ਅਮਰੀਕਾ ਤੋਂ ਹਰਿਆਣਾ ਦੇ 54 ਨੌਜਵਾਨ ਡਿਪੋਰਟ

ਪਾਣੀਪਤ:ਅਮਰੀਕਾ ਵਿਚ ਗ਼ੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਹਰਿਆਣਾ ਰਾਜ ਦੇ 54 ਨੌਜਵਾਨਾਂ ਨੂੰ ਵਾਪਸ ਦੇਸ਼ ਭੇਜ ਦਿੱਤਾ ਗਿਆ ਹੈ। ਸਾਰੇ ਨੌਜਵਾਨਾਂ ਨੂੰ ਹੱਥਕੜੀਆਂ ਅਤੇ ਬੇੜੀਆਂ ਲਗਾ ਕੇ ਭੇਜਿਆ ਗਿਆ ਹੈ। ਇਹ ਉਡਾਣ ਸ਼ਨੀਵਾਰ ਸ਼ਾਮ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੀ। ਐਤਵਾਰ ਸਵੇਰੇ ਸਬੰਧਤ ਜ਼ਿਲਿਆਂ ਦੀ ਪੁਲਿਸ ਨੂੰ ਨੌਜਵਾਨਾਂ ਨੂੰ ਸੌਂਪ ਦਿੱਤਾ ਗਿਆ।ਡਿਪੋਰਟ ਹੋਏ ਇਕ ਨੌਜਵਾਨ ਨੇ ਦੱਸਿਆ ਕਿ ਤਿੰਨ ਨਵੰਬਰ ਨੂੰ ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨਾਂ ਦਾ ਇਕ ਹੋਰ ਜਹਾਜ਼ ਆਵੇਗਾ।

ਡਿਪੋਰਟ ਹੋਣ ਵਾਲਿਆਂ ਵਿਚ ਸਭ ਤੋਂ ਵੱਧ. ਕਰਨਾਲ ਦੇ 16 ਅਤੇ ਕੈਥਲ ਦੇ 15 ਨੌਜਵਾਨ ਸ਼ਾਮਿਲ ਹਨ। ਇਨ੍ਹਾਂ ਦੇ ਨਾਲ ਅੰਥਾਲਾ ਤੇ ਕੁਰੁਕਸ਼ੇਤਰ ਦੇ ਪੰਜ-ਪੰਜ, ਯਮੁਨਾਨਗਰ ਦੇ ਚਾਰ, ਜੀਂਦ ਦੇ ਤਿੰਨ, ਸੋਨੀਪਤ ਦੇ ਦੋ ਅਤੇ ਪੰਚਕੂਲਾ, ਫਤਿਹਾਬਾਦ, ਰੋਹਤਕ ਤੇ ਪਾਣੀਪਤ ਦੇ ਇਕ-ਇਕ ਨੌਜਵਾਨ ਨੂੰ ਵੀ ਭਾਰਤ ਭੇਜਿਆ ਗਿਆ ਹੈ। ਇਹ ਸਾਰੇ ਡੰਕੀ ਰਸਤੇ ਰਾਹੀਂ ਅਮਰੀਕਾ ਗਏ ਸਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਉਹ ਹਨ ਜੋ ਲਗਪਗ ਇਕ ਸਾਲ ਪਹਿਲਾਂ ਹੀ ਅਮਰੀਕਾ ਗਏ ਸਨ। ਕੈਥਲ ਦੀ ਪੁਲਿਸ ਲਾਈਨ ਵਿਚ ਡੀ.ਐਸ.