ਅਸੀਂ ਜੰਗ ਤੋਂ ਤਾਂ ਬਚ ਗਏ, ਸ਼ਾਇਦ ਇਸ ਯੁੱਧਬੰਦੀ ਤੋਂ ਨਾ ਬਚ ਸਕੀਏ

ਸਾਰਾ ਅਵਾਦ
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
ਗਾਜ਼ਾ ਦੀ ਵਸਨੀਕ ਫਲਸਤੀਨੀ ਕੁੜੀ ਸਾਰਾ ਅਵਾਦ ਅੰਗਰੇਜ਼ੀ ਸਾਹਿਤ ਦੀ ਵਿਦਿਆਰਥਣ, ਲੇਖਿਕਾ ਅਤੇ ਕਹਾਣੀਕਾਰ ਹੈ। ਮਨੁੱਖੀ ਅਨੁਭਵਾਂ ਅਤੇ ਸਮਾਜਿਕ ਮੁੱਦਿਆਂ ਨੂੰ ਪਕੜਨ ਦੀ ਇੱਛਾ ਰੱਖਣ ਵਾਲੀ ਸਾਰਾ ਆਪਣੀ ਲੇਖਣੀ ਦੀ ਵਰਤੋਂ ਅਕਸਰ ਅਣਸੁਣੀਆਂ ਰਹਿ ਗਈਆਂ ਕਹਾਣੀਆਂ ਨੂੰ ਸਾਹਮਣੇ ਲਿਆਉਣ ਲਈ ਕਰਦੀ ਹੈ। ਉਸਦਾ ਕੰਮ ਯੁੱਧ ਦਰਮਿਆਨ ਲਚਕੀਲੇਪਣ, ਪਛਾਣ ਅਤੇ ਉਮੀਦ ਦੇ ਵਿਸ਼ੇ ਤਲਾਸ਼ਣਾ ਹੈ। ਇਸ ਰਿਪੋਰਟ ਵਿਚ ਉਸਨੇ ਯੁੱਧਬੰਦੀ ਦੇ ਐਲਾਨ ਤੋਂ ਬਾਅਦ ਗਾਜ਼ਾ ਪੱਟੀ ਦੇ ਜ਼ਮੀਨੀਂ ਹਾਲਾਤ ਬਿਆਨ ਕੀਤੇ ਹਨ-ਸੰਪਾਦਕ॥

ਪਿਛਲੇ ਐਤਵਾਰ ਨੂੰ, ਮੈਂ ਗਾਜ਼ਾ ਪੱਟੀ ਦੇ ਕੇਂਦਰੀ ਇਲਾਕੇ ਵਿਚ ਸਥਿਤ ਅਜ਼-ਜ਼ਾਵੈਦਾ ਵਿਚ ਆਪਣੇ ਪਰਿਵਾਰ ਦੇ ਤੰਬੂ ਵਿਚੋਂ ਬਾਹਰ ਨਿਕਲੀ ਅਤੇ ਨਜ਼ਦੀਕੀ ਟਵਿਕਸ ਕੈਫ਼ੇ ਵੱਲ ਚਲ ਪਈ, ਜੋ ਫ੍ਰੀਲਾਂਸਰਾਂ ਅਤੇ ਵਿਦਿਆਰਥੀਆਂ ਲਈ ਮਿਲ ਕੇ ਕੰਮ ਕਰਨ ਦੀ ਜਗਾ੍ਹ ਹੈ। ‘ਯੁੱਧਬੰਦੀ’ ਦੇ ਐਲਾਨ ਨੂੰ ਦਸ ਦਿਨ ਹੋ ਗਏ ਸਨ ਅਤੇ ਮੈਂ ਸੋਚਿਆ ਕਿ ਆਖਿæਰਕਾਰ ਬਾਹਰ ਜਾਣਾ ਮੇਰੇ ਲਈ ਸੁਰੱਖਿਅਤ ਹੋਵੇਗਾ। ਬਾਹਰ ਨਿਕਲਣਾ ਮੇਰੀ ਪੁਰਾਣੀ ਜ਼ਿੰਦਗੀ ਦਾ ਇਕ ਨਿੱਕਾ ਜਿਹਾ ਹਿੱਸਾ ਵਾਪਸ ਪ੍ਰਾਪਤ ਕਰਨ ਦੀ ਦਿਸ਼ਾ ਵਿਚ ਕਦਮ ਹੋਣਾ ਸੀ।
