ਗੁਲਜ਼ਾਰ ਸਿੰਘ ਸੰਧੂ
ਫੋਨ: 91-98157-78469
ਪੱਛਮੀ ਜਰਮਨੀ ਦਾ ਹੈਮਬਰਗ ਮੇਰੇ ਲਈ ਮੇਰੇ ਨਾਨਕਿਆਂ ਦੇ ਸ਼ਹਿਰ ਵਾਂਗ ਹੈ| ਏਥੇ ਮੇਰਾ ਹਾਣੀ ਤੇ ਹਮ- ਜਮਾਤੀ ਮਾਮਾ ਸਵਰਨ ਸਿੰਘ ਭੰਗੂ 1978-2022 ਵਿਚ ਅੰਤਲੇ ਸਾਹ ਲੈਣ ਤੱਕ ਰਹਿੰਦਾ ਰਿਹਾ ਹੈ| ਉਹ ਉਥੋਂ ਦੇ ਰੇਲਵੇ ਸਟੇਸ਼ਨ ‘ਤੇ ਅਖ਼ਬਾਰਾਂ ਵੇਚਣ ਦਾ ਕੰਮ ਕਰਦਾ ਸੀ ਜਦੋਂ ਉਸਦਾ ਵਾਹ ਹੈਮਬਰਗ ਦੇ ਅਨਾਥ ਆਸ਼ਰਮ ਵਿਚ ਕੰਮ ਕਰਦੀ ਐਂਡਰੀਆ ਨਾਂ ਦੀ ਜਰਮਨ ਯੁਵਤੀ ਨਾਲ ਪੈ ਗਿਆ
ਜਿਸਨੇ ਇੱਕ ਇੱਕ ਕਰਕੇ ਮਾਮੇ ਦੇ ਤਿੰਨੋਂ ਮੁੰਡੇ ਹੈਮਬਰਗ ਦੇ ਵਸਨੀਕ ਬਣਾ ਦਿੱਤੇ| ਤਿੰਨਾਂ ਵਿਚੋਂ ਸਭ ਤੋਂ ਛੋਟਾ ਮਨਧੀਰ ਸਿੰਘ ਉਰਫ ਪਿੰਕੂ ਐਂਡਰੀਆ ਨੇ ਗੋਦ ਲਿਆ ਸੀ ਤੇ ਪਿੰਕੂ ਦੀ ਇਕੱਲ ਦੂਰ ਕਰਨ ਲਈ ਉਸਦੇ ਦੋਵਾਂ ਭਰਾਵਾਂ ਨੂੰ ਜਰਮਨੀ ਦਾ ਵੀਜ਼ਾ ਮਿਲ ਗਿਆ ਸੀ| ਉਵੇਂ ਮਾਮੇ ਦੇ ਪਰਿਵਾਰ ਕੋਲ ਚੰਡੀਗੜ੍ਹ ਵਿਚ ਵੀ ਇਕ ਘਰ ਹੈ ਜਿੱਥੇ ਉਹ ਤੇ ਉਨ੍ਹਾਂ ਦੇ ਮਿੱਤਰ-ਪਿਆਰੇ ਸਮੇਂ-ਸਮੇਂ ਕਿਆਮ ਕਰਦੇ ਰਹਿੰਦੇ ਹਨ| ਘਰ ਦੀਆਂ ਚਾਬੀਆਂ ਮੇਰੇ ਕੋਲ ਹੁੰਦੀਆਂ ਹਨ ਤੇ ਆਉਣ-ਜਾਣ ਵਾਲਿਆਂ ਨੂੰ ਕੋਈ ਦਿੱਕਤ ਨਹੀਂ ਹੁੰਦੀ|
