ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ : 916-273-2856
ਪਿਛਲੇ ਹਫਤੇ ਵੱਡੇ ਬਾਈ ਜੀ! ਐੱਸ. ਅਸ਼ੋਕ ਭੋਰਾ ਜੀ ਦਾ ਫੋਨ ਆਇਆ, ਪੁੱਛਣ ਲੱਗੇ ਕੁਲਾਰ ਵੀਰ ਕਿੱਥੇ ਜਾ ਵੜ੍ਹੇ ਹੋ, ਕਦੇ ‘ਪੰਜਾਬ ਟਾਈਮਜ਼’ ਵਿਚ ਹਾਜ਼ਰੀ ਨਹੀਂ ਲਵਾਈ। ਤੁਹਾਡੇ ਪਾਠਕ ਮੈਨੂੰ ਪੁੱਛਦੇ ਨੇ ਕਿ ਉਹ ਬਾਈ ਕਿੱਥੇ ਚਲਿਆ ਗਿਆ, ਪਲੀਜ਼ ਤੁਸੀਂ ਬੇਸ਼ੱਕ ਮਹੀਨੇ ਵਿਚ ਇਕ ਆਰਟੀਕਲ ਜ਼ਰੂਰ ਭੇਜਿਆ ਕਰੋ! ਤੁਸੀਂ ‘ਪੰਜਾਬ ਟਾਈਮਜ਼’ ਦੇ ਪੁਰਾਣੇ ਕਾਲਮ ਨਵੀਸ ਹੋ, ਲੋਕ ਤੁਹਾਡੀਆਂ ਲਿਖਤਾਂ ਨੂੰ ਬਹੁਤ ਪਿਆਰ ਕਰਦੇ ਸਨ।
ਬਾਈ ਜੀ! ਮੈਂ ਚਿਰਾਂ ਬਾਅਦ ਮਿਲੇ ਪਰਿਵਾਰ ਵਿਚ ਖੰਡ-ਖੀਰ ਹੋ ਗਿਆ ਸੀ, ਪਰਮਾਤਮਾ ਦੀ ਮਿਹਰ ਨਾਲ ਮਿਲੇ ਕਾਰੋਬਾਰ ਵਿਚ ਐਨਾ ਜ਼ਿਆਦਾ ਰੁੱਝ ਗਿਆ ਕਿ ਲਿਖਣ ਦਾ ਸਮਾਂ ਵੀ ਨਹੀਂ ਕੱਢ ਸਕਿਆ। ਹੁਣ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਜ਼ਰੂਰ ਆਰਟੀਕਲ ਲਿਖਾਂਗਾ ਤੇ ‘ਪੰਜਾਬ ਟਾਈਮਜ਼’ ਵਿਚ ਦੁਬਾਰਾ ਹਾਜ਼ਰੀ ਲਵਾਵਾਂਗਾ, ਮੈਂ ਭੋਰਾ ਸਾਹਿਬ ਨੂੰ ਯਕੀਨ ਦਵਾਇਆ ਤੇ ਫ਼ਤਿਹ ਬੁਲਾ ਦਿੱਤੀ।
ਮੈਨੂੰ ਲੰਘੀ ਸੱਤ ਅਕਤੂਬਰ ਨੂੰ ਪੂਰੇ ਛੱਬੀ ਸਾਲ ਹੋ ਗਏ ਅਮੀਰਕਾ ਆਏ ਨੂੰ। ਸੱਤ ਅਕਤੂਬਰ, 1999 ਨੂੰ ਘਰੋਂ ਨਿਕਲਿਆ ਤੇ ਸੱਤ ਸਮੁੰਦਰ ਦੇ ਗਹਿਰੇ ਪਾਣੀ ਦੀ ਹਿੱਕ ‘ਤੇ ਤਰਦਾ ਹੋਇਆ ਛਿਪ ਗਰੀ ਮੈਂ ਗਿਆ ਸੀ। ਬਹੁਤ ਖ਼ੂਬਸੂਰਤ ਸ਼ਹਿਰ ਦੀ ਜ਼ਮੀਨ ‘ਤੇ ਪਹਿਲਾ ਕਦਮ ਰੱਖਿਆ ਸੀ। ਮੇਰੇ ਚਾਵਾਂ ਨੇ ਕਿੱਕਲੀ ਪਾਈ ਸੀ ਕਿ ਦੁਬਈ, ਮਸਕਟ ਦੇ ਵੀਜ਼ੇ ਉਡੀਕਣ ਵਾਲਾ ਅੱਜ ਫਲੋਰੀਡਾ ਦੇ ਇਸ ਸ਼ਹਿਰ ਦੀ ਧਰਤੀ ‘ਤੇ ਪੈਰਾਂ ਦੀਆਂ ਤਲੀਆਂ ਨਾਲ ਭੰਗੜਾ ਪਾ ਰਿਹਾ ਸੀ। ਫਲੋਰੀਡਾ ਤੋਂ ਮਿਲਵਾਕੀ ਤੇ ਸ਼ਿਕਾਗੋ ਹੁੰਦਾ ਮੈਂ ਕੈਲੀਫੋਰਨੀਆ ਪਹੁੰਚ ਗਿਆ। ਰੀਨੋ ਨਿਵਾਡਾ ਦੇ ਸ਼ਹਿਰ ਕੰਮ ਦੀ ਸ਼ੁਰੂਆਤ ਕੀਤੀ ਤੇ ਪੱਕੇ ਹੋਣ ਲਈ ਪੇਪਰਾਂ ਦੇ ਪਿੱਛੇ ਲੱਗ ਤੁਰਿਆ। ਐਸੀ ਪਈ ਪੇਪਰਾਂ ਦੀ ਮਾਰ ਮੈਨੂੰ ਪੂਰੇ ਅਠਾਰਾਂ ਸਾਲ ਲੰਘ ਗਏ ਪਰ ਪੇਪਰਾਂ ਨੇ ਲੜ ਨਾ ਫੜਾਇਆ।
ਮੈਂ ਆਸ ਦਾ ਦੀਵਾ ਬੁੱਝਣ ਨਾ ਦਿੱਤਾ, ਸਬਰ-ਸੰਤੋਖ ਤੇ ਭਰੋਸੇ ਦਾ ਤੇਲ ਪਾਉਂਦਾ ਰਿਹਾ, ਫਿਰ ਪਰਮਾਤਮਾ ਦੀ ਐਸੀ ਕਿਰਪਾ ਹੋਈ ਕਿ ਬੰਜਰ ਮਾੜੀ ਧਰਤੀ ‘ਤੇ ਹਰਿਆਲੀ ਦੀ ਚਾਦਰ ਵਿਛ ਗਈ, ਜਦੋਂ ਗੁਰੂ ਨਾਨਕ ਦੇਵ ਆਪ ਜੱਜ ਬਣ ਕੇ ਬੈਠੇ ਤਾਂ ਪੇਪਰਾਂ ਦਾ ਕਾਰਜ ਰਾਸ ਆ ਗਿਆ।
ਸਾਨਫਰਾਂਸਿਸਕੋ ਸ਼ਹਿਰ ਕਦੇ ਚੰਗਾ ਨਹੀਂ ਸੀ ਲੱਗਾ, ਉਥੋਂ ਦੀਆਂ ਕੋਰਟਾਂ ਵਿਚੋਂ ਹਮੇਸ਼ਾ ਰੋਂਦਾ ਹੀ ਨਿਕਲਿਆ ਸੀ, ਪਰ ਅੱਜ ਪਰਿਵਾਰ ਨੂੰ ਅਠਾਰਾਂ ਸਾਲਾਂ ਬਾਅਦ ਮਿਲਣਾ ਸੀ। ਏਅਰਪੋਰਟ ‘ਤੇ ਹਰੇਕ ਬੰਦਾ-ਬੰਦੀ ਆਪਣੇ-ਆਪਣੇ ਲੱਗਦੇ ਸਨ। ਸ਼ਹਿਰ ਦੀਆਂ ਉੱਚੀਆਂ ਇਮਾਰਤਾਂ ਪਹਿਲੀ ਵਾਰੀ ਸੋਹਣੀਆਂ ਲੱਗ ਰਹੀਆਂ ਸਨ। ਛੋਟੇ-ਛੋਟੇ ਛੱਡ ਕੇ ਆਇਆ ਆਪਣੇ ਪੁੱਤਰਾਂ ਨੂੰ ਆਪਣੇ ਨਾਲੋਂ ਉੱਚੇ ਦੇਖ ਕੇ ਖੁਸ਼ੀਆਂ ਦੇ ਅੱਥਰੂ ਵਹਿ ਤੁਰੇ, ਦੇਰ ਆਏ, ਦਰੁੱਸਤ ਆਏ। ਵਿਛੜੇ ਦੇ ਜ਼ਖ਼ਮਾਂ ਤੇ ਮਿਲਾਪ ਦੀ ਮਲ੍ਹਮ ਲੱਗੀ। ਮੇਰਾ ਚਾਅ ਨਹੀਂ ਸੀ ਚੱਕਿਆ ਜਾਂਦਾ। ਜਿਹੜੀ ਅਠਾਰਾਂ ਦਿਵਾਲੀਆਂ ਹਨੇਰੇ ਦੇ ਦੀਵੇ ਬਾਲ ਕੇ ਲੰਘਾਈਆਂ ਸਨ, ਉਹ ਅੱਜ ਚਾਵਾਂ ਦੀ ਮਹਿਕ ਖਿਲਾਰ ਰਹੀਆਂ ਸਨ।
