ਨਵੀਂ ਦਿੱਲੀ:ਭਾਰਤ ਦੀ ਮਦਦ ਨਾਲ ਵਜੂਦ ‘ਚ ਆਉਣ ਵਾਲੇ ਬੰਗਲਾਦੇਸ਼ ਨੇ ਇਕ ਵਾਰੀ ਮੁੜ ਉਕਸਾਵੇ ਵਾਲੀ ਹਰਕਤ ਕੀਤੀ ਹੈ। ਦੇਸ਼ ਦੇ ਪ੍ਰਮੁੱਖ ਆਗੂ ਮੁਹੰਮਦ ਯੂਨੁਸ ਨੇ ਪਾਕਿਸਤਾਨੀ ਫ਼ੌਜੀ ਅਧਿਕਾਰੀ ਨੂੰ ਗਿਫਟ ‘ਚ ਕਿਤਾਬ ਦਿੱਤੀ ਹੈ, ਜਿਸ ‘ਚ ਬੰਗਲਾਦੇਸ਼ ਦਾ ਵਿਵਾਦਤ ਨਕਸ਼ਾ ਵੀ ਸ਼ਾਮਲ ਹੈ। ਇਸ ਨਕਸ਼ੇ ‘ਚ ਬਿਹਾਰ, ਝਾਰਖੰਡ, ਓਡੀਸ਼ਾ, ਅਸਾਮ ਤੇ ਹੋਰ ਉੱਤਰ ਪੂਰਬੀ ਸੂਬਿਆਂ ਨੂੰ ਗ੍ਰੇਟਰ ਬੰਗਲਾਦੇਸ਼ ਦੇ ਹਿੱਸੇ ਵਜੋਂ ਦਰਸਾਇਆ ਗਿਆ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਹਾਲੇ ਇਸ ‘ਤੇ ਕੋਈ ਟਿੱਪਣੀ ਨਹੀਂ ਕੀਤੀ।
ਯੂਨੁਸ ਨੇ ਇਹ ਗਿਫਟ ਪਾਕਿਸਤਾਨ ਦੇ ਜੁਆਇੰਟ ਚੀਫ ਆਫ ਸਟਾਫ ਕਮੇਟੀ ਦੇ ਚੇਅਰਮੈਨ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਨੂੰ ਢਾਕਾ ‘ਚ ਦਿੱਤਾ। ਮਿਰਜ਼ਾ ਨੂੰ ਪਾਕਿਸਤਾਨੀ ਫ਼ੌਜ ਮੁਖੀ ਅਸੀਮ ਮੁਨੀਰ ਦਾ ਜਾਨਸ਼ੀਨ ਮੰਨਿਆ ਜਾਂਦਾ ਹੈ। ਯੂਨੁਸ ਨੇ ਆਪਣੇ ਸਰਕਾਰੀ ਐਕਸ ਅਕਾਊਂਟ ‘ਤੇ ਮਿਰਜ਼ਾ ਨਾਲ ਕੁਝ ਤਸਵੀਰਾਂ ਵੀ ਪੋਸਟ ਕੀਤੀਆਂ। ਇਸ ਤਸਵੀਰ ‘ਚ ਇਕ ਕਿਤਾਬ ਨਜ਼ਰ ਆ ਰਹੀ ਹੈ, ਜਿਸ ‘ਤੇ ‘ਆਰਟ ਆਫ ਟ੍ਰਾਇੰਫ: ਬੰਗਲਾਦੇਸ਼ਜ਼ ਨਿਊ ਡਾਨ’ ਲਿਖਿਆ ਹੋਇਆ ਹੈ। ਇਸ ਕਿਤਾਬ ‘ਚ 2024 ‘ਚ ਵਿਦਿਆਰਥੀ ਅੰਦੋਲਨ ਦੀ ਸ਼ੁਰੂਆਤ ਤੋਂ ਲੈ ਕੇ ਸ਼ੇਖ ਹਸੀਨਾ ਸਰਕਾਰ ਨੂੰ ਹਟਾਉਣ ਤੱਕ ਦੀਆਂ ਤਸਵੀਰਾਂ ਸ਼ਾਮਲ ਕੀਤੀਆਂ ਗਈਆਂ ਹਨ। ਹਾਲਾਂਕਿ, ਮਾਮਲੇ ‘ਚ ਵਿਵਾਦ ਸਿਰਫ਼ ਨਕਸ਼ੇ ਦੀ ਵਜ੍ਹਾ ਨਾਲ ਹੈ। ਇਸ ਵਿਚ ਗ੍ਰੇਟਰ ਬੰਗਲਾਦੇਸ਼ ਦੀ ਧਾਰਨਾ ਨੂੰ ਦਰਸਾਇਆ ਗਿਆ ਹੈ। ਇਸ ਧਾਰਨਾ ਨੂੰ ਢਾਕਾ ਆਧਾਰਤ ਇਸਲਾਮਿਕ ਕੱਟੜ ਪੰਥੀ, ਸੰਗਠਨ ਸਲਤਨਤ ਏ ਬੰਗਲਾ ਦੇ ਦਿਮਾਕ ਦੀ ਪੈਦਾਵਾਰ ਮੰਨਿਆ ਜਾ ਰਿਹਾ ਹੈ। ਇਸ ਨਕਸ਼ੇ ‘ਚ ਭਾਰਤ ਦੇ ਸਮੁੱਚੇ ਉੱਤਰ ਪੂਰਬੀ ਹਿੱਸੇ ਨੂੰ ਹੀ ਬੰਗਲਾਦੇਸ਼ ਦਾ ਹਿੱਸਾ ਦੱਸਿਆ ਗਿਆ ਹੈ। ਨਾਲ ਹੀ ਮਿਆਂਮਾਰ ਦੇ ਅਰਾਕਾਨ ਸੂਬੇ ਨੂੰ ਵੀ ਇਸ ‘ਚ ਸ਼ਾਮਲ ਦਿਖਾਇਆ ਗਿਆ ਹੈ।
