ਕੁਆਲਾਲੰਪੁਰ:ਆਸਿਆਨ ਸੰਮੇਲਨ ਦੌਰਾਨ ਅਮਰੀਕਾ ਤੇ ਚੀਨ ਨੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਵਪਾਰ ਸੌਦੇ ਦੀ ਰੂਪਰੇਖਾ ਤੈਅ ਕਰ ਲਈ ਹੈ, ਜਿਸ ਨਾਲ ਦੁਨੀਆ ਦੇ ਦੋ ਸਭ ਤੋਂ ਵੱਡੇ ਅਰਥਚਾਰਿਆਂ ‘ਚ ਵਧਦੇ ਤਣਾਅ ‘ਚ ਕਮੀ ਆਉਣ ਦੇ ਸੰਕੇਤ ਮਿਲੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਹੋਣ ਵਾਲੀ ਅਗਲੀ ਮੁਲਾਕਾਤ ‘ਤੇ ਭਰੋਸਾ ਪ੍ਰਗਟਾਉਂਦੇ ਹੋਏ ਕਿਹਾ ਕਿ ਅਸੀਂ ਇਕ ਵੱਡੇ ਸਮਝੌਤੇ ਦੇ ਬਹੁਤ ਨੇੜੇ ਹਾਂ।
ਅਮਰੀਕੀ ਵਿੱਤ ਮੰਤਰੀ ਸਕੌਟ ਬੇਸੈਂਟ ਤੇ ਵਪਾਰ ਪ੍ਰਤੀਨਿਧ ਜੈਮੀਸਨ ਸ੍ਰੀਅਰ ਨੇ ਚੀਨੀ ਉਪ-ਪ੍ਰਧਾਨ ਮੰਤਰੀ ਹੋ ਲੀਫੋਗ ਤੇ ਸਿਖ਼ਰਲੇ ਅਫ਼ਸਰ ਲੀ ਚੋਗਗਾਂਗ ਨਾਲ ਪੰਜਵੇਂ ਦੌਰ ਦੀ ਗੱਲਬਾਤ ਕੀਤੀ। ਦੋਵਾਂ ਪੱਖਾਂ ਨੇ ਦੱਸਿਆ ਕਿ ਗੱਲਬਾਤ ਰਚਨਾਤਮਕ ਤੇ ਡੂੰਘੀ ਰਹੀ ਤੇ ਵਪਾਰ ਸੰਤੁਲਨ, ਵਿਲੱਖਣ ਖਣਿਜ (ਰੇਅਰ ਅਰਥ ਮਿਨਰਲਜ਼), ਖੇਤੀਬਾੜੀ ਦਰਾਮਦ, ਫੈਂਟੇਨਾਈਲ ਸੰਕਟ ਤੇ ਟਿਕਟਾਕ ਵਰਗੇ ਸੰਵੇਦਨਸ਼ੀਲ ਮੁੱਦਿਆਂ ‘ਤੇ ਸ਼ੁਰੂਆਤੀ ਸਹਿਮਤੀ ਬਣੀ ਹੈ। ਚੀਨ ਨੇ ਸੰਕੇਤ ਦਿੱਤੇ ਹਨ ਕਿ ਜੇ ਸਮਝੌਤਾ ਆਖ਼ਰੀ ਰੂਪ ਲੈਂਦਾ ਹੈ ਤਾਂ ਉਹ ਰੇਅਰ ਅਰਥ ਦੀ ਬਰਾਮਦ ‘ਤੇ ਆਪਣੇ ਕੰਟਰੋਲ ਨੂੰ ਨਰਮ ਕਰ ਸਕਦਾ ਹੈ, ਜਦਕਿ ਅਮਰੀਕਾ ਨੇ ਵੀ 100 ਫ਼ੀਸਦੀ ਨਵੇਂ ਟੈਰਿਫ ਟਾਲਣ ਦੀ ਉਮੀਦ ਪ੍ਰਗਟਾਈ ਹੈ। ਦੋਵੇਂ ਦੇਸ਼ ਮੌਜੂਦਾ ਵਪਾਰ ਜੰਗ ਨੂੰ ਹੋਰ ਵਧਣ ਤੋਂ ਰੋਕਣ ਲਈ ਸਮਝੌਤੇ ਨੂੰ ਵਧਾਉਣ ‘ਤੇ ਵਿਚਾਰ ਕਰ ਰਹੇ ਹਨ। ਇਹ ਸਮਝੌਤਾ 10 ਨਵੰਬਰ ਨੂੰ ਖ਼ਤਮ ਹੋਣ ਵਾਲਾ ਹੈ। ਇਹ ਸਮਝੌਤਾ 10 ਨਵੰਬਰ ਨੂੰ ਖ਼ਤਮ ਹੋਣ ਵਾਲਾ ਹੈ।ਟਰੰਪ ਨੇ ਕਿਹਾ ਕਿ ਉਹ ਵੀ ਸਮਝੌਤਾ ਚਾਹੁੰਦੇ ਹਨ ਤੇ ਅਸੀਂ ਵੀ। ਇਹ ਆਲਮੀ ਅਰਥਚਾਰੇ ਲਈ ਸਕਾਰਾਤਮਕ ਕਦਮ ਹੋਵੇਗਾ। ਉਥੇ ਹੀ, ਚੀਨ ਦੇ ਲੀ ਚੇਂਗਗਾਂਗ ਨੇ ਕਿਹਾ ਕਿ ਦੋਵੇਂ ਦੇਸ਼ ਅੰਦਰੂਨੀ ਪਰਵਾਨਗੀ ਪ੍ਰਕਿਰਿਆ ‘ਚ ਅੱਗੇ ਵੱਧ ਰਹੇ ਹਨ, ਜਿਸ ਤੋਂ ਬਾਅਦ ਨੇਤਾਵਾਂ ਦੀ ਮੀਟਿੰਗ ‘ਚ ਆਖ਼ਰੀ ਫ਼ੈਸਲਾ ਹੋਵੇਗਾ। ਆਸਿਆਨ ਸੰਮੇਲਨ ਦੌਰਾਨ ਟਰੰਪ ਨੇ ਥਾਈਲੈਂਡ ਤੇ ਕੰਬੋਡੀਆ ਵਿਚਾਲੇ ਜੰਗਬੰਦੀ ਸਮਝੌਤੇ ਦੇ ਐਲਾਨ ‘ਚ ਵੀ ਹਿੱਸਾ ਲਿਆ, ਖ਼ੁਦ ਨੂੰ ਆਲਮੀ ਸ਼ਾਂਤੀ ਨਿਰਮਾਤਾ ਦੇ ਤੌਰ ‘ਤੇ ਪੇਸ਼ ਕੀਤਾ ਤੇ ਏਸ਼ੀਆ ‘ਚ ਅਮਰੀਕੀ ਪ੍ਰਭਾਵ ਵਧਾਉਣ ਦੀ ਰਣਨੀਤੀ ਦਾ ਸੰਕੇਤ ਦਿੱਤਾ। ਅਗਲੀ ਟਰੰਪ-ਸ਼ੀ ਮੁਲਾਕਾਤ ਨੂੰ ਵਿਸ਼ਵ ਬਾਜ਼ਾਰ ਉਮੀਦ ਭਰੀਆਂ ਨਜ਼ਰਾਂ ਨਾਲ ਦੇਖ ਰਿਹਾ ਹੈ।
