ਸ਼ਹਿਦ ਦਾ ਛੱਤਾ-ਹੰਸ ਰਾਜ ਪ੍ਰਭਾਕਰ

ਵਰਿਆਮ ਸਿੰਘ ਸੰਧੂ
ਵਰਿਆਮ ਸੰਧੂ ਆਪਣੇ ਕੱਦ ਵਾਂਗ ਲੰਮਾ ਅਤੇ ਆਪਣੇ ਨਾਂ ਵਾਂਗ ਵਰਿਆਮ ਕਹਾਣੀਕਾਰ ਹੋ ਨਿਬੜਿਆ ਹੈ। ਉਹ ਪੰਜਾਬੀ ਕਹਾਣੀ ਦਾ ਅਜਿਹਾ ਹਸਤਾਖਰ ਹੈ ਜਿਸ ਨੇ ਪੰਜਾਬੀ ਨਿੱਕੀ ਕਹਾਣੀ ਵਿਚ ਮੁੱਢੋਂ-ਸੁੱਢੋਂ ਸਿਫਤੀ ਤਬਦੀਲੀ ਲਿਆਂਦੀ। ਵਰਿਆਮ ਸੰਧੂ ਨੇ ਜਦੋਂ ਵਾਰਤਕ ਲਿਖੀ ਤਾਂ ਉਸ ਦਾ ਰੰਗ ਵੀ ਕਹਾਣੀ ਵਰਗਾ ਸੀ। ਲੇਖਕ ਆਪਣੀਆਂ ਗੱਲਾਂ ਬੜੇ ਸਹਿਜ ਨਾਲ ਤੁਹਾਡੇ ਨਾਲ ਕਰੀ ਜਾ ਰਿਹਾ ਹੈ ਜਿਵੇਂ ਸੂਤ ਅਟੇਰਦੀ ਕਿਸੇ ਤ੍ਰੀਮਤ ਦਾ ਗਲੋਟਾ ਉਧੜਦਾ ਚਲਾ ਜਾਂਦਾ ਹੈ। ਇਸ ਲੇਖ ਵਿਚ ਉਸ ਨੇ ਗੱਲ ਕੀਤੀ ਹੈ ਕਿ ਸਾਹਿਤ ਪੜ੍ਹਨ ਦੀ ਚੇਟਕ ਉਸ ਨੂੰ ਕਿਵੇਂ ਲੱਗੀ। –ਸੰਪਾਦਕ

ਮੈਨੂੰ ਤੇ ਮੇਰੇ ਪਿਤਾ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਅਮਲ ਦੀ ਹੱਦ ਤੱਕ ਸੀ। ਅਸੀਂ ਪੜ੍ਹਨ ਲਈ ਏਧਰ-ਓਧਰ ਕਿਤਾਬਾਂ ਲੱਭਦੇ ਰਹਿੰਦੇ। ਮੈਨੂੰ ਆਪਣੇ ਪਿਤਾ ਤੋਂ ਪਤਾ ਲੱਗਾ ਕਿ ਸਾਡੇ ਪਿੰਡ ਦੇ ਸਰਪੰਚ ਸੇਵਾ ਸਿੰਘ ਦੇ ਘਰ ਸਰਕਾਰ ਨੇ ਲਾਇਬ੍ਰੇਰੀ ਬਣਾਉਣ ਵਾਸਤੇ ਕਿਤਾਬਾਂ ਭੇਜੀਆਂ ਹਨ। ਮੈਂ ਸੇਵਾ ਸਿੰਘ ਦੇ ਛੋਟੇ ਭਰਾ ਸੂਰਤਾ ਸਿੰਘ ਨੂੰ ਮਿਲਿਆ।
‘ਚਾਚਾ! ਸੁਣਿਐਂ ਸਰਕਾਰ ਨੇ ਪੰਚਾਇਤ ਨੂੰ ਲਾਇਬ੍ਰੇਰੀ ਬਣਾਉਣ ਲਈ ਕਿਤਾਬਾਂ ਘੱਲੀਆਂ ਨੇ। ਮੈਂ ਪੜ੍ਹਨ ਲਈ ਲੈਣੀਆਂ ਨੇ।’ ਚਾਚਾ ਸੂਰਤਾ ਸਿੰਘ ਕਹਿੰਦਾ, ‘ਵਰਿਆਮ ਸਿਹਾਂ! ਜਿੰਨੀਆਂ ਮਰਜੀ ਲੈ ਜਾ। ਆ ਮੇਰੇ ਨਾਲ।’
ਉਹਨੇ ਮੈਨੂੰ ਤੂੜੀ ਵਾਲੇ ਕੋਠੇ ਵਿਚ ਇੱਕ ਨੁੱਕਰੇ ਕਿਤਾਬਾਂ ਦੀਆਂ ਭਰੀਆਂ ਦੋ ਬੋਰੀਆਂ ਵੱਲ ਇਸ਼ਾਰਾ ਕੀਤਾ, ‘ਲੈ, ਲੈ ਜਾ ਜਿੰਨੀਆਂ ਚਾਹੀਦੀਆਂ ਨੇ। ਪੜ੍ਹ-ਪੁੜ ਕੇ ਮੋੜ ਜਾਈਂ। ਐਵੇਂ ਕੋਈ ਭੈਣ ਦੇਣਾ ਕਿਤਾਬਾਂ ਦਾ ਹਿਸਾਬ-ਕਿਤਾਬ ਲੈਣ ਆ ਜਾਂਦਾ ਹੋਵੇ!’
