ਵਰਤਮਾਨ ਸੰਦਰਭ ‘ਚ ਗੁਰਦੁਆਰਾ, ਸਿੱਖ ਅਤੇ ਸਿੱਖਿਆ

ਡਾæ ਗੁਰਨਾਮ ਕੌਰ, ਕੈਨੇਡਾ
ਹਾਲ ਹੀ ਵਿਚ ਜਥੇਦਾਰ ਅਕਾਲ ਤਖ਼ਤ ਸਾਹਿਬ ਵਲੋਂ ਸਿੱਖ ਸੰਗਤ ਦੇ ਨਾਂ ਇੱਕ ਸੁਨੇਹਾ ਅਖਬਾਰਾਂ ਵਿਚ ਦੇਖਿਆ ਕਿ ਸਿੱਖ ਹੋਰ ਗੁਰਦੁਆਰੇ ਬਣਾਉਣ ਦੀ ਥਾਂ ਬੱਚਿਆਂ ਦੀ ਪੜ੍ਹਾਈ ਵਾਸਤੇ ਸਕੂਲ ਖੋਲ੍ਹਣ ਅਤੇ ਵਿੱਦਿਆ ਦਾ ਦਾਨ ਦੇਣ ਲਈ ਖ਼ਰਚ ਕਰਨ। ਇਸ ਪੱਤਰ ਵਿਚ ਗੁਰਦੁਆਰਿਆਂ ਦੀ ਗਿਣਤੀ ਅਤੇ ਸਕੂਲਾਂ ਦੀ ਘਾਟ ਅਤੇ ਮੌਜੂਦਾ ਸਕੂਲਾਂ ਵਿਚ ਸਹੂਲਤਾਂ ਦੀ ਕਮੀ ਦਾ ਵੀ ਲੇਖਾ-ਜੋਖ਼ਾ ਕੀਤਾ ਗਿਆ ਸੀ। ਇਹ ਗੱਲ ਬਿਲਕੁਲ ਸਹੀ ਹੈ ਕਿ ਪੰਜਾਬ ਪਿੰਡਾਂ ਵਿਚ ਵੱਸਦਾ ਹੈ ਅਤੇ ਇਸ ਪੱਖੋਂ ਵੀ ਅੱਖਾਂ ਨਹੀਂ ਮੀਟੀਆਂ ਜਾ ਸਕਦੀਆਂ ਕਿ ਪਿੰਡਾਂ ਦੇ ਸਕੂਲਾਂ ਦਾ ਕੋਈ ਵਾਲੀ-ਵਾਰਸ ਨਹੀਂ ਹੈ, ਸਰਕਾਰ ਤਾਂ ਉਕਾ ਹੀ ਨਹੀਂ। ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਲੋਕਾਂ ਸਿਰ ਭਾਂਤ-ਸੁਭਾਂਤੇ ਟੈਕਸ ਲਾ ਕੇ ਇਕੱਠਾ ਕੀਤਾ ਪੈਸਾ ਭਾਵੇਂ ਉਹ ਸਨਾਵਰ ਸਕੂਲ ਵਰਗੀਆਂ ਸੰਸਥਾਵਾਂ ਨੂੰ ਗਰਾਂਟਾਂ ਵਿਚ ਦੇਣ, ਮੰਤਰੀਆਂ ਲਈ ਨਵੀਆਂ ਗੱਡੀਆਂ, ਸੰਗਤ ਦਰਸ਼ਨਾਂ, ਵਧੀਆ ਹਿਲ-ਸਟੇਸ਼ਨਾਂ ਜਾਂ ਸੈਰਗਾਹਾਂ ‘ਤੇ ਵਿਚਾਰ-ਵਟਾਂਦਰੇ ਦੇ ਬਹਾਨੇ ਪਾਰਟੀ-ਲਾਣੇ ‘ਤੇ ਤਾਂ ਖ਼ਰਚ ਕਰਕੇ ਉਡਾਉਂਦੇ ਰਹਿਣ, ਪਿੰਡਾਂ ਦੀ ਭਲਾਈ ਲਈ ਕੁਝ ਵੀ ਨਾ ਕਰਨ ਤਾਂ ਵੀ ਸਿੱਧੇ-ਸਾਦੇ ਪੇਂਡੂ ਲੋਕਾਂ ਨੇ ਵੋਟਾਂ ਪੰਥ ਦੇ ਨਾਮ ‘ਤੇ ਅਕਾਲੀ ਦਲ ਨੂੰ ਹੀ ਪਾਉਣੀਆਂ ਹਨ। ਪੰਥ ਨਾਲੋਂ ਉਹ ਕਿਵੇਂ ਟੁੱਟ ਸਕਦੇ ਹਨ?
ਅੱਜ ਭਾਵੇਂ ਸਿੱਖਾਂ ਨੇ ਬਹੁਤ ਤਰੱਕੀ ਕਰ ਲਈ ਹੈ ਅਤੇ ਦੁਨਿਆਵੀ ਤੌਰ ‘ਤੇ ਸਿੱਖਾਂ ਦੀਆਂ ਪ੍ਰਾਪਤੀਆਂ ਕਈ ਪਾਸੇ ਨਜ਼ਰ ਆਉਂਦੀਆਂ ਹਨ ਪਰ ਜਿਥੋਂ ਤੱਕ ਸਾਡੀਆਂ ਮੁੱਢਲੀਆਂ ਸੰਸਥਾਵਾਂ ਦਾ ਸਵਾਲ ਹੈ, ਅਸੀਂ ਬਹੁਤ ਬੁਰੀ ਤਰ੍ਹਾਂ ਫੇਲ੍ਹ ਹੋਏ ਹਾਂ। ਇਨ੍ਹਾਂ ਸੰਸਥਾਵਾਂ ਵਿਚ ਮੋਟੇ ਤੌਰ ‘ਤੇ ਅਕਾਲ ਤਖਤ ਸਾਹਿਬ, ਗੁਰਦੁਆਰਾ, ਵਿੱਦਿਅਕ ਸੰਸਥਾਵਾਂ ਅਤੇ ਪਰਿਵਾਰ ਨੂੰ ਲਿਆ ਜਾ ਸਕਦਾ ਹੈ।
ਸਿੱਖ ਧਰਮ ਦੀ ਸਰਬ-ਉਚ ਸੰਸਥਾ ਅਕਾਲ ਤਖਤ ਸਾਹਿਬ ਦੀ ਹੀ ਗੱਲ ਕਰ ਲਈਏ। ਅਕਾਲ ਤਖਤ ਦੀ ਸਥਾਪਨਾ ਛੇਵੇਂ ਪਾਤਿਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ ਕੀਤੀ ਸੀ, ਜਿਸ ਨੂੰ ਉਦੋਂ ਅਕਾਲ ਬੁੰਗਾ ਕਿਹਾ ਜਾਂਦਾ ਸੀ। ਜਿਥੇ ਹਰਿਮੰਦਰ ਸਾਹਿਬ ਪੀਰੀ ਅਰਥਾਤ ਅਧਿਆਤਮਕ ਸ਼ਕਤੀ ਦਾ ਪ੍ਰਤੀਕ ਹੈ, ਉਥੇ ਅਕਾਲ ਤਖ਼ਤ ਮੀਰੀ ਅਰਥਾਤ ਦੁਨਿਆਵੀ ਸ਼ਕਤੀ ਦਾ ਪ੍ਰਤੀਕ ਹੈ। ਉਦੋਂ ਮੁਗ਼ਲੀਆ ਸਲਤਨਤ ਦਾ ਬੋਲ-ਬਾਲਾ ਸੀ। ਇਸ ਦੀ ਸਥਾਪਨਾ ਇਸ ਲਈ ਕੀਤੀ ਗਈ ਸੀ ਤਾਂ ਕਿ ਸਿੱਖ ਜਗਤ ਦੇ ਝਗੜੇ ਆਪਣੇ ਘਰ ਵਿਚ ਆਪ ਹੀ ਨਜਿੱਠੇ ਜਾਣ। ਇਸ ਲਈ ਇਹ ਸਿੱਖਾਂ ਦੀ ਪ੍ਰਭੁਸੱਤਾ ਦਾ ਪ੍ਰਤੀਕ ਬਣ ਗਿਆ। ਅਕਾਲ ਤਖ਼ਤ ਅਨਿਆਂ ਦੇ ਖ਼ਿਲਾਫ਼ ਅਤੇ ਸਰਬੱਤ ਦੇ ਭਲੇ ਲਈ ਜੂਝਣ ਦਾ ਪ੍ਰਤੀਕ ਹੈ। ਅਕਾਲ ਤਖਤ ਦਾ ਜਥੇਦਾਰ ਅਧਿਆਤਮਕ ਅਤੇ ਦੁਨਿਆਵੀ-ਦੋਵੇਂ ਤਰ੍ਹਾਂ ਦੀ ਸੂਝ ਦਾ ਮਾਲਕ ਹੋਣ ਦੇ ਨਾਲ ਨਾਲ ਕੌਮ ਦੇ ਸਾਂਝੇ ਹਿਤਾਂ ਪ੍ਰਤੀ ਸੁਹਿਰਦ ਹੋਣਾ ਚਾਹੀਦਾ ਹੈ ਤਾਂ ਕਿ ਸਹੀ ਫ਼ੈਸਲੇ ਲੈ ਸਕੇ ਅਤੇ ਕੌਮ ਨੂੰ ਸਹੀ ਸੇਧ ਦੇ ਸਕੇ। ਕੋਈ ਵੀ ਇਕੱਲਾ ਆਦਮੀ ਇਸ ਦੇ ਸਮਰੱਥ ਨਹੀਂ ਹੁੰਦਾ। ਸਿੱਖ ਧਰਮ ਵਿਚ ਗੁਰੂ ਸਾਹਿਬਾਨ ਨੇ ਇਸ ਦਾ ਪ੍ਰਬੰਧ ਵੀ ਕਰ ਦਿੱਤਾ ਹੋਇਆ ਹੈ। ਇਸੇ ਲਈ ਸਿੱਖ ਧਰਮ ਵਿਚ ਭਗਤੀ ਅਤੇ ਸ਼ਕਤੀ ਦੋਵੇਂ ਸੰਗਤੀ ਹਨ। ਇਕੱਲਤਾ ਅਤੇ ਨਿੱਜਤਾ ਨੂੰ ਇਸ ਵਿਚ ਕੋਈ ਥਾਂ ਨਹੀਂ ਦਿੱਤੀ ਗਈ। ਭਗਤੀ ਕਿਸੇ ਜੰਗਲ ਜਾਂ ਉਜਾੜ ਵਿਚ ਸਮਾਧੀ ਲਾ ਕੇ ਨਹੀਂ ਹੋ ਸਕਣੀ ਅਤੇ ਸ਼ਕਤੀ ਦੀ ਵਰਤੋਂ ਖ਼ਾਲਸਾ-ਪੰਥ ਦੀ ਰਾਇ ਨੂੰ ਧਿਆਨ ਵਿਚ ਰੱਖ ਕੇ ਸ਼ਬਦ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਿੱਤੇ ਅਸੂਲਾਂ ਦੀ ਅਗਵਾਈ ਅਨੁਸਾਰ ਹੀ ਹੋਣੀ ਹੈ।
