ਗੁਲਜ਼ਾਰ ਸਿੰਘ ਸੰਧੂ
ਫੋਨ: 91-98157-78469
ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿਚ ਪੈਂਦੇ ਪਰਬਤੀ ਟਿਕਾਣੇ ਕਸੌਲੀ ਨੂੰ ਖੁਸ਼ਵੰਤ ਸਿੰਘ ਸਾਹਿਤ ਉਤਸਵ ਨੇ ਲੇਖਕਾਂ, ਬੁੱਧੀਜੀਵੀਆਂ ਤੇ ਵਿਚਾਰਵਾਨਾਂ ਦੇ ਮਨਾਂ ਵਿਚ ਵਸਾ ਦਿੱਤਾ ਹੈ| 14 ਸਾਲ ਤੋਂ ਇਹ ਉਤਸਵ ਅਕਤੂਬਰ ਮਹੀਨੇ ਦੇ ਚੋਣਵੇਂ ਦਿਨਾਂ ਵਿਚ ਨਵੇਂ ਤੇ ਨਿਵੇਕਲੇ ਵਿਸ਼ਿਆਂ ਦੀ ਮਹਿਫ਼ਲ ਦਾ ਕੇਂਦਰ ਬਣਦਾ ਆ ਰਿਹਾ ਹੈ| 2025 ਵਾਲੇ ਉਤਸਵ ਨੇ ਭਵਿੱਖ ਵਿਚ ਆਉਣ ਵਾਲੀਆਂ ਮੁਸ਼ਕਲਾਂ ਨਾਲ ਨਜਿੱਠਣ ਦੇ ਢੰਗ ਤਰੀਕਿਆਂ ਉਤੇ ਚਰਚਾ ਕਰਨੀ ਸੀ|
ਚਰਚਾ ਕਰਨ ਵਾਲੇ ਮਹਾਰਥੀਆਂ ਵਿਚ ਜਨਰਲ ਐਮ ਐਮ ਨਰਵਾਣੇ, ਅਮੋਲ ਪਾਲੇਕਰ, ਪੀ ਚਿਦੰਬਰਮ, ਸ਼ੋਭਾ ਡੇ, ਮਨੀ ਸ਼ੰਕਰ ਅਈਅਰ, ਏ.ਐਸ. ਦੁੱਲਤ, ਪੂਜਾ ਬੇਦੀ, ਹਰਿੰਦਰ ਬਵੇਜਾ, ਸੰਦੀਪ ਭਮਰ ਤੇ ਸੰਗੀਤਾ ਵਾਲਡਰਨ ਸਨ| ਇਹ ਗੱਲ ਵੱਖਰੀ ਹੈ ਕਿ ਸਭ ਤੋਂ ਵੱਧ ਚਰਚਾ ਪੀ ਚਿਦੰਬਰਮ ਦੀ ਨੀਲਾ ਤਾਰਾ ਅਪ੍ਰੇਸ਼ਨ ਬਾਰੇ ਟਿੱਪਣੀ ਅਤੇ ਭਾਰਤ-ਪਾਕਿਸਤਾਨ ਦੇ ਆਪਸੀ ਸਬੰਧਾਂ ਬਾਰੇ ਹੋਈ|
ਪੀ ਚਿਦੰਬਰਮ ਨੇ ਆਪਣੀ ਟਿੱਪਣੀ ਵਿਚ ਸਾਕਾ ਨੀਲਾ ਤਾਰਾ ਲਈ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਮੇਤ ਫੌਜ, ਪੁਲਿਸ, ਖੂLਫੀਆ ਤੇ ਉਸ ਵੇਲੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ, ਜਿਨ੍ਹਾਂ ਦੀ ਸਲਾਹ ਸਦਕਾ ਇੰਦਰਾ ਗਾਂਧੀ ਨੇ ਅਤਿਵਾਦੀਆਂ ਨੂੰ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚੋਂ ਕੱਢਣ ਲਈ ਫੌਜੀ ਕਾਰਵਾਈ ਕੀਤੀ| ਉਨ੍ਹਾਂ ਦੀ ਇਸ ਟਿੱਪਣੀ ਨੂੰ ਕਾਂਗਰਸੀ ਆਗੂ ਰਾਸ਼ਿਦ ਅਲਵੀ ਨੇ ਭਾਜਪਾ ਦੀ ਸੋਚ ਗਰਦਾਨ ਕੇ ਆਪਣੇ ਟਿੱਪਣੀਕਾਰ ਨੂੰ ਅਜਿਹਾ ਘੇਰਿਆ ਕਿ ਪੰਡਾਲ ਵਿਚ ਗਹਿਮਾ-ਗਹਿਮੀ ਛਾ ਗਈ| ਬੋਲਣ ਲੱਗੇ ਸ਼ਾਇਦ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਇਹੀਓ ਟਿੱਪਣੀ ਖੁਸ਼ਵੰਤ ਸਿੰਘ ਖੁLਦ ਵੀ ਅਪਣੀ ਸਿੱਖ ਹਿਸਟਰੀ ਦੀ ਦੂਜੀ ਜਿਲਦ ਵਿਚ 1984 ਦੀਆਂ ਘਟਨਾਵਾਂ ਨੂੰ ‘ਆਤਮ ਗਿਣਤੀ ਮਿਣਤੀ’ ਕਹਿ ਕੇ ਇੰਨ-ਭਿੰਨ ਲਿਖ ਚੁੱਕਿਆ ਸੀ:
‘‘ਕਿਸੇ ਵੀ ਗਿਣਤੀ-ਮਿਣਤੀ ਅਨੁਸਾਰ ਸੰਤ ਭਿੰਡਰਾਂਵਾਲੇ ਕੋਲ ਹਥਿਆਰਬੰਦ ਸਹਾਇਕਾਂ ਦੀ ਤਾਦਾਦ ਤਿੰਨ-ਚਾਰ ਸੌ ਤੋਂ ਵੱਧ ਨਹੀਂ ਸੀ| ਬਹੁਤੀ ਵਾਰੀ ਜਦੋਂ ਉਹ ਪੱਤਰਕਾਰਾਂ ਜਾਂ ਦੂਜੇ ਮੁਲਾਕਾਤੀਆਂ ਨੂੰ ਮਿਲਦਾ ਸੀ ਤਾਂ ਉਸ ਕੋਲ ਇਨ੍ਹਾਂ ਵਿਚੋਂ ਦਸ-ਬਾਰਾਂ ਬੰਦੇ ਹੀ ਹਾਜ਼ਰ ਹੁੰਦੇ ਸਨ| ਹੌਸਲੇ ਵਾਲੇ ਕਮਾਂਡੋਆਂ ਦਾ ਕੇਵਲ ਇਕ ਦਸਤਾ ਸਾਦਾ ਕੱਪੜਿਆਂ ਵਿਚ ਜਾ ਕੇ ਇਨ੍ਹਾਂ ਨੂੰ ਕਾਬੂ ਕਰ ਸਕਦਾ ਸੀ| ਪਰ ਸਰਕਾਰ ਹੀ ਜਾਣਦੀ ਹੋਵੇਗੀ ਕਿ ਕਿਉਂ ਇਸ ਨੇ ਅਕਾਲ ਤਖ਼ਤ ਉੱਤੇ ਧਾਵਾ ਬੋਲਣ ਲਈ ਆਪਣੀ ਫ਼ੌਜ ਨੂੰ ਏਨੀਆਂ ਤੋਪਾਂ ਤੇ ਟੈਂਕਾਂ ਨਾਲ ਲੈਸ ਕਰਕੇ ਅੰਦਰ ਭੇਜਿਆ| ਇਥੇ ਸਿੱਖਾਂ ਦਾ ਇਹ ਸੋਚਣਾ ਕਿ ਸ੍ਰੀਮਤੀ ਇੰਦਰਾ ਗਾਂਧੀ ਨੇ ਇਹ ਸਭ ਕੁਝ ਸਿੱਖਾਂ ਨੂੰ ਸਬਕ ਸਿਖਾਉਣ ਲਈ ਕੀਤਾ ਸਮਝ ਆਉਂਦਾ ਹੈ| ਸਿੱਖ ਸੁਭਾਅ ਲਈ ‘ਨੀਲਾ ਤਾਰਾ ਅਪ੍ਰੇਸ਼ਨ’ ਨਾਲ ਦੂਰ ਜਾਂ ਨੇੜੇ ਦਾ ਸੰਬੰਧ ਰੱਖਣ ਵਾਲੇ ਕਿਸੇ ਵਿਅਕਤੀ ਨੂੰ ਭੁੱਲਣਾ ਤੇ ਮੁਆਫ਼ ਕਰਨਾ ਸੰਭਵ ਨਹੀਂ ਸੀ| ਸਰਕਾਰ ਨੂੰ ਇਸ ਘਾਤਕ ਗਿਣਤੀ-ਮਿਣਤੀ ਦਾ ਬਹੁਤ ਭਿਅੰਕਰ ਮੁੱਲ ਤਾਰਨਾ ਪਿਆ, ਸਭ ਤੋਂ ਵੱਧ ਹਰਮਨ ਪਿਆਰੀ ਇੰਦਰਾ ਗਾਂਧੀ ਦੀ ਹੱਤਿਆ ਦੇ ਰੂਪ ਵਿਚ|’’
ਸਾਕਾ ਨੀਲਾ ਤਾਰਾ ਨੂੰ ਅਜੋਕੇ ਆਗੂ ਤੇ ਟਿੱਪਣੀਕਾਰ ਕੋਈ ਵੀ ਨਾਂ ਦੇਣ ਇਸਨੂੰ ਇਤਿਹਾਸ ਦੇ ਪੰਨਿਆਂ ਵਿਚੋਂ ਕੋਈ ਵੀ ਨਹੀਂ ਮਿਟਾ ਸਕਦਾ| ਇਹ ਇਕ ਅਜਿਹਾ ਸੱਚ ਹੈ ਜਿਸ ਨੂੰ ਮੱਸਾ ਰੰਘੜ ਦੇ ਹਰਿਮੰਦਰ ਸਾਹਿਬ ਵਿਚ ਕੰਜਰੀਆਂ ਨਚਾਉਣ ਨਾਲ ਤੋਲਿਆ ਜਾਂਦਾ ਹੈ ਜਦੋਂ ਬਾਬਾ ਮ੍ਹਤਾਬ ਸਿੰਘ ਤੇ ਭਾਈ ਸੁੱਖਾ ਸਿੰਘ ਨੇ ਮੱਸੇ ਦੀ ਹਤਿਆ ਕਰਕੇ ਜੱਸ ਖੱਟਿਆ ਸੀ|
ਪੀ ਚਿਦੰਬਰਮ ਵਾਂਗ ਸਾਬਕਾ ਕੇਂਦਰੀ ਮੰਤਰੀ ਮਨੀ ਸ਼ੰਕਰ ਅਈਅਰ ਨੇ ਉਸ ਵੇਲੇ ਦੇ ਫ਼ੌਜੀ ਅਫਸਰਾਂ ਨੂੰ ਕੋਸਿਆ, ਜਿਨ੍ਹਾਂ ਨੇ ਇੰਦਰਾ ਗਾਂਧੀ ਦੇ ਹੁਕਮਾਂ ਉਤੇ ਅਮਲ ਕਰਦਿਆਂ ਉਚਿਤ ਵਿਉਂਤਬੰਦੀ ਤੇ ਸਿਆਣਪ ਨਹੀਂ ਵਰਤੀ| ਉਸ ਨੇ ਆਪਣੇ ਭਾਸ਼ਨ ਵਿਚ ਰਾਜੀਵ ਗਾਂਧੀ ਵਾਲੇ ਪੰਜਾਬ ਤੇ ਕਸ਼ਮੀਰ ਸਮਝੌਤਿਆਂ ਦੀ ਅਸਫ਼ਲਤਾ ਦਾ ਭਾਂਡਾ ਵੀ ਸੰਤ ਲੌਂਗੋਵਾਲ ਤੇ ਸ਼ੇਖ ਅਬਦੁੱਲਾ ਦੇ ਸਿਰ ਭੰਨ ਕੇ ਰਾਜੀਵ ਗਾਂਧੀ ਦਾ ਪੱਖ ਪੂਰਿਆ| ਕਹਿਣ ਵਾਲੇ ਕੁਝ ਵੀ ਕਹਿਣ ਖੁਸ਼ਵੰਤ ਸਿੰਘ ਸਾਹਿਤ ਉਤਸਵ ਵਿਚ ਇਨ੍ਹਾਂ ਬੋਲਾਂ ਨੇ ਉਤਸਵ ਦਾ ਘੇਰਾ ਹੀ ਵੱਡਾ ਨਹੀਂ ਕੀਤਾ ਇਸਨੂੰ ਹਰਮਨ-ਪਿਆਰਾ ਵੀ ਬਣਾਇਆ ਹੈ| ਮੁੱਢ ਕਦੀਮਾਂ ਤੋਂ ਅਜਿਹੇ ਵਿਚਾਰ ਉੱਤਮ ਸਾਹਿਤ ਦਾ ਵਸੀਲਾ ਬਣਦੇ ਆਏ ਹਨ| 2025 ਵਾਲਾ ਉਤਸਵ ਆਉਣ ਵਾਲੀ ਪੀੜ੍ਹੀ ਦਾ ਮਾਰਗ-ਦਰਸ਼ਕ ਬਣ ਸਕਦਾ ਹੈ|
ਇਹ ਵੀ ਚੰਗੀ ਗੱਲ ਹੈ ਕਿ ਇਸ ਉਤਸਵ ਵਿਚ ਭਾਰਤ-ਪਾਕਿ ਸਬੰਧਾਂ ਉੱਤੇ ਵੀ ਖੂLਬ ਚਰਚਾ ਹੋਈ| ਇਸ ਚਰਚਾ ਦਾ ਸੋਮਾ ਵੀ ਖੁਸ਼ਵੰਤ ਸਿੰਘ ਦੀ ਰਚਨਾ ਉਸਦਾ ਨਾਵਲ ‘ਟਰੇਨ ਟੂ ਪਾਕਿਸਤਾਨ’ ਸੀ ਜਿਸਨੂੰ ਉਤਸਵ ਵਿਚ ਉਤਾਰਨ ਵਾਲਾ ਰਾਅ RAW) ਦਾ ਸਾਬਕਾ ਮੁਖੀ ਏ.ਐਸ. ਦੁੱਲਤ ਸੀ| ਜੇ ਮੈਂ ਆਪਣੀ ਪਿੱਠ ਥਾਪੜਨੀ ਹੋਵੇ ਤਾਂ ਕਹਿ ਸਕਦਾ ਹਾਂ ਪੰਜਾਬੀ ਦੇ ਪਾਠਕ ਦਾਸ ਵਲੋਂ ਕੀਤੇ ਇਸ ਨਾਵਲ ਦੇ ਪੰਜਾਬੀ ਅਨੁਵਾਦ ਨੂੰ ਸੱਤਰ ਸਾਲਾਂ ਤੋਂ ਪੜ੍ਹਦੇ ਤੇ ਮਾਣਦੇ ਆ ਰਹੇ ਹਨ| ਮਨੀ ਸ਼ੰਕਰ ਅਈਅਰ ਦਾ ਮੱਤ ਹੈ ਕਿ ਭਾਰਤ-ਪਾਕਿ ਸਬੰਧਾਂ ਦਾ ਸੁਧਰਨਾ ਅਲਗਾਉਵਾਦੀਆਂ ਲਈ ਵਧੀਆ ਸਬਕ ਹੈ, ਭਾਵੇਂ ਉਹ ਜੰਮੂ ਕਸ਼ਮੀਰ ਦੇ ਹੋਣ, ਲੇਹ ਲਦਾਖ ਦੇ ਜਾਂ ਦਰਾਵੜ ਦੇ| ਏਸ ਪ੍ਰਸੰਗ ਵਿਚ ਉਸਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਵੀ ਸਰਾਹਿਆ ਜਿਸ ਨੇ ਕਾਰਗਿਲ ਯੁੱਧ ਦੇ ਕਰਤਾ-ਧਰਤਾ ਜਨਰਲ ਮੁਸ਼ੱਰਫ ਨੂੰ ਆਗਰਾ ਵਾਰਤਾਲਾਪ ਵਿਚ ਸ਼ਾਮਿਲ ਹੋਣ ਦਾ ਉਚੇਚਾ ਸੱਦਾ ਦਿੱਤਾ ਸੀ| ਅਈਅਰ ਦੀ ਧਾਰਨਾ ਉੱਤੇ ਮੁਹਰ ਲਾਉਂਦਿਆਂ ਪ੍ਰਸਿੱਧ ਅਦਾਕਾਰ ਅਨੂਪ ਸੋਨੀ ਨੇ ਵੀ ਜੰਮੂ-ਕਸ਼ਮੀਰ ਵਿਚ ਦਿਲ ਦੀ ਦੂਰੀ ਮਿਟਾਉਣ ਦਾ ਵਾਸਤਾ ਪਾਇਆ|
