ਮਹਾ ਗਠਬੰਧਨ ਨੇ ਤੇਜੱਸਵੀ ਨੂੰ ਬਣਾਇਆ ਮੁੱਖ ਮੰਤਰੀ ਦਾ ਚਿਹਰਾ

ਪਟਨਾ:ਬਿਹਾਰ ਵਿਚ ਵਿਰੋਧੀ ਪਾਰਟੀਆਂ ਦੇ ਮੋਰਚੇ ਮਹਾਗੱਠਜੋੜ ਨੇ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਆਗੂ ਤੇਜੱਸਵੀ ਯਾਦਵ ਨੂੰ ਮੁੱਖ ਮੰਤਰੀ ਦੇ ਰੂਪ ਵਿਚ ਪੇਸ਼ ਕਰ ਦਿੱਤਾ ਹੈ। ਇਹ ਐਲਾਨ ਕਾਂਗਰਸ ਦੇ ਆਗੂ ਅਸ਼ੋਕ ਗਹਿਲੋਤ ਵੱਲੋਂ ਕੀਤਾ ਗਿਆ। ਇਸ ਦੇ ਨਾਲ ਹੀ ਵਿਕਾਸਸ਼ੀਲ ਇਨਸਾਨ ਪਾਰਟੀ ਯਾਨੀ ਵੀਆਈਪੀ ਦੇ ਮੁਖੀ ਮੁਕੇਸ਼ ਸਹਨੀ ਨੂੰ ਡਿਪਟੀ ਸੀ.ਐੱਮ ਵਜੋਂ ਪੇਸ਼ ਕੀਤਾ ਗਿਆ।

ਅਸ਼ੋਕ ਗਹਿਲੋਤ ਦੇ ਇਸ ਐਲਾਨ ਤੋਂ ਇਹ ਸਾਫ਼ ਹੁੰਦਾ ਹੈ ਕਿ ਜੇਕਰ ਇਹ ਹੁਣ ਤੱਕ ਨਹੀਂ ਹੋ ਸਕਿਆ ਸੀ ਤਾਂ ਇਸ ਪਿੱਛੇ ਕਾਂਗਰਸ ਹੀ ਮੁੱਖ ਵਜ੍ਹਾ ਸੀ। ਇਸ ਵਰਤਾਰੇ ਨੇ ਇਹ ਸਿੱਧ ਕੀਤਾ ਹੈ ਕਿ ਕਾਂਗਰਸ ਨੂੰ ਅਜੇ ਵੀ ਗੱਠਜੋੜ ਸਿਆਸਤ ਦੇ ਧਰਮ ਨੂੰ ਨਿਭਾਉਣ ਦੀ ਸੋਝੀ ਆਉਣੀ ਬਾਕੀ ਹੈ। ਆਖ਼ਰ ਉਹ ਇਹ ਸਾਧਾਰਨ ਜਿਹੀ ਗੱਲ ਕਿਉਂ ਨਹੀਂ ਸਮਝ ਸਕੀ ਕਿ ਬਿਹਾਰ ਵਿਚ ਰਾਜਦ ਹੀ ਮੁੱਖ ਵਿਰੋਧੀ ਪਾਰਟੀ ਹੈ ਅਤੇ ਤੇਜੱਸਵੀ ਯਾਦਵ ਉਸ ਦੇ ਸਰਬ-ਪ੍ਰਵਾਨਤ ਆਗੂ ਹਨ। ਕਾਂਗਰਸ ਅਨੁਸਾਰ ਉਸ ਨੇ ਮਹਾਗੱਠਜੋੜ ਦੀ ਏਕਤਾ ਲਈ ਇਹ ਐਲਾਨ ਕੀਤਾ ਹੈ। ਇਸ ਦਾ ਮਤਲਬ ਹੈ ਕਿ ਇਸ ਐਲਾਨ ਵਿਚ ਦੇਰੀ ਕਰ ਕੇ ਉਸ ਨੇ ਆਪਣੇ ਹੀ ਗੱਠਜੋੜ ਦੀ ਏਕਤਾ ਨੂੰ ਕਮਜ਼ੋਰ ਕਰਨ ਅਤੇ ਸਮਰਥਕਾਂ ਵਿਚ ਖ਼ਦਸ਼ੇ ਫੈਲਾਉਣ ਦਾ ਕੰਮ ਕੀਤਾ। ਕੀ ਇਹ ਚੰਗਾ ਨਹੀਂ ਹੁੰਦਾ ਕਿ ਉਹ ਪਹਿਲਾਂ ਹੀ ਤੇਜੱਸਵੀ ਯਾਦਵ ਨੂੰ ਮੁੱਖ ਮੰਤਰੀ ਦੇ ਦਾਅਵੇਦਾਰ ਦੇ ਤੌਰ ‘ਤੇ ਪੇਸ਼ ਕਰਨ ‘ਤੇ ਸਹਿਮਤ ਹੋ ਜਾਂਦੀ, ਖ਼ਾਸ ਕਰਕੇ ਉਦੋਂ ਜਦੋਂ ਇਸ ਦੀ ਮੰਗ ਕੀਤੀ ਜਾ ਰਹੀ ਸੀ? ਕੀ ਕਾਂਗਰਸ ਇਹ ਸਮਝ ਰਹੀ ਸੀ ਕਿ ਮਹਾਗੱਠਜੋੜ ਦੀ ਜਿੱਤ ਦੀ ਸੂਰਤ ਵਿਚ ਤੇਜੱਸਵੀ ਯਾਦਵ ਤੋਂ ਇਲਾਵਾ ਹੋਰ ਕੋਈ ਮੁੱਖ ਮੰਤਰੀ ਦਾ ਦਾਅਵੇਦਾਰ ਹੋ ਸਕਦਾ ਹੈ? ਉਸ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਬਿਹਾਰ ‘ਚ ਆਪਣੀ ਸਿਆਸੀ ਅਹਿਮੀਅਤ ਬਣਾਈ ਰੱਖਣ ਲਈ ਰਾਜਦ ‘ਤੇ ਹੀ ਨਿਰਭਰ ਹੈ। ਉਸ ਦੀ ਅਜਿਹੀ ਹੀ ਨਿਰਭਰਤਾ ਹੋਰ ਰਾਜਾਂ ‘ਚ ਵੀ ਉੱਥੋਂ ਦੀਆਂ ਖੇਤਰੀ ਪਾਰਟੀਆਂ ‘ਤੇ ਹੈ। ਜਦ ਤੱਕ ਉਹ ਆਪਣੇ ਬਲਬੂਤੇ ਚੋਣ ਲੜਨ ਦੀ ਸਮਰੱਥਾ ਇਕੱਠੀ ਨਹੀਂ ਕਰ ਲੈਂਦੀ, ਉਦੋਂ ਤੱਕ ਉਸ ਨੂੰ ਉਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਤੇਜੱਸਵੀ ਯਾਦਵ ਨੂੰ ਸੀਐਮ ਅਹੁਦੇ ਦਾ ਉਮੀਦਵਾਰ ਐਲਾਨਣ ਦੇ ਨਾਲ-ਨਾਲ ਵੀਆਈਪੀ ਦੇ ਮੁਖੀ ਮੁਕੇਸ਼ ਸਹਨੀ ਨੂੰ ਜਿਸ ਤਰ੍ਹਾਂ ਡਿਪਟੀ ਸੀਐੱਮ ਦੇ ਰੂਪ ਵਿਚ ਅੱਗੇ ਕੀਤਾ ਗਿਆ, ਉਸ ਨਾਲ ਉਨ੍ਹਾਂ ਦੀ ਸਿਆਸੀ ਹੈਸੀਅਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਪਰ ਉਨ੍ਹਾਂ ਦੀ ਪਾਰਟੀ ਤਾਂ ਸਿਰਫ਼ 15 ਸੀਟਾਂ ‘ਤੇ ਚੋਣ ਲੜ ਰਹੀ ਹੈ ਅਤੇ ਕਾਂਗਰਸ ਉਸ ਤੋਂ ਚਾਰ ਗੁਣਾ ਵੱਧ ਸੀਟਾਂ ‘ਤੇ। ਹਾਲਾਂਕਿ ਅਸ਼ੋਕ ਗਹਿਲੋਤ ਨੇ ਕਿਹਾ ਕਿ ਹੋਰ ਵੀ ਡਿਪਟੀ ਸੀਐਮ ਬਣਾਏ ਜਾਣਗੇ ਪਰ ਇਸ ਨਾਲ ਇਹ ਸੁਨੇਹਾ ਓਹਲੇ ਨਹੀਂ ਹੁੰਦਾ ਕਿ ਕਾਂਗਰਸ ਦੀ ਸਿਆਸੀ ਤਾਕਤ ਵੀਆਈਪੀ ਤੋਂ ਵੀ ਘੱਟ ਹੈ। ਨਿਸ਼ਚਤ ਤੌਰ ‘ਤੇ ਅਸ਼ੋਕ ਗਹਿਲੋਤ ਦੇ ਐਲਾਨ ਨਾਲ ਮਹਾਗੱਠਜੋੜ ਅਤੇ ਖ਼ਾਸ ਕਰਕੇ ਇਸ ਦੀ ਅਗਵਾਈ ਕਰ ਰਹੇ ਰਾਜਦ ਨੂੰ ਲਾਹਾ ਮਿਲ ਸਕਦਾ ਹੈ ਪਰ ਇਹ ਕਹਿਣਾ ਸਹੀ ਨਹੀਂ ਹੋਵੇਗਾ ਕਿ ਹੁਣ ਇਸ ਗੱਠਜੋੜ ਵਿਚ ਸਭ ਕੁਝ ਠੀਕ ਹੋ ਗਿਆ ਹੈ। ਮਹਾਗੱਠਜੋੜ ਦੇ 10 ਤੋਂ ਵੱਧ ਉਮੀਦਵਾਰ ਇਕ-ਦੂਜੇ ਦੇ ਸਾਹਮਣੇ ਹਨ। ਇਸ ਅਜੀਬੋ-ਗ਼ਰੀਬ ਸਥਿਤੀ ਨੂੰ ਦੋਸਤਾਨਾ ਮੁਕਾਬਲਾ ਕਿਹਾ ਜਾ ਰਿਹਾ ਹੈ।
ਆਖ਼ਰ ਇਹ ਦੋਸਤਾਨਾ ਮੁਕਾਬਲਾ ਕੀ ਹੁੰਦਾ ਹੈ? ਅਜਿਹੇ ਮੁਕਾਬਲੇ ਨਾਲ ਇਹ ਸਪਸ਼ਟ ਹੋ ਜਾਂਦਾ ਹੈ ਕਿ ਮਹਾਰਠਜੋੜ ‘ਚ ਸ਼ਾਮਲ ਪਾਰਟੀਆਂ ਵਿਚਾਲੇ ਤਾਲਮੇਲ ਤੇ ਭਰੋਸੇ ਦੀ ਕਮੀ ਹੈ। ਇਹ ਸੁਭਾਵਕ ਹੈ ਕਿ ਭਾਜਪਾ-ਜੇਡੀਯੂ ਇਸ ਕਮੀ ਨੂੰ ਤੁਲ ਦੇ ਕੇ ਸਿਆਸੀ ਲਾਹਾ ਲੈਣ ਦੀ ਹਰ ਸੰਭਵ ਕੋਸ਼ਿਸ਼ ਕਰਨਗੀਆਂ।