ਪਰਿਵਾਰ ਆਉਣ ਤੋਂ ਬਾਅਦ ਮੈਂ ਇੰਡੀਆ ਜਾਣ ਲਈ ਗ੍ਰੀਨ ਕਾਰਡ ਉਡੀਕਣ ਲੱਗਾ। ਮੈਨੂੰ ਫਿਕਰ ਸੀ ਕਿ ਮਾਂ ਤਾਂ ਬਗੈਰ ਮਿਲਿਆਂ ਤੁਰ ਗਈ, ਪਰਮਾਤਮਾ ਕਿਰਪਾ ਕਰੇ, ਪਿਉ ਨੂੰ ਤਾਂ ਮਿਲ ਲਵਾਂ। ਫਿਰ ਉਹ ਦਿਨ ਵੀ ਆ ਗਿਆ ਜਿਸ ਦਿਨ ਦੀ ਬੇਸਬਰੀ ਨਾਲ ਉਡੀਕ ਸੀ।
ਅਠਾਰਾਂ ਅਪ੍ਰੈਲ, 2023 ਨੂੰ ਮੈਂ ਕਤਰ ਏਅਰਲਾਈਨ ਦੀ ਫਲੈਟ ਵਿਚ ਬੈਠ ਗਿਆ। ਇਹ ਮੇਰਾ ਵੱਡੇ ਜਹਾਜ਼ ਵਿਚ ਪਹਿਲਾ ਸਫ਼ਰ ਸੀ। ਖੁਸ਼ੀਆਂ ਦੇ ਗੀਤ ਤੇ ਵਾਜੇ ਵਜਾਉਂਦਾ ਮੈਂ ਦੋਹਾ ਕਤਰ ਪਹੁੰਚ ਗਿਆ। ਤਿੰਨ ਘੰਟਿਆਂ ਦੀ ਸਟੇਅ ਤੋਂ ਬਾਅਦ ਜਹਾਜ਼ ਫਿਰ ਅੰਮ੍ਰਿਤਸਰ ਨੂੰ ਉੱਡ ਪਿਆ।
ਅੰਮ੍ਰਿਤਸਰ ਰਹਿੰਦਾ ਮੇਰਾ ਦੋਸਤ ਹਰਪ੍ਰੀਤ ਸਿੰਘ ਦਾ ਪਰਿਵਾਰ ਤੇ ਮੇਰਾ ਪਰਿਵਾਰ ਮੈਨੂੰ ਲੈਣ ਆਏ ਹੋਏ ਸਨ। ਇਕ ਵਾਰ ਫਿਰ ਖੁਸ਼ੀ ਵਿਚ ਹੰਝੂਆਂ ਦੀਆਂ ਝੜੀਆਂ ਲੱਗ ਗਈਆਂ। ਗੱਲ ਵਿਚ ਫੁੱਲਾਂ ਦੇ ਹਾਰ ਪਏ, ਪਿਆਰ ਦੀ ਗਲਵਕੜੀਆਂ ਪਈਆਂ ਤੇ ਅਸੀਂ ਘਰ ਪਹੁੰਚ ਗਏ। ਪਹੁੰਚਣ ਦੀ ਖੁਸ਼ੀ ਵਿਚ ਬਾਈ ਹਰਪ੍ਰੀਤ ਹੋਰਾਂ ਨੇ ਕੇਕ ਲਿਆਂਦਾ ਸੀ। ਕੇਕ ਕੱਟ ਕੇ ਖੁਸ਼ੀਆਂ ਦੇ ਜੈਕਾਰੇ ਗੂੰਜੇ ਤੇ ਚਾਹ-ਪਾਣੀ ਪੀ ਕੇ ਥੋੜ੍ਹਾ ਅਰਾਮ ਕੀਤਾ। ਫਿਰ ਫਰੈੱਸ਼ ਹੋ ਕੇ ਧੰਨ ਗੁਰੂ ਰਾਮਦਾਸ ਦੇ ਦਰ ‘ਤੇ ਨਤਮਸਤਿਕ ਹੋਣ ਲਈ ਚਲ ਪਏ। ਦਰਬਾਰ ਸਾਹਿਬ ਪਹੁੰਚ ਕੇ ਮਨ ਉੱਛਲ-ਉੱਛਲ ਕੇ ਰੋਂਦਾ ਰਿਹਾ। ਇੰਝ ਲੱਗਾ ਜਿਵੇਂ ਦੁਬਾਰਾ ਜਨਮ ਹੋਇਆ ਹੋਵੇ। ਅਮਰੀਕਾ ਆਉਣ ਤੋਂ ਪਹਿਲਾਂ ਦੇ ਦਰਸ਼ਨ ਕੀਤੇ ਹੋਏ ਸਨ। ਅੰਮ੍ਰਿਤ ਵੇਲੇ ਦਾ ਸਮਾਂ ਸੱਚੀਂ ਅੰਮ੍ਰਿਤ ਨਾਲੋਂ ਘੱਟ ਨਹੀਂ ਸੀ। ਕੰਨਾਂ ਵਿਚ ਰਸਭਿੰਨਾ ਕੀਰਤਨ ਮਿਸ਼ਰੀ ਘੋਲ ਰਿਹਾ ਸੀ। ਦੇਗ ਕਰਵਾਈ, ਦਰਸ਼ਨ ਕੀਤੇ। ਧੰਨ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕੀਤਾ। ਇੰਝ ਲੱਗ ਰਿਹਾ ਸੀ ਜਿਵੇਂ ਮੈਂ ਸਵਰਗਾਂ ਵਿਚ ਆ ਗਿਆ ਹੋਵਾਂ। ਪਤਾ ਲੱਗਦਾ ਸੀ ਕਿ ਦੁੱਖਾਂ ਦੀ ਅਰਦਾਸ ਤੇ ਸੁੱਖਾਂ ਦਾ ਸ਼ੁਕਰਾਨਾ ਕਿਵੇਂ ਮਨ ਨੂੰ ਦਿਲਸਾ ਦਿੰਦਾ ਹੈ।
ਘਰ ਵਾਪਿਸ ਆਏ, ਥੋੜ੍ਹਾ ਅਰਾਮ ਕੀਤਾ ਤੇ ਫਿਰ ਸ਼ਾਮ ਨੂੰ ਅੰਮ੍ਰਿਤਸਰ ਤੋਂ ਪਿੰਡ ਨੂੰ ਚੱਲ ਪਏ। ਪਿੰਡ ਪਹੁੰਚਦਿਆਂ ਰਾਤ ਹੋ ਚੁੱਕੀ ਸੀ। ਪਾਸੇ ਦੇ ਬੰਦੇ ਤੇ ਜਨਾਨੀਆਂ ਘਰੇ ਇਕੱਠੇ ਹੋਏ ਸਨ। ਨਵੀਂ ਪਾਈ ਕੋਠੀ ਵਿਆਹ ਵਾਲੀ ਕੁੜੀ ਵਾਂਗ ਸ਼ਿੰਗਾਰੀ ਹੋਈ ਸੀ। ਘਰ ਪੂਰਾ ਵਿਆਹ ਵਾਲਾ ਮਾਹੌਲ ਸੀ। ਢੋਲ ਵਾਲਾ ਖੁਸ਼ੀਆਂ ਦੇ ਡੱਗੇ ਲਾ ਰਿਹਾ ਸੀ। ਫੁੱਲਾਂ ਦੇ ਹਾਰ ਮੇਰੇ ਗਲ ਵਿਚ ਪੈ ਰਹੇ ਸਨ। ਚਾਚੇ-ਚਾਚੀਆਂ, ਭੈਣਾਂ-ਭਰਾਵਾਂ ਤੇ ਭਾਬੀਆਂ ਨੇ ਰੱਜ-ਰੱਜ ਪਿਆਰ ਦੀ ਗਲਵਕੜੀ ਪਾਈ।
ਤਕਰੀਬਨ ਚੋਵੀਂ ਸਾਲਾਂ ਬਾਅਦ ਮੈਂ ਆਪਣੇ ਘਰ ਦੀ ਦਹਿਲੀਜ਼ ‘ਤੇ ਸਿਰ ਰੱਖ ਕੇ ਰੋਇਆ। ਮੈਨੂੰ ਸਭ ਮਿਲ ਗਏ ਸਨ ਪਰ ਮੇਰੀ ਮਾਂ ਦੀ ਖੁੱਲ੍ਹੀਆਂ ਬਾਹਾਂ ਨਸੀਬ ਨਾ ਹੋਈਆਂ। ਮਿਲਣੇ ਨੂੰ ਤਰਸਦੀ ਉਹ ਜਹਾਨੋਂ ਕੂਚ ਕਰ ਗਈ ਸੀ, ਪਰ ਮੈਂ ਪੇਪਰਾਂ ਦੀ ਤਾਣੀ ਵਿਚ ਅਜਿਹਾ ਉਲਝਿਆ ਮੈਨੂੰ ਦੇਰੀ ਹੋ ਗਈ ਸਿਰਾ ਲੱਭਦੇ ਨੂੰ, ਉੱਧਰ ਮਾਂ ਦੇ ਸਾਹਾਂ ਦੀ ਤੰਦ ਟੁੱਟ ਗਈ।
