ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080
ਸਾਡਾ ਬੀਤਿਆ ਹੋਇਆ ਕੱਲ੍ਹ, ਹੰਢਾਇਆ ਜਾ ਰਿਹਾ ਅੱਜ ਅਤੇ ਆਉਣ ਵਾਲੇ ਕੱਲ੍ਹ ਨੇ, ਬੀਤੇ ਹੋਏ ਕੱਲ੍ਹ ਅਤੇ ਅੱਜ ਵਿਚੋਂ ਹੀ ਆਪਣੇ ਆਪ ਨੂੰ ਵਿਸਥਾਰਨਾ ਹੁੰਦਾ। ਭਵਿੱਖ ਨੇ ਕਿਹੜੀ ਦਿਸ਼ਾ ਲੈਣੀ, ਕਿਹੜੀਆਂ ਧਾਰਨਾਵਾਂ ਨੂੰ ਪਹਿਲ ਦੇਣੀ ਅਤੇ ਕਿਸ ਰਾਹੀਂ ਆਪਣੀਆਂ ਨਸਲਾਂ ਨੂੰ ਅਗਵਾਈ ਦੇਣੀ ਅਤੇ ਸਮਾਜ ਦੇ ਨਕਸ਼ਾਂ ਨੂੰ ਕਿਹੜਾ ਰੂਪ ਦੇਣਾ,
ਇਹ ਸਭ ਅੱਜ ਵਿਚੋਂ ਹੀ ਨਜ਼ਰ ਆਉਂਦਾ। ਜਿਹੜੀਆਂ ਕੌਮਾਂ ਭਵਿੱਖ-ਮੁਖੀ ਸੋਚ ਤੋਂ ਵਿਰਵੀਆਂ ਹੋਣ ਉਹ ਬਹੁਤ ਜਲਦੀ ਦੁਨੀਆ ਦੇ ਨਕਸ਼ੇ ਤੋਂ ਅਲੋਪ ਹੋ ਜਾਂਦੀਆਂ। ਬੀਤੇ ਸਮੇਂ ਦੌਰਾਨ ਮਸਕੀਨ ਜੀ ਦਾ ਆਪਣੇ ਲੈਕਚਰਾਂ ਦੌਰਾਨ ਕਿਹਾ ਕਿੰਨਾ ਵੱਡਾ ਸੱਚ ਹੈ ਕਿ ਪਿਛਲੇ 70 ਸਾਲਾਂ ਤੋਂ ਸਾਡੇ ਰਾਜਸੀ, ਧਾਰਮਿਕ ਅਤੇ ਸਮਾਜਿਕ ਲੀਡਰਾਂ ਵਿਚ ਨਿੱਜੀ ਮੁਫ਼ਾਦਾਂ ਦੇ ਹਾਵੀ ਹੋਣ ਕਾਰਨ ਪੰਜਾਬ ਦਾ ਇੰਨਾ ਨੁਸਕਾਨ ਹੋਇਆ ਹੈ ਜਿਸਦੀ ਭਰਪਾਈ ਅਸੰਭਵ ਹੈ।
ਅੱਜ ਦੇ ਪੰਜਾਬ ਦੀ ਤਵਾਰੀਖ਼ ਨੂੰ (1980-90) ਦੇ ਕਾਲੇ ਦੌਰ ਵਿਚੋਂ ਬਾਖ਼ੂਬੀ ਪੜ੍ਹਿਆ ਅਤੇ ਸਮਝਿਆ ਜਾ ਸਕਦਾ। ਉਸ ਦੌਰ ਵਿਚ ਕੁਝ ਚਾਹੇ ਜਾਂ ਅਣਚਾਹੇ, ਸਰਕਾਰੀ, ਅਰਧ-ਸਰਕਾਰੀ ਜਾਂ ਗੈਰ-ਸਰਕਾਰੀ, ਸਿਆਸੀ ਜਾਂ ਗੈਰ-ਸਿਆਸੀ ਆਗੂਆਂ ਵਲੋਂ ਜੋ ਕੁਝ ਵੀ ਕੀਤਾ ਗਿਆ ਉਸਦਾ ਹਰਜ਼ਾਨਾ ਕਈ ਪੀੜ੍ਹੀਆਂ ਤੱਕ ਪੰਜਾਬੀਆਂ ਨੂੰ ਭੁਗਤਣਾ ਪੈਣਾ। ਇਹ ਵੀ ਹੋ ਸਕਦਾ ਹੈ ਕਿ ਉਦੋਂ ਤੱਕ ਪੰਜਾਬ ਅਤੇ ਪੰਜਾਬੀਅਤ ਆਪਣੀ ਪੁਰਖੀ ਧਰਾਤਲ ਅਤੇ ਵਿਰਾਸਤ ਤੋਂ ਹੀ ਵਿਰਵੀ ਹੋ ਜਾਵੇ ਕਿਉਂਕਿ ਜਿਸ ਰਫ਼ਤਾਰ ਨਾਲ ਪੰਜਾਬ ਦੀ ਸਮਾਜਿਕ ਬਣਤਰ ਵਿਚ ਤਬਦੀਲੀ ਆ ਰਹੀ ਹੈ, ਇਸਦੇ ਭਵਿੱਖੀ ਅਸਰਾਂ ਤੋਂ ਅੱਖਾਂ ਮੀਟ ਰਹੇ ਆਗੂਆਂ ਨੂੰ ਸ਼ਾਇਦ ਅਹਿਸਾਸ ਨਾ ਹੋਵੇ ਕਿ ਉਹ ਕਿੰਨੇ ਅਕ੍ਰਿਤਘਣ ਸਨ ਜੋ ਪੰਜਾਬ ਦੇ ਮਾਣਮੱਤੇ ਬਿੰਬ ਨੂੰ ਖਤਮ ਕਰਨ ਲਈ ਕਸੂਰਵਾਰ ਸਾਬਤ ਹੋਣਗੇ।
ਕਾਲੇ ਦੌਰ ਵਿਚ ਕਾਲਜ ਵਿਚ ਪੜ੍ਹਾਉਣ ਕਾਰਨ, ਮੈਂ ਉਸ ਸਮੇਂ ਨੌਜਵਾਨਾਂ ਦੀ ਸੋਚ ਅਤੇ ਉਨ੍ਹਾਂ ਦੇ ਜੀਵਨੀ ਬਿਰਤਾਂਤ ਦੇ ਬਹੁਤ ਸਾਰੇ ਰੰਗਾਂ ਨੂੰ ਨੇੜਿਉਂ ਦੇਖਣ ਅਤੇ ਇਸਦੇ ਮਾਰੂ ਪ੍ਰਭਾਵਾਂ ਦੀਆਂ ਕਈ ਪਰਤਾਂ ਨੂੰ ਹੁਣ ਚਿਤਵਦਾ ਹਾਂ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਉਸ ਸਮੇਂ ਕਾਲਜਾਂ, ਸਕੂਲਾਂ ਜਾਂ ਯੂਨੀਵਰਸਿਟੀਆਂ ਵਿਚ ਆਪਣੇ ਆਕਾਵਾਂ ਦੇ ਕਹਿਣ ਤੋਂ ਜੋ ਕੁਝ ਹੁੰਦਾ ਸੀ, ਉਸਦੇ ਨਤੀਜੇ ਹੁਣ ਸਾਰਿਆਂ ਦੇ ਸਾਹਮਣੇ ਹਨ। ਸੰਘਰਸ਼ ਕਰ ਰਹੀ ਲੀਡਰਸ਼ਿਪ ਵਿਚ ਕੁਝ ਅਜੇਹੇ ਤੱਤਾਂ ਦਾ ਸ਼ਾਮਲ ਹੋ ਜਾਣਾ ਸੁਭਾਵਕ ਹੁੰਦਾ ਜੋ ਸਿਰਫ਼ ਆਪਣੇ ਨਿੱਜੀ ਹਿੱਤਾਂ ਖ਼ਾਤਰ ਹੀ ਕਿਸੇ ਧਿਰ ਨਾਲ ਜੁੜਦੇ ਅਤੇ ਕਈ ਵਾਰ ਆਪਣੇ ਫ਼ਾਇਦੇ ਲਈ ਆਪਣਿਆਂ ਦਾ ਸਿਵਾ ਸੇਕਣ ਤੋਂ ਵੀ ਗੁਰੇਜ਼ ਨਹੀਂ ਕਰਦੇ।
ਕਾਲਜ ਵਿਚ ਪੜ੍ਹਾਉਂਦਿਆ ਮੇਰੇ ਨਾਲ ਬਹੁਤ ਕੁਝ ਅਜੇਹਾ ਵਾਪਰਿਆ ਪਰ ਤਿੰਨ ਕੁ ਘਟਨਾਵਾਂ ਤਾਂ ਮੇਰੇ ਚੇਤਿਆਂ ਵਿਚ ਅਕਸਰ ਖ਼ਲਲ ਪੈਦਾ ਕਰਦੀਆਂ। ਮੈਨੂੰ ਪਰੇਸ਼ਾਨ ਕਰਦੀਆਂ ਅਤੇ ਪ੍ਰਸ਼ਨ ਵੀ ਕਰਦੀਆਂ ਕਿ ਇੰਝ ਵੀ ਹੋ ਸਕਦਾ? ਇਸ ਵਿਚੋਂ ਕਿਸਦਾ ਕੀ ਲਾਭ ਜਾਂ ਨੁਕਸਾਨ ਹੋਇਆ? ਕੀ ਕਿਸੇ ਨੂੰ ਇਸਦਾ ਕੋਈ ਅਹਿਸਾਸ ਵੀ ਹੈ ਜਾਂ ਨਹੀਂ?