ਮੇਰਾ ਭਰਾ ਅਤੇ ਮੈਂ ਕੈਫ਼ੇ ਕੋਲ ਲਗਭਗ ਪਹੁੰਚਣ ਹੀ ਵਾਲੇ ਸਾਂ ਕਿ ਅਸੀਂ ਬਹੁਤ ਹੀ ਜਾਣੀ-ਪਛਾਣੀ ਆਵਾਜ਼ ਸੁਣੀ- ਧਮਾਕੇ ਦੀ ਗੜਗੜਾਹਟ। ਇਕ ਇਜ਼ਰਾਈਲੀ ਡਰੋਨ ਨੇ ਟਵਿਕਸ ਕੈਫ਼ੇ ਦੇ ਪਰਵੇਸ਼ ਦੁਆਰ ‘ਤੇ ਹਮਲਾ ਕਰ ਦਿੱਤਾ ਸੀ।
ਮੈਂ ਸੁੰਨ ਹੋ ਗਈ। ਮੈਂ ਸੋਚਿਆ, ਬਸ ਹੋ ਗਿਆ – ਹੁਣ ਮੇਰੀ ਵਾਰੀ ਹੈ। ਮੈਂ ਇਸ ਯੁੱਧ ਵਿਚ ਜਿਉਂਦੀ ਨਹੀਂ ਬਚ ਸਕਾਂਗੀ।
ਤਿੰਨ ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਜੇਕਰ ਮੇਰਾ ਭਰਾ ਅਤੇ ਮੈਂ ਆਪਣੇ ਪਰਿਵਾਰ ਦੇ ਤੰਬੂ ‘ਤੋਂ ਕੁਝ ਮਿੰਟ ਪਹਿਲਾਂ ਨਿਕਲੇ ਹੁੰਦੇ, ਤਾਂ ਸ਼ਾਇਦ ਅਸੀਂ ਵੀ ਉਨ੍ਹਾਂ ਲਾਸ਼ਾਂ ’ਚ ਬਦਲ ਦਿੱਤੇ ਗਏ ਫਲਸਨੀਤੀਆਂ ਵਿਚ ਸ਼ਾਮਲ ਹੋਏ ਹੁੰਦੇ।
ਜਿਉਂ ਹੀ ਇਹ ਖ਼ਬਰ ਫੈਲੀ, ਮੇਰਾ ਪਰਿਵਾਰ ਘਬਰਾ ਗਿਆ, ਉਹ ਸਾਨੂੰ ਵਾਰ-ਵਾਰ ਫ਼ੋਨ ਕਰਨ ਲੱਗੇ। ਸਿਗਨਲ ਕਮਜ਼ੋਰ ਸੀ ਅਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਕਾਮ ਹੋ ਰਹੀਆਂ ਸਨ। ਪਰ ਕੋਈ ਚਾਰਾ ਵੀ ਤਾਂ ਨਹੀਂ ਸੀ। ਅਸੀਂ ਵਾਪਸ ਆਪਣੇ ਤੰਬੂ ਵਿਚ ਪਹੁੰਚ ਕੇ ਹੀ ਆਪਣੀ ਮਾਂ ਨੂੰ ਦਿਲਾਸਾ ਦੇ ਸਕੇ।
ਮੈਂ ਆਪਣੇ ਆਪ ਨੂੰ ਪੁੱਛਿਆ, ਇਹ ਕਿਸ ਤਰ੍ਹਾਂ ਦੀ ‘ਯੁੱਧਬੰਦੀ’ ਹੈ? ਡਰ ਨਾਲੋਂ ਜ਼ਿਆਦਾ ਮੈਨੂੰ ਗੁੱਸਾ ਆ ਰਿਹਾ ਸੀ।