ਪਿਛਲੇ ਹਫਤੇ ਤੋਂ ਮਨਧੀਰ ਏਥੇ ਆਇਆ ਹੋਇਆ ਹੈ| ਮੇਰੇ ਹਾਣੀ ਮਾਮੇ ਦਾ ਛੋਟਾ ਬੇਟਾ ਜਿਸਨੂੰ ਉਸਦੇ ਗੋਰੇ ਰੰਗ ਕਾਰਨ ਅਸੀਂ ਪਿੰਕੂ ਕਹਿੰਦੇ ਹਾਂ| ਉਸ ਦੇ ਨਾਲ ਉਸਦੀ ਦੋਸਤ ਵੀ ਹੈ| ਉਨ੍ਹਾਂ ਦੀ ਆਮਦ ਨੇ ਮੈਨੂੰ ਆਪਣਾ ਨਾਨਕਾ ਪਿੰਡ ਵੀ ਚੇਤੇ ਕਰਵਾ ਦਿੱਤਾ ਹੈ ਜਿਹੜਾ ਖੰਨਾ-ਸੰਘੋਲ ਮਾਰਗ ਉੱਤੇ ਪੈਂਦਾ ਹੈ ਅਤੇ ਜਿੱਥੇ ਰਹਿ ਕੇ ਮੈਂ ਆਪਣੀ ਮੁਢਲੀ ਪੜ੍ਹਾਈ ਕੀਤੀ ਸੀ| ਚੌਦਾਂ ਸਾਲ ਦੀ ਉਮਰ ਤੱਕ| ਪਿੰਡ ਦਾ ਨਾਂ ਕੋਟਲਾ ਬਡਲਾ ਹੈ| ਪਿੰਡ ਦੇ ਭੰਗੂ ਵਸਨੀਕ ਮੱਸਾ ਰੰਘੜ ਨੂੰ ਸੋਧਣ ਵਾਲੇ ਬਾਬਾ ਮਤਾਬ ਸਿੰਘ ਦੇ ਵਾਰਸ ਹਨ ਜਿਸਨੇ ਭਾਈ ਸੁੱਖਾ ਸਿੰਘ ਨੂੰ ਨਾਲ ਲੈ ਕੇ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੱਸੇ ਦੀ ਹੱਤਿਆ ਕੀਤੀ ਸੀ| ਜੇ ਕੋਟਲਾ ਬਡਲਾ ਮੇਰਾ ਨਾਨਕਾ ਪਿੰਡ ਹੈ ਤਾਂ ਜਰਮਨੀ ਵਾਲਾ ਹੈਮਬਰਗ ਵੀ ਉਸ ਤੋਂ ਘੱਟ ਨਹੀਂ| ਮੈਂ ਉਥੇ ਵੀ ਜਾਂਦਾ ਰਹਿੰਦਾ ਹਾਂ| ਉਥੋਂ ਵਾਲੇ ਮਨਧੀਰ ਉਰਫ ਪਿੰਕੂ ਦੀ ਆਮਦ ਨੇ ਹੈਮਬਰਗ ਤਾਂ ਕੀ ਜਰਮਨੀ ਦੀ ਬਰਲਿਨ ਦੀ ਕੰਧ ‘ਤੇ ਹਿਟਲਰ ਦੀ ਮ੍ਰਿਤੂ ਵੀ ਚੇਤੇ ਕਰਵਾ ਦਿੱਤੀ ਹੈ| ਕਥਾ ਵਿਚ ਬਹੁਤ ਕੁੱਝ ਹੈ|
ਮੈਂ ਪੂਰਥੀ ਤੇ ਪੱਛਮੀ ਜਰਮਨੀ ਨੂੰ ਏਨਾ ਖੁLਦ ਨਹੀਂ ਦੇਖਿਆ ਜਿੰਨਾ ਪਿੰਕੂ ਨੂੰ ਗੋਦ ਲੈਣ ਵਾਲੀ ਐਂਡਰੀਆ ਨੇ ਆਪਣੀ ਜੀਵਨੀ ਦੁਆਰਾ ਦਿਖਾਇਆ ਹੈ| ਉਦੋਂ ਬਰਲਿਨ ਦੀ ਕੰਧ ਦੇ ਏਸ ਪਾਰ ਪੱਛਮੀ ਜਰਮਨੀ ਸੀ ਤੇ ਉਸ ਪਾਰ ਪੂਰਬੀ ਜਰਮਨੀ| ਇਸ ਕੰਧ ਉੱਤੇ ਥਾਂ ਪਰ ਥਾਂ ਕੰਡਿਆਲੀਆਂ ਵਾੜਾਂ ਸਨ, ਪਹਿਰੇ ਸਨ, ਸਰਚ ਲਾਈਟਾਂ ਸਨ ਅਤੇ ਉਲੰਘਣਾ ਕਰਨ ਵਾਲਿਆਂ ਲਈ ਤੋਪਾਂ ਤੇ ਬੰਦੂਕਾਂ ਦੀਆਂ ਗੋਲੀਆਂ| ਉਹ ਦਿਨ ਬੜੇ ਚੰਦਰੇ ਸਨ| ਪੱਛਮ ਵਾਲਿਆਂ ਦੇ ਦੱਸਣ ਅਨੁਸਾਰ ਪੂਰਬੀ ਜਰਮਨੀ ਦੇ ਲੋਕ ਪੱਛਮ ਵਿਚ ਆਉਣ ਦੇ ਚਾਹਵਾਨ ਸਨ ਤੇ 1961 ਵਿਚ ਕੰਧ ਦੀ ਉਸਾਰੀ ਤੋਂ ਪਹਿਲਾਂ ਇੱਕੜ-ਦੁੱਕੜ ਜਾਂ ਕਾਫਲਿਆਂ ਦੇ ਰੂਪ ਵਿਚ ਆਉਂਦੇ ਹੀ ਰਹਿੰਦੇ ਸਨ| ਪੂਰਬੀ ਜਰਮਨੀ ਸੋਵੀਅਤ ਰੂਸ ਦਾ ਭਾਗ ਹੋਣ ਕਾਰਨ ਸੋਵੀਅਤ ਵਾਲਿਆਂ ਨੇ ਇਹ ਕੰਧ ਏਸ ਲਈ ਉਸਾਰੀ ਸੀ ਕਿ ਉਨ੍ਹਾਂ ਦੇ ਰਹਿਣ-ਸਹਿਣ ਤੇ ਸਭਿਆਚਾਰ ਦੀ ਸੂਹ ਪੱਛਮ ਵਾਲਿਆਂ ਨੂੰ ਨਾ ਲੱਗੇ| ਇੱਕ ਫੇਰੀ ਸਮੇਂ ਮੈਨੂੰ ਬਰਲਿਨ ਲਿਜਾਣ ਵਾਲਾ ਵੁਲਫਗਾਂਗ ਸੀ| ਨਾਚ-ਗਾਣੇ ਕਰਾਉਣ ਦਾ ਮਾਹਿਰ| ਸੜਕ ਦੇ ਦੋਨੇਂ ਪਾਸੇ ਪੂਰਬੀ ਜਰਮਨੀ ਦੇ ਉਹ ਖੇਤ ਵੀ ਦਿਖਾਈ ਦੇ ਰਹੇ ਸਨ ਜਿੱਥੇ ਕਮਿਊਨਿਸਟ ਪ੍ਰਬੰਧਕ ਸਾਂਝੀ ਖੇਤੀ ਕਰਦੇ ਸਨ| ਖੁੱਲ੍ਹੇ ਤੇ ਦੂਰ ਤਕ ਪਸਰੇ ਫਾਰਮ| ਵੁਲਫਗਾਂਗ ਇਨ੍ਹਾਂ ਖੇਤਾਂ ਨੂੰ ਖਸਮ-ਨਿਖੁੱਟੇ ਕਹਿ ਰਿਹਾ ਸੀ| ਉਹ ਪੂੰਜੀਵਾਦੀ ਪ੍ਰਣਾਲੀ ਤੇ ਜੀਵਨ ਦਾ ਬੁਲਾਰਾ ਸੀ| ਅਸੀਂ ਪੱਛਮ ਵੱਲੋਂ ਪੂਰਬ ਨੂੰ ਜਾ ਰਹੇ ਹਾਂ| ਬਰਲਿਨ ਦੇ ਪੱਛਮੀ ਭਾਗ ਦੇ ਘਰ ਅਤੇ ਭਵਨ ਸ਼ੀਸ਼ਿਆਂ ਵਾਲੇ ਸਨ, ਲਿਸ਼ਕਾਂ ਮਾਰਦੇ ਤੇ ਮਨਾਂ ਨੂੰ ਮੋਂਹਦੇ| ਪੂਰਬੀ ਜਰਮਨੀ ਦੇ ਘਰ ਪੱਥਰਾਂ ਦੇ ਬਣੇ ਹੋਏ ਸਨ| ਸੜਕਾਂ ਵੀ ਖੁੱਲ੍ਹੀਆਂ ਤੇ ਗਿਣੀਆਂ-ਮਿਥੀਆਂ| ਨਿਸ਼ਚੇ ਹੀ ਪੂਰਬੀ ਤੇ ਪੱਛਮੀ ਬਰਲਿਨ ਦੀ ਰਹਿਣੀ-ਬਹਿਣੀ ਵਿਚ ਵੱਡਾ ਅੰਤਰ ਸੀ| ਪਰ ਵੁਲਫਗਾਂਗ ਪੂਰਬੀ ਭਵਨ ਉਸਾਰੀ ਦੇ ਹੱਕ ਵਿਚ ਕੁਝ ਵੀ ਕਹਿਣ ਲਈ ਤਿਆਰ ਨਹੀਂ ਸੀ|
ਪੂਰਬੀ ਭਾਗ ਵਿਚ ਮੇਰਾ ਮੇਜ਼ਬਾਨ ਹੈਦਰਾਬਾਦ ਦਾ ਜੰਮਪਲ ਅਸਦ ਅੱਲਾ ਖਾਂ ਸੀ| ਖੱਬੀ ਸੋਚ ਦਾ ਧਾਰਨੀ| ਉਹ ਪੂਰਬੀ ਜਰਮਨੀ ਦੀਆਂ ਕੰਧਾਂ ਤੇ ਸੜਕਾਂ ਦੀ ਮਜ਼ਬੂਤੀ ਦੇ ਗੁਣ ਗਾ ਰਿਹਾ ਸੀ| ਅਸੀਂ ਕੰਧ ਦਾ ਉਹ ਭਾਗ ਵੀ ਤੱਕਿਆ ਜਿੱਥੋਂ ਪੂਰਬੀ ਜਰਮਨੀ ਦੇ ਵਸਨੀਕ ਪੱਛਮੀ ਜਰਮਨੀ ਜਾਣ ਦਾ ਪੰਗਾ ਲੈਂਦੇ ਗੋਲੀਆਂ ਦਾ ਸ਼ਿਕਾਰ ਹੋਏ ਸਨ| ਕੰਧ ਉੱਤੇ ਉਨ੍ਹਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ| ਅਸਦ ਅੱਲਾ ਖਾਂ ਦੇ ਕਹਿਣ ਅਨੁਸਾਰ ਇਹ ਤਸਵੀਰਾਂ ਪੱਛਮ ਵਾਲਿਆਂ ਨੇ ਪੂਰਬ ਵਾਲਿਆਂ ਨੂੰ ਬਦਨਾਮ ਕਰਨ ਲਈ ਲਾ ਰੱਖੀਆਂ ਸਨ|
ਹਥਲੀ ਕਹਾਣੀ ਇਤਿਹਾਸ ਦਾ ਉਹ ਪੰਨਾ ਹੈ ਜਿਸ ਵਿਚ ਹਿਟਲਰ ਦੀ ਆਰੀਆ ਸਮਾਜੀ ਧਾਰਨਾ ਨੇ ਇਕੱਲੀ ਜਰਮਨੀ ਨੂੰ ਹੀ ਦੋ ਭਾਗਾਂ ਵਿਚ ਨਹੀਂ ਵੰਡਿਆ ਸਮੁੱਚੇ ਪੱਛਮੀ ਸੰਸਾਰ ਨੂੰ ਖੇਰੂੰ-ਖੇਰੂੰ ਕਰ ਰੱਖਿਆ ਹੈ| ਇਸਦੇ ਕਰਤਾ ਨੂੰ ਨਾਇਕ ਦੀ ਥਾਂ ਖਲਨਾਇਕ ਕਹਿਣਾ ਠੀਕ ਹੋਵੇਗੇ| ਜੇ ਤਸਦੀਕ ਚਾਹੁੰਦੇ ਹੋ ਤਾਂ ਹਿਟਲਰ ਦਾ ਅੰਤ ਇਸਦਾ ਸੱਚਾ ਤੇ ਸੁੱਚਾ ਪ੍ਰਮਾਣ ਹੈ|