ਦਰਅਸਲ ਬੀਤੇ ਦਾ ਵਰਤਾਰਾ ਹੀ ਕਿਸੇ ਖ਼ਿੱਤੇ, ਕੌਮ ਜਾਂ ਜਨ-ਸਮੂਹ ਦੀ ਭਵਿੱਖੀ ਤਸਵੀਰ ਹੁੰਦਾ। ਸੱਚ ਵੀ ਇਹੀ ਆ ਕਿ ਮੌਜੂਦਾ ਪੰਜਾਬ ਦੀ ਤਸਵੀਰ ਉਨ੍ਹਾਂ ਸਮਿਆਂ ਵਿਚ ਹੀ ਸਿਰਜੀ ਗਈ ਸੀ ਜਿਸ ਦੀ ਪੁਸ਼ਤਪਨਾਹੀ ਸਾਡੇ ਰਾਜਸੀ ਅਤੇ ਧਾਰਮਿਕ ਲੀਡਰਾਂ ਨੇ ਕੀਤੀ ਸੀ। ਇਸਦਾ ਹਰਜ਼ਾਨਾ ਪੰਜਾਬ ਅਤੇ ਇਸਦੇ ਲੋਕ ਭੁਗਤ ਰਹੇ ਹਨ ਅਤੇ ਇਸ ਨੇ ਪੰਜਾਬ ਦੇ ਭਵਿੱਖ ‘ਤੇ ਕਈ ਪ੍ਰਸ਼ਨ ਚਿੰਨ੍ਹ ਵੀ ਖੁਣ ਦਿਤੇ ਹਨ।
1985 ਦਾ ਸਾਲ। ਮੈਂ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਚ ਪੜ੍ਹਾਉਂਦਾ ਸੀ। ਸਾਲਾਨਾ ਇਮਤਿਹਾਨਾਂ ਵਿਚ ਮੇਰੀ ਡਿਊਟੀ ਖਾਲਸਾ ਕਾਲਜ ਮਾਹਲਪੁਰ ਲੱਗੀ ਅਤੇ ਮੇਰੇ ਸੁਪਰਡੈਂਟ ਪ੍ਰੋ. ਪੀ ਐਨ ਕਪਿਲ ਸਨ। ਹਰ ਰੋਜ਼ ਹੁਸ਼ਿਆਰਪੁਰ ਤੋਂ ਮਾਹਲਪੁਰ ਡਿਊਟੀ ‘ਤੇ ਜਾਣਾ ਅਤੇ ਸ਼ਾਮ ਨੂੰ ਵਾਪਸ ਆ ਜਾਣਾ। ਇਕ ਦਿਨ ਮੈਂ ਇਕ ਲੜਕੇ ਨੂੰ ਕਿਤਾਬ ਖੋਲ੍ਹ ਕੇ ਨਕਲ ਕਰਦਿਆਂ ਫੜ ਲਿਆ ਤਾਂ ਉਹ ਧੱਕੇ ਅਤੇ ਰੋਅਬ ਨਾਲ ਕਹਿਣ ਲੱਗਾ ਕਿ ਤੈਨੂੰ ਪਤਾ ਨਹੀਂ ਮੈ ਕੌਣ ਆਂ? ਮੈਂ ਤਾਂ ਨਕਲ ਇੰਝ ਹੀ ਕਰੂੰਗਾ। ਮੈਂ ਉਸਦਾ ਪੇਪਰ ਵੀ ਲੈ ਲਿਆ ਅਤੇ ਕਿਤਾਬ ਵੀ। ਤਾਂ ਉਹ ਗੁੱਸੇ ਨਾਲ ਕਹਿਣ ਲੱਗਾ ਕਿ ਤੂੰ ਜਾਣਾ ਤਾਂ ਬੱਸ ‘ਤੇ ਹੀ ਆ। ਦੇਖੂੰਗਾ ਕਿਵੇਂ ਤੂੰ ਜਾਨਾਂ ਬੱਸ ਅੱਡੇ ਤੀਕ? ਜਦ ਮੈਂ ਉਸਨੂੰ ਕਿਹਾ ਕਿ ਮੈਂ ਬੱਸ ‘ਤੇ ਹੀ ਹੁਸ਼ਿਆਰਪੁਰ ਤੋਂ ਆਉਂਦਾ ਹਾਂ ਅਤੇ ਬੱਸ ‘ਤੇ ਹੀ ਜਾਂਦਾ ਹਾਂ। ਤੇ ਉਸਨੂੰ ਇਮਤਿਹਾਨ ਦੇ ਹਾਲ ਵਿਚੋਂ ਬਾਹਰ ਕੱਢ ਦਿਤਾ। ਦਰਅਸਲ ਉਸ ਸਮੇਂ ਕੁਝ ਅਜੇਹੇ ਵਿਗੜੇ ਹੋਏ ਵਿਦਿਆਰਥੀ ਹੁੰਦੇ ਸਨ ਜੋ ਸੁਪਰਵਾਈਜ਼ਰ ਨੂੰ ਡਰਾ-ਧਮਕਾ ਕੇ ਨਕਲ ਮਾਰਨਾ ਆਪਣਾ ਹੱਕ ਸਮਝਦੇ ਸਨ। ਜਦ ਕੋਈ ਨਾ ਡਰਦਾ ਤਾਂ ਫਿਰ ਉਨ੍ਹਾਂ ਨੂੰ ਆਪਣੀ ਔਕਾਤ ਪਤਾ ਲੱਗ ਜਾਂਦੀ। ਮਹੀਨਾ ਭਰ ਚੱਲੇ ਇਮਤਿਹਾਨਾਂ ਦੌਰਾਨ ਉਹ ਵਿਦਿਆਰਥੀ ਮੁੜ ਕਿਧਰੇ ਨਜ਼ਰ ਨਹੀਂ ਆਇਆ।
