ਅਲਵਿਦਾ ਅਸਰਾਨੀ ਜੀ!
ਡਾ. ਕ੍ਰਿਸ਼ਨ ਕੁਮਾਰ ਰੱਤੂ
ਹਿੰਦੀ ਸਿਨੇਮਾ ਦੇ ਬਿਹਤਰੀਨ ਸਿਤਾਰੇ ਗੋਵਰਧਨ ਅਸਰਾਨੀ ਇਸ ਦੁਨੀਆ ਤੋਂ ਦੀਵਾਲੀ ਵਾਲੇ ਦਿਨ ਵਿਦਾ ਹੋ ਗਏ ਹਨ। ਅਸਰਾਨੀ ਅਦਾਕਾਰੀ ਦਾ ਉਹ ਸਿਤਾਰਾ ਸੀ ਜਿਸ ਨੇ ਆਪਣੇ ਹਰਫ਼ਨਮੌਲਾ ਅੰਦਾਜ਼ ਨਾਲ ਲੋਕਾਂ ਦੇ ਦਿਲਾਂ ‘ਚ ਥਾਂ ਬਣਾਈ। ਇਹ ਵੀ ਇਕ ਇਤਫ਼ਾਕ ਹੀ ਰਿਹਾ ਹੈ ਦਿਵਾਲੀ ਦੀਆਂ ਸ਼ੁਭਕਾਮਨਾਵਾਂ ਦਾ ਸੰਦੇਸ਼ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟ ਕਰਨ ਤੋਂ ਬਾਅਦ ਉਸ ਸ਼ਾਮ ਹੀ ਉਸ ਦਾ ਦੇਹਾਂਤ ਹੋਇਆ। ਜੋ ਕਰੋੜਾਂ ਫ਼ਿਲਮੀ ਦਰਸ਼ਕਾਂ ਤੇ ਅਸਰਾਨੀ ਦੇ ਪਿਆਰਿਆਂ ਲਈ ਇਕ ਸਦਮੇ ਦੀ ਤਰ੍ਹਾਂ ਹੋਇਆ ਅਤੇ ਦਿਵਾਲੀ ਵਾਲੇ ਦਿਨ ਹੀ ਉਸਦਾ ਮੁੰਬਈ ‘ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਜਨਮ – ਦੇਸ਼ ਦੇ ਗੁਲਾਬੀ ਸ਼ਹਿਰ ਜੈਪੁਰ ‘ਚ ਉਸ ਦਾ ਜਨਮ 1 ਜਨਵਰੀ 1941 ਨੂੰ ਹੋਇਆ ਤੇ ਇੱਥੇ ਦੇ ਹੀ ਪ੍ਰਸਿੱਧ ਸੈਂਟ ਜੇਵੀਅਰ ਸਕੂਲ ਅਤੇ ਕਾਲਜ ‘ਚ ਉਸ ਦੀ ਪੜ੍ਹਾਈ ਹੋਈ ਅਤੇ ਆਕਾਸ਼ਵਾਣੀ ਜੈਪੁਰ ‘ਚ ਨੇ ਉਸਨੇ ਕਈ ਸਾਲ ਕੰਮ ਵੀ ਕੀਤਾ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਅਦਾਕਾਰ ਅਸਰਾਨੀ ਹਰਫ਼ਨਮੌਲਾ ਸ਼ਖਸੀਅਤ ਹੋਣ ਦੇ ਨਾਲ-ਨਾਲ ਵਧੀਆ ਗਾਇਕ ਵੀ ਸੀ ਅਤੇ ਜਿਸ ਨੇ ਕਈ ਫ਼ਿਲਮਾਂ ‘ਚ ਹਿੰਦੀ ਤੇ ਗੁਜਰਾਤੀ ‘ਚ ਗਾਇਆ ਵੀ ਹੈ। ਉਸਨੇ ਕੱਪੜਾ ਵਪਾਰ ਤੋਂ ਲੈ ਕੇ ਫ਼ਿਲਮ ਨਿਰਮਾਣ ਤੇ ਨਿਰਦੇਸ਼ਨ ਦੇ ਨਾਲ ਅਜਿਹੇ ਕਲਾਕਾਰ ਦੀ ਭੂਮਿਕਾ ਨਿਭਾਈ ਜੋ ਬਹੁਤ ਜ਼ਹੀਨ ਲੋਕਾਂ ਦੇ ਸੰਘਰਸ਼ ਦਾ ਹਿੱਸਾ ਰਹਿੰਦੀ ਹੈ।
ਫਿਲਮਾਂ ‘ਚ ਵੱਡੇ ਕਿਰਦਾਰ ਨਿਭਾਏ – ਲਗਪਗ 460 ਤੋਂ ਜ਼ਿਆਦਾ ਫਿਲਮਾਂ ‘ਚ ਕੰਮ ਕਰਨ ਵਾਲਾ ਗੋਵਰਧਨ ਅਸਰਾਨੀ 1966 ਤੋਂ ਲੈ ਕੇ ਆਪਣੇ ਜੀਵਨ ਦੇ ਅੰਤਿਮ ਸਮੇਂ ਤੱਕ ਭਾਰਤੀ ਸਿਨਮਾ ਇਤਿਹਾਸ ਦਾ ਇਕ ਉਹ ਨਾਮਵਰ ਅਦਾਕਾਰ ਸੀ, ਜਿਸਨੇ ਆਪਣੀ ਸ਼ਖ਼ਸੀਅਤ ਦਾ ਲੋਹਾ ਆਪਣੀ ਮਿਹਨਤ ਸੰਘਰਸ਼ ਤੇ ਆਪਣੀ ਸਿੱਖਿਆ ਦੇ ਨਾਲ ਅਰਜਿਤ ਗਿਆਨ ਨਾਲ ਹਾਸਲ ਕੀਤਾ ਸੀ। ਉਹ ਖੁਦ ਕਹਿੰਦੇ ਸਨ ਕਿ ਸਿਨੇਮਾ ਇਕ ਸਾਇੰਸ ਹੈ ਤੇ ਇਸ ਸਾਇੰਸ ਨੂੰ ਸਮਝਣ ਤੇ ਪੜ੍ਹਨ ਲਈ ਮੈਂ ਭਾਰਤੀ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਪੁਣੇ ‘ਚ ਐਡਮਿਸ਼ਨ ਲਿਆ ਤੇ ਫਿਰ ਰਿਸ਼ੀਕੇਸ਼ ਮੁਖਰਜੀ ਵਰਗੇ ਪਾਰਖੂ ਫ਼ਿਲਮ ਨਿਰਮਾਤਾ ਦੀ ਫ਼ਿਲਮ ਗੁੱਡੀ ਨਾਲ ਉਸ ਦੀ ਐਸੀ ਗੁੱਡੀ ਚੜ੍ਹੀ ਕਿ ਉਸ ਨੇ ਫ਼ਿਲਮਾਂ ਦਾ ਇਕ ਇਤਿਹਾਸ ਬਣਾ ਦਿੱਤਾ।
ਇਹ ਯਾਦਗਾਰ ਕਿਰਦਾਰ ਨਿਭਾਉਣ ਮਗਰੋਂ ਮਿਲੀ ਪ੍ਰਸਿੱਧੀ – ਗੋਵਰਧਨ ਅਸਰਾਨੀ ਨੂੰ ਸ਼ੋਅਲੇ ਵਰਗੀ ਫ਼ਿਲਮ ‘ਚ ਅੰਗਰੇਜ਼ਾਂ ਦੇ ਜਮਾਨੇ ਦੇ ਜੇਲ੍ਹਰ ਦੇ ਤੌਰ ‘ਤੇ ਉਹ ਪ੍ਰਸਿੱਧੀ ਮਿਲੀ ਕਿ ਅੱਜ ਵੀ ਬੱਚੇ-ਬੱਚੇ ਦੀ ਜ਼ੁਬਾਨ ਤੇ ਸ਼ੋਅਲੇ ‘ਚ ਉਸ ਦਾ ਉਹ ਡਾਇਲੋਗ ਯਾਦ ਹੈ। ਅਸਲ ‘ਚ ਅਸਰਾਨੀ ਇਕ ਬਹੂਭਾਂਤੀ ਤੇ ਬਹੁਵਿਧਾਵਾਂ ਵਾਲੇ ਮਜ਼ਾਕੀਆ ਲਹਿਜ਼ੇ ਵਾਲੇ ਉਸ ਪਾਤਰ ਦਾ ਨਾਮ ਹੈ, ਜਿਸ ਨੇ ਆਪਣੀਆਂ ਫਿਲਮਾਂ ‘ਚ ਆਪਣੇ ਸੰਘਰਸ਼ ਅਤੇ ਅਸਲੀ ਹਾਸਰੱਸ ਨੂੰ ਜਿੰਦਾ ਰੱਖਿਆ ਅਤੇ ਉਸਨੂੰ ਜੀਵਿਆ ਵੀ। ਕਾਮਿਕ ਟਾਈਮਿੰਗ ਅਤੇ ਬੇਸ਼ੁਮਾਰ ਯਾਦਗਾਰੀ ਕਿਰਦਾਰਾਂ ਨਾਲ ਉਨ੍ਹਾਂ ਨੇ ਦਹਾਕਿਆਂ ਤੱਕ ਦਰਸ਼ਕਾਂ ਦਾ ਮਨੋਰੰਜਨ ਤੇ ਪ੍ਰਸ਼ੰਸਕਾਂ ਦੇ ਦਿਲਾਂ ਵਿਚ ਰਾਜ ਕੀਤਾ।
ਗੀਤ ਵੀ ਗਾਏ – ਗਾਇਕ ਦੇ ਤੌਰ ਤੇ 1977 ‘ਚ ਅਸਰਾਨੀ ਨੇ ਫਿਲਮ ‘ਅਲਾਪ’ ਵਿੱਚ ਦੋ ਗੀਤ ਗਾਏ, ਜੋ ਉਨ੍ਹਾਂ ‘ਤੇ ਫਿਲਮਾਏ ਗਏ ਸਨ। ਉਨ੍ਹਾਂ ਨੇ ਫਿਲਮ ਫੂਲ ਖਿਲੇ ਹੈਂ ਗੁਲਸ਼ਨ ਗੁਲਸ਼ਨ’ ‘ਚ ਮਸ਼ਹੂਰ ਪਲੇਬੈਕ ਗਾਇਕ ਕਿਸ਼ੋਰ ਕੁਮਾਰ ਨਾਲ ਇੱਕ ਗੀਤ ਗਾਇਆ।
ਯਾਦਗਾਰ ਮੁਲਾਕਾਤਾਂ ਦਾ ਗਵਾਹ – ਆਪਣੇ ਲੰਬੇ ਸਿਨੇਮਾ ਸਫ਼ਰ ਦੇ ਕਾਰਨ ਹਰ ਵਾਰ ਜਦੋਂ ਵੀ ਉਹ ਜੈਪੁਰ ਆਉਂਦਾ ਸੀ ਤਾਂ ਉਸ ਦੇ ਨਾਲ ਮੁਲਾਕਾਤ ਹੁੰਦੀਆਂ ਸਨ ਕਈ ਵਾਰ ਜਵਾਹਰਕਲਾ ਕੇਂਦਰ, ਪ੍ਰਦੇਸ਼ ਯੂਨੀਵਰਸਿਟੀ ਬਾਜ਼ਾਰ ਅਤੇ ਦੂਰਦਰਸ਼ਨ ਕੇਂਦਰ ਵਿਚਲੀਆਂ ਮੁਲਾਕਾਤਾਂ ‘ਚ ਉਸ ਦੇ ਸੁਭਾਅ ਨੂੰ ਪਰਖਦੇ ਪੂਰੀ ਦੁਨੀਆਂ ਦਾ ਜ਼ਿਕਰ ਉਸਦੀਆਂ ਗੱਲਾਂ ‘ਚ ਸ਼ਾਮਿਲ ਹੁੰਦਾ ਸੀ। ਆਪਣੀਆਂ ਕਈ ਭਾਵਪੂਰਨ ਮੁਲਾਕਾਤਾਂ ‘ਚ ਅਸਰਾਨੀ ਨੇ ਕਿਹਾ ਕਿ ਜਿੰਦਗੀ ਇਕ ਵਿਗਿਆਨ ਹੈ ਤੇ ਇਸ ਨੂੰ ਇਸੇ ਤਰ੍ਹਾਂ ਹੀ ਨਿਭਾਉਣਾ ਚਾਹੀਦਾ ਹੈ।