ਏਸੇ ਤਰ੍ਹਾਂ ਪੱਤਰਕਾਰਾ ਹਰਿੰਦਰ ਬਵੇਜਾ ਨੇ ਇਸ ਪ੍ਰਸੰਗ ਨੂੰ ਸਭਿਆਚਾਰਕ ਚੌਖਟੇ ਵਿਚ ਫਿਟ ਕਰ ਕੇ ਦਿਲ ਕੀ ਦੂਰੀ ਮਿਟਾਉਣ ਦਾ ਸੰਦੇਸ਼ ਦਿੱਤਾ| ਉਸਦਾ ਕਹਿਣਾ ਸੀ ਕਿ ਪੰਜਾਬ, ਜੰਮੂ-ਕਸ਼ਮੀਰ ਤੇ ਲੇਹ ਲੱਦਾਖ ਜੱਫੀਆਂ ਦੀ ਉਡੀਕ ਵਿਚ ਹਨ ਤੇ ਦੂਰੀਆਂ ਤੋਂ ਪਾਸਾ ਵੱਟਣ ਲਈ ਤਰਸਦੇ ਹਨ| ਉਸ ਨੇ ਕਸ਼ਮੀਰੀਆਂ ਨੂੰ ਹਊਆ ਬਣਾ ਕੇ ਪੇਸ਼ ਕਰਨ ਦੀ ਧਾਰਨਾ ਨੂੰ ਫਜ਼ੂਲ ਤੇ ਬੇਅਰਥ ਕਿਹਾ| ਇਹ ਵੀ ਕਿ ਅਜਿਹੀਆਂ ਦੂਰੀਆਂ ਅਪ੍ਰੇਸ਼ਨ ਸਿੰਧੂਰ ਵਰਗੀਆਂ ਚਾਲਾਂ ਨਾਲ ਮਿਟਣ ਵਾਲੀਆਂ ਨਹੀਂ| ਸਬੂਤ ਵਜੋਂ ਉਸਨੇ ਜੰਮੂ ਕਸ਼ਮੀਰ ਦੀ ਇਕ ਪਾਸੇ ਤੋਂ ਦੂਜੇ ਪਾਸੇ ਤੱਕ ਦੀ ਸੱਜਰੀ ਤਿਰੰਗਾ ਯਾਤਰਾ ਦਾ ਪ੍ਰਮਾਣ ਦਿੱਤਾ| ਇਹ ਪਹਿਲੀ ਵਾਰ ਹੈ ਕਿ ਇਸ ਤਿੰਨ ਦਿਨਾਂ ਉਤਸਵ ਵਿਚ ਖੁਸ਼ਵੰਤ ਸਿੰਘ ਗੈਰ-ਹਾਜ਼ਰ ਵੀ ਪੂਰੀ ਤਰ੍ਹਾਂ ਹਾਜ਼ਰ ਨਾਜ਼ਰ ਸੀ ਆਪਣੀ ਦੋ ਜਿਲਦਾਂ ਵਾਲੀ ‘ਸਿੱਖ ਹਿਸਟਰੀ’ ਤੇ ਨਾਵਲ ‘ਟਰੇਨ ਟੂ ਪਾਕਿਸਤਾਨ’ ਭਾਵ ‘ਪਾਕਿਸਤਾਨ ਮੇਲ’ ਦੇ ਰੂਪ ਵਿਚ| ਜ਼ਿੰਦਾਬਾਦ!
ਅੰਤਿਕਾ
ਅਮਾਨਤ ਅਲੀ ਮੁਸਾਫਰ, ਲਾਹੌਰ॥
ਜੇ ਤੂੰ ਗਿਆ ਭੁੱਲ ਪੰਜਾਬੀ
ਜਾਵੇਗੀ ਇਹ ਰੁਲ ਪੰਜਾਬੀ
ਚਾਨਣ ਲਭਦਾ ਮਰ ਜਾਵੇਂਗੀ
ਦੀਵਾ ਕਰਕੇ ਗੁੱਲ ਪੰਜਾਬੀ
ਗੈਰ ਦੇ ਰੇਸ਼ਮੀ ਕੰਬਲ ਖਾਤਿਰ
ਛੱਡ ਨਾ ਆਪਣਾ ਝੁੱਲ ਪੰਜਾਬੀ
ਗੋਰੇ ਚਿੱਟੇ ਰੰਗਾਂ ਦੇ ਵਿਚ
ਡੋਬ ਨਾ ਆਪਣੀ ਕੁੱਲ ਪੰਜਾਬੀ
ਰੱਬ ਸੋਹਣੇ ਤੋਂ ਮੰਗ ‘ਮੁਸਾਫਰ’
ਮਹਿਕੇ ਸਦਾ ਹੀ ਫੁੱਲ ਪੰਜਾਬੀ।