ਜਦੋਂ ਯੁੱਧਬੰਦੀ ਸਮਝੌਤਾ ਲਾਗੂ ਹੋਇਆ ਅਤੇ ਬਦੇਸ਼ੀ ਨੇਤਾਵਾਂ ਨੇ ਸਾਨੂੰ ਦੱਸਿਆ ਕਿ ਯੁੱਧ ਖ਼ਤਮ ਹੋ ਗਿਆ ਹੈ, ਤਾਂ ਸਾਡੇ ਵਿਚੋਂ ਕਈਆਂ ਨੇ ਉਮੀਦ ਕਰਨ ਦੀ ਹਿੰਮਤ ਕੀਤੀ। ਅਸੀਂ ਸੋਚਿਆ ਕਿ ਆਖਿæਰਕਾਰ ਧਮਾਕੇ ਬੰਦ ਹੋ ਜਾਣਗੇ, ਤੇ ਅਸੀਂ ਡਰ ਦੇ ਬਿਨਾਂ ਆਪਣੀ ਟੁਕੜੇ-ਟੁਕੜੇ ਹੋਈ ਜ਼ਿੰਦਗੀ ਨੂੰ ਦੁਬਾਰਾ ਬਣਾਉਣਾ ਸ਼ੁਰੂ ਕਰ ਸਕਦੇ ਹਾਂ।
ਪਰ ਇਜ਼ਰਾਇਲੀ ਕਬਜ਼ੇ ਹੇਠ ਇਸ ਤਰ੍ਹਾਂ ਦੀ ਕੋਈ ਉਮੀਦ ਨਹੀਂ ਹੈ। ਅਸਲੀਅਤ ਵਿਚ ਹਿੰਸਾ ਕਦੇ ਖ਼ਤਮ ਨਹੀਂ ਹੁੰਦੀ। ਜਿਸ ਦਿਨ ਇਜ਼ਰਾਇਲੀ ਫ਼ੌਜ ਨੇ ਟਵਿਕਸ ਕੈਫ਼ੇ ‘ਤੇ ਬੰਬਾਰੀ ਕੀਤੀ, ਉਸੇ ਦਿਨ ਉਸ ਨੇ ਗਾਜ਼ਾ ਪੱਟੀ ਭਰ ਵਿਚ ਦਰਜਨਾਂ ਹੋਰ ਸਥਾਨਾਂ ‘ਤੇ ਵੀ ਬੰਬਾਰੀ ਕੀਤੀ, ਜਿਸ ਵਿਚ ਘੱਟੋ-ਘੱਟ 45 ਲੋਕ ਮਾਰੇ ਗਏ ਅਤੇ ਬਹੁਤ ਸਾਰੇ ਜ਼ਖ਼ਮੀ ਹੋ ਗਏ।
ਇਹ ਯੁੱਧਬੰਦੀ ਲਾਗੂ ਹੋਣ ‘ਤੋਂ ਬਾਅਦ ਦਾ ਸਭ ਤੋਂ ਘਾਤਕ ਦਿਨ ਸੀ। ਕੋਈ ਵੀ ਦਿਨ ਫ਼ਲਸਤੀਨੀਆਂ ਦੀਆਂ ਲਾਸ਼ਾਂ ਵਿਛਾਏ ਬਿਨਾਂ ਨਹੀਂ ਗੁਜ਼ਰਿਆ ਹੈ; ਇਜ਼ਰਾਈਲ ਨੇ ਰੋਜ਼ਾਨਾ ਕਤਲੇਆਮ ਕਰਨਾ ਜਾਰੀ ਰੱਖਿਆ ਹੋਇਆ ਹੈ। ਹੁਣ ਤੱਕ, ਇਸ ਕਥਿਤ ਯੁੱਧਬੰਦੀ ਦੇ ਐਲਾਨ ਤੋਂ ਬਾਅਦ 100 ਤੋਂ ਵੱਧ ਫਲਸਤੀਨੀਆਂ ਨੂੰ ਕਤਲ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਵਿਚ ਅਬੂ ਸ਼ਾਬਾਨ ਪਰਿਵਾਰ ਦੇ 11 ਜੀਅ ਵੀ ਸ਼ਾਮਲ ਹਨ। ਇਹ ਕਤਲੇਆਮ 18 ਅਕਤੂਬਰ ਨੂੰ, ਵਿਆਪਕ ਬੰਬਾਰੀ ‘ਤੋਂ ਇਕ ਦਿਨ ਪਹਿਲਾਂ ਹੋਇਆ ਸੀ। ਅਬੂ ਸ਼ਾਬਾਨ ਪਰਿਵਾਰ ਗਾਜ਼ਾ ਸ਼ਹਿਰ ਦੇ ਜੈਤੂਨ ਇਲਾਕੇ ਵਿਚ ਆਪਣੇ ਘਰ ਵਾਪਸ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ, ਅਤੇ ਸਾਰੇ ਇੱਕੋ ਗੱਡੀ ਵਿਚ ਸਵਾਰ ਸਨ। ਇਕ ਇਜ਼ਰਾਈਲੀ ਬੰਬ ਨੇ ਚਾਰ ਬਾਲਗਾਂ – ਸੂਫੀਆਨ, ਸਮਰ, ਇਹਾਬ ਅਤੇ ਰੰਦਾ; ਅਤੇ ਸੱਤ ਬੱਚਿਆਂ, 10 ਸਾਲ ਦੇ ਕਰਮ, ਅੱਠ ਸਾਲ ਦੇ ਅਨਸ, 12 ਸਾਲ ਦੀ ਨੇਸਮਾ, 13 ਸਾਲ ਦੇ ਨਾਸਿਰ, 10 ਸਾਲ ਦੀ ਜੁਮਾਨਾ, ਛੇ ਸਾਲ ਦੇ ਇਬਰਾਹਿਮ ਅਤੇ ਪੰਜ ਸਾਲ ਦੇ ਮੁਹੰਮਦ ਦੀ ਜਾਨ ਲੈ ਲਈ।
ਇਸੇ ਨੂੰ ਇਜ਼ਰਾਈਲ ‘ਯੁੱਧਬੰਦੀ’ ਕਹਿੰਦਾ ਹੈ।
ਐਤਵਾਰ ਨੂੰ, ਜਿਉਂ ਹੀ ਵਿਆਪਕ ਬੰਬਾਰੀ ਸ਼ੁਰੂ ਹੋਈ, ਪੂਰੀ ਗਾਜ਼ਾ ਪੱਟੀ ਵਿਚ ਦਹਿਸ਼ਤ ਅਤੇ ਅਸੁਰੱਖਿਆ ਫੈਲ ਗਈ। ਧਮਾਕੇ ਹੋ ਰਹੇ ਸਨ, ਯੁੱਧ ਅਤੇ ਭੁੱਖਮਰੀ ਦੇ ਦੁਬਾਰਾ ਸ਼ੁਰੂ ਹੋਣ ਦੇ ਸ਼ੰਕੇ ਤੋਂ ਭੈਭੀਤ ਲੋਕ ਜਿੰਨਾ ਵੀ ਖਾਣਾ ਹਾਸਲ ਕਰ ਸਕਦੇ ਸਨ, ਉਸਨੂੰ ਖ਼ਰੀਦਣ ਲਈ ਵਾਹੋ-ਦਾਹੀ ਬਾਜ਼ਾਰਾਂ ਵੱਲ ਦੌੜ ਪਏ।
ਇਹ ਦੇਖ ਕੇ ਦਿਲ ਦਹਿਲ ਜਾਂਦਾ ਹੈ ਕਿ ਕਿਵੇਂ, ਬੰਬਾਰੀ ਦੇ ਦਰਮਿਆਨ ਲੋਕਾਂ ਦਾ ਦਿਮਾਗ ਆਪਣੇ-ਆਪ ਭੋਜਨ ‘ਤੇ ਕੇਂਦਰਿਤ ਹੋ ਗਿਆ ਸੀ। ਇੰਝ ਲੱਗਦਾ ਹੈ ਕਿ ਅਸੀਂ ਸੁਰੱਖਿਆ ਦੀ, ਇਹ ਸਮਝਣ ਦੀ ਭਾਵਨਾ ਹਮੇਸ਼ਾ ਲਈ ਗੁਆ ਦਿੱਤੀ ਹੈ ਕਿ ਕੱਲ੍ਹ ਸਾਡੇ ਕੋਲ ਖਾਣ ਲਈ ਭੋਜਨ ਹੋਵੇਗਾ।
ਅਤੇ ਹਾਂ, ਸਾਨੂੰ ਅਜੇ ਵੀ ਆਪਣਾ ਭੋਜਨ ਖ਼ਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਕਿਉਂਕਿ ਇਜ਼ਰਾਈਲ ਨਾ ਸਿਰਫ਼ ਸਾਡੇ ‘ਤੇ ਬੰਬਾਰੀ ਕਰਕੇ ‘ਯੁੱਧਬੰਦੀ’ ਦਾ ਉਲੰਘਣ ਕਰ ਰਿਹਾ ਹੈ, ਬਲਕਿ ਉਸ ਸਹਾਇਤਾ ਨੂੰ ਵੀ ਰੋਕ ਰਿਹਾ ਹੈ ਜਿਸਨੂੰ ਮੁਹੱਈਆ ਕਰਾਉਣ ਦੀ ਇਜਾਜ਼ਤ ਦੇਣ ‘ਤੇ ਉਸਨੇ ਦਸਖ਼ਤ ਕੀਤੇ ਸਨ। ਮੰਨਿਆ ਜਾ ਰਿਹਾ ਸੀ ਕਿ ਪ੍ਰਤੀ ਦਿਨ ਸਹਾਇਤਾ ਦੇ ਘੱਟੋ-ਘੱਟ 600 ਟਰੱਕ ਗਾਜ਼ਾ ਵਿਚ ਦਾਖਲ ਹੋਣਗੇ। ਗਾਜ਼ਾ ਮੀਡੀਆ ਦਫ਼ਤਰ ਦੇ ਅਨੁਸਾਰ, 11 ਅਕਤੂਬਰ ਨੂੰ ਯੁੱਧਬੰਦੀ ਲਾਗੂ ਹੋਣ ਤੋਂ ਬਾਅਦ ਗਾਜ਼ਾ ਵਿਚ ਸਿਰਫ਼ 986 ਸਹਾਇਤਾ ਟਰੱਕ ਹੀ ਦਾਖ਼ਲ ਹੋਏ ਹਨ – ਜੋ ਵਾਅਦਾ ਕੀਤੇ ਗਏ ਦਾ ਮਹਿਜ਼ 15 ਪ੍ਰਤੀਸ਼ਤ ਹੈ। ਵਿਸ਼ਵ ਭੋਜਨ ਪ੍ਰੋਗਰਾਮ (ਡਬਲਿਊਐਫਪੀ) ਨੇ ਗਿਣਤੀ ਕੀਤੀ ਹੈ ਕਿ ਉਸਦੇ ਸਿਰਫ਼ 530 ਟਰੱਕਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ। ਯੂਐਨਆਰਡਬਲਿਊਏ (ੂਂ੍ਰੱੳ) ਦੇ 6,000 ਟਰੱਕ ਗਾਜ਼ਾ ਵਿਚ ਦਾਖ਼ਲ ਹੋਣ ਦੀ ਉਡੀਕ ਵਿਚ ਹਨ; ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਗਈ ਹੈ।
