ਚਮਕੀਲੇ ਨੂੰ ਪੰਜਾਬੀ ਗਾਇਕੀ ‘ਚੋਂ ਮਨਫੀ ਕਰਨਾ ਸੌਖਾ ਨਹੀਂ

ਐਸ਼ ਅਸ਼ੋਕ ਭੌਰਾ
ਮੌਤ ਹਮੇਸ਼ਾਂ ਹਰ ਇਕ ਆਦਮੀ ਦੇ ਸਿਰਹਾਣੇ ਕੋਲ ਬੈਠੀ ਹੁੰਦੀ ਹੈ। ਇਸ ਦੇ ਹਮਲੇ ਤੋਂ ਕੋਈ ਬਚ ਨਹੀਂ ਸਕਦਾ ਪਰ ਯਾਦ ਅਸੀਂ ਇਕੋ ਗੱਲ ਰੱਖਦੇ ਹਾਂ ਕਿ ਹੋਣੀ ਨੇ ਹਮਲਾ ਕਿਨ੍ਹਾਂ ਹਾਲਾਤ ਵਿਚ ਕੀਤਾ ਹੈ। ਕੁਫ਼ਰ ਦੇ ਕੱਚੇ ਫਲ ਨ੍ਹੇਰੀ ਹੀ ਝਾੜਦੀ ਆਈ ਹੈ। ਅਮਰ ਸਿੰਘ ਚਮਕੀਲਾ ਤੇ ਅਮਰਜੋਤ ਬੇਨਿਆਈਂ, ਬੇਵਕਤ ਤੇ ਬੇਵਜ੍ਹਾ ਤੁਰੇ ਸਨ ਪਰ ਜਿਹੜੇ ਅਸਾਲਟਾਂ ਨਾਲ ਹੋਣੀ ਨੂੰ ਘੇਰ ਕੇ ਇਨ੍ਹਾਂ ਉਤੇ ਹੱਲਾ ਬੋਲਣ ਲਈ ਲੈ ਕੇ ਆਏ ਸਨ, ਜਿਸ ਮਿਸ਼ਨ ਤੇ ਮਕਸਦ ਲਈ ਲੈ ਕੇ ਆਏ ਸਨ, ਕੀ ਇਸ ਜੋੜੀ ਨੂੰ ਇੰਨੀ ਬੇਰਹਿਮੀ ਨਾਲ ਮਾਰ ਕੇ ਪੂਰਾ ਹੋ ਸਕਦਾ ਸੀ? ਇਹ ਸੁਆਲ ਜੁਆਬ ਮੰਗਦੇ ਹੀ ਰਹਿਣਗੇ। ਕਹਿਣ ਵਾਲੇ ਫਿਰ ਇਹੀ ਤਰਕ ਦੇਣਗੇ ਕਿ ਉਦੋਂ ਬਥੇਰੇ ਲੋਕ ਗੋਲੀਆਂ, ਬੰਬਾਂ ਤੇ ਸੱਚੇ-ਝੂਠੇ ਮੁਕਾਬਲਿਆਂ ਵਿਚ ਮੌਤ ਦੀ ਬੁੱਕਲ ਵਿਚ ਜਾ ਵੜੇ ਸਨ। ਕੀ ਹੋਇਆ ਜੇ ਚਮਕੀਲਾ ਤੇ ਅਮਰਜੋਤ ਰੋੜ੍ਹ ਦਿੱਤੇ ਗਏ? ਅਜਿਹੀਆਂ ਤਰਕਹੀਣ ਦਲੀਲਾਂ ਉਠਦੀਆਂ ਰਹੀਆਂ ਹਨ, ਉਠਦੀਆਂ ਵੀ ਰਹਿਣਗੀਆਂ। ਕੋਇਲਾਂ ਦਾ ਸ਼ਿਕਾਰ ਕਰਨ ਦੀ ਕਲਪਨਾ ਕਿਸੇ ਯੁੱਗ ਵਿਚ ਨਹੀਂ ਕੀਤੀ ਗਈ।
ਤਕਰੀਬਨ ਇਕ ਸਾਲ ਦਾ ਸਮਾਂ, ਸੰਨ ਸਤਾਸੀ ਦੇ ਅਕਤੂਬਰ ਨਵੰਬਰ ਤੱਕ ਇੱਦਾਂ ਦਾ ਸੀ ਜਦੋਂ ਚਮਕੀਲਾ ਸਮਝਦਾ ਸੀ ਕਿ ਮੌਤ ਰਾਹ ਬਦਲ ਗਈ ਹੈ। ਉਹਦੀਆਂ ਦੋਵੇਂ ਧਾਰਮਿਕ ਰੀਲਾਂ ‘ਨਾਮ ਜਪੁ ਲੈ’ ਅਤੇ ‘ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ’ ਉਹਦੇ ਦੂਜੇ ਗੀਤ ਚੱਲਣ ਦੇ ਰਿਕਾਰਡ ਵੀ ਤੋੜ ਗਈਆਂ ਸਨ। ਕੁਲਦੀਪ ਮਾਣਕ ਦੀ ‘ਮੱਸਾ ਰੰਘੜ’ ਤੇ ‘ਝੰਡੇ ਖਾਲਸਾ ਰਾਜ’ ਤੋਂ ਵੀ ਉਹ ਅੱਗੇ ਚਲੇ ਗਿਆ ਸੀ। ਇਕ ਦਮ ਸਤਿਕਾਰ ਦੇ ਖੇਤਰ ਵਿਚ ਦਾਖਲ ਹੋਇਆ ਚਮਕੀਲਾ ਫਿਰ ਵੀ ਕਿਉਂ ਮਾਰਿਆ ਗਿਆ? ਇਸ ਬਾਰੇ ਤਾਂ ਮਾਰਨ ਵਾਲਿਆਂ ਨੂੰ ਵੱਧ ਪਤਾ ਹੋਵੇਗਾ ਜਾਂ ਉਨ੍ਹਾਂ ਨੂੰ ਜਿਹੜੇ ਅੱਜ ਵੀ ਇਹ ਦਾਅਵਾ ਕਰਦੇ ਹਨ ਕਿ ਅਸੀਂ ਮਾਰਿਆ, ਫਲਾਣੇ-ਫਲਾਣੇ ਸਿੰਘ ਨੇ ਮਾਰਿਆ ਪਰ ਇਸ ਦਾ ਮਨੋਵਿਗਿਆਨਕ ਵਿਸ਼ਲੇਸ਼ਣ ਇਹ ਲਗਦਾ ਹੈ ਕਿ ਉਹਨੇ ਵਾਅਦਾ ਤਾਂ ਧਾਰਮਿਕ ਗੀਤ ਗਾਉਣ ਦਾ ਕੀਤਾ ਸੀ ਪਰ ਸੰਗੀਤ ਦੀ ਇਕ ਵੱਡੀ ਰਿਕਾਰਡਿੰਗ ਕੰਪਨੀ ਨੇ ਉਹਦਾ ਇਕ ਐਲ਼ਪੀæ ਦੂਜੇ ਗੀਤਾਂ ਦਾ ਰਿਲੀਜ਼ ਕਰ ਦਿੱਤਾ। ਕੰਪਨੀ ਨੂੰ ਇਹ ਵਹਿਮ ਸੀ ਕਿ ਉਹਦੀਆਂ ਹੋਰ ਕੰਪਨੀਆਂ ਵੱਲੋਂ ਰਿਲੀਜ਼ ਕੀਤੀਆਂ ਐਲਬਮਾਂ ਨੂੰ ਪੰਜਾਬੀਆਂ ਨੇ ਹੱਥੀਂ ਛਾਂਵਾਂ ਕੀਤੀਆਂ ਹਨ ਤੇ ਇਹ ਐਲ਼ਪੀæ ਹੋਰ ਵੀ ਵੱਧ ਬਿਜ਼ਨੈਸ ਕਰੇਗੀ; ਜਦੋਂ ਕਿ ਸੱਚ ਇਹ ਸੀ ਕਿ ਪੰਜਾਬੀ ਦੋ-ਗਾਣੇ ਉਨ੍ਹਾਂ ਹਾਲਾਤ ਤੋਂ ਪਹਿਲਾਂ ਰਿਕਾਰਡ ਕੀਤੇ ਗਏ ਸਨ ਜਿਨ੍ਹਾਂ ਵਿਚ ਉਹਦੇ ਪਹਿਲਾਂ ਜ਼ਿਕਰ ਕੀਤੇ ਮੁਆਫੀਨਾਮੇ ਦਾ ਸਮਾਂ ਸੀ। ਹੁਣ ਤੱਕ ਉਸ ਕੰਪਨੀ ਨੂੰ ਰੱਜ ਕੇ ਰੈਵਿਨਿਊ ਦੇਣ ਵਾਲੇ ਚਮਕੀਲੇ ਦੀ ਜ਼ਿੰਦਗੀ ਦਾ ਭੋਰਾ ਖਿਆਲ ਨਹੀਂ ਸੀ ਰੱਖਿਆ ਗਿਆ। ਇਸ ਐਲ਼ਪੀæ ਨੇ ਚੰਦ ਇਹ ਚੜ੍ਹਾਇਆ ਕਿ ਤਸਵੀਰ ਦਾ ਪੁੱਠਾ ਪਾਸਾ ਫਿਰ ਸਿੱਧਾ ਹੋ ਗਿਆ। ਬਾਈ ਨਵੰਬਰ ਉਨੀ ਸੌ ਸਤਾਸੀ ਵਾਲੇ ਦਿਨ ਉਹਦਾ ਗੜ੍ਹਸ਼ੰਕਰ ਲਾਗਲੇ ਪਿੰਡ ਵਿਚ ਪ੍ਰੋਗਰਾਮ ਸੀ। ਉਹ ਮੈਨੂੰ ਗੜ੍ਹਸ਼ੰਕਰ ਮਿਲਿਆ। ਉਹਦੀ ਆਪਣੀ ਜ਼ੁਬਾਨੀ ਇਹ ਖੁਲਾਸਾ ਸੀ ਕਿ ਖਾੜਕੂ ਸਫਾਂ ਵਿਚ ਫਿਰ ਉਹਦੇ ਖਿਲਾਫ਼ ਅੱਗ ਦੀ ਨਾਲ ਵਰਗਾ ਗੁੱਸਾ ਸੁਲਗਣ ਲੱਗਾ ਹੈ; ਇਸ ਕਰ ਕੇ ਕਿ ਉਹ ਸੋਚਦੇ ਹਨ ਕਿ ਇਨ੍ਹਾਂ ਸਾਡੀ ਪ੍ਰਵਾਹ ਨਹੀਂ ਕੀਤੀ ਪਰ ਮੇਰਾ ਕੋਈ ਕਸੂਰ ਨਹੀਂ। ਉਹਨੇ ਕੰਪਨੀ ਕੋਲ ਹੱਥੀਂ ਤੇ ਕਾਨੂੰਨੀ ਚਾਰਾਜੋਈ ਕੀਤੀ ਪਰ ਉਹਦੀ ਸੁਣੀ ਨਹੀਂ ਗਈ ਕਿ ਇਹ ਰਿਕਾਰਡਿੰਗ ਪਹਿਲਾਂ ਦੀ ਹੈ। ਮੈਂ ਉਹਨੂੰ ਦਲੀਲ ਦਿੱਤੀ ਕਿ ਉਸੇ ਬਠਿੰਡੇ ਵਾਲੇ ਸਿੰਘ ਨੂੰ ਨਾਲ ਲੈ ਕੇ ਫਿਰ ਉਨ੍ਹਾਂ ਅੱਗੇ ਹੱਥ ਜੋੜ ਲੈਂਦੇ ਹਾਂ। ਉਦਣ ਉਹਨੇ ਦੱਸਿਆ ਕਿ ਜੇ ਉਹ ਹੁੰਦਾ ਤਾਂ ਫਿਰ ਗੱਲ ਕਿਹੜੀ ਸੀ। ਉਹ ਪੁਲਿਸ ਮੁਕਾਬਲੇ ਵਿਚ ਮਾਰਿਆ ਜਾ ਚੁੱਕਾ ਸੀ।
ਵਕਤ ਨੇ ਅਜਿਹੀ ਦੀਵਾਰ ਖੜ੍ਹੀ ਕਰ ਦਿੱਤੀ ਸੀ ਕਿ ਉਹਦੇ ਲਈ ਸਾਰੇ ਰਾਹ ਕਰੀਬ ਬੰਦ ਹੋ ਗਏ ਸਨ। ਉਸੇ ਦਿਨ ਉਹਨੇ ਇਹ ਵੀ ਦੱਸਿਆ ਸੀ ਕਿ ਮੈਂ ਪ੍ਰੋਗਰਾਮ ਜਿਹੜੇ ਪਹਿਲਾਂ ਬੁੱਕ ਹਨ, ਉਹੀ ਕਰ ਰਿਹਾ ਹਾਂ; ਅੱਗਿਉਂ ਬੰਦ ਕਰ ਦਿੱਤੇ ਸਨ, ਜਦੋਂ ਕਿ ਉਨ੍ਹਾਂ ਦਿਨਾਂ ਵਿਚ ਸਮਾਂ ਅਣਸੁਖਾਵਾਂ ਹੋਣ ਦੇ ਬਾਵਜੂਦ ਉਹਦੇ ਕੋਲ ਅਗਲੇ ਛੇ ਮਹੀਨਿਆਂ ਤੱਕ ਵਾਰ-ਫੇਰ ਨਹੀਂ ਸੀ। ਗੜ੍ਹਸ਼ੰਕਰ ਨੇੜਲੇ ਪਿੰਡ ਬਗਵਾਈਂ ਲਾਗੇ ਨਹਿਰ ਕਿਨਾਰੇ ਗੱਡੀ ਵਿਚ ਹੀ ਇਹ ਸਾਡੀ ਲੰਬੀ ਮੁਲਾਕਾਤ ਹੋਈ ਸੀ।
