀ ਨੌਕਰੀ ਸਮੇਂ ਤੇ ਉਸ ਤੋਂ ਸੇਵਾ ਮੁਕਤ ਹੋਣ ਪਿੱਛੋਂ ਕਦੀ ਕੋਈ ਫੜ ਨਹੀਂ ਮਾਰੀ| ਉਹ ਚੁੱਪ-ਚੁਪੀਤੇ ਕੰਮ ਕਰਨ ਵਾਲਾ ਜੀਊੜਾ ਹੈ ਤੇ ਕੀਤੇ ਕੰਮ ਦੀ ਡੌਂਡੀ ਨਹੀਂ ਪਿੱਟਦਾ| ਇਸਦਾ ਸਬੂਤ ਉਸਦੀ ਹੁਣੇ ਹੁਣੇ ਛਪੀ ‘ਸਬੂਤੇ ਕਦਮੀ’ ਨਾਂ ਦੀ ਸਵੈ-ਜੀਵਨੀ ਹੈ| ਪੰਨੇ 80 ਤੇ ਜਾਣਕਾਰੀ ਮਣਾਂ-ਮੂੰਹੀ| ਉਸ ਕੋਲ ਕਹਿਣ-ਦੱਸਣ ਲਈ ਏਨਾ ਕੁਝ ਹੈ ਕਿ ਉਸਨੇ ਇਕੱਲੇ ਇਕੱਲੇ ਪੈਰ੍ਹੇ ਵਿਚ ਅੱਧੀ ਦਰਜਨ ਪਾਤਰ ਜਾਂ ਏਨੀਆਂ ਹੀ ਘਟਨਾਵਾਂ ਭਰ ਰੱਖੀਆਂ ਹਨ|
ਇਸ ਨਿੱਕੀ ਜਿਹੀ ਪੁਸਤਕ ਵਿਚ ਅਨੇਕਾਂ ਰਾਜਨੀਤੀਵਾਨਾਂ ਤੇ ਉਨ੍ਹਾਂ ਦੇ ਸੁਭਾਅ ਤੇ ਖੁੱਲ੍ਹ ਦਿਲੀ ਨੂੰ ਪੇਸ਼ ਕਰਦੀਆਂ ਘਟਨਾਵਾਂ ਹਨ| ਇਹ ਬੇਅੰਤ ਸਿੰਘ, ਹਰਚਰਨ ਸਿੰਘ ਬਰਾੜ, ਰਾਜਿੰਦਰ ਕੌਰ ਭੱਠਲ, ਅਮਰਿੰਦਰ ਸਿੰਘ ਤੇ ਗੁਰਚਰਨ ਸਿੰਘ ਟੌਹੜਾ ਦੇ ਸੁਭਾਅ ਹੀ ਨਹੀਂ ਦਸਦੀ, 75 ਸਾਲਾਂ ਦੀ ਰਾਜਨੀਤੀ ਉੱਤੇ ਵੀ ਚਾਨਣਾ ਪਾਉਂਦੀ ਹੈ|
ਪ੍ਰਮਾਣ ਵਜੋਂ ਦੋ ਘਟਨਾਵਾਂ ਪੇਸ਼ ਹਨ| ਜਦੋਂ ਉਜਾਗਰ ਸਿੰਘ ਦੀ ਕਿਸੇ ਦੁਰਘਟਨਾ ਵਿਚ ਅੱਖ ਦੀ ਰੌਸ਼ਨੀ ਉੱਤੇ ਅਸਰ ਪਿਆ ਤਾਂ ਮੁੱਖ ਮੰਤਰੀ ਬੇਅੰਤ ਸਿੰਘ ਉਸਦੀ ਧੀਰ ਬਣਾਉਣ ਉਸਦੇ ਘਰ ਖ਼ੁਦ ਗਿਆ| ਫੇਰ ਜਦੋਂ ਬਲਦੇਵ ਸਿੰਘ ਲੰਗ ਦਾ ਕਤਲ ਹੋਇਆ ਤਾਂ ਉਸਦੇ ਕਾਤਿਲ ਤਾਂ ਉਸ ਸਮੇਂ ਦੇ ਹਤਿਆਰੇ ਸਨ ਪਰ ਟੌਹੜਾ ਦੇ ਵਿਰੋਧੀਆਂ ਨੇ ਉਸਦਾ ਹੀ ਨਾਂ ਉਭਾਰਿਆ| ਇਸ ਉੱਤੇ ਮਿੱਟੀ ਪਾਉਣ ਵਾਲਿਆਂ ਵਿਚ ਬੇਅੰਤ ਸਿੰਘ ਸੀ ਜਿਸਨੇ ਉਜਾਗਰ ਸਿੰਘ ਦੀਆਂ ਦਲੀਲਾਂ ਤੋਂ ਪ੍ਰਭਾਵਤ ਹੋ ਕੇ ਅਜਿਹਾ ਅਮਲ ਕੀਤਾ ਕਿ ਸਾਰੇ ਚੁੱਪ ਕਰ ਗਏ| ਉਜਾਗਰ ਸਿੰਘ ਦੀ ‘ਸਬੂਤੇ ਕਦਮੀ’ ਉਸਨੂੰ ਵੀ ਮੁਬਾਰਕ ਤੇ ਉਸਦੇ ਅੰਗੀਆਂ-ਸੰਗੀਆਂ ਨੂੰ ਵੀ|