ਕੱਲ੍ਹ, ਡਬਲਿਊ ਐਫ ਪੀ ਦੇ ਇਕ ਬੁਲਾਰੇ ਨੇ ਕਿਹਾ ਕਿ ਕੋਈ ਵੀ ਵੱਡਾ ਸਹਾਇਤਾ ਕਾਫਲਾ ਗਾਜ਼ਾ ਸ਼ਹਿਰ ਵਿਚ ਦਾਖ਼ਲ ਨਹੀਂ ਹੋ ਸਕਿਆ ਹੈ; ਇਜ਼ਰਾਈਲ ਅਜੇ ਵੀ ਏਜੰਸੀ ਨੂੰ ਸਲਾਹੁਦੀਨ ਸਟ੍ਰੀਟ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦੇ ਰਿਹਾ ਹੈ। ਗਾਜ਼ਾ ਦੇ ਉੱਤਰੀ ਇਲਾਕੇ ਨੂੰ ਭੁੱਖਾ ਮਾਰਨ ਦੀ ਇਜ਼ਰਾਈਲੀ ਨੀਤੀ ਅਜੇ ਵੀ ਲਾਗੂ ਹੈ।
ਮਿਸਰ ਨਾਲ ਲੱਗਦੀ ਰਾਫਾਹ ਸਰਹੱਦ ਪਾਰ ਕਰਨਾ- ਜੋ ਦੁਨੀਆ ਦੇ ਬਾਕੀ ਹਿੱਸਿਆਂ ਨਾਲ ਜੁੜਨ ਦਾ ਸਾਡਾ ਇਕਲੌਤਾ ਲਾਂਘਾ ਹੈ- ਬੰਦ ਹੈ। ਅਸੀਂ ਨਹੀਂ ਜਾਣਦੇ ਕਿ ਇਹ ਮੁੜ ਕਦੋਂ ਖੁੱਲੇਗਾ; ਕਦੋਂ ਹਜ਼ਾਰਾਂ ਜ਼ਖ਼ਮੀ ਲੋਕਾਂ ਨੂੰ ਜ਼ਰੂਰੀ ਇਲਾਜ ਲਈ ਸਰਹੱਦ ਪਾਰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ; ਕਦੋਂ ਵਿਦਿਆਰਥੀ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਬਾਹਰ ਨਿੱਕਲ ਸਕਣਗੇ; ਕਦੋਂ ਯੁੱਧ ਨਾਲ ਵਿੱਛੜੇ ਪਰਿਵਾਰ ਦੁਬਾਰਾ ਮਿਲ ਸਕਣਗੇ; ਕਦੋਂ ਗਾਜ਼ਾ ਨੂੰ ਪਿਆਰ ਕਰਨ ਵਾਲੇ ਲੋਕ – ਉਹ ਲੋਕ ਜੋ ਘਰ ਵਾਪਸ ਆਉਣ ਲਈ ਏਨੇ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ – ਆਖਿæਰਕਾਰ ਵਾਪਸ ਆ ਸਕਣਗੇ।