ਉਸ ਸਮੇਂ ਮਾਹੌਲ ਹੀ ਅਜਿਹਾ ਸੀ ਕਿ ਹਰ ਕੋਈ ਖਾੜਕੂਆਂ ਦਾ ਨਾਮ ਲੈ ਕੇ ਗ਼ਲਤ ਕੰਮ ਕਰਨਾ ਆਪਣੀ ਹੈਂਕੜ ਸਮਝਦਾ ਸੀ। ਖਾੜਕੂ ਲਹਿਰ ਵਿਚ ਬਹੁਤ ਸਾਰੇ ਅਜੇਹੇ ਤੱਤ ਸ਼ਾਮਲ ਸਨ ਜਿਨ੍ਹਾਂ ਦਾ ਮਸਕਦ ਸਿਰਫ਼ ਨਿੱਜੀ ਹਿੱਤਾਂ ਦੀ ਪੂਰਤੀ ਸੀ। ਅਜੇਹੇ ਦੌਰ ਵਿਚ ਬਹੁਤ ਸਾਰੇ ਪ੍ਰੋਫੈਸਰ ਅਤੇ ਟੀਚਰ ਵੀ ਬੇਬੱਸ ਹੋਏ ਨਕਲ ਕਰਨ ਵਾਲਿਆਂ ਨੂੰ ਰੋਕਦੇ ਨਹੀਂ ਸਨ। ਨਕਲ ਦਾ ਰੁਝਾਨ ਆਮ ਸੀ। ਇਹ ਨਕਲ ਦਾ ਵਰਤਾਰਾ ਇੰਨੇ ਵੱਡੇ ਪੱਧਰ ‘ਤੇ ਸੀ ਕਿ ਉਨ੍ਹਾਂ ਸਮਿਆਂ ਵਿਚ ਬਹੁਤ ਸਾਰੇ ਅਧਿਆਪਕ ਅਤੇ ਪ੍ਰੋਫੈਸਰ ਨਕਲ ਨਾਲ ਲਏ ਹੋਏ ਨੰਬਰਾਂ ਸਦਕਾ ਹੀ ਸਕੂਲਾਂ, ਕਾਲਜਾਂ ਜਾਂ ਯੂਨੀਵਰਸਿਟੀਆਂ ਵਿਚ ਭਰਤੀ ਹੋ ਗਏ। ਅਜੇਹੇ ਕੁਝ ਤਾਂ ਬੜੇ ਮਾਣ ਨਾਲ ਕਿਹਾ ਕਰਦੇ ਸਨ ਕਿ ਨਾ ਤਾਂ ਅਸੀਂ ਪੜ੍ਹੇ ਹਾਂ ਅਤੇ ਨਾ ਹੀ ਅਸੀਂ ਪੜ੍ਹਾਉਣਾ ਹੈ। ਨਕਲ ਨੇ ਪੰਜਾਬ ਵਿਚਲੇ ਵਿਦਿਅਕ ਢਾਂਚੇ ਦਾ ਅਜੇਹਾ ਨੁਕਸਾਨ ਕੀਤਾ ਜਿਸਦੀ ਭਰਪਾਈ ਨਹੀਂ ਹੋ ਰਹੀ। ਤਾਂ ਹੀ ਸਾਡੀ ਆਉਣ ਵਾਲੀ ਨਸਲ ਦੇ ਸੁਪਨੇ ਆਈ.ਏ.ਐਸ., ਇੰਜੀਨੀਅਰ, ਡਾਕਟਰ, ਪੋ੍ਰਫੈਸਰ ਬਣਨ ਤੋਂ ਆਈਲੈਟਸ ਤੀਕ ਸੁੰਘੜ ਗਏ। ਅਸੀਂ ਤਾਂ ਆਈਲੈਟਸ ਵੀ ਦੋ ਨੰਬਰ ਵਿਚ ਕਰਨ ਲੱਗ ਪਏ। ਜਦ ਨਕਲ ਤੁਹਾਡੀ ਸੋਚ ਵਿਚ ਰਚ ਜਾਵੇ ਤਾਂ ਇਹ ਅਜੇਹੀ ਨਾਮੁਰਾਦ ਆਦਤ ਹੁੰਦੀ ਜਿਸ ਤੋਂ ਛੁਟਕਾਰਾ ਪਾਉਣਾ ਲਗਭਗ ਅਸੰਭਵ ਹੁੰਦਾ। ਪੰਜਾਬ ਵਿਦਿਅਕ ਪੱਖੋਂ ਦੀਵਾਲੀਏ ਦੀ ਹੱਦ ਤੀਕ ਪਹੁੰਚ ਚੁੱਕਾ ਹੈ ਜਿਸ ਲਈ ਬਹੁਤ ਸਾਰੇ ਪੱਖਾਂ ਸਮੇਤ ਕਾਲੇ ਦੌਰ ਵਿਚ ਨਕਲ ਦੀ ਪ੍ਰਥਾ ਨੇ ਵੀ ਬਹੁਤ ਵੱਡਾ ਯੋਗਦਾਨ ਪਾਇਆ ਹੈ।
1986 ਵਿਚ ਮੇਰੀ ਬਦਲੀ ਰਣਧੀਰ ਕਾਲਜ ਕਪੂਰਥਲਾ ਦੀ ਹੋ ਗਈ। 1988 ਦਾ ਮਾਰਚ ਮਹੀਨਾ। ਇਕ ਦਿਨ ਸਾਝਰੇ ਹੀ ਘਰ ਦਾ ਬੂਹਾ ਕਿਸੇ ਨੇ ਆ ਖੜਕਾਇਆ। ਮੈਂ ਬੂਹਾ ਖੋਲ੍ਹ ਕੇ ਦੇਖਿਆ ਤਾਂ ਲੋਈਆਂ ਦੀ ਬੁੱਕਲ ਮਾਰੀ, ਦੋ ਸਰਦਾਰ ਬਾਹਰ ਖੜ੍ਹੇ ਸਨ। ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਪੋ੍ਰ. ਭੰਡਾਲ ਹੀ ਹੋ? ਜਦ ਮੈਂ ਹਾਂ ਕਹੀ ਤਾਂ ਉਨ੍ਹਾਂ ਨੇ ਕਿਹਾ ਕਿ ਅੰਦਰ ਚੱਲੋ, ਤੁਹਾਡੇ ਨਾਲ ਗੱਲ ਕਰਨੀ ਹੈ। ਮੈਂ ਗਲੀ ਨਾਲ ਲੱਗਦੇ ਕਮਰੇ ਦਾ ਬੂਹਾ ਖੋਲਿ੍ਹਆ। ਉਹ ਅੰਦਰ ਆ ਕੇ ਬਹਿ ਗਏ। ਉਨ੍ਹਾਂ ਦਾ ਸੁਵੱਖਤੇ ਇਸ ਤਰ੍ਹਾਂ ਆਉਣਾ, ਲਿਬਾਸ ਅਤੇ ਤੌਰ-ਤਰੀਕੇ ਅਜੇਹੇ ਸਨ ਕਿ ਮੈਂ ਜਾਣ ਗਿਆ ਕਿ ਕੁਝ ਤਾਂ ਖਾਸ ਹੈ ਜਿਸ ਲਈ ਇਹ ਅਣਜਾਣ ਸੱਜਣ ਆਏ ਹਨ? ਹੋ ਸਕਦਾ ਹੈ ਕਿ ਲੋਈ ਦੀ ਬੁੱਕਲ ਹੇਠ ਹਥਿਆਰ ਵੀ ਹੋਣ। ਮੈਂ ਸਹਿਜ ਹੋ ਕੇ ਉਨ੍ਹਾਂ ਨੂੰ ਚਾਹ ਪਾਣੀ ਪੁੱਛਿਆ। ਇਕ ਸੱਜਣ ਦੇ ਦੋ ਟੁੱਕ ਬੋਲ ਸਨ ਕਿ ਅਸੀਂ ਚਾਹ-ਪਾਣੀ ਪੀਣ ਨਹੀਂ ਆਏ। ਸਗੋਂ ਬਹੁਤ ਜ਼ਰੂਰੀ ਕੰਮ ਲਈ ਆਏ ਆਂ ਅਤੇ ਤੁਹਾਨੂੰ ਕਰਨਾ ਹੀ ਪੈਣਾ? ਅਣਜਾਣ ਵਿਅਕਤੀ ਦੇ ਮੂੰਹੋਂ ਕੰਮ ਕਰਨ ਦੀ ਸ਼ਰਤ ਰੱਖਣੀ ਜਦ ਕਿ ਕੰਮ ਦਾ ਤਾਂ ਪਤਾ ਹੀ ਨਾ ਹੋਵੇ, ਨੇ ਮੇਰੇ ਮਨ ਵਿਚ ਦੁਬਿਧਾ ਜ਼ਰੂਰ ਪੈਦਾ ਕਰ ਦਿੱਤੀ ਕਿ ਪਤਾ ਨਹੀਂ ਕਿਹੜਾ ਕੰਮ ਮੈਥੋਂ ਕਰਵਾਉਣ ਆਏ ਹਨ? ਨਾਲ ਦਾ ਸਾਥੀ ਖੰਗੂਰਾ ਮਾਰ ਕੇ ਬੋਲਿਆ ਕਿ ਅਸੀਂ ਤਰਨਤਾਰਨ ਵਲੋਂ ਆਏ ਆਂ। ਸਾਡਾ ਮੁੰਡਾ ਸੈਨਿਕ ਸਕੂਲ ਵਿਚ ਪੜ੍ਹਦਾ ਹੈ। ਪ੍ਰੀ-ਮੈਡੀਕਲ ਦੇ ਪੇਪਰ ਹੋ ਰਹੇ ਹਨ ਅਤੇ ਕੱਲ੍ਹ ਨੂੰ ਤੁਹਾਨੂੰ ਉਸਦਾ ਫਿਜ਼ਿਕਸ ਦਾ ਪੇਪਰ ਹੱਲ ਕਰਨਾ ਪਵੇਗਾ। ਪੇਪਰ ਅਸੀਂ ਲੈ ਆਵਾਂਗੇ, ਤੁਸੀਂ ਹੱਲ ਕਰਨਾ ਹੈ। ਧਮਕੀਨੁਮਾ ਹੁਕਮ। ਮੈਂ ਜ਼ਰਾ ਸਖ਼ਤੀ ਪਰ ਧੀਰਜ ਨਾਲ ਜਵਾਬ ਦਿਤਾ ਕਿ ਮੈਂ ਨਕਲ ਲਈ ਫ਼ਿਜ਼ਿਕਸ ਦਾ ਪੇਪਰ ਹੱਲ ਨਹੀਂ ਕਰਾਂਗਾ। ਤੁਹਾਡੇ ਬੱਚੇ ਨੇ ਫ਼ਿਜਿਕਸ ਦਾ ਕੁਝ ਵੀ ਸਮਝਣਾ ਹੋਵੇ, ਮੇਰੇ ਘਰ ਦੇ ਦਰਵਾਜ਼ੇ ਖੁੱਲ੍ਹੇ ਹਨ। ਮੈਨੂੰ ਬਹੁਤ ਖੁਸ਼ੀ ਹੋਵੇਗੀ ਬੱਚੇ ਨੂੰ ਪੜ੍ਹਾ ਕੇ। ਪਰ ਨਕਲ ਨਹੀਂ ਕਰਵਾ ਸਕਦਾ। ਉਨ੍ਹਾਂ ਦੋਹਾਂ ਨੇ ਮੇਰੇ ਵੰਨੀਂ ਜ਼ਰਾ ਘੂਰ ਕੇ ਦੇਖਿਆ ਅਤੇ ਫਿਰ ਚਾਹ ਪੀਤਿਆਂ ਬਗੈਰ ਹੀ ਕਮਰਿਉਂ ਬਾਹਰ ਹੋ ਗਏ।