ਕਈ ਪੁਰਸਕਾਰ ਮਿਲੇ- ਉਸਦੀਆਂ ਪ੍ਰਸਿੱਧ ਫ਼ਿਲਮਾਂ ਲਈ ਕਈ ਪੁਰਸਕਾਰ ਮਿਲੇ। ਉਸ ਨੂੰ ‘ਸਾਤ ਕੈਦੀ“ (ਗੁਜਰਾਤੀ) ਲਈ ਸਰਵੋਤਮ ਅਦਾਕਾਰ ਅਤੇ ਸਰਵੋਤਮ ਨਿਰਦੇਸ਼ਕ ਲਈ ਗੁਜਰਾਤ ਸਰਕਾਰ ਦਾ ਪੁਰਸਕਾਰ ਅਤੇ 1973 ਸਰਬੋਤਮ ਕਾਮੇਡੀਅਨ ਲਈ ਅਨਹੋਨੀ ਸ਼ਮਾ-ਸੁਸ਼ਮਾ ਪੁਰਸਕਾਰ ਤੇ 1974 ਅਭਿਮਾਨ ਫਿਲਮਫੇਅਰ ਸਰਬੋਤਮ ਪੁਰਸਕਾਰ ਅਤੇ ਅੱਜ ਦੀਆ ਤਾਜ਼ਾ ਖ਼ਬਰਾਂ ਫ਼ਿਲਮਫੇਅਰ ਸਰਬੋਤਮ ਕਾਮੇਡੀਅਨ ਪੁਰਸਕਾਰ ਜਿੱਤਿਆ ਸੀ। ਪੁਣੇ ‘ਚ ਅਸਰਾਨੀ ਨੂੰ ਮਸ਼ਹੂਰ ਅਦਾਕਾਰੀ ਅਧਿਆਪਕ ਰੋਸ਼ਨ ਤਨੇਜਾ ਦੁਆਰਾ ਪੜ੍ਹਾਇਆ ਗਿਆ। ਉਸ ਦੇ ਸ਼ਬਦਾਂ ‘ਚ, ‘ਫਿਲਮ ਇੰਸਟੀਚਿਊਟ ਜਾਣ ਤੋਂ ਬਾਅਦ, ਮੈਨੂੰ ਅਹਿਸਾਸ ਹੋਇਆ ਕਿ ਅਦਾਕਾਰੀ ਦੇ ਪਿੱਛੇ ਤਰੀਕੇ ਹਨ।
ਇਹ ਪੇਸ਼ਾ ਇਕ ਵਿਗਿਆਨ ਵਰਗਾ ਹੈ। ਤੁਹਾਨੂੰ ਪ੍ਰਯੋਗਸ਼ਾਲਾ ‘ਚ ਜਾਣਾ ਪੈਂਦਾ ਹੈ ਅਤੇ ਪ੍ਰਯੋਗ ਕਰਨਾ ਪੈਂਦਾ ਹੈ। ਉਸਨੇ ਕਿਹਾ ਕਿ ਉਸਨੂੰ ਅਹਿਸਾਸ ਹੋਇਆ ਕਿ ਬਾਹਰੀ ਮੇਕਅਪ ਤੋਂ ‘ਇਲਾਵਾ ਅਦਾਕਾਰੀ ‘ਚ ਅੰਦਰੂਨੀ ਮੇਕਅਪ ਵੀ ਬਹੁਤ ਮਹੱਤਵਪੂਰਨ ਹੈ।
ਅਸਰਾਨੀ ਨੇ ਆਪਣੇ ਇਕ ਇੰਟਰਵਿਊ ‘ਚ ਅਦਾਕਾਰ ਮੋਤੀਲਾਲ ਤੋਂ ਸਿੱਖੇ ਇਕ ਸਬਕ ਨੂੰ ਵੀ ਯਾਦ ਕੀਤਾ। ਉਸਨੇ ਕਿਹਾ, ‘ਇਕ ਵਾਰ ਅਦਾਕਾਰ ਮੋਤੀਲਾਲ ਪੁਣੇ ਦੇ ਫਿਲਮ ਇੰਸਟੀਚਿਊਟ ‘ਚ ਮਹਿਮਾਨ ਵਜੋਂ ਆਇਆ ਸੀ। ਇਕ ਛੋਟੀ ਜਿਹੀ ਅਦਾਕਾਰੀ ਦੀ ਝਲਕ ਦੇਖਣ ਤੋਂ ਬਾਅਦ ਉਸ ਨੇ ਮੈਨੂੰ ਪੁੱਛਿਆ, ‘ਤੁਸੀਂ ਰਾਜਿੰਦਰ ਕੁਮਾਰ ਦੀਆਂ ਬਹੁਤ ਸਾਰੀਆਂ ਫਿਲਮਾਂ ਦੇਖਦੇ ਹੋ। ਕੀ ਤੁਸੀਂ ਉਸਦੀ ਨਕਲ ਕਰ ਰਹੇ ਹੋ? ਸਾਨੂੰ ਫਿਲਮਾਂ ‘ਚ ਕਾਪੀ ਨਹੀਂ ਚਾਹੀਦੀ?’ ‘ਇਹ ਇਕ ਵੱਡਾ ਸਬਕ ਸੀ। ਮੋਤੀਲਾਲ ਦਾ ਮਤਲਬ ਸੀ, ਆਪਣੇ ਅੰਦਰਲੀ ਪ੍ਰਤਿਭਾ ਨੂੰ ਬਾਹਰ ਕੱਢੇ। ਅਸਰਾਨੀ ਨੇ ਯਾਦ ਕਰਦੇ ਹੋਏ ਕਿਹਾ ਕਿ ਨਿਰਦੇਸ਼ਕ ਰਿਸ਼ੀਕੇਸ਼ ਮੁਖਰਜੀ ਪੁਣੇ ਦੇ ਫਿਲਮ ਇੰਸਟੀਚਿਊਟ ‘ਚ ਸੰਪਾਦਨ ਸਿਖਾਉਣ ਲਈ ਆਉਂਦੇ ਸਨ। ਇੱਕ ਦਿਨ, ਉਸਨੇ ਮੁਖਰਜੀ ਨੂੰ ਮੌਕਾ ਦੇਣ ਲਈ ਕਿਹਾ, ਕੁਝ ਦਿਨਾਂ ਬਾਅਦ ਰਿਸ਼ੀਕੇਸ਼ ਮੁਖਰਜੀ ਫਿਲਮ ‘ਗੁੱਡੀ’ ‘ਚ ਗੁੱਡੀ ਦਾ ਕਿਰਦਾਰ ਨਿਭਾਉਣ ਲਈ ਇਕ ਕੁੜੀ ਦੀ ਭਾਲ ‘ਚ ਫਿਲਮ ਇੰਸਟੀਚਿਊਟ ‘ਚ ਆਏ ਤੇ ਫ਼ਿਰ ਉਂਸ ਨੂੰ ਜਦੋਂ ਰੋਲ ਮਿਲਿਆ ਤਾਂ ਫ਼ਿਰ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।
50 ਸਾਲਾਂ ਦਾ ਲੰਬਾ ਫ਼ਿਲਮੀ ਕਰੀਅਰ – ਅਸਰਾਨੀ ਨੇ ਆਪਣੇ 50 ਸਾਲ ਲੰਬੇ ਕਰੀਅਰ ਦੇ ‘ਚ 400 ਤੋਂ ਜ਼ਿਆਦਾ ਫ਼ਿਲਮਾਂ ‘ਚ ਕੰਮ ਕਰਕੇ ਇਕ ਰਿਕਾਰਡ ਬਣਾਇਆ। ਉਸ ਦੇ ਕਰੀਅਰ ‘ਤੇ 1970 ਦਾ ਦਹਾਕਾ ਸਿਖਰਲਾ ਸਮਾਂ ਸੀ ਜਦੋਂ ਉਸ ਨੇ ਬਹੁਤ ਹੀ ਵਧੀਆ ਫ਼ਿਲਮਾਂ ਜਿਵੇਂ ‘ਮੇਰੇ ਆਪਨੇਂ, ਕੋਸ਼ਿਸ਼, ਬਾਬਰਚੀ, ਪਰਿਚਯ, ਅਭਿਮਾਨ, ਚੁੱਪਕੇ-ਚੁੱਪਕੇ, ਛੋਟੀ ਸੀ ਬਾਤ ਰਫੂ ਚੱਕਰ ਵਰਗੀਆਂ ਫਿਲਮਾਂ ‘ਚ ਅਹਿਮ ਕਿਰਦਾਰ ਨਿਭਾਏ। ਅਸਲ ‘ਚ ਉਹ ਇਕ ਐਸਾ ਬਹੁਮੁਖੀ ਕਲਾਕਾਰ ਸੀ ਜਿਸ ਦੀ ਟਾਈਮਿੰਗ ਸੰਵਾਦ ਬੋਲਣ ਦਾ ਤਰੀਕਾ ਦਰਸ਼ਕਾਂ ਨੂੰ ਹਮੇਸ਼ਾ ਯਾਦ ਰਹੇਗਾ। ਸ਼ੋਅਲੇ ਫ਼ਿਲਮ ਦੇ ਨਾਲ ‘ਚਲਾ ਮਰਾਰੀ ਹੀਰੋ ਬਨਨੇ’ ਵਰਗੀਆਂ ਫ਼ਿਲਮਾਂ ਦੀ ਗੱਲ ਕਰਦਾ ਉਹ ਰਸ਼ਕ ਨਾਲ ਭਰ ਜਾਂਦਾ ਸੀ। ਗੁਜਰਾਤੀ ਸਿਨੇਮਾ ਦੇ ‘ਚ ਵੀ ਆਪਣੀ ਪ੍ਰਤਿਭਾ ਦਿਖਾਈ ਸੀ। ਉਸਨੇ ਹਾਸਰੱਸ ਦੀਆਂ ਫ਼ਿਲਮਾਂ ‘ਚ ਵੀ ਕੰਮ ਕੀਤਾ ਤੇ ਉਸਦੀ ਇਕ ਮਿਸਾਲ ਵੀ ਸੀ।
ਜੈਪੁਰ ਨਾਲ ਸੀ ਮੋਹ -ਆਪਣੀਆਂ ਜੈਪੁਰ ਵਾਲੀਆਂ ਮੁਲਾਕਾਤਾਂ ‘ਚ ਅਸਰਾਨੀ ਨੂੰ ਮਿਲਦਿਆਂ ਹੋਇਆ ਇਹ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਜੇ ਤੁਸੀਂ ਇਕ ਵਿਗਿਆਨਿਕ ਢੰਗ ਨਾਲ ਸਿੱਖਿਅਤ ਹੋ ਕੇ ਕਿਸੇ ਕੰਮ ਨੂੰ ਕਰੋਗੇ ਤੇ ਫ਼ਿਰ ਕਿਸਮਤ ਵੀ ਤੁਹਾਡਾ ਸਾਥ ਦਿੰਦੀ ਹੈ ਤੇ ਇਹ ਅਸਰਾਨੀ ਨੇ ਸਿੱਧ ਕੀਤਾ ਹੈ। ਅਸਰਾਨੀ ਦੇ ਚਲੇ ਜਾਣ ਦੇ ਨਾਲ ਅਦਾਕਾਰੀ ਦੀ ਦੁਨੀਆ ਵਿਚ ਇਕ ਸੁੰਨਾਪਨ ਆ ਗਿਆ ਹੈ। ਅਸਰਾਨੀ ਦੇ ਕੋਈ ਬੱਚਾ ਨਹੀਂ ਸੀ। ਇਸ ਲਈ ਆਖ਼ਰੀ ਉਮਰ ‘ਚ ਉਸ ਨੂੰ ਕਦੀ-ਕਦੀ ਇਕੱਲ ਮਹਿਸੂਸ ਹੁੰਦੀ ਸੀ। ਜੈਪੁਰ ਉਸ ਨੂੰ ਹਮੇਸ਼ਾ ਉਸਦੀਆਂ ਯਾਦਾਂ ‘ਚ ਤਾਜ਼ਾ ਰਿਹਾ ਹੈ। ਉਸ ਦਾ ਮਨ ਸੀ ਕਿ ਉਹ ਜੈਪੁਰ ਦੇ ਇਤਿਹਾਸ ਬਾਰੇ ਜਿਸ ‘ਚ ਮਜ਼ਾਕੀਆ ਪਾਤਰ ਹੋਣ ਉਸ ਤੇ ਇਕ ਫ਼ਿਲਮ ਬਣਾਏ ਜੋ ਪੂਰੀ ਨਹੀਂ ਹੋ . ਸਕੀ। ਉਹ ਇਕ ਖੂਬਸੂਰਤ ਦਿਲ ਵਾਲਾ ਦਿਲਖ਼ੁਸ਼ ਦੋਸਤ ਸੀ, ਉਸਦੇ ਚਲੇ ਜਾਣ ਨਾਲ ਜੋ ਸਿਨਮਾ ਜਗਤ ‘ਚ ਜਗ੍ਹਾ ਖਾਲੀ ਹੋਈ ਹੈ ਉਹ ਜਲਦੀ ਕਿਸੇ ਹੋਰ ਅਸਰਾਨੀ ਨਾਲ ਨਹੀਂ ਭਰੀ ਜਾ ਸਕਦੀ।ਅਸਲ ‘ਚ ਉਹ ਇਕ ਕ੍ਰਿਸ਼ਮਈ ਤੇ ਸੰਘਰਸ਼ਸ਼ੀਲ ਸ਼ਖਸ਼ੀਅਤ ਦਾ ਮਾਲਕ ਸੀ। ਉਸ ਦੀਆਂ ਮਿਲਟੀਆਂ ਤੋਂ ਸਿੱਖਿਆ ਜਾ ਸਕਦਾ ਹੈ ਕਿ ਇਕ ਸੰਘਰਸ਼ਸ਼ੀਲ ਆਦਮੀ ਵੀ ਸਲੀਕੇ ਨਾਲ ਮੁਸਕਰਾਅ ਸਕਦਾ ਹੈ। ਹੁਣ ਅਸਰਾਨੀ ਦੇ ਚਲੇ ਜਾਣ ਨਾਲ ਭਾਰਤੀ ਫ਼ਿਲਮ ਜਗਤ ਤੋਂ ਇੱਕ ਐਸਾ ਸਿਤਾਰਾ ਚਲਾ ਗਿਆ ਹੈ। ਜਿਸ ਦੀ ਭਰਪਾਈ ਜਲਦੀ ਪੂਰੀ ਨਹੀਂ ਹੋਏਗੀ। ਮੇਰੀਆਂ ਨਿੱਜੀ ਯਾਦਾਂ ‘ਚ ਉਹ ਇਕ ਐਸਾ ਦੋਸਤ ਸੀ ਜਿਸ ਤੋਂ ਬਹੁਤ ਕੁੱਝ ਸਿੱਖਿਆ ਜਾ ਸਕਦਾ ਸੀ ।
ਅਲਵਿਦਾ ਅਸਰਾਨੀ ਜੀ!
ਰਾਜੇਸ਼ ਖੰਨਾ ਨਾਲ ਕੀਤੀਆਂ ਲਗਪਗ 25 ਫਿਲਮਾਂ – 1970 ਤੇ 1980 ਦੇ ਦਹਾਕੇ ਦੌਰਾਨ ਉਹ ਕਰੀਅਰ ਦੇ ਸਿਖਰ ‘ਤੇ ਰਹੇ, ਜਿਨ੍ਹਾਂ ਨੇ 100 ਤੋਂ ਵੱਧ ਸਫਲ ਫਿਲਮਾਂ ‘ਚ ਕੰਮ ਕੀਤਾ, ਜਿਸ ਦੌਰਾਨ ਅਪਣੇ ਜ਼ਮਾਨੇ ਦੇ ਸੁਪਰ ਸਟਾਰ ਰਾਜੇਸ਼ ਖੰਨਾ ਨਾਲ ਉਹ 25 ਦੇ ਲਗਪਗ ਫਿਲਮਾਂ ‘ਚ ਨਜ਼ਰ ਆਏ, ਜਿਨ੍ਹਾਂ ‘ਚ ‘ਬਾਵਰਚੀ’, ‘ਨਮਕ ਹਰਾਮ’ ਅਤੇ ‘ਮਹਿਬੂਬਾ’ ਵਰਗੀਆਂ ਹਿੱਟ ਫਿਲਮਾਂ ਸ਼ਾਮਲ ਰਹੀਆ ਹਨ।