ਅਸੀਂ ਕੁੱਝ ਮਹੀਨਿਆਂ ਵਿਚ ਦੋਵੇਂ ਬੋਰੀਆਂ ਪੜ੍ਹ ਕੇ ‘ਮੁਕਾ’ ਦਿੱਤੀਆਂ।
ਇੰਝ ਹੀ ਅਤਰ ਸਿੰਘ ਦੇ ਸਾਥ ਨੇ ਮੈਨੂੰ ਕਿਤਾਬਾਂ ਲੱਭਣ ਵਿਚ ਹੋਰ ਵੀ ਹੁਲਾਰਵਾਂ ਉਤਸ਼ਾਹ ਦਿੱਤਾ। ਇੱਕ ਦਿਨ ਉਹਨੂੰ ਖ਼ਿਆਲ ਆਇਆ, ‘ਉਏ! ਆਪਣੇ ਸਕੂਲ ਵਿਚ ਵੀ ਤਾਂ ਅਲਮਾਰੀਆਂ ਵਿਚ ਕਿਤਾਬਾਂ ਭਰੀਆਂ ਪਈਆਂ ਨੇ। ਓਧਰ ਹੱਲਾ ਮਾਰੀਏ!’ ਫਿਰ ਅਤਰ ਸਿੰਘ ਨੇ ਹੀ ‘ਹੱਲਾ ਮਾਰਨ’ ਦੀ ਇੱਕ ਤਰਕੀਬ ਸੋਚੀ।
ਅਤਰ ਸਿੰਘ ਦੀ ਤਰਕੀਬ ਬਾਰੇ ਬਾਅਦ ਵਿਚ ਗੱਲ ਕਰਦੇ ਹਾਂ, ਪਹਿਲਾਂ ਉਸ ਵਿਅਕਤੀ ਦਾ ਜ਼ਿਕਰ ਕਰ ਲਈਏ ਜੋ ਇਸ ਤਰਕੀਬ ਦਾ ਸ਼ਿਕਾਰ ਵੀ ਹੋਇਆ ਪਰ ਜਿਸਨੇ ਅਣਜਾਣੇ ਵਿਚ ਹੀ ਮੇਰੀ ਏਨੀ ‘ਸਹਾਇਤਾ’ ਕੀਤੀ ਕਿ ਮੇਰੇ ਅੰਦਰ ਸ਼ਹਿਦ ਦਾ ਛੱਤਾ ਭਰ ਕੇ ਚੋਣ-ਚੋਣ ਕਰਨ ਲੱਗਾ।
ਉਹ ਵਿਅਕਤੀ ਸੀ ਮੇਰਾ ਅਧਿਆਪਕ ਮਾਸਟਰ ਹੰਸ ਰਾਜ ਪ੍ਰਭਾਕਰ। ਹੰਸ ਰਾਜ ਹਿਮਾਚਲ ਦੇ ਰਹਿਣ ਵਾਲਾ ਸੀ। ਸਾਡੇ ਸਕੂਲ ਵਿਚ ਉਹਦੀ ਪਹਿਲੀ ਨਿਯੁਕਤੀ ਸੀ। ਜਦੋਂ ਉਹਦੇ ਪਹਿਲੀ ਵਾਰ ਦਰਸ਼ਨ ਕੀਤੇ, ਉਹਨੇ ਚਿੱਟੇ ਲੱਠੇ ਦਾ ਕਮੀਜ਼-ਪਜਾਮਾ ਪਹਿਨਿਆ ਹੋਇਆ ਸੀ। ਅਸੀਂ ਅਜੇ ਛੇਵੀਂ-ਸਤਵੀਂ ਵਿਚ ਹੋਵਾਂਗੇ। ਉਹ ਸਾਨੂੰ ਦੋ ਗੱਲਾਂ ਕਰ ਕੇ ਬਹੁਤ ਦਿਲਚਸਪ ਲੱਗਦਾ। ਪਹਿਲੀ ਤੇ ਖ਼ਾਸ ਗੱਲ ਇਹ ਸੀ ਕਿ ਉਹ ਗੱਲ-ਬਾਤ ਪੰਜਾਬੀ ਵਿਚ ਨਹੀਂ, ਸਗੋਂ ਸਦਾ ਹਿੰਦੀ ਵਿਚ ਕਰਦਾ। ਉਦੋਂ ਤੱਕ ਪਿੰਡ ਵਿਚ ਅਸੀਂ ਹਿੰਦੀ ਵਿਚ ਗੱਲ ਕਰਦੇ ਬੰਦੇ ਬਹੁਤ ਘੱਟ ਵੇਖੇ-ਸੁਣੇ ਸਨ। ਦੂਜੀ ਗੱਲ ਕੋਈ ਬਹੁਤੀ ਚੰਗੀ ਨਹੀਂ ਸੀ, ਪਰ ਉਸ ਵੱਲ ਸਭ ਦਾ ਧਿਆਨ ਚਲਾ ਗਿਆ। ਉਹਨੂੰ ਸਿਗਰਟ ਪੀਣ ਦੀ ਭੈੜੀ ਆਦਤ ਸੀ। ਜਦੋਂ ਉਹਦਾ ਪੀਰੀਅਡ ਮੁੱਕਦਾ; ਉਹ ਸਕੂਲ ਦਾ ਪਿਛਲਾ ਦਰਵਾਜ਼ਾ ਲੰਘ ਕੇ ਬਾਹਰ ਨਿਕਲ ਜਾਂਦਾ ਤੇ ਅਗਲੇ ਹੀ ਪਲ ਕੰਧ ਦੇ ਉੱਤੋਂ ਦੀ ਸਿਗਰਟ ਦਾ ਧੂੰਆਂ ਵਰੋਲਾ ਬਣ ਕੇ ਉੱਚਾ ਉੱਠਣ ਲੱਗਦਾ। ਸਾਡੇ ਲਈ ਇਹ ਵੀ ਦਿਲਚਸਪ ਝਾਕੀ ਹੁੰਦੀ। ਅਸੀਂ ਕਹਿੰਦੇ, ‘ਔਹ ਚੱਲ ਪਿਆ ਜੇ ਬੰਬੂ ਕਾਟ!’
ਉਹ ਸਾਨੂੰ ਹਿੰਦੀ ਪੜ੍ਹਾਉਂਦਾ। ਉਹ ਆਪਣੇ ਵਿਸ਼ੇ ਦਾ ਮਾਹਰ ਸੀ। ਮੁਹਾਵਰਿਆਂ ਨੂੰ ਵਾਕਾਂ ਵਿਚ ਬਦਲਣ ਦੀ ਉਹਦੀ ਇੱਕ ਉਦਾਹਰਣ ਅੱਜ ਵੀ ਚੇਤੇ ਹੈ। ਉਹਨੇ ਕਿਹਾ, ‘ਆਂਖ ਲਗਨਾ’ ਨੂੰ ਵਾਕ ਵਿਚ ਵਰਤੋ। ਕਿਸੇ ਕੋਲੋਂ ਹਿੰਦੀ ਵਿਚ ਵਾਕ ਵਰਤੋਂ ਦੀ ਗੱਲ ਜਿਹੀ ਨਾ ਬਣਦੀ ਵੇਖ ਕੇ ਉਹਨੇ ਕਿਹਾ, ‘ਆਂਖ ਲਗਨਾ, ਨੀਂਦ ਆ ਜਾਨਾ। ਆਂਖ ਲਗਨਾ-ਕਿਸੀ ਸੇ ਪ੍ਰੇਮ ਹੋ ਜਾਨਾ। ਜਬ ਆਂਖ ਲਗਤੀ ਹੈ ਤੋਂ ਆਂਖ ਨਹੀਂ ਲਗਤੀ!’ ਉਹਦੀ ਇਹ ਮਿਸਾਲ ਸਾਰੀ ਉਮਰ ਨਹੀਂ ਭੁੱਲੀ।
ਪਰ ਏਥੇ ਉਹਦੇ ਬਾਰੇ ਦੱਸਣ ਵਾਲ਼ੀ ਵੱਡੀ ਗੱਲ ਤਾਂ ਅਤਰ ਸਿੰਘ ਦੀ ਉਸ ਹੱਲਾ-ਬੋਲੂ ਤਰਕੀਬ ਦੀ ਹੈ, ਜਿਸ ਦਾ ਜ਼ਿਕਰ ਅਸੀਂ ਸ਼ੁਰੂ ਵਿਚ ਕਰ ਆਏ ਹਾਂ। ਹੰਸ ਰਾਜ ਨੂੰ ਸਕੂਲ ਦੀ ਲਾਇਬ੍ਰੇਰੀ ਦਾ ਨਵਾਂ ਚਾਰਜ ਦਿੱਤਾ ਗਿਆ। ਉਹ ਖ਼ੁਦ ਪੰਜਾਬੀ ਪੜ੍ਹਨੀ ਨਹੀਂ ਸੀ ਜਾਣਦਾ। ਅਤਰ ਤੇ ਮੈਂ ਪਹਿਲਾਂ ਸੋਚੀ ਤਰਕੀਬ ਅਨੁਸਾਰ ਕੋਈ ਪੁਸਤਕ ਲਾਇਬ੍ਰੇਰੀ `ਚੋਂ ਕਢਵਾਉਣੀ। ਪੜ੍ਹਨ ਤੋਂ ਪਿੱਛੋਂ ਉਸ ਕਿਤਾਬ ਦੀ ਟਾਈਟਲ ਵਾਲ਼ੀ ਜਿਲਦ ਉਖਾੜ ਲੈਣੀ ਅਤੇ ਜਿਲਦ ਵਿਚ ਕੋਈ ਹੋਰ ਪਿਛਲੀ ਜਮਾਤ ਦੀ ਓਡੇ ਕੁ ਆਕਾਰ ਦੀ ਕਿਤਾਬ ਲੇਵੀ ਨਾਲ ਜੋੜ ਦੇਣੀ। ਪ੍ਰਭਾਕਰ ਨੂੰ ਦਿਖਾਉਣੀ। ਉਸ ਨੇ ਟਾਈਟਲ ਵੇਖ ਕੇ ਆਖਣਾ, ‘ਠੀਕ ਹੈ! ਅਲਮਾਰੀ `ਚ ਰੱਖ ਦਿਓ ਅਤੇ ਹੋਰ ਮਨ-ਪਸੰਦ ਕਿਤਾਬ ਲੈ ਲਓ … ।’
ਉਸਨੂੰ ਸਾਡੇ `ਤੇ ਅਜਿਹੀ ਕਰਤੂਤ ਕਰਨ ਦਾ ਕੋਈ ਸ਼ੱਕ ਹੈ ਹੀ ਨਹੀਂ ਸੀ। ਇਸ ਸਮੇਂ ਤੱਕ ਅਸੀਂ ਸਕੂਲ ਦੇ ਬਹੁਤ ‘ਲਾਇਕ ਅਤੇ ਹੋਣਹਾਰ’ ਵਿਦਿਆਰਥੀਆਂ ਵਿਚ ਗਿਣੇ ਜਾਣ ਲੱਗੇ ਸਾਂ। ਉਂਝ ਵੀ ਉਹ ਸਾਡੇ ਪੜ੍ਹਨ ਦੇ ਸ਼ੌਕ ਨੂੰ ਸਨੇਹ ਅਤੇ ਪ੍ਰਸੰਸਾ ਦੀਆਂ ਨਜ਼ਰਾਂ ਨਾਲ ਦੇਖਦਾ ਸੀ ਤੇ ਬੜੇ ਪਿਆਰ ਨਾਲ ਕਹਿੰਦਾ, ‘ਜੋ ਪੁਸਤਕ ਆਪ ਕੋ ਅੱਛੀ ਲਗਤੀ ਹੈ, ਲੇ ਜਾਓ। ਪੜ੍ਹ ਕੇ ਜਲਦੀ ਵਾਪਸ ਕਰ ਦੇਣਾ ਔਰ ਬਾਅਦ ਮੇਂ ਔਰ ਪੁਸਤਕ ਲੇ ਜਾਣਾ। ਮੁਝੇ ਸਾਹਿਤਯ ਪੜ੍ਹਨੇ ਵਾਲੇ ਨਾਂਵਿਦਿਆਰਥੀ ਅੱਛੇ ਲੱਗਤੇ ਹੈਂ। ਤੁਮ ਭੀ ਹਮਾਰੇ ਬਹੁਤ ਅੱਛੇ ਵਿਦਿਆਰਥੀ ਹੋ।’
ਪਰ ਉਸਨੂੰ ਭੁਲੇਖਾ ਸੀ। ਅਸੀਂ ‘ਏਨੇ ਅੱਛੇ ਵਿਦਿਆਰਥੀ’ ਨਹੀਂ ਸਾਂ, ਜਿੰਨੇ ਉਸਨੇ ਸੋਚ ਰੱਖਿਆ ਸੀ। ਅਸੀਂ ਤਾਂ ਉਹਦੀਆਂ ਕਿਤਾਬਾਂ ਦੇ ਚੋਰ ਸਾਂ। ਸਾਡੇ ਘਰ ਚੋਰੀ ਕੀਤੀਆਂ ਪੁਸਤਕਾਂ ਦੀ ਲਾਇਬ੍ਰੇਰੀ ਬਣਦੀ ਰਹੀ ਅਤੇ ਸਕੂਲ ਦੀ ਲਾਇਬ੍ਰੇਰੀ ਵਿਚ ਰੱਦੀ ਇਕੱਠੀ ਹੁੰਦੀ ਰਹੀ। ਹੁਣ ਇਹ ਸੋਚ ਕੇ ਹੈਰਾਨੀ ਭਰੀ ਖ਼ੁਸ਼ੀ ਵੀ ਹੁੰਦੀ ਹੈ ਕਿ ਸਾਡੀ ਲਾਇਬ੍ਰੇਰੀ ਉੱਤਮ ਸਾਹਿਤ ਦਾ ਖ਼ਜ਼ਾਨਾ ਸੀ। ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਦੀਆਂ ਕਿਤਾਬਾਂ ਦੀਆਂ ਦੋ ਤਿੰਨ ਅਲਮਾਰੀਆਂ ਭਰੀਆਂ ਪਈਆਂ ਸਨ। ਅਸੀਂ ਹਿੰਦੀ ਤੇ ਪੰਜਾਬੀ ਦੀਆਂ ਪੁਸਤਕਾਂ ਹੀ ਪੜ੍ਹ ਸਕਦੇ ਸਾਂ। ਮੈਂ ਉਸ ਵੇਲੇ ਤੱਕ ਨਾਨਕ ਸਿੰਘ, ਗੁਰਬਖ਼ਸ਼ ਸਿੰਘ ਪ੍ਰੀਤਲੜੀ, ਗੁਰਮੁਖ ਸਿੰਘ ਮੁਸਾਫ਼ਿਰ, ਜਸਵੰਤ ਸਿੰਘ ਕੰਵਲ, ਸੁਰਿੰਦਰ ਸਿੰਘ ਨਰੂਲਾ, ਸੰਤ ਸਿੰਘ ਸੇਖੋਂ, ਸੁਜਾਨ ਸਿੰਘ, ਕਰਤਾਰ ਸਿੰਘ ਦੁੱਗਲ, ਕੁਲਵੰਤ ਸਿੰਘ ਵਿਰਕ, ਅੰਮ੍ਰਿਤਾ ਪ੍ਰੀਤਮ, ਮੋਹਨ ਸਿੰਘ ਆਦਿ ਦੀਆਂ ਉਦੋਂ ਤੱਕ ਛਪ ਚੁੱਕੀਆਂ ਪੁਸਤਕਾਂ ਲਾਇਬ੍ਰੇਰੀ ਦੀ ਬਦੌਲਤ ਹੀ ਪੜ੍ਹੀਆਂ। ਹਿੰਦੀ ਵਿਚ ਪ੍ਰੇਮ ਚੰਦ ਦੇ ‘ਗ਼ੋਦਾਨ’, ‘ਨਿਰਮਲਾ’ ਤੇ ਹੋਰ ਨਾਵਲ ਪੜ੍ਹੇ। ਉਪੰਦਰ ਨਾਥ ਅਸ਼ਕ, ਯਸ਼ਪਾਲ ਤੇ ਕ੍ਰਿਸ਼ਨਾ ਸੋਬਤੀ ਦੀਆਂ ਕਿਤਾਬਾਂ ਪੜ੍ਹੀਆਂ। ਇਨ੍ਹਾਂ ਕਿਤਾਬਾਂ ਨੇ ਮੈਨੂੰ ‘ਮਾਲਾ-ਮਾਲ’ ਕਰ ਦਿੱਤਾ। ਇੱਕ ਅਲਮਾਰੀ ਉਰਦੂ ਦੀਆਂ ਕਿਤਾਬਾਂ ਦੀ ਵੀ ਸੀ, ਪਰ ਉਰਦੂ ਸਾਨੂੰ ਆਉਂਦੀ ਨਹੀਂ ਸੀ।
ਬਹੁਤ ਸਾਲਾਂ ਪਿੱਛੋਂ ਕਿਤੇ ਪ੍ਰਭਾਕਰ ਨੂੰ ਇਸ ਗੱਲ ਦਾ ਪਤਾ ਲੱਗਾ। ਉਦੋਂ ਤੱਕ ਮੈਂ ਪੜ੍ਹ ਕੇ ਮਾਸਟਰ ਲੱਗ ਚੁੱਕਾ ਸਾਂ। ਪ੍ਰਭਾਕਰ ਹੰਸ ਰਾਜ ਨੂੰ ਇਹ ਨਹੀਂ ਸੀ ਪਤਾ ਕਿ ਇਹ ਕਾਰਾ ਮੇਰਾ ਅਤੇ ਅਤਰ ਸਿੰਘ ਦਾ ਹੈ।
ਇਹ ਉਦੋਂ ਦੀ ਗੱਲ ਹੈ ਜਦੋਂ ਅਕਾਲੀ ਸਰਕਾਰ ਨੇ ਸਕੂਲ ਮਾਸਟਰਾਂ ਨੂੰ ਸਜ਼ਾ ਦੇਣ ਲਈ ਉਨ੍ਹਾਂ ਦੀਆਂ ਬਦਲੀਆਂ ਦੂਰ-ਦਰਾਜ਼ ਦੇ ਪਿੰਡਾਂ ਵਿਚ ਕਰ ਦਿੱਤੀਆਂ। ਬਹਾਨਾ ਇਹ ਬਣਾਇਆ ਕਿ ਮਾਸਟਰ ਆਪਣੇ ਪਿੰਡਾਂ ਵਿਚ ਜਾਂ ਨੇੜੇ ਦੇ ਸਕੂਲਾਂ ਵਿਚ ਪੜ੍ਹਾਉਂਦੇ ਹੋਣ ਕਰ ਕੇ, ਫਰਲੋ ਮਾਰ ਕੇ, ਆਪਣੇ ਘਰੇਲੂ ਕੰਮਾਂ ਵਿਚ ਜਾਂ ਵਾਹੀ ਖੇਤੀ ਵਿਚ ਲੱਗੇ ਰਹਿੰਦੇ ਨੇ। ਅਸਲ ਕਾਰਨ ਇਹ ਸੀ ਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਅਧਿਆਪਕਾਂ ਨੇ ਉਨ੍ਹਾਂ ਦੀ ਪਾਰਟੀ ਦਾ ਚੋਣਾਂ ਵਿਚ ਵਿਰੋਧ ਕੀਤਾ ਸੀ। ਇਹ 1971 ਦਾ ਸਾਲ ਸੀ। ਹੰਸ ਰਾਜ ਨੇ ਬਦਲੀ ਹੋਣ ਕਾਰਨ ਨਵੇਂ ਆਏ ਅਧਿਆਪਕ ਨੂੰ ਲਾਇਬ੍ਰੇਰੀ ਦਾ ਚਾਰਜ ਦੇਣਾ ਸੀ। ਚਾਰਜ ਦੇਣ ਵੇਲੇ ਇਹ ਗੱਲ ਖੁੱਲ੍ਹੀ ਕਿ ਕਿਤਾਬਾਂ ਤਾਂ ਕਈ ਸਾਲ ਪਹਿਲਾਂ ਹੀ ਭੇਸ ਵਟਾ ਕੇ ਲਾਇਬ੍ਰੇਰੀ ਵਿਚੋਂ ਗ਼ਾਇਬ ਹੋ ਚੁੱਕੀਆਂ ਸਨ। ਉਨ੍ਹਾਂ ਵੇਲਿਆਂ ਵਿਚ ਗ਼ਾਇਬ ਹੋਈਆਂ ਕਿਤਾਬਾਂ ਦੀ ਕੀਮਤ ਤਿੰਨ-ਚਾਰ ਹਜ਼ਾਰ ਬਣਦੀ ਸੀ। ਉਦੋਂ ਅਧਿਆਪਕਾਂ ਦੀਆਂ ਤਨਖ਼ਾਹਾਂ ਵੀ ਕਿਤੇ ਕਿੰਨੀਆਂ ਕੁ ਹੁੰਦੀਆਂ ਸਨ! ਜਿਨ੍ਹਾਂ ਦਿਨਾਂ ਵਿਚ ਕਿਤਾਬਾਂ ਚੁਰਾਈਆਂ ਗਈਆਂ ਸਨ, ਉਹ 1957-58-59-60 ਦੇ ਸਾਲ ਸਨ। ਉਦੋਂ ਕਿਤਾਬ ਦੀ ਕੀਮਤ ਵੀ ਮਸਾਂ ਦੋ ਢਾਈ ਰੁਪਏ ਹੁੰਦੀ ਸੀ। ਵਿਚਾਰਾ ਪ੍ਰਭਾਕਰ ਇਹ ਪੈਸੇ ਕਿੱਥੋਂ ਭਰਦਾ! ਕਿਤਾਬਾਂ ਗ਼ਾਇਬ ਹੋ ਜਾਣ ਦੀ ਗੱਲ ਬੜੀ ਅਚੰਭੇ ਭਰੀ ਸੀ। ਬਾਹਰਲੇ ਟਾਈਟਲ ਤੇ ਜਿਲਦਾਂ ਸਹੀ ਸਲਾਮਤ ਸਨ, ਪਰ ਵਿਚ ਰੱਦੀ ਕਿਤਾਬਾਂ। ਇਹ ਕਿਸ ਦਾ ਕੰਮ ਹੋ ਸਕਦਾ ਹੈ! ਕੌਣ ਦੱਸੇ? 1956 ਤੋਂ ਲੈ ਕੇ 1971 ਤੱਕ ਬਹੁਤ ਸਾਲ ਗੁਜ਼ਰ ਚੁੱਕੇ ਸਨ। ਭਲਾ ਇਹ ਹੋਇਆ ਕਿ ਕੁੱਝ ਚਿਰ ਬਾਅਦ ਹੀ ਬਦਲੀਆਂ ਰੱਦ ਹੋ ਗਈਆਂ ਤੇ ਹੰਸ ਰਾਜ ਦੋਬਾਰਾ ਸਾਡੇ ਪਿੰਡ ਹੀ ਆ ਗਿਆ।
