ਨਵੀਂ ਦਿੱਲੀ:ਸੀਆਈਏ ਦੇ ਸਾਬਕਾ ਅਧਿਕਾਰੀ ਜੌਨ ਕਿਰਿਆਕੋਊ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੇ ਪਰਮਾਣੂ ਹਥਿਆਰਾਂ ਦੀ ਕੰਟਰੋਲ ਅਮਰੀਕਾ ਨੂੰ ਸੌਂਪ ਦਿੱਤਾ ਸੀ। ਉਨ੍ਹਾਂ ਅਜਿਹਾ ਇਸ ਡਰ ਕਾਰਨ ਕੀਤਾ ਸੀ ਕਿ ਇਹ ਪਰਮਾਣੂ ਹਥਿਆਰ ਅੱਤਵਾਦੀਆਂ ਦੇ ਹੱਥ ਨਾ ਲੱਗ ਜਾਣ
। ਕਿਰਿਆਕੋਊ ਨੇ ਦੱਸਿਆ ਕਿ ਅਮਰੀਕਾ ਨੇ ਕਰੋੜਾਂ ਡਾਲਰ ਨਕਦ ਇਨਾਮ ਦੇ ਕੇ ਮੁਸ਼ੱਰਫ ਤੇ ਆਈ.ਐੱਸ.ਆਈ. ਨੂੰ ਖ਼ਰੀਦ ਲਿਆ ਸੀ। ਇਸ ਬਦਲੇ ਅਮਰੀਕਾ ਨੇ ਪਾਕਿਸਤਾਨ ‘ਚ ਜੋ ਚਾਹਿਆ, ਉਹ ਕੀਤਾ। ਉਨ੍ਹਾਂ ਦੱਸਿਆ ਕਿ ਅਮਰੀਕਾ ਤਾਨਾਸ਼ਾਹਾਂ ਨਾਲ ਕੰਮ ਕਰਨਾ ਪਸੰਦ ਕਰਦਾ ਹੈ ਕਿਉਂਕਿ ਉਦੋਂ ਤੁਹਾਨੂੰ ਲੋਕਮਤ ਦੀ ਚਿੰਤਾ ਨਹੀਂ ਕਰਨੀ ਪੈਂਦੀ ਤੇ ਨਾ ਹੀ ਮੀਡੀਆ ਦੀ। ਕਿਰਿਆਕੋਊ 9/11 ਹਮਲੇ ਤੋਂ ਬਾਅਦ ਪਾਕਿਸਤਾਨ ‘ਚ ਸੀਆਈਏ ਦੀ ਅੱਤਵਾਦੀ ਵਿਰੋਧੀ ਮੁਹਿੰਮ ਦੀ ਅਗਵਾਈ ਕਰ ਰਹੇ ਸਨ। ਉਨ੍ਹਾਂ ਦਾ ਕੰਮ ਅਲਕਾਇਦਾ ਦੇ ਲੜਾਕਿਆਂ ਤੇ ਕਮਾਂਡਰਾਂ ਦਾ ਪਤਾ ਲਗਾਉਣਾ ਤੇ ਉਨ੍ਹਾਂ ਨੂੰ ਫੜਨਾ ਸੀ। ਏਐੱਨਆਈ ਨਾਲ ਇਕ ਵਿਸ਼ੇਸ਼ ਇੰਟਰਵਿਊ ‘ਚ ਉਨ੍ਹਾਂ ਦੱਸਿਆ ਕਿ ਜਦੋਂ ਮੈਂ 2002 ‘ਚ ਪਾਕਿਸਤਾਨ ‘ਚ ਤਾਇਨਾਤ ਸੀ, ਤਾਂ ਮੈਨੂੰ ਗ਼ੈਰ-ਰਸਮੀ ਤੌਰ ‘ਤੇ ਦੱਸਿਆ ਗਿਆ ਸੀ ਕਿ ਪਾਕਿਸਤਾਨੀ ਪਰਮਾਣੂ ਹਥਿਆਰਾਂ ਦੀ ਚਾਬੀ ਪੈਂਟਾਗਨ ਕੋਲ ਹੈ।
ਸਵਾਰਥ `ਤੇ ਆਧਾਰਿਤ ਹਨ ਅਮਰੀਕਾ-ਪਾਕਿ ਸਬੰਧ
ਕਿਰਿਆਕੋਊ ਨੇ ਦਾਅਵਾ ਕੀਤਾ ਕਿ ਅਮਰੀਕੀ-ਪਾਕਿ ਸਬੰਧ ਪੂਰੀ ਤਰ੍ਹਾਂ ਸਵਾਰਥ ‘ਤੇ ਆਧਾਰਿਤ ਹਨ। ਭਾਵੇਂ ਅਸਥਾਈ ਤੌਰ ‘ਤੇ ਹੀ ਸਹੀ, ਅਮਰੀਕਾ ਦਾ ਪਾਕਿਸਤਾਨ ਨਾਲ ਵੱਡਾ ਰਿਸ਼ਤਾ ਸੀ,ਇਹ ਰਿਸ਼ਤਾ ਭਾਰਤ ਤੇ ਪਾਕਿਸਤਾਨ ਦੋਵਾਂ ਤੋਂ ਵੱਡਾ ਸੀ। ਕਿਉਂਕਿ ਸਾਨੂੰ ਪਾਕਿਸਤਾਨ ਦੀ ਲੋੜ ਸੀ। ਪਾਕਿਸਤਾਨ ਨੇ ਇਸਦਾ ਫਾਇਦਾ ਚੁੱਕਿਆ। ਅਸੀਂ ਬਲੋਚਿਸਤਾਨ ‘ਚ ਡ੍ਰੋਨ ਬੇਸ ਬਣਾਇਆ, ਨਾਲ ਹੀ ਪਿਸ਼ਾਵਰ, ਕਵੇਟਾ, ਕਰਾਚੀ ਤੇ ਲਾਹੌਰ ‘ਚ ਵੀ ਆਪਣੀ ਮੌਜੂਦਗੀ ਵਧਾਈ। ਸਾਨੂੰ ਹਰ ਚੀਜ਼ ‘ਚ ਉਨ੍ਹਾਂ ਦਾ ਸਾਥ ਚਾਹੀਦਾ ਸੀ।
50 ਲੱਖ ਡਾਲਰ ਦੇ ਮਹਿਲ `ਚ ਰਹਿੰਦੀ ਸੀ ਬੇਨਜ਼ੀਰ
ਕਿਰਿਆਕੋਊ ਨੇ ਦੱਸਿਆ ਕਿ ਪਾਕਿਸਤਾਨ ਨਾ ਭ੍ਰਿਸ਼ਟਾਚਾਰ ‘ਚ ਇੰਨਾ ਡੁੱਬਿਆ ਹੋਇਆ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਖਾੜੀ ਦੇਸ਼ ‘ਚ ਐਸ਼ਪ੍ਰਸਤੀ ਭਰਿਆ ਜੀਵਨ ਜੀਅ ਰਹੀ ਸੀ, ਜਦਕਿ ਆਮ ਲੋਕ ਭੁੱਖੇ ਮਰ ਰਹੇ ਸਨ। ਉਹ ਜਲਾਵਤਨੀ ਦੌਰਾਨ 50 ਲੱਖ ਡਾਲਰ ਦੇ ਮਹਿਲ ‘ਚ ਦੁਬਈ ‘ਚ ਰਹਿ ਰਹੀ ਸੀ। ਕਿਰਿਆਕੋਊ ਨੇ ਦੱਸਿਆ ਕਿ ਉਹ ਉਨ੍ਹਾਂ ਨੂੰ ਮਿਲਣ ਗਏ ਸਨ ਤੇ ਉਸ ਦੌਰਾਨ ਉਹ ਇਸ ਗੱਲ ਤੇ ਤੋਂ ਨਾਰਾਜ਼ ਸੀ ਕਿ ਉਨ੍ਹਾਂ ਦੇ ਪਤੀ ਆਸਿਫ ਅਲੀ ਜ਼ਰਦਾਰੀ ਬੈਂਟਲੇ ਕਾਰ ਖ਼ਰੀਦ ਰਹੇ ਸਨ, ਜਦਕਿ ਉਨ੍ਹਾਂ ਕੋਲ ਪਹਿਲਾਂ ਤੋਂ ਹੀ ਲਗਜ਼ਰੀ ਕਾਰਾਂ ਸਨ।