ਉਸੇ ਵਰ੍ਹੇ ਦੇ ਦਸੰਬਰ ਜਨਵਰੀ ਮਹੀਨੇ ਲਈ ਮੈਂ ਵਿਦੇਸ਼ ਚਲੇ ਗਿਆ। ਆ ਕੇ ਵੀ ਮਹੀਨਾ ਮੁਲਾਕਾਤ ਨਾ ਹੋਈ। ਮੈਂ ਉਹਨੂੰ ਅਮਰਜੋਤ ਦੇ ਪੇਟੋਂ ਜਨਮੇ ਦੂਜੇ ਪੁੱਤਰ ਦੀ ਵਧਾਈ (ਜਿਸ ਦੀ ਮੌਤ ਵੀ ਉਨ੍ਹਾਂ ਦੇ ਮਰਨ ਉਪਰੰਤ ਹੋ ਗਈ ਸੀ) ਵੀ ਨਹੀਂ ਦੇ ਸਕਿਆ। ਇਹ ਸਮਾਂ ਇੰਨਾ ਮਨਹੂਸ ਸੀ ਕਿ ਉਦੋਂ ਕਿਸੇ ਸਰਕਾਰ ਜਾਂ ਪ੍ਰਸ਼ਾਸਨ ਦਾ ਰਾਜ ਨਹੀਂ ਸੀ ਸਗੋਂ ਚਾਰੇ ਪਾਸੇ ਮੌਤ ਹੀ ਹਰਲ-ਹਰਲ ਕਰਦੀ ਫਿਰਦੀ ਸੀ।
ਸੱਤ ਮਾਰਚ ਅਠਾਸੀ ਵਾਲੇ ਦਿਨ ਉਹਦਾ ਵਿਆਹ ‘ਤੇ ਪ੍ਰੋਗਰਾਮ ਸੀ, ਸਾਡੇ ਪਿੰਡੋਂ ਮਸਾਂ ਤਿੰਨ ਕੁ ਮੀਲ ‘ਤੇ ਸ਼ਹੀਦ ਭਗਤ ਸਿੰਘ ਦੇ ਨਾਨਕੇ ਪਿੰਡ ਮੋਰਾਂਵਾਲੀ। ਮੈਨੂੰ ਪਤਾ ਸੀ, ਇਸੇ ਲਈ ਸਕੂਲੋਂ ਪੜ੍ਹਾ ਕੇ ਛੇਤੀ ਘਰ ਪਰਤਣ ਦਾ ਪ੍ਰੋਗਰਾਮ ਬਣਾ ਲਿਆ ਸੀ। ਸਫ਼ਰ ਖਤਮ ਕਰ ਕੇ ਮੈਂ ਦੇਰੀ ਨਾਲ ਘਰ ਪਹੁੰਚਿਆ ਤੇ ਮੈਨੂੰ ਪਤਾ ਲੱਗਾ ਕਿ ਉਹ ਘਰੋਂ ਹੋ ਕੇ ਇਹ ਕਹਿ ਕੇ ਚਲਾ ਗਿਆ ਕਿ ਪ੍ਰੋਗਰਾਮ ‘ਤੇ ਮੈਂ ਪਹੁੰਚ ਜਾਵਾਂ। ਚਾਰ ਕੁ ਵਜੇ ਮੈਂ ਵਿਆਹ ਦੇ ਉਸ ਪ੍ਰੋਗਰਾਮ ‘ਤੇ ਪੁੱਜ ਗਿਆ। ਅੱਧਾ ਕੁ ਸਮਾਂ ਹੋ ਗਿਆ ਸੀ। ਇਲਾਕਾ ਭਾਵੇਂ ਮੇਰਾ ਸੀ, ਸਾਰੇ ਮੈਨੂੰ ਜਾਣਦੇ ਸਨ ਪਰ ਚਮਕੀਲੇ ਨੇ ਜੋ ਮੇਰੀ ਵਡਿਆਈ ਕੀਤੀ, ਉਹਦਾ ਜ਼ਿਕਰ ਕਰਨ ਲਈ ਮੇਰੇ ਕੋਲ ਜਿਵੇਂ ਸ਼ਬਦ ਵੀ ਗਿਠਮੁਠੀਏ ਹੋਣ। ਉਥੋਂ ਸਕੂਟਰ ਮੇਰਾ ਉਹਨੇ ਆਪਣੇ ਇਕ ਸਾਜ਼ਿੰਦੇ ਹੱਥ ਫੜਾ ਦਿੱਤਾ ਤੇ ਮੈਂ ਉਨ੍ਹਾਂ ਦੀ ਗੱਡੀ ਵਿਚ ਬਹਿ ਗਿਆ। ਰਾਹ  ਵਿਚ ਆਉਂਦੇ ਮਹਿਲ ਗਹਿਲਾਂ ਪਿੰਡ ਦੇ ਠੇਕੇ ਤੋਂ ਮੈਂ ਬੋਤਲ ਤੇ ਦਰਜਨ ਉਬਾਲੇ ਆਂਡੇ ਚਮਕੀਲੇ ਦੇ ਮਨ੍ਹਾਂ ਕਰਦਿਆਂ ਵੀ ਖਰੀਦ ਲਏ। ਉਸ ਦਿਨ ਉਨ੍ਹਾਂ ਦੇ ਨਾਲ ਢੋਲਕ ਮਾਸਟਰ ਲਾਲ ਚੰਦ ਸਤਨੌਰ ਅਤੇ ਕਾਮੇਡੀਅਨ ਮਣਕੂ ਵੀ ਸੀ। ਘਰੇ ਪਹੁੰਚੇ। ਮੇਰੀ ਮਾਂ ਤੇ ਭਤੀਜੀ ਹੀ ਸਨ ਘਰੇ। ਡਰਾਇਵਰ ਤੇ ਅਮਰਜੋਤ ਨੇ ਚਾਹ ਪੀਤੀ ਤੇ ਬਾਕੀਆਂ ਨੇ ਤੇਰ੍ਹਵਾਂ ਰਤਨ ਛਕਿਆ। ਮੈਨੂੰ ਇਹ ਵੀ ਯਾਦ ਹੈ ਕਿ ਮਾਹਾਂ ਦੀ ਦਾਲ ਤੇ ਗੋਭੀ ਦੀ ਸਬਜ਼ੀ ਨਾਲ ਉਨ੍ਹਾਂ ਨੂੰ ਰੋਟੀ ਖੁਆਈ। ਹਨ੍ਹੇਰਾ ਕਾਫੀ ਹੋ ਗਿਆ ਸੀ। ਤੁਰਨ ਲੱਗਿਆਂ ਦੋਹਾਂ ਨੇ ਕਿਹਾ ਕਿ ਅਸੀਂ ਪਾਸੇ ਹੋ ਕੇ ਇਕ ਗੱਲ ਥੋਡੇ ਨਾਲ ਕਰਨੀ ਹੈ ਤੇ ਅਸੀਂ ਅਲੱਗ ਕਮਰੇ ਵਿਚ ਚਲੇ ਗਏ। ਇਕ ਮਿੰਟ ਦੀ ਚੁੱਪ ਤੋਂ ਪਿੱਛੋਂ ਚਮਕੀਲੇ ਤੋਂ ਪਹਿਲਾਂ ਅਮਰਜੋਤ ਨੇ ਭੁੱਬ ਮਾਰ ਕੇ ਕਿਹਾ, “ਭਾਜੀ ਭੌਰੇ, ਕੋਈ ਰਾਹ ਹੈ ਥੋਡੇ ਕੋਲ?”
ਮੈਂ ਕਿਹਾ, “ਕਿਹੜਾ?”
“ਮੌਤ ਸਾਡੇ ਨਾਲ-ਨਾਲ ਤੁਰੀ-ਫਿਰ ਰਹੀ ਹੈ।”
ਤੇ ਚਮਕੀਲੇ ਨੇ ਦੋ ਦਿਨ ਪਹਿਲਾਂ ਆਈ ਚਿੱਠੀ ਪੈਂਟ ਦੀ ਜੇਬ ਵਿਚੋਂ ਕੱਢ ਕੇ ਮੇਰੇ ਅੱਗੇ ਕਰ ਦਿੱਤੀ, “ਲਓ, ਪੜ੍ਹ ਲਓ।”
ਚਿੱਠੀ ਦੀ ਵਾਰਤਾ ਤਾਂ ਲੰਬੀ ਸੀ ਪਰ ਉਹਦੀ ਇਕ ਸਤਰ ਮੈਨੂੰ ਹਾਲੇ ਤੀਕਰ ਚੇਤੇ ਹੈ। ਲਿਖਿਆ ਸੀ, ‘ਅਸੀਂ ਦੋ ਵਾਰ ਉਕ ਚੁੱਕੇ ਹਾਂ ਤੇ ਹੁਣ ਅਗਲਾ ਵਾਰ ਸਿੰਘਾਂ ਦਾ ਖਾਲੀ ਨਹੀਂ ਜਾਵੇਗਾ। ਜਿੱਥੇ ਲੁਕਣਾ, ਲੁਕ ਲੈ। ਬਰਸਟ ਮਾਰ ਕੇ ਛਲਣੀ ਕਰ ਦਿਆਂਗੇ ਸਭ ਕੁਝ।’
ਮੇਰੇ ਕੋਲ ਕੋਈ ਉਤਰ ਨਹੀਂ ਸੀ। ਅੱਧੀ ਰਾਤ ਹੋਣ ਵਾਲੀ ਸੀ। ਮੈਨੂੰ ਡਰ ਸੀ, ਰਾਹ ਵਿਚ ਹੀ ਨਾ ਕੁਝ ਹੋ ਜਾਵੇ। ਮੈਂ ਸਿਰਫ਼ ਦਿਲਾਸਾ ਹੀ ਦਿੱਤਾ ਕਿ ‘ਚਲੋ ਕਰਦੇ ਹਾਂ ਕੁਛ।’ ਮੈਂ ਤੇ ਮੇਰੀ ਮਾਂ ਨੇ ਉਸ ਰਾਤ ਬਹੁਤ ਰੋਕਿਆ ਕਿ ਉਹ ਹੁਣ ਨਾ ਜਾਣ, ਹਾਲਾਤ ਠੀਕ ਨਹੀਂ ਤੇ ਉਨ੍ਹਾਂ ਲਈ ਤਾਂ ਬਿਲਕੁਲ ਹੀ ਨਹੀਂ ਪਰ ਉਹ ਓਦਰੇ ਹੋਏ ਇਹ ਕਹਿ ਕੇ ਗੱਡੀ ਵਿਚ ਬਹਿ ਗਏ, “ਰਹਿ ਤਾਂ ਲੈਣਾ ਸੀ ਪਰ ਭਲਕੇ ਮਹਿਸਮਪੁਰ ਪ੍ਰੋਗਰਾਮ ਐ।” æææਤੇ ਜਿਉਂਦੇ ਚਮਕੀਲੇ ਤੇ ਅਮਰਜੋਤ ਦਾ ਚਿਹਰਾ ਆਖਰੀ ਵਾਰ ਮੇਰੀਆਂ ਅੱਖਾਂ ਸਾਹਮਣਿਓਂ ਹਨ੍ਹੇਰੇ ‘ਚ ਗੁੰਮ ਹੋ ਗਿਆ।
ਅਗਲੇ ਦਿਨ, ਅੱਠ ਮਾਰਚ ਉਨੀ ਸੌ ਅਠਾਸੀ ਨੂੰ ਮੈਂ ਸਕੂਲ ਤੋਂ ਛੁੱਟੀ ‘ਤੇ ਸਾਂ; ਇਸ ਕਰ ਕੇ ਕਿ ਪਿੰਡ ਨਗਰ ਕੀਰਤਨ ਸੀ। ਕਰੀਬ ਸਾਰਾ ਦਿਨ ਮੈਂ ਉਧਰ ਰਿਹਾ। ਸੂਰਜ ਮਿਟਦੇ ਸਾਰ ਸਾਡੇ ਗੁਆਂਢੀਆਂ ਦਾ ਮੁੰਡਾ ਆ ਕੇ ਕਹਿਣ ਲੱਗਾ, “ਤਾਈ (ਮੇਰੀ ਮਾਂ) ਨੇ ਹੁਣੇ ਘਰੇ ਬੁਲਾਇਆ ਹੈ।” ਪਲ ਦੋ ਪਲ ਵਿਚ ਮੈਂ ਘਰੇ ਪਹੁੰਚ ਗਿਆ ਹੋਵਾਂਗਾ। ਮਾਂ ਰੋ ਰਹੀ ਸੀ। ਆਂਹਦੀ, “ਪੁੱਤ ਚਮਕੀਲਾ ਤੇ ਅਮਰਜੋਤ ਮਾਰ ‘ਤੇ ਜਿਹੜੇ ਸਾਡੇ ਕੋਲ ਸਨ ਰਾਤੀਂ।”
ਘਾਬਰੇ ਨੇ ਮੈਂ ਪੁੱਛਿਆ, “ਤੈਨੂੰ ਕੀਹਨੇ ਦੱਸਿਆ?”