ਪ੍ਰਭਾਕਰ ਰਿਟਾਇਰ ਹੋਣ ਤੱਕ ਮੇਰੇ ਪਿੰਡ ਸੁਰ ਸਿੰਘ ਦੇ ਹਾਈ ਸਕੂਲ ਵਿਚ ਹੀ ਪੜ੍ਹਾਉਂਦਾ ਰਿਹਾ ਅਤੇ ਲਾਇਬ੍ਰੇਰੀ ਦਾ ਚਾਰਜ ਵੀ ਉਸ ਕੋਲ ਹੀ ਰਿਹਾ। ਅਜਿਹੀ ‘ਅਧੂਰੀ’ ਲਾਇਬ੍ਰੇਰੀ ਹੋਰ ਕੋਈ ਵੀ ਅਧਿਆਪਕ ਲੈਣ ਲਈ ਤਿਆਰ ਨਹੀਂ ਸੀ। ਆਖ਼ਰ ਜਦੋਂ ਮੈਂ ਤਬਦੀਲ ਹੋ ਕੇ ਸੁਰ ਸਿੰਘ ਦੇ ਹਾਈ ਸਕੂਲ ਵਿਚ ਪ੍ਰਭਾਕਰ ਦਾ ਸਹਿਕਰਮੀ ਬਣ ਕੇ ਪੜ੍ਹਾਉਣ ਜਾ ਲੱਗਾ ਤਾਂ ਮੈਂ ਇੱਕ ਦਿਨ ਉਹਨੂੰ ਸਹਿਜ-ਭਾਅ ਪੁੱਛਿਆ, ‘ਗੁਰੂਦੇਵ! ਸੁਣਿਐਂ ਤੁਹਾਡੀ ਲਾਇਬ੍ਰੇਰੀ ਵਿਚੋਂ ਬਹੁਤ ਸਾਰੀਆਂ ਕਿਤਾਬਾਂ ਚੋਰੀ ਹੋ ਗਈਆਂ ਸਨ।’
ਉਸ ਨੇ ਬੜੀ ਬੇਪ੍ਰਵਾਹੀ ਨਾਲ ਕਿਹਾ, ‘ਪਤਾ ਨਹੀਂ ਕੀਹਨੇ ਇਹ ਕਰਤੂਤ ਕੀਤੀ। ਹੁਣ ਤਾਂ ਰਿਟਾਇਰਮੈਂਟ ਵੇਲੇ ਵੇਖਾਂਗੇ … ।’ ਹੁਣ ਤੱਕ ਉਹ ਪੂਰਾ ਪੰਜਾਬੀ ਹੋ ਚੁੱਕਾ ਸੀ ਤੇ ਹਿੰਦੀ ਛੱਡ ਕੇ ਠੁੱਕਦਾਰ ਪੰਜਾਬੀ ਵਿਚ ਗੱਲ ਕਰਨ ਲੱਗਾ ਸੀ।
‘ਜੇ ਮੈਂ ਤੁਹਾਨੂੰ ਉਸ ਕਿਤਾਬ-ਚੋਰ ਦਾ ਪਤਾ ਦੱਸਾਂ ਤਾਂ ਉਹਨੂੰ ਕੀ ਸਜ਼ਾ ਦਿਉਗੇ? ‘ਸਜ਼ਾ ਉਹਨੂੰ ਮੈਂ ਕੀ ਦੇਣੀ ਏਂ। ਮੈਂ ਕਿਹੜਾ ਠਾਣੇਦਾਰ ਲੱਗਾਂ? ਨਾਲੇ ਉਹਨੇ ਹੁਣ ਕਿੱਥੇ ਲੱਭਣਾ ਏਂ! ਲੱਭ ਵੀ ਜਾਊ ਤਾਂ ਮੈਂ ਕੀ ਕਰ ਲਵਾਂਗਾ!’ ‘ਚੋਰ ਤੁਹਾਡੇ ਸਾਹਮਣੇ ਬੈਠਾ ਏ!’
ਉਹਨੇ ਮੇਰੇ ਵੱਲ ਮੁੜ ਕੇ ਹੈਰਾਨੀ ਨਾਲ ਵੇਖਿਆ, ‘ਹੈਂਅ! ਸੱਚ ਕਹਿੰਦਾ ਏਂ? ਕਦੋਂ ਕੀਤੀਆਂ ਸਨ ਚੋਰੀ?
ਮੈਂ ਆਪਣੀ ਤੇ ਅਤਰ ਦੀ ਪੂਰੀ ਕਰਤੂਤ ਬਿਆਨ ਕਰ ਦਿੱਤੀ। ਉਹ ਮੁਸਕਰਾਇਆ ਤੇ ਕਹਿਣ ਲੱਗਾ, ‘ਹੁਣ ਤੂੰ ਹੀ ਕਰਾਏਂਗਾ ਇਨ੍ਹਾਂ ਕਿਤਾਬਾਂ ਤੋਂ ਮੇਰਾ ਛੁਟਕਾਰਾ?’
ਉਹਨੂੰ ਪਤਾ ਸੀ ਕਿ ਹੈੱਡਮਾਸਟਰ ਪਿਆਰੇ ਲਾਲ ਮੇਰੀ ਮੰਨਦਾ ਹੈ ਤੇ ਮੇਰਾ ਕਦਰਦਾਨ ਹੈ। ਅਸੀਂ ਦੋਵੇਂ ਦਫ਼ਤਰ ਵਿਚ ਗਏ ਤੇ ਹੈੱਡਮਾਸਟਰ ਪਿਆਰਾ ਲਾਲ ਨੂੰ ਸਾਰੀ ਵਾਰਤਾ ਹੂ-ਬ-ਹੂ ਸੁਣ ਦਿੱਤੀ। ਉਹ ਤੇ ਕੋਲ ਬੈਠੇ ਅਧਿਆਪਕ ਹੱਸੀ ਜਾਣ।
‘ਵੇਖ ਲੌ ਪ੍ਰਭਾਕਰ ਜੀ! ਤੁਹਾਡੇ ਸ਼ਾਗਿਰਦਾਂ ਦੇ ਕਾਰੇ? ਇਹ ਕੁੱਝ ਪੜ੍ਹਾਉਂਦੇ ਰਹੇ ਸਾਓ ਇਨ੍ਹਾਂ ਨੂੰ।’ ਹੈੱਡਮਾਸਟਰ ਨੂੰ ਹੱਸਦਾ ਵੇਖ ਕੇ ਮਾਹੌਲ ਸੁਖਾਵਾਂ ਹੋ ਗਿਆ। ਇਸ ਨੂੰ ਮੁਨਾਸਬ ਮੌਕਾ ਜਾਣ ਕੇ, ਮੈਂ ਆਪਣੀ ਬੇਨਤੀ ਉਸ ਅੱਗੇ ਰੇੜ੍ਹ ਦਿੱਤੀ, ‘ਹੁਣ ਤੁਸੀਂ ਕਰੋ ਸਾਨੂੰ ਇਸ ਭਉਜਲ ‘ਚੋ ਪਾਰ! ਦਾਸ ਆਪ ਅੱਗੇ ਹੱਥ ਬੰਨ੍ਹੀ ਖੜੇ ਹਨ!’