ਇਹ ਕਥਾ ਜਿੰਨੀ ਰੌਚਕ ਹੈ ਓਨੀ ਹੀ ਕੌੜੀ ਵੀ| ਇਸ ਦੀ ਥਾਹ ਪਾਉਣ ਲਈ ਐਂਡਰੀਆ ਅਤੇ ਉਸ ਨੂੰ ਜਨਮ ਦੇ ਕੇ ਸੁੱਟ ਜਾਣ ਵਾਲੀ ਮਾਂ ਦੇ ਜੀਵਨ ਬਾਰੇ ਡੂੰਘੇ ਅਧਿਐਨ ਦੀ ਲੋੜ ਹੈ|
ਐਂਡਰੀਆਂ ਨਾਲ ਇਹ ਸਾਰਾ ਕੁਝ ਕਿਉਂ ਵਾਪਰਿਆ? ਇਸ ਸੁਆਲ ਨੇ ਮੈਨੂੰ ਮਾਨਸਿਕ ਤੌਰ ’ਤੇ ਬਹੁਤ ਪ੍ਰੇਸ਼ਾਨ ਕੀਤਾ ਹੈ| ਮੈਂ ਐਂਡਰੀਆ ਦੇ ਜੀਵਨ ਦੇ ਉਘੜ-ਦੁਘੜ ਹਨੇਰੇ ਰਾਹਾਂ ’ਤੇ ਉਸ ਦੀ ਉਂਗਲ ਫੜ ਕੇ ਤੁਰਨਾ ਚਾਹੁੰਦਾ ਸੀ ਤਾਂ ਜੋ ਉਸ ਦੇ ਜੀਵਨ ਦੀ ਗੁੱਥੀ ਸੁਲਝਾ ਸਕਾਂ| ਐਂਡਰੀਆਂ ਨੇ ਮੇਰੀ ਗੱਲ ਮੰਨ ਆਪਣੀ ਜ਼ਿੰਦਗੀ ਦਾ ਪਿਛਲ ਸਫਰ ਇਕ ਵਾਰ ਮੁੜ ਤੈਅ ਕੀਤਾ ਪਰ ਇਸ ਵਾਰ ਉਨ੍ਹਾਂ ਰਾਹਾਂ ’ਤੇ ਮੈਂ ਉਸ ਦਾ ਹਮਸਫ਼ਰ ਸਾਂ| ਮੈਂ ਚਾਹੁੰਦਾ ਹਾਂ ਕਿ ਐਂਡਰੀਆ ਦੀ ਇਸ ਕਹਾਣੀ ਤੋਂ ਤੁਹਾਨੂੰ ਵੀ ਵਾਕਫ ਕਰਾਵਾਂ ਤਾਂ ਜੋ ਅਸੀਂ ਜਾਣ ਸਕੀਏ ਕਿ ਇਤਿਹਾਸਕ ਗ਼ਲਤੀਆਂ ਦਾ ਮੁੱਲ ਮਾਸੂਮ ਲੋਕਾਂ ਨੂੰ ਆਪਣੀ ਜ਼ਿੰਦਗੀਆਂ ਨਾਲ ਤਾਰਨਾ ਪੈਂਦਾ ਹੈ|
ਇਸ ਕਥਾ ਦਾ ਇਕ ਹੋਰ ਪਾਤਰ ਮਨਧੀਰ ਹੈ| ਸਵਰਨ ਮਾਮੇ ਦਾ ਛੋਟਾ ਪੁੱਤਰ ਸਵਰਨ ਦੀ ਜਰਮਨ ਸਹੇਲੀ ਐਂਡਰੀਆ ਦੇ ਬੱਚਾ ਨਹੀਂ ਸੀ ਤੇ ਨਾ ਹੀ ਹੋ ਸਕਦਾ ਸੀ| ਇਹ ਗੱਲ ਭੰਗੂ ਪਰਿਵਾਰ ਨੂੰ ਵੀ ਪਤਾ ਸੀ ਤੇ ਐਂਡਰੀਆ ਨੂੰ ਵੀ ਪਰ ਐਂਡਰੀਆ ਦੀ ਗੋਦ ਲਈ ਕੋਈ ਸਮੱਸਿਆ ਨਹੀਂ ਸੀ| ਉਹ ਸਵਰਨ ਦੇ ਤਿੰਨਾਂ ਲੜਕਿਆਂ ਵਿਚੋਂ ਕਿਸੇ ਨੂੰ ਵੀ ਗੋਦ ਲੈ ਸਕਦੀ ਸੀ| ਉਨ੍ਹਾਂ ਵਿਚੋਂ ਸਭ ਤੋਂ ਛੋਟਾ ਮਨਧੀਰ ਸੀ| ਦੇਖਣ ਨੂੰ ਭੋਲਾ-ਭਾਲਾ ਤੇ ਮਨ ਨੂੰ ਮੋਹਣ ਵਾਲਾ| ਸੋਹਣਾ, ਮਨਮੋਹਣਾ| ਐਂਡਰੀਆ ਨੇ ਤਿੰਨਾਂ ਵਿਚੋਂ ਉਹੀਓ ਪਸੰਦ ਕੀਤਾ ਸੀ|
ਉਹ ਹੈਮਬਰਗ ਪਹੁੰਚਿਆ ਤਾਂ ਐਂਡਰੀਆ ਬਿਰਧ ਆਸ਼ਰਮ ਵਿਚ ਕੰਮ ਕਰਦੀ ਸੀ| ਸਵਰਨ ਕੋਲ ਵੀ ਅਖ਼ਬਾਰਾਂ ਆਦਿ ਵੇਚਣ ਦਾ ਪੂਰੇ ਦਿਨ ਦਾ ਕੰਮ ਸੀ| ਮਨਧੀਰ ਨੂੰ ਜਰਮਨ ਬੋਲੀ ਨਹੀਂ ਸੀ ਆਉਂਦੀ| ਯੂਰਪੀ ਜੀਵਨ ਵਿਚ ਗੁਆਂਢੀ ਹੁੰਦੇ ਹੀ ਨਹੀਂ| ਜਦ ਗੁਆਂਢ ਵਿਚ ਕਿਸੇ ਨਾਲ ਬਹਿਣਾ-ਉੱਠਣਾ ਹੀ ਨਹੀਂ ਤਾਂ ਉਨ੍ਹਾਂ ਦੇ ਬੱਚਿਆਂ ਨਾਲ ਕੀ ਵਾਸਤਾ| ਜੋ ਹੁੰਦਾ ਵੀ ਤਾਂ ਮਨਧੀਰ ਨੂੰ ਉਨ੍ਹਾਂ ਦੀ ਬੋਲੀ ਸਮਝ ਨਹੀਂ ਸੀ ਆਉਂਦੀ| ਉਹ ਅਚਾਨਕ ਹੀ ਇਕੱਲਾ ਹੋ ਗਿਆ|
ਮਨਧੀਰ ਦੀ ਮੰਗ ਉੱਤੇ ਐਂਡਰੀਆ ਨੇ ਉਸਦੇ ਦੂਜੇ ਭਰਾਵਾਂ ਲਵਲੀ ਤੇ ਮੋਟੀ ਨੂੰ ਜਰਮਨੀ ਸੱਦਣ ਲਈ ਅਰਜ਼ੀ ਪਾਈ| ਜਰਮਨ ਸਰਕਾਰ ਨੇ ਪ੍ਰਵਾਨ ਨਹੀਂ ਕੀਤੀ| ਜਿਹੜੀ ਔਰਤ ਇਕ ਬੱਚੇ ਨੂੰ ਗੋਦ ਲੈ ਕੇ ਨਹੀਂ ਸੀ ਰੱਜੀ, ਉਹ ਤਿੰਨ ਨਾਲ ਵੀ ਨਹੀਂ ਸੀ ਰੱਜ ਸਕਦੀ ਪਰ ਐਂਡਰੀਆ ਸਿਰੜੀ ਔਰਤ ਸੀ| ਉਹ ਛੇਤੀ ਹਥਿਆਰ ਸੁੱਟਣ ਵਾਲੀ ਨਹੀਂ ਸੀ| ਉਸ ਨੇ ਆਪਣੇ ਵਕੀਲ ਰਾਹੀਂ ਮਨਧੀਰ ਦੀ ਸਿਹਤ ਦਾ ਵਾਸਤਾ ਪਾਇਆ| ਉਸ ਦੀ ਉਦਾਸੀ ਉਸ ਨੂੰ ਕਿਸੇ ਵੀ ਗ਼ਲਤ ਪਾਸੇ ਲਿਜਾ ਸਕਦੀ ਸੀ| ਇਕ ਵਿਗੜਿਆ ਹੋਇਆ ਬੱਚਾ ਜਰਮਨ ਸਮਾਜ ਲਈ ਹਾਨੀਕਾਰਕ ਹੋ ਸਕਦਾ ਸੀ, ਐਂਡਰੀਆ ਦੇ ਵਕੀਲ ਨੇ ਨੁਕਤਾ ਕੱਢ ਲਿਆ ਸੀ|