ਚੰਡੀਗੜ੍ਹ ਸਾਹਿਤ ਅਕਾਡਮੀ ਦੇ ਨਵੇਂ ਰੰਗ-ਢੰਗ
ਡਾਕਟਰ ਮਨਮੋਹਨ ਸਿੰਘ ਨੇ ਚੰਡੀਗੜ੍ਹ ਸਾਹਿਤ ਅਕਾਡਮੀ ਦੀ ਕਮਾਂਡ ਸੰਭਾਲਣ ਉਪਰੰਤ ਆਪਣੀ ਸਾਰੀ ਟੀਮ ਨੂੰ ਨਾਲ ਲੈ ਕੇ ਸੁੱਤੀ ਪਈ ਅਕਾਡਮੀ ਦੀਆਂ ਨਵੀਆਂ ਸਾਹਿਤਕ ਗਤੀਵਿਧੀਆਂ ਦਾ ਬੀੜਾ ਚੁੱਕ ਲਿਆ ਹੈ| ਇਸਦਾ ਆਰੰਭ 25 ਅਕਤੂਬਰ ਵਾਲੇ ਕਹਾਣੀ ਦਰਬਾਰ ਨਾਲ ਹੋਇਆ ਜਿਸ ਵਿਚ ਹਿੰਦੀ, ਉਰਦੂ, ਪੰਜਾਬੀ ਤੇ ਅੰਗਰੇਜ਼ੀ ਦੇ ਕਹਾਣੀਕਾਰਾਂ ਨੇ ਆਪਣੀਆਂ ਕਹਾਣੀਆਂ ਪੜ੍ਹੀਆਂ| ਇਨ੍ਹਾਂ ਕਹਾਣੀਆਂ ਦਾ ਵਿਸ਼ਾ ਕਰੋਨਾ ਰੋਗ ਵੀ ਸੀ ਤੇ ਵਿਛੜੇ ਸ਼ਹਿਰ ਤੇ ਵਿਛੜੇ ਘਰਾਂ ਦੇ ਦਰ ਦਰਵਾਜ਼ਿਆਂ ਦਾ ਮਾਰਮਿਕ ਵਰਣਨ ਵੀ| ਖਚਾਖਚ ਭਰੇ ਨਿਕੇ ਜਿਹੇ ਕਮਰੇ ਦੇ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਮਨਮੋਹਨ ਸਿੰਘ ਨੇ ਭਵਿਖ ਵਿਚ ਉਲੀਕੇ ਗਏ ਪ੍ਰੋਗਰਾਮਾਂ ਦਾ ਵੇਰਵਾ ਵੀ ਦਿੱਤਾ, ਜਿਸ ਤੋਂ ਜਾਪਦਾ ਹੈ ਕਿ ਇਹ ਸੰਸਥਾ ਆਉਣ ਵਾਲੇ ਸਮੇਂ ਵਿਚ ਨਵੀਆਂ ਸਿਖਰਾਂ ਛੂਹਣ ਲਈ ਵਚਨਬੱਧ ਹੈ|
ਅੰਤਿਕਾ
ਸੁਸ਼ੀਲ ਦੁਸਾਂਝ ਦੀ ਪੀਲੀ ਧਰਤੀ ਕਾਲਾ ਅੰਬਰ ਵਿਚੋਂ॥
ਸ਼ਹਿਰ ਤੇਰੇ ਦੇ ਰੰਗ ਨਿਆਰੇ
ਪੱਥਰ ਹੌਲੇ, ਫੁੱਲ ਨੇ ਭਾਰੇ
ਜਿੰਨੇ ਸੱਤ ਪੱਤਣਾਂ ਦੇ ਤਾਰੂ
ਸਾਰੇ ਇੱਕ ਅਥਰੂ ਤੋਂ ਹਾਰੇ
ਸ਼ਹਿਰ ’ਚ ਨਵੀਆਂ ਹੱਟੀਆਂ ਉੱਤੋਂ
ਅੱਜਕਲ੍ਹ ਸਾਹ ਵੀ ਮਿਲਣ ਉਧਾਰੇ।