ਸਿੱਖ ਧਰਮ ਗੁਰੂਆਂ ਰਾਹੀਂ ਦੱਸੀ ਇੱਕ ਜੀਵਨ ਜਾਚ ਹੈ। ਇਸ ਲਈ ਮਨੁੱਖ ਦੀ ਜ਼ਿੰਦਗੀ ਨਾਲ ਸਬੰਧਤ ਹਰ ਪੱਖ ‘ਤੇ ਬਾਣੀ ਵਿਚ ਅਗਵਾਈ ਮਿਲ ਜਾਂਦੀ ਹੈ। ਇਹ ਹੀ ਮੀਰੀ ਅਤੇ ਪੀਰੀ ਦਾ ਸੁਮੇਲ ਹੈ। ਇੱਕ ਗੱਲ ਹਮੇਸ਼ਾ ਧਿਆਨ ਦੇਣ ਯੋਗ ਹੈ ਕਿ ਪੀਰੀ ਨੂੰ ਮੀਰੀ ਨੇ ਆਪਣੇ ਅਨੁਸਾਰ ਨਹੀਂ ਚਲਾਉਣਾ ਬਲਕਿ ਮੀਰੀ ਨੇ ਪੀਰੀ ਅਰਥਾਤ ਗੁਰਬਾਣੀ ਤੋਂ, ਅਧਿਆਤਮਕਤਾ ਤੋਂ ਅਗਵਾਈ ਲੈਣੀ ਹੈ। ਪਰ ਅੱਜ ਹਾਲਾਤ ਬਿਲਕੁਲ ਹੀ ਉਲਟ ਦਿਸ਼ਾ ਵੱਲ ਜਾ ਰਹੇ ਹਨ।
ਵਰਤਮਾਨ ਹਾਲਾਤ ਵਿਚ ਅਕਾਲ ਤਖ਼ਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਸ ਵਿਚ ਬਹੁਤ ਨੇੜਿਓਂ ਜੁੜੇ ਹੋਏ ਹਨ। ਸ਼੍ਰੋਮਣੀ ਕਮੇਟੀ ਦੇ ਮੈਂਬਰ ਸਿੱਖ ਵੋਟਰਾਂ ਦੀਆਂ ਵੋਟਾਂ ਨਾਲ ਚੁਣੇ ਜਾਂਦੇ ਹਨ ਪਰ ਕੇਂਦਰ ਸਰਕਾਰ ਫ਼ੈਸਲਾ ਕਰਦੀ ਹੈ ਕਿ ਚੋਣ ਕਦੋਂ ਹੋਣੀ ਹੈ? ਵੋਟਰ ਕੌਣ ਬਣ ਸਕਦਾ ਹੈ, ਕੌਣ ਨਹੀਂ? ਇਸ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਦਖ਼ਲ ਬਹੁਤ ਜ਼ਿਆਦਾ ਹੈ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਤੇ ਕਾਰਜਕਾਰਨੀ ਦੇ ਮੈਂਬਰ ਕਹਿਣ ਨੂੰ ਤਾਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਰਾਹੀਂ ਚੁਣੇ ਜਾਂਦੇ ਹਨ ਪਰ ਇਹ ਜੱਗ-ਜ਼ਾਹਿਰ ਹੈ ਕਿ ਇਸ ਦਾ ਫੈਸਲਾ ਵੀ ਬੰਦ ਲਿਫ਼ਾਫ਼ੇ ਰਾਹੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਮਰਜ਼ੀ ਅਨੁਸਾਰ ਹੁੰਦਾ ਹੈ। ਚੋਣਾਂ ਦੀ ਕਾਰਜ-ਪ੍ਰਣਾਲੀ ਉਹੀ ਅਪਨਾਈ ਜਾਂਦੀ ਹੈ ਜੋ ਆਮ ਚੋਣਾਂ ਦੀ ਹੁੰਦੀ ਹੈ। ਦੇਖਣ ਨੂੰ ਭਾਵੇਂ ਮੈਂਬਰ ਵੱਖ ਵੱਖ ਰਾਜਨੀਤਕ ਪਾਰਟੀਆਂ ਵੱਲੋਂ ਆਉਂਦੇ ਹਨ ਪਰ ਬਹੁਗਿਣਤੀ ਹੁਕਮਰਾਨ ਪਾਰਟੀ ਅਰਥਾਤ ਸ਼੍ਰੋਮਣੀ ਅਕਾਲੀ ਦਲ ਦੀ ਹੀ ਹੁੰਦੀ ਹੈ। ਇਹ ਵੀ ਸਾਰੇ ਜਾਣਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ‘ਤੇ ਇੱਕੋ ਬੰਦੇ ਤੇ ਇੱਕੋ ਪਰਿਵਾਰ ਦਾ ਕਬਜ਼ਾ ਹੈ। ਇਸ ਤਰ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਦੀ ਨਿਯੁਕਤੀ ਅਤੇ ਅਹੁਦੇ ‘ਤੇ ਬਣੇ ਰਹਿਣਾ ਇੱਕ ਹੀ ਵਿਅਕਤੀ ਅਰਥਾਤ ਪਰਿਵਾਰ ਦੀ ਇਜ਼ਾਰੇਦਾਰੀ ਹੈ। ਜਿੱਥੇ ਅਤੇ ਜਦੋਂ ਉਹ ਚਾਹੇ ਸ਼੍ਰੋਮਣੀ ਕਮੇਟੀ, ਇਸ ਦੇ ਪ੍ਰਧਾਨ ਅਤੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਆਪਣੇ ਰਾਜਨੀਤਕ ਹਿਤਾਂ ਲਈ ਵਰਤ ਸਕਦਾ ਹੈ।
ਹੁਣ ਪ੍ਰਸ਼ਨ ਇਹ ਹੈ ਕਿ ਅੱਜ ਦੇ ਅਜਿਹੇ ਸਿਸਟਮ ਵਿਚ ਕੀ ਅਕਾਲ ਤਖ਼ਤ ਦਾ ਜਥੇਦਾਰ ਸੱਚੇ ਤਖ਼ਤ, ਜਿਸ ਨੂੰ ਸੱਚੇ ਪਾਤਿਸ਼ਾਹ ਨੇ ਕਾਇਮ ਕੀਤਾ ਸੀ, ਦੀ ਪ੍ਰਭੁਸੱਤਾ ਨੂੰ ਕਾਇਮ ਰੱਖ ਸਕਦਾ ਹੈ? ਕੀ ਉਹ ਕੌਮ ਦੇ ਹਿੱਤ ਵਿਚ ਸੁਤੰਤਰ ਫ਼ੈਸਲੇ ਲੈ ਸਕਦਾ ਹੈ? ਇਹੀ ਪ੍ਰਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਦਰਭ ਵਿਚ ਵੀ ਪ੍ਰਸੰਗਕ ਹੈ ਜਿਸ ਦੇ ਅਧਿਕਾਰ ਵਿਚ ਗੁਰਦੁਆਰਿਆਂ ਅਤੇ ਹੋਰ ਸਿੱਖ ਸੰਸਥਾਵਾਂ ਦਾ ਪ੍ਰਬੰਧ ਸ਼ਾਮਲ ਹੈ। ਫੈਸਲੇ ਵੋਟਾਂ ਦੀ ਰਾਜਨੀਤੀ ਨੂੰ ਮੁੱਖ ਰੱਖ ਕੇ ਕੀਤੇ ਜਾਂਦੇ ਹਨ। ਇਸ ਦੀ ਮੌਜੂਦਾ ਉਦਾਹਰਣ ਅਸਲੀ ਨਾਨਕਸ਼ਾਹੀ ਕੈਲੰਡਰ ਦਾ ਹਸ਼ਰ ਹੈ ਜਿਸ ਤੋਂ ਸਾਰਾ ਸਿੱਖ ਜਗਤ ਵਾਕਫ਼ ਹੈ। ਬਹੁਤ ਸਾਰੇ ਅਜਿਹੇ ਅਹਿਮ ਮਸਲੇ ਹਨ ਜਿਨ੍ਹਾਂ ਨੂੰ ਵੋਟਾਂ ਦੀ ਰਾਜਨੀਤੀ ਕਰਕੇ ਹੱਥ ਹੀ ਨਹੀਂ ਪਾਇਆ ਜਾਂਦਾ। ਹਾਂ, ਵਿਰੋਧੀਆਂ ਨੂੰ ਸਜਾ ਦੇਣ ਲਈ ਅਕਾਲ ਤਖ਼ਤ ਦੀ ਵਰਤੋਂ ਅਕਸਰ ਕੀਤੀ ਜਾਂਦੀ ਹੈ। ਅਕਾਲ ਤਖਤ ਦੇ ਜਥੇਦਾਰ ਦੀ ਨਿਯੁਕਤੀ ਦਾ ਪ੍ਰਬੰਧ ਇਸ ਕਿਸਮ ਦਾ ਹੋਣਾ ਚਾਹੀਦਾ ਹੈ ਕਿ ਉਹ ਕਿਸੇ ਵਿਅਕਤੀ ਵਿਸ਼ੇਸ਼ ਜਾਂ ਪਾਰਟੀ ਦੇ ਰਹਿਮੋ-ਕਰਮ ‘ਤੇ ਨਾ ਹੋਵੇ ਅਤੇ ਸਮੁੱਚੀ ਕੌਮ ਦੇ ਹਿਤਾਂ ਨੂੰ ਧਿਆਨ ਵਿਚ ਰੱਖ ਕੇ ਹੀ ਫ਼ੈਸਲੇ ਲੈਣ ਦੇ ਸਮਰੱਥ ਹੋਵੇ। ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣਨ ਲਈ ਵਿਅਕਤੀ ਕਿਸੇ ਰਾਜਨੀਤਕ ਪਾਰਟੀ ਦਾ ਮੈਂਬਰ ਨਹੀਂ ਹੋਣਾ ਚਾਹੀਦਾ।
ਸਿੱਖਾਂ ਦੇ ਪਵਿੱਤਰ ਧਾਰਮਿਕ ਸਥਾਨ ਨੂੰ ਪਹਿਲੇ-ਪਹਿਲ ‘ਧਰਮਸਾਲ’ ਕਿਹਾ ਜਾਂਦਾ ਸੀ। ਗੁਰੂ ਨਾਨਕ ਸਾਹਿਬ ਨੇ ਤਾਂ ਇਸ ਧਰਤੀ ਨੂੰ ਵੀ ਅਕਾਲ ਪੁਰਖ ਵੱਲੋਂ ਸਿਰਜੀ ਗਈ ਧਰਮਸਾਲ ਕਿਹਾ ਹੈ ਜਿਥੇ ਮਨੁੱਖ ਧਰਮ ਕਮਾਉਣ ਲਈ ਆਉਂਦਾ ਹੈ। ਇਸੇ ਸਬੰਧ ਵਿਚ ਭਾਈ ਗੁਰਦਾਸ ਨੇ ਗੁਰੂ ਨਾਨਕ ਸਾਹਿਬ ਦੇ ਇਸ ਸੰਸਾਰ ‘ਤੇ ਆਗਮਨ ਨਾਲ ਸਮਾਜ ਵਿਚ ਜੋ ਤਬਦੀਲੀ ਆਈ, ਦਾ ਜ਼ਿਕਰ ਕੀਤਾ ਹੈ,
ਘਰਿ ਘਰਿ ਅੰਦਰ ਧਰਮਸਾਲ
ਹੋਵੈ ਕੀਰਤਨੁ ਸਦਾ ਵਿਸੋਆ॥
ਬਾਬੇ ਤਾਰੇ ਚਾਰਿ ਚਕਿ
ਨਉ ਖੰਡਿ ਪ੍ਰਿਥਵੀ ਸਚਾ ਢੋਆ॥
ਗੁਰਮੁਖਿ ਕਲਿ ਵਿਚਿ ਪਰਗਟੁ ਹੋਆ॥1/27॥
ਪਿਛੋਂ ਆ ਕੇ ਇਸ ਪਵਿੱਤਰ ਸਥਾਨ ਦਾ ਨਾਮ ਗੁਰਦੁਆਰਾ ਪੈ ਗਿਆ, ਅਰਥਾਤ ਗੁਰੂ ਦਾ ਸਥਾਨ, ਜਿੱਥੇ ਗੁਰੂ ਵੱਸਦਾ ਹੋਵੇ। ਇਹ ਸਿੱਖ ਧਰਮ ਦੀ ਬਹੁਤ ਹੀ ਮਹੱਤਵਪੂਰਨ ਸੰਸਥਾ ਹੈ, ਜਿਸ ਦਾ ਆਗਾਜ਼ ਗੁਰੂ ਨਾਨਕ ਸਾਹਿਬ ਦੇ ਸਮੇਂ ਵਿਚ ਹੀ ਹੋ ਗਿਆ ਸੀ, ਜਿਵੇਂ ਕਿ ਉਪਰੋਕਤ ਪੰਕਤੀਆਂ ਵਿਚ ਭਾਈ ਗੁਰਦਾਸ ਨੇ ਦੱਸਿਆ ਹੈ। ਸਿੱਖ ਧਰਮ ਸਮਾਜਿਕ ਧਰਮ ਹੈ, ਜਿਸ ਦਾ ਪ੍ਰਕਾਸ਼ਨ ਹੀ ਸਮੁੱਚੀ ਮਨੁੱਖਤਾ ਦੇ ਉਥਾਨ ਲਈ ਹੋਇਆ। ਇਸੇ ਲਈ ਸਿੱਖ ਧਰਮ ਵਿਚ ਸੰਗਤ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ। ਸਿੱਖ ਧਰਮ ਇੱਕ ਜੀਵਨ-ਜਾਚ ਹੈ ਕਿ ਇਸ ਸੰਸਾਰ ਉਤੇ ਰਹਿੰਦਿਆਂ ਮਨੁੱਖ ਨੇ ਕਿਹੋ-ਜਿਹਾ ਜੀਵਨ ਜਿਉਣਾ ਹੈ? ਮਨੁੱਖ ਨੇ ਧਰਮ ਕਮਾਉਣ ਅਤੇ ਅਧਿਅਤਮਕਤਾ ਨੂੰ ਅਮਲ ਵਿਚ ਲਿਆਉਣ ਦੀ ਜੁਗਤਿ ਸੰਗਤ ਵਿਚ ਜਾ ਕੇ ਸ਼ਬਦ ਗੁਰੂ ਦੀ ਅਗਵਾਈ ਵਿਚ ਸਿੱਖਣੀ ਹੈ। ਸਮਾਜ ਤੋਂ ਅਲੱਗ ਹੋ ਕੇ ਇਕਾਂਤ ਵਿਚ ਜਾ ਕੇ ਨਿਜੀ ਮੁਕਤੀ ਵਾਸਤੇ ਕਿਸੇ ਕਿਸਮ ਦਾ ਤਰੱਦਦ ਕਰਨ ਦੀ ਸਿਫਾਰਸ਼ ਸਿੱਖ ਧਰਮ ਵਿਚ ਨਹੀਂ ਕੀਤੀ ਗਈ। ਸਿੱਖ ਧਰਮ ਵਿਚ ਮੁਕਤੀ ਦਾ ਅਰਥ ਅਕਾਲ ਪੁਰਖ ਦੇ ਚਰਨ-ਕਮਲਾਂ ਦੀ ਪ੍ਰੀਤ ਹੈ ਅਤੇ ਉਸ ਦੇ ਹੁਕਮ ਦਾ ਅਨੁਸਾਰੀ ਹੋ ਕੇ ਸਮੁੱਚੇ ਸਮਾਜ ਦੀ ਭਲਾਈ ਅਰਥਾਤ ਪਰਉਪਕਾਰ ਲਈ ਕਰਮ ਕਰਨਾ ਹੈ। ਆਪਣੀਆਂ ਚਾਰ ਉਦਾਸੀਆਂ ਸਮੇਂ ਜਿੱਥੇ ਜਿਥੇ ਵੀ ਗੁਰੂ ਨਾਨਕ ਪਾਤਿਸ਼ਾਹ ਗਏ, ਉਥੇ ਉਥੇ ਹੀ ਉਨ੍ਹਾਂ ਨੇ ਧਰਮਸਾਲ ਅਰਥਾਤ ਸੰਗਤ ਸਥਾਪਤ ਕੀਤੀ। ਉਦਾਸੀਆਂ ਤੋਂ ਬਾਅਦ ਜਦੋਂ ਉਨ੍ਹਾਂ ਨੇ ਕਰਤਾਰਪੁਰ ਵਸਾਇਆ ਤਾਂ ਸਿੱਖ ਵਾਸਤੇ ਜੀਵਨ-ਜਾਚ ਦਾ ਪੂਰਾ ਨਮੂਨਾ ਵੀ ਸਥਾਪਤ ਕਰ ਦਿੱਤਾ ਅਰਥਾਤ ਕਿਰਤ ਕਰਨਾ, ਵੰਡ ਛਕਣਾ ਅਤੇ ਨਾਮ ਜਪਣਾ। ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਆ ਕੇ ਆਮ ਸੰਸਾਰੀਆਂ ਦੀ ਤਰ੍ਹਾਂ ਆਪ ਕਿਰਤ ਕਰਨ ਦਾ ਅਰੰਭ ਖੇਤੀਬਾੜੀ ਦੇ ਰੂਪ ਵਿਚ ਸ਼ੁਰੂ ਕੀਤਾ। ਸਮੁੱਚੀ ਸੰਗਤ ਲਈ ਸਾਂਝਾ ਲੰਗਰ ਤਿਆਰ ਹੁੰਦਾ। ਸਵੇਰੇ ਸ਼ਾਮ ਕੀਰਤਨ ਦਾ ਪਰਵਾਹ ਚਲਦਾ ਅਤੇ ਵਿਚਾਰ-ਚਰਚਾ ਹੁੰਦੀ। ਇਸੇ ਨਮੂਨੇ ਦੀ ਰਹਿਣੀ ਦਾ ਜ਼ਿਕਰ ਭਾਈ ਗੁਰਦਾਸ ਨੇ ਕੀਤਾ ਹੈ,
ਫਿਰਿ ਬਾਬਾ ਆਇਆ ਕਰਤਾਰਪੁਰਿ
ਭੇਖੁ ਉਦਾਸੀ ਸਗਲ ਉਤਾਰਾ॥
ਪਹਿਰਿ ਸੰਸਾਰੀ ਕਪੜੇ
ਮੰਜੀ ਬੈਠਿ ਕੀਆ ਅਵਤਾਰਾ॥
ਉਲਟੀ ਗੰਗ ਵਹਾਈਓਨਿ
ਗੁਰ ਅੰਗਦੁ ਸਿਰਿ ਉਪਰਿ ਧਾਰਾ॥
ਪੁਤਰੀ ਕਉਲੁ ਨ ਪਾਲਿਆ
ਮਨਿ ਖੋਟੇ ਆਕੀ ਨਸਿਆਰਾ॥
ਬਾਣੀ ਮੁਖਹੁ ਉਚਾਰੀਐ
ਹੁਇ ਰੁਸਨਾਈ ਮਿਟੈ ਅੰਧਾਰਾ॥
ਗਿਆਨੁ ਗੋਸਟਿ ਚਰਚਾ ਸਦਾ
ਅਨਹਦਿ ਸਬਦਿ ਉਠੇ ਧੁਨਕਾਰਾ॥
ਸੋ ਦਰੁ ਆਰਤੀ ਗਾਵੀਐ
ਅੰਮ੍ਰਿਤ ਵੇਲੇ ਜਾਪੁ ਉਚਾਰਾ॥
ਗੁਰਮੁਖਿ ਭਾਰਿ ਅਥਰਬਣਿ ਤਾਰਾ॥1/38॥
ਅਸਲ ਵਿਚ ਗੁਰਦੁਆਰਾ ਸੰਸਥਾ ਦਾ ਮੁੱਖ ਮਕਸਦ ਬਾਣੀ ਵਿਚ ਦਿੱਤੇ ਸਿਧਾਂਤਾਂ ਨੂੰ ਅਮਲੀ ਜਾਮਾ ਪਹਿਨਾਉਣਾ ਸੀ। ਗੁਰਬਾਣੀ ਵਿਚ ਜੋ ਵੀ ਸਿਧਾਂਤ ਦਿੱਤੇ ਗਏ ਹਨ, ਉਨ੍ਹਾਂ ਨੂੰ ਅਮਲੀ ਰੂਪ ਦੇਣ ਲਈ ਸੰਸਥਾਵਾਂ ਦੀ ਸਥਾਪਨਾ ਕੀਤੀ ਗਈ। ਗੁਰੂ ਨਾਨਕ ਸਾਹਿਬ ਦੇ ਉਤਰਾਧਿਕਾਰੀ ਗੁਰੂ ਸਾਹਿਬਾਨ ਨੇ ਸੰਗਤ ਅਤੇ ਪੰਗਤ ਦੀ ਸੰਸਥਾ ਨੂੰ ਹੋਰ ਪੱਕਿਆਂ ਕੀਤਾ। ਗੁਰੂ ਅੰਗਦ ਦੇਵ ਨੇ ਗੁਰਗੱਦੀ ‘ਤੇ ਬੈਠਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੀ ਆਗਿਆ ਅਨੁਸਾਰ ਕਰਤਾਰਪੁਰ ਛੱਡ ਕੇ ਖਡੂਰ ਨੂੰ ਆਪਣੇ ਪ੍ਰਚਾਰ ਦਾ ਕੇਂਦਰ ਬਣਾਇਆ। ਉਨ੍ਹਾਂ ਨੇ ਬਾਣੀ ਦੇ ਪ੍ਰਚਾਰ ਦੇ ਨਾਲ ਨਾਲ ਖਡੂਰ ਸਾਹਿਬ ਵਿਖੇ ਸੰਗਤ ਨੂੰ ਸਿੱਖਿਅਤ ਕਰਨ ਵਾਸਤੇ ਗੁਰਮੁਖੀ ਲਿਪੀ ਵਿਚ ਪੜ੍ਹਾਈ ਕਰਾਉਣ ਦਾ ਪ੍ਰਬੰਧ ਕੀਤਾ ਅਤੇ ਸਿਹਤ-ਸੰਭਾਲ ਤੇ ਸਰੀਰਕ ਕਸਰਤ ਲਈ ਕੁਸ਼ਤੀਆਂ ਆਦਿ ਖੇਡਾਂ ਦਾ ਬਾਕਾਇਦਾ ਪ੍ਰਬੰਧ ਵੀ ਕੀਤਾ। ਇਸੇ ਪਰੰਪਰਾ ਨੂੰ ਅੱਗੇ ਤੋਰਦਿਆਂ ਗੁਰੂ ਅਮਰਦਾਸ ਨੇ ਗੋਇੰਦਵਾਲ ਨੂੰ ਕੇਂਦਰ ਬਣਾਇਆ।
