ਭਾਰਤ ਦੀ ਕੀਮਤ `ਤੇ ਪਾਕਿਸਤਾਨ ਨਾਲ ਰਿਸ਼ਤੇ ਨਹੀਂ: ਮਾਰਕੋ ਰੂਬੀਓ

ਵਾਸ਼ਿੰਗਟਨ:ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦਾ ਦੇਸ਼ ਪਾਕਿਸਤਾਨ ਨਾਲ ਆਪਣੇ ਰਣਨੀਤਕ ਸੰਬੰਧਾਂ ਨੂੰ ਵਧਾਉਣ ਦਾ ਚਾਹਵਾਨ ਤਾਂ ਹੈ ਪਰ ਇਹ ਭਾਰਤ ਨਾਲ ਉਸਦੇ ਇਤਿਹਾਸਕ ਤੇ ਅਹਿਮ ਸੰਬੰਧਾਂ ਦੀ ਕੀਮਤ ‘ਤੇ ਨਹੀਂ ਹੋਵੇਗਾ।

ਰੂਬੀਓ ਨੇ ਕੁਆਲਾਲੰਪੁਰ ‘ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰੂਸ ਨਾਲ ਭਾਰਤ ਦੇ ਊਰਜਾ ਸੰਬੰਧਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਭਾਰਤ ਨੇ ਪਹਿਲਾਂ ਹੀ ਕੱਚੇ ਤੇਲ ਦੀ ਖ਼ਰੀਦ ‘ਚ ਵਿਲੱਖਣਤਾ ਲਿਆਉਣ ਦੀ ਇੱਛਾ ਪ੍ਰਗਟਾਈ ਹੈ। ਅਮਰੀਕੀ ਵਿਦੇਸ਼ ਮੰਤਰੀ ਨੇ ਆਸਿਆਨ ਸਿਖ਼ਰ ਸੰਮੇਲਨ ਲਈ ਮਲੇਸ਼ੀਆ ਦੀ ਯਾਤਰਾ ਤੋਂ ਪਹਿਲਾਂ ਪਾਕਿਸਤਾਨ ਨਾਲ ਅਮਰੀਕਾ ਦੇ ਸੰਬੰਧਾਂ ‘ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਸਪੱਸ਼ਟ ਕਾਰਨਾਂ ਤੋਂ ਚਿੰਤਤ ਹੈ ਤੇ ਅਮਰੀਕਾ ਦਾ ਪਾਕਿਸਤਾਨ ਨਾਲ ਸੰਬੰਧ ਨਵੀਂ ਦਿੱਲੀ ਨਾਲ ਸੰਬੰਧਾਂ ਦੀ ਕੀਮਤ ‘ਤੇ ਨਹੀਂ ਹੋਵੇਗਾ। ਰੂਬੀਓ ਨੇ ਕਿਹਾ, ‘ਪਰ ਮੈਨੂੰ ਲੱਗਦਾ ਹੈ ਕਿ ਭਾਰਤ ਨੂੰ ਇਹ ਸਮਝਣਾ ਹੋਵੇਗਾ ਕਿ ਸਾਨੂੰ ਕਈ ਵੱਖ ਵੱਖ ਦੇਸ਼ਾਂ ਨਾਲ ਸੰਬੰਧ ਰੱਖਣੇ ਹਨ। ਉਨ੍ਹਾਂ ਭਾਰਤੀ ਕੂਟਨੀਤੀ ਦੀ ਮਜ਼ਬੂਤੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਭਾਰਤ ਦੇ ਕੁਝ ਅਜਿਹੇ ਦੇਸ਼ਾਂ ਨਾਲ ਰਿਸ਼ਤੇ ਹਨ, ਜਿਨ੍ਹਾਂ ਨਾਲ ਅਮਰੀਕਾ ਦੇ ਸਬੰਧ ਨਹੀਂ ਹਨ।