ਪੀ. ਲਲਿਤ ਯਾਦਵ ਦੀ ਦੇਖ ਰੇਖ ਵਿਚ ਨੌਜਵਾਨਾਂ ਤੋੰ ਪੁੱਛਗਿੱਛ ਕੀਤੀ ਗਈ ਅਤੇ ਕਾਗਜ਼ੀ ਕਾਰਵਾਈ ਪੂਰੀ ਕੀਤੀ ਗਈ। ਪੁੱਛਗਿੱਛ ਤੋੰ ਬਾਅਦ 14 ਨੌਜਵਾਨਾਂ ਨੂੰ ਆਪਣੇ ਪਰਿਵਾਰਾਂ ਕੋਲ ਭੇਜ ਦਿੱਤਾ ਗਿਆ। ਇਕ ਨੌਜਵਾਨ ‘ਤੇ ਰਾਜੌਂਦ ਥਾਣੇ ਵਿਚ ਸ਼ਰਾਬ ਤਸਕਰੀ ਦਾ ਕੇਸ ਦਰਜ ਸੀ। ਉਸਨੂੰ ਕਿਥਾਨਾ ਚੌਕੀ ਦੀ ਪੁਲਿਸ ਨਾਲ ਲੈ ਜਾਇਆ ਗਿਆ। ਕਾਗਜ਼ੀ ਕਾਰਵਾਈ ਦੇ ਬਾਅਦ ਨਰੇਸ਼ ਨੂੰ ਵੀ ਛੱਡ ਦਿੱਤਾ ਗਿਆ। ਪੁਲਿਸ ਲਾਈਨ ਵਿਚ ਨੌਜਵਾਨਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਏਜੰਟ ਦੇ ਖ਼ਿਲਾਫ਼ ਕੋਈ ਕਾਰਵਾਈ ਕਰਵਾਉਣਾ ਚਾਹੁੰਦੇ ਹਨ ਜਾਂ ਨਹੀਂ। ਹਾਲਾਂਕਿ ਹੁਣ ਤੱਕ ਕਿਸੇ ਨੌਜਵਾਨ ਨੇ ਏਜੰਟ ਦੇ ਖ਼ਿਲਾਫ਼ ਲਿਖਤੀ ਸ਼ਿਕਾਇਤ ਨਹੀਂ ਦਿੱਤੀ। ਇੱਥੇ ਤੱਕ ਕਿ ਨੌਜਵਾਨ ਅਤੇ ਉਨ੍ਹਾਂ ਦੇ ਪਰਿਵਾਰ ਵੀ ਗੱਲਬਾਤ ਕਰਨ ਤੋਂ ਬਚ ਰਹੇ ਹਨ। ਜੋ ਨੌਜਵਾਨ ਡਿਪੋਰਟ ਹੋ ਕੇ ਆਏ ਹਨ, ਉਨ੍ਹਾਂ ਕੋਲ ਸਮਾਨ ਦਾ ਇਕ-ਇਕ ਬੈਗ ਹੀ ਸੀ। ਇਹ ਨੌਜਵਾਨ ਅਮਰੀਕਾ ਦੇ ਕੈਂਪਾਂ ਵਿਚ ਰੱਖੇ ਗਏ ਸਨ। ਬਹੁਤ ਸਾਰੇ ਨੌਜਵਾਨ. ਤਾਂ ਪਨਾਮਾਂ ਦੇ ਜੰਗਲਾਂ, ਨਿਕਾਰਾਗੁਆ, ਗੁਆਟੇਮਾਲਾ ਤੋਂ ਹੋਕੇ ਅਮਰੀਕਾ ਪਹੁੰਚੇ ਸਨ। 12-13 ਨੌਜਵਾਨ ਅਜਿਹੇ ਸਨ ਜੋ ਪਹਿਲਾਂ ਛੋਟੇ ਦੇਸ਼ਾਂ ਵਿਚ ਗਏ ਅਤੇ ਉਥੋਂ ਡੰਕੀ ਦੇ ਰਸਤੇ ਅਮਰੀਕਾ ਗਏ। ਨੌਜਵਾਨਾਂ ਨੇ ਡੰਕੀ ਰਾਹੀਂ ਅਮਰੀਕਾ ਜਾਣ ਲਈ 50 ਤੋਂ 70 ਲੱਖ ਰੁਪਏ ਖਰਚ ਕੀਤੇ ਸਨ। ਕਿਸੇ ਨੇ ਜਮੀਨ ਵੇਚੀ ਤਾਂ ਕਿਸੇ ਨੇ ਕਰਜ਼ੇ ‘ਤੇ ਪੈਸੇ ਲਏ ਸਨ।
57.5 ਲੱਖ ਰੁਪਏ ਖਰਚ ਕੀਤੇ, ਜੇਲ੍ਹ ‘ਚ ਰਹਿਣ ਮਗਰੋਂ ਹੋਇਆ ਡਿਪੋਰਟ
ਡਿਪੋਰਟ ਹੋ ਕੇ ਕੈਥਲ ਵਾਪਸ ਆਏ ਨਰੇਸ਼ ਕੁਮਾਰ ਨੇ ਦੱਸਿਆ, “ਮੈਂ ਸ਼ਨੀਵਾਰ ਨੂੰ ਅਮਰੀਕਾ ਦੀ ਜੇਲ੍ਹ ਤੋਂ ਡਿਪੋਰਟ ਹੋ ਕੇ ਭਾਰਤ ਆਇਆ ਹਾਂ। 9 ਜਨਵਰੀ 2024 ਨੂੰ ਦਿੱਲੀ ਤੋਂ ਬ੍ਰਾਜ਼ੀਲ ਗਿਆ ਸੀ। ਮੇਰਾ ਸੰਪਰਕ ਪਾਣੀਪਤ ਦੇ ਏਜੰਟ ਆਸ਼ੀਸ਼ ਕੁਮਾਰ ਅਤੇ ਸੁਨੀਲ ਕੁਮਾਰ ਨਾਲ ਹੋਇਆ। ਸੀ। ਦੋਹਾਂ ਨੇ ਮੈਨੂੰ ਡੰਕੀ ਦੇ ਰਸਤੇ ਬ੍ਰਾਜ਼ੀਲ ਤੋਂ ਅਮਰੀਕਾ ਭੇਜਣ ਲਈ 57.5 ਲੱਖ ਰੁਪਏ ਲਏ ਸਨ। ਮੈਂ ਆਪਣੇ ਪਿੰਡ ਦੀ ਕਰੀਬ ਇਕ ਏਕੜ ਜਮੀਨ ਵੇਚ ਕੇ 42 ਲੱਖ ਰੁਪਏ ਅਤੇ ਬਕਾਇਆ ਪੈਸੇ ਵਿਆਜ ‘ਤੇ ਉਠਾਏ ਸਨ। ਮਾਰਚ 2025 ਵਿਚ ਦੋਹਾਂ ਨੂੰ 42 ਲੱਖ ਰੁਪਏ ਦਿੱਤੇ ਸਨ। ਜੂਨ ਵਿਚ ਡੰਕੀ ਦੇ ਰਸਤੇ ਯਾਤਰਾ ਸ਼ੁਰੂ ਕਰ ਦਿੱਤੀ ਸੀ। ਪਨਾਮਾ ਦੇ ਜੰਗਲਾਂ ਤੋਂ ਹੋਕੇ ਗਏ ਸਨ। ਡੰਕੀ ਠੀਕ ਤਰੀਕੇ ਨਾਲ ਖਾਣਾ ਵੀ ਨਹੀਂ ਦਿੰਦੇ ਸਨ। ਗੁਆਟੇਮਾਲਾ ਪਹੁੰਚਿਆ ਤਾਂ ਉਥੇ ਡੰਕੀ ਨੇ 6 ਲੱਖ ਰੁਪਏ ਲਏ ਸਨ। ਉਥੋਂ ਮੈਕਸਿਕੋ ਸਿਟੀ ਪਹੁੰਚਿਆ ਤਾਂ 6 ਲੱਖ ਰੁਪਏ ਉਥੇ ਵੀ ਲਏ ਗਏ। ਉਥੋਂ ਤੇਜ਼ਵਾਨਾ ਬਾਰਡਰ, ਪਾਰ ਕਰਕੇ ਅਮਰੀਕਾ ਭੇਜਣ ਦੇ ਨਾਮ ‘ਤੇ ਵੀ ਲਗਪਗ 3 ਲੱਖ ਰੁਪਏ ਲਏ ਗਏ ਸਨ। ਪੈਸੇ ਲੈਣ ਦੇ ਬਾਅਦ ਵੀ ਮੈਨੂੰ ਦੂਜੇ ਬਾਰਡਰ ਤੋਂ ਅਮਰੀਕਾ ਭੇਜਿਆ ਗਿਆ ਅਤੇ ਉਥੇ ਪਹੁੰਚਦੇ ਹੀ ਪੁਲਿਸ ਨੇ ਫੜ ਲਿਆ। ਡੰਕੀ ਰੂਟ ‘ਤੇ ਮੈਨੂੰ ਲਗਪਗ ਦੋ ਮਹੀਨੇ ਲੱਗੇ ਸਨ। ਇਸ ਤੋਂ ਬਾਅਦ ਮੈਂ ਜੇਲ ਵਿਚ ਹੀ ਸੀ। ਅਮਰੀਕਾ ਦੀਆਂ ਜੇਲਾਂ ਅਤੇ ਕੈਪਾਂ ਵਿਚ ਕਾਫੀ ਸੰਖਿਆ ਵਿਚ ਭਾਰਤੀ ਬੰਦ ਹਨ। ਹੁਣ ਬਹੁਤ ਸਾਰੇ ਜਹਾਜ਼ ਭਾਰਤ ਆਉਣੇ ਹਨ। ਮੈਂ ਤਾਂ ਨੌਜਵਾਨਾਂ- ਨੂੰ ਇਹੀ ਕਹਾਂਗਾ ਕਿ ਕੋਈ ਵੀ ਡੰਕੀ ਦੇ ਰਸਤੇ ਅਮਰੀਕਾ ਨਾ ਜਾਵੇ।“