ਫਿਲਮਾਂ ‘ਚ ਨਿਭਾਈਆਂ ਯਾਦਗਾਰ ਭੂਮਿਕਾਵਾਂ-ਸਭ ਤੋਂ ਯਾਦਗਾਰ ਕਾਮਿਕ ਪ੍ਰਦਰਸ਼ਨਾਂ ਨਾਲ ਸਜੀਆਂ ਫਿਲਮਾਂ ‘ਗੁੱਡੀਂ’, ‘ਚੁਪਕੇ ਚੁਪਕੇ, ‘ਰੋਟੀ, ‘ਛੋਟੀ ਸੀ ਬਾਤ’, ‘ਬਾਲਿਕਾ ਬਧੂ’, ‘ਪਤੀ ਪਤਨੀ ਔਰ ਤੋਂ, ‘ਰਫੂ ਚੱਕਰ’ ਆਦਿ ‘ਚ ਉਨ੍ਹਾਂ ਦੇ ਕਿਰਦਾਰ ਬੇਹੱਦ ਸਰਾਹੇ ਗਏ। ਉਨ੍ਹਾਂ ਨੇ ਫਿਲਮਾਂ ‘ਚ ਅਣਗਿਣਤ ਯਾਦਗਾਰ ਭੂਮਿਕਾਵਾਂ ਕੀਤੀਆਂ। ਕਾਮਿਕ ਟਾਈਮਿੰਗ ਅਤੇ ਬੇਸ਼ੁਮਾਰ ਯਾਦਗਾਰੀ ਕਿਰਦਾਰਾਂ ਨਾਲ ਉਨ੍ਹਾਂ ਨੇ ਦਹਾਕਿਆਂ ਤੱਕ ਦਰਸ਼ਕਾਂ ਦਾ ਮਨੋਰੰਜਨ ਤੇ ਪ੍ਰਸ਼ੰਸਕਾਂ ਦੇ ਦਿਲਾਂ ‘ਚ ਰਾਜ ਕੀਤਾ।
ਕਈ ਫਿਲਮਾਂ ‘ਚ ਨਿਭਾਈ ਨਿਰਦੇਸ਼ਕ ਵਜੋਂ ਜ਼ਿੰਮੇਵਾਰੀ-‘ਚਲਾ ਮੁਰਾਰੀ ਹੀਰੋ ਬਨਨੇ’ (1977) ਵਰਗੀਆਂ ਫਿਲਮਾਂ ‘ਚ ਮੁੱਖ ਭੂਮਿਕਾਵਾਂ ਵੀ ਨਿਭਾਈਆਂ, ਜਿਸ ਦਾ ਨਿਰਦੇਸ਼ਨ ਵੀ ਉਨਾਂ ਖੁਦ ਕੀਤਾ। ਉਪਰੰਤ ਇਸੇ ਲੜੀ ਨੂੰ ਜਾਰੀ ਰੱਖਦਿਆ 1974 ਅਤੇ 1997 ਦੇ ਵਿਚਕਾਰ ਉਨਾਂ ਕੁੱਲ 6 ਫਿਲਮਾਂ ਦਾ ਨਿਰਦੇਸ਼ਨ ਕੀਤਾ। ਗੁਜਰਾਤੀ ਸਿਨੇਮਾ ‘ਚ ਉਹ 1972 ਤੋਂ 1984 ਤੱਕ ਇਕ ਪ੍ਰਮੁੱਖ ਹੀਰੋ ਦੇ ਤੌਰ ‘ਤੇ ਛਾਏ ਰਹੇ, ਜਿਨ੍ਹਾਂ ਨੇ ਬਹੁ-ਭਾਸ਼ਾਈ ਸਿਨੇਮਾਂ ਨੂੰ ਹੁਲਾਰਾ ਦੇਣ ਵਿਚ ਸਮੇਂ ਦਰ ਸਮੇਂ ਅਹਿਮ ਭੂਮਿਕਾ ਨਿਭਾਈ।
ਲੋਕ ਸਭਾ ਚੋਣਾਂ ‘ਚ ਲਿਆ ਸਰਗਰਮੀ ਨਾਲ ਹਿੱਸਾ-ਅਸਰਾਨੀ ਨਾ ਸਿਰਫ਼ ਇਕ ਅਦਾਕਾਰ ਸਨ ਸਗੋਂ ਇਕ ਸਿਆਸਤਦਾਨ ਵੀ ਸਨ। ਉਹ 2004 ‘ਚ ਕਾਂਗਰਸ ਪਾਰਟੀ ‘ਚ ਸ਼ਾਮਲ ਹੋਏ ਤੇ ਲੋਕ ਸਭਾ ਚੋਣਾਂ ‘ਚ ਸਰਗਰਮੀ ਨਾਲ ਹਿੱਸਾ ਲਿਆ। ਹਾਲਾਂਕਿ ਬਾਲੀਵੁੱਡ ‘ਚ ਉਨ੍ਹਾਂ ਦੀ ਸ਼ੁਰੂਆਤ ਆਸਾਨ ਨਹੀਂ ਸੀ।