ਮੇਰੀ ਅੰਦਰਲੀ ਜ਼ਮੀਰ ਮੈਨੂੰ ਕੱਚਿਆਂ ਪਿੰਡ ਮੁੜਨ ਦੀ ਇਜਾਜ਼ਤ ਨਹੀਂ ਦਿੰਦੀ ਸੀ। ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਾ ਵਿਚ ਡੁੱਬਿਆ ਰਿਹਾ। ਚੋਵੀ ਲੋਹੜੀਆਂ ਮੈਂ ਚਾਵਾਂ ਦੀ ਧੂਣੀ ਬਾਲ ਕੇ ਲੰਘਾਈਆਂ ਸਨ। ਡਾਲਰਾਂ ਨੇ ਇਨ੍ਹਾਂ ਜ਼ਿਆਦਾ ਦੱਬ ਲਿਆ ਜਾ ਕਰਮਾਂ ਦੀ ਖੇਡ ਹੀ ਇੰਜ ਰਚੀ ਸੀ ਕਿ ਜੰਮਣ ਵਾਲੀ ਦੇ ਆਖਰੀ ਦਰਸ਼ਨ ਵੀ ਨਾ ਕਰ ਸਕਿਆ। ਕੁਝ ਬਣਨ ਲਈ ਬਹੁਤ ਕੁਝ ਗੁਵਾਉਣਾ ਪੈਂਦਾ ਹੈ।
ਘਰ ਦੇ ਵਿਹੜੇ ਵਿਚ ਪਟਾਕੇ ਤੇ ਆਤਿਸ਼ਬਾਜ਼ੀਆਂ ਚਲ ਰਹੇ ਸਨ। ਸ਼ਰੀਕਾ ਖੁਸ਼ੀਆਂ ਵਿਚ ਨੱਚ ਰਿਹਾ ਸੀ। ਮਿੱਠੇ ਵਾਲੇ ਮਿੱਠਾ ਖਾ ਰਹੇ ਸਨ ਤੇ ਕੌੜੇ ਵਾਲੇ ਮੂੰਹ ਕੌੜਾ ਕਰੀ ਜਾਂਦੇ ਸਨ। ਹਾਣਦਿਆਂ ਤੇ ਵੱਡਿਆਂ ਨੂੰ ਤਾਂ ਮੈਂ ਪਛਾਣ ਰਿਹਾ ਸੀ ਪਰ ਨਵੀਂ ਪਨੀਰੀ ਬੇ-ਪਛਾਣੀ ਸੀ। ਪੁੱਛਣ ‘ਤੇ ਪਤਾ ਲੱਗਦਾ ਸੀ ਕਿ ਕਿੰਨਾ ਦੀ ਕੁੜੀ ਹੈ ਜਾਂ ਕਿੰਨਾ ਦਾ ਮੁੰਡਾ ਹੈ। ਨਵੀਆਂ ਆਈਆਂ ਨੂੰਹਾਂ ਨੂੰ ਪਹਿਲੀ ਵਾਰ ਮਿਲਿਆ, ਬਜ਼ੁਰਗ ਬਾਪ ਨੂੰ ਘੁੱਟ ਕੇ ਜੱਫੀ ਪਾਈ। ਚੱਲੋ ਮਾਂ ਤਾਂ ਤੁਰ ਗਈ ਸੀ, ਬਾਪ ਨੇ ਸੀਨੇ ਲਾ ਕੇ ਠੰਢ ਪਾ ਦਿੱਤੀ। ਮਾਪੇ ਗ਼ਰੀਬੀ ਦਾ ਢੋਲ ਕੁੱਟਦੇ ਰਹੇ। ਹੁਣ ਅਮੀਰੀ ਦੀਆਂ ਸ਼ਹਿਨਾਈਆਂ ਵੱਜੀਆਂ ਤਾਂ ਮਾਂ ਹਾਜ਼ਰ ਨਹੀਂ ਸੀ। ਮੈਨੂੰ ਰਹਿੰਦੀ ਜ਼ਿੰਦਗੀ ਇਹ ਗ਼ਮ, ਇਹ ਝੋਰਾ ਜ਼ਰੂਰ ਰਹੂਗਾ ਕਿ ਮੈਂ ਮਾਂ ਨੂੰ ਨਹੀਂ ਮਿਲਿਆ। ਪਰਮਾਤਮਾ ਇੰਝ ਕਿਸੇ ਨਾਲ ਨਾ ਕਰੇ। ਸਭ ਦੀਆਂ ਮਾਵਾਂ ਸਲਾਮਤ ਰਹਿਣ।
ਗੱਲਾਂ ਕਰਦਿਆਂ ਅੱਧੀ ਰਾਤ ਹੋ ਚੁੱਕੀ ਸੀ। ਮੈਨੂੰ ਨੀਂਦ ਨਹੀਂ ਆ ਰਹੀ ਸੀ। ਵਤਨਾਂ ਦੀ ਗੇੜੀ ਦਾ ਚਾਅ, ਲੰਮੇ ਵਿਛੜੇ ਦਾ ਗ਼ਮ, ਦੋਵੇਂ ਹੀ ਇਕ ਦੂਜੇ ‘ਤੇ ਭਾਰੂ ਹੁੰਦੇ ਰਹੇ ਪਤਾ ਨਾ ਚੱਲਿਆ। ਕਦੋਂ ਗੁਰਦੁਆਰੇ ਦਾ ਭਾਈ ਨਿਤਨੇਮ ਦੀ ਬਾਣੀ ਪੜ੍ਹਨ ਲੱਗ ਪਿਆ। ਮੈਂ ਵੀ ਉੱਠਿਆ, ਇਸ਼ਨਾਨ ਕੀਤਾ, ਗੁਰਦੁਆਰੇ ਮੱਥਾ ਟੇਕਿਆ। ਇਹ ਉਹੀ ਗੁਰਦੁਆਰਾ ਸੀ ਜਿਥੇ ਰੋਜ਼ ਅਰਦਾਸਾਂ ਕਰਦਾ ਸੀ ਕਿ ਮੈਂ ਬਾਹਰ ਚਲਿਆ ਜਾਵਾਂ, ਅੱਜ ਬਾਹਰੋਂ ਮੁੜ ਕੇ ਸ਼ੁਕਰਾਨੇ ਦੀ ਅਰਦਾਸ ਕਰ ਰਿਹਾ ਸੀ। ਬਾਬੇ ਸ਼ਹੀਦੀ ਮੱਥਾ ਟੇਕਿਆ, ਮੀਰੀ-ਪੀਰੀ ਦੇ ਅਸਥਾਨ ਦਮਦਮਾ ਸਾਹਿਬ (ਰਕਬਾ) ਵਿਖੇ ਮੱਥਾ ਟੇਕਿਆ। ਜਿਥੇ ਸੰਗਰਾਂਦ ਨੂੰ ਦੋ-ਤਿੰਨ ਵਾਰੀ ਦੇਗ ਲੈਂਦੇ ਹੁੰਦੇ ਸੀ ਤੇ ਅੱਜ ਬਾਬਾ ਜੀ ਨੂੰ ਆਖ ਕੇ ਸਵਾਇਆ ਗੱਫਾ ਹੀ ਲਿਆ।
ਪਿੰਡ ਦਾ ਗੇੜਾ ਕੱਢਿਆ, ਸਾਰਾ ਪਿੰਡ ਬਦਲ ਚੁੱਕਾ ਸੀ। ਲੋਕਾਂ ਨੇ ਬਜ਼ੁਰਗਾਂ ਵਾਲੇ ਘਰ ਢਾਹ ਕੇ ਨਵੀਆਂ ਕੋਠੀਆਂ ਪਾ ਲਈਆਂ ਸਨ। ਪੱਕਾ ਦਰਵਾਜ਼ਾ ਤੇ ਸੂਬੇਦਾਰਾਂ ਦੀ ਹਵੇਲੀ ਹੀ ਪਿੰਡ ਦੀ ਪਹਿਚਾਣ ਕਰਵਾਉਂਦੀ ਸੀ। ਵੀਹ ਫੁੱਟ ਡੂੰਗਾ ਟੋਬਾ ਮਿੱਟੀ ਨਾਲ ਭਰ ਦਿੱਤਾ ਸੀ। ਜਿਥੇ ਪਾਰਕ ਬਣ ਗਈ ਸੀ। ਪਾਰਕ ਦੀ ਦੇਖ-ਰੇਖ ਪਿੰਡ ਦੀ ਬੇਇਤਫਾਕੀ ਦਿਖਾ ਰਹੀ ਸੀ। ਪਿੰਡ ਦੀਆਂ ਗਲੀਆਂ ਜਿਥੇ ਪਲੇ, ਪੜ੍ਹੇ, ਜਵਾਨੀ ਦੀ ਮੁੱਛ ਫੁੱਟੀ, ਇਸ਼ਕ-ਮੁਸ਼ਕ ਦੀਆਂ ਬਾਤਾਂ ਪਾਈਆਂ। ਵਿਆਹ ਹੋਏ ਤੇ ਇਸੇ ਗਲੀਆਂ ਵਿਚੋਂ ਫਿਰ ਪਰਦੇਸੀ ਹੋ ਤੁਰੇ। ਪੱਕਾ ਦਰਵਾਜ਼ਾ ਵੀ ਹੁਣ ਸੁੰਨਾ-ਸੁੰਨਾ ਲੱਗਦਾ ਸੀ। ਕਦੇ ਪੰਦਰਾਂ-ਵੀਹ ਬਜ਼ੁਰਗ ਬਾਬੇ ਜਿਥੇ ਬੈਠੇ ਰਹਿੰਦੇ ਸੀ, ਨਾ ਮੱਰ ਬਾਬਾ, ਨਾ ਮੱਲ ਬਾਬਾ ਨਾ ਜਿਊਣ ਸਿਉਂ ਦਿੱਸਿਆ।
ਅਮਰਾ, ਤੋਤੀ, ਨੋਨੀ, ਤਾਰਾ, ਕੋਈ ਵੀ ਕੱਟੀ ਖੇਡਦਾ ਨਹੀਂ ਮਿਲਿਆ। ਜੀਤਾ ਮਾਸਟਰ ਝੱਲੀ ਮਾਸਟਰ, ਬਿਜਲੀ ਵਾਲਾ ਪੰਡਿਤ ਤੇ ਸਰਦਾਰਾ ਬਾਬਾ ਸੀਪ ਖੱਡਦੇ ਨਹੀਂ ਦਿਸੇ। ਕੋਟ ਦੀ ਬਾਜ਼ੀ ਵੀ ਕੋਈ ਨਹੀਂ ਲਾਉਂਦਾ ਮਿਲਿਆ। ਹੁਣ ਤਾਂ ਬਾਹਰ ਮੇਜ਼ ਤੇ ਕੁਰਸੀਆਂ ਪਈਆਂ ਨੇ। ਕਦੇ-ਕਦੇ ਦਰਸ਼ੀਰਾਜਾ, ਬਿੱਲੂ ਖਾਲਸਾ, ਪੱਪੂ ਤੇ ਸ਼ੰਗਾਰਾ ਤਾਸ਼ ਖੇਡ ਲੈਂਦੇ ਨੇ। ਉਂਝ ਸਭ ਕੁਝ ਸੁੰਨਾ ਹੈ। ਕਬੂਤਰਾਂ ਦਾ ਬੋਲ-ਬਰਾਲਾ ਕਾਫ਼ੀ ਹੈ। ਬਹੁਤਾ ਪਿੰਡ ਖਾਲੀ ਹੋ ਗਿਆ ਹੈ। ਅਮਰੀਕਾ ਦੀ ਡੌਂਕੀ ਤੇ ਕੈਨੇਡਾ ਦੇ ਸਟੱਡੀ ਵੀਜ਼ੇ ਨੇ ਘਰ ਖਾਲੀ ਕਰ ਦਿੱਤੇ ਹਨ। ਪੱਥਰਾਂ ਦੇ ਘਰਾਂ ਵਿਚ ਧੂਫ-ਬੱਤੀਆਂ ਦੀ ਸੁਗੰਧ ਤਾਂ ਬਥੇਰੀ ਆਉਂਦੀ ਹੈ ਪਰ ਕੋਈ ਮੋਹ ਦਾ ਦਰਵਾਜ਼ਾ ਨਹੀਂ ਖੋਲ੍ਹਦਾ। ਹਰੇਕ ਕਹਿ ਦਿੰਦਾ ਹੈ ਭਾਈ ਹੁਣ ਤਾਂ ਜ਼ਮਾਨਾ ਹੀ ਬਦਲ ਗਿਆ ਹੈ। ਦਾਲ-ਪਾਣੀ ਦੀ ਸਾਂਝ ਮੁੱਕ ਗਈ ਹੈ।
ਮੈਨੂੰ ਹੈਰਾਨੀ ਉਦੋਂ ਹੋਈ ਜਦੋਂ ਪਤਾ ਲੱਗਿਆ ਕਿ ਗੋਹੇ ਦੀ ਪਾਥੀ ਵੀ ਪੰਜ ਰੁਪੇ ਦੀ ਇਕ ਵਿਕਦੀ ਹੈ। ਲੋਕਾਂ ਨੇ ਪਸ਼ੂ ਰੱਖਣੇ ਛੱਡ ਦਿੱਤੇ ਹਨ। ਲੋਕ ਪਿੰਡਾਂ ਵਿਚ ਵੀ ਮੱਝ ਦਾ ਦੁੱਧ ਮਹਿੰਗੇ ਭਾਅ ਦਾ ਖਰੀਦ ਕੇ ਸਸਤਾ ਕਹਿੰਦੇ ਹਨ। ਮੈਂ ਇਕ ਨੂੰ ਪੁੱਛਿਆ, ਬਾਈ ਤੁਸੀਂ ਕੋਈ ਮੱਝ ਨਹੀਂ ਰੱਖੀ?