ਹੁਣੇ ਜਲੰਧਰੋਂ ਟੈਲੀਵਿਜ਼ਨ ਤੋਂ ਖ਼ਬਰਾਂ ‘ਚ ਦੇਖ ਲਿਆ ਸਭ ਕੁਝ। ਮੇਰੀ ਜਿਵੇਂ ਜਾਨ ਨਿਕਲ ਗਈ ਹੋਵੇ! ਜਿਵੇਂ ਸਹਿਆ, ਬਘਿਆੜ ਦੇ ਅੜਿੱਕੇ ਆ ਗਿਆ ਹੋਵੇ! ਉਹੀ ਕੁਝ ਹੋ ਤਾਂ ਗਿਆ ਜਿਹਦਾ ਡਰ ਸੀ ਪਰ ਕੁਝ ਘੰਟਿਆਂ ‘ਚ ਹੀ ਹੋ ਜਾਵੇਗਾ, ਇਹ ਚਿਤ-ਚੇਤੇ ਵੀ ਨਹੀਂ ਸੀ। ਖ਼ਬਰ ਆ ਗਈ ਸੀ। ਦੋਹਾਂ ਦੇ ਸੱਚੀਂ ਹੀ ਬਰਸਟ ਮਾਰੇ ਗਏ ਸਨ ਤੇ ਦੋ ਹੋਰ ਹਰਜੀਤ ਗਿੱਲ ਤੇ ਗੁਰਦੇਵ ਦੇਬੂ ਦੇ ਵੀ ਮਾਰੇ ਗਏ ਸਨ। ਚਮਕੀਲਾ ਨਾ ਮੇਰਾ ਰਿਸ਼ੇਤਦਾਰ ਸੀ, ਨਾ ਪੇਂਡੂ ਪਰ ਇਕ ਦੋਸਤੀ ਤੇ ਉਹਦਾ ਬੀਬਾਪਣ! ਮੌਤ ਦਾ ਸਹਿਮ ਮੇਰੀਆਂ ਅੱਖਾਂ ਅੱਗੇ ਘੁੰਮ ਰਿਹਾ ਸੀ। ਸੱਚ ਇਹ ਵੀ ਸੀ ਕਿ ਉਸ ਰਾਤ ਕੁਝ ਖਾਣਾ ਤਾਂ ਕੀ ਸੀ, ਚੁੱਲ੍ਹਾ ਵੀ ਨਹੀਂ ਤਪਿਆ। ਮੇਰੀ ਮਾਂ ਮੈਨੂੰ ਸਾਰੀ ਰਾਤ ਇਕੋ ਗੱਲ ਕਹਿੰਦੀ ਰਹੀ, “ਚਮਕੀਲਾ ਹੁਣ ਤੇਰੇ ਵਿਆਹ ‘ਤੇ ਨਹੀਂ ਗਾਏਗਾ ਪਰ ਹੁਣ ਮੇਰੀ ਮਿੰਨਤ ਮੰਨ; ਛੱਡ ਦੇ ਇਹ ਅਖ਼ਬਾਰਾਂ ਅਖ਼ਬੂਰਾਂ ਵਿਚ ਲਿਖਣਾ। ਪਿਉ ਥੋਡਾ ਨਿੱਕੇ ਹੁੰਦਿਆਂ ਦਾ ਮਰ ਗਿਆ ਸੀ, ਮੈਨੂੰ ਪਤਾ ਕਿਵੇਂ ਪਾਲੇ ਆ। ਰਾਤੀਂ ਚਮਕੀਲੇ ਨੂੰ ਪਤਾ ਸੀ ਕਿ ਮੈਂ ਕੱਲ੍ਹ ਤੱਕ ਨਹੀਂ ਰਹਿਣਾ।”
ਸਵੇਰੇ ਮੈਂ ਸਵਖਤੇ ਜਮਾਲਪੁਰ ਪੁੱਜ ਗਿਆ ਸਾਂ। ਉਸੇ ਘਰ ਵਿਚ ਜਿਥੇ ਉਹਨੇ ਮੇਰੇ ਨਾਲ ਬਰੰਗ ਖਤਾਂ ਦੀ ਦਰਦਨਾਕ ਕਹਾਣੀ ਸਾਂਝੀ ਕੀਤੀ ਸੀ; ਉਹੀ ਘਰ ਜਿਥੇ ਜਿਸ ਅਮਰਜੋਤ ਦੀ ਪੱਕੀਆਂ ਖਾਧੀਆਂ, ਉਹ ਲੋਥ ਬਣ ਕੇ ਪਈ ਸੀ। ਬੋਰੀਆਂ ਸੀਣ ਵਾਲੇ ਸੇਬੇ ਨਾਲ ਪੋਸਟਮਾਰਟਮ ਤੋਂ ਬਾਅਦ ਚੌਹਾਂ ਦੀਆਂ ਲਾਸ਼ਾਂ ਫਰਸ਼ ‘ਤੇ ਪਈਆਂ ਸਨ। ਮੈਂ ਹੋਰਨਾਂ ਨਾਲ ਰੱਜ ਕੇ ਰੋਇਆ। ਫਿਰ ਸੰਦੀਲਾ ਤੇ ਮਾਣਕ ਆ ਗਏ। ਦੇਬੂ ਦੀ ਲਾਸ਼ ਉਹਦੇ ਵਾਰਿਸ ਲੈ ਗਏ ਤੇ ਤਿੰਨ ਲਾਸ਼ਾਂ ਚਮਕੀਲੇ ਦੇ ਪਿੰਡ ਦੁੱਗਰੀ ਲਿਆਂਦੀਆਂ ਗਈਆਂ। ਹਰਜੀਤ ਜਿਸ ਨੇ ਜਗਮੋਹਣ ਨਾਲ ਲੰਬਾ ਸਮਾਂ ਕੰਮ ਕੀਤਾ, ਸ਼ਿੰਦੇ ਦੇ ਜਿਉਣਾ ਮੌੜ ਵਿਚ ਚਤਰੇ ਦੇ ਡਾਇਲਾਗ ਬੋਲੇ, ਅਮਰ ਨੂਰੀ ਲਈ ‘ਭਾਬੀ ਮੇਰੀ ਗੁੱਤ ਕਰਦੇ’ ਗੀਤ ਲਿਖਿਆ, ਕਦੇ-ਕਦੇ ਚਮਕੀਲੇ ਨਾਲ ਚਲੇ ਜਾਂਦਾ ਸੀ; ਉਸ ਦੀ ਚਿਤਾ ਵੀ ਚਿਣ ਦਿੱਤੀ ਗਈ। ਉਹਦਾ ਪਿੰਡ ਮੇਰੇ ਸਹੁਰੇ ਪਿੰਡ ਮਖਸੂਸਪੁਰ ਦੇ ਨਾਲ ਚੇਲਾ ਸੀ। ਦੁਪਹਿਰੇ ਕਿਤੇ ਉਹਦੇ ਦੇਸੀ ਜੱਟ ਭਰਾ ਨੂੰ ਕਿਸੇ ਨੇ ਅਖ਼ਬਾਰ ਪੜ੍ਹ ਕੇ ਦੱਸਿਆ, ਹਰਜੀਤ ਦੀ ਮੌਤ ਬਾਰੇ। ਉਹ ਲਾਬੂੰ ਲਾਉਣ ਤੋਂ ਪਹਿਲਾਂ ਧਾਹਾਂ ਮਾਰਦਾ ਦੁੱਗਰੀ ਪੁੱਜਿਆ। ਖ਼ੈਰ! ਮਾਣਕ ਨੇ ਪੈਸੇ ਦਿੱਤੇ ਤੇ ਇਕ ਫੋਰ-ਵ੍ਹੀਲਰ ਕਿਰਾਏ ‘ਤੇ ਲੈ ਕੇ ਹਰਜੀਤ ਦੀ ਲਾਸ਼ ਉਹਦੇ ਭਰਾ ਹੱਥ ਚੇਲੇ ਪਿੰਡ ਤੋਰ ਦਿੱਤੀ।