ਪਿਆਰਾ ਲਾਲ ਹੱਸੀ ਜਾਵੇ। ਫਿਰ ਕਹਿੰਦਾ, ‘ਪਹਿਲਾਂ ਗੁੰਮ ਹੋਈਆਂ ਕਿਤਾਬਾਂ ਦੀ ਲਿਸਟ ਬਣਾਓ ਗੁਰੂ ਚੇਲਾ ਮਿਲ ਕੇ।’
ਅਸੀਂ ਦੋਵਾਂ ਨੇ ਰਲ ਕੇ ਉਨ੍ਹਾਂ ਸਾਰੀਆਂ ਕਿਤਾਬਾਂ ਦੀ ਸੂਚੀ ਤਿਆਰ ਕੀਤੀ ਜੋ ‘ਗੁੰਮ’ ਹੋ ਚੁੱਕੀਆਂ ਸਨ। ਫ਼ਿਰ ਹੈੱਡਮਾਸਟਰ ਪਿਆਰੇ ਲਾਲ ਕੋਲੋਂ ‘ਸਿਓਂਕ ਖਾ ਗਈ’ ਲਿਖਵਾ ਕੇ ਇਹ ਕਿਤਾਬਾਂ ਕਟਵਾਈਆਂ। ਇਹ ਮੇਰੀ ਜ਼ਿੰਦਗੀ ਦੀ ਪਹਿਲੀ ਅਤੇ ਆਖ਼ਰੀ ਚੋਰੀ ਸੀ।

ਇੰਝ ਅਤਰ ਸਿੰਘ ਤੋਂ ਬਾਅਦ ਲੇਖਕ ਬਣਨ ਵਿਚ ਮਾਸਟਰ ਹੰਸ ਰਾਜ ਦੇ ਸਹਿਜ ਤੇ ਅਛੋਪਲੇ ਯੋਗਦਾਨ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ। ਚੋਰੀ ਕਰ ਕੇ, ਤੇ ਇਹ ਮੇਰੀ ਪਹਿਲੀ ਤੇ ਆਖ਼ਰੀ ਚੋਰੀ ਸੀ, ਪੜ੍ਹੀਆਂ ਕਿਤਾਬਾਂ ਨੇ ਮੇਰੇ ਅੰਦਰ ਸਮੁੰਦਰ ਖੌਲਣ ਲਾ ਦਿੱਤਾ। ਚੰਗਾ ਸਾਹਿਤ ਪੜ੍ਹਨਾ ਮੇਰਾ ਪਹਿਨਣ-ਪੱਚਰਣ ਬਣ ਚੁੱਕਾ ਸੀ।
ਮੇਰਾ ਹੰਸ ਰਾਜ ਨਾਲ ਪਿਆਰ ਅਤੇ ਸਤਿਕਾਰ ਦਾ ਰਿਸ਼ਤਾ ਸਦਾ ਬਣਿਆ ਰਿਹਾ। ਅਸੀਂ ਕਈ ਸਾਲ ਇਕੱਠਿਆਂ ਵੀ ਪੜ੍ਹਾਇਆ। ਮੇਰੇ ਉਸ ਸਕੂਲ ਵਿਚ ਹੁੰਦਿਆਂ ਹੀ ਹੰਸ ਰਾਜ ਰਿਟਾਇਰ ਹੋਇਆ। ਉਸ ਵੇਲੇ ਤੱਕ ਮੇਰੇ ਸਮੇਤ ਉਹਦੇ ਤਿੰਨ ਵਿਦਿਆਰਥੀ ਓਸੇ ਸਕੂਲ ਵਿਚ ਉਹਦੇ ਸਹਿਕਰਮੀ ਬਣ ਕੇ ਪੜ੍ਹਾ ਰਹੇ ਸਨ। ਅਸੀਂ ਤਿੰਨਾਂ ਨੇ ਮਿਲ ਕੇ ਹੰਸ ਰਾਜ ਦੀ ਬੜੀ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ। ਇਸ ਵਿਚ ਕੁੜੀਆਂ ਮੁੰਡਿਆਂ ਦੇ ਪ੍ਰਾਇਮਰੀ ਤੇ ਹਾਈ ਸਕੂਲਾਂ ਦੇ ਸਾਰੇ ਅਧਿਆਪਕਾਂ ਨੂੰ ਸੱਦਾ ਦਿੱਤਾ ਗਿਆ। ਬੋਲਦਿਆਂ ਹੋਇਆਂ ਮੈਂ ਲੇਖਕ ਬਣਨ ਵਿਚ ਉਹਦੇ ਗੁੱਝੇ ਤੇ ਸਹਿਜ ਯੋਗਦਾਨ ਦਾ ਚੋਰੀ ਕੀਤੀਆਂ ਕਿਤਾਬਾਂ ਦੇ ਹਵਾਲੇ ਨਾਲ ਜ਼ਿਕਰ ਕੀਤਾ ਤਾਂ ਸਾਰੇ ਹੱਸ-ਹੱਸ ਦੂਹਰੇ ਹੋ ਗਏ।
ਹੰਸ ਰਾਜ ਚੜ੍ਹਦੀ ਜਵਾਨੀ ਵੇਲੇ ਸੁਰ ਸਿੰਘ ਆਇਆ ਸੀ ਤੇ ਉਹਨੇ ਸਾਰੀ ਜ਼ਿੰਦਗੀ ਸੁਰ ਸਿੰਘ ਦੇ ਲੇਖੇ ਲਾ ਦਿੱਤੀ। ਏਨੇ ਸਾਲਾਂ ਵਿਚ ਉਹਦੇ ਪੜ੍ਹਾਏ ਮੁੰਡਿਆਂ ਦੀ ਗਿਣਤੀ ਕਰਨੀ ਤਾਂ ਔਖੀ ਹੈ, ਪਰ ਏਨਾ ਨਿਸਚੈ ਹੀ ਕਿਹਾ ਜਾ ਸਕਦਾ ਹੈ ਕਿ ਲਗਭਗ ਹਰੇਕ ਘਰ ਵਿਚ ਉਸ ਕੋਲੋਂ ਪੜ੍ਹ ਕੇ ਗਿਆ ਕੋਈ ਨਾ ਕੋਈ ਵਿਦਿਆਰਥੀ ਮੌਜੂਦ ਸੀ। ਹੰਸ ਰਾਜ ਦੀ ਸਾਰੇ ਪਿੰਡ ਵਿਚ ਬੜੀ ਇੱਜ਼ਤ ਸੀ। ਕੇਵਲ ਉਹ ਇਕੱਲਾ ਅਧਿਆਪਕ ਸੀ ਜਿਸ ਨੇ ਆਪਣੀ ਨੌਕਰੀ ਦਾ ਸਾਰਾ ਸਮਾਂ ਸੁਰ ਸਿੰਘ ਨੂੰ ਭੇਟ ਕਰ ਦਿੱਤਾ ਸੀ। ਏਥੇ ਰਹਿੰਦਿਆਂ ਹੀ ਉਹਦਾ ਵਿਆਹ ਹੋਇਆ, ਬੱਚੇ ਜੰਮੇ, ਪੜ੍ਹੇ ਤੇ ਵੱਡੇ ਹੋਏ। ਰਿਟਾਇਰ ਹੋਣ ਤੋਂ ਬਾਅਦ ਸਿਵਾਇ ਮਾਮੂਲੀ ਜਿਹੀ ਪੈਨਸ਼ਨ ਦੇ ਉਸ ਕੋਲ ਗੁਜ਼ਾਰੇ ਲਈ ਹੋਰ ਕੋਈ ਵਸੀਲਾ ਨਹੀਂ ਸੀ। ‘ਮਹਿਲਾਂ ਦੀ ਪੱਤੀ’ ਵਿਚ ਇੱਕ ਕਿਰਾਏ ਦੇ ਮਕਾਨ ਵਿਚ ਹੀ ਉਹਨੇ ਸਾਰੀ ਉਮਰ ਕੱਟ ਦਿੱਤੀ।
ਉਹ ਦਾਰੂ ਪੀਣ ਦਾ ਵੀ ਸ਼ੌਕੀਨ ਸੀ। ਇੱਕ ਦਿਨ ਮੈਂ ਆਪਣੇ ਖੇਤਾਂ ਵੱਲੋਂ ਪਿੰਡ ਪਰਤ ਰਿਹਾ ਸਾਂ ਤੇ ਪ੍ਰਭਾਕਰ ਤੇ ਡਰਾਇੰਗ ਮਾਸਟਰ ਤਰਲੋਕ ਸਿੰਘ ਤਿੱਖੇ ਕਦਮੀ ਅੱਗੋਂ ਆਉਂਦੇ ਮਿਲੇ। ਮੈਂ ਪੁੱਛਿਆ, ‘ਗੁਰੂਦੇਵ ਕਿਧਰ ਦੀਆਂ ਤਿਆਰੀਆਂ ਨੇ? ਬੈਂਕੇ ਚੱਲੋ ਓ? ਕਿਉਂ? ਕਿਧਰ?’