ਕਹਿੰਦਾ, ਮਹਿੰਗੀ ਪੈਂਦੀ ਹੈ। ਸਭ ਕੁਝ ਮੁੱਲ ਦਾ ਲੈ ਕੇ ਪਾਉਣ ਨਾਲੋਂ ਤਾਂ ਦੁੱਧ ਹੀ ਮੁੱਲ ਦਾ ਸਸਤਾ ਪੈਂਦਾ ਹੈ। ਲੋਕ ਸ਼ੋਕੀਨ ਤਾਂ ਬਹੁਤ ਹੋ ਗਏ ਹਨ ਪਰ ਮਾਨਸਿਕ ਤੇ ਸਰੀਰਕ ਤੌਰ ‘ਤੇ ਬਿਮਾਰ ਹੋ ਗਏ ਹਨ। ਡਾਕਟਰਾਂ ਨੂੰ ਤੇ ਮਹਿੰਗੀਆਂ ਦਵਾਈਆਂ ਖ਼ਰੀਦਣ ਨੂੰ ਚੰਗਾ ਸਮਝਦੇ ਹਨ।
ਲੰਬਰਦਾਰਾਂ ਦਾ ਰਾਣਾ ਦੋਧੀ ਮੇਰਾ ਮਿੱਤਰ ਵੀ ਹੈ। ਉਸ ਦੀ ਡੇਅਰੀ ਸਾਡੇ ਪਾਸੇ ਹੀ ਹੈ। ਮੈਂ ਸ਼ਾਮ ਨੂੰ ਉਸ ਦੇ ਕੋਲ ਬੈਠ ਜਾਂਦਾ ਸੀ। ਇਕ ਦਿਨ ਪੰਜ-ਸੱਤ ਜਣੇ ਲਾਈਨ ਬਣਾ ਕੇ ਖੜ੍ਹੇ ਸਨ। ਮੈਂ ਕਿਹਾ ਇਨ੍ਹਾਂ ਨੂੰ ਦੁੱਧ ਪਾ ਕੇ ਤੋਰ ਦੇ। ਰਾਣਾ ਬੋਲਿਆ ਕਿ ਜੇ ਦੁੱਧ ਆਊਗਾ ਤਾਂ ਹੀ ਪਾਊਂਗਾ ਜਾਨੀ ਦੁੱਧ ਮੁੱਲ ਲੈਣ ਵਾਲੇ ਜ਼ਿਆਦਾ ਤੇ ਪਾਉਣ ਵਾਲੇ ਘੱਟ ਹਨ।
ਮੈਂ ਰਾਣੇ ਨੂੰ ਕਿਹਾ ਕਿ ਬਾਈ ਤੂੰ ਇਹ ਕੰਮ ਨਾ ਛੱਡੀਂ ਜੇ ਰੱਬ ਨਾ ਕਰੇ ਤੈਨੂੰ ਘਾਟਾ ਪੈ ਗਿਆ ਤਾਂ ਮੈਂ ਤੈਨੂੰ ਰੁਪੇ ਦੇ ਦੇਵਾਂਗਾ। ਪਰ ਇਨ੍ਹਾਂ ਜੱਟਾਂ ਦੇ ਮੂੰਹੋਂ ਚਾਹ ਦਾ ਕੱਪ ਨਾ ਉਤਾਰੀਂ। ਹੈਰਾਨੀ ਇਸ ਗੱਲ ਦੀ ਹੁੰਦੀ ਹੈ। ਜਿਨ੍ਹਾਂ ਕੋਲ ਜ਼ਮੀਨ ਵੀ ਹੈ, ਸਮਾਂ ਵੀ ਹੈ, ਉਹ ਵੀ ਮੱਝ ਰੱਖ ਕੇ ਰਾਜ਼ੀ ਨਹੀਂ। ਬੱਸ ਫੋਨ ਦੇ ਵਿਚ ਵੜੇ ਰਹਿੰਦੇ ਹਨ। ਅਸੀਂ ਇਥੇ ਬਾਦਲ, ਕੈਪਟਨ, ਭਗਵੰਤ ਕਰੀ ਜਾਂਦੇ ਹਾਂ, ਪਿੰਡ ਵਾਲੇ ਟਰੰਪ ਤੇ ਉਬਾਮਾ ਕਰੀ ਜਾਂਦੇ ਹਨ। ਕੋਲ ਬੈਠੇ ਹੀ ਹਜ਼ਾਰਾਂ ਮੀਲਾਂ ਦੀ ਦੂਰੀ ਬਣਾਈ ਬੈਠੇ ਨੇ। ਅਮਰੀਕਾ, ਕੈਨੇਡਾ ਤੋਂ ਘੱਟ ਗੱਲ ਨਹੀਂ ਕਰਦੇ, ਚੌਵੀ ਸਾਲਾਂ ਵਿਚ ਪਿੰਡ ਤੇ ਪਿੰਡ ਦੇ ਲੋਕਾਂ ਵਿਚ ਬਹੁਤ ਬਦਲਾਅ ਆ ਗਿਆ। ਖੇਤਾਂ, ਖੂਹਾਂ ਦੀਆਂ ਸਾਂਝਾਂ ਮੁੱਕ ਗਈਆਂ ਹਨ। ਲੋਕ ਵਪਾਰੀ ਬਣ ਚੁੱਕੇ ਹਨ। ਬੰਦੇ ਨੂੰ ਬੰਦੇ ਦੀ ਘੱਟ ਲੋੜ ਰਹਿ ਗਈ ਹੈ। ਪੈਸਾ ਨਚਾਉਣ ਲੱਗ ਗਿਆ ਹੈ। ਵਹਿਲ ਨਸ਼ਿਆਂ ਦੇ ਮਗਰ ਲੱਗ ਗਈ ਹੈ। ਇਸ਼ਕ ਮੁੰਡੇ-ਕੁੜੀਆਂ ਵਿਚ ਘੱਟ, ਵੱਡੀ ਉਮਰ ਦੇ ਵਿਚ ਗਿੱਧਾ ਪਾਉਣ ਲੱਗ ਗਿਆ ਹੈ। ਧੀ-ਮਾਂ ਨੂੰ ਸਮਝਾਉਣ ਲੱਗ ਗਈ ਹੈ।
