-ਬੂਟਾ ਸਿੰਘ ਮਹਿਮੂਦਪੁਰ
ਵੈਨਜ਼ੁਏਲਾ ਵਿਰੁੱਧ ਸਖ਼ਤ ਆਰਥਕ ਪਾਬੰਦੀਆਂ ਦੇ ਤਬਾਹਕੁਨ ਪੜਾਅ ਤੋਂ ਬਾਅਦ ਇੰਝ ਜਾਪਦਾ ਹੈ ਕਿ ਹੁਣ ਟਰੰਪ ਸਰਕਾਰ ਮਾਦੁਰੋ ਨਿਕੋਲਸ ਦੀ ਸਰਕਾਰ ਦਾ ਤਖ਼ਤਾ ਪਲਟਣ ਲਈ ਫ਼ੌਜੀ ਤਾਕਤ ਦਾ ਹਥਿਆਰ ਵਰਤਣ ਵੱਲ ਵਧ ਰਹੀ ਹੈ। ਕੀ ਵੈਨਜ਼ੁਏਲਾ ਸੱਚਮੁੱਚ ‘ਨਾਰਕੋ ਦਹਿਸ਼ਤਵਾਦ’ ਦਾ ਦੋਸ਼ੀ ਹੈ ਜਿਵੇਂ ਟਰੰਪ ਦਾਅਵਾ ਕਰ ਰਹੇ ਹਨ ਜਾਂ ਇਸ ਪਿੱਛੇ ਕੋਈ ਹੋਰ ਭੂ-ਰਾਜਨੀਤਕ ਫੈਕਟਰ ਕੰਮ ਕਰਦੇ ਹਨ। ਇਨ੍ਹਾਂ ਸਵਾਲਾਂ ਦੀ ਚਰਚਾ ਸਾਡੇ ਕਾਲਮਨਵੀਸ ਬੂਟਾ ਸਿੰਘ ਮਹਿਮੂਦਪੁਰ ਵੱਲੋਂ ਆਪਣੇ ਇਸ ਲੇਖ ਵਿਚ ਕੀਤੀ ਗਈ ਹੈ।-ਸੰਪਾਦਕ॥
ਹਾਲੀਆ ਘਟਨਾਕ੍ਰਮ ਨਾਲ ਟਰੰਪ ਸਰਕਾਰ ਦੇ ਵੈਨਜ਼ੁਏਲਾ ਵਿਰੁੱਧ ਸਾਮਰਾਜੀ ਮਨਸੂਬੇ ਪੂਰੀ ਤਰ੍ਹਾਂ ਖੁੱਲ੍ਹ ਕੇ ਸਾਹਮਣੇ ਆ ਗਏ ਹਨ। ਪਹਿਲੀਆਂ ਸਰਕਾਰਾਂ ਨੂੰ ਉਹ ‘ਸਦੀਵੀ ਯੁੱਧਾਂ ਵਿਚ ਲੱਗੀਆਂ ਰਹਿਣ ਵਾਲੀਆਂ’ ਸਰਕਾਰਾਂ ਕਹਿ ਕੇ ਭੰਡਦਾ ਰਿਹਾ ਹੈ ਅਤੇ ਹੁਣ ‘ਸ਼ਾਂਤੀ ਮਸੀਹਾ’ ਨੇ ਵੈਨਜ਼ੁਏਲਾ ਉੱਪਰ ਪੂਰੀ ਤਰ੍ਹਾਂ ਨਹੱਕ ਯੁੱਧ ਥੋਪਣ ਦੇ ਹਾਲਾਤ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਪਹਿਲੀ ਸਤੰਬਰ ਤੋਂ ਲੈ ਕੇ ਅਮਰੀਕੀ ਫ਼ੌਜ ਵੱਲੋਂ ਵੈਨਜ਼ੁਏਲਾ ਦੇ ਸਮੁੰਦਰੀ ਤੱਟ ਨਾਲ ਲੱਗਦੇ ਕੈਰੀਬੀਅਨ ਸਾਗਰ ਵਿਚ ਛੋਟੀਆਂ ਕਿਸ਼ਤੀਆਂ ਨੂੰ ਨਿਸ਼ਾਨਾ ਬਣਾ ਕੇ ਅਤੇ ਫਿਰ ਹਮਲੇ ਦਾ ਘੇਰਾ ਕੋਲੰਬੀਆ ਵੱਲ ਫੈਲਾ ਕੇ ਮੌਤ ਦੀ ਵਾਛੜ ਕੀਤੀ ਗਈ। ਇਸ ਸਮੁੰਦਰੀ ਮਾਰਗ ਦੀ ਵਰਤੋਂ ਮਛੇਰੇ ਕਰਦੇ ਹਨ, ਫਿਰ ਵੀ ਇੱਥੇ ਅੰਧਾਧੁੰਦ ਹਮਲੇ ਕੀਤੇ ਗਏ। 10 ਹਮਲਿਆਂ ਵਿਚ 43 ਲੋਕਾਂ ਦੇ ਕਤਲਾਂ ਨੂੰ ਟਰੰਪ ਸਰਕਾਰ ਵੱਲੋਂ ਇਹ ਦਾਅਵਾ ਕਰਕੇ ਜਾਇਜ਼ ਠਹਿਰਾਇਆ ਗਿਆ ਕਿ ਇਹ ਡਰੱਗ ਕਾਰਟਲਾਂ ਵੱਲੋਂ ਭੇਜੀਆਂ ਗਈਆਂ ਕਿਸ਼ਤੀਆਂ ਸਨ ਜੋ ਅਮਰੀਕਾ ਨੂੰ ਨਸ਼ੇ ਲਿਜਾ ਰਹੀਆਂ ਸਨ ਅਤੇ ਮਾਰੇ ਗਏ ਵਿਅਕਤੀ ‘ਨਾਰਕੋ ਦਹਿਸ਼ਤਗਰਦ’ ਸਨ। ਵੈਨਜ਼ੁਏਲਾ ਅਤੇ ਕੋਲੰਬੀਆ ਦੇ ਕੇਸ ਵਿਚ ‘ਨਾਰਕੋ ਦਹਿਸ਼ਤਵਾਦ’ ਉਸੇ ਤਰ੍ਹਾਂ ਬਹਾਨਾ ਹੈ ਜਿਵੇਂ ਬੁਸ਼ ਸਰਕਾਰ ਵੱਲੋਂ ਇਰਾਕ ਉੱਪਰ ਕਬਜ਼ੇ ਲਈ ਇਰਾਕ ਕੋਲ ‘ਜਨਤਕ ਤਬਾਹੀ ਦੇ ਹਥਿਆਰ’ ਹੋਣ ਦਾ ਬਿਰਤਾਂਤ ਘੜਿਆ ਗਿਆ ਸੀ। ਜਿਵੇਂ ਅਮਰੀਕੀ ਸਾਮਰਾਜੀ ਹਕੂਮਤ ਅਤੇ ਉਸਦੇ ਯੁੱਧ ਜੋਟੀਦਾਰਾਂ ਵੱਲੋਂ ਇਰਾਕ ਕੋਲ ਤਬਾਹੀ ਦੇ ਹਥਿਆਰ ਹੋਣ ਦੇ ਦੋਸ਼ ਕਦੇ ਸਾਬਤ ਨਹੀਂ ਕੀਤੇ ਗਏ, ਉਸੇ ਤਰ੍ਹਾਂ ਟਰੰਪ ਸਰਕਾਰ ਵੱਲੋਂ ਵੈਨਜ਼ੁਏਲਾ ਵਿਰੁੱਧ ਡਰੱਗ ਦੇ ਦੋਸ਼ਾਂ ਦੇ ਕੋਈ ਸਬੂਤ ਪੇਸ਼ ਨਹੀਂ ਕੀਤੇ ਗਏ। ਖ਼ੁਦ ਯੂ.