ਦੁੱਗਰੀ ਦੇ ਸ਼ਮਸ਼ਾਨਘਾਟ ਦਾ ਦ੍ਰਿਸ਼ ਬੜਾ ਕਰੁਣਾਮਈ ਸੀ। ਹਰ ਅੱਖ ਰੋ ਹੀ ਨਹੀਂ ਸੀ ਰਹੀ, ਸਰਾਪ ਵਾਂਗ ਸਿਆਪਾ ਵੀ ਕਰ ਰਹੀ ਸੀ ਕਿ ਮਿਲੇਗਾ ਥੋਨੂੰ ਚਮਕੀਲਾ ਮਾਰ ਕੇæææਹਾਏ ਵੇ ਬੇਰਹਿਮੀਓæææ।
ਇੱਦਾਂ ਲੱਗਦਾ ਸੀ ਜਿਵੇਂ ਸੂਰਜ ਤੇ ਕੁਦਰਤ ਵੀ ਸਹਿਮ ਗਏ ਹੋਣ! ਕੋਈ ਕਿਸੇ ਨਾਲ ਗੱਲ ਨਹੀਂ ਸੀ ਕਰ ਰਿਹਾ। ਮਾਣਕ ਨਾਲ ਜਾਂਦੇ-ਜਾਂਦੇ ਨੂੰ ਮੈਨੂੰ ਖਿੱਚ ਕੇ ਜੱਸੋਵਾਲ (ਜਗਦੇਵ ਸਿੰਘ) ਨੇ ਆਪਣੀ ਕਾਰ ਵਿਚ ਇਹ ਕਹਿ ਕੇ ਬਿਠਾ ਲਿਆ ਕਿ ਕੋਈ ਜ਼ਰੂਰੀ ਗੱਲ ਕਰਨੀ ਹੈ। ਲੁਧਿਆਣੇ ਉਹਦੇ ਘਰ ਦੇ ਦਰਵਾਜ਼ੇ ‘ਤੇ ਦਸਤਕ ਹੀ ਦਿੱਤੀ ਸੀ ਕਿ ਉਹ ਕਹਿਣ ਲੱਗਾ, “ਅਸ਼ੋਕ, ਇੱਦਾਂ ਈ ਕਾਰ ਲੈ ਜਾ ਜਲੰਧਰ ਨੂੰ। ‘ਅਜੀਤ’ ਵਿਚ ਲਿਖ ਕੇ ਕੁਛ ਲਾ ਦੇ ਚਾਰ ਸ਼ਬਦ। ਜਾਹ ਚਲੇ ਜਾਹ। ਆਹ ਲੈ ਸੌ ਦਾ ਨੋਟ, ਰਾਹ ਵਿਚ ਭਨਾ ਕੇ ਚਾਹ ਪੀ ਲਈਂ ਤੇ ਬਾਕੀ ਤੇਲ ਪੁਆ ਲਈਂ। ਖਾਣਾ ਤੇਰੇ ਆਏ ‘ਤੇ ‘ਕੱਠੇ ਖਾਵਾਂਗੇ।” ਤੇ ਦੁੱਖ ਦੀ ਪੰਡ ਲੈ ਕੇ ਮੈਂ ਰਾਤ ਅੱਠ ਕੁ ਵਜੇ ‘ਅਜੀਤ’ ਦੇ ਦਫ਼ਤਰ ਜਲੰਧਰ ਪੁੱਜ ਗਿਆ। ਉਥੇ ਟੇਬਲ ‘ਤੇ ਬਹਿ ਕੇ ਲੇਖ ਲਿਖਿਆ, ‘ਚਮਕੀਲੇ ਦੇ ਕਤਲ ਨਾਲ ਪੰਜਾਬੀ ਗਾਇਕੀ ਨੂੰ ਢਾਅ’। ‘ਅਜੀਤ’ ਦੇ ਤਤਕਾਲੀਨ ਸਮਾਚਾਰ ਸੰਪਾਦਕ ਰਜਿੰਦਰ ਰਾਜਨ ਤੇ ਦਰਸ਼ਨ ਮੱਕੜ ਨੇ ਹਾਲਾਂਕਿ ਮੈਨੂੰ ਅਜਿਹਾ ਕਰਨ ਤੋਂ ਵਰਜਿਆ ਵੀ, ਕਿਉਂਕਿ ਕਈ ਖਾੜਕੂ ਜਥੇਬੰਦੀਆਂ ਨੇ ਇਸ ਕਤਲ ਦੀ ਜ਼ਿੰਮੇਵਾਰੀ ਲੈ ਲਈ ਸੀ ਪਰ ਲੇਖ ਦਸ ਮਾਰਚ ਉਨੀ ਸੌ ਅਠਾਸੀ ਦੇ ਅੰਕ ਵਿਚ ਸਮਾਚਾਰ ਪੰਨੇ ‘ਤੇ ਛਪ ਗਿਆ। ਬੱਸ ਫਿਰ ਕੀ ਸੀ, ਧਮਕੀਆਂ ਨਿਆਣੀ ਉਮਰੇ ਮੇਰੇ ਪੱਲੇ ਪੈ ਗਈਆਂ।
ਜਿੱਦਣ ਦੁਗਰੀ ਵਿਚ ਇਸ ਜੋੜੀ ਦਾ ਭੋਗ ਸੀ, ਦਿਲਸ਼ਾਦ ਅਖ਼ਤਰ ਸਮੇਤ ਹਰ ਕੋਈ ਗਾਇਕ, ਗੀਤਕਾਰ, ਸਾਜ਼ੀ ਪੁੱਜਿਆ; ਦਿੱਲੀਉਂ ਸੰਗੀਤ ਸਮਰਾਟ ਚਰਨਜੀਤ ਆਹੂਜਾ ਵੀ; ਤੇ ਜੇ ਨਾ ਪਹੁੰਚਿਆ ਤਾਂ ਉਹ ਸੀ ਪੰਜਾਬੀਆਂ ਦਾ ਹਰਮਨ ਪਿਆਰਾ ਕਿਹਾ ਜਾਂਦਾ ਗੁਰਦਾਸ ਮਾਨ। ਬੜੀਆਂ ਪ੍ਰਭਾਵਸ਼ਾਲੀ, ਦਰਦਮਈ ਤੇ ਮੌਤ ਦੀਆਂ ਚੀਸਾਂ ਦੇਣ ਵਾਲੀਆਂ ਤਕਰੀਰਾਂ ਹੋਈਆਂ ਉਸ ਵਕਤ। ਲੁਧਿਆਣੇ ਦੇ ਡਿਪਟੀ ਕਮਿਸ਼ਨਰ ਸ਼ਵਿੰਦਰ ਸਿੰਘ ਬਰਾੜ ਸਨ। ਉਨ੍ਹਾਂ ਪਰਿਵਾਰ ਨੂੰ ਸਰਕਾਰੀ ਗ੍ਰਾਂਟ ਦੇ ਐਲਾਨੇ ਕੀਤੇ। ਰੋਂਦੀਆਂ ਅੱਖਾਂ ਤੇ ਵਿਲਕਦੇ ਹਉਕਿਆਂ ਨਾਲ ਮੈਂ ਵੀ ਬੋਲਿਆ। ਜਗਦੇਵ ਸਿੰਘ ਜੱਸੋਵਾਲ ਜਦੋਂ ਸਭ ਤੋਂ ਅਖੀਰ ਵਿਚ ਬੋਲਿਆ ਤਾਂ ਇੰਨਾ ਭਾਵੁਕ ਹੋ ਗਿਆ ਕਿ ਉਹਨੇ ਆਪਣਾ ਰੋਣਾ ਤਾਂ ਥੰਮ੍ਹ ਲਿਆ ਪਰ ਪੰਡਾਲ ਵਿਚ ਹਰ ਅੱਖ ਸਿੱਲ੍ਹੀ ਕਰ ਦਿੱਤੀ। ਆਪਣੇ ਸ਼ਰਧਾਂਜਲੀ ਭਾਸ਼ਣ ਵਿਚ ਉਹਨੇ ਆਖਰੀ ਗੱਲ ਬੜੀ ਚੀਕ ਕੇ ਕਹੀ, ‘ਚਮਕੀਲੇ ਤੇ ਅਮਰਜੋਤ ਨੂੰ ਮਾਰਨ ਵਾਲਿਓ! ਜੇ ਸੁਣਦੇ ਓ ਤਾਂ ਮੇਰੀ ਗੱਲ ਵੀ ਸੁਣ ਲਵੋæææਜੇ ਕਲਾਕਾਰਾਂ ਨੂੰ ਮਾਰ ਕੇ, ਚਿੜੀਆਂ ਨੂੰ ਅਸਾਲਟਾਂ ਨਾਲ ਵਿੰਨ੍ਹ ਕੇ ਖਾਲਿਸਤਾਨ ਬਣ ਸਕਦੈæææਤਾਂ ਮੈਂ ਇਨ੍ਹਾਂ ਦਾ ਪਿਉ ਹਾਂæææਮੇਰੇ ਵੀ ਗੋਲੀਆਂ ਮਾਰ ਦਿਓæææਸ਼ਾਇਦ ਤੁਹਾਡਾ ਸੁਪਨਾ ਪੂਰਾ ਹੋ ਜਾਵੇ।’
ਉਸ ਰਾਤ ਜੱਸੋਵਾਲ ਨੇ ਮੈਨੂੰ ਫਿਰ ਨਾ ਜਾਣ ਦਿੱਤਾ। ਦੇਰ ਰਾਤ ਤੱਕ ਗੁਰਭਜਨ ਗਿੱਲ ਤੇ ਪ੍ਰਗਟ ਗਰੇਵਾਲ ਵੀ ਸਾਡੇ ਕੋਲ ਉਹਦੇ ਘਰੇ ਬੈਠੇ ਰਹੇ। ਅਸੀਂ ਦੋਹਾਂ ਨੇ ਜਿਵੇਂ ਗ਼ਮ ਵਿਚ ਰੱਜ ਕੇ ਪੀ ਲਈ ਹੋਵੇ। ਰਾਤ ਇਕ ਵਜੇ ਦੇ ਕਰੀਬ ਅਸੀਂ ਸੁੱਤੇ ਹੋਵਾਂਗੇ ਕਿ ਪੰਜ ਕੁ ਵਜੇ ਜੱਸੋਵਾਲ ਫਿਰ ਮੇਰਾ ਬੂਹਾ ਖੜਕਾਉਣ ਲੱਗ ਪਿਆ, “ਅਸ਼ੋਕ ਉਠ, ਉਠ ਨਹਾ ਲੈ।”
ਮੈਂ ਕਿਹਾ, “ਜੀ ਹਾਲੇ ਤਾਂ ਪੰਜ ਵੱਜਣ ਵਿਚ ਵੀ ਦਸ ਮਿੰਟ ਰਹਿੰਦੇ ਨੇ।”
“ਤੂੰ ਗੋਲੀ ਮਾਰ ਮਿੰਟਾਂ ਮੁੰਟਾਂ ਨੂੰ। ਮੇਰੀ ਤਾਂ ਬਿੰਦ ਭਰ ਵੀ ਅੱਖ ਨ੍ਹੀਂ ਲੱਗੀ।”
“ਕੁਛ ਹੋਰ ਹੋ ਗਿਆ?”
“ਹਾਲੇ ਅੱਖ ਲੱਗਣ ਹੀ ਲੱਗੀ ਸੀ ਕਿ ਫੋਨ ਦੀ ਘੰਟੀ ਵੱਜਣ ਲੱਗ ਪਈ। ਫੋਨ ਘਰਵਾਲੀ ਵਾਲੇ ਪਾਸੇ ਪਿਆ ਸੀ। ਮੈਂ ਉਹਨੂੰ ਬਥੇਰਾ ਕਿਹਾ ਕਿ ਨਾ ਚੁੱਕ ਅੱਧੀ ਰਾਤ ਨੂੰ ਪਰ ਉਹਨੇ ਚੋਘਾ ਕੰਨਾਂ ਨੂੰ ਲਾ ਲਿਆ।”
“ਕੀਹਦਾ ਫੋਨ ਸੀ?”
“ਕੋਈ ਖਾੜਕੂ ਦੱਸਦਾ ਸੀ ਆਪਣੇ ਆਪ ਨੂੰ। ਕਹਿੰਦਾ, ਜੱਸੋਵਾਲ ਚਮਕੀਲੇ ਦੇ ਭੋਗ ‘ਤੇ ਸਾਡੇ ਖਿਲਾਫ਼ ਬੋਲ ਕੇ ਆਇਆ, ਉਹਦੇ ਮਾਰਨੀਆਂ ਗੋਲੀਆਂ।æææਅੱਗਿਉਂ ਉਹ ਪੈ ਗਈ ਟੁੱਟ ਕੇ। ਆਂਹਦੀ ਵੱਡਿਆ ਸੂਰਮਿਆ! ਆ ਜਾ ਫਿਰ ਗੇਟ ‘ਤੇ। ਮੈਂ ਵੀ ਜੱਟ ਦੀ ਧੀ ਨ੍ਹੀਂ ਜੇ ਮਰਦ ਬਣ ਕੇ ਨਾ ਟੱਕਰਾਂ! ਬੱਸ ਫਿਰ ਨੀਂਦ ਕੀ ਆਉਣੀ ਸੀ?”