ਵਕੀਲ ਦੀ ਜਿਰਾਹ ਵਿਚ ਬੜਾ ਦਮ ਸੀ| ਇਕ ਪਾਸੇ ਸਮਾਜ ਲਈ ਹਾਨੀਕਾਰਕ ਇਕ ਬੱਚਾ ਸੀ ਤੇ ਦੂਜੇ ਪਾਸੇ ਇਕ ਦੇ ਤਿੰਨ ਸਿਹਤਮੰਦ ਬੱਚੇ ਯੂਰਪ ਦੇ ਵਿਕਸਿਤ ਤੇ ਅੱਗੇ ਵਧੂ ਸਮਾਜ ਦੇ ਚੌਖਟੇ ਵਿਚੋਂ ਵੇਖਿਆਂ ਐਂਡਰੀਆ ਦੇ ਵਕੀਲ ਦੀ ਜਿਰਾਹ ਮੰਨਣ ਤੋਂ ਬਿਨਾਂ ਸਰਕਾਰ ਕੋਲ ਹੋਰ ਕੋਈ ਚਾਰਾ ਨਹੀਂ ਸੀ|
ਮਨਧੀਰ ਸਿੰਘ ਭੰਗੂ ਉਰਫ ਪਿੰਕੂ ਦਾ ਚੰਡੀਗੜ੍ਹ ਆਉਣਾ ਤਾਂ ਕੇਵਲ ਸਬੱਬ ਹੈ| ਅਸਲ ਵਿਚ ਮੈਂ ਬਰਲਿਨ ਦੀ ਢਹਿ ਚੁੱਕੀ ਕੰਧ ਤੇ ਗਏ ਗੁਜ਼ਰੇ ਹਿਟਲਰ ਦੀ ਗੱਲ ਕਰਨਾ ਚਾਹੁੰਦਾ ਜਿਸ ਨੂੰ ਅੰਤਕਾਰ ਆਪਣੀਆਂ ਕਰਤੂਤਾਂ ਦਾ ਗਿਆਨ ਖੁਦ ਹੀ ਹੋ ਗਿਆ ਸੀ| ਉਸਨੇ ਆਪਣੀ ਜਾਨ ਆਪ ਹੀ ਲੈਣ ਤੋਂ ਇੱਕ ਦਿਨ ਪਹਿਲਾਂ ਕਈ ਸਾਲਾਂ ਤੋਂ ਦੋਸਤ ਚੱਲੀ ਆ ਰਹੀ ਏਵਾ ਬਰਾਊਨ ਨਾਲ ਵਿਆਹ ਕਰ ਲਿਆ ਸੀ| ਵਿਆਹ ਵੇਲੇ ਗਯੁਬਲਜ਼ ਵਲੋਂ ਲਿਆਂਦੇ ਇਕ ਸਰਕਾਰੀ ਅਧਿਕਾਰੀ, ਦੋ ਤਿੰਨ ਹੋਰ ਨਜ਼ਦੀਕੀਆਂ ਅਤੇ ਬਲੌਂਡੀ ਨਾਂ ਦੇ ਅਲਸੇਸ਼ਨ ਕੁੱਤੇ ਤੋਂ ਬਿਨਾਂ ਹੋਰ ਕੋਈ ਹਾਜ਼ਰ ਨਹੀਂ ਸੀ|
ਵਿਆਹ ਦੀ ਰਸਮ ਸਾਦਾ ਸੀ| ਵਾਗਨਰ ਦੇ ਸੰਗੀਤ ਦੀਆਂ ਧੁਨਾਂ ਵਿਚ ਉਨ੍ਹਾਂ ਦੋਵਾਂ ਨੇ ਕੇਵਲ ਇਹ ਹੀ ਕਸਮ ਖਾਧੀ ਸੀ ਕਿ ਉਹ ਦੋਵੇਂ ਖਾਲਸ ਆਰੀਆ ਨਸਲ ਦੇ ਹਨ ਅਤੇ ਜੱਦੀ ਪੁਸ਼ਤੀ ਕਿਸੇ ਵੀ ਰੋਗ ਤੋਂ ਮੁਕਤ ਹਨ|
