ਫੌਜੀ ਬੂਟਾਂ ਖਿਲਾਫ ਜੱਦੋਜਹਿਦ ਅਤੇ ਬੋਲੇ ਹਾਕਮ

ਬੂਟਾ ਸਿੰਘ
ਫ਼ੋਨ: +9194634-74342
ਸਾਲ 2012 ਦੀ 2 ਨਵੰਬਰ ਨੂੰ ‘ਫ਼ੌਲਾਦੀ ਔਰਤ’ (ਆਇਰਨ ਲੇਡੀ) ਨੂੰ ਮਰਨ ਵਰਤ ‘ਤੇ ਬੈਠਿਆਂ ਬਾਰਾਂ ਵਰ੍ਹੇ ਪੂਰੇ ਹੋ ਗਏ। ਉਸ ਦੀ ਜ਼ਿੰਦਗੀ ਮਨੀਪੁਰ ਦੇ ਸਰਕਾਰੀ ਹਸਪਤਾਲ ਵਿਚ ਨੱਕ ਵਿਚ ਲਾਈਆਂ ਨਾਲੀਆਂ ਰਾਹੀਂ ਧੱਕੇ ਨਾਲ ਦਿੱਤੇ ਜਾ ਰਹੇ ਖਾਣੇ ਸਹਾਰੇ ਧੜਕ ਰਹੀ ਹੈ। ਇਹ ‘ਫ਼ੌਲਾਦੀ ਔਰਤ’ ਮਨੀਪੁਰ ਦੀ ਬਹਾਦਰ ਧੀ ਇਰੋਮ ਸ਼ਰਮੀਲਾ ਚਾਨੂ ਹੈ ਜੋ ਆਪਣੀ ਸਰਜ਼ਮੀਨ ਤੋਂ ਜ਼ਾਲਮ ਕਾਨੂੰਨ ਅਫਸਪਾ (ਆਰਮਡ ਫੋਰਸਿਜ਼ ਸਪੈਸ਼ਲ ਪਾਵਰਜ਼ ਐਕਟ) ਦਾ ਮਨਹੂਸ ਸਾਇਆ ਖ਼ਤਮ ਕਰਨ ਦੀ ਮੰਗ ਨੂੰ ਲੈ ਕੇ 2 ਨਵੰਬਰ 2000 ਤੋਂ ਲਗਾਤਾਰ ਜਾਨ-ਹੂਲਵੀਂ ਲੜਾਈ ਲੜ ਰਹੀ ਹੈ। ਉਸ ਦੀ ਜਾਨ ਨਿਸੱਤੀ ਹੋ ਚੁੱਕੀ ਹੈ, ਇਸ ਦੇ ਬਾਵਜੂਦ ਇਰੋਮ ਦਾ ਫੌਲਾਦੀ ਇਰਾਦਾ, ਸਿਰੜ ਅਤੇ ਹੌਸਲਾ ਚਟਾਨ ਵਾਂਗ ਅਡੋਲ ਹੈ। ਕਿਹਾ ਜਾਂਦਾ ਹੈ ਕਿ ‘ਬਾਰਾਂ ਵਰ੍ਹੇ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ’, ਪਰ ਉਸ ਦੀ ਸਿਰੜੀ ਜੱਦੋਜਹਿਦ ਦਾ ਬਾਰਾਂ ਵਰ੍ਹੇ ਪਿੱਛੋਂ ਵੀ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਦੇ ਪੱਥਰ ਦਿਲ ਨਿਜ਼ਾਮ ਉੱਪਰ ਕੋਈ ਅਸਰ ਨਹੀਂ ਹੋ ਰਿਹਾ। ਹਥਿਆਰਬੰਦ ਲੜਾਈ ਲੜਨ ਵਾਲਿਆਂ ਨਾਲ ਗੱਲਬਾਤ ਲਈ ਤਾਂ ਇਹ ਹੁਕਮਰਾਨ ‘ਪਹਿਲਾਂ ਹਥਿਆਰ ਸੁੱਟ ਕੇ ਮੁੱਖਧਾਰਾ ਵਿਚ ਸ਼ਾਮਲ ਹੋਵੋ’ ਦੀ ਪੂਰਵ-ਸ਼ਰਤ ਲਾ ਦਿੰਦੇ ਹਨ, ਪਰ ਇਰੋਮ ਦੀ ਜੱਦੋਜਹਿਦ ਤਾਂ ਹੈ ਹੀ ਸ਼ਾਂਤਮਈ! ਫਿਰ ਉਸ ਨਾਲ ਗੱਲਬਾਤ ਦੇ ਦਰਵਾਜ਼ੇ ਬੰਦ ਕਿਉਂ? ਰਾਜਧਾਨੀ ਵਿਚ ‘ਰਾਸ਼ਟਰ ਪਿਤਾ’ ਦੀ ਸਮਾਧੀ (ਰਾਜਘਾਟ) ‘ਤੇ ਰੋਸ ਵਿਖਾਵਾ, ਪ੍ਰਧਾਨ ਮੰਤਰੀ ਨੂੰ ਚਿੱਠੀਆਂ, ਅੰਨਾ ਹਜ਼ਾਰੇ ਨੂੰ ਅਪੀਲਾਂ, ਲਗਾਤਾਰ ਮਰਨ ਵਰਤ, ਗੱਲ ਕੀ ਉਹ ਹਰ ਢੰਗ ਨਾਲ ਆਪਣੀ ਮੰਗ ਉਠਾਉਂਦੀ ਰਹੀ ਹੈ। ਹੁਕਮਰਾਨਾਂ ਨੇ ਉਸ ਦੀ ਮੰਗ ਨੂੰ ਵਿਚਾਰਨ ਦੀ ਲੋੜ ਵੀ ਕਦੇ ਨਹੀਂ ਸਮਝੀ। ਮੁਲਕ ਦਾ ਮੱਧ ਵਰਗ ਜੋ ਰਾਮ ਲੀਲ੍ਹਾ ਮੈਦਾਨ ‘ਚ ਅੰਨਾ ਹਜ਼ਾਰੇ, ਅਰਵਿੰਦ ਕੇਜਰੀਵਾਲ ਜਾਂ ਰਾਮਦੇਵ ਵੱਲੋਂ ਮਰਨ ਵਰਤ ਰੱਖਣ ‘ਤੇ ਸੜਕਾਂ ਜਾਮ ਕਰ ਦਿੰਦਾ ਹੈ, ਇਰੋਮ ਦੇ ਸੰਘਰਸ਼ ਨੂੰ ਪੂਰੀ ਤਰ੍ਹਾਂ ਨਜ਼ਰ-ਅੰਦਾਜ਼ ਕਰ ਰਿਹਾ ਹੈ, ਦੱਬੇ-ਕੁਚਲੇ ਲੋਕਾਂ ਦੇ ਹੋਰ ਬੇਸ਼ੁਮਾਰ ਸੰਘਰਸ਼ਾਂ ਵਾਂਗ। ਅੰਨਾ ਹਜ਼ਾਰੇ ਤੇ ਕੇਜਰੀਵਾਲ ਦੀਆਂ ‘ਟੀਮਾਂ’ ਅਤੇ ਇਨ੍ਹਾਂ ਦੀ ਆਵਾਜ਼ ਮੁਲਕ ਦੇ ਘਰ ਘਰ ਪਹੁੰਚਾਉਣ ਵਾਲਾ ‘ਮੁੱਖਧਾਰਾ’ ਮੀਡੀਆ ਵੀ ਇਸ ਸੰਘਰਸ਼ ਬਾਰੇ ਕਦੇ ਮੂੰਹ ਨਹੀਂ ਖੋਲ੍ਹਦਾ, ਇਰੋਮ ਵਲੋਂ ਉਠਾਏ ਮੁੱਦੇ ਦੀ ਹਮਾਇਤ ਕਰਨ ਦੀ ਤਾਂ ਗੱਲ ਹੀ ਛੱਡੋ। ਵਜਾ੍ਹ ਸਪਸ਼ਟ ਹੈ: ਅਫਸਪਾ ਵਰਗੇ ਤਮਾਮ ਜ਼ਾਲਮ ਕਾਨੂੰਨਾਂ ਦਾ ਸੰਤਾਪ ਭੋਗ ਰਹੇ ਲੋਕ ਇਨ੍ਹਾਂ ਲਈ ਕੋਈ ਮਾਅਨੇ ਨਹੀਂ ਰੱਖਦੇ। ਸਿਵਲ ਸੁਸਾਇਟੀ ਹੋਣ ਦੇ ਦਾਅਵੇਦਾਰ ਇਹ ਕੁਲੀਨ ਲੋਕ ‘ਮੁੱਖ ਧਾਰਾ’ ਦੇ ਸਰੋਕਾਰਾਂ ਅਤੇ ਮੁਲਕ ਦੀ ‘ਏਕਤਾ-ਅਖੰਡਤਾ’ ਦਾ ਰਾਗ ਅਲਾਪ ਕੇ ਹੀ ਸੰਤੁਸ਼ਟ ਹਨ ਜਾਂ ਫਿਰ ਕਾਰਪੋਰੇਟ ਸਰਮਾਏਦਾਰੀ ਦੇ ਅਸਲ ਭ੍ਰਿਸ਼ਟਾਚਾਰ ‘ਤੇ ਪਰਦਾਪੋਸ਼ੀ ਕਰਨ ਲਈ ਮਹਿਜ਼ ਸਿਆਸੀ ਕੋੜਮੇ ਦੇ ਭ੍ਰਿਸ਼ਟਾਚਾਰ ਦਾ ਹੋ-ਹੱਲਾ ਮਚਾ ਕੇ।
ਇਰੋਮ ਸ਼ਰਮੀਲਾ ਦੀ ਲੜਾਈ ਬਿਲਕੁਲ ਵੱਖਰੇ ਸਰੋਕਾਰਾਂ ਅਤੇ ਹਿੱਤਾਂ ਦੀ ਲੜਾਈ ਹੈ। ਸਤਹੀ ਤੌਰ ‘ਤੇ ਦੇਖਿਆਂ ਉਸ ਦੀ ਜੱਦੋਜਹਿਦ ਮਨੀਪੁਰ ਅੰਦਰ ਅਫਸਪਾ ਦੀਆਂ ਬੇਥਾਹ ਜਾਬਰ ਤਾਕਤਾਂ ਨਾਲ ਲੈਸ ਭਾਰਤੀ ਫ਼ੌਜ ਦੇ ਜ਼ੁਲਮਾਂ ਨੂੰ ਖ਼ਤਮ ਕਰਾਉਣਾ ਜਾਪਦੀ ਹੈ, ਪਰ ਅਸਲ ਵਿਚ ਇਹ ਲੜਾਈ ਇਸ ਸਮੁੱਚੇ ਖਿੱਤੇ ‘ਚ ਵਸਦੀਆਂ ਦੱਬੀਆਂ-ਕੁਚਲੀਆਂ ਕੌਮੀਅਤਾਂ ਦੀ ਵਡੇਰੀ ਜਮਹੂਰੀ ਜੱਦੋਜਹਿਦ ਦਾ ਹਿੱਸਾ ਹੈ; ਜੋ ਦੁਨੀਆ ਭਰ ‘ਚ ਪ੍ਰਵਾਨਤ ਸਵੈ-ਨਿਰਣੇ ਦੇ ਹੱਕ (ਸਮੇਤ ਵੱਖਰੇ ਹੋਣ ਦੇ) ਲਈ ਜੱਦੋਜਹਿਦ ਹੈ। ਉਨ੍ਹਾਂ ਕੁਲ ਕੌਮੀਅਤਾਂ ਦੀ ਜੱਦੋਜਹਿਦ ਜੋ ਇਸ ਖਿੱਤੇ ਨੂੰ ਅੰਗਰੇਜ਼ ਬਸਤੀਵਾਦੀਆਂ ਵਲੋਂ ਗ਼ੁਲਾਮ ਬਣਾ ਲੈਣ ਤੋਂ ਪਹਿਲਾਂ ਕਦੇ ਵੀ ‘ਅਖੰਡ ਭਾਰਤ’ ਦਾ ਹਿੱਸਾ ਨਹੀਂ ਰਹੀਆਂ। ਇਨ੍ਹਾਂ ਕੌਮੀਅਤਾਂ ਨੂੰ 1947 ਵਿਚ ਸੱਤਾ ਦੇ ਤਬਾਦਲੇ ਉਪਰੰਤ ਇਕਤਰਫ਼ਾ ਤੌਰ ‘ਤੇ ਭਾਰਤ ਦਾ ਹਿੱਸਾ ਐਲਾਨ ਦਿੱਤਾ ਗਿਆ; ਬਿਨਾ ਕੋਈ ਜਮਹੂਰੀ ਅਮਲ ਅਪਣਾਏ, ਬਿਨਾ ਕੋਈ ਰਾਇ-ਸ਼ੁਮਾਰੀ ਕਰਵਾਏ ਅਤੇ ਬਿਨਾ ਉਨ੍ਹਾਂ ਦੀ ਰਜ਼ਾਮੰਦੀ ਲਏ। ਮਨੀਪੁਰੀ ਲੋਕ ਉਨ੍ਹਾਂ ਕੌਮੀਅਤਾਂ ਵਿਚੋਂ ਇਕ ਹਨ ਜਿਨ੍ਹਾਂ ਨੇ ਅੱਜ ਤੱਕ ਇਸ ਹੋਣੀ ਨੂੰ ਪ੍ਰਵਾਨ ਨਹੀਂ ਕੀਤਾ। ਕਸ਼ਮੀਰ ਤੇ ਉੱਤਰ-ਪੂਰਬ ਦੀਆਂ ਹੋਰ ਕੌਮੀਅਤਾਂ ਵਾਂਗ ਉਨ੍ਹਾਂ ਨੂੰ ਵੀ ਫ਼ੌਜੀ ਤਾਕਤ ਦੇ ਜ਼ੋਰ ਭਾਰਤ ਦਾ ਹਿੱਸਾ ਬਣਾ ਕੇ ਰੱਖਿਆ ਜਾ ਰਿਹਾ ਹੈ। ਸਾਢੇ ਛੇ ਦਹਾਕਿਆਂ ‘ਚ ਭਾਰਤੀ ਹੁਕਮਰਾਨਾਂ ਨੇ ਇਕ ਵੀ ਕਦਮ ਅਜਿਹਾ ਨਹੀਂ ਚੁੱਕਿਆ ਜਿਸ ਦੀ ਫ਼ਿਤਰਤ ਜਮਹੂਰੀ ਹੋਵੇ; ਜਿਸ ਵਿਚੋਂ ਕੌਮੀਅਤਾਂ ਦੀਆਂ ਭਾਵਨਾਵਾਂ ਤੇ ਰੀਝਾਂ ਦੇ ਸਤਿਕਾਰ ਦਾ ਹਾਂ-ਪੱਖੀ ਵਤੀਰਾ ਝਲਕਦਾ ਹੋਵੇ। ਇਸ ਦੇ ਉਲਟ, ਉਨ੍ਹਾਂ ਦੀਆਂ ਰੀਝਾਂ ਨਾਲ ਖਿਲਵਾੜ ਅਤੇ ਵਾਅਦਾ-ਖ਼ਿਲਾਫ਼ੀ ਦੀਆਂ ਬਥੇਰੀਆਂ ਮਿਸਾਲਾਂ ਮਿਲ ਜਾਂਦੀਆਂ ਹਨ। ਜਦੋਂ ਹੁਕਮਰਾਨਾਂ ਨੇ ਉਨ੍ਹਾਂ ਸੂਬਿਆਂ ਦੇ ਅਵਾਮ ਦੇ ਹਿੱਤਾਂ ਦੀ ਪ੍ਰਵਾਹ ਕਰਨ ਦੀ ਕਦੇ ਲੋੜ ਨਹੀਂ ਸਮਝੀ ਜੋ ਖ਼ੁਦ ਨੂੰ ‘ਮੁੱਖਧਾਰਾ’ ਤਸਲੀਮ ਕਰਦੇ ਹਨ, ਫਿਰ ਗ਼ੈਰ ਮੁੱਖਧਾਰਾ ਵਾਲੇ ਇਨ੍ਹਾਂ ਦੇ ਕੀ ਲਗਦੇ ਹਨ! ਸੱਚਾ ਵਿਕਾਸ ਘੱਟੋਘੱਟ ਇਨ੍ਹਾਂ ਕੌਮੀਅਤਾਂ ਦੀ ਬੇਗਾਨਗੀ ਦੀ ਚੋਭ ਨੂੰ ਘਟਾ ਜ਼ਰੂਰ ਸਕਦਾ ਸੀ, ਪਰ ਭਾਰਤੀ ਹਾਕਮ ਜਮਾਤਾਂ ਇਸ ਸੁਭਾਅ ਦੀਆਂ ਮਾਲਕ ਨਹੀਂ ਹਨ। ਇਹ ਭਾਰਤੀ ਰਾਜ ਪ੍ਰਤੀ ਬੇਯਕੀਨੀ ਅਤੇ ਅਸੰਤੁਸ਼ਟੀ ‘ਚੋਂ ਪੈਦਾ ਹੋਏ ਕਿਸੇ ਵੀ ਮਸਲੇ ਨੂੰ ਗੱਲਬਾਤ ਰਾਹੀਂ ਹੱਲ ਕਰਨ ਲਈ ਜਮਹੂਰੀ ਰਾਜਸੀ ਅਮਲ ਅਪਣਾਉਣ ‘ਚ ਵਿਸ਼ਵਾਸ ਨਹੀਂ ਰੱਖਦੀਆਂ ਸਗੋਂ ਹਰ ਮੁੱਦੇ ਨੂੰ ‘ਅਮਨ-ਕਾਨੂੰਨ’ ਦਾ ਮਸਲਾ ਬਣਾ ਕੇ ਫ਼ੌਜੀ ਤਾਕਤ ਨਾਲ ਨਜਿੱਠਣ ਦੀ ਜਮਾਂਦਰੂ ਮਰਜ਼ ਦਾ ਸ਼ਿਕਾਰ ਹਨ। ਇਸ ਖਿੱਤੇ ਨੂੰ ਭਾਰਤੀ ਵੱਡੀ ਸਰਮਾਏਦਾਰੀ ਦੀ ਸਾਲਮ ਮੰਡੀ ਦਾ ਹਿੱਸਾ ਬਣਾਈ ਰੱਖਣ ਦੀ ਪਸਾਰਵਾਦੀ ਲਾਲਸਾ ਵਿਚੋਂ ਇਹ ਕੋਈ ਵੀ ਘੋਰ ਬੇਰਹਿਮ ਕਦਮ ਚੁੱਕ ਸਕਦੀਆਂ ਹਨ ਅਤੇ ਚੁੱਕਦੀਆਂ ਆ ਰਹੀਆਂ ਹਨ। ਕੌਮੀ ਏਕਤਾ ਦਾ ਸ਼ੋਰ 1947 ਤੋਂ ਲੈ ਕੇ ਇਸ ਮੁਲਕ ਦੇ ਹਿੱਤਾਂ ਦੇ ਖ਼ਿਲਾਫ਼ ਕੰਮ ਕਰਨ ਵਾਲੇ ਹੁਕਮਰਾਨਾਂ ਲਈ ਆਪਣੇ ਵਾਅਦਾ-ਖ਼ਿਲਾਫ਼ ਕਿਰਦਾਰ ਢਕਣ ਅਤੇ ਹਰ ਜਮਹੂਰੀ ਸਿਆਸੀ ਵਿਰੋਧ ਨੂੰ ਕੁਚਲਣ ਲਈ ਤਾਣਿਆ ਭਰਮਾਊ ਪਰਦਾ ਹੈ। ਅਫਸਪਾ ਤਹਿਤ ਕਿਸੇ ਇਲਾਕੇ ਨੂੰ ਗੜਬੜ ਵਾਲਾ ਕਰਾਰ ਦੇ ਕੇ ਭਾਰਤੀ ਫ਼ੌਜ ਨੂੰ ਮਨਮਾਨੀਆਂ ਕਰਨ ਦੇ ਅਸੀਮ ਅਖ਼ਤਿਆਰਾਂ ਦੀ ਬਖ਼ਸ਼ਿਸ਼ ਇਸੇ ਪਹੁੰਚ ਤਹਿਤ ਕੀਤੀ ਗਈ ਹੈ।
ਜਦੋਂ ਤੋਂ ਇਹ ਐਕਟ ਲਿਆਂਦਾ ਗਿਆ ਹੈ, ਉਦੋਂ ਤੋਂ ਹੀ ਮੁਲਕ ਦੇ ਕੁਝ ‘ਹਿੱਸੇ’ ਸੱਚਮੁੱਚ ਹੀ ਫ਼ੌਜੀ ਰਾਜ ਅਤੇ ਫ਼ੌਜ ਦੇ ਲਗਾਤਾਰ ਕਬਜ਼ੇ ਹੇਠ ਹਨ। 1958 ਦੇ ਇਸ ਐਕਟ ‘ਚ ਫ਼ੌਜ ਅਤੇ ਨੀਮ-ਫ਼ੌਜੀ ਤਾਕਤਾਂ ਨੂੰ ਇਹ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਬਿਨਾ ਕਿਸੇ ਜਵਾਬਦੇਹੀ ਦੇ, ਮਹਿਜ਼ ਸ਼ੱਕ ਦੇ ਆਧਾਰ ‘ਤੇ ਹੀ ਕਿਸੇ ਵੀ ਬੰਦੇ ਦੀ ਜਾਨ ਲੈ ਸਕਦੀਆਂ ਹਨ। ਅਜਿਹਾ ਕਰਨ ‘ਤੇ ਉਨ੍ਹਾਂ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੀ ਕੋਈ ਕਾਨੂੰਨੀ ਕਾਰਵਾਈ ਨਾ ਹੋਣ ਦੀ ਜ਼ਾਮਨੀ ਹੈ ਅਫਸਪਾ। ਜਦੋਂ ਕਿਸੇ ਕਤਲੇਆਮ ਜਾਂ ਗ਼ੈਰ-ਅਦਾਲਤੀ ਕਤਲਾਂ ਸਬੰਧੀ ਕੋਈ ਮਨੁੱਖੀ ਅਧਿਕਾਰ ਜਥੇਬੰਦੀ ਜਾਂ ਕੋਈ ਹੋਰ ਧਿਰ ਮੁਲਕ ਦੀ ਨਿਆਂ-ਪ੍ਰਣਾਲੀ ਤੱਕ ਪਹੁੰਚ ਕਰਕੇ ਫ਼ੌਜੀ ਜਾਂ ਨੀਮ-ਫ਼ੌਜੀ ਤਾਕਤਾਂ ਵਿਰੁੱਧ ਕਾਰਵਾਈ ਲਈ ਚਾਰਾਜੋਈ ਕਰਦੀ ਹੈ ਤਾਂ ਕੇਂਦਰੀ ਗ੍ਰਹਿ ਮੰਤਰਾਲਾ ਝੱਟ ਸਰਬ-ਉੱਚ ਅਦਾਲਤ ਦਾ ਬੂਹਾ ਜਾ ਖੜਕਾਉਾਂਦਾਂ ਅਤੇ ਅਮਨ-ਕਾਨੂੰਨ ਦਾ ਵਾਸਤਾ ਪਾ ਕੇ ਨਿਆਂ ਪ੍ਰਣਾਲੀ ਦੀ ਕਲਮ ਦਾ ਅੱਗਾ ਰੋਕ ਲੈਂਦਾ ਹੈ। ਬੇਲਗਾਮ ਅਧਿਕਾਰਾਂ ਨਾਲ ਲੈਸ ਭਾਰਤੀ ਫ਼ੌਜ ਤੇ ਨੀਮ-ਫ਼ੌਜ ਉਨ੍ਹਾਂ ਖੇਤਰਾਂ ‘ਚ ਕਿਵੇਂ ਪੇਸ਼ ਆਉਂਦੀਂ, ‘ਮੁੱਖਧਾਰਾ’ ਦੇ ਬੌਧਿਕ ਹਲਕੇ ਅਤੇ ਸਿਵਲ ਸੁਸਾਇਟੀ ਕਹਾਉਣ ਵਾਲੇ ਲੋਕ ਇਸ ਨੂੰ ਸਮਝਣ ਦੀ ਜਹਿਮਤ ਕਦੇ ਨਹੀਂ ਉਠਾਉਂਦੇ, ਪਰ ਉੱਥੋਂ ਦਾ ਬੱਚਾ ਬੱਚਾ ਅਫਸਪਾ ਦੇ ਜੇ ਸੰਵਿਧਾਨਕ ਨਹੀਂ, ਤਾਂ ਵਿਹਾਰਕ ਮਾਅਨੇ ਜ਼ਰੂਰ ਜਾਣਦਾ ਹੈ। ਉਨ੍ਹਾਂ ਨੂੰ ਪਤਾ ਹੈ ਕਿ ਅਫਸਪਾ ਦਾ ਮਤਲਬ ਹੈ ਹਰ ਚੌਕ-ਚੁਰਾਹੇ, ਹਰ ਗਲੀ-ਮੁਹੱਲੇ ਦੇ ਮੋੜ ‘ਤੇ ਫ਼ੌਜ ਦਾ ਬੰਦੂਕਾਂ ਤਾਣ ਕੇ ਗੋਲੀ ਚਲਾਉਣ ਲਈ ਤਿਆਰ ਬਰ-ਤਿਆਰ ਤਾਇਨਾਤ ਰਹਿਣਾ, ਅਕਸਰ ਹੀ ਘੇਰਾਬੰਦੀਆਂ ਅਤੇ ਤਲਾਸ਼ੀਆਂ, ਚੁੱਪ-ਚੁਪੀਤੇ ਹੀ ਕਿਸੇ ਨੂੰ ਵੀ ਚੁੱਕ ਲਿਜਾਣਾ, ਹਿਰਾਸਤ ‘ਚ ਅਕਹਿ ਤਸੀਹੇ, ਗ਼ੈਰ ਅਦਾਲਤੀ ਕਤਲ, ਔਰਤਾਂ ਨਾਲ ਬਲਾਤਕਾਰ, ਸੁੰਨਸਾਨ ਥਾਵਾਂ ‘ਤੇ ਬੇਪਛਾਣ ਲਾਸ਼ਾਂ ਮਿਲਣਾ, ਕਰਫਿਊ, ਸਕੂਲ ਕਾਲਜ ਬੰਦ ਰਹਿਣਾ। ਇਹ ਮੰਜ਼ਰ ਉਨ੍ਹਾਂ ਦੇ ਰੋਜ਼ਮਰਾ ਅਨੁਭਵਾਂ ਦਾ ਹਿੱਸਾ ਹੈ। ਨਿੱਤ ਦੀ ਇਹ ਜ਼ਲਾਲਤ, ਸੰਤਾਪ ਅਤੇ ਦੋਜਕ ਮਨੀਪੁਰ ਦੇ ਹਰ ਬਾਸ਼ਿੰਦੇ ਨੂੰ ਤਾੜੇ ਵਾਂਗ ਪਿੰਜਦੇ ਹਨ। ਔਰਤ ਦੇ ਸੰਤਾਪ ਦੀ ਤਾਂ ਕੋਈ ਹੱਦ ਹੀ ਨਹੀਂ ਹੈ। ‘ਵਿਮੈਨ ਐਕਸ਼ਨ ਫਾਰ ਡਿਵੈਲਪਮੈਂਟ’ ਮੁਤਾਬਿਕ 15 ਨਵੰਬਰ 2011 ਤੱਕ ਮਨੀਪੁਰ ਵਿਚ 71 ਔਰਤਾਂ ਲਾਪਤਾ ਹੋ ਚੁੱਕੀਆਂ ਸਨ ਜਿਨ੍ਹਾਂ ਵਿਚੋਂ 52 ਸ਼ਾਦੀਸ਼ੁਦਾ ਸਨ। ਮਨੀਪੁਰੀ ਅਖ਼ਬਾਰ ‘ਸਾਂਗਈ ਐਕਸਪ੍ਰੈੱਸ’  ਦੀ ਕਾਲਮਨਵੀਸ ਅ੍ਹਾਥਮ ਅਨੀਤਾ ਦੇਵੀ ਅਨੁਸਾਰ ਮਨੀਪੁਰ ਦੀ ਹਰ ਔਰਤ ਆਪਣੀ ਜ਼ਿੰਦਗੀ ‘ਚ ਘੱਟੋਘੱਟ ਇਕ ਵਾਰ ਰਾਜਕੀ ਹਿੰਸਾ ਜਾਂ ਖੱਜਲ-ਖ਼ੁਆਰੀ ਦੀ ਸ਼ਿਕਾਰ ਜ਼ਰੂਰ ਹੋਈ ਹੈ। ਪੰਜਾਬ ਦੇ ਲੋਕ ਇਸ ਦਰਦ ਨੂੰ ਸਮਝ ਸਕਦੇ ਹਨ ਜਿਨ੍ਹਾਂ ਨੇ ‘ਪੰਜਾਬ ਮਸਲੇ’ ਸਮੇਂ ਪੂਰਾ ਇਕ ਦਹਾਕਾ ਅਜਿਹਾ ਸੰਤਾਪ ਹੱਡੀਂ ਹੰਢਾਇਆ ਹੈ।
ਭਾਰਤੀ ਫ਼ੌਜ ਵਲੋਂ ਰਚਾਏ ਸਿਰੇ ਦੇ ਘਿਣਾਉਣੇ ਕਾਂਡ ਨੇ ਕਾਲਮਨਵੀਸ ਤੇ ਸਮਾਜਕ ਕਾਰਕੁਨ ਇਰੋਮ ਸ਼ਰਮੀਲਾ ਨੂੰ ਐਸਾ ਝੰਜੋੜਿਆ ਕਿ ਉਸ ਨੇ ਉਦੋਂ ਤੱਕ ਅੰਨ-ਪਾਣੀ ਮੂੰਹ ਨਾ ਲਾਉਣ ਦਾ ਇਰਾਦਾ ਧਾਰ ਲਿਆ ਜਦੋਂ ਤੱਕ ਹਥਿਆਰਬੰਦ ਤਾਕਤਾਂ ਨੂੰ ਅਸੀਮ ਅਧਿਕਾਰ ਦੇਣ ਵਾਲਾ ਐਕਟ (ਅਫਸਪਾ) ਵਾਪਸ ਨਹੀਂ ਲਿਆ ਜਾਂਦਾ। 2 ਨਵੰਬਰ 2000 ਨੂੰ ਅਸਾਮ ਰਾਈਫ਼ਲਜ਼ ਦੇ ਜਵਾਨਾਂ ਨੇ ਇੰਫਾਲ ਹਵਾਈ ਅੱਡੇ ਦੇ ਨੇੜੇ ਮਾਲੋਮ ਇਲਾਕੇ ‘ਚ ਦਸ ਬੰਦਿਆਂ ਨੂੰ ਫਰਜ਼ੀ ਮੁਕਾਬਲੇ ਵਿਚ ਉਦੋਂ ਮਾਰ ਦਿੱਤਾ ਸੀ ਜਦੋਂ ਉਹ ਬੱਸ ਸਟਾਪ ‘ਤੇ ਖੜ੍ਹੇ ਬੱਸ ਦੀ ਇੰਤਜ਼ਾਰ ਕਰ ਰਹੇ ਸਨ। ਇਨ੍ਹਾਂ ਵਿਚ 62 ਸਾਲ ਦੀ ਇਕ ਔਰਤ ਸੀ ਅਤੇ ਇਕ ਲੜਕਾ ਸਿਨਮ ਚੰਦਰਾਮਣੀ ਵੀ ਸ਼ਾਮਲ ਸੀ ਜਿਸ ਨੂੰ ‘ਕੌਮੀ ਬਾਲ ਬਹਾਦਰੀ ਸਨਮਾਨ’ ਮਿਲ ਚੁੱਕਿਆ ਸੀ। 5 ਨਵੰਬਰ ਤੋਂ ਇਰੋਮ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ। ਇਸ ਤੋਂ ਤੀਜੇ ਦਿਨ ਹੀ ਉਸ ਨੂੰ ਤਾਜ਼ੀਰਾਤੇ-ਹਿੰਦ (ਇੰਡੀਅਨ ਪੀਨਲ ਕੋਡ) ਦੀ ਧਾਰਾ 309 (ਖ਼ੁਦਕੁਸ਼ੀ ਦਾ ਯਤਨ) ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਧੱਕੇ ਨਾਲ ਖਵਾਉਣ-ਪਿਆਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਜੋ ਅੱਜ ਤੱਕ ਜਾਰੀ ਹੈ। ਉਦੋਂ ਤੋਂ ਹੀ ਉਹ ਪੁਲਿਸ ਦੀ ਕੈਦ ‘ਚ ਹੈ। ਧੱਕੇ ਨਾਲ ਖਾਣਾ, ਝੂਠੀਆਂ ਯਕੀਨ-ਦਹਾਨੀਆਂ ਕੁਝ ਵੀ ਇਰੋਮ ਦੇ ਇਰਾਦੇ ਨੂੰ ਡੁਲਾ ਨਹੀਂ ਸਕੇ। ਇਉਂ ਵੀ ਨਹੀਂ ਹੈ ਕਿ ਇਰੋਮ ਇਸ ਜੱਦੋਜਹਿਦ ‘ਚ ‘ਕੱਲੀ ਹੈ; ਅਜਿਹੇ ਜ਼ਾਲਮ ਕਾਨੂੰਨਾਂ ਖ਼ਿਲਾਫ਼ ਆਵਾਜ਼ ਉਠਾਉਣ ਵਾਲਾ ਅਤੇ ਇਨ੍ਹਾਂ ਨੂੰ ਖ਼ਤਮ ਕਰਨ ਦੀ ਮੰਗ ਕਰਨ ਵਾਲਾ ਹਰ ਜਮਹੂਰੀਅਤਪਸੰਦ ਇਨਸਾਨ ਇਰੋਮ ਨਾਲ ਹਮਦਰਦੀ ਰੱਖਦਾ ਹੈ ਅਤੇ ਉਸ ਦੇ ਕਾਜ ਦਾ ਹਮਾਇਤੀ ਹੈ। ਹਰ ਮਨੀਪੁਰੀ ਆਪੋ ਆਪਣੇ ਢੰਗ ਨਾਲ ਉਸ ਦੀ ਜੱਦੋਜਹਿਦ ‘ਚ ਸ਼ਾਮਲ ਹੈ।
11 ਜੁਲਾਈ 2004 ਨੂੰ ਜਦੋਂ ਆਸਾਮ ਰਾਈਫਲਜ਼ ਨੇ 32 ਸਾਲਾ ਔਰਤ ਥੰਗਜਮ ਮਨੋਰਮਾ ਨੂੰ ਉਸ ਦੇ ਘਰੋਂ (ਇੰਫਾਲ ਵਿਚੋਂ) ਅਗਵਾ ਕਰ ਕੇ ਬਲਾਤਕਾਰ ਕਰਨ ਅਤੇ ਹੋਰ ਘੋਰ ਤਸੀਹੇ ਦੇਣ ਪਿੱਛੋਂ ਕਤਲ ਕਰ ਕੇ ਉਸ ਦੀ ਲਾਸ਼ ਸੜਕ ਕੰਢੇ ਸੁੱਟ ਦਿੱਤੀ (ਅਤੇ ਨਾਲ ਹੀ ਵੱਖਵਾਦੀ ਬਾਗ਼ੀ ਗ਼ਰਦਾਨ ਕੇ ਇਕ ਨੌਜਵਾਨ ਜਾਮਖੋਲਤ ਖੌਂਗਸੇ ਨੂੰ ਫਰਜ਼ੀ ਮੁਕਾਬਲੇ ‘ਚ ਮਾਰ ਦਿੱਤਾ) ਤਾਂ ਮਨੀਪੁਰੀ ਔਰਤਾਂ ਦਾ ਸਬਰ ਜਵਾਬ ਦੇ ਗਿਆ। 40 ਔਰਤਾਂ ਨੇ 15 ਜੁਲਾਈ ਨੂੰ ਨਿਰਵਸਤਰ ਹੋ ਕੇ ਇਸ ਨੀਮ-ਫ਼ੌਜੀ ਤਾਕਤ ਦੇ ਕੈਂਪ ਕਾਂਗਲਾ ਕਿਲੇ ਅੱਗੇ ਪ੍ਰਦਰਸ਼ਨ ਕੀਤਾ ਅਤੇ ਜੱਗ ਨੂੰ ਮਨੀਪੁਰੀ ਲੋਕਾਂ ਦੀ ਲੂੰ-ਕੰਡੇ ਖੜ੍ਹੇ ਕਰਨ ਵਾਲੀ ਹਾਲਤ ਤੋਂ ਜਾਣੂੰ ਕਰਾਇਆ। ਉਨ੍ਹਾਂ ਨੇ ਬੈਨਰ ਚੁੱਕੇ ਹੋਏ ਸਨ: ‘ਭਾਰਤੀ ਫ਼ੌਜ ਸਾਡੇ ਨਾਲ ਬਲਾਤਕਾਰ ਕਰਦੀ ਹੈ’, ‘ਭਾਰਤੀ ਫ਼ੌਜ ਸਾਡਾ ਮਾਸ ਨੋਚਦੀ ਹੈ’। 36 ਔਰਤਾਂ ਨੂੰ ਗ੍ਰਿਫ਼ਤਾਰ ਕਰਕੇ ਤਿੰਨ ਮਹੀਨੇ ਜੇਲ੍ਹ ‘ਚ ਬੰਦ ਰੱਖਿਆ ਗਿਆ। ਇਨ੍ਹਾਂ ਵਿਚੋਂ 18 ਵਿਰੁੱਧ ਨੈਸ਼ਨਲ ਸਕਿਉਰਿਟੀ ਐਕਟ ਤਹਿਤ ਕੇਸ ਦਰਜ ਕੀਤੇ ਗਏ। ਜ਼ੁਲਮ ਦੀ ਇੰਤਹਾ ਨਾਲ ਮਨੀਪੁਰੀ ਲੋਕਾਂ ਦਾ ਰੋਹ ਸਗੋਂ ਹਰ ਭੜਕ ਉੱਠਿਆ। ਮਨੀਪੁਰੀ ਸਮਾਜ ਦਾ ਨਿਆਰਾਪਣ ਇਹ ਵੀ ਹੈ ਕਿ ਉਥੇ ਔਰਤਾਂ ਦੀ ਸਮਾਜਕ ਸਰਗਰਮੀ ‘ਚ ਹਿੱਸੇਦਾਰੀ ਵੱਡੇ ਪੱਧਰ ‘ਤੇ ਹੈ। ‘ਅਫਸਪਾ ਵਾਪਸ ਲਓ’ ਦੀ ਮੰਗ ਨੂੰ ਲੈ ਕੇ 32 ਔਰਤ ਜਥੇਬੰਦੀਆਂ ਨੇ ਮਿਲ ਕੇ ‘ਅਪੁਨਬਾ ਲੂਬ’ ਨਾਂ ਦਾ ਸਾਂਝਾ ਮੰਚ ਬਣਾ ਲਿਆ ਅਤੇ ਬਾਅਦ ‘ਚ ਇਸ ਵਿਚ ਹੋਰ ਜਥੇਬੰਦੀਆਂ ਵੀ ਸ਼ਾਮਲ ਹੋ ਗਈਆਂ। ਕਈ ਮਹੀਨੇ ਥਾਂ ਥਾਂ ਬੇਸ਼ੁਮਾਰ ਵਿਖਾਵਿਆਂ, ਧਰਨਿਆਂ, ਰੈਲੀਆਂ, ਮਨੀਪੁਰ ਬੰਦ ਦੇ ਰੂਪ ‘ਚ ਮਨੀਪੁਰੀ ਲੋਕਾਂ ਦੇ ਵਿਰੋਧ ਦਾ ਤਾਂਤਾ ਲੱਗਿਆ ਰਿਹਾ। ਇਸੇ ਦੀ ਕੜੀ ਵਜੋਂ 15 ਅਗਸਤ 2004 ਨੂੰ ਅਤਿ ਸੰਵੇਦਨਸ਼ੀਲ ਤੇ ਹਰਮਨਪਿਆਰੇ ਵਿਦਿਆਰਥੀ ਆਗੂ ਪੇਬਮ ਚਿਤਰੰਜਨ ਨੇ ਆਤਮਦਾਹ ਕਰਦੇ ਹੋਏ ਕਿਹਾ, “ਮੈਂ ਇਨ੍ਹਾਂ ਗ਼ੈਰਜਮਹੂਰੀ ਕਾਨੂੰਨਾਂ ਹੇਠ ਘੁੱਟ ਘੁੱਟ ਕੇ ਮਰਨ ਨਾਲੋਂ ਇਨ੍ਹਾਂ ਬਾਰੇ ਚੀਕ ਚੀਕ ਕੇ ਲੋਕਾਂ ਨੂੰ ਦੱਸਦੇ ਹੋਏ ਆਜ਼ਾਦੀ ਨਾਲ ਮਰਨਾ ਪਸੰਦ ਕਰਦਾ ਹਾਂ।” ਉਸ ਦੇ ਬੋਲ ਜ਼ੁਲਮ ਦੀ ਇੰਤਹਾ ਦਾ ਪਰਦਾਫਾਸ਼ ਕਰਦੇ ਸਨ। ਪਿੱਛੇ ਜਿਹੇ ਜਾਰੀ ਕੀਤੀ ਰਿਪੋਰਟ (4 ਮਾਰਚ 2012) ਵਿਚ ‘ਹਿਊਮਨ ਰਾਈਟਸ ਵਾਚ’ ਦਾ ਮੰਨਣਾ ਹੈ ਕਿ ਮਨੀਪੁਰ ਵਿਚ ‘ਅਤਿਵਾਦ’ ਦੇ ਵਾਧੇ ਪਿੱਛੇ ਫ਼ੌਜ ਦੇ ਅੱਤਿਆਚਾਰਾਂ ਦਾ ਹੱਥ ਹੈ।
ਅਫਸਪਾ ਹਟਾਉਣ ਅਤੇ ਸਵੈ-ਨਿਰਣੇ ਦਾ ਹੱਕ ਲੈਣ ਲਈ ਮਨੀਪੁਰੀ ਲੋਕਾਂ ਦੀ ਜੱਦੋਜਹਿਦ ਜਾਰੀ ਹੈ। 1947 ਤੋਂ ਪਹਿਲਾਂ ਉੱਤਰ-ਪੂਰਬ ਦੇ ਲੋਕ ਅੰਗਰੇਜ਼ ਬਸਤੀਵਾਦ ਵਿਰੁੱਧ ਬਗ਼ਾਵਤਾਂ ਕਰਦੇ ਰਹੇ ਅਤੇ 1947 ਤੋਂ ਬਾਅਦ ਭਾਰਤੀ ਰਾਜ ਵਿਰੁੱਧ ਲੜ ਰਹੇ ਹਨ। ਹਾਲ ਹੀ ਵਿਚ ਉਨ੍ਹਾਂ ਦੀ ਜੱਦੋਜਹਿਦ ਵਿਚ ‘ਵਿਕਾਸ ਪ੍ਰੋਜੈਕਟਾਂ’ ਦੇ ਨਾਂ ਹੇਠ ਉਜਾੜੇ ਤੇ ਤਬਾਹੀ ਦਾ ਮੁੱਦਾ ਵੀ ਸ਼ੁਮਾਰ ਹੋ ਗਿਆ ਹੈ। ਭਾਰਤ ਸਰਕਾਰ ਵਲੋਂ ਇੱਥੋਂ ਦੇ ਬਾਰਕ ਦਰਿਆ ਉੱਪਰ 1500 ਮੈਗਾਵਾਟ ਦਾ ਧੜਵੈਲ ਤਿਪਾਈ ਮੁੱਖ ਡੈਮ (ਅਤੇ 80 ਦੇ ਕਰੀਬ ਹੋਰ ਡੈਮ) ਬਣਾਉਣ ਦੀ ਯੋਜਨਾ ਉਲੀਕੀ ਗਈ ਹੈ ਜਿਸ ਨਾਲ ਸਿਰਫ਼ ਮਨੀਪੁਰ, ਅਸਾਮ ਅਤੇ ਮਿਜ਼ੋਰਮ ਵਿਚ ਹੀ ਨਹੀਂ ਸਗੋਂ ਬੰਗਲਾਦੇਸ਼ ਵਿਚ ਵੀ ਸਮਾਜੀ ਅਤੇ ਵਾਤਾਵਰਣ ਦੀ ਬਹੁਪਰਤੀ ਤਬਾਹੀ ਦਾ ਖ਼ਤਰਾ ਖੜ੍ਹਾ ਹੋ ਗਿਆ ਹੈ। ਇਸ ਨੇ ਮਨੀਪੁਰ ਅਤੇ ਅਸਾਮ ਦੇ ਲੋਕਾਂ ਦੇ ਰੋਹ ਨੂੰ ਹੋਰ ਜ਼ਰਬਾਂ ਦੇ ਦਿੱਤੀਆਂ ਹਨ। ਇਸ ਨਾਲ ਹਕੂਮਤੀ ਦਮਨ ਦਾ ਘੇਰਾ ਵੀ ਹੋਰ ਵਸੀਹ ਤੇ ਡੂੰਘਾ ਹੋ ਗਿਆ ਹੈ ਪਰ ਨਾਲ ਹੀ ‘ਫ਼ੌਲਾਦੀ ਔਰਤ’ ਦੀ ਜੱਦੋਜਹਿਦ ਦੀ ਅਹਿਮੀਅਤ ਤੇ ਸਾਰਥਿਕਤਾ ਵੀ ਵਧ ਗਈ ਹੈ।

Be the first to comment

Leave a Reply

Your email address will not be published.