ਤੇ ਫਿਰ ਅਸੀਂ ‘ਪੰਜਾਬੀ ਗਾਇਕੀ ਤੇ ਗਾਇਕਾਂ ਦਾ ਹੁਣ ਕੀ ਬਣੇਗਾ?’ ਵਿਸ਼ੇ ਉਤੇ ਬਿਨਾਂ ਚਾਹ ਪੀਤਿਆਂ ਹੀ ਤਬਸਰਾ ਕਰਦੇ ਰਹੇ।
ਇੰਜ ਵੇਖਦਿਆਂ-ਵੇਖਦਿਆਂ ਚਮਕੀਲਾ ਸਾਡੇ ਹੱਥਾਂ ਵਿਚੋਂ ਖਿਸਕ ਗਿਆ। ਵੱਡੇ ਬੁੱਧੀਜੀਵੀ ਤੇ ਲੇਖਕ ਭਾਵੇਂ ਇਹ ਕਹਿਣਗੇ ਕਿ ਅਸ਼ੋਕ ਆਹ ਕੀ ਲਿਖ ਰਿਹੈ ਪਰ ਚਿੜੀਆਂ ਦੀ ਮੌਤ ‘ਤੇ ਗਵਾਰ ਹੀ ਹੱਸਦੇ ਹੁੰਦੇ ਹਨ।

 

ਡੱਬੀ
ਵਾਰਦਾਤ ਦੀ ਚਸ਼ਮਦੀਦ ਗਵਾਹੀ
ਅਮਰ ਸਿੰਘ ਚਮਕੀਲੇ ਨਾਲ ਢੋਲਕ ਵਜਾਉਣ ਵਾਲਾ ਲਾਲ ਕਈ ਮਹੀਨੇ ਲਗਭਗ ਲੋਪ ਹੀ ਰਿਹਾ। ਉਹ ਸਭ ਤੋਂ ਵੱਧ ਡਰ ਇਸ ਕਰ ਕੇ ਗਿਆ ਸੀ ਕਿ ਇਹ ਕਤਲੋਗਾਰਤ ਉਹਨੇ ਅੱਖੀਂ ਵੇਖੀ ਸੀ। ਉਹ ਖ਼ੁਦ ਵੀ ਬਾਂਹ ਵਿਚ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਸੀ। ਉਸ ਚਸ਼ਮਦੀਦ ਗਵਾਹ ਨੇ ਜਿਵੇਂ ਉਹ ਦਰਦਨਾਕ ਦ੍ਰਿਸ਼ ਮੇਰੇ ਨਾਲ ਸਾਂਝਾ ਕੀਤਾ ਸੀ, ਇਨ-ਬਿਨ ਤੁਹਾਡੇ ਅੱਗੇ ਪੇਸ਼ ਕਰ ਰਿਹਾ ਹਾਂ। ਉਹਨੇ ਦੱਸਿਆ, “ਜਦੋਂ ਅਸੀਂ ਜਲੰਧਰ ਜ਼ਿਲ੍ਹੇ ਦੇ ਪਿੰਡ ਮਹਿਸਮਪੁਰ ਪੁੱਜੇ ਤਾਂ ਜਿਥੇ ਪ੍ਰੋਗਰਾਮ ਹੋਣਾ ਸੀ, ਆਲੇ-ਦੁਆਲੇ ਹਲਕੀ ਠੰਢ ਹੋਣ ਕਾਰਨ ਲੋਕਾਂ ਨੇ ਕੰਬਲੀਆਂ-ਖੇਸੀਆਂ ਦੀਆਂ ਬੁੱਕਲਾਂ ਮਾਰੀਆਂ ਹੋਈਆਂ ਸਨ। ਵਿਆਹ ਵਾਲਿਆਂ ਦੇ ਘਰੋਂ ਜਦੋਂ ਅਸੀਂ ਚਾਹ ਪੀ ਕੇ ਉਥੇ ਪੁੱਜੇ, ਖੱਬੇ ਪਾਸੇ ਕਾਰ ਵਿਚੋਂ ਪਹਿਲਾਂ ਅਮਰਜੋਤ ਪਿਛਲੀ ਬਾਰੀ ‘ਚੋਂ ਨਿਕਲੀ ਤਾਂ ਗੋਲੀਆਂ ਦਾ ਮੀਂਹ ਵਰ੍ਹ ਪਿਆ। ਆਵਾਜ਼ ਬਿਲਕੁਲ ਮੱਧਮ ਸੀ। ਅਮਰਜੋਤ ਨੂੰ ਘਰ ਵਿਚ ਲਾਡ ਨਾਲ ਬੱਬੀ ਕਹਿੰਦੇ ਸਨ। ਕਈ ਵਾਰ ਉਹਦੀਆਂ ਲੱਤਾਂ ਸੌ ਜਾਂਦੀਆਂ ਸਨ। ਜਦੋਂ ਉਹ ਗੋਲੀਆਂ ਲੱਗਣ ਨਾਲ ਡਿੱਗੀ ਤਾਂ ਚਮਕੀਲੇ ਨੂੰ ਬਿਲਕੁਲ ਪਤਾ ਨਾ ਲੱਗਾ। ਉਹ ਦੂਜੀ ਬਾਰੀ ‘ਚੋਂ ਉਤਰ ਕੇ ਘੁੰਮ ਕੇ ਆਇਆ ਤਾਂ ਪੁੱਛਿਆ, ‘ਬੱਬੀ ਕੀ ਹੋਇਆ ਤੈਨੂੰ?’ ਇਕ ਹੋਰ ਸਿੰਘ ਨੇ ਬੁੱਕਲ ‘ਚੋਂ ਇਹ ਕਹਿ ਕੇ ਅਸਾਲਟ ਕੱਢੀ ਕਿ ‘ਠਹਿਰ ਜਾ, ਤੈਨੂੰ ਵੀ ਦੱਸਦੇ ਆਂ’, ਤੇ ਛਾਤੀ ਗੋਲੀਆਂ ਨਾਲ ਛਲਣੀ ਕਰ ਦਿੱਤੀ। ਹਫੜਾ-ਦਫੜੀ ਵਿਚ ਲੋਕ ਭੱਜਣ ਲੱਗੇ। ਫਿਰ ਦੇਬੂ ਦੀ ਵਾਰੀ ਆਈ। ਉਹਦੇ ਵਰ੍ਹਦੀਆਂ ਗੋਲੀਆਂ ‘ਚੋਂ ਇਕ ਮੇਰੀ ਬਾਂਹ ‘ਚੀਂ ਨਿਕਲ ਗਈ। ਮੈਂ ਭੱਜ ਕੇ ਮੰਜਿਆਂ ‘ਤੇ ਪਈਆਂ ਰਜਾਈਆਂ ਵਿਚ ਲੁਕ ਗਿਆ। ਹਰਜੀਤ ਕਾਰ ਦੀ ਅਗਲੀ ਸੀਟ ‘ਤੇ ਬੈਠਾ ਸੀ। ਉਹਨੂੰ ਕਹਿੰਦੇ ਰਹੇ, ‘ਭੱਜੀਂ ਨਾ, ਤੈਨੂੰ ਕੁਝ ਨਹੀਂ ਕਹਿੰਦੇ।’ ਤੇ ਜਾਣ ਲੱਗਿਆਂ ਨੇ ਉਹਦੀ ਧੌਣ ਉਪਰ ਨੂੰ ਚੁਕਾਈ ਤੇ ਸਾਹ ਰਗ ਕੋਲੋਂ ਗੋਲੀ ਲੰਘਾ’ਤੀ। ਉਹਦੀ ਗਰਦਨ ਵਿਚੋਂ ਪਿਛਲੇ ਪਾਸਿਉਂ ਚੀਥੜੇ ਉਡਦੇ ਮੈਂ ਵੇਖੇ।
ਤੇ ਪੁਲਿਸ ਆਉਣ ਤੱਕ ਲਾਸ਼ਾਂ ਹੇਠਾਂ ਪਈਆਂ ਸਨ ਤੇ ਘਰ ਦੇ ਰਿਸ਼ਦੇਦਾਰ ਤੇ ਅਸੀਂ ਲੁਕੇ ਬੈਠ ਰਹੇ।

Be the first to comment

Leave a Reply

Your email address will not be published.