ਸਾਡੀ ਜ਼ਮੀਨ ਦੇ ਨਾਲ ਲੱਗਦਾ ਸੂਇਉਂ ਪਾਰਲਾ ਪਿੰਡ ਬੈਂਕਾ ਸੀ। ਮੈਂ ਸੋਚ ਰਿਹਾ ਸਾਂ ਕਿ ਬੈਂਕੇ ਇਨ੍ਹਾਂ ਨੂੰ ਕੀ ਕੰਮ ਹੋਵੇਗਾ ਕਿ ਤਰਲੋਕ ਸਿੰਘ ਕਹਿੰਦਾ, ‘ਸੰਧੂ ਸਾਹਿਬ! ਸਾਡਾ ਪੈਂਡਾ ਖੋਟਾ ਨਾ ਕਰੋ। ਦੋ ਫ਼ਰਲਾਂਗ ਰਹਿ ਗਏ ਨੇ ਸਾਰੇ। ਅਸੀਂ ਪਰਸੋਂ ਦੋਵਾਂ ਨੇ ਸਹੁੰ ਪਾਈ ਸੀ ਕਿ ‘ਅੱਜ ਤੋਂ ਬਾਅਦ ਨਹੀਂ ਪੀਣੀ ਤਾਂ ਤੁਹਾਡੇ ਗੁਰੂਦੇਵ ਕਹਿੰਦੇ, ‘ਕਦੀ ਨਾ ਪੀਣ ਵਾਲ਼ੀ ਏਡੀ ਕਰੜੀ ਸਹੁੰ ਨਾ ਪਾਓ। ਕਦੀ ਨਾ ਕਦੀ ਤਾਂ ਪੀਣੀ ਪੈ ਹੀ ਸਕਦੀ ਏ। ਐਂ ਕਰਦੇ ਆਂ ਕਿ ਇਹ ਸਹੁੰ ਪਾਈਏ ਕਿ ਅੱਜ ਤੋਂ ਬਾਅਦ ਪਿੰਡ ਦੀ ਜੂਹ ਵਿਚ ਨਹੀਂ ਪੀਣੀ। ਕੱਲ੍ਹ ਦੀ ਦਿਹਾੜੀ ਅਸੀਂ ਔਖਿਆਂ-ਸੌਖਿਆਂ ਬਿਨਾਂ ਪੀਤਿਆਂ ਲੰਘਾ ਲਈ ਪਰ ਅੱਜ ਦਿਨ ਲੰਘਣਾ ਔਖਾ ਹੋ ਗਿਆ। ਸਾਨੂੰ ਹੁਣ ਛੇਤੀ ਪਿੰਡ ਦੀ ਜੂਹੋਂ ਪਾਰ ਜਾ ਲੈਣ ਦਿਉ; ਅਸੀਂ ਆਪਣਾ ਕਾਰਜ ਛੇਤੀ ਕਰ ਸਕੀਏ!’
ਉਹਨੇ ਡੱਬ ਵਿਚੋਂ ਅਧੀਆ ਕੱਢ ਕੇ ਵਿਖਾਇਆ। ਮੈਂ ਹੱਸਦਿਆਂ ਉਨ੍ਹਾਂ ਦਾ ਰਾਹ ਛੱਡ ਦਿੱਤਾ ਤੇ ਫੌਜਾਂ ਨੇ ਜੇਤੂ ਅੰਦਾਜ਼ ਵਿਚ ‘ਪਾਨੀਪਤ ਦਾ ਮੈਦਾਨ’ ਫ਼ਤਿਹ ਕਰਨ ਲਈ ਅੱਗੇ ਕੂਚ ਕਰ ਦਿੱਤਾ।
ਹੰਸ ਰਾਜ ਜਦੋਂ ਰਿਟਾਇਰ ਹੋਇਆ ਤਾਂ ਮੈਂ ਉਨ੍ਹਾਂ ਦਿਨਾਂ ਵਿਚ ਸੁਰ ਸਿੰਘ ਵਿਚ ਖੁੱਲ੍ਹੇ ਹਰਕ੍ਰਿਸ਼ਨ ਪਬਲਿਕ ਸਕੂਲ ਦਾ ਮੈਨੇਜਰ ਸਾਂ ਤੇ ਮੈਨੂੰ ਅਧਿਆਪਕ-ਅਧਿਆਪਕਾਵਾਂ ਨਿਯਕੁਤ ਕਰਨ ਦਾ ਹੱਕ ਵੀ ਸੀ। ਮੈਂ ਹੰਸ ਰਾਜ ਨੂੰ ਫ਼ੀਸਾਂ ਉਗਰਾਹੁਣ ਤੇ ਹਿਸਾਬ-ਕਿਤਾਬ ਰੱਖਣ ਲਈ ਕਲਰਕ ਤੇ ਉਹਦੀ ਧੀ ਸੁਨੈਨਾ ਨੂੰ ਅਧਿਆਪਕਾ ਵਜੋਂ ਨਿਯੁੱਕਤ ਕਰ ਲਿਆ। ਮੁੰਡੇ ਉਸਦੇ ਬਹੁਤੇ ਕਾਬਿਲ ਨਹੀਂ ਸਨ ਨਿਕਲੇ।
ਮਾਸਟਰ ਹੰਸ ਰਾਜ ਪਿੰਡ ਦੇ ਹਰ ਘਰ ਵਿਚ ਸਤਿਕਾਰਿਆ ਵਿਅਕਤੀ ਸੀ। ਬਲੂ ਸਟਾਰ ਆਪ੍ਰੇਸ਼ਨ ਦੇ ਦਿਨੀਂ ਜਦੋਂ ਪੰਜਾਬ ਵਿਚ ਹਿੰਦੂ ਸਿੱਖਾਂ ਵਿਚ ਪਾੜ ਜਿਹਾ ਪੈ ਚੁੱਕਾ ਸੀ, ਉਦੋਂ ਵੀ ਪਿੰਡ ਦਾ ਭਾਈ-ਚਾਰਾ ਪਹਿਲਾਂ ਵਾਂਗ ਹੀ ਬਣਿਆ ਰਿਹਾ ਸੀ। ਲੱਗੇ ਕਰਫ਼ਿਊ ਵਿਚ ਵੀ ਪਿੰਡ ਦੇ ਦੁਕਾਨਦਾਰ, ਸੀ ਆਰ ਪੀ ਵਾਲਿਆਂ ਤੋਂ ਅੱਖ ਬਚਾ ਕੇ, ਲੋੜਵੰਦ ਲੋਕਾਂ ਨੂੰ ਪਿਛਲੇ ਦਰਵਾਜ਼ਿਓਂ ‘ਸੌਦਾ-ਪੱਤਾ’ ਦਿੰਦੇ ਰਹੇ ਸਨ। ਪਿਛਲੇ ਦਿਨਾਂ ਵਿਚ, ਦੋਵਾਂ ਭਾਈਚਾਰਿਆਂ ਦਰਮਿਆਨ ਇੱਕ ਬਰੀਕ ਜਿਹੇ ਵਖਰੇਵੇਂ ਦੇ ਭਾਵ ਪੈਦਾ ਹੋ ਜਾਣ ਦੇ ਬਾਵਜੂਦ ਪਿੰਡ ਵਿਚ ‘ਹਿੰਦੂ-ਸਿੱਖ’ ਦੇ ਹਵਾਲੇ ਨਾਲ ਦੁਸ਼ਮਣੀ ਕਮਾਉਣ ਦੀ ਕਦੀ ਕੋਈ ਦੱਸ-ਧੁੱਖ ਸੁਣੀ ਨਹੀਂ ਸੀ। ਹੰਸ ਰਾਜ ਪ੍ਰਭਾਕਰ, ਜੋ ਇਸ ਪਿੰਡ ਵਿਚ ਪਿਛਲੇ ਤੀਹ ਸਾਲਾਂ ਤੋਂ ਪੜ੍ਹਾ ਰਿਹਾ ਸੀ, ਕਰਫ਼ਿਊ ਦੇ ਇਨ੍ਹਾਂ ਦਿਨਾਂ ਵਿਚ ਵੀ ਹਰੇਕ ਸ਼ਾਮ ਨੂੰ ਆਮ ਦਿਨਾਂ ਵਾਂਗ ਹੀ ਪਿੰਡ ਦੀ ਪਰਿਕਰਮਾ ਕਰਦਾ ਅਤੇ ਜਿੱਥੇ ਵੀ ਕੋਈ ਪੁਰਾਣਾ ਵਿਦਿਆਰਥੀ ‘ਜਲ-ਪਾਣੀ’ ਦੀ ਸੁਲ੍ਹਾ ਮਾਰਦਾ, ਉਸ ਨੂੰ ਬਾ-ਖ਼ੁਸ਼ੀ ਆਪਣੀ ‘ਸੇਵਾ ਕਰਨ ਦਾ’ ਮਾਣ ਬਖ਼ਸ਼ਦਾ ਰਹਿੰਦਾ। ਜੇ ਕੋਈ ਹਮਦਰਦ ਉਹਨੂੰ ਅਜਿਹੇ ਹਾਲਾਤ ਵਿਚ ਘਰੋਂ ਬਾਹਰ ਨਿਕਲਣ ਤੋਂ ਵਰਜਦਾ ਤਾਂ ਉਹ ਹੱਸ ਕੇ ਆਖਦਾ, ‘ਕੀ ਕਰਾਂ! ਅੱਜ ਕਿਸੇ ਇੱਕ ਕੋਲੋਂ ਪੀਂਦਾਂ ਤਾਂ ਦੂਸਰਾ ਕੋਈ ਹੋਰ ਅਗਲੇ ਦਿਨ ਲਈ ਪਹਿਲਾਂ ਈ ‘ਬੁੱਕ’ ਕਰ ਲੈਂਦਾ; ਅਖੇ, ‘ਮਾਸਟਰ ਜੀ ਕੱਲ੍ਹ ਮੇਰੇ ਵੱਲ ਆਇਓ, ਪਹਿਲੇ ਤੋੜ ਦੀ ਪਈ ਏ ਮੇਰੇ ਕੋਲ! ਉਂਝ ਵੀ ਪਿੰਡ ਦੇ ਹਰ ਘਰ ਵਿਚ ਮੇਰਾ ਕੋਈ ਨ ਕੋਈ ਵਿਦਿਆਰਥੀ ਹੈ। ਕਿਸੇ ਦੀ ਮਾਂ ਸੂਈ ਹੈ, ਜੋ ਮੇਰੇ ਵੱਲ ਕੈਰੀ ਨਜ਼ਰ ਨਾਲ ਵੀ ਝਾਕ ਜਾਏ!’
ਪ੍ਰਭਾਕਰ ਇੱਕ ਦਿਨ ਮੈਨੂੰ ਕਹਿੰਦਾ, ‘ਰਾਤੀਂ ਮੈਨੂੰ ਚੱਠੂ ਮਿਲ ਪਿਆ। ਗਲੀ `ਚੋਂ ਲੰਘਦਾ, ਦੋ ਤਿੰਨ ਮੁੰਡੇ ਨਾਲ।’ ਉਸਨੇ ਪਿੰਡ ਦੇ ‘ਖਾੜਕੂਆਂ’ ਨਾਲ ਤੁਰੇ ਤੇ ਹੁਣ ਕਿਸੇ ਕਮਾਂਡੋ ਫੋਰਸ ਦੇ ‘ਲੈਫ਼ਟੀਨੈਂਟ ਜਨਰਲ’ ਬਣੇ ਇੱਕ ਪੁਰਾਣੇ ਵਿਦਿਆਰਥੀ ਦਾ ਨਾਮ ਲਿਆ, ‘ਦੋ ਸਟੇਨਾਂ ਵਾਲੇ ਹੋਰ ਵੀ ਨਾਲ ਸਨ। ਮੇਰੇ ਗੋਡਿਆਂ ਨੂੰ ਹੱਥ ਲਾ ਕੇ ਕਹਿੰਦਾ, ‘ਮਾਸਟਰ ਜੀ ਐਸ ਵੇਲੇ ਘਰ ਬਿਹਾ ਕਰੋ; ‘ਮਾਲ ਅਸਬਾਬ’ ਆਖੋ ਤਾਂ ਅਸੀਂ ਘਰੇ ਅਪੜਾ ਦਿਆ ਕਰਾਂਗੇ।’ ਮੇਰੇ ਪੈਰ ਉੱਖੜਦੇ ਵੇਖ ਕੇ ਕਹਿੰਦਾ, ‘ਚੱਲੋ! ਤੁਹਾਨੂੰ ਘਰ ਛੱਡ ਆਵਾਂ।’ ਮੈਨੂੰ ਮੇਰੇ ਘਰ ਦੇ ਬੂਹੇ ਤੱਕ ਛੱਡ ਕੇ ਗਏ ਉਹ। ਸਾਡੇ ਇਹ ਮੁੰਡੇ ਸਾਨੂੰ ਮਾਰਨਗੇ? ਮੈਨੂੰ ਤਾਂ ਰਤੀ ਭਰ ਵੀ ਡਰ ਨਹੀਂ ਲੱਗਦਾ।’
ਇਹ ਮੁਹੱਬਤ ਤੇ ਮਾਣ-ਸਤਿਕਾਰ ਉਹਦੀ ਕਮਾਈ ਸੀ। ਇਹੋ ਕਮਾਈ ਉਹਦੇ ਨਾਲ ਰਹੀ ਤੇ ਜਿੰਨਾਂ ਚਿਰ ਮੇਰੇ ਵਰਗੇ ਉਹਦੇ ਵਿਦਿਆਰਥੀ ਜਿਊਂਦੇ ਰਹਿਣਗੇ, ਹੰਸ ਰਾਜ ਪ੍ਰਭਾਕਰ ਵੀ ਟੋਟਾ ਟੋਟਾ ਕਰ ਕੇ ਉਨ੍ਹਾਂ ਵਿਚ ਜਿਊਂਦਾ ਰਹੇਗਾ।
-0-