ਇਹ ਸਪੱਸ਼ਟ ਹੋ ਚੁੱਕਾ ਹੈ ਕਿ ਇਜ਼ਰਾਈਲ ਲਈ ਇਹ ‘ਯੁੱਧਬੰਦੀ’ ਬਸ ਇਕ ਸਵਿਚ ਵਾਂਗ ਹੈ- ਆਪਣੀ ਮਰਜ਼ੀ ਨਾਲ ਉਸਨੂੰ ਚਾਲੂ ਅਤੇ ਬੰਦ ਕਰ ਰਿਹਾ ਹੈ। ਐਤਵਾਰ ਨੂੰ ਅਸੀਂ ਮੁੜ ਵਿਆਪਕ ਬੰਬਾਰੀ ਦੇ ਦੌਰ ਵਿਚ ਪਰਤ ਆਏ, ਸੋਮਵਾਰ ਨੂੰ ਫਿਰ ‘ਯੁੱਧਬੰਦੀ’ ਸੀ। ਜਿਵੇਂ ਕੁਝ ਹੋਇਆ ਹੀ ਨਹੀਂ, ਜਿਵੇਂ 45 ਲੋਕਾਂ ਦਾ ਕਤਲੇਆਮ ਹੋਇਆ ਹੀ ਨਹੀਂ, ਜਿਵੇਂ ਕੋਈ ਘਰ ਕੋਈ ਪਰਿਵਾਰ ਤਬਾਹ ਹੋਇਆ ਹੀ ਨਹੀਂ। ਆਪਣੀ ਜ਼ਿੰਦਗੀ ਨਾਲ ਇਸ ਤਰ੍ਹਾਂ ਦਾ ਸਲੂਕ ਦੇਖਣਾ ਭਿਆਨਕ ਹੈ, ਜਿਵੇਂ ਉਨ੍ਹਾਂ ਦਾ ਕੋਈ ਮੁੱਲ ਹੀ ਨਹੀਂ ਹੈ। ਇਹ ਜਾਣ ਕੇ ਰੂਹ ਕੰਬ ਉੱਠਦੀ ਹੈ ਕਿ ਇਜ਼ਰਾਈਲ ਬਿਨਾਂ ਚੇਤਾਵਨੀ ਦਿੱਤੇ, ਬਿਨਾਂ ਕਿਸੇ ਬਹਾਨੇ ਦੇ, ਕਦੇ ਵੀ ਦੁਬਾਰਾ ਵਿਆਪਕ ਕਤਲੇਆਮ ਸ਼ੁਰੂ ਕਰ ਸਕਦਾ ਹੈ।
ਇਹ ਯੁੱਧਬੰਦੀ ਅਨੰਤ ਜੰਗ ਵਿਚ ਮਹਿਜ਼ ਇਕ ਠਹਿਰਾਓ ਤੋਂ ਵੱਧ ਕੁਝ ਨਹੀਂ ਹੈ- ਇਕ ਖ਼ਾਮੋਸ਼ੀ ਦਾ ਪਲ ਜੋ ਕਿਸੇ ਵੀ ਪਲ ਖ਼ਤਮ ਹੋ ਸਕਦਾ ਹੈ। ਅਸੀਂ ਇਕ ਕਾਤਲ ਕਬਜ਼ੇਦਾਰ ਦੇ ਰਹਿਮ ‘ਤੇ ਉਦੋਂ ਤੱਕ ਰਹਾਂਗੇ, ਜਦੋਂ ਤੱਕ ਦੁਨੀਆ ਆਖਿæਰਕਾਰ ਸਾਡੇ ਜੀਉਣ ਦੇ ਅਧਿਕਾਰ ਨੂੰ ਪਛਾਣ ਨਹੀਂ ਲੈਂਦੀ ਅਤੇ ਇਸਨੂੰ ਸੁਰੱਖਿਅਤ ਕਰਨ ਲਈ ਸੱਚਮੁੱਚ ਕਾਰਵਾਈ ਨਹੀਂ ਕਰਦੀ। ਉਦੋਂ ਤੱਕ, ਅਸੀਂ ਇਜ਼ਰਾਈਲ ਵੱਲੋਂ ਕੀਤੇ ਜਾ ਰਹੇ ਕਤਲ ਕਾਂਡਾਂ ਦੀਆਂ ਖ਼ਬਰਾਂ ਵਿਚ ਸਿਰਫ਼ ਅੰਕੜੇ ਬਣੇ ਰਹਾਂਗੇ। 25 ਅਕਤੂਬਰ 2025 (ਅਲ ਜ਼ਜ਼ੀਰਾ ਦੇ ਧੰਨਵਾਦ ਸਹਿਤ)