ਐੱਸ. ਡਰੱਗ ਐਨਫੋਰਸਮੈਂਟ ਐਡਮਿਨਿਸਟæੇਸ਼ਨ ਦੀ ਰਿਪੋਰਟ ਟਰੰਪ ਦੇ ਇਸ ਦਾਅਵੇ ਨੂੰ ਝੁਠਲਾਉਂਦੀ ਹੈ, ਜਿਸ ਵਿਚ ਵੈਨਜ਼ੁਏਲਾ ਦਾ ਨਾਂ ਸ਼ਾਮਲ ਨਹੀਂ ਹੈ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੁਆਰਾ ਬਣਾਈ ‘ਸੁਤੰਤਰ ਵਿਸ਼ੇਸ਼ਗਾਂ’ ਦੀ ਟੀਮ ਨੇ ਭਾਵੇਂ ਟਰੰਪ ਦੀ ਇਹ ਬੋਲੀ ਹੀ ਦੁਹਰਾਈ ਕਿ ‘ਕਿਸ਼ਤੀਆਂ ਡਰੱਗ ਲਿਜਾ ਰਹੀਆਂ ਸਨ’ ਪਰ ਉਨ੍ਹਾਂ ਨੂੰ ਵੀ ਕਹਿਣਾ ਪਿਆ ਕਿ ਅਮਰੀਕੀ ਕਾਰਵਾਈ ‘ਅੰਤਰਰਾਸ਼ਟਰੀ ਸਮੁੰਦਰੀ ਕਾਨੂੰਨ ਦੀ ਉਲੰਘਣਾ’ ਹੈ ਅਤੇ ‘ਕੈਰੀਬੀਅਨ ਖੇਤਰ ਵਿਚ ਸ਼ਾਂਤੀ ਅਤੇ ਸੁਰੱਖਿਆ ਲਈ ਗੰਭੀਰ ਅਸਰਾਂ ਵਾਲੀ ਅਤਿਅੰਤ ਖ਼ਤਰਨਾਕ ਹਾਲਤ’ ਬਣਾ ਦਿੱਤੀ ਗਈ ਹੈ।
ਪਰ ਟਰੰਪ ਦੇ ਫਾਸ਼ਿਸਟ ਏਜੰਡੇ ਵਿਚ ਤੱਥ, ਸਬੂਤ ਅਤੇ ਕਾਨੂੰਨ (ਅਮਰੀਕੀ ਅਤੇ ਅੰਤਰਰਾਸ਼ਟਰੀ) ਕੋਈ ਮਾਇਨੇ ਨਹੀਂ ਰੱਖਦੇ। ਆਪਣੇ ਆਰਥਕ, ਕੂਟਨੀਤਕ ਅਤੇ ਫ਼ੌਜੀ ਹਮਲਿਆਂ ਨੂੰ ਵਾਜਬ ਦਰਸਾਉਣ ਲਈ ਉਹ ਕੋਈ ਵੀ ਮਹਾਂ-ਝੂਠ ਬੋਲ ਸਕਦਾ ਹੈ। ਉਸਨੇ ਦਾਅਵਾ ਕੀਤਾ ਕਿ ਉਹ ਫੈਂਟਾਨਿਲ ਦੀ ਓਵਰਡੋਜ਼ ਨਾਲ ਮਰਨ ਵਾਲੇ ਲੱਖਾਂ ਅਮਰੀਕੀ ਨਾਗਰਿਕਾਂ ਦੀਆਂ ਜਾਨਾਂ ਬਚਾ ਰਿਹਾ ਹੈ। ਫੈਂਟਾਨਿਲ ਮੁੱਖ ਤੌਰ ’ਤੇ ਮੈਕਸੀਕੋ ਤੋਂ ਹੋ ਕੇ ਆਉਂਦੀ ਹੈ ਪਰ ਉਹ ਇਸ ਨੂੰ ਵੈਨਜ਼ੁਏਲਾ ਦੇ ਖ਼ਾਤੇ ਪਾ ਰਿਹਾ ਹੈ! ਵੈਨਜ਼ੁਏਲਾ, ਕੋਲੰਬੀਆ ਆਦਿ ਵਿਰੁੱਧ ਦੋਸ਼ਾਂ ਨੂੰ ਕਾਨੂੰਨੀ ਤਰੀਕੇ ਨਾਲ ਸਾਬਤ ਕਰਨ ਦੀ ਬਜਾਏ ਅਮਰੀਕੀ ਸਾਮਰਾਜੀਏ ਮਨਮਾਨੇ ਫ਼ਤਵੇ ਸੁਣਾਉਣਾ ਆਪਣਾ ਜਨਮ-ਸਿੱਧ ਅਧਿਕਾਰ ਸਮਝਦੇ ਹਨ। ਕੋਲੰਬੀਆ ਜਾਂ ਹੋਰ ਲਾਤੀਨੀ ਅਮਰੀਕੀ ਮੁਲਕਾਂ ਜ਼ਰੀਏ ਡਰੱਗ ਤਸਕਰੀ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਇਸ ਬਹਾਨੇ ਟਰੰਪ ਤੇ ਅਮਰੀਕਾ ਨੂੰ ਕਿਸੇ ਮੁਲਕ ਦੀ ਪ੍ਰਭੂਸੱਤਾ ਦੀ ਉਲੰਘਣਾ ਦਾ ਅਧਿਕਾਰ ਨਹੀਂ ਮਿਲ ਜਾਂਦਾ। ਕੀ ਡਰੱਗ ਤਸਕਰੀ ਅਮਰੀਕਾ ਤੇ ਹੋਰ ਸਾਮਰਾਜੀ ਹਕੂਮਤਾਂ ਦੀ ਮਿਲੀਭੁਗਤ, ਸ਼ਹਿ ਅਤੇ ਸਰਪ੍ਰਸਤੀ ਤੋਂ ਬਿਨਾਂ ਸੰਭਵ ਹੋ ਸਕਦੀ ਹੈ?
ਟਰੰਪ ਸਰਕਾਰ ਦਾ ਮਕਸਦ ਡਰੱਗ ਤਸਕਰੀ ਨੂੰ ਰੋਕਣਾ ਨਹੀਂ ਸਗੋਂ ਇਸ ਬਹਾਨੇ ਉਨ੍ਹਾਂ ਲਾਤੀਨੀ ਤੇ ਦੱਖਣੀ ਅਮਰੀਕੀ ਸਰਕਾਰਾਂ ਨੂੰ ਡੇਗਣਾ ਹੈ ਜੋ ਸ਼ਰੀਕ ਸਾਮਰਾਜੀ ਕੈਂਪ ਦਾ ਹਿੱਸਾ ਹਨ ਅਤੇ ਜਿਨ੍ਹਾਂ ਦੀਆਂ ਨੀਤੀਆਂ ਅਮਰੀਕੀ ਕਾਰੋਬਾਰੀ ਤੇ ਯੁੱਧਨੀਤਕ ਹਿਤਾਂ ਦੇ ਵਿਰੁੱਧ ਹਨ। ਚੀਨ ਹੁਣ ਲਾਤੀਨੀ ਅਮਰੀਕਾ ਵਿਚ ਭਾਰੂ ਆਰਥਕ ਤਾਕਤ ਹੈ। ਉਹ ਦੱਖਣੀ ਅਮਰੀਕੀ ਮੁਲਕਾਂ ਦਾ ਸਿਰਮੌਰ ਵਪਾਰਕ ਭਾਈਵਾਲ ਅਤੇ ਬਦੇਸ਼ੀ ਸਿੱਧੇ ਪੂੰਜੀ-ਨਿਵੇਸ਼ ਅਤੇ ਊਰਜਾ ਤੇ ਬੁਨਿਆਦੀ-ਢਾਂਚੇ ਦੀ ਮੱਦਦ ਦਾ ਮੁੱਖ ਸਰੋਤ ਹੈ। ਵੈਨਜ਼ੁਏਲਾ ਦੇ ਤੇਲ ਉਤਪਾਦਨ ਦਾ 90% ਚੀਨ ਖ਼ਰੀਦਦਾ ਹੈ ਅਤੇ ਵੈਨਜ਼ੁਏਲਾ ਦੀ ਉਸ ਉੱਪਰ ਨਿਰਭਰਤਾ ਤੇਜ਼ੀ ਨਾਲ ਵਧ ਰਹੀ ਹੈ ਜਿਸਨੇ ਇਸ ਨੂੰ 60 ਅਰਬ ਡਾਲਰ ਦੀ ਫ਼ੌਜੀ ਮੱਦਦ ਦਿੱਤੀ ਹੈ। ਪੁਤਿਨ ਦੀ ਅਗਵਾਈ ’ਚ ਰੂਸ ਵੀ ਆਪਣਾ ਰਸੂਖ਼ ਤੇ ਹਿਤ ਵਧਾ ਰਿਹਾ ਹੈ। ਲਾਤੀਨੀ ਅਮਰੀਕਾ ਨੂੰ ਆਪਣਾ ‘ਪਿਛਵਾੜਾ’ ਸਮਝਣ ਵਾਲੇ ਅਮਰੀਕੀ ਸਾਮਰਾਜੀਏ ਇਹ ਕਿਵੇਂ ਬਰਦਾਸ਼ਤ ਕਰ ਸਕਦੇ ਹਨ ਕਿ ਇੱਥੇ ਕੋਈ ਸਰਕਾਰ ਅਮਰੀਕੀ ਹਿਤਾਂ ਦੇ ਖਿæਲਾਫ਼ ਕੰਮ ਕਰੇ।
ਅਮਰੀਕੀ ਸਰਕਾਰਾਂ ਦਾ ਇਸ ਖੇਤਰ ਵਿਚ ਗ਼ਲਬਾ ਕਾਇਮ ਕਰਨ ਲਈ ਹਮਲਿਆਂ, ਰਾਜ ਪਲਟਿਆਂ ਅਤੇ ਹੱਥਠੋਕਾ ਤਾਨਾਸ਼ਾਹ ਹਕੂਮਤਾਂ ਦੀ ਪੁਸ਼ਤਪਨਾਹੀ ਸਦੀਆਂ ਦਾ ਇਤਿਹਾਸ ਹੈ। ਵਾਸ਼ਿੰਗਟਨ ਨੇ ਹਮੇਸ਼ਾ ਲਾਤੀਨੀ ਅਮਰੀਕਾ ਅਤੇ ਕੈਰੀਬੀਅਨ ਨੂੰ ਮੁਨਰੋ ਮੱਤ ਦੀ ਐਨਕ ਨਾਲ ਦੇਖਿਆ ਹੈ, ਅਤੇ ਇਸ ਖੇਤਰ ਨੂੰ ਇਕਤਰਫ਼ਾ ਤੌਰ ‘ਤੇ ਆਪਣੇ ਭੂ-ਰਾਜਨੀਤਿਕ ਗ਼ਲਬੇ ਲਈ ਰਾਖਵਾਂ ਮੰਨਿਆ ਹੈ। ਪਿਛਲੇ ਦੋ ਸੌ ਸਾਲ ਵਾਰ-ਵਾਰ ਹੋਣ ਵਾਲੀ, ਹਮਲਾਵਰ ਦਖਲਅੰਦਾਜ਼ੀ ਦੇ ਪੈਟਰਨ ਦੇ ਗਵਾਹ ਹਨ। ਕੁਝ ਕੁ ਹਾਲੀਆ ਮਿਸਾਲਾਂ ਤੋਂ ਅਮਰੀਕਾ ਦੀ ਹਮਲਾਵਰ ਦਖ਼ਲਅੰਦਾਜ਼ੀ ਰਾਜਨੀਤਿਕ ਹਮਾਇਤ, ਖੁਫ਼ੀਆ ਕਾਰਵਾਈਆਂ ਤੋਂ ਲੈ ਕੇ ਸਿੱਧੀ ਫ਼ੌਜੀ ਦਖ਼ਲਅੰਦਾਜ਼ੀ ਤੱਕ ਦੀ ਝਲਕ ਦੇਖੀ ਜਾ ਸਕਦੀ ਹੈ। ਜਿਵੇਂ 1954 ’ਚ ਗੁਆਟੇਮਾਲਾ ਵਿਚ ਜੈਕਬੋ ਆਰਬੇਂਜ਼ ਦੇ ਖਿਲਾਫ਼ ਰਾਜ-ਪਲਟਾ, 1965 ਵਿਚ ਡੋਮਿਨਿਕਨ ਰੀਪਬਲਿਕ ‘ਤੇ ਹਮਲਾ ਜਿਸਨੇ ਜੁਆਨ ਬੋਸ਼ ਦੀ ਅਗਵਾਈ ਵਾਲੀ ਅਗਾਂਹਵਧੂ ਸਰਕਾਰ ਦੀ ਵਾਪਸੀ ਨੂੰ ਨਾਕਾਮ ਬਣਾ ਦਿੱਤਾ, 1973 ਦਾ ਰਾਜ-ਪਲਟਾ ਜਿਸਨੇ ਚਿੱਲੀ ਵਿਚ ਸਲਵਾਡੋਰ ਅਲੈਂਦੇ ਦੇ ਸਮਾਜਵਾਦੀ ਪ੍ਰੋਜੈਕਟ ਨੂੰ ਕੁਚਲ ਦਿੱਤਾ, 1983 ਵਿਚ ਮੌਰਿਸ ਬਿਸ਼ਪ ਦੀ ਸਰਕਾਰ ਨੂੰ ਉਖਾੜ ਸੁੱਟਣ ਦੀ ਸਾਜ਼ਿਸ਼ ਅਤੇ ਗ੍ਰੇਨਾਡਾ ‘ਤੇ ਹਮਲਾ, ਅਤੇ 1991 ਤੇ 2004 ਵਿਚ ਹੈਤੀ ਦੇ ਰਾਸ਼ਟਰਪਤੀ ਜੀਨ-ਬਰਟਰਾਂਡ ਅਰਿਸਤਿਦ ਨੂੰ ਵਾਰ-ਵਾਰ ਸੱਤਾ ਤੋਂ ਲਾਹੁਣਾ ਆਦਿ। 2009 ਵਿਚ ਮੈੱਲ ਜ਼ੇਲਾਯਾ ਦੀ ਸਰਕਾਰ ਦੇ ਖਿਲਾਫ਼ ਹਾਂਡੂਰਾਸ ਵਿਚ ਰਾਜ-ਪਲਟਾ ਇਸੇ ਦੀ ਲਗਾਤਾਰਤਾ ਸੀ।
ਇਸ ਸਿਲਸਿਲੇ ’ਚ ਵੈਨਜ਼ੂਏਲਾ ਖ਼ਾਸ ਨਿਸ਼ਾਨਾ ਬਣਿਆ ਹੋਇਆ ਹੈ ਜਿਸ ਨੂੰ ਪਿਛਲੀ ਚੌਥਾਈ ਸਦੀ ਵਿਚ ਕਿਸੇ ਵੀ ਹੋਰ ਲਾਤੀਨੀ ਅਮਰੀਕੀ ਮੁਲਕ ਦੇ ਮੁਕਾਬਲੇ ਅਮਰੀਕੀ-ਹਮਾਇਤ ਨਾਲ ਸਰਕਾਰਾਂ ਬਦਲਣ ਦੇ ਯਤਨਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਮੁਲਕ ਉੱਪਰ ਮੁੜ ਕੰਟਰੋਲ ਬਣਾਉਣ ਦੀ ਅਮਰੀਕੀ ਧੁੱਸ 1998 ਵਿਚ ਹਿਊਗੋ ਚਾਵੇਜ਼ ਦੇ ਚੁਣੇ ਜਾਣ ਦੇ ਥੋੜ੍ਹੇ ਸਮੇਂ ਬਾਅਦ ਹੀ ਸ਼ੁਰੂ ਹੋ ਗਈ ਸੀ। ਚਾਵੇਜ਼ ਦੀ ਜਿੱਤ ਅਮਰੀਕੀ ਸਰਪ੍ਰਸਤੀ ਵਾਲੀਆਂ ਨਵ-ਉਦਾਰਵਾਦੀ ਨੀਤੀਆਂ ਤੋਂ ਪਾਸਾ ਵੱਟਣ ਅਤੇ ਲਾਤੀਨੀ ਅਮਰੀਕਾ ਵਿਚ ਖੱਬੇ-ਪੱਖੀ ਸਰਕਾਰਾਂ ਦੀ ਲਹਿਰ ਦੀ ਅਗਵਾਈ ਵਿਚ ਗਰੀਬੀ ਘਟਾਉਣ ਤੋਂ ਲੈ ਕੇ ਖੇਤਰੀ ਏਕੀਕਰਣ ਤੱਕ ਦੇ ਵੱਡੀਆਂ ਤਬਦੀਲੀਆਂ ਦੇ ਅਰਸੇ ਦੇ ਆਗਾਜ਼ ਦਾ ਸੰਕੇਤ ਸੀ। ਵਾਸ਼ਿੰਗਟਨ ਨੇ ਚਾਵੇਜ਼ ਨੂੰ ਹਟਾਉਣ ਦੀਆਂ ਕੋਸ਼ਿਸ਼ਾਂ ਦੀ ਸਰਗਰਮੀ ਨਾਲ ਹਮਾਇਤ ਕੀਤੀ, ਖ਼ਾਸ ਤੌਰ ‘ਤੇ 2002 ਦਾ ਫ਼ੌਜੀ ਰਾਜ-ਪਲਟਾ ਜਿਸਨੂੰ ਜਨਤਕ-ਉਭਾਰ ਨੇ ਨਾਕਾਮ ਬਣਾ ਦਿੱਤਾ ਅਤੇ 2002–2003 ਦਾ ਵਿਨਾਸ਼ਕਾਰੀ ਤੇਲ ਲਾਕਆਉਟ ਜਿਸਦਾ ਨਿਸ਼ਾਨਾ ਮੁਲਕ ਦੇ ਸਭ ਤੋਂ ਮਹੱਤਵਪੂਰਨ ਆਮਦਨੀ ਵਸੀਲੇ ਨੂੰ ਬੰਦ ਕਰਨਾ ਸੀ।
ਜਾਰਜ ਡਬਲਿਊ ਬੁਸ਼ ਅਤੇ ਬਰਾਕ ਓਬਾਮਾ ਦੋਹਾਂ ਦੇ ਕਾਰਜਕਾਲ ਦੌਰਾਨ, ਵੈਨਜ਼ੂਏਲਾ ਦੇ ਸੱਜੇਪੱਖੀ ਗੁੱਟਾਂ, ਜਿਨ੍ਹਾਂ ਦਾ ਕੋਈ ਖ਼ਾਸ ਸਮਾਜਿਕ ਅਧਾਰ ਨਹੀਂ ਸੀ, ਨੂੰ ਕਤਲ ਦੀਆਂ ਸਾਜ਼ਿਸ਼ਾਂ ਤੋਂ ਲੈ ਕੇ ਦਹਿਸ਼ਤਗਰਦ ਕਾਰਵਾਈਆਂ ਤੱਕ ਦੀ ਰਣਨੀਤੀ ਦੁਆਰਾ ਵੈਨਜ਼ੁਏਲਾ ਸਰਕਾਰ ਨਾਲ ਸਿੱਧੇ ਟਕਰਾਅ ਵਿਚ ਧੱਕਣ ਲਈ ਦਹਿ-ਲੱਖਾਂ ਡਾਲਰ ਦਿੱਤੇ ਗਏ। ਇਸ ਫੰਡਿੰਗ ਨੇ ਉਨ੍ਹਾਂ ਗੁੱਟਾਂ ਅਤੇ ਆਗੂਆਂ ਨੂੰ ਹੁਲਾਰਾ ਦਿੱਤਾ, ਜੋ ਜਮਹੂਰੀ ਵਿਰੋਧ ਜਾਂ ਗੈਰ-ਸਰਕਾਰੀ ਸੰਗਠਨਾਂ ਦਾ ਢੌਂਗ ਰਚਦੇ ਹੋਏ ਮੁਲਕ ਦੀ ਜਮਹੂਰੀ ਢੰਗ ਨਾਲ ਚੁਣੀ ਗਈ ਸਰਕਾਰ ਨੂੰ ਲਗਾਤਾਰ ਹਿੰਸਕ ਤਰੀਕੇ ਨਾਲ ਸੱਤਾ ਤੋਂ ਪਾਸੇ ਕਰਨ ਦੀ ਵਕਾਲਤ ਕਰਦੇ ਰਹੇ ਹਨ। ਇਹ ਜਮਹੂਰੀਅਤ ਦੀ ਰਾਖੀ ਦੇ ਦਾਅਵੇ ਕਰਨ ਵਾਲੇ ਅਮਰੀਕੀ ਸਾਮਰਾਜੀ ਸਟੇਟ ਦਾ ਅਸਲ ਖ਼ੂਨੀ ਚਿਹਰਾ ਹੈ ਜੋ ਦੁਨੀਆ ਵਾਰ-ਵਾਰ ਦੇਖ ਰਹੀ ਹੈ।
…