ਗੁਰੂ ਨਾਨਕ ਸਾਹਿਬ ਨੇ ਜਾਤ-ਪਾਤ, ਛੂਆ-ਛੂਤ, ਜਨਮ ਦੇ ਆਧਾਰ ‘ਤੇ ਮਨੁੱਖ ਨੂੰ ਉਚਾ ਜਾਂ ਨੀਵਾਂ ਸਮਝਣ ਨੂੰ ਸਮਾਜ ਵਾਸਤੇ ਸਭ ਤੋਂ ਵੱਡਾ ਕਲੰਕ ਮੰਨਿਆ ਅਤੇ ਸਮਾਜ ਦੇ ਵਿਕਾਸ ਵਿਚ ਸਭ ਤੋਂ ਵੱਡਾ ਰੋੜਾ। ਸੰਗਤ ਅਤੇ ਪੰਗਤ ਅਜਿਹੀ ਸੰਸਥਾ ਹੈ ਜਿਥੇ ਮਨੁੱਖ ਦੀ ਬਰਾਬਰੀ ਦੇ ਸਿਧਾਂਤ ਨੂੰ ਬਖੂਬੀ ਅਮਲ ਵਿਚ ਲਿਆਂਦਾ ਜਾ ਸਕਦਾ ਹੈ। ਲੰਗਰ ਅਜਿਹੀ ਸੰਸਥਾ ਹੈ ਜਿਥੇ ਹਰ ਵਰਗ ਦੇ ਮਨੁੱਖ ਨੂੰ ਬਿਨਾਂ ਕਿਸੇ ਵਖਰੇਵੇਂ ਦੇ ਸੰਗਤ ਵਾਸਤੇ ਲੰਗਰ ਦੀ ਸੇਵਾ ਕਰਨ ਦੀ ਆਗਿਆ ਹੈ ਅਤੇ ਸਭ ਨੂੰ ਪੰਗਤਿ ਵਿਚ ਬਰਾਬਰ ਬੈਠ ਕੇ ਪ੍ਰਸ਼ਾਦਾ ਛਕਣ ਦੀ ਆਗਿਆ ਗੁਰੂ ਵੱਲੋਂ ਕੀਤੀ ਗਈ ਹੈ। ਸੰਗਤਿ ਵਿਚ ਸਭ ਨੇ ਇਕੱਠੇ ਬੈਠ ਕੇ ਗੁਰੂ ਦੇ ਉਪਦੇਸ਼ ਨੂੰ ਸੁਣਨਾ ਹੈ। ਇਸ ਨੂੰ ਪੱਕਿਆਂ ਕਰਨ ਲਈ ਗੁਰੂ ਅਮਰਦਾਸ ਨੇ ਹੁਕਮ ਕਰ ਦਿੱਤਾ ‘ਪਹਲੇ ਪੰਗਤਿ ਪਾਛੇ ਸੰਗਤਿ।’ ਗੁਰੂ ਦਰਸ਼ਨਾਂ ਨੂੰ ਆਉਣ ਵਾਲੇ ਵਿਅਕਤੀ ਲਈ ਪਹਿਲਾਂ ਪੰਗਤਿ ਵਿਚ ਬੈਠ ਕੇ ਪ੍ਰਸ਼ਾਦਾ ਛਕਣ ਨੂੰ ਲਾਜ਼ਮੀ ਕਰਾਰ ਕਰ ਦਿੱਤਾ।
ਗੁਰੂ ਰਾਮਦਾਸ ਨੇ ਰਾਮਦਾਸ ਚੱਕ ਵਸਾਇਆ, ਸਰੋਵਰ ਦੀ ਖੁਦਾਈ ਸ਼ੁਰੂ ਕੀਤੀ, ਰਾਮਦਾਸ ਚੱਕ ਅੰਮ੍ਰਿਤਸਰ ਦੇ ਰੂਪ ਵਿਚ ਸਿੱਖ ਧਰਮ ਦਾ ਮਹਾਨ ਕੇਂਦਰ ਹੈ। ਪੰਜਵੀਂ ਨਾਨਕ ਜੋਤ ਗੁਰੂ ਅਰਜਨ ਦੇਵ ਨੇ ਹਰਿਮੰਦਰ ਸਾਹਿਬ ਬਣਾਇਆ, ਆਪਣੀ ਅਤੇ ਆਪਣੇ ਪੂਰਵਜ ਗੁਰੂ ਸਾਹਿਬਾਨ ਦੀ ਬਾਣੀ, ਭਗਤਾਂ ਅਤੇ ਸੂਫੀ ਸੰਤਾਂ, ਭੱਟਾਂ ਦੀ ਬਾਣੀ ਦਾ ਇੱਕ ਥਾਂ ਸੰਕਲਨ ਕਰਕੇ ‘ਗ੍ਰੰਥ’ ਸਾਹਿਬ ਦੇ ਰੂਪ ਵਿਚ ਹਰਿਮੰਦਰ ਸਾਹਿਬ ਵਿਖੇ 1604 ਈæ ਨੂੰ ਪਹਿਲਾ ਪ੍ਰਕਾਸ਼ ਕੀਤਾ ਅਤੇ ਗੁਰਦੁਆਰਾ ਸੰਸਥਾ ਨੂੰ ਪੂਰਨ ਰੂਪ ਬਖਸ਼ਿਸ਼ ਕੀਤਾ। ਗੁਰੂ ਗੋਬਿੰਦ ਸਿੰਘ ਨੇ ਆਪਣੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ‘ਗ੍ਰੰਥ ਸਾਹਿਬ’ ਨੂੰ ਗੁਰਗੱਦੀ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਉਣ ਵਾਲੇ ਸਰਬ ਸਮਿਆਂ ਵਾਸਤੇ ਸਿੱਖਾਂ ਦੀ ਅਗਵਾਈ ਦਾ ਸੋਮਾ ਬਣਾ ਦਿੱਤਾ। ਇਸ ਤਰ੍ਹਾਂ ਸਾਰੀ ਪਰੰਪਰਾ ਅਤੇ ਸੰਸਥਾ ਨੂੰ ਗੁਰੂ ਸਾਹਿਬਾਨ ਨੇ ਆਪਣੇ ਜੀਵਨ-ਕਾਲ ਵਿਚ ਪੂਰੀ ਤਰ੍ਹਾਂ ਸਥਾਪਤ ਕਰ ਦਿੱਤਾ ਜੋ ਕਿ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਵਿਲੱਖਣ ਕਾਰਜ ਹੈ।
ਕਿਸੇ ਭਾਈਚਾਰੇ ਦੇ ਵਿਕਾਸ ਦੇ ਅਮਲ ਵਿਚ ਪਰਮਾਤਮ-ਅਨੁਭਵ ‘ਤੇ ਜ਼ੋਰ ਦਿੱਤਾ ਜਾਂਦਾ ਹੈ ਅਰਥਾਤ ਪਰਮਾਤਮਾ ਨਾਲ ਰਿਸ਼ਤਾ ਕਾਇਮ ਕਰਨ ਦਾ ਅਨੁਭਵ ਬਾਕੀ ਸਾਰੇ ਰਿਸ਼ਤਿਆਂ ਤੋਂ ਉਤੇ ਹੁੰਦਾ ਹੈ। ਪ੍ਰੰਤੂ ਧਾਰਮਿਕ ਜੀਵਨ ਦੇ ਵਿਕਾਸ ਅਤੇ ਨਵੇਂ ਭਾਈਚਾਰੇ ਵਿਚ ਇਸ ਦੇ ਮਜ਼ਬੂਤ ਹੋ ਜਾਣ ਤੋਂ ਬਾਅਦ, ਇਸ ਅਨੁਭਵ ਦਾ ਸੰਚਾਰ ਹੋਰ ਮੁਸ਼ਕਿਲ ਹੋ ਜਾਂਦਾ ਹੈ। ਚਿੰਨ੍ਹ ਜੋ ਕਿ ਵਿਕਾਸ ਦੇ ਅਰੰਭ ਵਿਚ ਪ੍ਰਗਟਾਵੇ ਦਾ ਸਾਂਝਾ ਸਾਧਨ ਹੁੰਦੇ ਹਨ, ਸ਼ੁਰੂ ਵਿਚ ਉਨ੍ਹਾਂ ਦੀ ਵਿਆਖਿਆ ਵਿਚ ਕੁਝ ਲਚਕ ਦੀ ਗੁੰਜਾਇਸ਼ ਹੋ ਸਕਦੀ ਹੈ ਪਰ ਜਦੋਂ ਤਾਰਕਿਕ ਸੰਕਲਪਾਂ ਅਤੇ ਰਸਮਾਂ ਦੇ ਵਧਣ ਨਾਲ ਇਨ੍ਹਾਂ ਦਾ ਬੋਧ ਮੁਸ਼ਕਿਲ ਅਤੇ ਗੁੰਝਲਦਾਰ ਹੋ ਜਾਂਦਾ ਹੈ, ਅਰਥਾਤ ਜੇ ਪਰੰਪਰਕ ਚਿੰਨਾਂ ਨੇ ਭਾਈਚਾਰੇ ਦੇ ਅਧਾਰ-ਰੂਪ ਵਿਚ ਅੱਗੇ ਕੰਮ ਆਉਣਾ ਹੈ ਤਾਂ ਉਨ੍ਹਾਂ ਦੀ ਹੋਰ ਸਹੀ ਅਤੇ ਪਾਇਦਾਰ ਵਿਆਖਿਆ ਹੋਣੀ ਜ਼ਰੂਰੀ ਹੈ। ਬਾਹਰੀ ਦੁਨੀਆਂ ਦੀ ਪ੍ਰਤਿਕਿਰਿਆ, ਜੋ ਨਵੇਂ ਭਾਈਚਾਰੇ ਨੂੰ ਜਿਆਦਾ ਡੂੰਘੀ ਤਰ੍ਹਾਂ ਸੰਗਠਿਤ ਹੋਣ ਲਈ ਸਹਾਈ ਹੁੰਦੀ ਹੈ, ਨੂੰ ਵੀ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ। ਇਸ ਤੱਥ ਦੀ ਰੋਸ਼ਨੀ ਵਿਚ ਕਿਹਾ ਜਾ ਸਕਦਾ ਹੈ ਕਿ ਜਿਸ ਦੇ ਮੋਢਿਆ ‘ਤੇ ਅੰਦਰੂਨੀ ਭਾਈਚਾਰੇ ਨਾਲ ਸੰਚਾਰ ਅਤੇ ਬਾਹਰਲੀ ਦੁਨੀਆਂ ਦੇ ਵਿਚਾਰਧਾਰਕ ਹਮਲਿਆਂ ਨਾਲ ਟੱਕਰ ਲੈਣ ਦੀ ਜਿੰਮੇਵਾਰੀ ਪੈਣੀ ਹੈ, ਉਸ ਨੂੰ ਪਰੰਪਰਾ, ਇਤਿਹਾਸ, ਧਰਮ-ਗ੍ਰੰਥ ਅਤੇ ਇਸ ਦੀ ਵਿਚਾਰਧਾਰਾ ਅਤੇ ਸੰਕਲਪਾਂ ਦੀ ਵਿਆਖਿਆ ਦੀ ਪੂਰੀ ਅਤੇ ਸਹੀ ਜਾਣਕਾਰੀ ਹੋਣੀ ਚਾਹੀਦੀ ਹੈ।
(ਚਲਦਾ)

Be the first to comment

Leave a Reply

Your email address will not be published.