ਉਸ ਕਾਲੇ ਦੌਰ ਦੇ ਇਸੇ ਵਰਤਾਰੇ ਦਾ ਕਹਿਰ ਅਸੀਂ ਪੰਜਾਬੀ ਹੰਢਾ ਰਹੇ ਹਾਂ। ਪਿੰਡਾਂ ਵਿਚੋਂ ਗੁੰਮ ਨੇ ਪਾਹੜਿਆਂ ਦੇ ਘਰ। ਟਾਟ ‘ਤੇ ਬਹਿ ਕੇ ਪੜ੍ਹਨ ਵਾਲੇ ਪਿੰਡ ਦੇ ਜਵਾਕ ਪ੍ਰੋਫੈਸਰ, ਡਾਕਟਰ, ਇੰਜੀਨੀਅਰ ਜਾਂ ਵੱਡੇ ਅਫਸਰ ਬਣਨ ਦਾ ਸੁਪਨਾ ਲੈਂਦੇ ਸਨ ਅਤੇ ਪੂਰਾ ਕਰਦੇ ਸਨ। ਇਸ ਨਕਲ ਦੀ ਬਿਮਾਰੀ ਨੇ ਸੁਪਨਿਆਂ ਨੂੰ ਖਾ ਲਿਆ। ਅਸੀਂ ਵਿਦੇਸ਼ ਦੀ ਦੌੜ ਵਿਚ ਅਜੇਹੇ ਸ਼ਾਮਲ ਹੋਏ ਕਿ ਸਾਡੇ ਹੱਥੋਂ ਪੰਜਾਬ ਵੀ ਗਿਆ। ਪੰਜਾਬੀਆਂ ਨੇ ਪੰਜਾਬ ਵਿਹਲਾ ਕਰ ਦਿਤਾ। ਹੁਣ ਬਾਹਰਲੇ ਸੂਬਿਆਂ ਤੋਂ ਆਏ ਲੋਕਾਂ ਨੇ ਪੰਜਾਬੀਅਤ ਅਤੇ ਪੰਜਾਬ ਦੀ ਸਮਾਜਿਕ ਬਣਤਰ ਅਤੇ ਤਾਣੇ-ਬਾਣੇ ਨੂੰ ਪੰਜਾਬੀਅਤ ਤੋਂ ਦੂਰ ਕਰ ਦਿੱਤਾ ਏ। ਪੰਜਾਬੀ ਇਹ ਸਮਝ ਹੀ ਨਾ ਸਕੇ ਕਿ ਉਚੇਰੀ ਪੜ੍ਹਾਈ ਤੋਂ ਬਗੈਰ ਅਸੀਂ ਹਾਕਮ ਬਣਨ ਦੀ ਬਜਾਏ ਗੁਲਾਮ ਬਣਨ ਵੰਨੀਂ ਉਲਾਰ ਹੋ ਰਹੇ ਹਾਂ। ਪੰਜਾਬ ਦੀ ਉਪਰਲੀ ਅਫਸਰਸ਼ਾਹੀ ਵਿਚ ਪੰਜਾਬੀ ਨਾਦਾਰਦ ਹਨ। ਅਜੋਕੇ ਪੰਜਾਬ ਦੇ ਸੱਚ ਨੂੰ ਬੀਤੇ ਵਿਚੋਂ ਅਸਾਨੀ ਨਾਲ ਹੀ ਸਮਝਿਆ ਜਾ ਸਕਦਾ ਹੈ।
ਉਹ ਵਕਤ ਹੀ ਅਜੇਹਾ ਸੀ ਕਿ ਹਰ ਕੋਈ ਖਾੜਕੂਆਂ ਦਾ ਨਾਮ ਵਰਤ ਕੇ ਇਸ ਸਥਿਤੀ ਨੂੰ ਆਪਣੇ ਨਿੱਜੀ ਮੁਫ਼ਾਦ ਲਈ ਵਰਤ ਰਿਹਾ ਸੀ। ਕੋਈ ਨਹੀਂ ਸੀ ਰੋਕਣ ਤੇ ਟੋਕਣ ਵਾਲਾ ਕਿਉਂਕਿ ਨਿਡਰ ਪੰਜਾਬੀਆਂ ਨੂੰ ਡਰ ਨੇ ਗ੍ਰਸਿਆ ਹੋਇਆ ਸੀ। ਹਰ ਕਰਮਚਾਰੀ ਜਾਂ ਬੰਦਾ ਖੁਦ ਨੂੰ ਬਚਾਉਣ ਦੇ ਆਹਰ ਵਿਚ ਸੀ। ਸਮੁੱਚੇ ਪੰਜਾਬੀ ਦੁਵੱਲੀ ਮਾਰ ਹੇਠ ਸਨ ਅਤੇ ਆਖਰ ਨੂੰ ਨੁਕਸਾਨ ਤਾਂ ਪੰਜਾਬੀਆਂ ਨੇ ਹੀ ਪੰਜਾਬ ਅਤੇ ਪੰਜਾਬੀਆਂ ਦਾ ਕਰ ਦਿਤਾ।
90ਵਿਆਂ ਦੀ ਗੱਲ ਹੈ ਕਿ ਮੈਂ ਕਲਾਸ ਨੂੰ ਪ੍ਰੈਕਟੀਕਲ ਕਰਵਾ ਰਿਹਾ ਸੀ ਤਾਂ ਪ੍ਰਿੰਸੀਪਲ ਦਫ਼ਤਰ ਤੋਂ ਇਕ ਚਪੜਾਸੀ ਇਕ ਨਿਹੰਗ ਨੂੰ ਲੈ ਕੇ ਮੇਰੇ ਕੋਲ ਆਇਆ ਅਤੇ ਕਿਹਾ ਕਿ ਮੈਡਮ ਪ੍ਰਿੰਸੀਪਲ ਹੁਰਾਂ ਦਾ ਕਹਿਣਾ ਹੈ ਕਿ ਇਸਦੀ ਗੱਲ ਸੁਣੀ ਜਾਵੇ। ਉਹ ਨਿਹੰਗ ਸਿੰਘ ਸਿੱਧਾ ਹੀ ਪ੍ਰਿੰਸੀਪਲ ਦੇ ਦਫ਼ਤਰ ਵੜ ਗਿਆ ਅਤੇ ਕਹਿਣ ਲੱਗਾ ਕਿ ਅਸੀਂ ਸਿੰਘ ਹੁੰਨੇ ਆਂ। ਸਿੰਘਾਂ ਨੇ ਗੁਰਦੁਆਰਾ ਬਣਾਉਣਾ ਹੈ। ਪੰਜ ਹਜ਼ਾਰ ਰੁਪਏ ਦਿਓ। ਸਟਾਫ਼ ਸੈਕਟਰੀ ਹੋਣ ਦੇ ਨਾਤੇ ਪ੍ਰਿੰਸੀਪਲ ਨੇ ਮੇਰੇ ਕੋਲ ਨਿਹੰਗ ਨੂੰ ਭੇਜ ਦਿਤਾ। ਮੈਂ ਉਸਨੂੰ ਆਪਣੇ ਦਫ਼ਤਰ ਵਿਚ ਬਿਠਾ ਕੇ ਪੁੱਛਿਆ ਕਿ ਖਾਲਸੇ ਦੇ ਕਿਵੇਂ ਆਉਣੇ ਹੋਏ ਨੇ? ਉਸਨੇ ਅੱਖਾਂ ਚੜ੍ਹਾ ਕੇ ਕਿਹਾ ਕਿ ਸਿੰਘਾਂ ਨੇ ਗੁਰਦੁਆਰਾ ਬਣਾਉਣਾ ਹੈ। ਤੁਹਾਡੇ ਲਈ ਪੰਜ ਹਜ਼ਾਰ ਦੀ ਸੇਵਾ ਹੈ। ਜਦ ਮੈਂ ਪੁੱਛਿਆ ਕਿ ਗੁਰਦੁਆਰਾ ਕਿਥੇ ਬਣਾਉਣਾ ਹੈ, ਕਿਸ ਦੀ ਯਾਦ ਵਿਚ ਬਣਾਉਣਾ ਹੈ, ਕਦੋਂ ਬਣਾਉਣਾ ਹੈ, ਤੁਹਾਡੇ ਕੋਲ ਕੋਈ ਰਸੀਦ ਬੁੱਕ ਵੀ ਹੈ? ਉਹ ਘੂਰ ਕੇ ਕਹਿਣ ਲੱਗਾ ਕਿ ਅਸੀਂ ਗੁਰਦੁਆਰਾ ਬਣਾਉਣਾ। ਕੋਈ ਰਸੀਦ ਰਸੂਦ ਨਹੀਂ। ਪੰਜ ਹਜ਼ਾਰ ਦੀ ਸੇਵਾ ਕਰੋ। ਤਾਂ ਮੈਂ ਸਮਝ ਗਿਆ ਕਿ ਇਹ ਸਿਰਫ਼ ਸਿੰਘਾਂ ਦਾ ਨਾਮ ਹੀ ਵਰਤ ਰਿਹਾ ਹੈ। ਪੈਸੇ ਤਾਂ ਇਸਨੇ ਆਪਣੀ ਜੇਬ ਵਿਚ ਪਾਉਣੇ ਹਨ। ਮੈਂ ਉਸਨੂੰ ਦੋ ਟੁੱਕ ਕਿਹਾ ਕਿ ਮੈਂ ਆਪਣੇ ਵਲੋਂ ਸਿਰਫ਼ ਇਕ ਸੌ ਦੇ ਸਕਦਾਂ। ਬਾਕੀ ਪੈਸਿਆਂ ਬਾਰੇ ਸਟਾਫ਼ ਮੀਟਿੰਗ ਕੀਤੀ ਜਾਵੇਗੀ ਅਤੇ ਉਸ ਵਿਚ ਫੈਸਲਾ ਹੋਵੇਗਾ। ਉਹ ਗੁੱਸੇ ਵਿਚ ਉਠ ਕੇ ਕਹਿਣ ਲੱਗਾ ਕਿ ਮੈਂ ਸੌ ਨਹੀਂ ਲੈਣਾ। ਮੈਂ ਸੌ ਦਾ ਨੋਟ ਵਾਪਸ ਆਪਣੀ ਜੇਬ ਵਿਚ ਪਾਇਆ ਅਤੇ ਉਸਨੂੰ ਬੇਰੰਗ ਆਪਣੇ ਦਫ਼ਤਰ ਵਿਚੋਂ ਬਾਹਰ ਕੱਢ ਦਿਤਾ। ਪਤਾ ਨਹੀਂ ਅਜੇਹੇ ਕਿੰਨੇ ਨਕਲੀ ਸਿੰਘਾਂ ਨੇ ਕਿੰਨੇ ਭੋਲੇ-ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੋਵੇਗਾ ਅਤੇ ਕਿੰਨੀ ਕਮਾਈ ਕੀਤੀ ਹੋਵੇਗੀ? ਅਜੇਹੇ ਲੋਕ ਸਿੰਘਾਂ ਦੇ ਭੇਸ ਵਿਚ ਬਹੁਰੂਪੀਏ ਸਨ ਜਿਨ੍ਹਾਂ ਨੇ ਸਿੰਘਾਂ ਨੂੰ ਬਦਨਾਮ ਵੀ ਕੀਤਾ ਅਤੇ ਪੰਜਾਬੀਆਂ ਦੇ ਮਨਾਂ ਵਿਚ ਸਿੰਘਾਂ ਬਾਰੇ ਭਰਮ-ਭੁਲੇਖੇ ਵੀ ਪੈਦਾ ਕੀਤੇ।
ਕੁਝ ਕੁ ਲੋਕਾਂ ਦਾ ਅਜੇਹਾ ਵਰਤਾਰਾ ਹੀ ਖਾੜਕੂਆਂ ਨੂੰ ਬਦਨਾਮ ਕਰਨ ਅਤੇ ਸਮੁੱਚੇ ਪੰਜਾਬੀਆਂ ਲਈ ਨਮੋਸ਼ੀ ਦਾ ਕਾਰਨ ਬਣਿਆ। ਕਈ ਵਾਰ ਕੁਝ ਲੋਕਾਂ ਕਰਕੇ ਹੀ ਸਮੁੱਚੀ ਕੌਮ ਬਦਨਾਮ ਹੋ ਜਾਂਦੀ ਹੈ। ਕਾਲੀਆਂ ਭੇਡਾਂ ਜੇਹੇ ਲੋਕ ਸਾਡੇ ਰਾਜਸੀ, ਸਮਾਜਿਕ ਅਤੇ ਧਾਰਮਿਕ ਤੰਤਰ ਵਿਚ ਸ਼ਾਮਲ ਹੋ ਗਏ ਸਨ ਅਤੇ ਹੁਣ ਵੀ ਹਨ। ਇਨ੍ਹਾਂ ਕਰਕੇ ਹੀ ਪੰਜਾਬ ਅਧੋਗਤੀ ਵੱਲ ਨੂੰ ਤਿਲਕਦਾ ਜਾ ਰਿਹਾ ਹੈ। ਜਦ ਕੋਈ ਕੌਮ ਆਪਣੀਆਂ ਮੂਲ ਕਦਰਾਂ- ਕੀਮਤਾਂ ਤੋਂ ਦੂਰ ਚਲੀ ਜਾਵੇ, ਕਿਰਤ ਕਮਾਈ ਨੂੰ ਵਿਸਾਰ ਕੇ ਧੋਖਾਧੜੀ ਜਾਂ ਬੇਈਮਾਨੀ ਦਾ ਰਾਹ ਮੱਲੇ ਅਤੇ ਸਰਬੱਤ ਦੇ ਭਲੇ ਨੂੰ ਤਿਆਗ ਕੇ ਨਿੱਜੀ ਲਾਭਾਂ ਨੂੰ ਪ੍ਰਮੁੱਖਤਾ ਦੇਵੇ ਤਾਂ ਸਰਬਪੱਖੀ ਵਿਕਾਸ ਅਤੇ ਮਾਣਮੱਤੇ ਵਿਰਸੇ ਦੀ ਰਹਿਨੁਮਾਈ ਨੂੰ ਕਿਆਸਿਆ ਵੀ ਨਹੀਂ ਜਾ ਸਕਦਾ।
ਬੀਤੇ ਦੀਆਂ ਗਲਤੀਆਂ ਨੂੰ ਸੁਧਾਰ ਕੇ, ਆਪਣੀਆਂ ਕਮੀਆਂ ਤੇ ਕੁਤਾਹੀਆਂ ਨੂੰ ਨਕਾਰ ਕੇ ਅਤੇ ਆਪਣੇ ਪੁਰਖਿਆਂ ਦੀਆਂ ਨਸੀਹਤਾਂ ਅਤੇ ਸਿੱਖਿਆਵਾਂ ‘ਤੇ ਪਹਿਰਾ ਦੇਣ ਵਾਲੀ ਕੌਮ ਹੀ ਤਰੱਕੀ ਦੀਆਂ ਮੰਜ਼ਲਾਂ ਸਰ ਕਰਦੀ। ਪੰਜਾਬੀਆਂ ਨੂੰ ਆਪਣੇ ਇਤਿਹਾਸ ਤੋਂ ਸੇਧ ਲੈ ਕੇ ਅਤੇ ਸਰਬੱਤ ਦੇ ਭਲੇ ਦਾ ਮੂਲ ਮੰਤਰ ਅਪਣਾ ਕੇ ਹੀ, ਪੰਜਾਬ ਨੂੰ ਪੁਰਾਤਨ ਚੜ੍ਹਤ ਅਤੇ ਮਾਣ ਦਿਵਾਇਆ ਜਾ ਸਕਦਾ। ਪੰਜਾਬੀ ਅਜਿਹਾ ਕਰ ਤਾਂ ਸਕਦੇ ਹਨ, ਪਰ ਆਪਸ ਵਿਚ ਉਲਝੇ ਹੋਏ ਅਤੇ ਨਿੱਜੀ ਮੁਫਾਦ ਵਿਚ ਗ੍ਰਸੇ ਪੰਜਾਬੀਆਂ ਤੋਂ ਆਸ ਘੱਟ ਹੀ ਹੈ। ਰੱਬ ਮਿਹਰ ਕਰੇ!!!!