ਉਨ੍ਹਾਂ ਦਾ ਹਨੀਮੂਨ ਕੇਵਲ ਇੱਕ ਹੀ ਦਿਨ ਦਾ ਸੀ| ਅਗਲੇ ਦਿਨ ਹਿਟਲਰ ਨੇ ਸਭ ਤੋਂ ਪਹਿਲਾ ਕੰਮ ਇਹ ਕੀਤਾ ਸੀ ਕਿ ਆਪਣੇ ਬਲੌਂਡੀ ਨੂੰ ਖਤਮ ਕਰਵਾਇਆ| ਇੱਕ ਇੱਕ ਕਰਕੇ ਹੱਥ ਮਿਲਾਉਂਦਾ ਆਪਣੇ ਕਮਰੇ ਵਲ ਚਲਾ ਗਿਆ| ਇਹ ਘਟਨਾ 30 ਅਪ੍ਰੈਲ 1945 ਦੀ ਹੈ|
ਉਸਦੇ ਕਮਰੇ ਵਿਚੋਂ ਸ਼ਾਮ ਦੇ ਸਵਾ ਤਿੰਨ ਵਜੇ ਉਸਦੇ ਚਾਹੁਣ ਵਾਲਿਆਂ ਨੇ ਗੋਲੀ ਦੀ ਆਵਾਜ਼ ਸੁਣੀ ਤਾਂ ਅੰਦਰ ਜਾ ਕੇ ਦੇਖਿਆ ਕਿ ਹਿਟਲਰ ਖ਼ੂਨ ਨਾਲ ਲਥ-ਪਥ ਸੋਫੇ ਉੱਤੇ ਢੱਠਾ ਪਿਆ ਹੈ|
ਕੋਲ ਹੀ ਏਵਾ ਬਰਾਊਨ ਲੇਟੀ ਹੋਈ ਹੈ| ਸਪਸ਼ਟ ਸੀ ਕਿ ਹਿਟਲਰ ਦੀ ਖੁLਦਕੁਸ਼ੀ ਤੋਂ ਪਿੱਛੋਂ ਏਵਾ ਨੇ ਜ਼ਹਿਰ ਖਾ ਕੇ ਆਤਮ-ਹੱਤਿਆ ਕਰ ਲਈ ਸੀ|
ਇਹੀਓ ਕੁਝ ਉਸ ਦੇ ਵਫ਼ਾਦਾਰ ਮਿੱਤਰ/ਮੰਤਰੀ ਗਯੁਬਲਜ਼ ਦੇ ਪਰਿਵਾਰ ਨੇ ਕੀਤਾ ਸੀ| ਦੋਵੇਂ ਪਤੀ-ਪਤਨੀ ਆਪਣੇ ਛੇਆਂ ਬੱਚਿਆਂ ਨੂੰ ਜ਼ਹਿਰ ਦੇ ਟੀਕੇ ਲਾ ਕੇ ਖੁਦ ਪੌੜੀਆਂ ਰਾਹੀਂ ਉਪਰ ਚਲੇ ਗਏ ਸਨ ਜਿੱਥੇ ਪਤਨੀ ਨੇ ਜ਼ਹਿਰ ਦਾ ਕੈਪਸੂਲ ਖਾ ਲਿਆ ਸੀ ਤੇ ਪਤੀ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ| ਉਦੋਂ ਇਹ ਗੱਲ ਤੋਂ ਹਰ ਕੋਈ ਜਾਣੂ ਸੀ ਕਿ ਹਿਟਲਰ, ਗਯੂਬਲਕ ਤੇ ਬਲੌਂਡੀ ਇਕ ਜੋਤਿ ਤ੍ਰੈ-ਮੂਰਤੀ ਸਨ|
